Thursday, August 6, 2026

ਕਿੰਝ ਉੱਭਰਿਆ ਤੇ ਵਗਿਆ ਵਿਦਿਆਰਥੀ ਰੋਹ


 (ਇੱਕ ਰਿਪੋਰਟ)

ਦਿੱਲੀ ਦੇ ਜੰਤਰ ਮੰਤਰ 'ਤੇ ਜੁੜੇ ਵਿਦਿਆਰਥੀਆਂ ਦੇ ਸੰਘਰਸ਼ ਨਾਲ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਲੈ ਕੇ ਮੋਦੀ ਸਰਕਾਰ ਨੂੰ ਝੁਕਾ ਲੈਣ ਨੇ ਮੁਲਕ ਭਰ ਦੇ ਲੋਕਾਂ 'ਚ ਜੁਝਾਰੂ ਉਤਸ਼ਾਹ ਦੀਆਂ ਤਰੰਗਾਂ ਛੇੜੀਆਂ ਹਨ ਤੇ ਮੋਦੀ ਸਰਕਾਰ ਦੇ ਜਾਬਰ ਵਿਹਾਰ ਤੋਂ ਅੱਕੇ ਸਤੇ ਲੋਕਾਂ ਨੇ ਸਰਕਾਰ ਦੀ ਘਬਰਾਹਟ ਤੇ ਬੇਵਸੀ ਨੂੰ ਰੱਜ ਕੇ ਮਾਣਿਆ ਹੈ। ਇਹ ਆਪ ਮੁਹਾਰਾ ਵਿਦਿਆਰਥੀ ਉਭਾਰ ਮੋਦੀ ਸਰਕਾਰ ਲਈ ਅਚਾਨਕ ਨੰਗੇ ਸਿਰ ਹੋਈ ਗੜ੍ਹੇਮਾਰੀ ਵਰਗੀ ਮਾਰ ਬਣ ਕੇ ਆਇਆ ਹੈ। ਆਪ ਮੁਹਾਰੇ ਉੱਭਰੇ ਇਸ ਰੋਹ ਭਰਭੂਰ ਇਜ਼ਹਾਰ ਦੀਆਂ ਸਭਨਾਂ ਸੀਮਤਾਈਆਂ ਤੇ ਕਮਜ਼ੋਰੀਆਂ ਦੇ ਬਾਵਜੂਦ ਮੁਲਕ ਦੇ ਸਿਆਸੀ ਪ੍ਰਸੰਗ 'ਚ ਇਹ ਲੋਕ v/s ਸਰਕਾਰ ਦੇ ਅਤਿ ਲੋੜੀਂਦੇ ਹਕੀਕੀ ਬਿਰਤਾਂਤ ਨੂੰ ਇੱਕ ਜ਼ੋਰਦਾਰ ਗੂੰਜ ਦੇਣ 'ਚ ਕਾਮਯਾਬ ਹੋਇਆ ਹੈ ਜਿਸਨੇ ਇੱਕ ਵਾਰ ਮੋਦੀ ਹਕੂਮਤ ਤੇ ਇਸਦੇ ਫਿਰਕੂ ਜੋਟੀਦਾਰਾਂ ਵੱਲੋਂ ਸਿਰਜੇ ਹੋਏ ਸਭ ਫਿਰਕੂ ਤੇ ਝੂਠੇ ਬਿਰਤਾਤਾਂ ਦੀਆਂ ਚੀਖਾਂ ਨੂੰ ਦੱਬ ਲਿਆ ਹੈ। ਇਸ ਜ਼ੋਰਦਾਰ ਰੋਹ ਫੁਟਾਰੇ ਨੂੰ ਕਿਸੇ ਵੱਡੀ ਲਹਿਰ ਦੇ ਅੰਤਿਮ ਨਤੀਜੇ ਵਜੋਂ ਪ੍ਰਾਪਤੀਆਂ ਦੀ ਤੱਕੜੀ 'ਚ ਤੋਲਣ ਦੀ ਬਜਾਏ ਮੁਲਕ ਦੀ ਜਵਾਨੀ 'ਚ ਇੱਕ ਖੜੋਤ ਦੇ ਟੁੱਟਣ ਦੀ ਸ਼ੁਰੂਆਤ ਵਜੋਂ ਦੇਖਣਾ ਜ਼ਿਆਦਾ ਮਹੱਤਵਪੂਰਨ ਹੈ। ਹੋਰ ਵੱਡੀਆਂ ਪ੍ਰਾਪਤੀਆਂ ਦਾ ਤੁਅੱਲਕ ਤਾਂ ਇਸ ਵਰਤਾਰੇ ਦੀ ਗਤੀ ਕਾਇਮ ਰਹਿ ਸਕਣ ਤੇ ਇਸਦੀ ਸਹੀ ਇਨਕਲਾਬੀ ਦਿਸ਼ਾ ਨਾਲ ਬਣਨਾ ਹੈ। 

ਮਈ ਮਹੀਨੇ 'ਚ ਨੀਟ ਪੇਪਰ ਲੀਕ ਘੁਟਾਲੇ ਨੇ ਵਿਦਿਆਰਥੀਆਂ 'ਚ ਤਿੱਖੀ ਬੇਚੈਨੀ ਤੇ ਰੋਹ ਦੀ ਤਰੰਗਾਂ ਛੇੜੀਆਂ ਸਨ। ਸਭ ਕੁੱਝ ਝੋਕ ਕੇ ਟੈਸਟਾਂ ਦੀ ਤਿਆਰੀ 'ਚ ਜੁਟੇ ਵਿਦਿਆਰਥੀਆਂ ਲਈ ਸਦਮੇ ਵਾਂਗ ਵਾਪਰੇ ਇਸ ਘੁਟਾਲੇ ਦੀ ਸੱਟ ਵੱਡੀ ਸੀ। ਇਸ ਸਦਮੇ 'ਚ ਆ ਕੇ ਖੁਦਕੁਸ਼ੀਆਂ ਹੋਣ ਦੀਆਂ ਖਬਰਾਂ ਵੀ ਆਈਆਂ ਸਨ। ਭਾਰੀ ਬੇ-ਰੁਜ਼ਗਾਰੀ ਦਰਮਿਆਨ ਅਨਿਸ਼ਚਿਤ ਭਵਿੱਖ 'ਚ ਜਿਉਂਦੇ ਨੌਜਵਾਨਾਂ ਨੂੰ ਅਜਿਹੀਆਂ ਸੱਟਾਂ ਹੋਰ ਬੇਚੈਨ ਕਰਦੀਆਂ ਹਨ। ਏਸੇ ਸਮੇਂ ਹੀ ਮੁਲਕ ਦੇ ਚੀਫ਼ ਜਸਟਿਸ ਵੱਲੋਂ ਬੇ-ਰੁਜ਼ਗਾਰ ਨੌਜਵਾਨਾਂ ਨੂੰ ਕੌਕਰੋਚ ਕਰਾਰ ਦਿੰਦੀ ਟਿੱਪਣੀ ਇਸ ਮਾਹੌਲ 'ਚੋਂ ਗੁਜ਼ਰ ਰਹੀ ਨੌਜਵਾਨ ਵਿਦਿਆਰਥੀ ਜਨਤਾ ਦੇ ਜਖਮਾਂ 'ਤੇ ਲੂਣ ਛਿੜਕਣ ਵਾਲੀ ਸੀ। ਲੁਟੇਰੀਆਂ ਜਮਾਤਾਂ ਦੇ ਪੈਦਾ ਕੀਤੇ ਸੰਕਟਾਂ ਦੀ ਮਾਰ ਝੱਲਦੀ ਮੁਲਕ ਦੀ ਜਵਾਨੀ ਪ੍ਰਤੀ ਸੱਤਾ ਦੇ ਸਿਖਰਲੇ ਅਦਾਰਿਆਂ 'ਤੇ ਬਿਰਾਜਮਾਨ ਵਿਅਕਤੀਆਂ ਦੀ ਸੋਚਣੀ ਦਾ ਅਜਿਹਾ ਇਜ਼ਹਾਰ ਹਰ ਸਧਾਰਨ ਸੋਝੀ ਵਾਲੇ ਵਿਅਕਤੀ ਨੂੰ ਪ੍ਰੇਸ਼ਾਨ ਕਰਨ ਵਾਲਾ ਸੀ, ਰੋਹ ਜਗਾਉਣ ਵਾਲਾ ਸੀ। ਇਸ ਰੋਹ ਪ੍ਰਗਟਾਵੇ ਦਾ ਤਿੱਖਾ ਇਜ਼ਹਾਰ ਕੌਕਰੋਚ ਜਨਤਾ ਪਾਰਟੀ ਨਾਂ ਦੇ ਸੋਸ਼ਲ ਮੀਡੀਆ ਵਿਅੰਗ ਨੂੰ ਮਿਲਿਆ ਜ਼ੋਰਦਾਰ ਹੁੰਗਾਰਾ ਸੀ। ਅਮਰੀਕਾ 'ਚ ਰਹਿੰਦੇ ਅਭਿਜੀਤ ਦੀਪਕੇ ਵੱਲੋਂ ਚੀਫ ਜਸਟਿਸ ਨੂੰ ਜਵਾਬ ਵਜੋਂ ਵਿਅੰਗ ਨੁਮਾ ਰੋਸ ਜ਼ਾਹਿਰ ਕਰਨ ਲਈ ਸੋਸ਼ਲ ਮੀਡੀਆ 'ਤੇ ਬਣਾਏ ਇਸ ਪਲੇਟਫਾਰਮ ਦੀਆਂ ਫੌਲੋਇੰਗ ਭਾਜਪਾ ਤੋਂ ਵੀ ਪਾਰ ਚਲੀ ਗਈ ਸੀ ਤੇ ਇਹ ਬਹੁਤ ਹੀ ਅਚੰਭਿਤ ਕਰਨ ਵਾਲੇ ਵਰਤਾਰੇ ਵਜੋਂ ਪੇਸ਼ ਹੋਇਆ ਸੀ। ਇਹ ਰੋਸ ਜ਼ਾਹਰ ਕਰਨ ਦਾ ਮੰਚ ਬਣ ਗਿਆ ਤੇ ਕਰੋੜਾਂ ਨੌਜਵਾਨਾਂ ਨੇ 'ਅਸੀਂ ਕੌਕਰੋਚ ਹਾਂ' ਦੀ ਬਾਗ਼ੀ ਧੁਨੀ 'ਚ ਇਸਦਾ ਜਵਾਬ ਦਿੱਤਾ। ਏਨੇ ਜ਼ੋਰਦਾਰ ਹੁੰਗਾਰੇ ਵਜੋਂ ਹੋਏ ਰੋਹ ਦੇ ਇਜ਼ਹਾਰ ਮਗਰੋਂ ਅਭਿਜੀਤ ਦੀਪਕੇ ਭਾਰਤ ਆਇਆ ਤੇ ਜਨਤਕ ਲਾਮਬੰਦੀ ਦੇ ਕਦਮ ਸਾਹਮਣੇ ਆਏ। ਪੇਪਰ ਘੁਟਾਲੇ ਦਾ ਮੁੱਦਾ ਤੇ ਇਸ ਲਈ ਸਰਕਾਰ ਦੀ ਜਵਾਬਦੇਹੀ ਦਾ ਮੁੱਦਾ ਉਭਾਰਿਆ ਗਿਆ। ਮੁਲਕ 'ਚ ਕਈ ਥਾਈਂ ਰੈਲੀਆਂ ਮਗਰੋਂ ਫਿਰ ਜੰਤਰ ਮੰਤਰ 'ਤੇ ਭੁੱਖ ਹੜਤਾਲ ਸ਼ੁਰੂ ਹੋਈ। ਇਸ ਦੌਰਾਨ ਹੀ ਲੱਦਾਖ ਦਾ ਸਿੱਖਿਆ ਤੇ ਵਾਤਾਵਰਣ ਕਾਰਕੁੰਨ ਵਜੋਂ ਜਾਣਿਆ ਜਾਂਦਾ ਸੋਨਮ ਵਾਂਗਚੁੱਕ ਵੀ ਜੁੜ ਗਿਆ। ਜੰਤਰ ਮੰਤਰ 'ਤੇ ਜੂਨ ਦੇ ਅਖੀਰ ਤੋਂ ਸ਼ੁਰੂ ਹੋਈ ਭੁੱਖ ਹੜਤਾਲ ਹੌਲੀ-ਹੌਲੀ ਮੁਲਕ ਦੇ ਲੋਕਾਂ ਦਾ ਧਿਆਨ ਖਿੱਚਣ ਲੱਗੀ। ਜਿੱਥੇ ਇੱਕ ਪਾਸੇ ਭੁੱਖ ਹੜਤਾਲ 'ਤੇ ਸੋਨਮ ਵਾਂਗਚੁੱਕ ਸੀ ਜੇ ਪੀ ਦੀ ਸਟੇਜ 'ਤੇ ਬੈਠਾ ਸੀ ਤਾਂ ਉਸੇ ਵੇਲੇ ਹੀ ਵਿਦਿਆਰਥੀ ਜਥੇਬੰਦੀਆਂ ਆਇਸਾ ਤੇ ਐਸ ਐਫ ਆਈ ਦੇ ਕਾਰਕੁੰਨ ਵੀ ਆਪੋ ਆਪਣੇ ਪੱਧਰਾਂ 'ਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰਕੇ ਬੈਠ ਗਏ। ਇਸ ਪੱਕੇ ਧਰਨੇ ਦੀਆਂ ਮੁੱਖ ਤੌਰ 'ਤੇ ਤਿੰਨ ਮੰਗਾਂ ਉੱਭਰੀਆਂ। ਮੰਤਰੀ ਦਾ ਅਸਤੀਫ਼ਾ, ਖੁਦਕੁਸ਼ੀ ਕਰ ਗਏ ਬੱਚਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਪਾਰਦਰਸ਼ੀ ਟੈਸਟ ਪ੍ਰਣਾਲੀ। ਇਹ ਸਭ ਵਰਤਾਰਾ ਜਿਵੇਂ ਵਾਪਰਿਆ, ਇਸਦਾ ਅਹਿਮ ਪਹਿਲੂ ਇਹ ਨਹੀਂ ਕਿ ਇਸ ਵਿੱਚ ਕਿਸੇ ਸ਼ਕਤੀ ਦੀ ਕੀ ਵਿਉਂਤ ਸੀ ਜਾਂ ਮਗਰੋਂ ਕੋਈ ਸ਼ਕਤੀ ਕਿਹੜੇ ਮੰਤਵਾਂ ਨਾਲ ਦਖਲ ਦੇ ਰਹੀ ਸੀ। ਮਹੱਤਵਪੂਰਨ ਪਹਿਲੂ ਇਹ ਹੈ ਕਿ ਇਹ ਸਭ ਕੁੱਝ ਵਿਦਿਆਰਥੀ ਜਨਤਾ ਦੇ ਮਨਾਂ 'ਚ ਪਲ ਰਹੇ ਰੋਹ ਨੂੰ ਮੂੰਹਾਂ ਦੇਣ ਵਾਲਾ ਅਮਲ ਹੋ ਨਿਬੜਿਆ। ਇੱਕ ਤਰ੍ਹਾਂ ਨਾਲ ਵਿਦਿਆਰਥੀ ਮਨਾਂ 'ਚ ਮੌਜੂਦਾ ਸਿੱਖਿਆ ਤੰਤਰ ਲਈ ਜਮ੍ਹਾਂ ਔਖ ਤੇ ਬੇਚੈਨੀ ਨੇ ਆਪਣੇ ਪ੍ਰਗਟਾਵੇ ਲਈ ਆਪਣੇ ਯੰਤਰ ਸਿਰਜ ਲਏ। ਚਾਹੇ ਕੋਈ ਆਪਣਾ ਸੀਮਤ ਚੌਖਟਾ ਲੈ ਕੇ ਆਇਆ ਹੋਵੇ, ਚਾਹੇ ਕੋਈ ਫੌਰੀ ਸਿਆਸੀ ਲਾਹੇ ਦੀ ਗਿਣਤੀ ਤਹਿਤ ਹਰਕਤਸ਼ੀਲ ਹੋਇਆ ਹੋਵੇ ਤੇ ਚਾਹੇ ਕੋਈ ਵਿਦਿਆਰਥੀ ਰੋਹ ਦੀਆਂ ਤਰੰਗਾਂ ਦੇ ਵਹਾਅ 'ਚ ਆਇਆ ਹੋਵੇ, ਇਹ ਸਾਰਾ ਅਮਲ ਵਿਦਿਆਰਥੀ ਜਨਤਾ ਦੀ ਬੇਚੈਨੀ ਨੂੰ ਮੂੰਹਾਂ ਦੇਣ ਤੇ ਪ੍ਰਗਟਾਉਣ ਦਾ ਅਮਲ ਬਣ ਗਿਆ ਜਿਸ ਵਿੱਚ ਕਿਸੇ ਦੀਆਂ ਅੰਤਰਮੁਖੀ ਗਿਣਤੀਆਂ ਦਾ ਸਥਾਨ ਛੋਟਾ ਰਹਿ ਗਿਆ ਜਦਕਿ ਬਾਹਰਮੁਖੀ ਤੌਰ 'ਤੇ ਉਹ ਏਸੇ ਰੋਹ ਦੇ ਉਭਾਰ ਦਾ ਵਾਹਕ ਬਣ ਗਿਆ। ਇਹ ਅਗਲਾ ਪਹਿਲੂ ਹੈ ਕਿ ਹਾਲਤਾਂ 'ਚੋ ਸਿਰਜੇ ਗਏ ਇਸ ਇੰਸਟਰੂਮੈਂਟ ਦੀ ਸੀਮਤਾਈ ਜਾਂ ਸੀਮਤ ਤੱਤ ਨੇ ਮੋੜਵੇਂ ਤੌਰ 'ਤੇ ਇਸ ਉਭਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ। ਭੁੱਖ ਹੜਤਾਲ ਦਾ ਤਰੀਕਾ ਇੱਕ ਵਾਰ ਲੋਕਾਂ ਦਾ ਧਿਆਨ ਖਿੱਚਣ ਤੇ ਮੁੱਦੇ ਨੂੰ ਉਭਾਰਨ ਦਾ ਜ਼ਰੀਆ ਬਣ ਗਿਆ। ਵਿਦਿਆਰਥੀ ਉਭਾਰ ਦਾ ਵਹਾਅ ਏਨਾ ਜ਼ੋਰਦਾਰ ਸੀ ਕਿ ਨਾ ਤਾਂ ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ ਬਿਨਾਂ ਕਿਸੇ ਮੰਗ ਦੀ ਪੂਰਤੀ ਦੇ ਖਤਮ ਕਰ ਦੇਣ ਦਾ ਕੋਈ ਨਾਂਹ-ਪੱਖੀ ਅਸਰ ਪਿਆ ਦਿਖਾਈ ਦਿੱਤਾ ਤੇ ਨਾ ਹੀ ਸੋਨਮ ਵਾਂਗਚੁੱਕ ਵੱਲੋਂ ਮੰਤਰੀਆਂ ਕੋਲੋਂ ਬਿਨਾਂ ਮੰਗ ਮਨਾਏ ਜੂਸ ਪੀ ਲੈਣਾ ਇਸ ਵਹਾਅ ਮੂਹਰੇ ਕੋਈ ਘਟਨਾ ਬਣ ਗਿਆ, ਉਹ ਗੈਰ-ਪ੍ਰਸੰਗਿਕ ਹੋ ਗਿਆ। ਵਿਦਿਆਰਥੀ ਰੋਹ ਦੇ ਸਰੋਕਾਰ ਤੇ ਮੰਗਾਂ ਗੂੜ੍ਹੀ ਤਰ੍ਹਾਂ ਪ੍ਰਸੰਗਿਕ ਹੋ ਗਈਆਂ। ਸਭ ਦਿਲਾਂ 'ਤੇ ਛਾ ਗਈਆਂ।

ਵਿਦਿਆਰਥੀ ਉਭਾਰ ਏਨਾ ਜ਼ੋਰਦਾਰ ਸੀ ਕਿ ਦਿੱਲੀ ਤੇ ਆਸ ਪਾਸ ਦੇ ਸੂਬਿਆਂ ਤੋਂ ਵਿਦਿਆਰਥੀ ਆਪ ਮੁਹਾਰੇ ਹੀ ਪਾਰਲੀਮੈਂਟ ਵੱਲ ਮਾਰਚ 'ਚ ਸ਼ਾਮਿਲ ਹੋਣ ਲਈ ਪਹੁੰਚੇ। ਇੱਕ ਦਿਨ ਪਹਿਲਾਂ ਹੀ ਪਹੁੰਚਣੇ ਸ਼ੁਰੂ ਹੋ ਗਏ ਤੇ ਕਨਾਟ ਪੈਲੇਸ ਦਾ ਪੂਰਾ ਇਲਾਕਾ ਵਿਦਿਆਰਥੀਆਂ ਨਾਲ ਭਰ ਗਿਆ ਸੀ। ਮਾਰਚ ਤੋਂ ਪਹਿਲੀ ਰਾਤ ਜੰਤਰ ਮੰਤਰ ਦੇ ਆਲੇ ਦੁਆਲੇ 'ਚ ਵਿਦਿਆਰਥੀ ਹੀ ਵਿਦਿਆਰਥੀ ਨਜ਼ਰ ਪੈਂਦੇ ਸਨ। ਇਹ ਗਿਣਤੀ ਬਹੁਤ ਵੱਡੀ ਤੇ ਸਭਨਾਂ ਹਲਕਿਆਂ ਲਈ ਅਣਕਿਆਸੀ ਸੀ। ਕਈ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਵਾਂਗਚੁੱਕ ਤੇ ਵਿਦਿਆਰਥੀ ਆਗੂਆਂ ਵੇਲੇ ਜੰਤਰ ਮੰਤਰ 'ਤੇ ਪਾਰਟੀਆਂ ਜਾਂ ਕੁੱਝ ਜਥੇਬੰਦੀਆਂ ਦੇ ਆਗੂ ਪਹੁੰਚੇ ਸਨ ਪਰ ਸਰਕਾਰ ਦਾ ਅਣਗੌਲੇ ਕਰਨ ਦਾ ਰਵੱਈਆ ਵਿਦਿਆਰਥੀ ਮਨਾਂ 'ਚ ਰੋਹ ਨੂੰ ਡੂੰਘਾ ਕਰਦਾ ਰਿਹਾ ਤੇ ਆਖਿਰ ਇਹ ਰੋਹ ਦਾ ਗੁਬਾਰ ਦਿੱਲੀ ਵੱਲ ਹੋ ਤੁਰਿਆ। ਹਕੂਮਤੀ ਜਾਬਰ ਮਸ਼ੀਨਰੀ ਨੇ ਇਕੱਠੇ ਹੋਣ ਤੋਂ ਰੋਕਣ ਤੋਂ ਲੈ ਕੇ ਖਿੰਡਾਉਣ, ਡਰਾਉਣ ਤੇ ਸਭ ਹੱਥਕੰਡੇ ਵਰਤੇ ਪਰ ਸਭ ਫੇਲ੍ਹ ਹੋ ਗਏ। ਬਿਨਾਂ ਕਿਸੇ ਅਸਰਦਾਰ ਜਾਂ ਸਥਾਪਤ ਲੀਡਰਸ਼ਿਪ ਦੀ ਅਗਵਾਈ ਤੋਂ ਵਿਦਿਆਰਥੀ ਬਾ-ਜ਼ਾਬਤਾ ਸਨ। ਪਾਰਲੀਮੈਂਟ ਤੱਕ ਜਾ ਪਹੁੰਚੇ ਸਨ ਪਰ ਸਰਕਾਰ ਨੂੰ ਜਬਰ ਢਾਹੁਣ ਲਈ ਕਿਸੇ ਤਰ੍ਹਾਂ ਦੀ ਤੋੜਭੰਨ ਦਾ ਬਹਾਨਾ ਨਾ ਮਿਲਿਆ। ਵਿਦਿਆਰਥੀ ਪੁਲਿਸ ਨਾਲ ਭਿੜੇ, ਬੇ-ਖੌਫ ਹੋ ਕੇ ਡਾਂਗਾਂ ਤੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕੀਤਾ। ਮੋਦੀ ਹਕੂਮਤ ਦਾ ਜਾਬਰ ਵਿਹਾਰ ਬਿਨਾਂ ਕਿਸੇ ਬਹਾਨੇ ਤੋਂ ਹੀ ਖੁੱਲ੍ਹ ਕੇ ਪ੍ਰਗਟ ਹੋਇਆ। ਪੈਲੇਟ ਗੰਨ ਦੀ ਵਰਤੋਂ ਵੀ ਕੀਤੀ ਗਈ ਜਿਸਨੇ ਇੱਕ ਨੌਜਵਾਨ ਦੀ ਅੱਖ ਖੋਹ ਲਈ। ਵਿਦਿਆਰਥੀ ਰੋਹ ਮੂਹਰੇ ਸਭ ਹਕੂਮਤੀ ਧਮਕੀਆਂ ਤੇ ਕਾਰਵਾਈਆਂ ਨਿਹਫ਼ਲ ਹੋ ਗਈਆਂ। ਵਿਦਿਆਰਥੀ ਜੰਮ ਗਏ ਤੇ ਜੰਤਰ ਮੰਤਰ ਮੁਲਕ ਦੀ ਜਵਾਨੀ ਦੇ ਰੋਹ ਦਾ ਮੰਚ ਬਣ ਗਿਆ। ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ 'ਤੇ ਕੀਤੇ ਜਬਰ ਨੇ ਦੇਸ਼ ਭਰ ਦੇ ਲੋਕਾਂ ਅੰਦਰ ਡਾਢੇ ਰੋਸ ਦਾ ਪਸਾਰਾ ਕੀਤਾ। ਵਿਦਿਆਰਥੀਆਂ ਦੇ ਸਰੋਕਾਰਾਂ ਦੀ ਵਾਜਬੀਅਤ ਤੇ ਸਰਕਾਰ ਦੀ ਧੱਕੇਸ਼ਾਹੀ ਦੀ ਹਕੀਕਤ ਜ਼ੋਰਦਾਰ ਢੰਗ ਨਾਲ ਮੁਲਕ ਦੇ ਅੰਬਰ 'ਤੇ ਛਾ ਗਈ ਤੇ ਦੇਸ਼ ਭਰ ਦੇ ਕਿਰਤੀ ਲੋਕਾਂ ਦੀ ਰਾਇ ਵਿਦਿਆਰਥੀਆਂ ਨਾਲ ਹੋ ਗਈ। ਹੁਣ ਭਾਜਪਾਈ ਫਿਰਕੂ ਮਸ਼ੀਨਰੀ ਪੂਰੀ ਤਰ੍ਹਾਂ ਵਿਹੁ ਘੋਲਦੀ ਦਿਖਾਈ ਦੇ ਰਹੀ ਹੈ।

ਲਗਭਗ ਹਫ਼ਤਾ ਭਰ ਜੁੜੇ ਰਹੇ ਹਜ਼ਾਰਾਂ ਵਿਦਿਆਰਥੀਆਂ ਦਾ ਇਹ ਰੋਹ ਭਰਭੂਰ ਪ੍ਰਦਰਸ਼ਨ ਨਵੀਂ ਪੀੜ੍ਹੀ ਦੇ ਨਵੇਂ ਰੰਗਾਂ ਅਨੁਸਾਰ ਆਮ ਪ੍ਰਦਰਸ਼ਨਾਂ ਨਾਲੋਂ ਨਿਵੇਕਲਾ ਸੀ। ਕੋਈ ਲਗਾਤਾਰ ਚੱਲ ਰਹੀ ਸਟੇਜ ਨਹੀਂ ਸੀ, ਕੋਈ ਬਕਾਇਦਾ ਤਕਰੀਰਾਂ ਨਹੀਂ ਸਨ। ਹਰ ਵਿਦਿਆਰਥੀ ਆਪਣੇ ਪੱਧਰ 'ਤੇ ਆਇਆ ਸੀ, ਕਿਸੇ ਨੇ ਪ੍ਰੇਰਿਤ ਕਰਕੇ ਨਹੀਂ ਲਿਆਂਦਾ ਸੀ ਤੇ ਆਪਣੇ ਵਿਸ਼ੇਸ਼ ਅੰਦਾਜ਼ ਤੇ ਇਜ਼ਹਾਰ ਨਾਲ ਹਾਜ਼ਰ ਸੀ। ਹਕੂਮਤੀ ਪਹੁੰਚ 'ਤੇ ਵਿਅੰਗ ਕਰਦੇ ਪੋਸਟਰਾਂ ਦੀ ਭਰਮਾਰ ਸੀ। ਜੰਤਰ ਮੰਤਰ ਇਲਾਕੇ ਦੀਆਂ ਕੰਧਾਂ ਪੇਂਟਿੰਗਾਂ ਤੇ ਨਾਅਰਿਆਂ ਨਾਲ ਬੋਲ ਰਹੀਆਂ ਸਨ। ਇਹ ਪ੍ਰਦਰਸ਼ਨ ਮੁਲਕ 'ਚੋਂ ਲੋਕਾਂ ਦੀ ਵਿਆਪਕ ਹਮਾਇਤ ਦਾ ਕੇਂਦਰ ਬਣ ਗਿਆ। ਇੱਥੇ ਦਿੱਲੀ ਤੇ ਆਸ ਪਾਸ ਦੇ ਇਲਾਕਿਆਂ ਦੇ ਵੱਡੀ ਉਮਰ ਦੇ ਲੋਕ ਵੀ ਪਹੁੰਚੇ। ਨਾਮੀ ਫਿਲਮੀ ਹਸਤੀਆਂ ਤੇ ਹੋਰਨਾਂ ਸਮਾਜਿਕ ਸਖਸ਼ੀਅਤਾਂ ਦੀ ਹਮਾਇਤੀ ਆਵਾਜ਼ ਉੱਠੀ, ਵਿਦਿਆਰਥੀਆਂ ਦੇ ਰੋਹ ਤੇ ਜੋਸ਼ ਨੂੰ ਜ਼ੋਰਦਾਰ ਹੁੰਗਾਰਾ ਮਿਲਿਆ। ਦਿੱਲੀ ਦੇ ਗੁਰਦੁਆਰਿਆਂ ਤੋਂ ਲੰਗਰ ਪਹੁੰਚਿਆ ਤੇ ਲੋਕਾਂ ਨੇ ਆਨਲਾਇਨ ਖਾਣੇ ਦੀ ਡਿਲਵਰੀ ਦਾ ਤਾਂਤਾ ਲਗਾ ਦਿੱਤਾ। ਦਿੱਲੀ ਤੋਂ ਇਲਾਵਾ ਮੁਲਕ ਦੇ ਕਈ ਵੱਡੇ ਸ਼ਹਿਰਾਂ 'ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਹੋਏ ਤੇ ਲਾ-ਮਿਸਾਲ ਇਕੱਠ ਹੋਏ। ਜੈਪੁਰ, ਮੁੰਬਈ, ਚੰਡੀਗੜ੍ਹ, ਕਲਕੱਤਾ,ਕੋਚੀ ਤੇ ਹੋਰਨਾਂ ਕਈ ਥਾਵਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਤੇ ਮਾਪੇ ਮੋਦੀ ਸਰਕਾਰ ਖਿਲਾਫ਼ ਸੜਕਾਂ 'ਤੇ ਨਿਕਲੇ। ਜੰਤਰ ਮੰਤਰ 'ਤੇ ਨਾ ਤਾਂ ਤਿਲ ਸੁੱਟਣ ਨੂੰ ਥਾਂ ਬਚੀ ਤੇ ਨਾ ਹੀ ਖਾਣ ਪੀਣ ਦੀ ਕੋਈ ਘਾਟ ਦਿਖੀ। ਜੋਸ਼, ਇਰਾਦਾ, ਵਿਦਿਆਰਥੀ, ਹਮਾਇਤੀ ਲੋਕ, ਭੋਜਨ ਤੇ ਭਾਵਨਾ ਸਭ ਕੁੱਝ ਸਿਖਰਾਂ ਵੱਲ ਰਿਹਾ ਸੀ। ਇਸ ਧਰਨੇ 'ਚ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਤੋਂ ਲੈ ਕੇ ਹਰ ਤਰ੍ਹਾਂ ਦੇ ਲੁੱਟ ਜਬਰ ਤੇ ਵਿਤਕਰਿਆਂ ਤੋਂ ਆਜ਼ਾਦੀ ਦੇ ਨਾਅਰੇ ਵੀ ਗੂੰਜ ਰਹੇ ਸਨ। ਸਿੱਖਿਆ ਖੇਤਰ ਦੇ ਸੰਕਟਾਂ ਦੀ ਚਰਚਾ ਹੋ ਰਹੀ ਸੀ। ਇਹ ਸਭ ਜਾਤਾਂ, ਧਰਮਾਂ, ਗੋਤਾਂ, ਇਲਾਕਿਆਂ ਨੂੰ ਕੱਟ ਕੇ ਜੁੜਿਆ ਅਜਿਹਾ ਰੋਹ ਭਰਭੂਰ ਸਮੂਹ ਸੀ ਜਿਸ ਖਿਲਾਫ਼ ਭਾਜਪਾਈ ਤਰੀਕੇ ਅਨੁਸਾਰ ਕੋਈ ਵੀ ਧਾਰਨਾ ਫੈਲਾਉਣੀ ਸੰਭਵ ਨਹੀਂ ਹੋ ਸਕੀ ਤੇ ਹਕੂਮਤ ਰੱਜ ਕੇ ਬੇਵੱਸ ਦਿਖਾਈ ਦਿੱਤੀ। ਜੰਤਰ ਮੰਤਰ 'ਤੇ ਜੁੜੀ ਇਸ ਅਤਿ ਨਵੀਂ ਪੀੜ੍ਹੀ ਨੇ ਆਪਣੇ ਅੰਦਾਜ਼ 'ਚ ਮੋਦੀ ਸਰਕਾਰ ਨੂੰ ਰੱਜ ਕੇ ਠਿੱਠ ਕੀਤਾ। ਮੀਮਜ਼ ਦਾ ਹੜ੍ਹ ਲਿਆ ਦਿੱਤਾ ਗਿਆ ਤੇ ਭਾਜਪਾ ਦੀ ਟਰੋਲ ਆਰਮੀ ਕਮਜ਼ੋਰ ਪੈ ਗਈ ਤੇ ਬੌਂਦਲੀ ਦਿਖਾਈ ਦਿੱਤੀ। ਮੋਦੀ ਨੂੰ ਖੁਦ ਅੱਧੀ-ਅੱਧੀ ਰਾਤ ਨੂੰ ਲਾਈਵ ਹੋਣ ਦਾ ਡਰਾਮਾ ਰਚਣਾ ਪਿਆ ਤੇ ਇੱਕ ਤਰ੍ਹਾਂ ਨਾਲ ਨੌਜਵਾਨਾਂ ਨੂੰ ਵਰਾਉਣ ਦਾ ਤਰਲਾ ਕਰਨਾ ਪਿਆ। ਇਸ ਰੋਹ ਦਾ ਵਹਾਅ ਏਨਾ ਜ਼ੋਰਦਾਰ ਸੀ ਕਿ ਭਾਜਪਾ ਦੇ ਸਭ ਪਿਛਾਖੜੀ ਹਥਿਆਰਾਂ ਦਾ ਜਖੀਰਾ ਅਣ-ਵਰਤਿਆ ਹੀ ਰਹਿ ਗਿਆ।ਇਹ ਜਖ਼ੀਰਾ ਹੁਣ ਮਗਰੋਂ ਵਰਤਣ ਦੀ ਜੁਅੱਰਤ ਪਈ ਹੈ। ਖਬਰਾਂ ਹਨ ਕਿ ਹੁਣ ਵਿਦਿਆਰਥੀਆਂ ਖਿਲਾਫ਼  ਜ਼ਹਰੀਲੀ ਮੁਹਿੰਮ ਵਿੱਢੀ ਗਈ ਹੈ। ਕੁੱਝ ਥਾਵਾਂ ਤੇ ਹੁਣ ਹਿੰਦੂਤਵੀ ਗ੍ਰੋਹਾਂ ਵੱਲੋਂ ਉੱਭਰੇ ਵਿਦਿਆਰਥੀ ਚਿਹਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਭਾਜਪਾਈ ਫਿਰਕੂ ਮਸ਼ਨੀਰੀ ਪੂਰੀ ਤਰ੍ਹਾਂ ਵਿਹੁ ਘੋਲਦੀ ਦਿਖਾਈ ਦੇ ਰਹੀ ਹੈ। 

ਆਖਿਰ ਬੇਵੱਸ ਹੋਈ ਭਾਜਪਾ ਸਰਕਾਰ ਨੂੰ ਮੰਤਰੀ ਤੋਂ ਅਸਤੀਫ਼ਾ ਲੈਣਾ ਪਿਆ। ਖੁਦਕੁਸ਼ੀ ਕਰ ਗਏ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਾਜ਼ਾ ਦੇਣ ਤੇ ਵਿਦਿਆਰਥੀਆਂ ਖਿਲਾਫ਼ ਦਰਜ ਕੀਤੇ ਗਏ ਕੇਸ ਰੱਦ ਕਰਨ ਦਾ ਐਲਾਨ ਕਰਨਾ ਪਿਆ। ਮੋਦੀ ਸਰਕਾਰ ਲਈ ਸਰਕਾਰ ਵਿਰੋਧੀ ਲੋਕ ਰੋਹ ਦੇ ਕੌਮਾਂਤਰੀ ਪ੍ਰਸਾਰਨ ਦਾ ਮੰਚ ਬਣ ਗਏ ਇਸ ਜਬਰਦਸਤ ਪ੍ਰਦਰਸ਼ਨ ਨੂੰ ਖਤਮ ਕਰਾਉਣਾ ਫੌਰੀ ਲੋੜ ਬਣ ਕੇ ਉੱਭਰ ਆਇਆ। ਇਹਦੀ ਮੌਜਦੂਗੀ ਹਕੂਮਤ ਨੂੰ ਰੱਤੀ ਭਰ ਵੀ ਵਾਰਾ ਨਹੀਂ ਸੀ ਖਾਂਦੀ ਸੀ। ਸਰਕਾਰ ਨੇ ਹਿਸਾਬ ਲਾ ਲਿਆ ਕਿ ਇਸਨੂੰ ਭਟਕਾਉਣਾ ਜਾਂ ਖਿੰਡਾਉਣਾ ਸੰਭਵ ਨਹੀਂ ਹੈ ਤੇ ਹੋਰ ਕਿਸੇ ਤਰ੍ਹਾਂ ਇਸਨੂੰ ਸਮੇਟਿਆ ਨਹੀਂ ਜਾ ਸਕਦਾ। ਇਸ ਲਈ ਕੌੜਾ ਅੱਕ ਚੱਬਦਿਆਂ ਹਕੂਮਤ ਨੂੰ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਲੈਣਾ ਪਿਆ ਤੇ ਇੱਕ ਤਰ੍ਹਾਂ ਦਾਅਪੇਚਕ ਤੌਰ 'ਤੇ ਪਿਛਲਮੋੜਾ ਕਰਨਾ ਪਿਆ । ਦੂਜੀਆਂ ਦੋਹੇਂ ਮੰਗਾਂ ਨੂੰ ਮੰਨਣ ਦਾ ਐਲਾਨ ਕਰਨਾ ਪਿਆ। ਦਾਖਲਾ ਟੈਸਟਾਂ ਦੀ ਪ੍ਰਕਿਰਿਆ 'ਚ ਸੁਧਾਰ ਲਈ ਸਪੈਸ਼ਲ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਗਿਆ, ਪੇਪਰ ਲੀਕ ਘੁਟਾਲਿਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਕਾਨੂੰਨ ਤਬਦੀਲ ਕੀਤਾ ਗਿਆ ਤੇ ਨਾਲ ਦੀ ਨਾਲ ਤਬਦੀਲੀ ਵਾਲਾ ਕਾਨੂੰਨ ਪਾਰਲੀਮੈਂਟ 'ਚ ਪੇਸ਼ ਵੀ ਕਰ ਦਿੱਤਾ ਗਿਆ। ਇਸ ਸਭ ਕੁੱਝ ਰਾਹੀਂ ਸਰਕਾਰ ਨੇ ਪੇਪਰ ਲੀਕ ਮਾਮਲੇ 'ਚ ਪੂਰੀ ਮੁਸਤੈਦ ਤੇ ਸੁਹਿਰਦ ਹੋਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਮਲੀ ਤੌਰ 'ਤੇ ਇਸ ਪਾਸੇ ਕੁੱਝ ਹੋ ਸਕਣ ਦਾ ਮਸਲਾ ਤਾਂ ਸਮੁੱਚੀ ਸਰਕਾਰੀ ਨੀਤੀ ਤੇ ਸਿਆਸੀ ਨੀਅਤ ਨਾਲ ਜੁੜਿਆ ਹੋਇਆ ਹੈ ਪ੍ਰੰਤੂ ਸਰਕਾਰ ਦੇ ਇਹਨਾਂ ਕਦਮਾਂ ਦੀ ਤੇਜ਼ੀ ਵਿਦਿਆਰਥੀ ਰੋਹ ਦੇ ਦਬਾਅ ਨੂੰ ਦਰਸਾਉਣ ਪੱਖੋਂ ਮਹੱਤਵਪੂਰਨ ਹੈ। ਸਰਕਾਰ ਦੇ ਮਨ 'ਚ ਬੈਠੇ ਤਹਿਕੇ ਨੂੰ ਜਾਨਣ ਪੱਖੋਂ ਮਹੱਤਵਪੂਰਨ ਹੈ ਤੇ ਸਰਕਾਰ ਵੱਲੋਂ ਠੰਡਾ ਛਿੜਕਣ ਦੀ ਮਹਿਸੂਸ ਕੀਤੀ ਜਾ ਰਹੀ ਲੋੜ ਨੂੰ ਦੇਖਣ ਪੱਖੋਂ ਮਹੱਤਵਪੂਰਨ ਹੈ। ਇਹ ਹਕੀਕਤ ਵੀ ਨੋਟ ਕਰਨ ਯੋਗ ਹੈ ਕਿ ਮੰਤਰੀ ਨੇ ਅਸਤੀਫ਼ਾ ਕਿਸੇ ਨੈਤਿਕ ਜਿੰਮੇਵਾਰੀ ਕਬੂਲਦਿਆਂ ਨਹੀਂ ਦਿੱਤਾ। ਉਹਨੇ ਅਸਤੀਫ਼ੇ ਰਾਹੀਂ ਵੀ ਭਾਜਪਾ ਵੱਲੋਂ ਜਨਤਕ ਰੋਸ ਪ੍ਰਦਰਸ਼ਨਾਂ ਨੂੰ ਦੇਸ਼ ਧ੍ਰੋਹੀ ਕਾਰਵਾਈ ਕਰਾਰ ਦੇਣ ਦੇ ਬਿਰਤਾਂਤ ਨੂੰ ਹੀ ਤਕੜਾ ਕਰਨ ਦਾ ਯਤਨ ਕੀਤਾ। ਉਸਨੇ ਕਿਹਾ ਕਿ ਪ੍ਰਦਰਸ਼ਨ ਕਾਰਨ ਪੈਦਾ ਹੋਈ ਹਾਲਤ ਦੀ ਵਰਤੋਂ ਦੇਸ਼ ਵਿਰੋਧੀ ਤੱਤਾਂ ਦੁਆਰਾਂ ਨਾ ਕੀਤੀ ਜਾ ਸਕੇ, ਇਸ ਲਈ ਉਹ ਅਸਤੀਫ਼ਾ ਦੇ ਰਿਹਾ ਹੈ। ਉਸਨੇ ਆਪਣੇ ਵੱਲੋਂ ਪੇਪਰ ਲੀਕ ਮਗਰੋਂ ਲਏ ਗਏ ਕਦਮ ਗਿਣਾਏ। ਇਉਂ ਅਸਤੀਫੇ ਰਾਹੀਂ ਉਸਨੇ ਤੇ ਸਰਕਾਰ ਨੇ ਆਪਣੇ ਸਿਆਸੀ ਪੈਂਤੜੇ ਤੋਂ ਖੜ੍ਹਕੇ, ਸੰਘਰਸ਼ ਖਿਲਾਫ਼ ਬਿਰਤਾਂਤ ਉਸਾਰੀ ਦਾ ਯਤਨ ਕੀਤਾ। ਇਹ ਪੈਂਤੜਾ ਸੀ ਜਿਥੋਂ ਖੜ੍ਹਕੇ ਵਿਦਿਆਰਥੀਆਂ ਤੇ ਜਬਰ ਢਾਹਿਆ ਗਿਆ ਸੀ। ਅਸਤੀਫ਼ਾ ਇੱਕ ਦਾਅਪੇਚਕ ਪਿਛਲਮੋੜਾ ਹੋਕੇ ਵੀ ਉਸੇ ਪੈਂਤੜੇ ਦੀ ਲਗਾਤਾਰਤਾ ਸੀ। ਇਹ ਪੈਂਤੜਾ ਹੁਣ ਮਗਰੋਂ ਪੂਰੇ ਜ਼ੋਰ ਨਾਲ ਉੱਘੜ ਆਇਆ ਹੈ। ਵਿਦਿਆਰਥੀਆਂ ਦੀ ਬੋਲ ਬਾਣੀ ਤੋਂ ਲੈਕੇ ਮੀਮਜ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੋਹਰੀ ਚਿਹਰਿਆਂ ਵਜੋਂ ਉੱਭਰੀਆਂ ਕੁੜੀਆਂ ਬਾਰੇ ਵਿਸਥਾਰੀ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਕੁੜੀਆਂ ਖਿਲਾਫ਼ ਭਾਜਪਾਈ ਆਈ.ਟੀ. ਸੈਲ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਸੁਪਰੀਮ ਕੋਰਟ ਵੀ ਪ੍ਰਦਰਸ਼ਨ ਦੇ ਦੇਸ਼ ਵਿਰੋਧੀ ਤੱਤਾਂ ਵੱਲੋਂ ਅਗਵਾ ਹੋਣ ਦੇ ਖਤਰੇ ਦੀ ਸੁਰ ਕੱਢ ਰਹੀ ਹੈ। ਇਉਂ ਵਿਦਿਆਰਥੀਆਂ ਦੇ ਜੇਤੂ ਮਨੋਬਲ ਨੂੰ ਤੋੜਨ ਤੇ ਹੋਏ ਹਰਜੇ ਦੀ ਭਰਪਾਈ ਕਰਨ ਤੇ ਵਿਦਿਆਰਥੀ ਕਾਰਕੁੰਨਾਂ ਨੂੰ ਬੇਦਿਲ ਕਰਨ ਲਈ ਭਾਜਪਾਈ ਫਿਰਕੂ ਫਾਸ਼ੀ ਹੱਥਕੰਡੇ ਪੂਰੇ ਜ਼ੋਰ ਸ਼ੋਰ ਨਾਲ ਵਰਤੇ ਜਾ ਰਹੇ ਹਨ।

ਧਰਮਿੰਦਰ ਪ੍ਰਧਾਨ ਸਰਕਾਰ ਦਾ ਸਧਾਰਨ ਮੰਤਰੀ ਨਹੀਂ ਸੀ ਸਗੋਂ ਆਰ.ਐਸ.ਐਸ ਵਾਲੇ ਪਰਿਵਾਰਕ ਪਿਛੋਕੜ ਵਾਲਾ ਮੰਤਰੀ ਸੀ ਤੇ ਕੌਮੀ ਸਿੱਖਿਆ ਨੀਤੀ 2020 ਦੇ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਪਿਛਲੇ 6 ਸਾਲਾਂ ਤੋਂ ਜੁਟਿਆ ਹੋਇਆ ਸੀ। ਚੋਣਾਂ 'ਚ ਭਾਜਪਾ ਦਾ ਅਹਿਮ ਰਣਨੀਤੀਕਾਰ ਸੀ ਤੇ ਕਈ ਸੂਬਿਆਂ 'ਚ ਚੋਣਾਂ ਜਿਤਾਉਣ ਦਾ ਸਿਹਰਾ ਸਜਾਈ ਫਿਰਦਾ ਸੀ। ਉਸਦਾ ਅਸਤੀਫ਼ਾ ਸਰਕਾਰ ਲਈ ਸਧਾਰਨ ਮਾਮਲਾ ਨਹੀਂ ਸੀ, ਇਸ ਲਈ ਪਹਿਲਾਂ ਮੰਤਰਾਲਾ ਬਦਲਣ ਦੀਆਂ ਪੇਸ਼ਕਸ਼ਾਂ ਕੀਤੀਆਂ ਗਈਆਂ ਪਰ ਦਾਲ ਨਾ ਗਲਦੀ ਦੇਖ ਕੇ ਸਰਕਾਰ ਨੂੰ ਝੁਕਣਾ ਪਿਆ। ਉਂਝ ਮਗਰੋਂ ਪਾਰਲੀਮੈਂਟ 'ਚ ਉਸਦਾ ਕੀਤਾ ਜਬਰਦਸਤ ਸਵਾਗਤ ਹਕੂਮਤ 'ਚ ਉਸਦੀ ਥਾਂ ਨੂੰ ਦਰਸਾਉਂਦਾ ਹੈ ਤੇ ਅਜੇ ਵੀ ਉਸਨੂੰ ਉਚਿਆਉਣ ਤੇ ਸਨਮਾਨਣ ਰਾਹੀਂ ਭਾਜਪਾ ਦੀ ਪਹੁੰਚ ਝਲਕਦੀ ਹੈ। ਇਹ ਇੱਕ ਤਰ੍ਹਾਂ ਨਾਲ ਲੱਖਾਂ ਵਿਦਿਆਰਥੀਆਂ ਤੇ ਲੋਕਾਂ ਦੀ ਰਜ਼ਾ ਦਾ ਅਪਮਾਨ ਕਰਨਾ ਵੀ ਹੈ। ਇਉਂ ਕਰਕੇ ਭਾਜਪਾ ਆਪਣੇ ਪਿਛਾਖੜੀ ਉਦੇਸ਼ਾਂ ਦੇ ਝੰਡਾਬਰਦਾਰ ਨੁਮਾਇੰਦਿਆਂ ਦੀ ਰਾਖੀ ਦਾ ਐਲਾਨ ਵੀ ਕਰ ਰਹੀ ਹੈ। ਭਾਜਪਾ ਦੇ ਇਹਨਾਂ ਮਨਸੂਬਿਆਂ ਦੇ ਬਾਵਜੂਦ ਵਿਦਿਆਰਥੀ ਰੋਸ ਉਭਾਰ ਮਿਸਾਲੀ ਪਿਰਤਾਂ ਪਾ ਚੁੱਕਿਆ ਹੈ। ਮੁਲਕ ਦੀ ਜਵਾਨੀ ਨੂੰ ਉਸਦੀ ਏਕਤਾ ਤੇ ਸੰਘਰਸ਼ ਦੀ ਤਾਕਤ ਦਾ ਅਹਿਸਾਸ ਕਰਵਾ ਚੁੱਕਿਆ ਹੈ ਤੇ ਅਗਾਂਹ ਲਈ ਇਸ ਤਾਕਤ ਦੀ ਓਟ ਦਾ ਅਹਿਸਾਸ ਪੈਦਾ ਕਰ ਚੁੱਕਿਆ ਹੈ। ਸਰਕਾਰ ਦੇ ਹਰ ਤਰ੍ਹਾਂ ਦੇ ਯਤਨਾਂ ਦੇ ਬਾਵਜੂਦ ਇਹ ਅਹਿਸਾਸ ਖੋਹਿਆ ਨਹੀਂ ਜਾ ਸਕਦਾ ਤੇ ਇਸਨੇ ਅਗਲੇ ਸਫ਼ਰ ਦਾ ਅਧਾਰ ਬਣਨਾ ਹੈ।   


No comments:

Post a Comment