Thursday, August 6, 2026

ਸਿੱਖਿਆ ਤੇ ਰੁਜ਼ਗਾਰ ਸੰਕਟਾਂ ਦੀ ਗੂੰਜ ਬਣਦਾ ਵਿਦਿਆਰਥੀ ਸੰਘਰਸ਼


ਮੁਲਕ ਦੀ ਜਵਾਨੀ ਲਈ ਸਿੱਖਿਆ ਤੇ ਰੁਜ਼ਗਾਰ ਦੇ ਹੱਕ ਦੀ ਪੈ ਰਹੀ ਮਾਰ ਆਖਿਰ ਨੂੰ ਜੋਰਦਾਰ ਰੋਹ ਦੀ ਗੂੰਜ ਬਣ ਕੇ ਮੁਲਕ 'ਚ ਸੁਣਾਈ ਦਿੱਤੀ ਹੈ। ਚਾਹੇ ਨੀਟ ਪੇਪਰ ਦੇ ਪ੍ਰਸੰਗ 'ਚ ਮੰਤਰੀ ਦੇ ਅਸਤੀਫੇ ਦਾ ਮਾਮਲਾ ਉੱਭਰਿਆ ਹੈ ਪਰ ਇਸ ਦੀ ਤਹਿ ਹੇਠਾਂ ਤਾਂ ਵਿਦਿਆਰਥੀ ਮਨਾਂ 'ਚ ਜਮਾਂ ਹੋ ਚੁਕਿਆ ਰੋਸ ਹੈ। ਸਿੱਖਿਆ ਦਾ ਖੇਤਰ ਦਹਾਕਿਆਂ ਤੋਂ ਨਵ ਉਦਾਰਵਾਦੀ ਨੀਤੀਆਂ ਦੇ ਹਮਲੇ ਦੀ ਮਾਰ ਹੇਠ ਹੈ ਤੇ ਰਾਜ ਵੱਲੋਂ ਇਸ ਦੀ ਜਿੰਮੇਵਾਰੀ  ਤੋਂ ਸੁਰਖਰੂ ਹੁੰਦੇ ਜਾਣ ਕਰਕੇ ਇਹ ਹੁਣ ਕਾਰੋਬਾਰੀਆਂ ਲਈ ਅੰਨ੍ਹੀ ਲੁੱਟ ਦੇ ਖੇਤਰ 'ਚ ਤਬਦੀਲ ਹੋ ਚੁੱਕਿਆ ਹੈ। ਕੋਠਾਰੀ ਕਮਿਸ਼ਨ ਵੱਲੋਂ ਸਿੱਖਿਆ 'ਤੇ ਮੁਲਕ ਦੇ ਕੁੱਲ ਬਜਟ ਦਾ ਛੇ ਪ੍ਰਤੀਸ਼ਤ ਤੱਕ ਖਰਚਣ ਦੀਆਂ ਸਿਫਾਰਿਸ਼ਾਂ ਕੀਤੀਆਂ ਹੋਈਆਂ ਹਨ ਪਰ ਇਹ ਹਕੀਕਤ ਵਿੱਚ 2.7 ਪ੍ਰਤੀਸ਼ਤ ਤੱਕ ਹੀ ਪਹੁੰਚਿਆ ਹੈ। ਸਿੱਖਿਆ ਦਾ ਗੈਰ ਸਰਕਾਰੀ ਖੇਤਰ ਪਿਛਲੇ ਦਹਾਕਿਆਂ 'ਚ ਬਹੁਤ ਵੱਡਾ ਹੋ ਗਿਆ ਹੈ ਤੇ ਇਹ ਨਿਵੇਸ਼ ਦਾ ਵੱਡਾ ਕਾਰੋਬਾਰ ਬਣ ਗਿਆ ਹੈ। ਵਿਦੇਸ਼ੀ ਯੂਨਿਵਰਿਸਟੀਆਂ ਤੇ ਨਿੱਜੀ ਯੂਨੀਵਰਿਸਟੀਆਂ ਖੁੰਭਾਂ ਵਾਂਗ ਉੱਗ ਆਈਆਂ ਹਨ। ਵੱਡੇ ਵੱਡੇ ਕਾਰੋਬਾਰੀਆਂ ਲਈ ਸਿੱਖਿਆ ਖੇਤਰ ਮੁਨਾਫ਼ਾ ਮੁਖੀ ਕਾਰੋਬਾਰਾਂ ਦੀ ਮਨਭਾਉਂਦੀ ਤਾਂ ਬਣ ਚੁੱਕਿਆ ਹੈ ਜਿੱਥੇ ਮੋਟੇ ਮੁਨਾਫ਼ਿਆਂ ਦੀਆਂ ਉਮੀਦਾਂ ਨਾਲ ਪੈਸਾ ਲਾਇਆ ਜਾਂਦਾ ਹੈ। ਇਸ ਦਾ ਇੱਕ ਸਿੱਟਾ ਹੈ ਕਿ1990-91 ਤੋਂ ਲੈ ਕੇ 2017-18 ਤੱਕ ਪਹੁੰਚਦਿਆਂ ਮੁਲਕ ਅੰਦਰ ਘਰਾਂ ਦੇ ਬਜਟਾਂ 'ਚ ਸਿੱਖਿਆ ਦਾ ਖਰਚਾ ਦੁਗਣਾ ਹੋ ਗਿਆ ਸੀ ਜਿਹੜਾ ਹੁਣ ਉਸ ਤੋਂ ਵੀ ਅੱਗੇ ਪਹੁੰਚ ਚੁੱਕਿਆ ਜਾਪਦਾ ਹੈ। ਅੱਤ ਦੀ ਮਹਿੰਗੀ ਸਿੱਖਿਆ ਤੇ ਅੱਗੇ ਰੁਜ਼ਗਾਰ ਦੀ ਭਾਰੀ ਬੇਚੈਨੀ ਬੱਚਿਆਂ ਤੇ ਮਾਪਿਆਂ, ਸਭਨਾਂ ਨੂੰ ਤਿੱਖੀ ਬੇਚੈਨੀ ਦੀ ਹਾਲਤ 'ਚੋਂ ਲੰਘਾ ਰਹੀ ਹੈ।

ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਮਿਲਣ ਦੀਆਂ ਉਮੀਦਾਂ ਨੇ ਬੱਚਿਆਂ ਨੂੰ ਕਾਲਜਾਂ 'ਚ ਭੇਜਣ ਦੀ ਗਿਣਤੀ ਵਧਾਈ ਹੈ ਕਿਉਂਕਿ ਸਰੀਰਕ ਤੇ ਦਿਮਾਗੀ ਕਿਰਤ ਦੇ  ਮੁੱਲ 'ਚ ਵੱਡਾ ਪਾੜਾ ਮੌਜੂਦ ਹੈ ਅਤੇ ਕੰਮ ਤੇ ਜਿਉਣ ਹਾਲਤਾਂ 'ਚ ਵੀ ਜ਼ਮੀਨ ਅਸਮਾਨ ਦਾ ਫਰਕ ਰਹਿੰਦਾ ਹੈ। ਸਰੀਰਕ ਕੰਮ ਕਰਨ ਵਾਲੇ ਬਹੁਤ ਨੀਵੀਆਂ ਉਜਰਤਾਂ 'ਤੇ ਜਿਉਂਦੇ ਹਨ।  ਖਾਸ ਕਰਕੇ ਸੰਨ 2000 ਤੋਂ ਬਾਅਦ ਕਾਲਜਾਂ 'ਚ ਪਹੁੰਚਣ ਵਾਲੇ ਵਿਦਿਆਰਥੀਆਂ ਦੀ ਗਿਣਤੀ 4.90 ਕਰੋੜ ਤੋਂ ਵੱਧ ਕੇ 14.90 ਕਰੋੜ ਤੱਕ ਪਹੁੰਚੀ ਹੈ। ਇਸ ਵਿੱਚ ਲਗਭਗ ਤੀਜਾ ਹਿੱਸਾ ਗਰੀਬ ਪਰਿਵਾਰਾਂ ਦਾ ਹੈ। ਇਸ ਸਾਰੇ ਅਰਸੇ 'ਚ ਸਰਕਾਰੀ ਸਿੱਖਿਆ ਖੇਤਰ ਦਾ ਪਸਾਰਾ ਨਾਮ ਮਾਤਰ ਹੋਇਆ ਹੈ ਜਦਕਿ ਇਹ ਸਾਰੀ ਥਾਂ ਪ੍ਰਾਈਵੇਟ ਕਾਰੋਬਾਰੀਆਂ ਵੱਲੋਂ ਭਰੀ ਗਈ ਹੈ ਤੇ ਇਉਂ ਇਹ ਖੇਤਰ ਨਿੱਜੀ ਕਾਰੋਬਾਰੀਆਂ ਲਈ ਮੁਨਾਫ਼ੇ ਦੀ ਖਾਣ ਬਣ ਗਿਆ ਹੈ। ਪ੍ਰਾਈਵੇਟ ਵਿਦਿਅਕ ਸੰਸਥਾਵਾਂ ਖੁੰਭਾਂ ਵਾਂਗ ਉੱਗੀਆਂ ਹਨ। ਇਸ ਵੇਲੇ ਦੇਸ਼ ਵਿਚ ਉੱਚ ਸਿੱਖਿਆ ਸੰਸਥਾਵਾਂ ਦੀ ਗਿਣਤੀ 69534 ਹੈ। 1980 ਤੱਕ ਉੱਚ ਸਿੱਖਿਆ ਸੰਸਥਾਵਾਂ 'ਚ ਸਰਕਾਰੀ ਖੇਤਰ ਅੱਧ ਤੱਕ ਸੀ ਜਦ ਕਿ ਹੁਣ ਪ੍ਰਾਈਵੇਟ ਖੇਤਰ ਕੁੱਲ ਉੱਚ ਸਿੱਖਿਆ ਸੰਸਥਾਵਾਂ ਚ 80% ਤੱਕ ਦਾ ਹਿੱਸਾ ਮੱਲ ਚੁੱਕਿਆ ਹੈ। ਇਹ ਸਾਰਾ ਖੇਤਰ ਅੰਨ੍ਹੀ ਲੁੱਟ ਦਾ ਖੇਤਰ ਹੈ। ਪ੍ਰਾਈਵੇਟ ਖੇਤਰ ਦਾ ਤਰਕ ਮੁਨਾਫ਼ਾ ਹੈ, ਇਹਦਾ ਸਿੱਟਾ ਸਿੱਖਿਆ ਦੀ ਗੁਣਵੱਤਾ ਮਾਰੇ ਜਾਣ 'ਚ ਵੀ ਨਿਕਲਦਾ ਹੈ। 

ਰੁਜਗਾਰ ਮੌਕਿਆਂ ਦੀ ਭਾਰੀ ਤੋਟ ਸਿੱਖਿਆ ਖੇਤਰ ਅੰਦਰ ਹੋਰ ਵੀ ਜਿਆਦਾ ਦਬਾਅ ਤੇ ਤਣਾਅ ਨੂੰ ਜਨਮ ਦਿੰਦੀ ਹੈ। ਪੜ੍ਹਿਆਂ ਲਿਖਿਆਂ ਲਈ ਨੌਕਰੀਆਂ ਦਾ ਸੰਕਟ ਬਹੁਤ ਡੂੰਘਾ ਹੈ ਪਿਛਲੇ ਸਾਲਾ ਚ 10 ਕਰੋੜ ਗਰੈਜੂਏਟਾਂ 'ਚੋਂ ਸਿਰਫ  5.6 ਕਰੋੜ ਨੂੰ ਹੀ ਕੰਮ ਮਿਲਿਆ ਹੈ ਤੇ ਉਹਨਾਂ 'ਚੋਂ ਸਿਰਫ 34% ਨੂੰ ਹੀ ਤਨਖਾਹਾਂ ਵਾਲੀ ਨੌਕਰੀ ਮਿਲੀ ਹੈ। ਬਾਕੀ 22 ਮਿਲੀਅਨ ਦਿਹਾੜੀਦਾਰ ਕੰਮ ਜਾਂ ਸਵੈ ਰੁਜਗਾਰ ਜੁਗਾੜਾਂ ਚ ਲੱਗੇ ਹਨ।  ਕਾਲਜ 'ਚੋ ਪਾਸ ਹੁੰਦੇ 12 ਗ੍ਰੈਜੂਏਟਾਂ ਚੋਂ ਸਿਰਫ ਇੱਕ ਨੂੰ ਹੀ ਉਸਦੀ ਪੜ੍ਹਾਈ ਤੇ ਯੋਗਤਾ ਅਨੁਸਾਰ ਨੌਕਰੀ ਮਿਲਦੀ ਹੈ। 2022 ਦੇ ਇੱਕ ਸਰਵੇ ਅਨੁਸਾਰ ਫੂਡ ਡਿਲੀਵਰੀ ਦਾ ਕੰਮ ਕਰਦੇ ਨੌਜਵਾਨਾਂ ਦਾ ਤੀਜਾ ਹਿੱਸਾ ਗਰੈਜੂਏਟ ਹੈ। ਨੌਕਰੀਆਂ ਦੀ ਤਲਾਸ਼ 'ਚ ਜੁਟੀ ਇਨੀ ਵੱਡੀ ਗਿਣਤੀ ਹੈ ਜਿਸ ਕਾਰਨ ਉਜਰਤਾਂ ਹੋਰ ਵੀ ਥੱਲੇ ਸੁੱਟੀਆਂ ਜਾਂਦੀਆਂ ਹਨ। 2011 ਤੋਂ ਲੈ ਕੇ ਗਰੈਜੂਏਟਾਂ ਦੀਆਂ ਅਸਲ ਉਜਰਤਾਂ 'ਚ ਘਾਟੇ ਦਾ ਰੁਝਾਨ ਦਿਖਦਾ ਹੈ। ਨੌਜਵਾਨਾਂ 'ਚ ਪੜਾਈਆਂ ਵਿਚਾਲੇ ਛੱਡ ਕੇ ਕੰਮ ਛੱਡਣ ਦੀ ਹਾਲਤ ਆਮ ਹੋ ਜਾਣ ਦੇ ਝਲਕਾਰੇ ਮਿਲ ਰਹੇ ਹਨ। ਉਚੇਰੀ ਸਿੱਖਿਆ 'ਚ ਪਿਛਲੇ ਸੱਤ ਸਾਲਾਂ ਦੌਰਾਨ ਇਹਨਾਂ ਦਾ ਹਿੱਸਾ 38% ਤੋਂ ਘੱਟ ਕੇ 34% ਹੋਇਆ ਹੈ ਤੇ ਵੱਡੇ ਹਿੱਸੇ ਦਾ ਕਹਿਣਾ ਹੈ ਕਿ ਪੜ੍ਹਾਈ ਦੇ ਖਰਚੇ ਚੁੱਕਣ ਦੀ ਆਰਥਿਕਤਾ ਨਾ ਹੋਣ ਕਰਕੇ ਕਾਲਜ ਛੱਡਣੇ ਪੈ ਰਹੇ ਹਨ। ਕਿਰਤ ਮੰਡੀ 'ਚ ਵੀ ਹਾਲਤ ਬਹੁਤ ਖਰਾਬ ਹੈ। ਇਹ ਮੰਡੀ ਕਾਲਜਾਂ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਇਆਂ ਨੂੰ ਸਮੋਣ ਦੀ ਹਾਲਤ 'ਚ ਨਹੀਂ ਹੈ। ਪਿਛਲੇ ਸਮੇਂ ਚ ਗਰੈਜੂਏਟਾਂ ਚ ਬੇਰੁਜ਼ਗਾਰੀ ਦੀ ਦਰ 40 ਫੀਸਦੀ ਤੱਕ ਵਧੀ ਹੈ। ਕੁਲ ਰੁਜਗਾਰ 'ਚ ਪਬਲਿਕ ਸੈਕਟਰ ਦਾ ਹਿੱਸਾ 1993-94 5.2 % ਤੋਂ ਘੱਟ ਕੇ 2011-12 ਚ 3.7% ਰਹਿ ਗਿਆ ਹੈ। ਨਿੱਜੀਕਰਨ ਦੀਆਂ ਨੀਤੀਆਂ ਨੇ ਇੱਥੇ ਵੀ ਰੁਜ਼ਗਾਰ ਦਾ ਉਜਾੜਾ ਕੀਤਾ ਹੈ। ਇਉ ਹੀ ਸੰਨ 2000 ਤੋਂ ਮਗਰੋਂ ਜਿਸ 5-10% ਆਬਾਦੀ ਦੀ ਮੰਗ ਦੇ ਸਿਰ 'ਤੇ ਵਿਕਾਸ ਵਿਉਂਤਿਆ ਗਿਆ ਸੀ, ਉਸ ਵਿਕਾਸ ਨੇ ਨਾ-ਮਾਤਰ ਰੁਜਗਾਰ ਪੈਦਾ ਕੀਤਾ ਹੈ। ਵਿਦੇਸ਼ੀ ਸਮਾਨ ਜਾਂ ਉੱਚ ਪੱਧਰੀ ਤਕਨੀਕ ਨਾਲ ਬਣਦੇ ਐਸੋ-ਇਸ਼ਰਤ ਵਾਲੇ ਸਮਾਨ ਦੀ ਮੰਗ 'ਤੇ ਆਧਾਰਤ ਇਸ ਵਿਕਾਸ ਦਾ ਮੁਲਕ ਦੇ ਕਰੋੜਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕੋਈ ਤਰੀਕਾ ਨਹੀਂ ਸੀ।  ਇਉਂ ਰੁਜ਼ਗਾਰ ਦਾ ਸੰਕਟ ਇੰਨਾ ਡੂੰਘਾ ਤੇ ਤਿੱਖਾ ਹੈ ਕਿ ਸਭ ਕੁਝ ਝੋਕ ਕੇ ਉੱਚ ਸਿੱਖਿਆ ਦੇ ਬਾਜ਼ਾਰ ਚੋਂ ਖੁੰਗਲ ਹੋ ਕੇ ਆਏ ਨੌਜਵਾਨ ਮੂਹਰੇ ਬੇਰੁਜ਼ਗਾਰੀ ਦੀ ਦਲਦਲ ਵਿੱਚ ਆ ਡਿੱਗਦੇ ਹਨ। ਇਹ ਹਾਲਤ ਮੁਲਕ ਦੀ ਜਵਾਨੀ ਤੇ ਉਸਦੇ ਮਾਪਿਆਂ ਅੰਦਰ ਤਿੱਖੇ ਰੋਹ ਨੂੰ ਜਗਾਉਣ ਦਾ ਕਾਰਨ ਬਣ ਰਹੀ ਹੈ। ਇਸ਼ ਲਈ ਨੀਟ ਪੇਪਰ ਘੁਟਾਲਾ ਤਾਂ ਇੱਕ ਵਕਤੀ ਨੁਕਤਾ ਹੀ ਹੈ। ਜੰਤਰ ਮੰਤਰ 'ਤੇ ਡਟੀ ਜਵਾਨੀ ਤੇ ਮੁਲਕ ਭਰ ਅੰਦਰ ਸੜਕਾਂ 'ਤੇ ਆਏ ਵਿਦਿਆਰਥੀ ਇਸੇ  ਚਿਰਾਂ ਤੋਂ ਜਮ੍ਹਾਂ ਹੋਏ ਰੋਹ ਦਾ ਇਜ਼ਹਾਰ ਕਰ ਰਹੇ ਸਨ।

--0--

No comments:

Post a Comment