ਕਾ. ਅਜਾਇਬ ਦਾ ਜੀਵਨ: ਇਨਕਲਾਬ ਨੂੰ ਸਮਰਪਿਤ ਸ਼ਾਨਮੱਤਾ ਸਫ਼ਰ
ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਫਲੇ 'ਚੋਂ ਵਿਛੜ ਗਏ ਸਾਥੀਆਂ ਦੀ ਕਤਾਰ 'ਚ ਪਿਛਲੇ ਦਿਨੀਂ ਇਕ ਨਾਮ ਹੋਰ ਜੁੜ ਗਿਆ। ਪੇਸ਼ਾਵਰ ਇਨਕਲਾਬੀ ਵਜੋਂ ਦਹਾਕਿਆਂ ਤੋਂ ਕਮਿਊਨਿਸਟ ਇਨਕਲਾਬੀ ਲਹਿਰ 'ਚ ਡਟੇ ਹੋਏ ਸਾਥੀ ਅਜਾਇਬ ਸਿੰਘ ਜੂਨ ਮਹੀਨੇ ਵਿਛੋੜਾ ਦੇ ਗਏ। ਕਿਰਤੀ ਲੋਕਾਂ ਦੀ ਜ਼ਿੰਦਗੀ 'ਚ ਖੁਸ਼ਹਾਲੀ ਲਿਆਉਣ ਵਾਲਾ ਨਵਾਂ ਸਮਾਜ ਤੇ ਰਾਜ ਉਸਾਰਨ ਦੇ ਮਹਾਨ ਮਿਸ਼ਨ ਨੂੰ ਸਮਰਪਿਤ ਸਫ਼ਰ ਅਮਰ ਪੈੜਾਂ ਪਾਉਂਦਾ ਹੋਇਆ ਆਖ਼ਿਰ ਥੰਮ੍ਹ ਗਿਆ। ਪੰਜਾਬ ਦੀ ਇਨਕਲਾਬੀ ਲਹਿਰ , ਇਸਦੇ ਸੰਗੀਆਂ ਤੇ ਸ਼ੁਭ-ਚਿੰਤਕਾਂ ਲਈ ਇਹ ਡਾਢੇ ਦੁੱਖ ਦੀਆਂ ਘੜੀਆਂ ਹਨ ਪਰ ਨਾਲ ਹੀ ਇਹ ਸਾਥੀ ਅਜਾਇਬ ਦੇ ਸ਼ਾਨਾਂਮੱਤੇ ਸਫ਼ਰ 'ਤੇ ਫ਼ਖ਼ਰ ਕਰਨ ਦੀਆਂ ਘੜੀਆਂ ਵੀ ਹਨ। ਉਸਨੇ ਜਵਾਨੀ ਪਹਿਰੇ ਵੇਲੇ ਤੋਂ ਜ਼ਿੰਦਗੀ ਲੋਕਾਂ ਲੇਖੇ ਲਾਉਣ ਦੇ ਬੋਲ ਪੁਗਾ ਕੇ ਦਿਖਾਏ ਹਨ। ਸਾਰੀ ਜ਼ਿੰਦਗੀ ਆਪਣੀ ਸਮੁੱਚੀ ਸ਼ਕਤੀ ਤੇ ਸਮਰੱਥਾ ਮਨੁੱਖਤਾ ਦੀ ਮੁਕਤੀ ਦੇ ਮਹਾਨ ਕਾਜ਼ ਲੇਖੇ ਲਾਈ ਹੈ। ਅਥਾਹ ਮੁਸ਼ਕਲਾਂ ਤੇ ਉਤਰਾਵਾਂ- ਚੜਾਵਾਂ ਵਾਲੇ ਸਿਦਕਵਾਨ ਸਫ਼ਰ ਵਿੱਚ ਸਾਥੀ ਅਜਾਇਬ ਨੇ ਪੂਰੀ ਸ਼ਾਨ ਨਾਲ ਨਿਭ ਕੇ ਦਿਖਾਇਆ ਹੈ ਕਿ ਕਮਿਊਨਿਸਟ ਇਨਕਲਾਬੀ ਕਿਸ ਮਿੱਟੀ ਦੇ ਬਣੇ ਹੁੰਦੇ ਹਨ ਤੇ ਲੋਕ ਮੁਕਤੀ ਦੇ ਕਾਜ ਨਾਲ ਵਫ਼ਾ ਕਿਵੇਂ ਨਿਭਾਉਂਦੇ ਹਨ।
ਸਾਥੀ ਅਜਾਇਬ ਦਾ ਇਹ ਫ਼ਖਰਯੋਗ ਸਫ਼ਰ 1960ਵਿਆਂ ਦੇ ਐਨ ਅੰਤਲੇ ਸਾਲਾਂ 'ਚ ਸ਼ੁਰੂ ਹੋਇਆ ਜਦੋਂ ਪੱਛਮੀ ਬੰਗਾਲ ਦੀ ਧਰਤੀ ਤੋਂ ਨਕਸਲਵਾੜੀ ਕਿਸਾਨ ਬਗਾਵਤ ਦੀ ਗਰਜ ਨੇ ਮੁਲਕ ਦੇ ਨੌਜਵਾਨਾਂ ਨੂੰ ਇਨਕਲਾਬ ਦੇ ਪੰਧ 'ਤੇ ਪੈਰ ਟਿਕਾਉਣ ਲਈ ਹਲੂਣ ਦਿੱਤਾ। ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ ਵਾਂਗ ਪੰਜਾਬ 'ਚ ਵੀ ਸੈਂਕੜੇ ਨੌਜਵਾਨ ਸ਼ਹੀਦ ਭਗਤ ਸਿੰਘ ਦੇ ਲੋਕ ਇਨਕਲਾਬ ਦੇ ਆਦਰਸ਼ਾਂ ਦੇ ਲੇਖੇ ਲੱਗ ਕੇ ਜਿਉਣ ਲਈ ਇਸ ਲਹਿਰ ਚ ਕੁੱਦ ਪਏ। ਕਾਲਜਾਂ- ਯੂਨੀਵਰਸਿਟੀਆਂ ਦੀਆਂ ਪੜ੍ਹਾਈਆਂ ਤਿਆਗ ਕੇ ਤੇ ਸੁਖ ਆਰਾਮ ਵਾਲ਼ੀ ਜ਼ਿੰਦਗੀ ਦੇ ਜ਼ਾਤੀ ਸੁਪਨੇ ਤੇ ਖਾਹਿਸ਼ਾਂ ਰੱਦ ਕੇ ਲੋਕਾਂ ਨੂੰ ਇਨਕਲਾਬ ਲਈ ਤਿਆਰ ਕਰਨ ਦੇ ਕਾਰਜ ਨੂੰ ਸਮਰਪਿਤ ਹੋ ਤੁਰੇ। ਪਿੰਡ ਚੱਕ ਸਿੰਘਾ (ਗੜ੍ਹ ਸ਼ੰਕਰ, ਹੁਸ਼ਿਆਰਪੁਰ) ਦੇ ਬਹੁਤ ਮਿਹਨਤੀ ਕਿਸਾਨ ਪਰਿਵਾਰ 'ਚ ਜਨਮਿਆ ਸਾਥੀ ਅਜਾਇਬ ਓਦੋਂ ਪਰੈੱਪ ਦੀ ਪੜ੍ਹਾਈ ਕਰ ਚੁੱਕਿਆ ਸੀ ਤੇ ਘਰ ਦੇ ਖੇਤੀ ਦੇ ਕੰਮਾਂ ਚ ਹੱਥ ਵਟਾਇਆ ਕਰਦਾ ਸੀ। ਸਾਥੀ ਅਜਾਇਬ ਦਾ ਪਿਤਾ ਪਹਿਲਾਂ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਪ੍ਰਭਾਵ 'ਚ ਸੀ ਤੇ ਘਰ 'ਚ ਉਸਾਰੂ ਕਮਿਊਨਿਸਟ ਵਿਚਾਰਾਂ ਦਾ ਪ੍ਰਭਾਵ ਸੀ। ਨਕਸਲਬਾੜੀ ਲਹਿਰ ਦੇ ਉਭਾਰ ਦੇ ਮੁਢਲੇ ਸਾਲਾਂ ਚ ਦੁਆਬਾ ਖੇਤਰ ਵਿਸ਼ੇਸ਼ ਕਰਕੇ ਕਮਿਊਨਿਸਟ ਇਨਕਲਾਬੀਆਂ ਦੀਆਂ ਸਰਗਰਮੀਆਂ ਦੇ ਇੱਕ ਅਹਿਮ ਕੇਂਦਰ ਵਜੋਂ ਉੱਭਰਿਆ ਸੀ। ਗਦਰੀ ਬਾਬਿਆਂ, ਬੱਬਰ ਅਕਾਲੀਆਂ ਤੇ ਹੋਰਨਾ ਦੇਸ਼ ਭਗਤ ਇਨਕਲਾਬੀਆਂ ਦੇ ਪਿੰਡਾਂ 'ਚ ਰਮੀ ਪਈ ਲੋਕ ਮੁਕਤੀ ਸੰਗਰਾਮਾਂ ਦੀ ਵਿਰਾਸਤ ਨਵੀਂ ਪੀੜ੍ਹੀ ਦੇ ਨੌਜਵਾਨਾਂ ਸਨਮੁੱਖ ਲਿਸ਼ਕ ਉੱਠੀ ਸੀ। ਅੰਗਰੇਜ਼ ਬਸਤੀਵਾਦੀਆਂ ਖਿਲਾਫ ਜੂਝੇ ਗੰਧਰਵਸੇਨ ਤੇ ਬਾਬਾ ਬੂਝਾ ਸਿੰਘ ਵਰਗੇ ਪੁਰਾਣੇ ਸੰਗਰਾਮੀਏ ਵੀ ਨਕਸਲਵਾੜੀ ਬਗਾਵਤ ਤੋਂ ਪ੍ਰੇਰਨਾ ਲੈ ਕੇ ਇਨਕਲਾਬੀ ਲਹਿਰ 'ਚ ਚੜ੍ਹਦੀ ਜਵਾਨੀ ਵਾਲੇ ਜੋਸ਼ ਨਾਲ ਕੁੱਦ ਪਏ ਸਨ। ਨੂਰ ਮਹਿਲ ਤੋਂ ਗੰਧਰਵ ਸੇਨ ਤੇ ਉਹਨਾਂ ਦੀ ਧੀ ਸੁਰਿੰਦਰ ਕੁਮਾਰੀ ਕੋਛੜ ਵੱਲੋਂ ਗੁਪਤ ਰੂਪ 'ਚ ਲੋਕ ਯੁੱਧ ਨਾਂ ਦਾ ਪਰਚਾ ਛਾਪਿਆ ਜਾ ਰਿਹਾ ਸੀ। ਸਾਥੀ ਅਜਾਇਬ ਦੇ ਇਲਾਕੇ ਗੜ੍ਹਸ਼ੰਕਰ ਤੇ ਉਸ ਤੋਂ ਪਾਰਲੇ ਨੀਮ ਪਹਾੜੀ ਇਲਾਕੇ ਦੇ ਖੇਤਰਾਂ ਨੂੰ ਇਨਕਲਾਬੀਆਂ ਵੱਲੋਂ ਲੋਕ ਯੁੱਧ ਦੀ ਉਸਾਰੀ ਵਾਲੇ ਸੰਭਾਵਿਤ ਖੇਤਰ ਵਜੋਂ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਅਜਿਹੇ ਮਾਹੌਲ ਦਰਮਿਆਨ ਸਾਥੀ ਅਜਾਇਬ ਦੇ ਪਿਤਾ ਦੀਆਂ ਹਮਦਰਦੀਆਂ ਵੀ ਇਸ ਲਹਿਰ ਨਾਲ ਜੁੜ ਗਈਆਂ ਸਨ ਤੇ ਇਹ ਘਰ ਦੁਆਬੇ ਖੇਤਰ ਦੇ ਇਨਕਲਾਬੀ ਨੌਜਵਾਨਾਂ ਦੀ ਠਾਹਰ ਬਣ ਗਿਆ ਸੀ। ਘਰ ਅੰਦਰ ਮੀਟਿੰਗਾਂ 'ਚੋਂ ਆਉਂਦੀ ਇਨਕਲਾਬੀ ਵਿਚਾਰਾਂ ਦੀ ਮਹਿਕ ਨੇ ਸਾਥੀ ਅਜਾਇਬ ਨੂੰ ਕੀਲ ਲਿਆ ਤੇ ਉਹ ਲੋਕ ਇਨਕਲਾਬ ਦੇ ਮਿਸ਼ਨ ਤੋਂ ਜਾਣੂੰ ਹੋ ਗਿਆ, ਨਕਸਲਵਾੜੀ ਲਹਿਰ ਦਾ ਸੰਗੀ ਹੋ ਗਿਆ। ਘਰ ਬਾਰ ਛੱਡ ਕੇ ਪੇਸ਼ਾਵਰ ਇਨਕਲਾਬੀ ਬਣ ਗਿਆ ਤੇ ਅੰਡਰਗਰਾਊਂਡ ਹੋ ਕੇ ਲੋਕਾਂ ਦੇ ਜੰਗਲ 'ਚ ਰਮ ਗਿਆ। ਉਹਨਾਂ ਦਿਨਾਂ ਦੇ ਜਾਬਰ ਦਸਤੂਰ ਵਾਂਗ ਲਹਿਰ 'ਚ ਤੁਰ ਪੈਣ ਮਗਰੋਂ ਪੁਲਿਸ ਦੇ ਜਬਰ ਦਾ ਕਹਿਰ ਪਰਿਵਾਰ ਤੇ ਟੁੱਟਿਆ। ਘਰ ਦੇ ਕੰਧਾਂ ਕੌਲੇ ਢਾਹੁਣ ਤੋਂ ਲੈ ਕੇ ਪਸ਼ੂਆਂ ਤੱਕ ਨੂੰ ਖੋਲ੍ਹ ਕੇ ਲੈ ਜਾਣ ਤੇ ਭਰਾਵਾਂ 'ਤੇ ਤਸ਼ੱਦਦ ਦਾ ਕਹਿਰ ਢਾਉਣ ਦੇ ਜ਼ੁਲਮਾਂ ਦਾ ਚੱਕਰ ਚਲਿਆ। ਇਸ ਹਕੂਮਤੀ ਜਬਰ ਦੀ ਮਾਰ ਹੇਠ ਆ ਕੇ ਸਾਥੀ ਅਜਾਇਬ ਦੇ ਵੱਡੇ ਭਰਾ ਨੂੰ ਜੇਲ੍ਹ ਵੀ ਕੱਟਣੀ ਪਈ ਤੇ ਪਰਿਵਾਰ ਨੂੰ ਜ਼ਮੀਨ ਵੇਚ ਕੇ ਪਿੰਡ ਛੱਡਣਾ ਪਿਆ। ਓਦੋਂ ਹੀ ਅਜਾਇਬ ਦੇ ਸਾਥੀ ਪੁਲਿਸ ਮੁਕਾਬਲਿਆਂ 'ਚ ਸ਼ਹੀਦ ਹੋ ਰਹੇ ਸਨ ਤੇ ਪੁਲਿਸੀ ਕਹਿਰ ਨੂੰ ਆਪਣੇ ਪਿੰਡਿਆਂ 'ਤੇ ਝੱਲ ਰਹੇ ਸਨ।
ਅਜਿਹੇ ਦੌਰ 'ਚ ਇਕ ਇਨਕਲਾਬੀ ਦੇ ਅਹਿਸਾਸਾਂ ਨੂੰ ਪਾਸ਼ ਨੇ ਆਪਣੀ ਇਕ ਕਵਿਤਾ 'ਚ ਇਉਂ ਵੀ ਚਿਤਰਿਆ ਸੀ
ਮੈਂ ਪਿੱਛੇ ਛੱਡ ਆਇਆ ਹਾਂ
ਸਮੁੰਦਰ ਰੋਂਦੀਆਂ ਭੈਣਾਂ
ਕਿਸੇ ਅਣਜਾਣੇ ਭੈਅ ਅੰਦਰ
ਜਰਕਦੀ ਬਾਪ ਦੀ ਦਾਹੜੀ
ਤੇ ਸੁਖਣਾ ਸੁਖਦੀ,
ਖਾਂਦੀ ਗਸ਼ਾਂ ਮਾਸੂਮ ਮਮਤਾ ਨੂੰ
ਮੇਰੇ ਖੁਰਲੀ 'ਤੇ ਬੱਧੇ ਹੋਏ
ਡੰਗਰਾਂ ਬੇਜ਼ੁਬਾਨਾਂ ਨੂੰ
ਕਿਸੇ ਛਾਵੇਂ ਨਹੀਂ ਬੰਨ੍ਹਣਾ
ਕਿਸੇ ਪਾਣੀ ਨਹੀਂ ਡਾਹੁਣਾ
ਤੇ ਮੇਰੇ ਘਰ ਕਈ ਡੰਗ
ਸੋਗ ਵਿੱਚ ਚੁੱਲ੍ਹਾ ਨਹੀਂ ਬਲਣਾ ...
ਪਰ ਅਜਿਹੇ ਸਭ ਅਹਿਸਾਸਾਂ ਦੇ ਦੌਰ,ਆਪਣੇ ਸਾਥੀਆਂ ਤੇ ਪਰਿਵਾਰ 'ਤੇ ਹੁੰਦੇ ਅਜਿਹੇ ਜ਼ੁਲਮ ਸਾਥੀ ਅਜਾਇਬ ਨੂੰ ਸੂਹੇ ਰਾਹੋਂ ਡੁਲਾ ਨਾ ਸਕੇ। ਇਹਨਾਂ ਜ਼ੁਲਮਾਂ ਦੀ ਚੀਸ ਨੇ ਸਾਥੀ ਅਜਾਇਬ ਦੇ ਜਮਾਤੀ ਰੋਹ ਤੇ ਜੂਝਣ ਇਰਾਦੇ ਨੂੰ ਹੋਰ ਪ੍ਰਚੰਡ ਕੀਤਾ।
ਉਸ ਦੌਰ ਅੰਦਰ ਲਹਿਰ 'ਚ ਵਿਅਕਤੀਗਤ ਮਾਅਰਕੇਬਾਜ਼ ਕਾਰਵਾਈਆਂ ਦਾ ਇੱਕ ਰੁਝਾਨ ਵੀ ਉੱਠ ਖੜ੍ਹਿਆ ਤੇ ਲੋਕਾਂ ਨੂੰ ਸੰਘਰਸ਼ਾਂ ਦੇ ਲਮਕਵੇਂ ਅਮਲ 'ਚੋਂ ਲੰਘਾ ਕੇ ਤਿਆਰ ਕਰਨ ਦੇ ਰਾਹ ਤੋਂ ਇਨਕਲਾਬੀਆਂ ਦੇ ਇੱਕ ਹਿੱਸੇ ਦੀ ਟੇਕ ਹਿੱਲ ਕੇ ਦਸਤਾਵਾਦੀ ਕਾਰਵਾਈਆਂ ਵੱਲ ਹੋ ਗਈ। ਜਨਤਕ ਜਥੇਬੰਦੀਆਂ ਰਾਹੀਂ ਲੋਕਾਂ ਨੂੰ ਮੁੱਢਲੇ ਤੌਰ 'ਤੇ ਜਥੇਬੰਦ ਕਰਨ ਤੇ ਸੰਘਰਸ਼ਾਂ ਦੇ ਅਮਲ 'ਚੋਂ ਲੰਘਾਉਣ ਦੀ ਜ਼ਰੂਰਤ ਦਾ ਮਹੱਤਵ ਵਿਸਾਰ ਦਿੱਤਾ ਗਿਆ। ਸਾਥੀ ਅਜਾਇਬ ਵੀ ਮੁਢਲੇ ਸਾਲਾਂ 'ਚ ਇਸ ਰੁਝਾਨ ਦੇ ਪ੍ਰਭਾਵ ਅਧੀਨ ਸੀ। ਇਸ ਸ਼ੁਰੂਆਤੀ ਦੌਰ ਦੇ ਸਾਲ 1971 ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਮੌਕੇ ਉਸਨੇ ਆਪਣੀ ਜੇਬ ਵਿਚਲੇ ਗਰਨੇਡ ਦਾ ਪਿੰਨ ਕੱਢ ਕੇ ਧਮਾਕਾ ਕਰ ਦੇਣ ਰਾਹੀਂ ਸ਼ਹੀਦੀ ਪਾ ਜਾਣ ਦਾ ਕਦਮ ਲਿਆ ਸੀ ਪਰ ਗਰਨੇਡ ਨਾ ਚੱਲਿਆ ਤੇ ਉਸਦੇ ਹੱਥ 'ਤੇ ਪੁਲਿਸ ਦਾ ਫਾਇਰ ਵੱਜਣ ਕਾਰਨ ਤਿੰਨ ਉਂਗਲਾਂ ਲਟਕ ਗਈਆਂ। ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਥਾਣੇ ਲਿਆ ਸੁੱਟਣ ਤੇ ਤਸ਼ੱਦਦ ਦਾ ਦੌਰ ਚੱਲਣ ਮਗਰੋਂ ਇਹ ਉਂਗਲਾਂ ਕੱਟਣੀਆਂ ਪਈਆਂ। ਸਾਥੀ ਅਜਾਇਬ ਨੇ ਸਿਦਕ ਦਿਲੀ ਤੇ ਮਿਸਾਲੀ ਹੌਸਲੇ ਨਾਲ ਪੁਲਿਸ ਦੇ ਤਸ਼ੱਦਦ ਨੂੰ ਆਪਣੇ ਪਿੰਡੇ 'ਤੇ ਝੱਲਿਆ। ਸਾਲ ਭਰ ਜੇਲ੍ਹ ਕੱਟਣ ਤੋਂ ਬਾਅਦ ਸਾਥੀ ਅਜਾਇਬ ਜ਼ਮਾਨਤ 'ਤੇ ਬਾਹਰ ਆਇਆ ਤੇ ਇਨਕਲਾਬੀ ਕਾਰਜਾਂ ਨੂੰ ਨਿਭਾਉਣ ਲਈ ਮੁੜ ਅੰਡਰਗਰਾਊਂਡ ਜ਼ਿੰਦਗੀ 'ਚ ਚਲਾ ਗਿਆ। ਇਉਂ ਸ਼ਹਾਦਤ ਪਾਉਣ ਦਾ ਸਿੱਧਾ ਅਹਿਸਾਸ ਉਸਨੇ ਬਹੁਤ ਨੇੜਿਓਂ, ਸਫ਼ਰ ਦੇ ਸ਼ੁਰੂਆਤੀ ਪੜਾਅ 'ਤੇ ਹੀ ਹੰਢਾ ਲਿਆ ਸੀ। ਅਜਿਹੀ ਸਿਦਕ ਦਿਲੀ ਤੇ ਕੁਰਬਾਨੀ ਦੇ ਇਰਾਦੇ ਦੀਆਂ ਚਰਚਾਵਾਂ ਕਾਰਨ ਉਹ ਦੁਆਬਾ ਖੇਤਰ ਦੇ ਲੋਕਾਂ ਅੰਦਰ ਵਿਸ਼ੇਸ਼ ਕਰਕੇ ਪਿਆਰੇ ਸਤਿਕਾਰੇ ਜਾਂਦੇ ਇਨਕਲਾਬੀਆਂ ਦੀ ਕਤਾਰ 'ਚ ਸ਼ੁਮਾਰ ਸੀ।
ਸਾਥੀ ਅਜਾਇਬ ਨੇ ਮੁਢਲੇ ਕੁਝ ਸਾਲਾਂ ਦੇ ਅਰਸੇ ਮਗਰੋਂ ਹੀ ਖਾਸ ਕਰਕੇ ਮਹਾਨ ਮੋਗਾ ਘੋਲ ਅੰਦਰ ਜਥੇਬੰਦ ਲੋਕ ਤਾਕਤ ਦੇ ਜਲਵਿਆਂ ਨੂੰ ਦੇਖ ਕੇ ਲੋਕਾਂ ਨੂੰ ਜਥੇਬੰਦ ਦੇ ਮਹੱਤਵ ਨੂੰ ਬੁੱਝ ਲਿਆ। ਉਸਨੇ ਜਨਤਕ ਹਮਾਇਤ ਤੋਂ ਸੱਖਣੇ ਇਨਕਲਾਬੀ ਨੌਜਵਾਨਾਂ ਦੇ ਪਰਿਵਾਰਾਂ 'ਤੇ ਹੁੰਦੇ ਜ਼ੁਲਮਾਂ ਦੀ ਚੀਸ ਵੀ ਹੰਢਾਈ ਹੋਈ ਸੀ ਤੇ ਅਜਿਹੇ ਹਾਲਾਤਾਂ 'ਚ ਪੁਲਿਸ ਨੂੰ ਜਵਾਬ ਨਾ ਦੇ ਸਕਣ ਦੀ ਬੇਵਸੀ ਵੀ ਝੱਲੀ ਹੋਈ ਸੀ। ਮਹਾਨ ਮੋਗਾ ਘੋਲ ਦੇ ਜਨਤਕ ਤੂਫ਼ਾਨ ਦੌਰਾਨ ਲੋਕ ਸ਼ਕਤੀ ਮੂਹਰੇ ਬੇਵਸ ਹੋਈ ਪੁਲਸੀ ਰਾਜ ਮਸ਼ੀਨਰੀ ਦੀ ਹਾਲਤ ਦੇਖ ਕੇ, ਕਿੰਨੇ ਹੀ ਇਨਕਲਾਬੀ ਸਾਥੀਆਂ ਦੇ ਮਨਾਂ 'ਚ ਜਨਤਕ ਤਾਕਤ ਦੀ ਉਸਾਰੀ ਦਾ ਮਹੱਤਵ ਜਾਗ ਪਿਆ ਸੀ। ਛੇਤੀ ਹੀ ਲੋਕਾਂ ਨੂੰ ਜਾਗਰਤ ਤੇ ਜਥੇਬੰਦ ਕਰਨ ਲਈ ਜਨਤਕ ਜਥੇਬੰਦੀਆਂ ਬਣਾਉਣ ਦਾ ਰੁਝਾਨ ਜ਼ੋਰ ਫੜ ਗਿਆ ਸੀ। ਇਸ ਦੌਰ ਅੰਦਰ ਨਕਸਲਵਾੜੀ ਬਗਾਵਤ ਦੇ ਜਨਤਕ ਖ਼ਾਸੇ ਨੂੰ ਲੈ ਕੇ ਚਲਦੀਆਂ ਵਿਚਾਰ ਚਰਚਾਵਾਂ 'ਚ ਉਸ ਨੇ ਡੂੰਘੀ ਦਿਲਚਸਪੀ ਨਾਲ ਹਿੱਸਾ ਲਿਆ। ਪੰਜਾਬ ਅੰਦਰ ਜਥੇਬੰਦ ਵਿਦਿਆਰਥੀ ਤਾਕਤ ਦੇ ਕ੍ਰਿਸ਼ਮਈ ਅਮਲ ਨੂੰ ਦੇਖਦਿਆਂ ਸਮਝਦਿਆਂ ਤੇ ਨਕਸਲਬਾੜੀ ਬਗ਼ਾਵਤ ਦੇ ਜਨਤਕ ਤੱਤ ਨੂੰ ਗ੍ਰਹਿਣ ਕਰਕੇ ਉਸਨੇ ਇਨਕਲਾਬ ਅੰਦਰ ਲੋਕ ਸਮੂਹਾਂ ਦੀ ਸ਼ਮੂਲੀਅਤ ਦੇ ਬੁਨਿਆਦੀ ਮਹੱਤਵ ਦੀ ਥਾਹ ਪਾਈ ਤੇ ਇਨਕਲਾਬੀ ਜਨਤਕ ਲੀਹ ਦਾ ਧਾਰਨੀ ਹੋਇਆ। ਫਿਰ ਉਹ ਕਾਮਰੇਡ ਸੁਰਿੰਦਰ ਤਿਵਾੜੀ ਤੇ ਹਰਭਜਨ ਹਲਵਾਰਵੀ ਵਰਗੇ ਸਾਥੀਆਂ ਨਾਲ ਕਾਮਰੇਡ ਹਰਭਜਨ ਸੋਹੀ ਦੀ ਅਗਵਾਈ ਹੇਠਲੀ ਜਥੇਬੰਦੀ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ 'ਚ ਸ਼ਾਮਿਲ ਹੋ ਗਿਆ।
ਸਾਥੀ ਅਜਾਇਬ ਨੇ ਜ਼ਿੰਦਗੀ ਭਰ ਵੱਖ ਵੱਖ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੀਆਂ ਆਗੂ ਸਫਾਂ 'ਚ ਰਹਿ ਕੇ ਕੰਮ ਕੀਤਾ। ਇਸ ਵੇਲੇ ਉਹ ਕਮਿਊਨਿਸਟ ਇਨਕਲਾਬੀ ਜਥੇਬੰਦੀ ਸੀ ਪੀ ਆਰ ਸੀ ਆਈ (ਐਮ ਐਲ) ਦੀ ਪੰਜਾਬ ਸੂਬਾ ਕਮੇਟੀ ਦਾ ਮੈਂਬਰ ਸੀ। ਉਸ ਨੇ ਆਪਣੀ ਸਮੁੱਚੀ ਊਰਜਾ, ਸਮਰੱਥਾ ਤੇ ਲਿਆਕਤ ਨੂੰ ਲਹਿਰ ਦੇ ਲੇਖੇ ਲਾਇਆ ਤੇ ਇਨਕਲਾਬੀ ਲਹਿਰ 'ਚ ਇੱਕ ਪੇਸ਼ਾਵਰ ਇਨਕਲਾਬੀ ਵਜੋਂ ਹਿੱਸਾ ਪਾਇਆ। ਲਹਿਰ ਦੇ ਇਨਕਲਾਬੀ ਕਾਰਜਾਂ ਦੀਆਂ ਲੋੜਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਇਨਕਲਾਬੀ ਡਿਊਟੀਆਂ ਓਟੀਆਂ ਤੇ ਡੂੰਘੀ ਤਰ੍ਹਾਂ ਖੁੱਭ ਕੇ ਨਿਭਾਈਆਂ। ਕਾਰਕੁੰਨਾਂ ਦੇ ਪੂਰਾਂ ਨੂੰ ਇਨਕਲਾਬੀ ਜਥੇਬੰਦੀ ਦੇ ਕਾਰਜਾਂ ਦੀ ਸਿੱਖਿਆ ਤੇ ਸਿਖਲਾਈ 'ਚ ਹਿੱਸਾ ਪਾਇਆ। ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਅੰਦਰ ਉਸ ਨੇ ਕਾਮਰੇਡ ਸੁਰਿੰਦਰ ਤਿਵਾੜੀ ਵਰਗੇ ਸਾਥੀਆਂ ਦੀ ਅਗਵਾਈ ਤੇ ਸਾਥ ਨਾਲ ਸਵੈ ਰੱਖਿਆ ਦੇ ਕਾਰਜਾਂ 'ਚ ਲੋਕਾਂ ਦੀ ਅਗਵਾਈ ਕੀਤੀ ਤੇ ਤਕਨੀਕੀ ਤਿਆਰੀਆਂ ਦੇ ਕਾਰਜਾਂ 'ਚ ਹਿੱਸਾ ਪਾਇਆ। ਅੱਜ ਪੰਜਾਬ ਦੇ ਲੋਕਾਂ ਦੀ ਮਾਣਮੱਤੀ ਜਨਤਕ ਸੰਘਰਸ਼ ਲਹਿਰ ਦੀ ਉਸਾਰੀ ਦੀਆਂ ਨੀਹਾਂ ਵਿੱਚ ਸਾਥੀ ਅਜਾਇਬ ਦਾ ਲਹੂ-ਮੁੜ੍ਹਕਾ ਵੀ ਰਚਿਆ ਹੋਇਆ ਹੈ। ਕਿੰਨੇ ਹੀ ਜਨਤਕ ਘੋਲਾਂ ਤੇ ਲੋਕ ਜਾਗਰਤੀ ਦੀਆਂ ਮੁਹਿੰਮਾਂ ਦੇ ਅੰਗ ਸੰਗ ਰਹਿੰਦਾ ਹੋਇਆ ਸਾਥੀ ਅਜਾਇਬ ਮੋਹਰੀ ਜਨਤਕ ਜੁਝਾਰਾਂ 'ਚ ਇਨਕਲਾਬੀ ਸੋਝੀ ਦਾ ਚਾਨਣ ਵੰਡਦਾ ਰਿਹਾ। ਇਸ ਚਾਨਣ ਦੀ ਲਿਸ਼ਕੋਰ ਅੱਜ ਵੀ ਪੰਜਾਬ ਦੀ ਸੰਗਰਾਮੀ ਲੋਕ ਲਹਿਰ ਦੇ ਅਗਲੇ ਸਫ਼ਰ ਮਾਰਗ ਨੂੰ ਰੁਸ਼ਨਾ ਰਹੀ ਹੈ।
ਸਾਥੀ ਅਜਾਇਬ ਭਾਰਤ ਅੰਦਰ ਮਜ਼ਦੂਰਾਂ ਕਿਸਾਨਾਂ ਦੀ ਪੁੱਗਤ ਵਾਲਾ ਰਾਜ ਕਾਇਮ ਕਰਨ ਲਈ ਇਸ ਲੁਟੇਰੇ ਢਾਂਚੇ ਦੀ ਇਨਕਲਾਬੀ ਤਬਦੀਲੀ ਦੇ ਵਿਚਾਰ ਨੂੰ ਪ੍ਰਣਾਇਆ ਹੋਇਆ ਸੀ। ਉਹ ਮੌਜੂਦਾ ਲੁਟੇਰੇ ਨਿਜ਼ਾਮ ਨੂੰ ਇਨਕਲਾਬ ਨਾਲ ਬਦਲਣ ਲਈ ਲੋਕਾਂ ਦੀ ਤਾਕਤ 'ਤੇ ਟੇਕ ਰੱਖਣ ਦਾ ਹਾਮੀ ਸੀ। ਉਸਦੀ ਇਹ ਨਿਸ਼ਚਿਤ ਸਮਝ ਸੀ ਕਿ ਸਾਡੇ ਦੇਸ਼ ਨੂੰ ਸਾਮਰਾਜੀਆਂ ਤੇ ਉਹਨਾਂ ਦੇ ਦੇਸੀ ਜੋਟੀਦਾਰਾਂ (ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ) ਦੀ ਲੁੱਟ ਦਾ ਸਾਹਮਣਾ ਹੈ। ਇਸ ਲਈ ਕਿਸਾਨਾਂ, ਸਨਅਤੀ ਮਜ਼ਦੂਰਾਂ, ਖੇਤ ਮਜ਼ਦੂਰਾਂ, ਛੋਟੇ ਵਪਾਰੀਆਂ- ਕਾਰੋਬਾਰੀਆਂ, ਮੁਲਾਜ਼ਮਾਂ ਤੇ ਕੌਮੀ ਸਰਮਾਏਦਾਰਾਂ ਦੀ ਸਾਂਝੇ ਮੋਰਚੇ 'ਚ ਜੁੜਨ ਵਾਲੀ ਤਾਕਤ ਲਮਕਵੇਂ ਸੰਘਰਸ਼ ਰਾਹੀਂ ਇਹਨਾਂ ਦੇ ਲੁਟੇਰੇ ਰਾਜ ਨੂੰ ਤਬਾਹ ਕਰ ਸਕਦੀ ਹੈ ਤੇ ਲੋਕਾਂ ਦੀ ਪੁੱਗਤ ਵਾਲਾ ਖਰਾ ਲੋਕ ਜਮਹੂਰੀ ਰਾਜ ਉਸਾਰ ਸਕਦੀ ਹੈ। ਅਜਿਹੇ ਰਾਜ ਦੀ ਉਸਾਰੀ ਲਈ ਉਹ ਦੇਸ਼ ਦੀਆਂ ਹਾਕਮ ਜਮਾਤਾਂ ਦੀਆਂ ਪਾਰਲੀਮਾਨੀ ਸੰਸਥਾਵਾਂ ਤੋਂ ਕਿਸੇ ਤਰ੍ਹਾਂ ਦੀਆਂ ਉਮੀਦਾਂ ਦੇ ਭਰਮਾਂ 'ਚ ਨਹੀਂ ਪਿਆ। ਇਹਨਾਂ ਸੰਸਥਾਵਾਂ ਰਾਹੀਂ ਕਿਸੇ ਤਰ੍ਹਾਂ ਦੀ ਇਨਕਲਾਬੀ ਤਬਦੀਲੀ ਹੋ ਸਕਣ ਦਾ ਵਹਿਮ ਉਸਨੂੰ ਕਦੇ ਨਾ ਹੋਇਆ। ਲੋਕਾਂ ਦੀ ਮੁਕਤੀ ਲਈ ਖਰੀ ਇਨਕਲਾਬੀ ਤਬਦੀਲੀ ਪਾਰਲੀਮੈਂਟ ਸੰਸਥਾਵਾਂ ਤੋਂ ਬਾਹਰ ਲੋਕਾਂ ਦੇ ਲਮਕਵੇਂ ਜਮਾਤੀ ਸੰਘਰਸ਼ਾਂ 'ਚ ਉਸਰਨ ਵਾਲੀ ਤਾਕਤ ਰਾਹੀਂ ਹੀ ਹੋਣ ਦਾ ਉਹਦਾ ਦ੍ਰਿੜ ਭਰੋਸਾ ਸਦਾ ਕਾਇਮ ਰਿਹਾ। ਇਸ ਵੱਡੇ ਕਾਰਜ ਲਈ ਸਾਥੀ ਅਜਾਇਬ ਮਜ਼ਦੂਰ ਜਮਾਤ ਦੀ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਅਗਵਾਈ ਨੂੰ ਜ਼ਰੂਰੀ ਮੰਨਦਾ ਸੀ ਤੇ ਅਜਿਹੀ ਇਕਜੁੱਟ ਖਰੀ ਪਾਰਟੀ ਬਣਾਉਣ ਦੇ ਕਾਰਜ ਨੂੰ ਇਸ ਵੇਲੇ ਦਾ ਮੋਹਰੀ ਕਾਰਜ ਮਿਥਦਾ ਸੀ। ਅਜਿਹੀ ਇਕਜੁੱਟ ਪਾਰਟੀ ਲਈ ਉਹ ਕਮਿਊਨਿਸਟ ਇਨਕਲਾਬੀਆਂ ਦੀ ਅਸੂਲੀ ਏਕਤਾ ਦਾ ਜ਼ੋਰਦਾਰ ਹਾਮੀ ਸੀ।
ਹੁਣ ਅਜੋਕੇ ਦੌਰ ਅੰਦਰ ਮੌਜੂਦਾ ਲੁਟੇਰਾ ਨਿਜ਼ਾਮ ਆਪਣੇ ਸੰਕਟਾਂ ਨੂੰ ਕਿਰਤੀ ਲੋਕਾਂ 'ਤੇ ਹੋਰ ਜ਼ਿਆਦਾ ਲੱਦ ਕੇ ਲੋਕਾਂ ਦੀਆਂ ਪੀੜਾਂ ਨੂੰ ਹੋਰ ਤਿੱਖੀਆਂ ਕਰ ਰਿਹਾ ਹੈ। ਲੋਕਾਂ ਅੰਦਰ ਤਿੱਖੀ ਬੇਚੈਨੀ ਤੇ ਰੋਸ ਉਬਾਲੇ ਮਾਰ ਰਿਹਾ ਹੈ ਪਰ ਇਸ ਰੋਸ ਤੇ ਬੇਚੈਨੀ ਨੂੰ ਸਹੀ ਇਨਕਲਾਬੀ ਦਿਸ਼ਾ ਦੀ ਤਲਾਸ਼ ਹੈ। ਹਾਕਮ ਧੜੇ ਖਾਸ ਕਰਕੇ ਦੇਸ਼ ਦੀ ਸੱਤਾ 'ਤੇ ਕਾਬਜ਼ ਮੋਦੀ ਹਕੂਮਤ ਆਪਣੇ ਫਾਸ਼ੀ ਹੱਲੇ ਨਾਲ ਇਸ ਰੋਹ ਤੇ ਬੇਚੈਨੀ ਨੂੰ ਫਿਰਕੂ ਫਾਸ਼ੀ ਲੀਹਾਂ 'ਤੇ ਵਗਾ ਕੇ ਆਪਣੇ ਤਖਤਾਂ ਦੇ ਪਾਵੇ ਹੋਰ ਮਜ਼ਬੂਤੀ ਨਾਲ ਗੱਡਣ 'ਚ ਜੁੱਟੀ ਹੋਈ ਹੈ। ਫਾਸ਼ੀ ਰੱਥ 'ਤੇ ਸਵਾਰ ਮੋਦੀ ਹਕੂਮਤ ਕਮਿਊਨਿਸਟ ਇਨਕਲਾਬੀਆਂ ਦਾ ਕਤਲੇਆਮ ਰਚਾ ਕੇ ਦੇਸ਼ ਅੰਦਰੋਂ ਲੋਕ ਇਨਕਲਾਬ ਦੇ ਸੁਪਨੇ ਨੂੰ ਸਦਾ ਲਈ ਮਿਟਾ ਦੇਣ ਦੇ ਹੰਕਾਰੀ ਐਲਾਨ ਕਰ ਰਹੀ ਹੈ। ਇਹਨਾਂ ਹਾਲਾਤਾਂ ਅੰਦਰ ਸਾਥੀ ਅਜਾਇਬ ਦੇ ਅਕੀਦੇ ਤੇ ਮਾਰਗ ਨੂੰ ਬੁਲੰਦ ਕਰਨ ਦੀ ਹੋਰ ਵੀ ਜ਼ਰੂਰਤ ਹੈ ਕਿਉਂਕਿ ਜ਼ਾਲਮ ਰਾਜ ਦੀ ਅਜਿਹੀ ਹਨੇਰਗਰਦੀ ਦੇ ਇਸ ਦੌਰ ਵਿੱਚ ਲੋਕਾਂ ਨੂੰ ਚਾਨਣ ਇਸੇ ਰਾਹ ਤੋਂ ਮਿਲਣਾ ਹੈ। ਲੋਕਾਂ ਦੇ ਦੁੱਖਾਂ ਦਾ ਅੰਤ ਇਸ ਲੁਟੇਰੇ ਤੇ ਜਾਬਰ ਢਾਂਚੇ ਨੂੰ ਮੁਢੋਂ ਬਦਲ ਦੇਣ ਨਾਲ ਹੋਣਾ ਹੈ।
ਵਿਛੜੇ ਸਾਥੀ ਅਜਾਇਬ ਦੀ ਇਨਕਲਾਬੀ ਜੀਵਨ ਘਾਲਣਾ ਦਾ ਸੰਦੇਸ਼ ਇਹ ਹੈ ਕਿ ਸਾਰੇ ਦੱਬੇ ਕੁਚਲੇ ਕਿਰਤੀ ਲੋਕ ਇੱਕਜੁੱਟ ਹੋਣ, ਔਰਤਾਂ, ਦਲਿਤ, ਦਬਾਈਆਂ ਕੌਮੀਅਤਾਂ ਤੇ ਹੋਰ ਦਬਾਏ ਹੋਏ ਹਿੱਸਿਆਂ ਦੇ ਸੰਘਰਸ਼ ਦੇਸ਼ ਭਰ ਦੇ ਮਜ਼ਦੂਰਾਂ ਕਿਸਾਨਾਂ ਤੇ ਹੋਰ ਮਿਹਨਤਕਸ਼ ਜਮਾਤਾਂ ਦੇ ਸੰਘਰਸ਼ਾਂ ਨਾਲ ਜੁੜਨ। ਸਨਅਤੀ ਮਜ਼ਦੂਰਾਂ ਤੇ ਕਿਸਾਨਾਂ ਖੇਤ-ਮਜ਼ਦੂਰਾਂ ਦੇ ਸੰਘਰਸ਼ਸ਼ੀਲ ਗਠਜੋੜ ਦੇ ਧੁਰੇ ਦੁਆਲੇ ਲੋਕਾਂ ਦੀ ਵਿਸ਼ਾਲ ਤੇ ਮਜ਼ਬੂਤ ਸੰਘਰਸ਼ ਲਹਿਰ ਦੀ ਉਸਾਰੀ ਕੀਤੀ ਜਾਵੇ। ਜਮਾਤੀ ਸੰਘਰਸ਼ ਦੇ ਅਮਲ ਦੇ ਤਜਰਬੇ ਨਾਲ ਜੋੜ ਕੇ ਲੋਕਾਂ ਨੂੰ ਆਉਣ ਵਾਲੇ ਇਨਕਲਾਬ ਦੇ ਨਿਸ਼ਾਨੇ ਤੇ ਰਾਹ ਦੇ ਅਰਥ ਸਮਝਾਏ ਜਾਣ ਤੇ ਸੰਘਰਸ਼ ਦਰ ਸੰਘਰਸ਼ ਉਚੇਰੇ ਤੇ ਤਿੱਖੇ ਸੰਘਰਸ਼ਾਂ ਵੱਲ ਜਾਂਦਿਆਂ ਬੁਨਿਆਦੀ ਤਬਦੀਲੀ ਦੇ ਸਿਆਸੀ ਸੰਘਰਸ਼ਾਂ ਲਈ ਤਿਆਰ ਕੀਤਾ ਜਾਵੇ। ਅਜਿਹੇ ਮਹਾਨ ਕਾਰਜ ਲਈ ਸਾਥੀ ਅਜਾਇਬ ਵਾਂਗ ਹਜ਼ਾਰਾਂ ਲੱਖਾਂ ਨੌਜਵਾਨ ਆਪਣੀਆਂ ਜਿੰਦਗੀਆਂ ਅਰਪਿਤ ਕਰਨ ਲਈ ਅੱਗੇ ਆਉਣ।
ਸਾਥੀ ਅਜਾਇਬ ਵੱਲੋਂ ਘਾਲੀ ਘਾਲਣਾ ਤੇ ਉਸਦੀ ਕਰਨੀ ਨੂੰ ਲੋਕਾਂ ਸਾਹਮਣੇ ਰੱਖਣ ਅਤੇ ਪ੍ਰੇਰਨਾ ਦੀ ਮਿਸ਼ਾਲ ਵਜੋਂ ਦਰਸਾਉਣ ਲਈ ਇਕੱਠੇ ਹੋ ਕੇ ਬੈਠੀਏ। ਉਸਦੀ ਇਨਕਲਾਬੀ ਕਰਨੀ ਦਿਲ 'ਚ ਵਸਾਉਣ ਤੇ ਆਦਰਸ਼ਾਂ ਨੂੰ ਸੋਚਾਂ 'ਚ ਸਮਾਉਣ ਲਈ ਜੁੜੀਏ।
ਸਾਥੀ ਅਜਾਇਬ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ, ਪੰਜਾਬ ਵੱਲੋਂ ਜਾਰੀ ਹੱਥ ਪਰਚਾ
ਕਮੇਟੀ ਮੈਂਬਰ- ਸੁਰਿੰਦਰ ਕੁਮਾਰੀ ਕੋਛੜ (ਕਨਵੀਨਰ), ਅਮੋਲਕ ਸਿੰਘ, ਪਾਵੇਲ ਕੁੱਸਾ, ਬੂਟਾ ਸਿੰਘ ਮਹਿਮੂਦਪੁਰ, ਸੁਰਿੰਦਰ ਸਿੰਘ, ਦੀਪ ਕਲੇਰ, ਡਾ. ਸਾਹਿਬ ਸਿੰਘ
No comments:
Post a Comment