Sunday, May 7, 2017

ਸੁਰਖ ਲੀਹ ਅੰਕ ਮਈ-ਜੂਨ 2017 ਦੇ ਮੁੱਖ ਪੰਨੇ





(04) ਕੌਣ ਹਨ ਇਹ ਨਕਸਲਬਾੜੀਏ ਲੋਕਾਂ ਲਈ ਹਊਆ ਜਾਂ ਉਹਨਾਂ ਦੇ ਖਰੇ ਮਿੱਤਰ

ਲੋਕ-ਧਰੋਹੀ ਭਾਰਤੀ ਹਾਕਮਾਂ ਨੇ ਨਕਸਲਬਾੜੀ ਦੇ ਨਾਂਅ ਨਾਲ ਜਾਣੇ ਜਾਂਦੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਰਕੁਨਾਂ ਤੇ ਹਮਾਇਤੀਆਂ ਵਿਰੁੱਧ ਇੱਕ ਖੁੱਲਮ-ਖੁੱਲ੍ਹੀ ਹਥਿਆਰਬੰਦ ਜੰਗ ਛੇੜ ਰੱਖੀ ਹੈ। ਇਹ ਖੂੰਨੀ ਜੰਗ  1967 'ਚ ਪੱਛਮੀ ਬੰਗਾਲ ਸੂਬੇ 'ਚ ਭੜਕੀ ਨਕਸਲਬਾੜੀ ਦੀ ਹਥਿਆਰਬੰਦ ਬਗਾਵਤ ਦੇ ਵੇਲੇ ਤੋਂ ਹੀ ਚਲਦੀ ਆ ਰਹੀ ਹੈ। ਹਰ ਗੁਜਰਦੇ ਸਾਲ ਇਹ ਜੰਗ ਪਹਿਲਾਂ ਨਾਲੋਂ ਵਹਿਸ਼ੀ ਬਣਦੀ ਗਈ ਹੈ। ਭਾਰਤੀ ਹਾਕਮਾਂ ਨੇ ਨਕਸਲਬਾੜੀ ਲਹਿਰ ਨੂੰ ਦਬਾਉਣ ਤੇ ਕੁਚਲਣ ਲਈ ਲੱਖਾਂ ਦੀ ਗਿਣਤੀ 'ਚ ਹਥਿਆਰਬੰਦ ਲਸ਼ਕਰ, ਅਤਿ ਅਧੁਨਿਕ ਜੰਗੀ ਸਾਜ਼-ਸਮਾਨ ਅਤੇ ਮੂੰਹ ਮੰਗਿਆ ਪੈਸਾ ਝੋਕਿਆ ਜਾ ਰਿਹਾ ਹੈ। ਕੇਂਦਰ ਦੀ ਸਰਕਾਰ ਸਹਿਤ, ਨਕਸਲੀ ਲਹਿਰ ਤੋਂ ਪ੍ਰਭਾਵਤ ਸਭਨਾਂ ਰਾਜਾਂ ਦੀਆਂ ਸਰਕਾਰਾਂ-ਚਾਹੇ ਉਹ ਕਿਸੇ ਵੀ ਵੋਟ-ਪਾਰਟੀ ਨਾਲ ਸਬੰਧਤ ਹੋਣ-ਵੱਲੋਂ, ਇਸ ਨਹੱਕੀ ਤੇ ਖੂੰਨੀ ਜੰਗ ਨੂੰ ਪੂਰੀ ਬੇਕਿਰਕੀ ਨਾਲ ਚਲਾਇਆ ਜਾ ਰਿਹਾ ਹੈ, ਹੋਰ ਤਿੱਖਾ ਕੀਤਾ ਜਾ ਰਿਹਾ ਹੈ। ਹਰ ਵੰਨਗੀ ਦੀਆਂ ਪਿਛਾਖੜੀ ਤੇ ਸਾਮਰਾਜੀ ਸ਼ਕਤੀਆਂ ਵੱਲੋਂ ਇਸ ਖੂੰਨੀ ਜੰਗ ਨੂੰ ਚਲਦਾ ਰੱਖਣ ਲਈ ਭਾਰਤੀ ਹਾਕਮਾਂ ਦੀ ਪਿੱਠ ਥਾਪੜੀ ਜਾ ਰਹੀ ਹੈ, ਉਹਨਾਂ ਦੀ ਮਦਦ ਤੇ ਹਿਮਾਇਤ ਕੀਤੀ ਜਾ ਰਹੀ ਹੈ। ਆਖਿਰ, ਇਸ ਲਹਿਰ 'ਚ ਅਜਿਹਾ ਕੀ ਹੈ ਜਿਸ ਕਰਕੇ ਇਸ ਨੂੰ ਸਾਮਰਾਜੀ ਪ੍ਰਭੂਆਂ ਅਤੇ ਭਾਰਤੀ ਹਾਕਮਾਂ ਦੀ ਏਡੀ ਕਰੋਪੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਕਿਉਂ ਭਾਰਤੀ ਰਾਜ ਭਾਗ ਇਸ ਲਹਿਰ ਨੂੰ ਖੂੰਨ 'ਚ ਡੁਬੋਣ ਅਤੇ ਮਲੀਆ ਮੇਟ ਕਰਨ 'ਤੇ ਉਤਾਰੂ ਹੈ? 50 ਸਾਲਾਂ ਦੇ ਬੇਅਟਕ  ਵਹਿਸ਼ੀ ਜਬਰ ਅਤੇ ਦਮਨ ਦੇ ਬਾਵਜੂਦ ਭਰਤੀ ਹਾਕਮ ਕਿਉਂ ਇਸ ਲਹਿਰ ਨੂੰ ਕੁਚਲ ਨਹੀਂ ਸਕੇ? ਇਹ ਖੂੰਨੀ ਜੰਗ ਕਦ ਤੱਕ ਜਾਰੀ ਰਹੇਗੀ? ਇਸ ਲਹਿਰ ਬਾਰੇ ਇਹੋ ਜਿਹੇ ਅਨੇਕ ਸੁਆਲ ਪਾਠਕਾਂ ਦੇ ਮਨਾਂ 'ਚ ਉੱਠਣੇ ਸੁਭਾਵਕ ਹਨ।
ਕੌਣ ਹਨ ਇਹ ਨਕਸਲਬਾੜੀਏ
ਨਕਸਲਬਾੜੀ ਪੱਛਮੀ ਬੰਗਾਲ ਸੂਬੇ 'ਚ ਇੱਕ ਪੁਲਸ ਥਾਣਾ ਹੈ ਜਿਥੇ 1967 'ਚ ਇੱਕ ਜਬਰਦਸਤ ਕਿਸਾਨ ਬਗਾਵਤ ਭੜਕੀ ਸੀ। ਇਸ ਘਟਨਾ ਨੂੰ ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਕਿਸਾਨ ਬਗਾਵਤ ਨੇ ਮਾਰਕਸੀ ਕਮਿਊਨਿਸਟ ਪਾਰਟੀ, ਜੋ ਉਸ ਸਮੇਂ ਬੰਗਾਲ ਦੀ ਸਰਕਾਰ 'ਚ ਭਾਈਵਾਲ ਸੀ, ਲਈ ਵੱਡਾ ਸਿਆਸੀ ਸੰਕਟ ਖੜ੍ਹਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਇਹ ਫੁੱਟ ਦਾ ਸ਼ਿਕਾਰ ਹੋ ਗਈ। ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਹਮਾਇਤੀ ਖਰੇ ਤੇ ਸੁਹਿਰਦ ਕਮਿਊਨਿਸਟਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਅਤੇ ਮੁਲਕ ਭਰ ਅੰਦਰ ਅਜੇਹੇ ਕਿਸਾਨ ਅੰਦੋਲਨ ਛੇੜਨ ਦਾ ਸੱਦਾ ਦੇ ਦਿੱਤਾ। ਇਹ ਦੇਸ਼ ਵਿਆਪੀ ਲਹਿਰ ਬਣ ਗਈ। ਨਕਸਲਬਾੜੀ ਦੀ ਕਿਸਾਨ ਬਗਾਵਤ ਕਿਸਾਨਾਂ ਦੀ ਮੁਕਤੀ ਅਤੇ ਮੁਲਕ 'ਚ ਇਨਕਲਾਬ ਦੇ ਇਕ ਬਦਲਵੇਂ ਰਾਹ ਦੀ ਪ੍ਰਤੀਕ ਬਣ ਕੇ ਉਭਰੀ । ਪਾਰਲੀਮਾਨੀ ਚੋਣਾਂ ਰਾਹੀਂ ਪੁਰ ਅਮਨ ਤਬਦੀਲੀ ਦੇ ਰਾਹ ਦੀ ਥਾਂ ਇਸ ਨੇ ਮਜ਼ਦੂਰ ਜਮਾਤ ਦੀ ਅਗਵਾਈ 'ਚ ਹਥਿਆਰਬੰਦ ਜ਼ਰੱਈ ਲਹਿਰ ਉਸਾਰਨ ਤੇ ਕਿਸਾਨੀ ਦੇ ਹਥਿਆਰਬੰਦ ਲਮਕਵੇਂ ਲੋਕ-ਯੁੱਧ ਰਾਹੀਂ ਸੱਤ੍ਹਾ ਹਥਿਆਉਣ ਦਾ ਰਾਹ ਬੁਲੰਦ ਕੀਤਾ। ਇਸ ਨੇ ਮਾਰਕਸਵਾਦ ਲੈਨਿਨਵਾਦ ਮਾਓ-ਵਿਚਾਰਧਾਰਾ ਨੂੰ ਰਾਹ ਦਰਸਾਊ ਵਿਚਾਰਧਾਰਾ ਵਜੋਂ ਉਭਾਰਿਆ। ਨਕਸਲੀ ਕਿਸਾਨ  ਬਗਾਵਤ ਦੇ ਹਿਮਾਇਤੀਆਂ, ਅਤੇ ਉਪਰੋਕਤ ਸਿਆਸੀ ਵਿਚਾਰਧਾਰਾ ਦੇ ਪੈਰੋਕਾਰਾਂ ਨੂੰ ਕਮਿਊਨਿਸਟ ਇਨਕਲਾਬੀਆਂ ਜਾਂ ਨਕਸਲਬਾੜੀਆਂ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
    ਨਕਸਲਬਾੜੀ ਦੀ ਇਸ ਮਹਾਨ ਕਿਸਾਨ ਬਗਾਵਤ ਦੇ ਬੇਹੱਦ ਉਤਸ਼ਾਹੀ ਤੇ ਉਭਾਰੂ ਅਸਰ ਹੇਠ ਮੁਲਕ ਭਰ ਅੰਦਰ ਇਨਕਲਾਬੀ ਤਬਦੀਲੀ ਲਈ ਤਾਂਘਦੇ ਹਜਾਰਾਂ ਵਿਦਿਆਰਥੀਆਂ, ਕਿਰਤੀਆਂ, ਨੌਜਵਾਨਾਂ, ਕਿਸਾਨਾਂ ਤੇ ਬੁੱਧੀਜੀਵੀਆਂ ਨੇ ਯੂਨੀਵਰਸਿਟੀਆਂ, ਕਾਲਜਾਂ, ਨੌਕਰੀਆਂ ਤੇ ਕਾਰੋਬਾਰਾਂ ਨੂੰ ਛੱਡ ਦਿੱਤਾ ਤੇ ਉਹ ਜੀਅ ਜਾਨ ਨਾਲ ਇਸ ਲਹਿਰ 'ਚ ਕੁੱਦ ਪਏ। ਇਉਂ ਇਹ ਮਹਾਨ ਕਿਸਾਨ ਬਗਾਵਤ ਮੁਕਤੀ ਲਈ ਤਾਂਘਦੇ ਲੱਖਾਂ ਕਰੋੜਾਂ ਭਾਰਤੀਆਂ ਲਈ ਆਸ ਤੇ ਵਿਸ਼ਵਾਸ਼ ਦੀ ਸੂਹੀ ਕਿਰਨ ਬਣ ਕੇ ਲਿਸ਼ਕੀ।
ਜਾਹਿਰ ਹੈ ਕਿ ਨਕਸਲਬਾੜੀ ਲਹਿਰ 'ਚ ਸ਼ਾਮਲ ਹੋਣ ਵਾਲੇ ਕੋਈ ਮੌਕਾਤਾੜੂ ਤੇ ਦਾਅ-ਲਾਊ ਅਨਸਰ ਦੰਗੇਬਾਜ ਜਾਂ ਮਾਰ-ਧਾੜ ਕਰਨ ਵਾਲੇ ਮੁਜ਼ਰਮਾਨਾ ਅਨਸਰ ਨਹੀਂ ਸਨ, ਜਿਵੇਂ ਕਿ ਭਾਰਤੀ ਹਾਕਮ ਤੇ ਬੁਰਜੁਆ ਮੀਡੀਆ ਉਹਨਾਂ ਨੂੰ ਪੇਸ਼ ਕਰ ਰਿਹਾ ਹੈ। ਇਹ ਤਾਂ ਸਮਾਜ ਦੇ ਸਿਆਸੀ ਪੱਖੋਂ ਸਭ ਤੋਂ ਜ਼ਹੀਨ ਤੇ ਸੰਵੇਦਨਸ਼ੀਲ ਹਿੱਸੇ ਸਨ ਜਿਹੜੇ ਸਮਾਜ ਦੀਆਂ ਸਭ ਤੋਂ ਪਛੜੀਆਂ ਤੇ ਲੁੱਟੀਆਂ-ਲਤਾੜੀਆਂ ਪਰਤਾਂ ਦਾ ਦਰਦ ਆਪਣੀਆਂ ਹਿੱਕਾਂ 'ਚ ਸਾਂਭੀ ਉਹਨਾਂ ਦੀ ਜੰਗ 'ਚ ਜੂਝਣ ਖਾਤਰ ਨਿੱਤਰ ਕੇ ਸਾਹਮਣੇ ਆਏ ਸਨ। ਉਹਨਾਂ ਨੇ ਆਪਣੇ ਪਰਵਾਰਾਂ ਦੇ ਮੋਹ ਅਤੇ ਸੁਖ-ਆਰਾਮ ਨੂੰ ਛੱਡ ਕੇ ਆਪਣੀਆਂ ਜਿੰਦਗੀਆਂ ਇਨਕਲਾਬ ਦੇ ਲੇਖੇ ਲਾਉਣ ਦੀ ਜੁਅਰਤ ਤੇ ਚੇਤੰਨ ਫੈਸਲਾ ਕੀਤਾ ਸੀ। ਅਨੇਕਾਂ ਨੇ ਭਮੱਕੜਾਂ ਵਾਂਗ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹ ਲੋਕ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਹੋਰਨਾਂ ਸ਼ਹੀਦਾਂ ਦੇ ਖਰੇ ਤੇ ਮਾਣ-ਮੱਤੇ ਵਾਰਿਸ ਹਨ। ਇਹ ਲੋਕ ਹੀ ਹਨ ਜੋ ਭਾਰਤ ਦੇ ਕਿਸਾਨਾਂ ਮਜਦੂਰਾਂ ਦੇ ਸੱਚੇ ਮਿੱਤਰ ਤੇ ਹਿਮੈਤੀ ਹਨ ਤੇ ਉਹਨਾਂ ਦੀ ਸਹੀ ਅਗਵਾਈ ਕਰਨ ਦੇ ਸਮਰੱਥ ਹਨ ।
ਸਿਰ ਵੱਢਵਾਂ ਵੈਰ
ਉਪਰੋਕਤ ਚਰਚਾ ਤੋਂ ਸਾਫ ਹੈ ਕਿ ਨਕਸਲਬਾੜੀ ਲਹਿਰ ਸਮਾਜ ਦੀਆਂ ਸਭ ਤੋਂ ਲੁੱਟੀਆਂ-ਲਤਾੜੀਆਂ ਜਮਾਤਾਂ-ਸ਼ਹਿਰੀ ਤੇ ਪੇਂਡੂ ਮਜ਼ਦੂਰਾਂ, ਕਿਸਾਨਾਂ ਛੋਟੇ ਤੇ ਟਟ-ਪੂੰਜੀਏ ਕਾਰੋਬਾਰੀਆਂ, ਵਿਦਿਆਰਥੀਆਂ, ਨੌਜਵਾਨਾਂ-ਆਦਿਕ ਤਬਕਿਆਂ ਦੇ ਹਿੱਤਾਂ ਦੀ ਤਰਜ਼ਮਾਨੀ ਕਰਨ ਵਾਲੀ ਇਨਕਲਾਬੀ ਲਹਿਰ ਹੈ। ਇਹ ਮੌਜੂਦਾ ਲੁਟੇਰੇ ਰਾਜ-ਪ੍ਰਬੰਧ ਦੀਆਂ ਵਲਗਣਾਂ 'ਚ ਸੀਮਤ ਲਹਿਰ ਨਹੀਂ, ਇਸ ਰਾਜ ਭਾਗ ਵਿਰੁੱਧ ਸੇਧਤ ਲਹਿਰ ਹੈ। ਇਹ ਮੌਜੂਦਾ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਨੂੰ ਉਲਟਾ ਕੇ, ਤਾਕਤ ਦੇ ਜੋਰ ਫਨਾਹ ਕਰਕੇ, ਇਸ ਦੀ ਥਾਂ ਕਿਸਾਨਾਂ ਮਜਦੂਰਾਂ ਦਾ ਰਾਜ ਸਥਾਪਤ ਕਰਨ ਦੀ ਮੁਦੱਈ ਲਹਿਰ ਹੈ। ਇਸੇ ਵਜਾਹ ਕਰਕੇ ਲੁਟੇਰੀਆਂ ਜਮਾਤਾਂ ਦੇ ਮੌਜੂਦਾ ਰਾਜ ਭਾਗ ਦਾ ਲੁੱਟ-ਖਸੁੱਟ ਤੇ ਦਾਬੇ ਦੀਆਂ ਵਿਰੋਧੀ ਇਨਕਲਾਬੀ ਜਮਾਤਾਂ ਦੀ ਇਸ ਲਹਿਰ ਨਾਲ ਪਹਿਲੇ ਦਿਨ ਤੋਂ ਹੀ ਸਿਰ-ਵੱਢਵੇਂ ਵੈਰ ਦਾ ਰਿਸ਼ਤਾ ਹੈ। ਇਹੀ ਵਜਾ੍ਹ ਹੈ ਕਿ ਮੌਜੂਦਾ ਰਾਜ ਭਾਗ ਦੀਆਂ ਰਖਵਾਲ ਸੱਭੇ ਸਿਆਸੀ ਸ਼ਕਤੀਆਂ ਅਤੇ ਪਾਰਟੀਆਂ ਇਨਕਲਾਬੀ ਲਹਿਰ ਨੂੰ ਸਖਤੀ ਤੇ ਬੇਕਿਰਕੀ ਨਾਲ ਕੁਚਲਣ ਦੀ ਪੁਰਜੋਰ ਵਕਾਲਤ ਕਰਦੀਆਂ ਹਨ। ਨਕਸਲਬਾੜੀ ਲਹਿਰ ਦਾ ਤੁਖਮ ਮਿਟਾਉਣ ਲਈ ਲੋਕ ਦੁਸ਼ਮਣ ਹਾਕਮਾਂ ਵੱਲੋਂ ਚਲਾਈ ਜਾ ਰਹੀ ਬੇਅਟਕ ਖੂੰਨੀ ਜੰਗ ਇਸ ਵੈਰ ਨੂੰ ਹੀ ਜਾਹਰ ਕਰਦੀ ਹੈ।
ਕੂੜ ਪ੍ਰਚਾਰ ਦਾ ਜੋਰਦਾਰ ਹੱਲਾ
ਭਾਰਤੀ ਲੁਟੇਰੇ ਹਾਕਮਾਂ ਤੇ ਉਹਨਾਂ ਦੀ ਸਰਕਾਰ ਵੱਲੋਂ ਨਕਸਲਬਾੜੀ ਲਹਿਰ ਖਿਲਾਫ ਚਲਾਈ ਜਾ ਰਹੀ ਜੰਗ ਦੋ ਧਾਰਾਵਾਂ ਰਾਹੀਂ ਅੱਗੇ ਵਧਾਈ ਜਾ ਰਹੀ ਹੈ। ਇਸ ਲਹਿਰ 'ਤੇ ਵਿੱਢੇ ਹਥਿਆਰਬੰਦ ਹਮਲੇ ਦੇ ਨਾਲ ਨਾਲ ਇਸ ਨੂੰ ਸਿਆਸੀ ਵਿਚਾਰਧਾਰਕ ਹਮਲੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਹੱਲੇ ਰਾਹੀਂ ਨਕਸਲਬਾੜੀ ਲਹਿਰ ਬਾਰੇ ਮਨਘੜਤ ਤੇ ਕੋਝਾ ਪ੍ਰਚਾਰ ਚਲਾਇਆ ਜਾ ਰਿਹਾ ਹੈ। ਇਸ ਲਹਿਰ ਦਾ ਮੂੰਹ-ਮੱਥਾ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਪ੍ਰਚਾਰ ਹੱਲਾ ਸਰਕਾਰੀ ਮਸ਼ੀਨਰੀ ਤੇ ਪ੍ਰਚਾਰ ਸਾਧਨਾਂ, ਬੁਰਜੁਆ ਪਾਰਟੀਆਂ , ਸੰਸਥਾਵਾਂ ਅਤੇ ਮੀਡੀਏ ਰਾਹੀਂ ਦਿਨ ਰਾਤ ਜਾਰੀ ਰੱਖਿਆ ਜਾ ਰਿਹਾ ਹੈ। ਸਾਮਰਾਜੀ ਮੀਡੀਆ ਵੀ ਇਸ ਹੱੱਲੇ 'ਚ ਪੂਰਾ ਸਹਿਯੋਗੀ ਹੈ। ਕਿਹਾ ਜਾ ਰਿਹਾ ਹੈ ਕਿ ਨਕਸਲੀ ਅਜਿਹੀ ਬੇਰਹਿਮ ਹਿੰਸਕ ਸ਼ਕਤੀ ਹਨ ਜੋ ਕਤਲ, ਮਾਰਧਾੜ ਤੇ ਲੁੱਟ 'ਚ ਸਰਗਰਮ ਹਨ। ਉਹ ਹਥਿਆਰਬੰਦ ਤਾਕਤ ਦੇ ਜੋਰ ਲੋਕਾਂ ਦੀ ਚੁਣੀ ਹੋਈ ਜਮਹੂਰੀ ਸਰਕਾਰ ਨੂੰ ਉਲਟਾਉਣ ਤੇ ਸਮਾਜਕ ਅਫਰਾ-ਤਫਰੀ ਫੈਲਾਉਣਾ ਚਾਹੁੰਦੇ ਹਨ, ਉਹ ਚੀਨ ਦੇ ਏਜੰਟ ਹਨ, ਉਹ ਵਿਕਾਸ ਦੇ ਵਿਰੋਧੀ ਹਨ ਤੇ ਭੰਨ-ਤੋੜ 'ਚ ਯਕੀਨ ਰਖਦੇ ਹਨ, ਆਦਿਕ ਆਦਿਕ। ਇਸ ਝੂਠ ਪ੍ਰਚਾਰ ਦਾ ਮਕਸਦ ਨਕਸਲਬਾੜੀ ਲਹਿਰ ਨੂੰ ਲੋਕਾਂ ਅੰਦਰ ਬੱਦੂ ਕਰਨਾ ਹੈ। ਲੋਕ-ਮਨਾਂ ਅੰਦਰ ਇਸ ਲਹਿਰ ਬਾਰੇ ਹਊਆ ਪੈਦਾ ਕਰਨਾ ਹੈ। ਉਹਨਾਂ ਦੇ ਮਨਾਂ 'ਚ ਇਸ ਲਹਿਰ ਬਾਰੇ ਭੈਅ, ਬੇਲਾਗਤਾ ਤੇ ਤੁਅੱਸਬ ਭਰਨਾ ਹੈ। ਇਸ ਲਹਿਰ ਅੰਦਰ ਹਕੂਮਤ ਵੱਲੋਂ ਢਾਹੇ ਜਾ ਰਹੇ ਅਣਮਨੁੱਖੀ ਕਹਿਰ ਦੀ ਵਾਜਬੀਅਤ ਤਿਆਰ ਕਰਨਾ ਹੈ। ਲੋਕਾਂ ਨੂੰ ਗੁਮਰਾਹ ਕਰਕੇ ਕਮਿਊਨਿਸਟ ਇਨਕਲਾਬੀਆਂ ਨੂੰ ਉਹਨਾਂ 'ਚੋਂ ਨਿਖੇੜਨ ਦਾ ਯਤਨ ਕਰਨਾ ਹੈ।
ਕਮਿਊਨਿਸਟ ਇਨਕਲਾਬੀ ਲਹਿਰ ਵਿਰੁੱਧ ਭਾਰਤੀ ਹਾਕਮਾਂ ਵੱਲੋਂ ਕੀਤਾ ਜਾ ਰਿਹਾ ਇਹ ਕੂੜ-ਪ੍ਰਚਾਰ ਨਾ ਤਾਂ ਕੋਈ ਅਣਕਿਆਸੀ ਤੇ ਨਾ ਹੀ ਕੋਈ ਆਲੋਕਾਰੀ ਵਰਤਾਰਾ ਹੈ। ਇਤਿਹਾਸ ਅਜਿਹੀਆਂ ਅਣਗਿਣਤ ਮਿਸਾਲਾਂ ਨਾਲ ਭਰਿਆ ਪਿਆ ਹੈ ਜਿੱਥੇ ਵੇਲਾ ਵਿਹਾ ਚੁੱਕੀਆਂ ਲੁਟੇਰੀਆਂ ਤੇ ਪਿਛਾਖੜੀ ਤਾਕਤਾਂ ਵੱਲੋਂ ਨਵੀਆਂ ਉੱਠ ਰਹੀਆਂ ਅਗਾਂਹ-ਵਧੂ ਤੇ ਲੋਕ-ਹਿਤੈਸ਼ੀ ਤਾਕਤਾਂ ਦੀ ਉਠਾਣ ਨੂੰ ਬੰਨ੍ਹ ਮਾਰਨ ਲਈ ਅਜਿਹੇ ਝੂਠ ਪ੍ਰਚਾਰ ਦੀ ਚਿਰ ਪੁਰਾਣੀ ਰਿਵਇਤ ਤੁਰੀ ਆ ਰਹੀ ਹੈ ਇਸ ਝੂਠ ਪ੍ਰਚਾਰ ਦਾ ਕਈ ਵਾਰ ਵਕਤੀ ਫਾਇਦਾ ਹੋ ਜਾਂਦਾ ਹੈ। ਪਰ ਕਹਿੰਦੇ ਹਨ ਝੂਠ ਦੇ ਪੈਰ ਨਹੀਂ ਹੁੰਦੇ, ਆਖਰ ਇਸ ਦਾ ਭਾਂਡਾ ਭੱਜ ਜਾਂਦਾ ਹੈ। ਸੱਚ ਬਾਹਰ ਆ ਜਾਂਦਾ ਹੈ। ਗੋਰੇ ਬਸਤੀਵਾਦੀ ਹਾਕਮਾਂ ਦੇ ਵਿਰੁੱਧ ਭਾਰਤੀ ਲੋਕਾਂ ਦੇ ਅਜ਼ਾਦੀ ਸੰਗਰਾਮ ਦੌਰਾਨ ਸਮੇਂ ਦੇ ਹਾਕਮਾਂ ਨੇ ਭਗਤ ਸਿੰਘ ਤੇ ਉਹਦੇ ਸਾਥੀਆਂ, ਗਦਰੀ ਬਾਬਿਆਂ ਤੇ ਹੋਰ ਅਨੇਕਾਂ ਦੇਸ਼ ਭਗਤਾਂ ਉਤੇ ਤਰ੍ਹਾਂ ਤਰ੍ਹਾਂ ਦੀਆਂ ਊਜਾਂ ਲਾਈਆਂ ਸਨ। ਉਹਨਾਂ ਨੂੰ ਦਹਿਸ਼ਤ ਪਸੰਦ ਦੱਸਿਆ ਸੀ। ਸਰਮਾਏਦਾਰੀ ਨੇ ਕਮਿਊਨਿਸਟਾਂ ਬਾਰੇ ਤਰ੍ਹਾਂ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ ਸੀ ਕਿ ਉਹ ਲੋਕਾਂ ਦੀਆਂ ਜਮੀਨਾਂ ਤੇ ਘਰ ਬਾਰ ਖੋਹ ਲੈਣਗੇ, ਪਤਨੀਆਂ ਸਾਂਝੀਆਂ ਕਰ ਲੈਣਗੇ ਆਦਿਕ ਆਦਿਕ। ਪਰ ਇਸ ਦੇ ਬਾਵਜੂਦ ਉਹ ਕਮਿਊਨਿਜ਼ਮ ਦੀ ਵਿਚਾਰਧਾਰਾ ਦੇ ਫੈਲਾਅ ਨੂੰ ਰੋਕ ਨਹੀਂ ਸਕੇ। ਰੂਸ 'ਚ ਜਾਰਸ਼ਾਹੀ ਨੇ ਬਾਲਸ਼ਿਵਕਾਂ ਖਿਲਾਫ ਬੜਾ ਭੱਦਾ ਤੇ ਭੜਕਾਊ ਕੂੜ-ਪ੍ਰਚਾਰ ਕੀਤਾ ਸੀ ਪਰ ਉਹ ਰੂਸ 'ਚ ਸਮਾਜਵਾਦੀ ਇਨਕਲਾਬ ਰੋਕ ਨਹੀਂ ਸਕੇ। ਇਹੋ ਜਿਹਾ ਝੂਠਾ ਪ੍ਰਚਾਰ ਭਾਰਤੀ ਹਾਕਮ ਕਮਿਊਨਿਸਟ ਇਨਕਲਾਬੀਆਂ ਬਾਰੇ ਕਰ ਰਹੇ ਹਨ। ਇਸ ਤੋਂ ਘਬਰਾਉਣ ਦੀ ਲੋੜ ਨਹੀਂ, ਇਸ ਨੂੰ ਧਰਕੇ ਛੰਡਣ ਦੀ ਲੋੜ ਹੈ।
ਬੇਬੁਨਿਆਦ ਤੋਹਮਤਬਾਜ਼ੀ
ਜਿੱਥੋਂ ਤੱਕ ਨਕਸਲਬਾੜੀ ਇਨਕਲਾਬੀਆਂ ਦੇ ਆਮ ਲੋਕਾਂ ਦੇ ਕਤਲ ਕਰਨ ਤੇ ਮਾਰਧਾੜ ਕਰਨ ਦਾ ਸੰਬੰਧ ਹੈ, ਉਹ ਕੋਰਾ ਝੂਠ ਹੈ। ਇਹ ਠੀਕ ਹੈ ਕਿ ਲਹਿਰ ਦੇ ਸ਼ੁਰੂਆਤੀ ਸਾਲਾਂ 'ਚ, ਪਾਰਟੀ 'ਚ ਖੱਬੂ-ਮਾਅਰਕੇ ਬਾਜ ਲੀਹ ਭਾਰੂ ਹੋ ਗਈ ਸੀ। ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਇਸ ਲੀਹ ਤਹਿਤ ਜਾਗੀਰਦਾਰਾਂ, ਰੱਤਪੀਣੇ ਸੂਦਖੋਰਾਂ, ਜ਼ਾਲਮ ਪੁਲਸ ਅਫਸਰਾਂ ਅਤੇ ਪੁਲਸ ਮੁਖਬਰਾਂ ਦਾ ਸਫਾਇਆ ਕੀਤਾ ਜਾਣ ਲੱਗ ਪਿਆ ਸੀ। ਇਹਨਾਂ ਕਾਰਵਾਈਆਂ 'ਚ ਮਾਰੇ ਜਾਣ ਵਾਲੇ ਲੋਕ ਕੋਈ ਸਾਧਾਰਨ ਆਦਮੀ ਨਹੀਂ ਸਨ ਸਗੋਂ ਸਮਾਜ ਵਿਰੋਧੀ ਤੇ ਲੁਟੇਰੀਆਂ ਜਮਾਤਾਂ ਦੇ ਲੋਕ ਸਨ। ਪਰ ਪਾਰਟੀ ਨੇ ਛੇਤੀ ਹੀ ਇਸ ਗਲਤ ਲੀਹ ਨੂੰ ਰੱਦ ਕਰ ਦਿੱਤਾ ਤੇ ਇਸ ਗਲਤ  ਲੀਹ ਦੀ ਸਵੈ-ਨੁਕਤਾਚੀਨੀ ਵੀ ਕੀਤੀ। ਫਿਰ ਵੀ ਇਸ ਲੀਹ ਨੇ ਪਾਰਟੀ ਦੀਆਂ ਮਨੁੱਖਾ ਸ਼ਕਤੀਆਂ ਅਤੇ ਪਾਰਟੀ ਦੇ ਇਨਕਲਾਬੀ ਅਕਸ ਨੂੰ ਵੱਡੀ ਢਾਹ ਲਾਈ ਸੀ। ਪਰ ਇਹ ਗਲਤ ਲੀਹ ਅੱਜ ਤੋਂ 45-50 ਸਾਲ ਪਹਿਲਾਂ ਦੀ ਗੱਲ ਹੈ ਜਿਸ ਦੀ ਪਾਰਟੀ ਨੇ ਉਸ ਸਮੇਂ ਜਨਤਕ ਸਵੈ-ਅਲੋਚਨਾ ਕੀਤੀ ਸੀ। ਅੱਜ ਕਲ੍ਹ ਛੱਤੀਸ਼ਗੜ੍ਹ, ਝਾਰਖੰਡ, ਬਿਹਾਰ ਆਦਿਕ ਸੂਬਿਆਂ 'ਚ ਇੱਕ ਬੰਨੇ ਹਕੂਮਤੀ ਹਥਿਆਰਬੰਦ ਬਲਾਂ ਤੇ ਉਹਨਾਂ ਦੇ ਏਜੰਟਾਂ ਅਤੇ ਦੂਜੇ ਬੰਨੇ ਕਮਿਊਨਿਸਟ ਇਨਕਲਾਬੀ ਘੁਲਾਟਿਆਂ ਤੇ ਉਹਨਾਂ ਦੇ ਸਾਥੀ ਤੇ ਹਿਮਾਇਤੀ ਆਦੀਵਾਸੀ ਲੋਕਾਂ 'ਚ ਚੱਲ ਰਹੀ ਹਥਿਆਰਬੰਦ ਲੜਾਈ 'ਚ ਇਨਕਲਾਬੀਆਂ ਵੱਲੋਂ ਆਮ ਕਰਕੇ ਹਕੂਮਤੀ ਬਲਾਂ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਭਾਰਤੀ ਹਾਕਮਾਂ ਤੇ ਉਹਨਾਂ ਦੇ ਹਿਮੈਤੀਆਂ ਦੀ ਨਜ਼ਰ 'ਚ ਆਪਣੀਆਂ ਜ਼ਮੀਨਾਂ, ਜੰਗਲ, ਘਰ-ਘਾਟ ਤੇ ਕੁਦਰਤੀ ਵਸੀਲਿਆਂ ਦੀ ਰਾਖੀ ਲਈ ਜੂਝ ਰਹੇ ਆਦੀਵਾਸੀ ਲੋਕ ਤੇ ਨਕਸਲਬਾੜੀ ਇਨਕਲਾਬੀ ਤਾਂ ਕਾਤਲ ਅਤੇ ਅਫਰਾ-ਤਫਰੀ ਪੈਦਾ ਕਰਨਾ ਵਾਲੇ ਦੇਸ਼ ਵਿਰੋਧੀ ਅਨਸਰ ਹਨ ਪਰ ਉਹਨਾਂ ਦੀਆਂ ਜਮੀਨਾਂ ਤੇ ਪੈਦਾਵਾਰੀ ਸਾਧਨ ਖੋਹਣ ਵਾਲੇ ਕਾਰਪੋਰੇਟ ਘਰਾਣੇ ਤੇ ਉਹਨਾਂ ਦੀ ਇਸ ਲੁੱਟ ਦਾ ਰਾਹ ਪੱਧਰਾ ਕਰਨ ਲਈ ਗੋਲੀ ਵਰ੍ਹਾਉਣ ਵਾਲੀਆਂ ਹਥਿਆਰਬੰਦ ਸ਼ਕਤੀਆਂ ਦੇਸ਼ ਭਗਤ ਹਨ। ਇਉਂ ਹੀ ਬਾਰ ਬਾਰ ਫਿਰਕੂ ਦੰਗੇ ਰਚਾ ਕੇ ਹਜਾਰਾਂ ਲੋਕਾਂ ਦਾ ਥੋਕ ਰੂਪ 'ਚ ਕਤਲੇਆਮ ਕਰਨ ਵਾਲੇ ਆਰ.ਐਸ.ਐਸ., ਬਜਰੰਗ ਦਲ ਤੇ ਸੰਘ ਲਾਣੇ ਦੀਆਂ ਹੋਰ ਜਥੇਬੰਦੀਆਂ ਸਰਕਾਰੀ ਨਜਰਾਂ 'ਚ ਕਾਤਲੀ ਫਿਰਕੂ ਟੋਲੇ ਨਹੀਂ, ਕੌਮ ਪ੍ਰਸਤ ਅਨਸਰ ਹਨ
ਜਦੋਂ ਉਹ ਨਕਸਲਬਾੜੀ ਇਨਕਲਾਬੀਆਂ 'ਤੇ ਹਥਿਆਰਬੰਦ ਤਾਕਤ ਰਾਹੀਂ ਸੱਤਾ ਉਲਟਾਉਣ ਦਾ ਇਲਜ਼ਾਮ ਲਾਉਂਦੇ ਹਨ ਤਾਂ ਉਹ ਇਹ ਨਹੀਂ ਦਸਦੇ ਕਿ ਉਹ ਕਿਰਤੀਆਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਹਥਿਆਰਬੰਦ ਤਾਕਤ ਰਾਹੀਂ ਸੱਤਾ ਉਲਟਾਉਣ ਦੀ ਗੱਲ ਕਹਿੰਦੇ ਹਨ। ਹਥਿਆਰ ਕੋਈ ਸ਼ੌਕ ਨਾਲ ਨਹੀਂ ਚੁੱਕਦਾ। ਮਿਹਨਤਕਸ਼ ਲੋਕ ਤਦ ਹੀ ਹਥਿਆਰਬੰਦ ਤਾਕਤ ਦੇ ਜੋਰ ਸੱਤਾ ਬਦਲਣ ਦੇ ਰਾਹ ਪੈਂਦੇ ਹਨ ਜਦ ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਲੁਟੇਰੀਆਂ ਜਮਾਤਾਂ ਉਲਟ-ਇਨਕਲਾਬੀ ਹਥਿਆਰਬੰਦ ਤਾਕਤ ਦੇ ਜੋਰ ਆਪਣੀ ਲੁੱਟ ਤੇ ਦਾਬੇ ਨੂੰ ਬਣਾਈ ਰੱਖਣ ਲਈ ਬਜ਼ਿੱਦ ਹੁੰਦੀਆਂ ਹਨ। ਇਹ ਇੱਕ ਇਤਿਹਾਸਕ ਸਚਾਈ ਹੈ ਕਿ ਜਮਾਤੀ ਰਾਜ ਹਥਿਆਰਬੰਦ ਤਾਕਤ ਦੇ ਜੋਰ ਨਾਲ ਹੀ ਬਦਲੇ ਜਾਂਦੇ ਹਨ। ਲੋਕਾਂ ਉਪਰ ਧੱਕੇ ਨਾਲ ਮੜ੍ਹੇ ਤੇ ਕਾਇਮ ਰੱਖੇ ਜਾ ਰਹੇ ਲੁੱਟ ਤੇ ਦਾਬੇ ਦੇ ਰਾਜ ਨੂੰ ਤਾਕਤ ਦੀ ਵਰਤੋਂ ਨਾਲ ਉਲਟਾਉਣਾ ਹੱਕੀ ਹੈ ਤੇ ਜਾਇਜ਼ ਕਾਰਵਾਈ ਹੈ। ਅੱਜ ਹਕੂਮਤੀ ਹਥਿਆਰਬੰਦ ਤਾਕਤ ਦੇ ਜੋਰ ਆਦੀਵਾਸੀ ਲੋਕਾਂ ਤੋਂ ਉਹਨਾਂ ਦੇ ਜਲ, ਜੰਗਲ, ਜ਼ਮੀਨ ਖੋਹੇ ਜਾ ਰਹੇ ਹਨ। ਕਿਧਰੇ ਕੋਈ ਸੁਣਵਾਈ ਨਹੀਂ। ਅਜਿਹੀ ਹਾਲਤ 'ਚ ਹਥਿਆਰ ਚੁੱਕ ਕੇ ਆਪਣੇ ਪੈਦਾਵਾਰੀ ਸਾਧਾਨਾਂ ਤੇ ਕੁਦਰਤੀ ਦੌਲਤ ਦੀ ਰਾਖੀ ਕਰਨ ਤੋਂ ਬਿਨਾ ਉਹਨਾਂ ਕੋਲ ਹੋਰ ਚਾਰਾ ਹੀ ਕੀ ਬਚਿਆ ਹੈ? ਭਾਰਤ 'ਚ ਕਿਸਾਨ ਥੋਕ ਰੂਪ 'ਚ ਖੁਦਕਸ਼ੀਆਂ ਕਰ ਰਹੇ ਹਨ। ਉਹਨਾਂ ਦੀ ਬਾਂਹ ਫੜਨ ਤੇ ਮੱਦਦ ਕਰਨ ਦੀ ਗੱਲ ਤਾਂ ਦੂਰ ਰਹੀ ਕੋਈ ਸਰਕਾਰ ਗੱਲ ਸੁਣਨ ਲਈ ਵੀ ਤਿਆਰ ਨਹੀਂ। ਨੌਜਵਾਨ ਬੇਰੁਜ਼ਗਾਰੀ ਦੀ ਚੱਕੀ 'ਚ ਪਿਸ ਰਹੇ ਹਨ। ਅੱਕ ਕੇ ਅੰਤ ਨੂੰ ਜੇ ਇਹ ਹਥਿਆਰ ਚੁੱਕ ਲੈਂਦੇ ਹਨ ਤਾਂ ਇਹ ਨਜਾਇਜ਼ ਕਿਵੇਂ ਹੈ?
ਸਰਕਾਰੀ ਤੇ ਸਾਮਰਾਜੀ ਬੁਰਜੂਆ ਪ੍ਰਚਾਰ ਮੀਡੀਆ ਇਹ ਝੂਠ-ਪ੍ਰਚਾਰ ਕਰਦਾ ਹੈ ਕਿ ਨਕਸਲੀ ਚੀਨ ਦੇ ਏਜੰਟ ਹਨ। ਇਸ ਦਾ ਪ੍ਰਮਾਣ ਉਹ ਸ਼ਾਇਦ ਇਹ ਦਿੰਦੇ ਹਨ ਕਿ ਨਕਸਲੀ ਚੀਨ ਦੇ ਇਨਕਲਾਬ ਤੇ ਮਾਓ ਦੀ ਵਿਚਾਰਧਰਾ ਤੋਂ ਪ੍ਰੇਰਨਾ ਤੇ ਰਾਹ-ਦਰਸਾਈ ਲੈਂਦੇ ਹਨ। ਸੰਸਾਰ ਸਰਮਾਏਦਾਰੀ ਪਹਿਲਾਂ ਦੁਨੀਆਂ ਭਰ 'ਚ ਕਮਿਊਨਿਸਟਾਂ ਉਤੇ ਮਾਸਕੋ ਦੇ ਏਜੰਟ ਹੋਣ ਦੀਆਂ ਬੇਬੁਨਿਆਦ ਤੋਹਮਤਾਂ ਲਾਉਂਦੀ ਰਹੀ ਹੈ। ਅਜਿਹੀਆਂ ਊਜਾਂ ਅਸਲੋਂ ਹੀ ਬੇਤੁਕੀਆਂ ਹਨ। ਕਿਵੇਂ? ਭਾਰਤ ਨੇ ਪਾਰਲੀਮਾਨੀ ਜਮਹੂਰੀਅਤ ਦਾ ਸੰਕਲਪ ਬਰਤਾਨੀਆਂ  ਤੋਂ ਲਿਆ ਹੈ। ਕੀ ਭਾਰਤੀ ਆਗੂ ਇਸ ਨਾਲ ਬਰਤਾਨੀਆ ਦੇ ਏਜੰਟ ਬਣ ਗਏ ਹਨ? ਅੱਜ ਜੋ ਆਰਥਕ ਨੀਤੀਆਂ ਤੇ ਖੁੱਲ੍ਹੀ ਮੰਡੀ ਦੇ ਸਿਧਾਂਤ ਭਾਰਤ ਲਾਗੂ ਕਰ ਰਿਹਾ ਹੈ, ਇਹ ਸਾਮਰਾਜੀ ਮੁਲਕਾਂ ਦੀ ਦੇਣ ਹਨ। ਕੀ ਭਾਰਤੀ ਆਗੂਆਂ ਨੂੰ ਸਾਮਰਾਜੀ ਏਜੰਟ ਕਿਹਾ ਜਾਵੇ? ਕੁਦਰਤੀ ਵਿਗਿਆਨ ਦੀਆਂ ਵੱਡੀ ਗਿਣਤੀ ਖੋਜਾਂ ਤੇ ਵਿਗਿਆਨਕ ਸਿਧਾਂਤ ਜਿਵੇਂ, ਰੇਲ ਗੱਡੀ, ਹਵਾਈ ਜਹਾਜ, ਟੀ.ਵੀ., ਇੰਟਰਨੈਟ, ਗਰੂਤਾ ਖਿੱਚ ਦਾ ਸਿਧਾਂਤ, ਰੈਲੇਟੀਵਿਟੀ ਦਾ ਸਿਧਾਂਤ ਆਦਿਕ ਆਦਿਕ ਸਭ ਪੱਛਮੀ ਮੁਲਕਾਂ ਦੀ ਦੇਣ ਹਨ। ਕੀ ਇਸ ਗਿਆਨ ਨੂੰ ਅਪਣਾਉਣਾ ਪੱਛਮੀ ਮੁਲਕਾਂ ਦੀ ਏਜੰਟੀ ਹੈ? ਚੀਨੀ ਇਨਕਲਾਬ ਦਾ ਤਜਰਬਾ ਤੇ ਮਾਓ ਵਿਚਾਰਧਾਰਾ ਵੀ ਇਕ ਸਮਾਜਕ ਵਿਗਿਆਨ ਦਾ ਅੰਗ ਹਨ। ਇਹਨਾਂ ਦਾ ਵਰਤੋਂ ਕਰਨ ਜਾਂ ਇਹਨਾਂ ਤੋਂ ਪ੍ਰੇਰਨਾ ਲੈਣ ਵਾਲਾ ਕੋਈ ਵੀ ਸਖਸ਼ ਇਸ ਨਾਲ ਚੀਨ ਦਾ ਏਜੰਟ ਕਿਵੇਂ ਬਣ ਗਿਆ।
ਆਖਰ 'ਚ ਹਾਕਮ ਜਮਾਤਾਂ ਕਮਿਊਨਿਸਟ ਇਨਕਲਾਬੀਆਂ Àੁੱਪਰ ਅਕਸਰ ਇਹ ਝੂਠਾ ਦੋਸ਼ ਲਾਉਂਦੀਆਂ ਹਨ ਕਿ ਉਹ ਵਿਕਾਸ ਦੇ  ਵਿਰੋਧੀ ਹਨ। ਕਮਿਊਨਿਸਟ ਇਨਕਲਾਬੀ ਅਜਿਹੇ ਵਿਕਾਸ ਦੇ ਵਿਰੋਧੀ ਨਹੀਂ ਜੋ ਸੱਚਮੁੱਚ ਹੀ ਦੱਬੇ ਕੁਚਲੇ ਲੋਕਾਂ ਦੇ ਹਿੱਤ 'ਚ ਹੋਵੇ। ਆਦੀਵਾਸੀ ਇਲਾਕਿਆਂ 'ਚ ਸਰਕਾਰ ਸਕੂਲ ਖੋਲ੍ਹ ਦੇਵੇ, ਸਰਕਾਰੀ ਹਸਪਤਾਲ ਬਣਾ ਦੇਵੇ, ਬਿਜਲੀ ਪਹੁੰਚਦੀ ਕਰ ਦੇਵੇ, ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰ ਦੇਵੇ, ਸਿੰਚਾਈ ਲਈ ਤਲਾਬ ਖੋਦ ਦੇਵੇ, ਟਿਊਬਵੈਲ ਲਾ ਦੇਵੇ, ਖੇਤੀ ਮਸ਼ੀਨਰੀ ਮੁਹੱਈਆ ਕਰਾ ਦੇਵੇ, ਜਮੀਨ ਦੀ ਕਿਸਾਨਾਂ 'ਚ ਵੰਡ ਕਰ ਦੇਵੇ, ਉਹਨਾਂ ਲਈ ਰੁਜ਼ਗਾਰ ਪੈਦਾ ਕਰ ਦੇਵੇ, ਕਿਸੇ ਕਮਿ. ਇਨਕਲਾਬੀ ਨੇ ਕਦੇ ਇਸ ਦਾ ਵਿਰੋਧ ਨਹੀਂ ਕੀਤਾ। ਪਰ ਸਰਕਾਰੀ ਨਜ਼ਰਾਂ 'ਚ ਕਾਣ ਹੈ, ਖੋਟ ਹੈ। ਇਹ ਉਹਨਾਂ ਨੂੰ ਵਿਕਾਸ ਨਹੀਂ ਲਗਦਾ। ਉਹ ਵਿਕਾਸ ਸਮਝਦੇ ਹਨ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਵੱਡੇ ਖਾਣ ਪ੍ਰੋਜੈਕਟਾਂ ਨੂੰ, ਧੜਵੈਲ ਕਾਰਖਾਨਿਆਂ ਜਾਂ ਸੰਚਾਰ ਪ੍ਰੋਜੈਕਟਾਂ ਨੂੰ ਜਿੰਨ੍ਹਾਂ ਰਾਹੀਂ ਪੂੰਜੀਵਾਦੀ ਗਿਰਝਾਂ ਆਦੀਵਾਸੀ ਲੋਕਾਂ ਦੀਆਂ ਜਮੀਨਾਂ ਤੇ ਮਾਲ ਖਜ਼ਾਨਿਆਂ ਦੀ ਮਨਚਾਹੀ ਲੁੱਟ ਕਰ ਸਕਣ। ਜਾਂ ਉਹ ਵਿਕਾਸ ਸਮਝਦੇ ਹਨ ਅਜਿਹੇ ਸੜਕੀ ਪ੍ਰੋਜੈਕਟਾਂ ਜਾਂ ਸੰਚਾਰ ਤਾਣਾ ਬਾਣਾ ਸਥਾਪਤ ਕਰਨ ਨੂੰ ਜਿਸ ਰਾਹੀਂ ਉਹ ਸਥਾਨਕ ਵਸੋਂ 'ਤੇ ਭਰਵੀਂ ਨਿਗਾਹਦਾਰੀ ਰੱਖ ਸਕਣ ਅਤੇ ਲੋੜ ਪੈਣ ਤੇ ਝੱਟ ਹਕੂਮਤੀ ਹਥਿਆਰਬੰਦ ਧਾੜਾਂ ਉਥੇ ਪਹੁੰਚ ਸਕਦੀਆਂ ਹੋਣ। ਦਰਅਸਲ, ਇਹਨਾਂ ਲੋਕਾਂ ਦਾ ਵਿਕਾਸ ਸਰਕਾਰ ਦਾ ਏਜੰਡਾ ਨਹੀਂ। ਸਰਕਾਰੀ ਏਜੰਡਾ ਤਾਂ ਕਾਰਪੋਰੇਟ ਘਰਾਣਿਆਂ ਦੇ ਵਿਕਾਸ ਦਾ ਹੈ। ਜੇ ਨਕਸਲੀਆਂ ਵੱਲੋਂ ਪੈਦਾ ਕੀਤੇ ਅੜਿੱਕਿਆਂ ਕਰਕੇ ਵਿਕਾਸ ਮਾਰ ਖਾ ਰਿਹਾ ਹੈ ਤਾਂ ਫਿਰ ਦੇਸ ਦੇ ਉਹਨਾਂ ਇਲਾਕਿਆਂ, ਮਿਸਾਲ ਦੇ ਤੌਰ 'ਤੇ ਰਾਜਸਥਾਨ ਤੇ ਪੂਰਬ-ਉਤਰ ਦੇ ਰਾਜਾਂ, ਦਾ ਵਿਕਾਸ ਕਾਹਤੋਂ ਨਹੀਂ ਹੋਇਆ। ਜਿੱਥੇ ਇਨਕਲਾਬੀਆਂ ਦਾ ਹਾਲੇ ਤੱਕ ਪ੍ਰਭਾਵਸ਼ਾਲੀ ਦਖਲ ਨਹੀਂ। ਹਕੀਕਤ ਤਾਂ ਇਹ ਹੈ ਕਿ ਵਿਕਾਸ ਨਾ ਹੋਣ ਦਾ ਕਾਰਨ ਨਕਸਲੀ ਸਮੱਸਿਆ ਨਹੀਂ, ਸਗੋਂ ਵਿਕਾਸ ਨਾ ਹੋਣ ਦਾ ਸਿੱਟਾ ਨਕਸਲਬਾੜੀਆਂ ਦੇ ਦਖਲ ਲਈ ਰਾਹ ਪੱਧਰਾ ਕਰਨ 'ਚ ਨਿੱਕਲਦਾ ਹੈ।
ਕਮਿਊਨਿਸਟ ਇਨਕਲਾਬੀਆਂ ਨੂੰ ਬਦਨਾਮ ਕਰਨ ਤੇ ਉਹਨਾਂ ਬਾਰੇ ਆਮ ਲੋਕਾਂ ਦੇ ਮਨਾਂ 'ਚ ਤੁਅੱਸਬੀ ਜ਼ਹਿਰ ਭਰਨ ਲਈ ਸਰਕਾਰੀ ਤੰਤਰ ਨਵੇਂ ਤੋਂ ਨਵੇਂ ਸ਼ੋਸੇ ਛਡਦਾ ਰਹਿੰਦਾ ਹੈ। ਸਾਨੂੰ ਇਸ ਪਿੱਛੇ ਛੁਪੇ ਸਰਕਾਰ ਦੇ ਕੋਝੇ ਮੰਤਵਾਂ ਨੂੰ ਪਛਾਨਣਾ ਤੇ ਪਛਾੜਨਾ ਚਾਹੀਦਾ ਹੈ। ਕਮਿ. ਇਨਕਲਾਬੀਆਂ ਦੀ ਹਕੀਕੀ ਕਹਿਣੀ ਦੇ ਕਰਨੀ ਜਾਨਣ ਲਈ ਜਾਣਕਾਰੀ ਦੇ ਮੁਕਾਬਲਤਨ ਨਿਰਪੱਖ ਤੇ ਭਰੋਸੇਯੋਗ ਸਰੋਤਾਂ 'ਤੇ ਹੀ ਟੇਕ ਰੱਖਣੀ ਚਾਹੀਦੀ ਹੈ।
ਦੀਵਾਲੀਆ ਬੁਰਜੂਆ ਰਾਜਨੀਤੀ
ਆਪਣੇ ਆਲੇ ਦੁਆਲੇ ਜਰਾ ਝਾਤ ਮਾਰੋ। ਮਿਹਨਤਕਸ਼ ਲੋਕਾਂ ਦੇ ਹਰ ਵਰਗ 'ਚ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ 'ਚ ਪਿਛਲੇ ਕਈ ਸਾਲਾਂ ਤੋਂ ਕਿਸਾਨ ਖੁਦਕਸ਼ੀਆਂ ਦਾ ਅਮਲ ਤਿੱਖਾ ਹੁੰਦਾ ਜਾ ਰਿਹਾ ਹੈ। ਪੜ੍ਹੇ ਲਿਖੇ ਤੇ ਅਨਪੜ੍ਹ ਬੇਰੁਜ਼ਗਾਰਾਂ ਦੀਆਂ ਧਾੜਾਂ ਵੱਡੀਆਂ  ਹੁੰਦੀਆਂ ਜਾ ਰਹੀਆਂ ਹਨ। ਸੁਬਾਈ ਰੁਜਗਾਰ ਸੁੰਗੜ ਰਿਹਾ ਹੈ ਤੇ ਇਸ ਦੀ ਥਾਂ ਨਿਗੂਣੀਆਂ ਤਨਖਾਹਾਂ ਅਤੇ ਅੱੱਤ ਭੈੜੀਆਂ ਸੇਵਾ ਹਾਲਤਾਂ ਵਾਲੀ ਠੇਕਾ ਪ੍ਰਣਾਲੀ ਲੈ ਰਹੀ ਹੈ। ਮਜ਼ਦੂਰਾਂ ਦੇ ਸਥਾਪਤ ਹੱਕਾਂ ਅਤੇ ਅਧਿਕਾਰਾਂ 'ਤੇ ਛਾਪਾ ਜਾਰੀ ਹੈ। ਸਰਕਾਰੀ ਨੀਤੀਆਂ ਰੁਜ਼ਗਾਰ ਉਜਾੜੇ ਨੂੰ ਝੋਕਾ ਲਾ ਰਹੀਆਂ ਹਨ। ਵਿਦਿਆ, ਇਲਾਜ ਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਨੇ ਵਸੋਂ ਦੀ ਵੱਡੀ ਗਿਣਤੀ ਨੂੰ ਇਹਨਾਂ ਤੱਕ ਪਹੁੰਚ ਤੋਂ  ਬਾਹਰ ਧੱਕ ਦਿੱਤਾ ਹੈ। ਛੋਟੇ ਤੇ ਦਰਮਿਆਨੇ ਕਾਰੋਬਾਰ ਉੱਜੜ ਰਹੇ ਹਨ। ਹਰ ਖੇਤਰ 'ਚ Àੁੱਪਰਲੇ ਮੁੱਠੀ ਭਰ ਲੋਕ ਮਾਲਾ ਮਾਲ ਹੋ ਰਹੇ ਹਨ, ਹੇਠਲੇ ਰਸਾਤਲ 'ਚ ਹੋਰ ਧਸਦੇ ਜਾ ਰਹੇ ਹਨ।
ਕਿਸੇ ਵੀ ਹਾਕਮ ਜਮਾਤੀ ਪਾਰਟੀ ਕੋਲ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ। ਕਾਰਨ ਇਹ ਹੈ ਕਿ ਇਹ ਸਮੱਸਿਆਵਾਂ ਉਹਨਾਂ ਨੀਤੀਆਂ ਦੀ ਹੀ ਪੈਦਾਵਾਰ ਹਨ ਜਿਨ੍ਹਾਂ ਨੀਤੀਆਂ ਨੂੰ ਇਹ ਸਭ ਪਾਰਟੀਆਂ ਲਾਗੂ ਕਰ ਰਹੀਆਂ ਹਨ। ਇਹਨਾਂ ਨੀਤੀਆਂ ਨੂੰ ਰੱਦ ਕੀਤੇ ਬਗੈਰ ਖੇਤੀ ਖੇਤਰ 'ਚ ਤਿੱਖੇ ਜਮੀਨੀ ਸੁਧਾਰ ਤੇ ਜ਼ਰੱਈ ਸੰਬੰਧਾਂ 'ਚ ਤਬਦੀਲੀ ਕੀਤੇ ਬਗੈਰ, ਕਾਰਪੋਰੇਟ ਘਰਾਣਿਆਂ ਨੂੰ ਲਗਾਮ ਪਾਏ ਬਗੈਰ ਤੇ ਸਾਮਰਾਜੀ ਲੁੱਟ ਤੇ ਨੀਤੀਆਂ ਦੀ ਸਫ ਵਲੇਟੇ ਬਗੈਰ ਲੋਕਾਂ ਦੀਆਂ ਇਹ ਬੁਨਿਆਦੀ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਕਿਸੇ ਵੀ ਵੋਟ-ਪਾਰਟੀ ਦਾ ਨਾ ਅਜਿਹਾ ਪ੍ਰੋਗਰਾਮ ਹੈ, ਨਾ ਸਿਆਸੀ ਇੱਛਾ। ਇਹ ਸਿਰਫ ਨਕਸਲਬਾੜੀ ਪਾਰਟੀ ਹੀ ਹੈ ਜੋ ਮੁਲਕ ਦੇ ਗਲੋਂ ਸਾਮਰਾਜੀ ਤੇ ਜਗੀਰੂ ਗਲਬੇ ਦੇ ਜੂਲੇ ਨੂੰ ਵਗਾਹ ਮਾਰਨ ਲਈ ਦ੍ਰਿੜ ਹੈ। ਇਹੀ ਇਕੋ ਇੱਕ ਸਿਆਸੀ ਧਿਰ ਹੈ ਜੋ ਸਾਮਰਾਜੀ ਸੰਸਥਾਵਾਂ ਵੱਲੋਂ ਨਿਰਦੇਸ਼ਤ ਆਰਥਕ ਨੀਤੀਆਂ ਦਾ ਡਟ ਕੇ ਵਿਰੋਧ ਕਰਦੀ ਹੈ। ਸਿਰਫ ਇਹੀ ਧਿਰ ਹੈ ਜੋ ਵਸੋਂ ਦੇ ਸਭ ਤੋਂ ਵਿਰਵੇ ਤੇ ਦੱਬੇ ਕੁਚਲੇ ਆਦੀਵਾਸੀ ਲੋਕਾਂ ਦੀਆਂ ਜਮੀਨਾਂ, ਜੰਗਲ ਤੇ ਕੁਦਰਤੀ ਦੌਲਤ ਦੀ ਰਾਖੀ ਦੀ ਲੜਾਈ 'ਚ ਉਹਨਾਂ ਦੇ ਸੰਘਰਸ਼ ਦੀ ਅਗਵਾਈ ਕਰ ਅਤੇ ਆਪਣੇ ਕਾਰਕੁਨਾਂ ਦੀਆਂ ਸ਼ਹਾਦਤਾਂ ਦੇ ਰਹੀ ਹੈ। ਜਿੱਥੇ ਕਿਤੇ ਵੀ ਮਿਹਨਤਕਸ਼ ਲੋਕ ਸੰਘਰਸ਼ ਲਈ ਆਹੁਲਦੇ ਹਨ, ਨਕਸਲਬਾੜੀ ਦੇ ਕਾਰਕੁਨ ਆਪਣੀ ਸਿਆਸੀ ਸ਼ਨਾਖਤ ਗੁਪਤ ਰੱਖ ਕੇ ਇਹਨਾਂ ਘੋਲਾਂ 'ਚ ਮੂਹਰਲੀਆਂ ਸਫਾਂ 'ਚ ਹੋ ਕੇ ਲੜਦੇ ਹਨ। ਪੰਜਾਬ 'ਚ ਸੰਕਟ-ਮੂੰਹ ਆਈ ਕਿਸਾਨੀ ਬਾਰੇ ਮਗਰਮੱਛ ਦੇ ਹੰਝੂ ਕੇਰਨ ਤੋਂ ਵੱਧ ਕਿਸੇ ਵੀ ਵੋਟ ਪਾਰਟੀ ਨੇ ਡੱਕਾ ਦੂਹਰਾ ਨਹੀਂ ਕੀਤਾ। ਜੋ ਕੀਤਾ ਉਹ ਸਿਰਫ ਇਨਕਲਾਬੀ ਕਿਸਾਨ ਜਥੇਬੰਦੀਆਂ ਨੇ ਹੀ ਕੀਤਾ ਹੈ। ਇਹਨਾਂ ਇਨਕਲਾਬੀ ਕਿਸਾਨ ਜਥੇਬੰਦੀਆਂ ਬਾਰੇ ਸੁਖਬੀਰ ਬਾਦਲ ਤੇ ਅਮਰਿੰਦਰ ਸਮੇਤ ਸਭ ਹਕੂਮਤੀ ਕਰਤਿਆਂ ਧਰਤਿਆਂ ਦਾ ਕਹਿਣਾ ਹੈ ਕਿ ਇਹ ਤਾਂ ਨਕਸਲਬਾੜੀਆਂ ਦੇ ਪ੍ਰਭਾਵ ਹੇਠਲੀਆਂ ਜਥੇਬੰਦੀਆਂ ਹਨ। ਯਾਨੀ ਖੁਦ ਸਰਕਾਰ ਨੂੰ ਹੀ ਮੰਨਣਾ ਪੈ ਰਿਹਾ ਹੈ ਕਿ ਨਕਸਲਬਾੜੀ ਲੋਕ ਕਿਸਾਨ ਹਿੱਤਾਂ ਲਈ ਸੰਘਰਸ਼ਾਂ'ਚ ਸਭ ਤੋਂ ਮੂਹਰੇ ਹਨ। ਇਹੋ ਗੱਲ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਦੇ ਮਾਮਲੇ 'ਚ ਵੀ ਸਹੀ ਹੋ ਸਕਦੀ ਹੈ।
ਨਕਸਲਬਾੜੀ ਨੇ ਹੀ ਲਾਉਣਾ ਪਾਰ
ਉਪਰੋਕਤ ਚਰਚਾ ਤੋਂ ਜਾਹਰ ਹੈ ਕਿ ਮੌਜੂਦਾ ਢਾਂਚੇ ਅੰਦਰ ਹਰਕਤਸ਼ੀਲ ਵੋਟ ਪਾਰਟੀਆਂ ਜਾਂ ਕੋਈ ਸਿਆਸੀ ਗੱਠਜੋੜ ਲੋਕਾਂ ਦੀ ਕਿਸੇ ਬੁਨਿਆਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ, ਉਹ ਤਾਂ ਖੁਦ ਸਮੱਸਿਆਵਾਂ ਦਾ ਹਿੱਸਾ ਹੈ। ਇਸ ਢਾਂਚੇ 'ਚ ਮੌਜੂਦ ਸਮੱਸਿਆਵਾਂ ਕਿਸੇ ਦਵਾ-ਦਾਰੂ ਨਾਲ ਠੀਕ ਹੋਣ ਵਾਲੀਆਂ ਨਹੀਂ। ਵੱਡੀ ਚੀਰ ਫਾੜ ਦੀ ਲੋੜ ਹੈ, ਖੁਦ ਢਾਂਚੇ ਦੀ ਭੰਨਤੋੜ ਨਾਲ ਸੂਤ ਆਉਣ ਵਾਲੀ ਹੈ। ਸਿੱਧੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਇਨਕਲਾਬ ਦੀ ਲੋੜ ਹੈ। ਇਹ ਕਾਰਜ ਕਮਿਊਨਿਸਟ ਇਨਕਲਾਬੀਆਂ ਦੀ ਅਗਵਾਈ ਤੋਂ... .....ਬਿਨਾਂ ਸੰਭਵ ਨਹੀਂ। ਇਹਨਾਂ ਪਾਰਟੀਆਂ ਦੀ ਤਾਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਹੀ ਸਹੀ ਟਿੱਕਣ, ਉਹਨਾਂ ਪਿੱਛੇ ਹਰਕਤਸ਼ੀਲ ਨੀਤੀਆਂ ਨੂੰ ਘੋਲ ਮੁੱਦੇ ਬਣਾਉਣ, ਲੋਕਾਂ ਨੂੰ ਇਹਨਾਂ ਦੁਆਲੇ ਲਾਮਬੰਦ ਕਰਨ ਅਤੇ ਸੰਘਰਸ਼ ਨੂੰ ਬੁਨਿਆਦੀ ਮੁੱਦਿਆਂ ਨਾਲ ਜੋੜਨ 'ਚ ਨਾ ਸਿਆਸੀ ਦਿਲਚਸਪੀ ਹੈ ਤੇ ਨਾ ਹੀ ਸਿਆਸੀ ਸਮਰੱਥਾ ਕਿਉਂਕਿ ਇਹ ਉਹਨਾਂ ਦੀ ਜਮਾਤੀ ਸਿਆਸਤ ਦੇ ਹਿੱਤਾਂ ਨਾਲ ਹੀ ਬੇਮੇਲ ਹੈ। ਅਜਿਹਾ ਕੰਮ ਤਾਂ ਇੱਕ ਖਰੀ ਇਨਕਲਾਬੀ ਪਾਰਟੀ ਹੀ ਕਰ ਸਕਦੀ ਹੈ। ਮੌਜੂਦਾ ਸਮੇਂ ਨਕਸਲਬਾੜੀ ਦੀ ਸਿਆਸਤ ਦੀ ਤਰਜ਼ਮਾਨ ਪਾਰਟੀ ਹੀ ਖਰੀ ਇਨਕਲਾਬੀ ਪਾਰਟੀ ਹੋ ਸਕਦੀ ਹੈ।
ਜਨਤਕ ਜੱਦੋਜਹਿਦਾਂ ਤੇ ਹੋਰ ਸਰਗਰਮੀਆਂ ਹਰਕਤਸ਼ੀਲ ਤੇ ਚੇਤੰਨ ਹਿੱਸਿਆਂ ਨੂੰ ਇਹ ਗੱਲ ਭਲੀ ਭਾਂਤ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇੱਕ ਇਨਕਲਾਬੀ ਪਾਰਟੀ ਦੇ ਲੜ ਲੱਗੇ ਬਗੈਰ ਨਾ ਤਾਂ ਉਹਨਾਂ ਦਾ ਆਪਣਾ ਤੇ ਨਾ ਹੀ ਜਨਤਕ ਲਹਿਰ ਦਾ ਭਰਪੂਰ ਵਿਕਾਸ ਹੋ ਸਕਦਾ ਹੈ। ਇੱਕ ਸੁਲਝੀ ਹੋਈ ਇਨਕਲਾਬੀ ਪਾਰਟੀ ਦੀ ਰਾਹਨੁਮਾਈ ਬਗੈਰ ਨਾ ਘੋਲਾਂ ਦਾ ਸਿਆਸੀ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ ਤੇ ਨਾ ਹੀ ਵਿਸ਼ਾਲ ਇਨਕਲਾਬੀ ਲਹਿਰ ਖੜ੍ਹੀ ਕੀਤੀ ਜਾ ਸਕਦੀ ਹੈ। ਸੰਸਾਰ ਇਨਕਲਾਬੀ ਲਹਿਰ ਨੇ ਇਹ ਸਿੱਟਾ ਕੱਢਿਆ ਹੋਇਆ ਹੈ ਕਿ ਇੱਕ ਇਨਕਲਾਬੀ ਪਾਰਟੀ ਬਗੈਰ ਇਨਕਲਾਬ ਸੰਭਵ ਨਹੀਂ ਸੋ ਹਰ ਸੰਜੀਦਾ ਤੇ ਸੂਝਵਾਨ ਕਾਰਕੁਨ ਨੂੰ ਕਮਿਊਨਿਸਟ ਇਨਕਲਾਬੀ ਪਾਰਟੀ ਬਾਰੇ ਹਕੂਮਤੀ ਕੂੜ-ਪ੍ਰਚਾਰ 'ਤੇ ਥੁੱਕਦਿਆਂ , ਛੇਤੀ ਤੋਂ ਛੇਤੀ ਅਜਿਹੀ ਇਨਕਲਾਬੀ ਪਾਰਟੀ ਦੇ ਲੜ ਲੱਗਣਾ ਚਾਹੀਦਾ ਹੈ।
***

(05) to ਇਕ ਨਕਸਲਬਾੜੀ ਸ਼ਹੀਦ ਦੀ ਚਿੱਠੀ

ਇਹ ਇਕ 21 ਸਾਲਾ ਨੌਜਵਾਨ ਦੀ ਚਿੱਠੀ ਹੈ ਜਿਹੜਾ ਮਿਦਨਾਪੁਰ (ਬੰਗਾਲ) ਜ਼ਿਲ੍ਹੇ 'ਚ ਜੂਨ 1970 'ਚ ਇਕ ਜਗੀਰਦਾਰ ਨੂੰ ਮਾਰਨ ਤੋਂ ਬਾਅਦ ਹੋਈ ਲੜਾਈ 'ਚ ਮਾਰਿਆ ਗਿਆ ਸੀ। ਉਸਦੇ ਪਿਤਾ ਅਨੁਸਾਰ ਅੱਠਵੀਂ ਕਲਾਸ 'ਚ ਪੜ੍ਹਦਾ ਹੀ ਕਮਿ: ਇਨਕਲਾਬੀ ਸਿਆਸਤ ਦੇ ਵਾਹ 'ਚ ਆ ਗਿ ਸੀ ਤੇ ਬੀ.ਏ. ਦੀ ਪੜ੍ਹਾਈ ਛੱਡ ਕੇ ਲਹਿਰ 'ਚ ਕੁੱਦ ਪਿਆ ਸੀ। ਉਹਨੇ ਸਾਲ ਭਰ ਮਿਦਨਾਪੁਰ ਦੇ ਆਦਿਵਾਸੀ ਕਿਸਾਨਾਂ 'ਚ ਕੰਮ ਕੀਤਾ ਤੇ ਉਹਨਾਂ 'ਚ ਇਕ ਮਕਬੂਲ ਕਾਰਕੁੰਨ ਵਜੋਂ ਪ੍ਰਵਾਨ ਚੜ੍ਹਿਆ ਸੀ।

ਲੁੱਟ ਦਾ ਸੰਸਾਰ ਬਦਲਣ ਲਈ ਜੂਝ ਰਿਹਾਂ 'ਚੋਂ ਮੈਂ ਇੱਕ ਹਾਂ

ਵੱਲ:- ਦਾਦੀ, ਮਾਂ, ਚਾਚੀ ਤੇ ਵੱਡੀ ਭੈਣ,
ਮੈਂ ਠੀਕ ਠਾਕ ਹਾਂ। ਮੇਰੀ ਫਿਕਰ ਨਾ ਕਰਿਉ। ਫਿਕਰ ਕਰਨ ਨਾਲ ਕੁਝ ਨਹੀਂ ਹੋਣਾ। ਫਿਕਰ ਤੋਂ ਬਚਣ ਦਾ ਇੱਕ ਤਰੀਕਾ ਇਹ ਹੈ ਕਿ ਮੇਰੇ 'ਕੱਲੇ ਬਾਰੇ ਸੋਚਣ ਦੀ ਥਾਂ ਉਹਨਾਂ ਸਾਰੇ ਗਰੀਬ ਲੋਕਾਂ ਬਾਰੇ ਸੋਚੋ ਜਿੰਨ੍ਹਾਂ ਨੇ ਆਦਮੀਆਂ ਵਾਂਗ ਜਿਉਣ ਦੇ ਹੱਕ ਲਈ ਹਥਿਆਰ ਚੁੱਕ ਲਏ ਹਨ ਤੇ ਉਹਨਾਂ ਬਹਾਦਰ ਨੌਜਵਾਨਾਂ ਬਾਰੇ ਜਿੰਨ੍ਹਾਂ ਨੇ ਇਹਨਾਂ ਲੋਕਾਂ ਦੀ ਹੋਣੀ ਨਾਲ ਆਪਣੇ ਆਪ ਨੂੰ ਜੋੜ ਲਿਆ ਹੈ ਤੇ ਸੰਘਰਸ਼ ਦੇ ਰਾਹ 'ਤੇ ਅੱਗੇ ਵਧ ਰਹੇ ਹਨ। ਜੇਕਰ ਤੁਸੀਂ ਮੈਨੂੰ ਉਹਨਾਂ 'ਚੋਂ ਇੱਕ ਸਮਝੋ ਤਾਂ ਤੁਹਾਨੂੰ ਲੱਗੇਗਾ ਕਿ ਸਭ ਮੁਸ਼ਕਿਲਾਂ ਹੱਲ ਹੋ ਗਈਆਂ ਹਨ।
ਜਦੋਜਹਿਦ ਸ਼ੁਰੂ ਹੋ ਚੁੱਕੀ ਹੈ। ਕਾਲੇ ਯੁੱਗ ਦੇ ਅੰਤ ਕਰਨ ਦਾ ਸੁਆਗਤ ਕਰਨ ਵਾਲੀ ਲੜਾਈ ਸ਼ੁਰੂ ਹੋ ਚੁੱਕੀ ਹੈ। ਹਰ ਇਕ ਦੇਸ਼ 'ਚ ਸੁੱਤੀ ਤੇ ਲੁੱਟੀ ਜਾ ਰਹੀ ਜਨਤਾ ਜਾਗ ਰਹੀ ਹੈ। ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਜਾਗ ਰਹੇ ਹਨ। ਕਾਲੇ ਤੇ ਡਰਪੋਕ ਸਮਝੇ ਜਾਂਦੇ ਉਹ ਲੋਕ ਜਿਹੜੇ ਮਿਹਨਤ ਦਰ ਮਿਹਨਤ ਕਰਦੇ ਰਹੇ ਤੇ ਕਦੇ ਵੀ ਮਨੁੱਖਾਂ ਵਾਂਗ ਸਵੀਕਾਰੇ ਨਹੀਂ ਗਏ; ਹੁਣ ਨਵਾਂ ਸੰਸਾਰ ਬਣਾਉਣ ਦੀਆਂ ਕਸਮਾਂ ਖਾ ਰਹੇ ਹਨ ਤੇ ਤਣੇ ਹੋਏ ਮੁੱਕੇ ਲਹਿਰਾ ਰਹੇ ਹਨ। ਸ੍ਰੀਕਾਕੂਲਮ ਜੂਝ ਰਿਹਾ ਹੈ। ਗੋਪੀਬਾਲਾਵਪੁਰ-ਤਾਰਾਗਾਡਾ ਜੂਝ ਰਿਹਾ ਹੈ। ਨਕਸਲਬਾੜੀ ਦੀ ਇੱਕ ਚੰਗਿਆੜੀ ਨੇ ਪੂਰੇ ਭਾਰਤ 'ਚ ਅੱਗ ਦੇ ਭਾਂਬੜ ਬਾਲ ਦਿੱਤੇ ਹਨ। ਜਿੰਨ੍ਹਾਂ ਨੇ ਗਰੀਬਾਂ ਦੀ ਲੁੱਟ ਤੇ ਲਹੂ ਨਾਲ ਆਪਣੇ ਮਹਿਲ ਉਸਾਰੇ ਹਨ ਉਹ ਸਾਰੇ ਅਮੀਰ ਇਸ ਅੱਗ 'ਚ ਸੜ ਜਾਣਗੇ। ਪਹੀਆ ਘੁੰਮ ਰਿਹਾ ਹੈ। ਇਹ ਹੋਰ ਘੁੰਮੇਗਾ। ਸੰਸਾਰ ਬਦਲ ਰਿਹਾ ਹੈ, ਇਹ ਹੋਰ ਬਦਲੇਗਾ। ਸੰਸਾਰ ਨੂੰ ਬਦਲਣ ਲਈ ਜੂਝ ਰਿਹਾਂ 'ਚੋਂ ਮੈਂ ਇੱਕ ਹਾਂ ਤੇ ਇਹ ਮਾਣ ਕਰਨ ਯੋਗ ਹੈ। ਮੈਂ ਅੱਜ ਜਿਉਂਦਾ  ਹਾਂ ਤੇ ਤੁਸੀਂ ਆਸ ਕਰੋ ਕਿ ਮੈਂ ਆਉਂਦੇ ਦਿਨਾਂ 'ਚ ਵੀ ਹੋਵਾਂਗਾ।
ਚਿੱਠੀ ਲਿਖਣਾ ਇਕ ਬਹੁਤ ਮੁਸ਼ਕਿਲ ਕੰਮ ਹੈ। ਉਦਾਸ ਨਾ ਹੋਵੇ ਤੇ ਨਾ ਹੀ ਗੁੱਸੇ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੇਗੇ-
ਤੁਹਾਡਾ ਸੁਦੇਬ, 15 ਅਗਸਤ 1970

(06) ਨਕਸਲਬਾੜੀ ਲਹਿਰ : ਜ਼ਿੰਦਗੀ ਮੌਤ ਦੇ ਨਵੇਂ ਅਰਥ ਉਘਾੜਦੀ ਸ਼ਹਾਦਤਾਂ ਦੀ ਲੋਅ

 




47 ਵਰ੍ਹੇ ਪਹਿਲਾਂ 25 ਮਈ 1967 ਨੂੰ ਨਕਸਲਬਾੜੀ ਬਗਾਵਤ ਦੀ ਗੂੰਜ ਉੱਚੀ ਹੋਈ। ਪਹਿਲੇ ਹੀ ਦਿਨ ਤੋਂ ਇਹ ਬਗਾਵਤ ਸ਼ਹਾਦਤਾਂ ਦੀ ਗੁੜ੍ਹਤੀ ਲੈ ਕੇ ਜੰਮੀ। ਪੁਲਸ ਦੀ ਅੰਨ੍ਹੀ ਫਾਇਰਿੰਗ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਦਸ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਇਸ ਦਿਨ ਸ਼ਹਾਦਤ ਪਾਈ। ਇਸੇ ਦਿਨ ਦਾ ਗਿਆਰਵਾਂ ਸ਼ਹੀਦ ਦਰੋਗਾ ਸੁਨਮ ਵਾਂਗਦੀ ਸੀ। ਉਹ ਦੋ ਦਿਨ ਪਹਿਲਾਂ ਪੁਲਸ ਨਾਲ ਜਨਤਕ ਝੜੱਪ ਦੌਰਾਨ ਜ਼ਖਮੀ ਹੋਇਆ ਸੀ ਅਤੇ ਹਸਪਤਾਲ ਵਿੱਚ ਸ਼ਹੀਦ ਹੋ ਗਿਆ।
ਨਕਸਲਬਾੜੀ ਦੀ ਵਿਚਾਰਧਾਰਾ ਸਾਡੀ ਪ੍ਰੇਰਨਾ ਹੈ। ਸ਼ਹਾਦਤਾਂ ਦੀ ਲੰਮੀ ਲੜੀ ਇਸ ਵਿਚਾਰਧਾਰਾ ਦਾ ਹੀ ਇੱਕ ਵਿਸ਼ੇਸ਼ ਅਕਸ ਹੈ। ਉਸ ਜਿਓਣ-ਜਾਚ ਦਾ ਨਮੂਨਾ ਜਿਸਦੀ ਜਾਗ ਇਸ ਵਿਚਾਰਧਾਰਾ ਨੇ ਅਨੇਕਾਂ ਜੁਝਾਰਾਂ ਨੂੰ ਲਾਈ। ਕਿੰਨੇ ਹੀ ਸ਼ਹੀਦ ਸ਼ਹਾਦਤ ਤੋਂ ਪਹਿਲਾਂ ਕਸਾਈ ਦੁਸ਼ਮਣ ਦੇ ਅੰਨ੍ਹੇ ਤਸ਼ਦਦ ਦੇ ਦੌਰਾਂ ਚੋਂ ਗੁਜ਼ਰੇ। ਉੱਚੇ ਮਨੋਬਲ, ਸਿਦਕ ਅਤੇ ਨਿਹਚਾ ਦੀ ਲਟ-ਲਟ ਬਲਦੀ ਮਸ਼ਾਲ ਬਣਕੇ ਉਨ੍ਹਾ ਨੇ ਮੌਤ ਨੂੰ ਗਲਵੱਕੜੀ ਪਾਈ।
25 ਮਈ ਨਕਸਲਬਾੜੀ ਬਗਾਵਤ ਦੀ ਪੰਜਾਹਵੀਂ ਵਰੇਗੰਢ ਦਾ ਦਿਹਾੜਾ ਹੈ। ਇਹ ਨਕਸਲਬਾੜੀ ਲਹਿਰ ਦੇ ਨਾਂ ਨਾਲ ਜਾਣੀ ਜਾਂਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਵਿਚਾਰਧਾਰਾ ਅਤੇ ਸਿਆਸਤ ਦੀ ਜੈ ਜੈ ਕਾਰ ਦਾ ਦਿਨ ਹੈ। ਨਾਲ ਹੀ ਇਹ ਉਨ੍ਹਾ ਸਭਨਾਂ ਸ਼ਹੀਦਾਂ ਦੀ ਕਰਨੀ ਨੂੰ ਸਿਜਦਾ ਕਰਨ ਅਤੇ ਉਚਿਆਉਣ ਦਾ ਦਿਨ ਹੈ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲੋਕ ਮੁਕਤੀ ਦੇ ਮਹਾਨ ਆਦਰਸ਼ ਲਈ ਵਾਰ ਦਿੱਤੀਆਂ। ਲਹਿਰ ਦੇ ਵਾਰਸਾਂ ਦੇ ਨੈਣਾਂ ਦੀ ਲਸ਼ਕੋਰ ਬਣੀ ਇਸ ਲੰਮੀ ਲੜੀ'ਚ ਉਹ ਸੱਭੇ ਜੁਝਾਰ ਆਗੂ ਅਤੇ ਕਾਰਕੁਨ ਵੀ ਸ਼ਾਮਲ ਹਨ, ਜੋ ਦੁਸ਼ਮਣ ਹੱਥੋਂ ਕਤਲ ਤਾਂ ਨਹੀਂ ਹੋਏ, ਪਰ ਜ਼ਿੰਦਗੀ ਭਰ ਸਿਰ ਤਲ਼ੀ 'ਤੇ ਧਰ ਕੇ ਜੂਝਦਿਆਂ ਸੰਗਰਾਮੀ ਕਾਫਲੇ ਚੋਂ ਵਿਦਾ ਹੋਏ।
ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਰਕੁਨਾਂ ਅਤੇ ਸ਼ਹੀਦਾਂ ਦਾ ਜਿਉਣ-ਮਰਨ ਲਹਿਰ ਦੇ ਕਰੂਰੇ ਦੀ ਹੀ ਝਲਕ ਹੁੰਦਾ ਹੈ। ਸ਼ਹੀਦਾਂ ਦੀ ਯਾਦ ਮਨਾਉਣ ਦਾ ਮਹੱਤਵ ਇਸੇ ਗੱਲ ਕਰਕੇ ਹੈ। ਸ਼ਹੀਦੀ ਦਿਹਾੜੇ ਲਹਿਰ ਦੇ ਆਦਰਸ਼ਾਂ ਅਤੇ ਗੁਣਾਂ ਦੀ ਤਸਵੀਰ ਨੂੰ ਉਭਾਰਨ ਦਾ ਸਾਧਨ ਬਣਦੇ ਹਨ। ਸ਼ਹੀਦਾਂ ਦੀ ਜੀਵਨ ਗਾਥਾ ਅਤੇ ਕਰਨੀ ਇਨ੍ਹਾਂ ਆਦਰਸ਼ਾਂ ਅਤੇ ਗੁਣਾਂ ਨੂੰ ਹੀ ਸਾਕਾਰ ਕਰਦੀ ਹੈ। ਇਸ ਕਰਕੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਘਾਲਣਾ ਨੂੰ ਬੁਲੰਦ ਕਰਨ ਦੀ ਸਰਗਰਮੀ ਇਸ ਲਹਿਰ ਦੀ ਜਿਉਂਦੀ ਜਾਗਦੀ ਪ੍ਰੇਰਨਾ ਨੂੰ ਡੂੰਘੀ ਕਰਨ ਦੀ ਸਰਗਰਮੀ ਹੈ।
ਇਹ ਸ਼ਹੀਦ ਮਹਾਨ ਹਨ, ਕਿਉਂਕਿ ਉਨ੍ਹਾਂ ਦਾ ਜੀਵਨ
ਦੁਨੀਆ ਦੇ ਸਭ ਤੋਂ ਮਹਾਨ ਆਦਰਸ਼ ਦੇ ਲੇਖੇ ਲੱਗਿਆ। ਇਹ ਆਦਰਸ਼ ਸਮੁੱਚੀ ਮਨੁੱਖਤਾ ਨੂੰ ਲੁੱਟ, ਦਾਬੇ ਅਤੇ ਵਿਤਕਰਿਆਂ ਤੋਂ ਮੁਕਤ ਕਰਾਉਣ ਦਾ ਆਦਰਸ਼ ਹੈ। ਉਹ ਮਹਾਨ ਹਨ ਕਿਉਂਕਿ ਉਹ ਇਸ ਆਦਰਸ਼ ਦੇ ਸਭ ਤੋਂ ਮਹਾਨ ਹੋਣ ਦੇ ਅਥਾਹ ਭਰੋਸੇ ਨਾਲ ਜੂਝੇ। ਉਹ ਮਹਾਨ ਹਨ ਕਿਉਂਕਿ ਉਨ੍ਹਾਂ ਨੂੰ ਪੱਕਾ ਭਰੋਸਾ ਸੀ ਕਿ ਇੱਕ ਨਵਾਂ ਸਮਾਜ ਹਰ ਹਾਲ ਸਿਰਜਿਆ ਜਾਵੇਗਾ. ਕੋਈ ਤਾਕਤ ਇਸਦੀ ਅੱਟਲਤਾ ਨੂੰ ਰੋਕ ਨਹੀਂ ਸਕਦੀ। ਉਹ ਮਹਾਨ ਸਨ; ਕਿਉਂਕਿ ਉਹ ਸਮਾਜ ਦੀ ਸਭ ਤੋਂ ਹੋਣਹਾਰ ਜਮਾਤ, ਮਜਦੂਰ ਜਮਾਤ ਦੇ ਹਿੱਤਾਂ ਦੀ ਤਰਜਮਾਨੀ ਕਰਦੇ ਸਨ। ਮਨੁੱਖਤਾ ਦੇ ਭਵਿੱਖ ਦੀ ਰਥਵਾਨ ਇਸ ਜਮਾਤ ਨਾਲ ਉਹਨਾਂ ਨੇ ਆਪਣੀ ਹੋਣੀ ਨੂੰ ਇੱਕਮਿਕ ਕਰ ਲਿਆ ਸੀ। ਉੇਹ ਮਹਾਨ ਸਨ ਕਿਉਂਕਿ ਉਹ ਮਹਾਨ ਲੋਕਤਾ ਦੇ ਸਭ ਤੋਂ ਸੂਝਵਾਨ ਜਾਇਆਂ ਦੀ ਕਤਾਰ 'ਚ ਸ਼ਾਮਲ ਸਨ।
ਆਪਣੇ ਮਕਸਦ ਦੇ ਜਾਇਜ਼-ਉੱਤਮ ਹੋਣ ਦੀ ਨਿਹਚਾ ਇਹਨਾਂ ਸੰਗਰਾਮੀਆਂ ਦੀਆਂ ਰਗਾਂ 'ਚ ਵਸਦੀ ਸੀ।ਇਹ ਨਿਹਚਾ ਹੀ ਅਕਹਿ ਤਸ਼ੱਦਦ ਨੂੰ ਆਪਣੇ ਪਿੰਡੇ 'ਤੇ ਹੰਢਾਉਣ ਦੀ ਤਾਕਤ ਬਖਸ਼ਦੀ ਸੀ। ਇਹ ਨਿਹਚਾ ਹੀ ਸਖਤ ਜਾਨ-ਹੂਲਵੇਂ ਇਮਤਿਹਾਨਾਂ ਸਾਹਮਣੇ ਆਦਰਸ਼ ਨਾਲ ਵਫਾਦਾਰੀ ਦੀ ਜਾਮਨ ਬਣਦੀ ਸੀ।ਪੰਜਾਬੀ ਕਵਿਤਾ ਨੇ ਨਕਸਲਬਾੜੀ ਲਹਿਰ ਦੇ ਚਣੌਤੀ ਭਰੇ ਦੌਰਾਂ ਦੇ ਅਨੁਭਵ ਨੂੰ ਆਪਣੇ ਬੋਲਾਂ 'ਚ ਸਾਂਭਿਆ ਹੈ। ਇਹ ਬੋਲ ਦੱਸਦੇ ਹਨ ਕਿ ਪੰਜਾਬ ਦੀ ਧਰਤੀ ਤੇ ਕਿਵੇਂ, “ਦੇਗਾਂ, ਤਵੀਆਂ, ਆਰਿਆਂ ਦਾ ਇਤਿਹਾਸ ਦੁਹਰਾਇਆ ਗਿਆ।'' ਇਹ ਬੋਲ ਦੱਸਦੇ ਹਨ ਕਿ ਕਿਵੇਂ ਨਿਹਚਾ ਪਰਖ ਦੀ ਕਸਵੱਟੀ 'ਤੇ ਲੱਗੀ:
“ਦੋਸਤੀ ਦੇ ਪੰਧ 'ਤੇ ਕਿੰਨਾ ਚੱਲਣਗੇ ਪੈਰ ਹੋਰ,
ਏਸ ਗੱਲ ਦਾ ਫੈਸਲਾ ਆਉਂਦੇ ਪਲਾਂ ਦੀ ਗੱਲ ਹੈ
ਵਫਾ ਦੇ ਇਤਿਹਾਸ ਦਾ ਲਿਖਣਾ ਕਿ ਨਹੀਂ ਵਰਕਾ ਨਕੋਰ,
ਏਸ ਗੱਲ ਦਾ ਫੈਸਲਾ ਤਾਂ ਹਿੰਮਤਾਂ ਦੀ ਗੱਲ  ਹੈ''
ਪੰਜਾਬੀ ਕਵਿਤਾ ਦੱਸਦੀ ਹੈ ਕਿ ਕਿਵੇਂ ਨਕਸਲਬਾੜੀ ਲਹਿਰ ਨੇ ਆਪਣੇ ਜੁਝਾਰ ਸਿਪਾਹੀਆਂ ਨੂੰ ਜਿੰਦਗੀ ਅਤੇ ਮੌਤ ਦੇ ਨਵੇਂ ਅਰਥਾਂ ਦੇ ਰੰਗ 'ਚ ਰੰਗਿਆ:
“ਕੱਖੋਂ ਹੌਲ਼ੀ ਮੌਤ ਕੌਣ ਕਬੂਲਦੈ,
ਹਾਲਾਤ ਜਦੋਂ ਸੂਝ-ਦੀਵੇ ਬਾਲਦੇ''।
ਨਕਸਲਬਾੜੀ ਬਗਾਵਤ ਦੀ 50 ਵੀਂ ਵਰੇਗੰਢ 'ਤੇ ਇਸ ਦੇ ਸ਼ਹੀਦਾਂ ਦੀ ਮਹਾਨ ਕਰਨੀ ਨੂੰ ਉਭਾਰਨਾ ਲਹਿਰ ਦੇ ਵਿਰਸੇ ਨੂੰ ਉਚਿਆਉਣ ਅਤੇ ਪ੍ਰੇਰਣਾ ਦਾ ਸਰੋਤ ਬਣਾਉਣ ਦੇ ਹੰਭਲੇ ਦਾ ਅਹਿਮ ਅੰਗ ਬਣਦਾ ਹੈ। ਆਉ ਰਲਕੇ ਇਹ ਹੰਭਲਾ ਜੁਟਾਈਏ।
  ***

(07) ਨਕਸਲਬਾੜੀ ਲਹਿਰ ਦੇ ਸ਼ਹੀਦ ਬਨਾਮ ਮੌਕਾਪ੍ਰਸਤ ਸਿਆਸੀ ਪਾਰਟੀਆਂ: ਇਤਿਹਾਸ ਜਵਾਬ ਮੰਗਦਾ ਹੈ

ਇਹ ਗੱਲ ਹੁਣ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਮਹਾਨ ਨਕਸਲਬਾੜੀ ਲਹਿਰ, ਗਰੀਬ ਤੇ ਮਿਹਨਤਕਸ਼ ਲੋਕਾਂ ਦੀ ਮੁਕਤੀ-ਲਹਿਰ ਸੀ। ਇਹ ਲਹਿਰ ਦੂਜੇ ਪਾਸੇ ਸਾਮਰਾਜੀ ਜਗੀਰੂ ਤਾਕਤਾਂ ਅਤੇ ਇਸ ਦੀ ਰਾਜ ਸ਼ਕਤੀ ਦਾ ਮਲੀਆਮੇਟ ਕਰਨ  ਦੀ ਲਹਿਰ ਸੀ।
ਇਹੀ ਵਜ੍ਹਾ ਹੈ ਕਿ ਵੰਨ-ਸੁਵੰਨੀਆਂ ਲੋਕ-ਧਰੋਹੀ ਸਰਕਾਰਾਂ, ਵਿਰੋਧੀ ਵੋਟ-ਵਟੋਰੂ ਪਾਰਟੀਆਂ ਇਸ ਲਹਿਰ ਦਾ ਬੀਅ ਨਾਸ ਕਰਨ ਲਈ ਅੱਡੀ-ਚੋਟੀ ਦਾ ਜੋਰ ਲਾ ਰਹੀਆਂ ਸਨ। ਦਰਅਸਲ ਇਹਨਾਂ ਪਾਰਟੀਆਂ ਦਾ ਨਕਸਲਬਾੜੀ ਲਹਿਰ ਨਾਲ ਦੁਸ਼ਮਣਾਨਾ ਰਿਸ਼ਤਾ, ਇਹਨਾਂ ਦੇ ਲੋਕਾਂ ਨਾਲ ਅਤੇ ਹਾਕਮ ਜਮਾਤਾਂ ਨਾਲ ਰਿਸ਼ਤੇ ਨੂੰ ਹੀ ਨਸ਼ਰ ਕਰਦਾ ਹੈ। ਸਾਫ ਹੈ ਕਿ ਇਹ ਪਾਰਟੀਆਂ ਚਾਹੇ ਸਰਕਾਰੀ ਹੋਣ ਜਾਂ ਵਿਰੋਧੀ, ਮਿਹਨਤਕਸ਼ ਲੋਕਾਂ ਦੀਆਂ ਜੱਦੀ ਦੁਸ਼ਮਣ ਹਨ ਅਤੇ ਸਾਮਰਾਜੀ ਜਗੀਰੂ ਤਾਕਤਾਂ ਦੀਆਂ ਮਿੱਤਰ ਹਨ।
ਸਮੇ ਸਮੇ ਇਹ ਤਾਕਤਾਂ ਪੂਰੀ ਬੇਸ਼ਰਮੀ ਨਾਲ ਅਜਿਹੇ ਗੋਲੇ ਦਾਗਦੀਆਂ ਰਹਿੰਦੀਆਂ ਹਨ ਜਿਸ ਤੋਂ ਧੁੰਦਲੀ ਯਾਦਾਸ਼ਤ ਵਾਲਾ ਬੰਦਾ ਭੁਲੇਖਾ ਖਾ ਸਕਦਾ ਹੈ ਕਿ ਇਹ ਤਾਂ ਸਰਕਾਰੀ ਅਤਿਆਚਾਰ ਦਾ ਵਿਰੋਧ ਤੇ ਜਮਹੂਰੀ ਹੱਕਾਂ ਲਈ ਆਵਾਜ ਬੁਲੰਦ ਕਰਨ 'ਚ ਕਿਸੇ ਤੋਂ ਪਿੱਛੇ ਨਹੀਂ, ਸਗੋਂ ਕਈ ਕਦਮ ਮੂਹਰੇ ਹੀ ਹਨ। ਆਓ ਆਪਾਂ ਇਹਨਾਂ ਦੇ ਜਮਹੂਰੀ ਅਤੇ ਜੁਲਮ ਖਿਲਾਫ ਜੂਝਣ ਦੇ ਦਮਗਜਿਆਂ ਦੀ ਫੂਕ ਕੱਢਣ ਲਈ ਦੋ-ਢਾਈ ਦਹਾਕੇ ਪਿਛਲੇ ਅਖਬਾਰਾਂ ਦੇ ਪੰਨਿਆਂ 'ਤੇ ਝਾਤ ਮਾਰੀਏ-
-ਪੰਜਾਬ ਸਰਕਾਰ ਮੌਜੂਦਾ ਹਾਲਾਤ ਤੋਂ ਅੱਖਾਂ ਬੰਦ ਨਹੀਂ ਕਰ ਸਕਦੀ ਤੇ ਨਕਸਲੀਆਂ ਨਾਲ ਕਰੜੇ ਹੱਥੀਂ ਨਿੱਬੜਿਆ ਜਾਵੇਗਾ। ਟਰਾਂਸਪੋਰਟ ਦੇ ਰਾਜ ਮੰਤਰੀ ਸ. ਜਗਦੇਵ ਸਿੰਘ (ਤਲਵੰਡੀ) ਨੇ ਕੌਮੀ ਝੰਡਾ ਲਹਿਰਾਉਣ ਸਮੇਂ ਕਹੀ ਆਪਣੀ ਤਕਰੀਰ 'ਚ ਕਿਹਾ ਕਿ ਨਕਸਲੀਆਂ ਨੂੰ ਕੁਚਲ ਦਿੱਤਾ ਜਾਵੇਗਾ। (ਅਜੀਤ 13 ਅਗਸਤ, 1970)
—ਪੰਜਾਬ ਮੰਤਰੀ ਮੰਡਲ ਨੇ ਦੋ ਘੰਟਿਆਂ ਦੀ ਹੰਗਾਮੀ ਮੀਟਿੰਗ ਤੋਂ ਪਿੱਛੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਕਸਲਬਾੜੀਆਂ ਦੀ ਸਮੱਸਿਆ ਨਾਲ ਨਿੱਬੜਨ ਲਈ ਪੂਰੇ ਅਧਿਕਾਰ ਦੇ ਦਿੱਤੇ ਹਨ। ਮੰਤਰੀ ਮੰਡਲ ਨੇ ਸ.ਬਾਦਲ ਨੂੰ ਇਹ ਅਖਤਿਆਰ ਦਿੱਤੇ ਹਨ ਕਿ ਇਹ ਜਿਵੇਂ ਚਾਹੁਣ, ਇਹਨਾਂ ਨਾਲ ਨਜਿੱਠਣ। (ਅਜੀਤ 13 ਅਗਸਤ , 1970)
ਅਸੀਂ ਸੰਖੇਪ ਲਿਖਤ ਕਾਰਨ ਬਰਨਾਲੇ-ਟੌਹੜੇ ਜਿਹੇ ਹੋਰ ਲੀਡਰਾਂ ਦੇ ਅਨੇਕਾਂ ਬਿਆਨ ਇੱਥੇ ਨਹੀਂ ਦੇ ਰਹੇ ਪਰ ਇਹ ਪੂਰੀ ਤਰ੍ਹਾਂ ਸਾਫ ਹੈ ਕਿ ਨਕਸਲਬਾੜੀ ਲਹਿਰ ਨੂੰ ਕੁਚਲਣ ਦਬਾਉਣ 'ਚ ਇਹਨਾਂ ਲੀਡਰਾਂ ਦੇ ਹੱਥ ਕੋਈ ਘੱਟ ਖੂਨ ਨਾਲ ਨਹੀਂ ਰੰਗੇ ਹੋਏ। ਜਿੱਥੋਂ ਤੱਕ ਸਿਮਰਨਜੀਤ ਸਿੰਘ ਮਾਨ ਦਾ ਸਬੰਧ ਹੈ ਉਸ ਨੇ ਤਾਂ ਆਪਣੀ ਪੁਲਸ ਅਫਸਰੀ ਦੌਰਾਨ ਏਸ ਲਹਿਰ ਦਾ ਬੀਅ-ਨਾਸ ਕਰਨ ਲਈ ਪੁਲਸ ਜਬਰ ਦੀ ਹਨੇਰੀ ਝੁਲਾ ਦਿੱਤੀ ਸੀ।
ਕੀ ਹੋਰਨਾਂ ਵੋਟ-ਵਟੋਰੂ ਪਾਰਟੀਆਂ ਦਾ ਰੋਲ ਉਸ ਸਮੇਂ ਅਕਾਲੀਆਂ ਨਾਲੋਂ ਵੱਖਰਾ  ਸੀ? ਜਰਾ ਵੀ ਨਹੀਂ। ਉਹ ਨਕਸਲਬਾੜੀ ਲਹਿਰ ਦੇ ਗਲਗੂਠਾ ਦੇਣ ਲਈ ਸਰਕਾਰ ਤੇ ਦਬਾਅ ਪਾ ਰਹੀਆਂ ਸਨ। ਜੇ ਯਾਦ ਨਹੀਂ ਤਾਂ ਆਓ ਅਖਬਾਰਾਂ ਦੇ ਪੁਰਾਣੇ ਪੰਨੇ ਫਿਰ ਪਲਟੀਏ।
—ਪੰਜਾਬ ਜਨ-ਸੰਘ (ਹੁਣ ਭਾਜਪਾ) ਦੇ ਉਪ ਪ੍ਰਧਾਨ ਸੱਭਰਵਾਲ ਨੇ ਨਕਸਲੀਆਂ ਬਾਰੇ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ,''ਮੇਰੇ ਖਿਆਲ 'ਚ ਨਕਸਲੀਆਂ ਨੂੰ ਖਤਮ ਕਰਨ ਦਾ ਤਰੀਕਾ 'ਜੈਸੇ ਕੋ ਤੈਸਾ' ਦੀ ਨੀਤੀ 'ਤੇ ਚੱਲਣ ਦਾ ਹੈ ਅਤੇ ਜੋ ਦੂਜਿਆਂ ਨੂੰ ਮਾਰਦੇ ਹਨ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ।'' (ਟ੍ਰਿਬਿਊਨ 4 ਜੂਨ, 1971)
—ਜਨ-ਸੰਘ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਅੱਜ ਰੋਪੜ ਵਿਖੇ ਆਲ ਪਾਰਟੀ ਜਲਸਾ ਹੋਇਆ ਜਿਸ ਵਿਚ ਜਨ-ਸੰਘ, ਅਕਾਲੀ ਪਾਰਟੀ ਅਤੇ ਸੋਸ਼ਲਿਸਟ ਪਾਰਟੀ ਦੇ ਆਗੂਆਂ ਨੇ ਆਪਣੇ ਭਾਸ਼ਣਾਂ ਵਿਚ ਸਰਕਾਰ ਤੋਂ ਨਕਸਲਬਾੜੀਆਂ ਨੂੰ ਕੁਚਲ ਦੇਣ ਦੀ ਮੰਗ ਕੀਤੀ। ( ਅਜੀਤ 11 ਅਪ੍ਰੈਲ 1970)
—ਪੰਜਾਬ ਦੀਆਂ ਚਾਰ ਰਾਜਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਅੱਜ ਇੱਥੇ ਹੋਈ ਇੱਕ ਸਾਂਝੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਨਕਸਲਬਾੜੀਆਂ ਦੀਆਂ ਸਰਗਰਮੀਆਂ ਕਾਰਨ ਦੇਸ ਨੂੰ ਦਰਪੇਸ਼ ਖਤਰੇ ਨੂੰ ਮੁੱਖ ਰੱਖ ਕੇ ਸਾਂਝੀ ਕਾਰਵਾਈ ਕੀਤੀ ਜਾਵੇ। ਇਸ ਸਾਂਝੀ ਮੀਟਿੰੰਗ 'ਚ ਮਤਾ ਪਾਸ ਕਰਕੇ ਰਾਜ ਅਤੇ ਕੇਂਦਰੀ ਸਰਕਾਰਾਂ ਵੱਲੋਂ ਨਕਸਲਬਾੜੀਆਂ ਪ੍ਰਤੀ ਵਰਤੀ ਜਾਣ ਵਾਲੀ ਕਥਿਤ ਅਣਗਹਿਲੀ ਦੀ ਨੀਤੀ ਦੀ ਨਿਖੇਧੀ ਕੀਤੀ ਗਈ। ਇਹ ਮੀਟਿੰਗ ਪ੍ਰਦੇਸ ਜਨ-ਸੰਘ ਦੇ ਪ੍ਰਧਾਨ ਬਲਦੇਵ ਪ੍ਰਕਾਸ਼ ਨੇ ਇੱਥੇ ਸੱਦੀ ਸੀ। ਇਸ ਮੀਟਿੰਗ ਵਿਚ ਸਰਬ ਸ਼੍ਰੀ ਪੰਡਤ ਮੋਹਨ ਲਾਲ (ਸੰਗਠਨ ਕਾਂਗਰਸ), ਬਲਰਾਮ ਜੀ ਦਾਸ ਟੰਡਨ, ਮਨਮੋਹਨ ਕਾਲੀਆ, ਲਾਲ ਚੰਦ ਸੱਭਰਵਾਲ (ਸਾਰੇ ਜਨਸੰਘ), ਡਾ. ਜਗਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ) ਅਤੇ ਸ. ਗੋਬਿੰਦ ਸਿੰਘ ਸੁਤੰਤਰ ਪਾਰਟੀ ਨੇ ਭਾਗ ਲਿਆ। (ਅਜੀਤ 29 ਅਗਸਤ 1970)
—ਸ੍ਰੀ ਅਟਲ ਬਿਹਾਰੀ ਬਾਜਪਾਈ ਨੇ ਕਿਹਾ ਕਿ ਉਸਦੀ ਪਾਰਟੀ ਇਸ ਕਾਨੂੰਨ (ਯਾਨੀ ਨਜ਼ਰਬੰਦੀ ਕਾਨੂੰਨ) ਦੇ ਹੱਕ ਵਿਚ ਹੈ ਜੇ ਕਰ ਇਹ ਸਿਰਫ ਨਕਸਲੀਆਂ ਦੇ ਖਿਲਾਫ ਹੀ ਵਰਤਿਆ ਜਾਵੇ ਤਾਂ। (ਟਾਈਮਜ਼ ਆਫ ਇੰਡੀਆ 23 ਜੁਲਾਈ 1970)
ਪਰ ਪੰਜਾਬ ਦੇ ਨਕਲੀ ਖੱਬੇ-ਸੱਜੇ 'ਕਮਿਊਨਿਸਟ' ਆਖ ਸਕਦੇ ਹਨ ਕਿ ਅਸੀਂ ਤਾਂ ਨਕਸਲੀ ਕਾਰਕੁਨਾਂ 'ਤੇ ਵੀ ਹੁੰਦੇ ਜਬਰ ਦਾ ਵਿਰੋਧ ਕੀਤਾ ਹੈ। ਫੇਰ ਸਾਨੂੰ ਇੱਕੋ ਰੱਸੇ ਕਿਉਂ ਬੰਨ੍ਹਿਆ ਜਾ ਰਿਹਾ ਹੈ? ਇਹ ਸਹੀ ਹੈ ਕਿ ਸੀ. ਪੀ.ਆਈ. ਤੇ ਮਾਰਕਸੀ ਪਾਰਟੀ ਦੇ ਕਈ ਆਗੂਆਂ ਨੇ ਸਮੇਂ ਸਮੇਂ ਸਰਕਾਰ ਦੇ ਬਹੁਤ ਹੀ ਰੜਕਵੇਂ ਜਬਰ ਅਤੇ ਝੂਠੇ ਪੁਲਸ ਮੁਕਾਬਲਿਆਂ ਦਾ ਮਤਿਆਂ, ਬਿਆਨਾਂ ਅਤੇ ਵਫਦਾਂ ਰਾਹੀਂ ਵਿਰੋਧ ਕੀਤਾ ਹੈ। ਪਰ ਏਨੀ ਕੁ ਗੱਲ ਉਹਨਾਂ ਨੂੰ ਨਕਸਲਬਾੜੀ ਲਹਿਰ ਦੇ ਯੋਧਿਆਂ ਦੇ ਕਾਤਲਾਂ ਵਜੋਂ ਬਰੀ ਕਰਨ ਦਾ ਵਸੀਲਾ ਨਹੀਂ ਬਣਦੀ। ਪਹਿਲੀ, ਇਸ ਕਰਕੇ ਕਿ ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਬੰਗਾਲ ਅਤੇ ਕੇਰਲਾ ਵਿੱਚ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਜੁਲਮ ਦੇ ਸਭ ਰਿਕਾਰਡ ਤੋੜ ਦਿੱਤੇ। ਦੂਜੇ, ਪੰਜਾਬ 'ਚ ਵੀ ਇਹਨਾਂ ਪਾਰਟੀਆਂ ਦੇ ਆਗੂਆਂ ਨੇ ਬੜੀ ਬੇਸ਼ਰਮੀ ਨਾਲ ਨਕਸਲਬਾੜੀਆਂ ਨੂੰ ''ਸੀ.ਆਈ.ਏ. ਦੇ ਏਜੰਟ ਗਰਦਾਨ ਕੇ'' ਅਤੇ ''ਚੱਕਵੇਂ ਹੁੱਲੜਬਾਜ'' ਦੇ ਫਤਵੇ ਦੇ ਕੇ ਲਹਿਰ ਨੂੰ ਬਦਨਾਮ ਕਰਨ ਅਤੇ ਜਬਰ ਲਈ ਆਧਾਰ ਤਿਆਰ ਕਰਨ 'ਚ ਕੋਈ ਕਸਰ ਨਹੀਂ ਛੱਡੀ। ਇਹਨਾਂ ਪਾਰਟੀਆਂ ਦੇ ਚੋਟੀ ਦੇ ਆਗੂਆਂ ਦੇ ਬਿਆਨ, ਇਹਨਾਂ ਪਾਰਟੀਆਂ ਦੀ ਜਾਬਰ ਤੇ ਖੂੰਨੀ ਖਸਲਤ ਨੂੰ ਬੇਪਰਦ ਕਰਦੇ ਹਨ। ਆਓ ਦੇਖੋ.-
—ਨਕਸਲੀ ਹਿੰਸਾ ਨੂੰ ਦਬਾਉਣ ਲਈ ਸਿਆਸੀ ਅਤੇ ਪੁਲਸ ਕਾਰਵਾਈ ਦੋਵੇਂ ਲੋੜੀਂਦੀਆਂ ਹਨ।-ਮਾਰਕਸੀ ਆਗੂ ਨੰਬੂਦਰੀਪਾਦ। (ਟਾਈਮਜ਼ ਆਫ ਇੰਡੀਆ 10 ਅਗਸਤ 1970)
—(ਇਹ ਲੋਕ ਐਨੇ ਭੋਲੇ ਨਹੀਂ ਸਨ। ਅਤੇ ਉਹਨਾਂ ਨੂੰ ਪਤਾ ਸੀ ਕਿ ਉਹ ਕੀ ਕਰ ਰਹੇ ਸਨ। ਉਹਨਾਂ ਨਾਲ ਤਾਕਤ ਨਾਲ ਹੀ ਨਿਪਟਿਆ ਜਾਵੇਗਾ।—ਸੀ.ਪੀ.ਆਈ ਦੇ ਪ੍ਰਮੁੱਖ ਆਗੂ, ਕੇਰਲਾ ਦੇ ਮੁੱਖ ਮੰਤਰੀ ਅਛੂਤਾ ਮੈਨਨ ਦਾ 29 ਅਗਸਤ 76 ਨੂੰ ਸਦਨ 'ਚ ਦਿੱਤਾ ਬਿਆਨ।)
ਜਿੱਥੋਂ ਤੱਕ ਇੰਦਰਾ ਕਾਂਗਰਸ ਦਾ ਸਬੰਧ ਹੈ ਉਸ ਬਾਰੇ ਤਾਂ ਕਿਸੇ ਨੂੰ ਭੁਲੇਖਾ ਹੋ ਹੀ ਨਹੀਂ ਸਕਦਾ। ਇਸ ਪਾਰਟੀ ਦੇ ਹੇਠਲੇ ਉਤਲੇ ਸਾਰੇ ਆਗੂ ਨਕਸਲਬਾੜੀ ਲਹਿਰ ਦਾ ਬੀਅ-ਨਾਸ਼ ਕਰਨ ਲਈ ਸ਼ਰੇਆਮ ਤਿੰਘ ਤਿੰਘ ਕੇ ਬੋਲਦੇ ਰਹੇ ਸਨ। ਫੇਰ ਵੀ ਇੱਕ ਅੱਧੀ ਮਿਸਾਲ ਵੱਲ ਧਿਆਨ ਕਰੋ।
—ਗਰਮ ਦਲੀਏ ਕਾਂਗਰਸੀ ਸ੍ਰੀ ਮੋਹਨ ਧਾਰੀਆ ਨੇ ਮੰਗ ਕੀਤੀ ਹੈ ਕਿ ਨਕਸਲਬਾੜੀਆਂ ਨੂੰ ਕੁਚਲ ਕੇ ਰੱਖ ਦਿੱਤਾ ਜਾਵੇ। ਉਸ ਨੇ ਕਿਹਾ ਕਿ ਅਜਿਹੀ ਸੰਸਥਾ, ਜਿਸ ਦਾ ਭਾਰਤੀ ਭਾਰਤੀ ਸੰਵਿਧਾਨ ਤੇ ਲੋਕ ਰਾਜ ਵਿਚ ਵਿਸ਼ਵਾਸ਼ ਨਹੀਂ, ਲਈ ਭਾਰਤ 'ਚ ਕੋਈ ਥਾਂ ਨਹੀਂ ਹੋ ਸਕਦੀ। (ਅਜੀਤ 10 ਅਗਸਤ 1970)
—ਮੈਂ ਸਦਨ ਨੂੰ ਯਕੀਨ ਦੁਆਉਂਦੀ ਹਾਂ ਕਿ ਨਕਸਲੀਆਂ ਨਾਲ ਪੂਰੀ ਸਖਤੀ ਨਾਲ ਨਿਪਟਿਆ ਜਾਵੇਗਾ।—ਇੰਦਰਾ ਗਾਂਧੀ (ਟਾਈਮਜ਼ ਆਫ ਇੰਡੀਆ, 5 ਅਗਸਤ 1970 )
ਜੇਕਰ ਸਾਰੀਆਂ ਮੌਕਾਪ੍ਰਸਤ ਪਾਰਟੀਆਂ ਨਕਸਲੀਆਂ ਨੂੰ ਕੁਚਲ ਦੇਣ ਲਈ ਘਿਓ ਖਿਚੜੀ ਹੋਈਆਂ ਹੋਣ ਤਾਂ ਕੀ ਹੈਰਾਨੀ ਹੈ ਕਿ ਅਸ਼ਵਨੀ ਕੁਮਾਰ ਜਿਹਾ ਆਈ. ਜੀ. ਸੈਂਕੜੇ ਲੋਕਾਂ ਸਾਹਮਣੇ ਦੱਧਾਹੂਰ 'ਚ ਆਪਣੇ ਹੇਠਲੇ ਅਫਸਰਾਂ ਨੂੰ ਇਹ ਹੁਕਮ ਦੇ ਕੇ ਕਾਨੂੰਨ ਦੀਆਂ ਧਜੀਆਂ ਉਡਾਵੇ,''ਪਿੰਡ ਫੂਕ ਦਿਓ, ਫਸਲਾਂ ਤਬਾਹ ਕਰ ਦਿਓ, ਡੰਗਰ ਪਸ਼ੂ ਖੋਹਲ ਕੇ ਛੱਡ ਦਿਓ, ਅੱਧੀ ਦਰਜਨ ਵਿਅਕਤੀਆਂ ਨੂੰ ਗੋਲੀਆਂ ਨਾਲ ਉਡਾ ਦਿਓ-ਤਾਂ ਮੈਂ ਸਮਝਾਂਗਾ ਕਿ ਤਫਤੀਸ਼ ਠੀਕ ਹੋ ਰਹੀ ਹੈ।'' (1ਅਕਤੂਬਰ 1971, ਦੱਧਾਹੂਰ)
ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਮਿਟਾਇਆ ਨਹੀਂ ਜਾ ਸਕਦਾ। ਇਹਨਾਂ ਪੰਨਿਆਂ 'ਤੇ ਸ਼ਹੀਦਾਂ ਦਾ ਨਾਂ ਸਦਾ ਰੌਸ਼ਨ ਰਹੇਗਾ। ਇਹਨਾਂ ਦੇ ਕਾਤਲਾਂ ਤੇ ਕਾਤਲਾਂ ਦਾ ਪੱਖ ਪੂਰਨ ਵਾਲਿਆਂ ਦਾ ਨਾਂਅ ਕਾਲੇ ਅੱਖਰਾਂ ਵਿਚ ਦਰਜ ਰਹੇਗਾ। ਇਤਿਹਾਸ ਲੋਕ ਸੱਥਾਂ ਵਿਚ ਜਵਾਬ ਮੰਗਦਾ ਰਹੇਗਾ ਅਤੇ ਇਕ ਦਿਨ ਇਸ ਦਾ ਜਵਾਬ ਅਤੇ ਹਿਸਾਬ ਦੇਣਾ ਪਵੇਗਾ।
 ***

(08) ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਬਾਰੇ

ਮਹਾਨ ਨਕਸਲਬਾੜੀ ਬਗਾਵਤ ਨੂੰ 50 ਵਰ੍ਹੇ ਬੀਤ ਗਏ ਹਨ। ਇਹ ਬਗਾਵਤ ਕਮਿ. ਇਨਕਲਾਬੀਆਂ ਦੀ ਅਗਵਾਈ 'ਚ ਉੱਠੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਨਕਸਲਬਾੜੀ ਵਿਚਾਰਾਂ ਦੀ ਰੋਸ਼ਨੀ ਲੋਕ-ਘੋਲਾਂ ਦਾ ਰਾਹ ਰੁਸ਼ਨਾਉਂਦੀ ਆ ਰਹੀ ਹੈ। ਇਸ ਲੰਮੇ ਅਰਸੇ ਦੌਰਾਨ ਮੁਲਕ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇਸ਼ ਭਰ 'ਚ ਚਲਦੇ ਜਾਨ ਹੂਲਵੇਂ ਘੋਲਾਂ ਦੀ ਅਗਵਾਈ ਕਰਦੀ ਆ ਰਹੀ ਹੈ ਤੇ ਇਸ ਲਹਿਰ ਨੂੰ ਇਹਨਾਂ ਘੋਲਾਂ 'ਚ ਸਭ ਤੋਂ ਵਧ ਕੇ ਕੁਰਬਾਨੀਆਂ ਕਰਨ ਦਾ ਮਾਣ ਹਾਸਲ ਹੈ। ਅਜ ਜਦੋਂ ਅਸੀਂ ਪੰਜ ਦਹਾਕਿਆਂ ਬਾਅਦ ਉਸ ਸੂਹੀ ਗਰਜਣਾ ਦਾ ਜਸ਼ਨ ਮਨਾ ਰਹੇ ਹਾਂ ਤਾਂ ਮੁਲਕ ਦੇ ਕਿਰਤੀ ਲੋਕਾਂ ਦੇ ਸੰਗਰਾਮਾਂ ਦਾ ਜੋਰਦਾਰ ਭਖਾਅ ਬਣਿਆ ਹੋਇਆ ਹੈ। ਸਾਮਰਾਜੀ ਸੰਸਾਰੀਕਰਨ ਦੇ ਹੱਲੇ ਖਿਲਾਫ ਦੇਸ਼ ਦੇ ਕਿਰਤੀ ਲੋਕ ਥਾ ਥਾਂ 'ਤੇ ਜੂਝ ਰਹੇ ਹਨ ਤੇ ਹਰ ਤਬਕਾ ਇਹਨਾਂ ਨੀਤੀਆਂ ਖਿਲਾਫ ਵਰ੍ਹਿਆਂ ਤੋਂ ਮੈਦਾਨ ਵਿਚ ਹੈ। ਏਸੇ ਸੰਸਾਰੀਕਰਨ ਦੇ ਹਮਲੇ ਨਾਲ ਦੇਸ਼ ਦਾ ਜ਼ਰੱਈ ਸੰਕਟ ਹੋਰ ਡੂੰਘਾ ਹੋ ਰਿਹਾ ਹੈ ਤੇ ਕਿਸਾਨ ਜਨਸਮੂਹਾਂ ਦੇ ਰੋਹ ਨੂੰ ਅੱਡੀ ਲਾ ਰਿਹਾ ਹੈ। ਮੁਲਕ ਭਰ 'ਚ ਲੰਮੇ ਤੇ ਖਾੜਕੂ ਕਿਸਾਨ ਸੰਘਰਸ਼ ਫੁੱਟ ਰਹੇ ਹਨ। ਮੁਲਕ ਦੀ ਮਜ਼ਦੂਰ ਜਮਾਤ ਤੋਂ ਲੈ ਕੇ ਆਦਿਵਾਸੀ ਖਿਤਿਆਂ ਤੱਕ ਹਰ ਥਾਂ ਸੰਗਰਾਮਾਂ ਦੇ ਸਿਲਸਿਲੇ ਹਨ। ਭਾਰਤੀ ਰਾਜ ਵੱਲੋਂ ਦਬਾਈਆਂ ਕੌਮੀਅਤਾਂ ਦੇ ਹੱਕੀ ਸੰਗਰਾਮ ਕਹਿਰਾਂ ਦਾ ਜਬਰ ਹੰਢਾ ਕੇ ਵੀ, ਸਿਦਕ ਦਿਲੀ ਨਾਲ ਜਾਰੀ ਹਨ ਤੇ ਨਿੱਤ ਨਵੀਂ ਤਿੱਖ ਫੜ ਰਹੇ ਹਨ। ਵਿਸ਼ੇਸ਼ ਕਰਕੇ ਕਸ਼ਮੀਰੀ ਲੋਕਾਂ ਦੇ ਜਨਤਕ ਉਭਾਰਾਂ ਦੇ ਗੇੜ ਬਾਰ 2 ਉੱਠ ਰਹੇ ਹਨ। ਭਾਰਤੀ ਰਾਜ ਦੇ ਲੋਕਾਂ ਖਿਲਾਫ ਆਰਥਕ ਤੇ ਜਾਬਰ ਹਮਲੇ ਲਗਾਤਾਰ ਤੇਜ ਹੋ ਰਹੇ ਹਨ। ਉਹ ਇਹਨਾਂ ਸੰਘਰਸ਼ਾਂ ਨੂੰ ਫੌਜੀ ਤਾਕਤ ਦੇ ਜੋਰ ਕੁਚਲ ਦੇਣ 'ਤੇ ਉਤਾਰੂ ਹਨ। ਇਹਨਾਂ ਸੰਘਰਸ਼ਾਂ 'ਚ ਲੋਕਾਂ ਦੇ ਮੂਹਰੇ ਹੋ ਕੇ ਜੂਝ ਰਹੀਆਂ ਕਮਿ. ਇਨਕਲਾਬੀ ਸ਼ਕਤੀਆਂ ਲਈ ਚੁਣੌਤੀਆਂ ਵੱਡੀਆਂ ਹਨ। ਛੋਟੀ ਤੇ ਕਮਜੋਰ ਤਾਕਤ ਹੋਣ ਕਰਕੇ, ਇਹ ਚੁਣੌਤੀਆਂ ਤਾਂ ਵੱਡੀਆਂ ਹਨ ਹੀ ਪਰ ਇਹ ਛੋਟੀ ਤਾਕਤ ਵੀ ਵੱਖ ਵੱਖ ਫਾਂਕਾਂ 'ਚ ਵੰਡੀ ਹੋਣ ਕਰਕੇ ਇਸ ਜਾਬਰ ਹੱਲੇ ਦਾ ਟਾਕਰਾ ਕਰਨ ਪੱਖੋਂ ਬਹੁਤ ਨਿਗੂਣੀ ਤੇ ਕਮਜੋਰ ਹੈ। ਵੱਖ ਵੱਖ ਗਰੁੱਪਾਂ 'ਚ ਵੰਡੀ ਹੋਣ ਕਾਰਨ ਇਹ ਕਿਸੇ ਹੱਦ ਤੱਕ ਲੋਕਾਂ 'ਚ ਕਮਿ. ਇਨਕਲਾਬੀਆਂ  ਬਾਰੇ ਭਰੋਸੇਯੋਗਤਾ 'ਤੇ ਆਂਚ ਦਾ ਸਬੱਬ ਵੀ ਬਣਦੀ ਹੈ। ਇਹ ਪਾਟੋਧਾੜ ਵਾਲੀ ਹਾਲਤ ਲੋਕਾਂ 'ਚ ਤੇ ਲਹਿਰ ਦੀਆਂ ਸਫ਼ਾਂ 'ਚ ਘਚੋਲੇ  ਦਾ ਕਾਰਨ ਵੀ ਬਣ ਜਾਂਦੀ ਹੈ। ਸ਼ਕਤੀ ਪੱਖੋਂ ਛੋਟੀ ਹੋਣ ਕਰਕੇ ਤੇ ਉਪਰ ਜਿਕਰ ਆਏ ਕਾਰਨਾਂ ਕਰਕੇ ਵੀ, ਕਮਿ. ਇਨਕਲਾਬੀ ਲਹਿਰ ਲੋਕਾਂ ਲਈ ਖਿੱਚ-ਪਾਊ ਬਦਲ ਬਣਨ ਜੋਗੀ ਨਹੀਂ। ਅਜਿਹੀ ਹਾਲਤ 'ਚ ਹਾਕਮ ਜਮਾਤੀ ਜਾਬਰ ਹੱਲੇ ਦਾ ਟਾਕਰਾ ਕਰਨਾ ਤੇ ਹੋਰਨਾਂ ਵਡੇਰੇ ਕਾਰਜਾਂ ਨੂੰ ਮੁਖਤਿਬ ਹੋਣਾ ਇਕੱਲੀ ਕਹਿਰੀ ਕਮਿ. ਇਨਕਲਾਬੀ ਜਥੇਬੰਦੀ ਲਈ ਔਖਾ ਕਾਰਜ ਹੈ। ਇਹਨਾਂ ਵੱਡੀਆਂ ਚੁਣੌਤੀਆਂ ਦੇ ਟਾਕਰੇ ਲਈ ਕਮਿ. ਇਨ. ਸ਼ਕਤੀਆਂ ਦੀ ਏਕਤਾ ਅਣਸਰਦੀ ਜਰੂਰਤ ਹੈ। ਇਹ ਜਰੂਰਤ ਨਾ ਸਿਰਫ ਮੌਜੂਦਾ ਦੌਰ ਦੇ ਵਡੇਰੇ ਕਾਰਜਾਂ ਲਈ ਅਤੇ ਹਾਕਮ ਜਮਾਤੀ ਹਮਲੇ ਦੇ ਟਾਕਰੇ ਲਈ ਲਾਜ਼ਮੀ ਹੈ ਸਗੋਂ ਭਾਰਤੀ ਇਨਕਲਾਬ ਦੇ ਵਡੇਰੇ ਪ੍ਰਸੰਗ ਲਈ ਵੀ ਅਣਸਰਦੀ ਹੈ। ਮੁਲਕ ਭਰ 'ਚ ਚੱਲ ਰਹੇ ਅਣਲਿਫ ਤੇ ਸਿਦਕਵਾਨ ਸੰਘਰਸ਼ਾਂ ਦਾ ਭਵਿੱਖ ਕਮਿਊਨਿਸਟ ਇਨਕਲਾਬੀਆਂ ਕੋਲ ਹੈ ਕਿਉਂਕਿ ਉਹਨਾਂ ਨੇ ਹੀ ਇਹਨਾਂ ਸੰਗਰਾਮਾਂ ਨੂੰ ਨਵ-ਜਮਹੂਰੀ ਇਨਕਲਾਬ ਤੱਕ ਤੋੜ ਚੜ੍ਹਾਉਣ ਦੀ ਅਗਵਾਈ ਕਰਨੀ ਹੈ। ਚਾਹੇ ਹੁਣ ਵੀ ਕਮਿ. ਇਨਕਲਾਬੀ ਤਾਕਤਾਂ ਇਹਨਾਂ ਘੋਲਾਂ ਨੂੰ ਇਨਕਲਾਬੀ ਦਿਸ਼ਾ ਮਹੱਈਆ ਕਰਵਾ ਕੇ, ਹੋਰ ਉਚੇਰੇ ਪੱਧਰ 'ਤੇ ਲੈ ਕੇ ਜਾਣ ਲਈ ਯਤਨ ਜੁਟਾ ਰਹੀਆਂ ਹਨ ਪਰ ਇਹਨਾਂ ਯਤਨਾਂ 'ਤੇ ਲਹਿਰ ਦੀ ਆਪਸੀ ਖਿੰਡਾਅ ਦੀ ਹਾਲਤ ਨਾਂਹ-ਪੱਖੀ ਅਸਰ ਪਾ ਰਹੀ ਹੈ ਤੇ ਇਹਨਾਂ ਸੰਘਰਸ਼ਾਂ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਰਹੀ ਹੈ। ਦੇਸ਼ ਭਰ ਦੇ ਜਮਾਤੀ/ਤਬਕਾਤੀ ਘੋਲਾਂ ਨੂੰ ਇੱਕ ਲੜੀ 'ਚ ਪਰੋਣਾ ਤੇ ਇਹਨਾਂ ਨੂੰ ਇਨਕਲਾਬੀ ਦਿਸ਼ਾ 'ਚ ਅੱਗੇ ਵਧਾਉਣ ਦਾ ਕਾਰਜ ਇੱਕ ਮੁਲਕ ਪੱਧਰੀ ਖਰੀ ਕਮਿਊਸ਼ਿਟ ਇਨਕਲਾਬੀ ਜਥੇਬੰਦੀ ਦੀ ਅਗਵਾਈ ਮੰਗਦਾ ਕਾਰਜ ਹੈ। ਵੰਡੀ ਹੋਈ ਕਮਿ. ਇਨਕਲਾਬੀ ਲਹਿਰ ਦੀ ਕਮਜੋਰੀ ਹੀ ਮੁਲਕ ਦੇ ਲੋਕ-ਘੋਲਾਂ ਦੇ ਅਗਾਂਹ ਵਧਾਰੇ ਲਈ ਸੀਮਤਾਈ ਬਣ ਰਹੀ  ਹੈ। ਮੁਲਕ ਦੇ ਸਭਨਾਂ ਕਿਰਤੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕਮਿ. ਇਨਕਲਾਬੀ ਪਾਰਟੀ ਵੱਲੋਂ ਸਿਆਸੀ ਵਿਚਾਰਧਾਰਕ ਅਗਵਾਈ ਮੁਹੱਈਆ ਕਰਵਾ ਕੇ, ਇੱਕ ਸਾਂਝੀ ਤੰਦ 'ਚ ਪਰੋਣਾ, ਹੋਰ ਉਚੇਰੇ ਪੱਧਰਾਂ 'ਤੇ ਲਿਜਾਣਾ ਤੇ ਆਖਰ ਨੂੰ ਲੋਕ ਜਮਹੂਰੀ ਇਨਕਲਾਬ ਤੱਕ ਲਿਜਾਣ ਦਾ ਕਾਰਜ ਦਹਾਕਿਆਂ ਤੋਂ ਅਜਿਹੀ ਇੱਕਜੁੱਟ ਪਾਰਟੀ ਦੀ ਅਗਵਾਈ ਉਡੀਕ ਰਿਹਾ ਹੈ। ਚਾਹੇ ਅੱਜ ਕਈ ਗਰੁੱਪ ਆਪਣੇ ਆਪ ਨੂੰ ਪਾਰਟੀ ਬਣੀ ਹੋਣ ਦਾ ਦਾਅਵਾ ਕਰਦੇ ਹਨ ਪਰ ਅਸਲ 'ਚ ਅਜੇ ਸਾਰੇ ਹੀ ਗਰੁੱਪ ਜਥੇਬੰਦੀਆਂ ਹਨ ਤੇ ਖਿੰਡੀ ਹੋਈ ਕਮਿ. ਪਾਰਟੀ ਦੀਆਂ ਵੱਖ ਵੱਖ ਫਾਂਕਾਂ ਹੀ ਹਨ। ਇਹਨਾਂ ਵੱਖ ਵੱਖ ਗਰੁੱਪਾਂ ਨੂੰ ਇੱਕ-ਜੁੱਟ ਪਾਰਟੀ 'ਚ ਮੁੜ-ਜਥੇਬੰਦ ਕਰਨਾ ਹੀ ਕਮਿ. ਇਨਕਲਾਬੀਆਂ ਦੀ ਏਕਤਾ ਕਰਨਾ ਹੈ।
ਭਾਰਤੀ ਇਨਕਲਾਬ ਦਾ ਮੌਜੂਦਾ ਪੜਾਅ ਨਵ-ਜਮਹੂਰੀ ਹੈ ਤੇ ਜ਼ਰੱਈ ਸੁਆਲ ਇਸ ਦਾ ਧੁਰਾ ਹੈ। ਸਮੁੱਚੀ ਲੋਕ ਲਹਿਰ ਜ਼ਰੱਈ ਇਨਕਲਾਬੀ ਲਹਿਰ ਦੇ ਦੁਆਲੇ ਹੀ ਉੱਸਰਨੀ ਹੈ। ਭਾਵ ਕਿਸਾਨੀ ਦੇ ਜਗੀਰਦਾਰੀ ਵਿਰੋਧੀ ਸੰਘਰਸ਼ਾਂ ਨੇ ਸਮੁੱਚੀ ਲਹਿਰ 'ਚ ਧੁਰੇ ਦਾ ਰੋਲ ਨਿਭਾਉਣਾ ਹੈ ਤੇ ਜ਼ਮੀਨ ਦੇ ਮਸਲੇ 'ਤੇ ਚੱਲਦੇ ਸੰਘਰਸ਼ ਨੇ ਰਾਜ ਸੱਤਾ ਲਈ ਸੰਘਰਸ਼ਾਂ 'ਚ ਵਟਣਾ ਹੈ। ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਭਾਰਤੀ ਲੋਕਾਂ ਤੇ ਜਗੀਰਦਾਰੀ ਦੀ ਵਿਰੋਧਤਾਈ ਦੀ ਉਧੇੜ ਨਾਲ ਸਮੁੱਚੀ ਇਨਕਲਾਬੀ ਲਹਿਰ ਦਾ ਵਿਕਾਸ ਤੈਅ ਹੁੰਦਾ ਹੈ। ਅਜਿਹੀ ਲਹਿਰ ਦੀ ਉਸਾਰੀ ਕਮਿ. ਇਨਕਲਾਬੀ ਪਾਰਟੀ ਦੀ ਅਗਵਾਈ 'ਚ ਹੀ ਹੋ ਸਕਦੀ ਹੈ ਜਿਸ ਕੋਲ ਮਾਰਕਸਵਾਦ, ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਰੋਸ਼ਨੀ 'ਚ ਘੜੀ ਗਈ ਭਾਰਤੀ ਨਿਕਲਾਬ ਦੀ ਦਰੁਸਤ ਯੁੱਧਨੀਤਕ ਤੇ ਦਾਅਪੇਚਕ ਲੀਹ ਹੋਵੇ। ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਲਈ ਪ੍ਰੋਲੇਤਾਰੀ ਲੀਡਰਸ਼ਿੱਪ ਮਹੱਈਆ ਕਰਵਾਉਣਾ ਅਤੀ ਜਰੂਰੀ ਹੈ ਜਾਂ ਇਉਂ ਕਹਿਣਾ ਹੋਵੇ ਕਿ ਇਨਕਲਾਬੀ ਜ਼ਰੱਈ ਲਹਿਰ ਦੀ ਉਸਾਰੀ ਦਾ ਸੰਕਲਪ ਹੀ, ਇਸ 'ਤੇ ਪ੍ਰੋਲੇਤਾਰੀ ਦੀ ਅਗਵਾਈ ਨਾਲ ਜੁੜਿਆ ਹੋਇਆ ਹੈ। ਇਸ ਅਗਵਾਈ ਤੋਂ ਬਿਨਾਂ ਇਹ ਸਾਧਾਰਨ ਕਿਸਾਨ ਲਹਿਰ ਰਹਿ ਜਾਂਦੀ ਹੈ ਤੇ ਸਾਂਝੇ ਮੋਰਚੇ ਦੀ ਗੁਲੀ ਨਹੀਂ ਬਣ ਸਕਦੀ। ਪ੍ਰੋਲੇਤਾਰੀ ਇਹ ਲੀਡਰਸ਼ਿਪ ਆਪਣੇ ਹਿਰਾਵਲ ਦਸਤੇ ਯਾਨੀ ਕਮਿਊਨਿਸਟ ਪਾਰਟੀ ਰਾਹੀਂ ਮੁਹੱਈਆ ਕਰਵਾਉਂਦਾ ਹੈ। ਕਾਮਰੇਡ ਮਾਓ ਨੇ ਇਨਕਲਾਬ ਲਈ ਅਤਿ ਲੋੜੀਂਦੇ ਤਿੰਨ ਜਾਦੂਮਈ ਹਥਿਆਰਾਂ ਦਾ ਵਰਨਣ ਕੀਤਾ ਹੈ। ਪਾਰਟੀ, ਹਥਿਆਰਬੰਦ ਘੋਲ ਤੇ ਸਾਂਝੇ ਮੋਰਚੇ ਦੇ ਤਿੰਨ ਜਾਦੂਮਈ ਹਥਿਆਰਾਂ ਨੂੰ ਉਸ ਨੇ ਨਵ-ਜਮਹੂਰੀ ਇਨਕਲਾਬ ਲਈ ਸਫਲਤਾ ਦੀ ਕੁੰਜੀ ਦੱਸਿਆ ਹੈ। ਇਹਨਾਂ 'ਚ ਸਭ ਤੋਂ ਅਹਿਮ ਪਾਰਟੀ ਹੈ ਜਿਸ ਰਾਹੀਂ ਦੂਜੇ  ਦੋਹੇਂ ਵਰਤੇ ਜਾ ਸਕਦੇ ਹਨ। ਸੰਸਾਰ ਇਨਕਲਾਬ ਤੇ ਭਾਰਤੀ ਇਨਕਲਾਬ ਦਾ ਹੁਣ ਤੱਕ ਦਾ ਤਜਰਬਾ ਵੀ ਇਨਕਲਾਬ ਦੀਆਂ ਜਿੱਤਾਂ-ਹਾਰਾਂ ਦਾ ਸਬੰਧ ਇਹਨਾਂ ਤਿੰਨਾਂ ਹਥਿਆਰਾਂ ਨੂੰ ਕਾਰੀਗਰੀ ਨਾਲ ਵਰਤਣ 'ਚ ਦਿਖਾਉਂਦਾ ਹੈ ਖਾਸ ਕਰ ਪਾਰਟੀ ਦੇ ਮਾਮਲੇ 'ਚ ਜਾਹਰ ਹੁੰਦੀ ਕਮਜੋਰੀ ਤੇ ਘਾਟ ਇਹਨਾਂ ਅਸਫਲਤਾਵਾਂ ਦਾ ਮੁੱਖ ਕਾਰਨ ਰਹਿੰਦੀ ਰਹੀ ਹੈ। ਪਾਰਟੀ ਉਸਾਰੀ ਤੋਂ ਇੱਥੇ ਭਾਵ ਸਿਆਸੀ ਵਿਚਾਰਧਾਰਕ ਉਸਾਰੀ ਤੋਂ ਹੈ, ਭਾਵ ਮਾਰਕਸਵਾਦ ਲੈਨਿਨਵਾਦ ਮਾਓ ਵਿਚਾਰਧਾਰਾ 'ਤੇ ਮਜਬੂਤ ਪਕੜ ਹੋਣ ਤੇ ਭਾਰਤੀ ਸਮਾਜ ਦੀਆਂ ਠੋਸ ਹਾਲਤਾਂ ਨਾਲ ਇਸ ਦਾ ਸੰਯੋਗ ਕਰਨ ਤੇ ਇਹਨਾਂ 'ਤੇ ਢੁਕਾ ਸਕਣ ਦੀ ਸਮਰੱਥਾ ਤੋਂ ਹੈ। ਮਹਾਨ ਬਹਿਸ ਦੌਰਾਨ ਸਥਾਪਤ ਹੋਈ ਸੰਸਾਰ ਕਮਿ. ਲਹਿਰ ਦੀ ਆਮ ਸੇਧ ਅਨੁਸਾਰ ਭਾਰਤੀ ਇਨਕਲਾਬ ਦੀ ਠੋਸ ਯੁੱਧਨੀਤਕ ਤੇ ਦਾਅਪੇਚਕ ਸੇਧ ਘੜਨ ਦੀ ਸਮਰੱਥਾ ਤੋਂ ਹੈ। ਦੇਸ਼ ਦੇ ਬੀਤੇ ਦੇ ਜ਼ਰੱਈ ਇਨਕਲਾਬੀ ਘੋਲਾਂ ਖਾਸ ਕਰ ਤਿਲੰਗਾਨਾ, ਸਿਰੀਕਾਕੁਲਮ ਤੇ ਨਕਸਲਬਾੜੀ ਦੇ ਘੋਲਾਂ ਦੇ ਤਜਰਬੇ 'ਚੋਂ ਸਬਕ ਕੱਢ ਕੇ ਇਹਨਾਂ ਸਬਕਾਂ ਦੀ ਰੋਸ਼ਨੀ 'ਚ ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਕਰਨ ਦੀ ਸਮਰੱਥਾ ਤੋਂ ਹੈ। ਅਜਿਹੀ ਮੁਲਕ ਪੱਧਰੀ ਕਮਿਊਨਿਸਟ ਪਾਰਟੀ ਦੀ ਮੁੜ-ਉਸਾਰੀ ਦਾ ਕਾਰਜ ਸਭਨਾਂ ਕਮਿ. ਇਨਕਲਾਬੀਆਂ ਦਾ ਸਾਂਝਾ ਕਾਰਜ ਹੈ ਜੋ ਭਾਰਤੀ ਇਨਕਲਾਬ ਦੀ ਅੰਤ ਤੱਕ ਅਗਵਾਈ ਕਰਨ ਦੇ ਸਮਰੱਥ ਹੋਵੇ ਤੇ ਇਸ ਦੇ ਰਸਤੇ 'ਚ ਆਉਂਦੇ ਸਭਨਾਂ ਸਵਾਲਾਂ ਨੂੰ ਹੱਲ ਕਰਨ ਦੇ ਯੋਗ ਹੋਵੇ। ਕਮਿ. ਇਨਕਲਾਬੀਆਂ ਦੀ ਏਕਤਾ ਰਾਹੀ ਹੀ ਅਜਿਹੀ ਪਾਰਟੀ ਦੀ ਉਸਾਰੀ ਹੋਣੀ ਹੈ। ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਦਾ ਕਾਰਜ ਗੁੰਝਲਦਾਰ ਤੇ ਕਠਿਨ ਕਾਰਜ ਹੈ। ਏਕਤਾ ਤੋਂ ਭਾਵ ਬੇ-ਅਸੂਲੇ ਗੱਠ-ਜੋੜਾਂ ਜਾਂ ਨਿਰੋਲ ਭਾਵਨਾ ਅਧਾਰਿਤ ਏਕਤਾ ਤੋਂ ਨਹੀਂ ਸਗੋਂ ਸਹੀ ਸਿਆਸੀ ਵਿਚਾਰਧਾਰਕ ਲੀਹ ਅਧਾਰਿਤ ਏਕਤਾ ਤੋਂ ਹੈ। ਕਮਿ. ਕੈਂਪ 'ਚ ਮੌਜੂਦ ਦਰੁਸਤ ਪ੍ਰੋਲੇਤਾਰੀ ਰੁਝਾਨ ਦੀ ਲੀਹ ਹੋਰ ਵਡੇਰੀ ਏਕਤਾ ਲਈ ਕਾਫੀ ਨਹੀਂ ਹੈ। ਇਸ ਦਾ ਹੋਰ ਵਿਕਾਸ ਕਰਕੇ ਹੀ ਹੋਰ ਵਡੇਰੀ ਏਕਤਾ ਲਈ ਅਧਾਰ ਸਿਰਜਿਆ ਜਾ ਸਕਦਾ ਹੈ ਤੇ ਉਸ ਦਾ ਹੋਰ ਵਿਕਾਸ ਕਰਕੇ ਹੀ ਭਾਰਤੀ ਇਨਕਲਾਬ ਨੂੰ ਦਰਪੇਸ਼ ਸਭਨਾਂ ਮਸਲਿਆਂ ਦਾ ਜਵਾਬ ਦਿੱਤਾ ਜਾ ਸਕਦਾ ਹੈ।
ਕਮਿਊਨਿਸਟ ਇਨਕਲਾਬੀਆਂ 'ਚ ਏਕਤਾ ਯਤਨਾਂ ਦੀ ਇੱਕ ਤੰਦ ਵੱਖ ਵੱਖ ਹਿੱਸਿਆਂ 'ਚ ਆਪਸੀ ਸਿਆਸੀ-ਸਿਧਾਂਤਕ ਏਕਤਾ ਹਾਸਲ ਕਰਨ ਲਈ ਬਹਿਸ ਵਿਚਾਰ ਚੱਲਣਾ ਹੈ। ਤੇ ਆਪਸੀ ਵਖਰੇਵਿਆਂ ਨੂੰ ਨਿਤਾਰ ਕੇ, ਸਾਂਝੀ ਸਹਿਮਤੀ 'ਤੇ ਪੁੱਜ ਕੇ, ਇੱਕਜੁੱਟ ਜਥੇਬੰਦੀ 'ਚ ਸਮੋਣਾ ਹੈ। ਪਰ ਏਕਤਾ ਲਈ ਯਤਨਸ਼ੀਲ ਕਮਿ: ਇਨਕਲਾਬੀ ਜਥੇਬੰਦੀਆਂ 'ਚ ਜੇਕਰ ਸਿਆਸੀ-ਵਿਚਾਰਧਾਰਕ ਵਖਰੇਂਵੇਂ ਜਿਆਦਾ ਗੰਭੀਰ ਹੋਣ ਤੇ ਬਹਿਸ-ਵਿਚਾਰ ਦੇ ਅਮਲ ਰਾਹੀਂ ਫੌਰੀ ਹੱਲ ਨਾ ਹੋਣ ਵਾਲੇ ਹੋਣ ਤਾਂ ਫਿਰ ਇਸ ਏਕਤਾ ਅਮਲ ਦੀ ਦੂਸਰੀ ਤੰਦ ਇਹ ਬਣਦੀ ਹੈ ਕਿ ਸੰਬੰਧਤ ਕਮਿ: ਇਨਕਲਾਬੀ ਜਥੇਬੰਦੀਆਂ ਵੱਲੋਂ ਆਪੋ ਆਪਣੀ ਲੀਹ ਨੂੰ ਲਾਗੂ ਕੀਤਾ ਜਾਵੇ, ਇਨਕਲਾਬੀ ਅਭਿਆਸ ਦਾ ਨਿਚੋੜ ਕੱਢਿਆ ਜਾਵੇ ਤੇ ਲੀਹ ਨੂੰ ਵਿਕਸਤ ਕਰਕੇ ਅਗਲੇਰੀ ਏਕਤਾ ਲਈ ਆਧਾਰ ਤਿਆਰ ਕੀਤਾ ਜਾਵੇ। ਨਾਲ ਹੀ, ਹਾਸਲ ਦਰੁਸਤ ਲੀਹ ਨੂੰ ਲਾਗੂ ਕਰਨ ਵਾਲੇ ਸੰਦ, ਭਾਵ ਕਮਿ. ਇਨਕਲਾਬੀ ਜਥੇਬੰਦੀ ਨੂੰ ਭਵਿੱਖ 'ਚ ਬਣਨ ਵਾਲੀ ਕਮਿ. ਪਾਰਟੀ ਦੇ ਹੋਣਹਾਰ ਅੰਗ ਵਜੋਂ ਵਿਕਸਿਤ ਕੀਤਾ ਜਾਵੇ। ਕਮਿਊਨਿਸਟ ਕਾਰ ਵਿਹਾਰ ਤੇ ਅਭਿਆਸ ਦੇ ਅਸੂਲਾਂ ਦਾ ਪੱਧਰ Àੁੱਚਾ ਚੁੱਕ ਕੇ, ਇਸ ਨੂੰ ਹਾਸਲ ਦਰੁਸਤ ਲੀਹ ਨੂੰ ਭਰਭੂਰਤਾ 'ਚ ਲਾਗੂ ਕਰਨ ਦੇ ਯੋਗ ਬਣਾਇਆ ਜਾਵੇ। ਦਰੁਸਤ ਪ੍ਰੋਲੇਤਾਰੀ ਰੁਝਾਨ ਦੇ ਜਥੇਬੰਦ ਅਭਿਆਸ ਨੂੰ ਬੇਹਤਰ ਬਣਾ ਕੇ ਹੀ ਇਸ ਨੂੰ ਹੋਣਹਾਰ ਅੰਗ ਵਜੋ ਵਿਕਸਤ ਕੀਤਾ ਜਾ ਸਕਦਾ ਹੈ। ਅਭਿਆਸ ਨੂੰ ਬੇਹਤਰ ਬਣਾਉਣ ਲਈ ਅਭਿਆਸ ਦੇ ਅਸੂਲਾਂ (ਜਮਹੂਰੀ ਕੇਂਦਰਵਾਦ, ਪੜਚੋਲ- ਆਪਾ ਪੜਚੋਲ ਵਗੈਰਾ) ਦਾ ਬਕਾਇਦਾ ਨਿਭਾਅ ਜਰੂਰੀ ਹੈ । ਇਉਂ ਕਮਿਊਨਿਸਟ ਕਾਰ-ਵਿਹਾਰ ਦੇ ਅਸੂਲਾਂ 'ਤੇ ਡਟਵਾਂ ਪਹਿਰਾ ਦਿੰਦਿਆਂ ਲੀਹ ਲਾਗੂ ਕਰਨੀ ਅਤੇ ਇਨਕਲਾਬੀ ਅਭਿਆਸ ਦਾ ਨਿਚੋੜ ਕੱਢਣ ਦਾ ਮਹੱਤਵ ਹੈ ਤਾਂ ਕਿ ਦਰੁਸਤ ਲੀਹ ਨੂੰ ਕਮਿ. ਕੈਂਪ 'ਚ ਸਥਾਪਿਤ ਕੀਤਾ ਜਾਵੇ, ਇਸ ਦਾ ਹੋਰ ਵਿਕਾਸ ਕੀਤਾ ਜਾਵੇ ਤੇ ਇਸ ਰਾਹੀਂ ਪਾਰਟੀ ਨੂੰ ਮੁੜ ਜਥੇਬੰਦ ਕਰਨ ਦਾ ਕਾਰਜ ਨੇਪਰੇ ਚਾੜ੍ਹਿਆ ਜਾਵੇ।
ਮੌਜੂਦਾ ਦੌਰ ਪਾਰਟੀ ਮੁੜ ਜਥੇਬੰਦੀ ਦਾ ਦੌਰ ਹੈ। ਇਹ ਇਸ ਦੌਰ ਦੀ ਵਿਸ਼ੇਸ਼ਤਾ ਹੈ। ਚਾਹੇ ਇਹ ਕਾਰਜ ਨੇਪਰੇ ਚਾੜ੍ਹਨ ਦਾ ਅਮਲ ਜ਼ਰੱਈ ਇਨਕਲਾਬੀ ਲਹਿਰ ਉਸਾਰੀ ਕਰਨ ਦੇ ਕਾਰਜ ਨਾਲ ਜੁੜ ਕੇ ਹੀ ਅੱਗੇ ਵਧਣਾ ਹੈ ਪਰ ਇਸ ਕਾਰਜ ਲਈ ਕਮਿਊਨਿਸਟਾਂ ਵੱਲੋਂ ਮਜ਼ਦੂਰ ਜਮਾਤ 'ਚ ਵੀ ਵਿਸ਼ੇਸ਼ ਤੌਰ 'ਤੇ ਕੰਮ ਕਰਨ ਦਾ ਮਹੱਤਵ ਹੈ। ਇਹ ਜ਼ਰੱਈ ਇਨਕਲਾਬੀ ਲਹਿਰ 'ਤੇ ਮਜ਼ਦੂਰ ਜਮਾਤ ਦੀ ਅਗਵਾਈ ਸਥਾਪਤ ਕਰਨ ਲਈ ਵੀ ਲਾਜ਼ਮੀ ਹੈ। ਪਾਰਟੀ ਮੁੜ ਜਥੇਬੰਦੀ ਦੇ ਦੌਰ ਦੀ ਵਿਸ਼ੇਸ਼ਤਾ ਦੀ ਮੋਹਰਛਾਪ ਸਮੁੱਚੇ ਕੰਮ 'ਤੇ ਰਹਿੰਦੀ ਹੈ। ਭਾਵ ਕਮਿਊਨਿਸਟਾਂ ਵੱਲੋਂ ਕੀਤਾ ਜਾਣ ਵਾਲਾ ਸਮੁੱਚਾ ਕੰਮ (ਪਾਰਟੀ ਕੰਮ ਤੇ ਜਨਤਕ ਕੰਮ) ਪਾਰਟੀ ਮੁੜ ਜਥੇਬੰਦੀ ਦੇ ਕਾਰਜ ਵੱਲ ਸੇਧਤ ਹੋਣਾ ਚਾਹੀਦਾ ਹੈ। ਇਸ ਸਮੁੱਚੇ ਕੰਮ ਦਾ ਨਿਚੋੜ ਕੱਢ ਕੇ ਹੀ ਇਸ ਨੂੰ ਪਾਰਟੀ ਮੁੜ-ਜਥੇਬੰਦੀ ਦੇ ਕਾਰਜ ਦੀ ਸੇਵਾ 'ਚ ਲਾਇਆ ਜਾ ਸਕਦਾ ਹੈ। ਏਸੇ ਪਹੁੰਚ ਕਾਰਨ ਹੀ ਕਮਿ. ਇਨਕਲਾਬੀ ਕੈਂਪ ਦੀਆਂ ਸਭਨਾਂ ਸ਼ਕਤੀਆਂ ਦੀਆਂ ਸਾਂਝੀਆਂ ਸਰਗਰਮੀਆਂ ਦਾ ਵੀ ਵਿਸ਼ੇਸ਼ ਮਹੱਤਵ ਬਣਦਾ ਹੈ। ਕਿਉਂਕਿ ਨਿਚੋੜ ਕੱਢਣ  ਦੇ ਕਾਰਜ ਤੋਂ ਭਾਵ ਵੀ ਦੇਸ਼ ਦੇ ਸਮੁੱਚੇ ਘੋਲਾਂ ਦੇ ਤਜਰਬੇ ਦਾ ਨਿਚੋੜ ਕੱਢਣਾ ਹੈ। ਏਸੇ ਪ੍ਰਸੰਗ 'ਚ ਹੀ ਵੱਖ ਵੱਖ ਗਰੁੱਪਾਂ ਦੀ ਤਜਰਬਾ ਵਟਾਈ ਦਾ ਵੀ ਮਹੱਤਵ ਹੈ। ਇਸ ਲਈ ਕਮਿ. ਇਨਕਲਾਬੀ ਕੈਂਪ ਦੀਆਂ ਸਭਨਾਂ ਸ਼ਕਤੀਆਂ ਨੂੰ ਸਾਂਝੀਆਂ ਸਰਗਰਮੀਆਂ ਪ੍ਰਤੀ ਗੰਭੀਰਤਾ ਨਾਲ ਯਤਨ ਜੁਟਾਉਣੇ ਚਾਹੀਦੇ ਹਨ।
ਨਕਸਲਬਾੜੀ ਬਗਾਵਤ ਵੇਲੇ ਸ਼ੁਰੂ ਹੋਇਆ ਪਾਰਟੀ ਮੁੜ-ਜਥੇਬੰਦੀ ਦਾ ਅਮਲ ਬਹੁਤ ਲਮਕਵਾਂ ਹੋ ਚੁੱਕਿਆ ਹੈ। ਇਸ ਅਮਲ  ਦੇ ਸਿਰੇ ਲੱਗਣ 'ਤੇ ਹੀ ਭਾਰਤੀ ਇਨਕਲਾਬ ਦਾ ਵਿਕਾਸ ਨਿਰਭਰ ਕਰਦਾ ਹੈ। ਇਸ ਕਾਰਜ ਨੂੰ ਤੋੜ ਚੜ੍ਹਾਉਣ ਲਈ ਯਤਨ ਜੁਟਾਉਣੇ ਹੀ ਅੱਜ ਦਰੁਸਤ ਪਰੋਲੇਤਾਰੀ ਲੀਹ 'ਤੇ ਖੜ੍ਹੇ ਹਿੱਸਿਆਂ ਲਈ ਪਰਮੁੱਖ ਕਾਰਜ ਬਣਦਾ ਹੈ। ਨਕਸਲਬਾੜੀ ਦੀ 50ਵੀਂ ਵਰ੍ਹੇ ਗੰਢ ਏਸੇ ਨੂੰ ਨੇਪਰੇ ਚਾੜ੍ਹਨ ਲਈ ਜੀਅ ਜਾਨ ਨਾਲ ਜੁਟ ਜਾਣ ਖਾਤਰ ਤਹੱਈਆ ਕਰਨ ਦਾ ਮੌਕਾ ਹੈ। 
***

(09) ਨਕਸਲਬਾੜੀ ਬਗਾਵਤ ਅਤੇ ਮਜ਼ਦੂਰ ਜਮਾਤ

ਨਕਸਲਬਾੜੀ ਕਿਸਾਨ ਬਗਾਵਤ ਨੇ ਕਿਸਾਨ ਲਹਿਰ ਦੀ ਉਸਾਰੀ ਲਈ ਮਜ਼ਦੂਰ ਜਮਾਤ ਦੀ ਅਗਵਾਈ ਅਤੇ ਮਜ਼ਦੂਰ ਕਿਸਾਨ ਏਕਤਾ ਦੀ ਅਹਿਮੀਅਤ ਉਭਾਰ ਕੇ ਸਾਹਮਣੇ ਲਿਆਂਦੀ। ਨਕਸਲਬਾੜੀ ਬਗਾਵਤ ਬਾਰੇ ਕਾਨੂੰ ਸਾਨਿਆਲ ਵੱਲੋਂ ਲਿਖੀ ਲੰਮੀ ਲਿਖਤ 'ਚੋਂ ਇਸ ਬਗਵਾਤ 'ਚ ਮਜ਼ਦੂਰ ਜਨਸਮੂਹਾਂ ਦੇ ਰੋਲ ਨਾਲ ਸੰਬੰਧਿਤ ਕੁਝ ਸੰਖੇਪ ਅੰਸ਼ ਛਾਪ ਰਹੇ ਹਾਂ: ਸੰਪਾਦਕ


      1955 ਤੋਂ 1957 ਦਾ ਦੂਜਾ ਪੜਾਅ ਨਕਸਲਬਾੜੀ ਇਲਾਕੇ ਦੇ ਮਜਦੂਰਾਂ ਤੇ ਕਿਸਾਨਾਂ ਦੇ ਸਾਂਝੇ ਜਮਾਤੀ ਘੋਲਾਂ ਦੇ ਵਿਕਾਸ ਦਾ ਸਮਾਂ ਸੀ। ਇਸ ਘੋਲਾਂ ਦੇ ਵਿਕਾਸ ਦਾ ਸਮਾਂ ਸੀ। ਇਹ ਘੋਲ ਦੀ ਉਚੇਰੀ ਪੱਧਰ ਸੀ। ਇਹ ਪੱਧਰ ਉਚੇਰੀ ਦੋ ਕਾਰਨਾਂ ਕਰਕੇ ਸੀ। ਮਜਦੂਰ ਕਿਸਾਨ ਏਕਤਾ ਕੇਵਲ ਨਾਅਰੇਬਾਜੀ ਹੀ ਨਹੀਂ ਸੀ, ਮਜਦੂਰ ਜਮਾਤ ਇਹ ਸਮਝਦੀ ਸੀ ਕਿ ਆਪਣੀ ਜਮਾਤ ਦੀਆਂ ਮੰਗਾਂ ਮੰਨਵਾਉਣ ਲਈ ਕਿਸਾਨੀ ਦੀ ਸਰਗਰਮ ਘੋਲ ਵਿਚ ਕਿਸਾਨੀ ਦੀ ਸਰਗਰਮ ਮਦਦ ਹਾਸਲ ਕੀਤੀ।ਸੰਖੇਪ 'ਚ ਮਜਦੂਰ ਜਮਾਤ ਅਤੇ ਕਿਸਾਨੀ ਦਾ ਪੱਕਾ ਗਠਜੋੜ ਦਾ ਵਿਕਾਸ ਜਮਾਤੀ ਘੋਲ ਰਾਹੀਂ ਹੋਇਆ। 1967 ਤੱਕ ਇਹ ਇਸੇ ਤਰ੍ਹਾਂ ਹੀ ਰਿਹਾ।......ਜਮਾਤੀ ਘੋਲ ਨੇ ਆਪ ਹੀ ਏਹਨਾਂ ਦੇ ਕਾਨੂੰਨੀ ਭਰਮਜਾਲ ਨੂੰ ਤੋੜਕੇ ਰੱਖ ਦਿੱਤਾ ਅਤੇ ਨਤੀਜੇ ਵਜੋਂ ਉਹਨਾਂ ਨੇ ਰਸਮੀ ਅਮਨ ਭਰਪੂਰ ਢੰਗਾਂ ਤੇ ਟੇਕ ਰੱਖਣ ਦੀ ਬਜਾਏ ਆਪਣੇ ਆਪ ਨੂੰ ਰਵਾਇਤੀ ਹਥਿਆਰਾਂ ਨਾਲ ਲੈਸ ਕਰ ਲਿਆ। ਸਾਲ 1955-56 ਨਕਸਲਬਾੜੀ ਦੇ ਮਜਦੂਰਾਂ ਕਿਸਾਨਾ ਦੇ ਯਾਦਗਾਰੀ ਸਾਲ ਸਨ। ।955 ਵਿਚ ਚਾਹ ਮਜਦੂਰਾਂ ਦੇ ਬੋਨਸ ਦੇ ਘੋਲ ਦੌਰਾਨ ਹਜਾਰਾਂ ਚਾਹ ਮਜਦੂਰਾਂ ਅਤੇ ਕਿਸਾਨਾਂ ਨੇ ਨਾ ਕੇਵਲ ਚਾਹ ਦੇ ਬਾਗਾਂ ਦੇ ਮਾਲਕਾਂ ਨੂੰ ਸਗੋਂ ਪੁਲਸ ਨੂੰ ਵੀ ਪਛਾੜ ਦਿੱਤਾ। ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਬੋਨਸ ਦੀ ਲੜਾਈ ਨੂੰ ਰਾਜਨੀਤਕ ਲੜਾਈ ਵਿਚ ਬਦਲ ਦਿੱਤਾ...... ਜੂਨ ਤੋਂ ਦਸੰਬਰ 1966 ਵਿਚਕਾਰਲੇ ਸਮੇਂ ਨੂੰ ਨਕਸਲਬਾੜੀ ਬਗਾਵਤ ਲਈ ਇਕ ਹੁਲਾਰ-ਪੈੜਾ ਕਿਹਾ ਜਾ ਸਕਦਾ ਹੈ। ਜਿਲਾ ਤੇ ਸਥਾਨਕ ਪਾਰਟੀ ਕਾਡਰ ਨੇ ਚਾਹ ਕਾਮਿਆਂ ਅੰਦਰ ਜਰਈ ਇਨਕਲਾਬ ਦੀ ਸਿਆਸਤ ਦਾ ਪਰਚਾਰ ਕੀਤਾ। ਨਤੀਜੇ ਵਜੋਂ ਚਾਹ-ਕਾਮਿਆਂ ਅੰਦਰਲੇ ਪਾਰਟੀ ਮੈਂਬਰ ਅਤੇ ਸਥਾਨਕ ਚਾਹ-ਕਾਮੇ ਇਨਕਲਾਬੀ ਪਾਰਟੀ ਕਾਡਰ ਦੁਆਲੇ ਲਾਮਬੰਦ ਹੋ ਗਏ। ਇਕ ਪਾਸੇ ਸੋਧਵਾਦੀ ਯੂਨੀਅਨ ਲੀਡਰਾਂ ਵਿਰੁੱਧ ਮਜਦੂਰਾਂ ਦੀ ਅਸਤੁੰਸਟਤਾ ਅਤੇ ਦੂਜੇ ਪਾਸੇ ਆਰਥਕ ਸੰਕਟ ਨੇ ਮਜਦੂਰਾਂ ਨੂੰ ਘੋਲ ਵਲ ਧੱਕ ਦਿਤਾ। ਏਸ ਪੱਖੋਂ ਸਤੰਬਰ 1966 ਵਿਚ ਚਾਹ-ਸਨੱਅਤ ਵਿਚ ਨੌਂ ਦਿਨਾਂ ਦੀ ਆਮ ਹੜਤਾਲ ਨੇ ਨਕਸਲਬਾੜੀ ਬਗਾਵਤ ਲਈ ਤਿਆਰੀ ਦਾ ਰੋਲ ਨਿਭਾਇਆ ਅਤੇ ਚਾਹ-ਕਾਮਿਆਂ ਨੇ ਆਗੂ ਦਸਤੇ ਦਾ ਰੋਲ ਅਦਾ ਕੀਤਾ। ਜਦੋਂ ਨਾਲ ਜੁੜਵੇਂ ਜਲਪਾਈਗੁੜੀ ਜਿਲੇ ਵਿਚ ਚਾਹ-ਕਾਮਿਆਂ ਦੀ ਹੜਤਾਲ ਖਿੰਡ-ਪੁੰਡ ਗਈ ਸੀ ਤਾਂ ਦਾਰਜਲਿੰਗ ਜਿਲੇ ਦੇ ਚਾਹ-ਕਾਮਿਆਂ ਦੇ ਖਾੜਕੂ ਰੋਂਅ ਨੇ ਸੋਧਵਾਦੀ ਲੀਡਰਸਿਪ ਅੰਦਰ ਕੰਬਣੀ ਛੇੜ ਦਿਤੀ।ਉਸਨੇ  ਕਾਹਲੀ ਕਾਹਲੀ ਹੜਤਾਲ ਨੂੰ ਸਮੇਟਣ ਦਾ ਰਾਹ ਅਖਤਿਆਰ ਕੀਤਾ।ਦਾਰਜਲਿੰਗ ਜਿਲੇ ਵਿਚ ਸੰਨ 1965 ਦੀ ਹੜਤਾਲ ਨਾਲੋਂ ਵਧ ਪਸਾਰਾ ਸੀ। ਇਸ ਤੋਂ ਇਲਾਵਾ ਲਾਲ ਝੰਡਾ ਯੂਨੀਅਨ ਦੇ ਮਜਦੂਰਾਂ, ਹੋਰ ਯੂਨੀਅਨ ਦੇ ਮਜਦੂਰਾਂ ਅਤੇ ਇਥੋਂ ਤੱਕ ਕਿ ਚਾਹ-ਬਾਗਾਂ ਦੇ ਹਥਿਆਰਬੰਦ ਗਾਰਡਾਂ ਨੂੰ ਵੀ ਹੜਤਾਲ 'ਚ ਸਾਮਲ ਹੋਣਾ ਪਿਆ ਸੀ। ਪਹਾੜੀਆਂ ਵਿਚ ਪੁਲਸ ਨਾਲ ਝੜਪ ਦੌਰਾਨ ਪੁਲਸੀ ਗੋਲੀਆਂ ਨਾਲ ਇਕ ਮਜਦੂਰ ਦੀ ਮੌਤ 'ਤੇ ਮਜਦੂਰਾਂ ਅੰਦਰ ਬਦਲੇ ਦਾ ਰੋਂਅ ਏਨਾ ਭੱਖ ਗਿਆ ਕਿ ਸੋਧਵਾਦੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਦਾਨਾਂ ਵਿਚ, ਭਾਵ ਨਕਸਲਬਾੜੀ ਵਿਚ, ਕਿਸਾਨ ਆਪਣੇ ਜੋਬਨ 'ਤੇ ਚੱਲ ਰਹੇ ਖੇਤੀ ਦੇ ਕੰਮ ਨੂੰ ਲਾਂਭੇ ਛੱਡ ਕੇ ਮਜਦੂਰਾਂ ਦੇ ਪੱਖ ਵਿਚ ਡੱਟ ਕੇ ਖੜ੍ਹ ਗਏ। ਬੁੱਕਲ ਦੇ ਸੱਪ ਨੂੰ ਦੁਰਕਾਰਦੇ ਹੋਏ ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਹੜਤਾਲ ਜਾਰੀ ਰੱਖੀ ਅਤੇ ਪੁਲਸ ਨੂੰ ਪਿਛੇ ਹੱਟਣ ਲਈ ਮਜਬੂਰ ਕਰ ਦਿੱਤਾ।ਘੋਲ ਚਾਹ-ਕਾਮਿਆਂ ਦੀ ਆਰਥਕ ਮੰਗ ਦੀਆਂ ਹੱਦਾਂ ਅੰਦਰ ਸੀਮਤ ਨਾ ਰਹਿ ਗਿਆ ਬਲਕਿ ਮਜਦੂਰ ਜਮਾਤ ਤੇ ਕਿਸਾਨੀ ਦੀ ਸਿਆਸੀ ਜਦੋਜਹਿਦ ਵਿਚ ਤਬਦੀਲ ਹੋ ਗਿਆ। ਕਿਸੇ ਮੁੱਢਲੀ ਮੰਗ ਨੂੰ ਮੰਨਵਾਏ ਬਿਨਾਂ ਹੜਤਾਲ ਵਾਪਸ ਲੈ ਕੇ ਸੋਧਵਾਦੀ, ਮਜਦੂਰਾਂ ਵਿਚ ਕਿਤੇ ਵੱਧ ਨਿਖੜ ਗਏ। ਜਿਲਾ ਤੇ ਸਥਾਨਕ ਕਾਡਰ ਨੇ ਇਹ ਹਾਲਤ ਦਾ ਪੂਰਾ ਲਾਹਾ ਲਿਆ ਅਤੇ ਚਾਹ-ਬਾਗਾਂ ਦੀ ਯੂਨੀਅਨ ਦੀਆਂ ਬਰਾਂਚ-ਕਾਨਫਰੰਸਾਂ ਵਿਚੋਂ ਜਰਈ ਇਨਕਲਾਬ ਦੇ ਪਰੋਗਰਾਮ ਬਾਰੇ ਮਤਾ ਪਾਸ ਕਰ ਦਿਤਾ। ਪਹਾੜੀ ਚਾਹ-ਕਾਮਿਆਂ ਦੀ ਸਲਾਨਾ ਕਾਨਫਰੰਸ ਵਿਚ ਸੋਧਵਾਦੀ ਲੀਡਰਾ ਦੀ ਸਖਤ ਨੁਕਤਾਚੀਨੀ ਹੋਈ ਅਤੇ ਉਹਨਾ ਨੂੰ ਟਰੇਡ-:ਯੂਨੀਅਨਾਂ ਵਿਚੋਂ ਬਾਹਰ ਕੱਢ ਦਿਤਾ ਗਿਆ। ਨਕਸਲਬਾੜੀ ਵਿਚ ਚਾਹ-ਬਾਗਾਂ ਦੇ ਮਜਦੂਰਾਂ ਦੀ ਸਲਾਨਾ ਕਾਨਫਰੰਸ ਵਿਚ ਕਦਮ ਹੋਰ ਅੱਗੇ ਵਧ ਗਏ ਅਤੇ ਇਸਨੇ ਕਿਸਾਨਾਂ ਨੂੰ ਜਮੀਨ ਲਈ ਘੋਲ ਛੇੜ ਦੇਣ ਦਾ ਸੱਦਾ ਦੇ ਦਿੱਤਾ। ਜਨਤਕ ਜਥੇਬੰਦੀ ਤੇ ਜਨਤਕ ਘੋਲ ਦੇ ਸੰਬੰਧ ਵਿਚ ਪਾਰਟੀ ਕਾਡਰ ਦੇ ਦਰੁੱਸਤ ਕੰਮ-ਢੰਗ ਨੇ ਜਿਲੇ ਦੇ, ਅਤੇ ਨਾਲ ਹੀ ਨਕਸਲਬਾੜੀ ਇਲਾਕੇ ਦੇ ਮਜਦੂਰ-ਕਿਸਾਨਾਂ ਨੂੰ ਲਾਮਬੰਦ ਕਰਨ ਅਤੇ ਨਵੀਆਂ ਟਰੇਡ-ਯੂਨੀਅਨ ਉਸਾਰਨ ਅਤੇ ਉਨਾਂ ਨੂੰ ਘੋਲਾਂ ਵਿਚ ਪਾਉਣ ਵਿਚ ਮਦਦ ਕੀਤੀ। ਇਹ ਪਤਾ ਲੱਗਿਆ ਕਿ ਨਕਸਲਬਾੜੀ ਬਗਾਵਤ ਦੌਰਾਨ ਚਾਹ-ਕਾਮਿਆਂ ਨੇ ਕਿਸਾਨ ਘੋਲ ਦੀ ਹਮਾਇਤ ਵਿਚ ਤਿੰਨ ਵਾਰੀ ਆਮ ਹੜਤਾਲ ਕੀਤੀ।......ਚਾਹ-ਕਾਮਿਆ ਦੇ ਸਬੰਧਤ, 1966 ਦੇ ਘੋਲ ਨੇ ਕਿਸਾਨੀ 'ਤੇ ਏਨਾ ਜਬਰਜਸਤ ਪਰਭਾਵ ਪਾਇਆ ਕਿ ਉਸੇ ਸਾਲ ਦੇ ਨਵੰਬਰ-ਦਸੰਬਰ ਵਿਚ ਕਿਸਾਨਾਂ ਦੀ ਫਸਲਾਂ 'ਤੇ ਕਬਜਾ ਕਰਨ ਦੀ ਲਹਿਰ ਛਿੜ ਗਈ। ਇਹ ਲਹਿਰ ਤੇਜੀ ਨਾਲ ਸਾਰੇ ਨਕਸਲਬਾੜੀ ਇਲਾਕੇ ਵਿਚ ਫੈਲ ਗਈ । ਸੰਨ 1958-59 ਦੇ ਘੋਲ ਦੇ ਤਜਰਬੇ ਨੂੰ ਵਰਤੋਂ ਵਿਚ ਲਿਆਉਂਦੇ ਹੋਏ ਅਤੇ ਜਰਈ ਇਨਕਲਾਬ ਦੀ ਸਿਆਸਤ ਨਾਲ ਲੈਸ ਪੁਰ-ਜੋਸ ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਜੋਤਦਾਰਾਂ ਅਤੇ ਚਾਹ-ਬਾਗਾਂ ਦੇ ਮਾਲਕਾਂ ਅੰਦਰ ਦਹਿਸਤ ਪੈਦਾ ਕਰ ਦਿਤੀ। ਹਜਾਰਾਂ ਜਥੇਬੰਦ ਹੋਏ ਹਥਿਆਰਬੰਦ ਕਿਸਾਨਾਂ ਨੇ ਧਾਨ ਦੀ ਕਟਾਈ ਕੀਤੀ ਤੇ ਬੰਦੂਕਾਂ ਵੀ ਖੋਹੀਆਂ ਅਤੇ ਇਹ ਕੁਝ ਬਿਨਾਂ ਕਿਸੇ ਭੇੜੂ ਟੋਲੀਆਂ ਦੇ ਵਾਪਰਿਆ। ਜਦੋ ਹਥਿਆਰਬੰਦ ਪੁਲਸ ਫੋਰਸ ਫਸਲਾਂ 'ਤੇ ਕਬਜਾ ਕਰਨ ਆਈ, ਤਾਂ ਸੈਕੜੇਂ ਹਥਿਆਰਬੰਦ ਚਾਹ-ਕਾਮਿਆਂ ਨੇ ਉਹਨਾਂ ਨੂੰ ਰੋਕਿਆ।...
... ਨਕਸਲਬਾੜੀ ਦੇ ਮਜਦੂਰਾਂ ਤੇ ਕਿਸਾਨਾਂ ਦਾ ਏਕਾ ਹੋਰ ਮਜਬੂਤ ਹੋ ਗਿਆ ਅਤੇ ਇਕ ਪਾਸੇ ਤਾਂ ਗਰੀਬ ਤੇ ਦਰਮਿਆਲੇ ਕਿਸਾਨਾਂ ਵਿਚਕਾਰ ਅਤੇ ਦੂਜੇ ਪਾਸੇ ਕੁਝ ਕੁਝ ਕੁ ਗੋਰੇ ਜਗੀਰਦਾਰਾਂ ਸਮੇਤ ਧਨੀ ਕਿਸਾਨਾਂ ਦੇ ਇਕ ਹਿੱਸੇ ਵਿਚਕਾਰ ਏਕੇ ਦਾ ਅਧਾਰ ਪੈਦਾ ਹੋ ਗਿਆ ਤੇ ਜੋਤੇਦਾਰਾਂ ਨਾਲ ਝੜਪਾਂ ਹੋਣ ਲੱਗ ਪਈਆਂ। ਜੋਤਦਾਰ ਮਜਦੂਰ ਤੇ ਕਿਸਾਨਾਂ ਦੇ ਰਲਵੇ ਸਾਂਝੇ ਟਾਕਰੇ ਸਾਹਮਣੇ ਪਿਛੇ ਹੱਟਣ ਲਈ ਮਜਬੂਰ ਹੋ ਗਏ।ਇਹਨਾ ਹਾਲਤਾਂ ਅੰਦਰ ਕਿਸਾਨੀ ਪਾਰਟੀ ਕਾਡਰ ਨੂੰ, ਜਰਈ ਇਨਕਲਾਬ ਦੇ ਅਮਲੀ ਕਾਰਜ ਦਾ ਐਲਾਨ ਕਰਨ ਲਈ ਮਜਬੂਰ ਕਰਨ ਲੱਗੀ। ਸਿੱਟੇ ਵਜੋਂ, ਜਮੀਨਾ 'ਤੇ ਕਬਜੇ ਦੇ ਸੁਝਾਅ ਧੜਾਧੜ ਅਨੇਕਾਂ ਇਲਾਕਾ ਕਾਨਫਰੰਸਾਂ ਵਿਚੋਂ ਆਉਣੇ ਸੁਰੂ ਹੋ ਗਏ ਅਤੇ ਇਹ ਗੱਲ 7 ਮਈ, 1967 ਨੂੰ ਹੋਈ ਮਜਦੂਰ ਤੇ ਕਿਸਾਨ ਦੀ ਸਾਝੀ ਤਸੀਲ ਕਾਨਫਰੰਸ ਵਿਚ ਪਰਗਟ ਹੋਈ।
7 ਮਈ, 1967 ਦੀ ਇਸ ਇਤਿਹਾਸਕ ਕਾਨਫਰੰਸ ਨੇ ਨਕਸਲਬਾੜੀ ਦੀ ਦੇਣ ਦਿਤੀ। ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਰਚਣਹਾਰ ਮਜਦੂਰਾ ਤੇ ਕਿਸਾਨਾਂ ਦੇ ਜਨਤਕ ਘੋਲ ਨੇ ਇਸ ਬਗਾਵਤ ਨੂੰ ਜਨਮ ਦਿੱਤਾ। ਜਮੀਨ ਖੋਹਣ ਦੇ ਪਰੋਗਰਾਮ ਨੇ ਕਿਸਾਨੀ ਨੂੰ ਸਿਖਾਇਆ ਕਿ ਪੇਂਡੂ ਇਲਾਕਿਆਂ ਅੰਦਰ ਜੋਤਦਾਰਾਂ ਤੇ ਚਾਹ-ਬਾਗਾਂ ਦੇ ਮਾਲਕਾਂ ਦੀ ਤਾਕਤ ਤੇ ਸਿਆਸੀ ਦਾਬਾ ਭੰਨਕੇ ਅਤੇ ਇਸਦੀ ਥਾਂ ਇਨ੍ਹਾਂ ਇਲਾਕਿਆਂ ਅੰਦਰ ਮਜਦੂਰਾਂ ਤੇ ਕਿਸਾਨਾਂ ਦੀ ਤਾਕਤ ਤੇ ਸਿਆਸੀ ਦਾਬਾ ਸਥਾਪਤ ਕਰਕੇ ਹੀ ਜਰਈ ਇਨਕਲਾਬ ਦਾ ਕਾਰਜ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਨਕਸਲਬਾੜੀ ਦਾ ਸਬਕ ਹੈ: ਜਰਈ ਇਨਕਲਾਬ ਦਾ ਮੁਖ ਤੱਤ ਕਿਸਾਨਾਂ ਨੂੰ ਜਮੀਨ ਵੰਡ ਕੇ ਦੇਣਾ ਹੈ; ਆਪਣੇ ਕਬਜੇ ਹੇਠਲੀ ਜਮੀਨ ਦੀ ਰਾਖੀ ਲਈ ਹੀ ਪੇਂਡੂ ਇਲਾਕਿਆ ਅੰਦਰ ਟਾਕਰੇ ਦਾ ਘੋਲ ਵਿਕਸਤ ਹੋਵੇਗਾ ਜਿਹੜਾ ਮੁੜਕੇ ਸਿਆਸੀ ਤਾਕਤ ਲਈ ਘੋਲ ਵਿਚ ਵਟ ਜਾਏਗਾ। ਇਸ ਲਈ ਜਮਹੂਰੀ ਇਨਕਲਾਬ ਜਾਂ ਜਰਈ ਇਨਕਲਾਬ ਦੇ ਪੜਾਅ ਅੰਦਰ ਜਮੀਨ ਲਈ ਘੋਲ ਤੇ ਸਿਆਸੀ ਤਾਕਤ ਲਈ ਘੋਲ ਆਪਸ ਵਿਚ ਗੁੰਦੇ ਜਾਂਦੇ ਹਨ।...
 ***