ਸਾਥੀ ਅਜਾਇਬ ਦੀ ਅਮਰ ਘਾਲਣਾ ਨੂੰ ਸਲਾਮ
ਲੰਘੇ ਜੂਨ ਮਹੀਨੇ ਕਾਮਰੇਡ ਅਜਾਇਬ ਕਮਿਊਨਿਸਟ ਇਨਕਲਾਬੀ ਕਾਫ਼ਲੇ 'ਚੋਂ ਵਿਛੜ ਗਿਆ। ਸਾਥੀ ਅਜਾਇਬ ਪੂਰੇ ਜੀਅ ਜਾਨ ਨਾਲ ਆਪਣਾ ਸਭ ਕੁਝ ਸਮਰਪਿਤ ਕਰਦਿਆਂ 56-57 ਵਰ੍ਹੇ ਕਮਿਊਨਿਸਟ ਇਨਕਲਾਬੀ ਲਹਿਰ 'ਚ ਰਿਹਾ ਤੇ ਸਮੁੱਚੀ ਲਹਿਰ ਲਈ ਇਕ ਫਖ਼ਰਯੋਗ ਮਿਸਾਲ ਪੈਦਾ ਕੀਤੀ ਹੈ। ਸਾਥੀ ਅਜਾਇਬ ਸਰੀਰਕ ਤੌਰ 'ਤੇ ਭਾਵੇਂ ਕਾਫ਼ਲੇ ਸੰਗ ਨਹੀਂ ਰਿਹਾ ਪਰ ਇਨਕਲਾਬ ਦੇ ਸੂਹੇ ਪੰਧ 'ਤੇ ਪਾਈਆਂ ਉਸਦੀਆਂ ਪੈੜਾਂ ਅਮਿੱਟ ਹਨ। ਉਸਦੀ ਇਨਕਲਾਬੀ ਕਰਨੀ ਸਾਡੀ ਲਹਿਰ ਦਾ ਮੁੱਲਵਾਨ ਸਰਮਾਇਆ ਹੈ ਤੇ ਇਹ ਸਰਮਾਇਆ ਸਦਾ ਸਾਡੇ ਕੋਲ ਹੈ। ਲਹਿਰ ਦੇ ਅਗਲੇ ਸੂਹੇ ਸਫ਼ਰ ਲਈ ਪ੍ਰੇਰਨਾ ਦਾ ਸੋਮਾ ਹੈ। ਅਗਲੀਆਂ ਪੀੜ੍ਹੀਆਂ ਦੇ ਜੁਝਾਰ ਸੰਗਰਾਮੀਆਂ ਲਈ ਰੌਸ਼ਨੀ ਦਾ ਵਿਰਸਾ ਹੈ।
ਸਾਥੀ ਅਜਾਇਬ ਨਕਸਲਵਾੜੀ ਲਹਿਰ ਦੇ ਸ਼ੁਰੂਆਤੀ ਅਰਸੇ ਵੇਲੇ ਹਲੂਣੀ ਗਈ ਪੰਜਾਬ ਦੀ ਉਸ ਪੀੜ੍ਹੀ 'ਚੋਂ ਸੀ ਜਿਹੜੀ ਮਹਾਨ ਲੋਕ ਇਨਕਲਾਬ ਦੇ ਅਕੀਦੇ ਨੂੰ ਸਮਰਪਿਤ ਹੋ ਕੇ ਅਥਾਹ ਵੇਗ ਨਾਲ ਸੂਹੇ ਰਾਹਾਂ 'ਤੇ ਤੁਰੀ। ਛੇ ਦਹਾਕਿਆਂ ਦੇ ਇਸ ਲੰਮੇ ਸਫ਼ਰ ਦੀਆਂ ਦੁਸ਼ਵਾਰੀਆਂ 'ਚ ਚਾਹੇ ਕਈ ਬਹੁਤ ਪਹਿਲਾਂ ਥੱਕ ਗਏ, ਜਾਂ ਕਈ ਹਾਰ ਗਏ ਪਰ ਕਾਮਰੇਡ ਅਜਾਇਬ ਉਹਨਾਂ 'ਚੋ ਸੀ ਜਿਹੜੇ ਨਾ ਥੱਕੇ ਨਾ ਹਾਰੇ, ਜਿੰਨਾਂ ਦੀ ਨੇਹਚਾ ਕਦੇ ਨਾ ਡੋਲੀ, ਕਦੇ ਬੇਦਿਲ ਨਾ ਹੋਏ। ਲੋਕ ਇਨਕਲਾਬ ਦੇ ਅਕੀਦੇ 'ਚ ਜਿਨਾਂ ਦਾ ਵਿਸ਼ਵਾਸ ਅਡੋਲ ਰਿਹਾ ਤੇ ਅੰਤਿਮ ਸਾਹਾਂ ਤੱਕ ਇਸੇ ਸਫ਼ਰ 'ਤੇ ਰਹੇ। ਇਹਨਾਂ ਵਰ੍ਹਿਆਂ 'ਚ ਵਿਛੜਦੇ ਜਾ ਰਹੇ ਅਜਿਹੇ ਸਿਰੜੀ ਇਨਕਲਾਬੀ ਯੋਧਿਆਂ ਦੀ ਕਤਾਰ 'ਚ ਸਾਥੀ ਅਜਾਇਬ ਵੀ ਜਾ ਖਲੋਇਆ ਹੈ।
ਜਵਾਨੀ ਵੇਲੇ ਦੇ ਸਭ ਸੁਪਨੇ ਲਾਂਭੇ ਰੱਖ ਕੇ , ਘਰ ਪਰਿਵਾਰ ਦੇ ਸੀਮਤ ਸਰੋਕਾਰਾਂ ਨੂੰ ਪਿੱਛੇ ਛੱਡ ਕੇ ਜਦੋਂ ਸਾਥੀ ਅਜਾਇਬ ਨੇ ਨਕਸਲਬਾੜੀ ਲਹਿਰ ਦੇ ਵੇਹੜੇ ਪੈਰ ਧਰਿਆ ਤਾਂ ਉਸ ਤੋਂ ਬਾਅਦ ਕਿਰਤੀ ਲੋਕਾਂ ਦਾ ਸਾਰਾ ਸੰਸਾਰ ਉਹਦਾ ਘਰ ਹੋ ਗਿਆ, ਪਰਿਵਾਰ ਹੋ ਗਿਆ। ਇਨਕਲਾਬ ਲਈ ਜਿਉਣਾ ਮਰਨਾ ਹੀ ਉਹਦਾ ਮਿਸ਼ਨ ਹੋ ਗਿਆ। ਉਹ ਲੋਕਾਂ ਦੇ ਜੰਗਲ 'ਚ ਵਿਚਰਿਆ। ਉਹਨੇ ਪੇਸ਼ਾਵਰ ਇਨਕਲਾਬੀ ਦੀ ਜ਼ਿੰਦਗੀ ਚੁਣੀ ਤੇ ਪੂਰੀ ਸਿਦਕਦਿਲੀ ਨਾਲ ਨਿਭਾ ਕੇ ਦਿਖਾਈ। ਬਿਨਾਂ ਪਹਿਚਾਣ ਤੋਂ , ਕੀਤੇ ਕੰਮ ਦਾ ਬਿਨਾਂ ਕੋਈ ਸਿਹਰਾ ਲਏ ਤੋਂ ਦਹਾਕਿਆਂ ਬੱਧੀ ਸਮਰਪਿਤ ਹੋ ਕੇ ਸਭ ਦੁਸ਼ਵਾਰੀਆਂ ਸਹਿ ਕੇ ਜੇ ਸਾਥੀ ਅਜਾਇਬ ਅਜਿਹਾ ਨਿਭਾਅ ਕਰ ਸਕਿਆ ਤਾਂ ਉਹ ਮਾਰਕਸਵਾਦ ਲੈਨਿਨਵਾਦ ਮਾਉ ਵਿਚਾਰਧਾਰਾ ਦੀ ਸੂਝ ਦ੍ਰਿਸ਼ਟੀ ਦਾ ਸਿੱਟਾ ਹੈ। ਇਸ ਦ੍ਰਿਸ਼ਟੀ 'ਚੋਂ ਉਪਜਦੀ ਦ੍ਰਿੜਤਾ ਹੈ, ਮਜ਼ਦੂਰ ਜਮਾਤ ਦੇ ਕਾਜ਼ ਨਾਲ ਵਫਾਦਾਰੀ ਹੈ ਤੇ ਮਨੁੱਖਤਾ ਦੀ ਮੁਕਤੀ ਦੇ ਮਹਾਨ ਮਿਸ਼ਨ ਅੰਦਰਲਾ ਅਡੋਲ ਭਰੋਸਾ ਹੈ। ਇਹ ਭਰੋਸਾ ਪੁਲੀਸ ਤਸ਼ੱਦਦ ਦਾ ਸਿਦਕ ਦਿਲੀ ਨਾਲ ਸਾਹਮਣਾ ਕਰਨ ਵੇਲੇ ਵੀ ਉਸਦੇ ਅੰਦਰ ਸੀ ਤੇ ਲਹਿਰ ਦੇ ਸਭਨਾਂ ਸੰਕਟਾਂ ਤੇ ਉਤਰਾਵਾਂ ਚੜ੍ਹਾਵਾਂ ਵੇਲੇ ਉਸਦੇ ਅੰਦਰ ਰਿਹਾ। ਇਹੀ ਭਰੋਸਾ ਹਰ ਬਿਖੜੇ ਰਾਹਾਂ 'ਤੇ ਉਸਦੇ ਕਦਮਾਂ ਦੀ ਰਵਾਨੀ ਬਣਦਾ ਰਿਹਾ। ਲਹਿਰ ਦੇ ਲੰਮੇ ਸਫ਼ਰ ਦੌਰਾਨ ਇਹ ਭਰੋਸਾ ਹੋਰ ਡੂੰਘਾ ਹੁੰਦਾ ਤੁਰਿਆ ਗਿਆ। ਅਧੂਰੇ ਕਾਜ਼ ਪੂਰੇ ਕਰਨ ਲਈ ਜ਼ਿੰਦਗੀਆਂ ਲਾਉਣ ਦੇ ਸ਼ਹੀਦਾਂ ਨਾਲ ਕੀਤੇ ਵਾਅਦੇ ਸਦਾ ਉਸ ਦੇ ਸੀਨੇ 'ਚ ਜਿਉਂਦੇ ਰਹੇ।
ਸ਼ੁਰੂਆਤੀ ਦੌਰ ਅੰਦਰ ਖੱਬੂ ਮਾਅਰਕੇਬਾਜ਼ ਲੀਹ ਦੀ ਪਹਿਚਾਣ ਕਰ ਲੈਣ ਮਗਰੋਂ ਆਪਣੀ ਲੰਮੀ ਸਿਆਸੀ ਜ਼ਿੰਦਗੀ ਅੰਦਰ ਉਹ ਹਮੇਸ਼ਾ ਇਨਕਲਾਬੀ ਜਨਤਕ ਲੀਹ ਦਾ ਰਾਹੀ ਰਿਹਾ।ਇਨਕਲਾਬ ਦੇ ਕਾਜ਼ ਲਈ ਲੋਕਾਂ ਨੂੰ ਤਿਆਰ ਕਰਨ ਦੇ ਬੁਨਿਆਦੀ ਮਹੱਤਵ ਤੋਂ ਉਹ ਕਦੇ ਨਾ ਉੱਕਿਆ ਤੇ ਇਸ ਤਿਆਰੀ ਵਿੱਚ ਜੁਟਿਆ ਰਿਹਾ। ਭਾਰਤੀ ਇਨਕਲਾਬ ਦੇ ਮਿਸ਼ਨ ਨੂੰ ਤੋੜ ਚੜਾਉਣ ਲਈ ਪਹਿਲ ਹੱਥੇ ਕਾਰਜ ਵਜੋਂ ਸਹੀ ਲੀਹ ਦੁਆਲੇ ਇਕਜੁੱਟ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਉਸਾਰੀ ਦੇ ਟੀਚੇ ਨੂੰ ਪ੍ਰਣਾਇਆ ਰਿਹਾ। ਅੰਤਿਮ ਸਾਹਾਂ ਤੱਕ ਕਮਿਊਨਿਸਟ ਇਨਕਲਾਬੀ ਕਾਰਜਾਂ ਨੂੰ ਨਿਭਾਉਣ 'ਚ ਜੁਟਿਆ ਰਿਹਾ। ਲੋਕਾਂ ਦੀ ਲਹਿਰ 'ਚੋਂ ਕਮਿਊਨਿਸਟ ਇਨਕਲਾਬੀ ਘੁਲਾਟੀਆਂ ਦੀ ਸਿਰਜਣਾ ਕਰਨ 'ਚ ਖੁੱਭਿਆ ਰਿਹਾ। ਉਹ ਲਹਿਰ ਨਾਲ ਐਨ ਇਕ ਜਾਨ ਹੋ ਕੇ ਜਿਉਇਆਂ ਤੇ ਵਿਦਾ ਹੋਇਆ।
ਇਕ ਪੇਸ਼ਾਵਰ ਇਨਕਲਾਬੀ ਵਜੋਂ ਉਸਨੇ ਜੁਝਾਰ ਪਰੋਲੇਤਾਰੀ ਗੁਣਾਂ ਦੀ ਮਿਸਾਲ ਪੇਸ਼ ਕੀਤੀ। ਸਾਦਗੀ ਤੇ ਅਨੁਸ਼ਾਸਿਤ ਜੀਵਨ ਜਾਂਚ, ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਰਕੁੰਨਾਂ ਤੇ ਪਰਿਵਾਰਾਂ ਨਾਲ ਡੂੰਘਾ ਰਿਸ਼ਤਾ ਤੇ ਸਰੋਕਾਰ, ਸਾਥੀਆਂ ਪ੍ਰਤੀ ਸਮਰਪਣ ਭਾਵ ਉਸਦੀ ਇਨਕਲਾਬੀ ਸ਼ਖਸ਼ੀਅਤ ਅੰਦਰ ਡੂੰਘੀ ਤਰ੍ਹਾਂ ਰਮੇ ਹੋਏ ਸਨ। ਸਹੀ ਪਰੋਲੇਤਾਰੀ ਲੀਹ 'ਤੇ ਖੜ੍ਹਕੇ ਕੀਤੇ ਦਹਾਕਿਆਂ ਦੇ ਅਭਿਆਸ ਦੌਰਾਨ ਹੋਰ ਨਿਖਰੇ ਤੇ ਪ੍ਰਵਾਨ ਚੜ੍ਹੇ ਸਨ। ਉਸ ਦੇ ਸ਼ਰਧਾਂਜਲੀ ਸਮਾਗਮ ਦੇ ਦਿਨਾਂ 'ਚ ਇਨਕਲਾਬੀ ਲਹਿਰ ਦੇ ਘੇਰੇ 'ਚੋਂ ਉਮੜ ਕੇ ਆਈਆਂ ਡਾਢੀ ਅਪਣੱਤ ਦੀਆਂ ਭਾਵਨਾਵਾਂ ਉਸਦੇ ਲੋਕਾਂ ਤੇ ਲਹਿਰ ਦੇ ਰਾਹੀਆਂ ਨਾਲ ਡੂੰਘੇ ਰਿਸ਼ਤੇ ਦੀਆਂ ਗਵਾਹ ਬਣੀਆਂ ਹਨ। 70ਵਿਆਂ ਦੇ ਸ਼ੁਰੂਆਤੀ ਸਾਲਾਂ 'ਚ ਡੂੰਘੀ ਜਮਾਤੀ ਨਫ਼ਰਤ ਨਾਲ ਦੁਆਬੇ ਖੇਤਰ ਅੰਦਰ ਜਾਬਰ ਰਾਜ ਮਸ਼ੀਨਰੀ ਖਿਲਾਫ਼ ਐਕਸ਼ਨਾਂ' ਚ ਜੁਟਿਆ ਹੋਇਆ ਅਜਾਇਬ ਆਪਣੇ ਲੋਕਾਂ ਲਈ ਬੇਹੱਦ ਪਿਆਰ, ਸਤਿਕਾਰ ਤੇ ਡੂੰਘੇ ਲਗਾਅ ਵਾਲਾ ਸਾਥੀ ਸੀ। ਪੁਲਿਸ ਦੇ ਸਿਪਾਹੀ ਨੂੰ ਸੰਬੋਧਨ ਹੁੰਦਾ ਇੱਕ ਇਨਕਲਾਬੀ ਪਾਸ਼ ਦੇ ਸ਼ਬਦਾਂ 'ਚ ਜਦੋਂ ਇਉਂ ਕਹਿੰਦਾ ਹੈ ਕਿ
ਅਸੀਂ ਗੀਤਾਂ ਦੇ ਵਰਗੀ ਉਮਰ ਦੇ
ਬੇਤਾਬ ਆਸ਼ਿਕ ਹਾਂ
ਤੇ ਸਾਡੀ ਤੜਪ ਵਿੱਚ
ਤੇਰੀ ਉਦਾਸੀ ਦਾ ਵੀ ਨਗਮਾ ਹੈ
ਤਾਂ ਜਾਪਦਾ ਹੈ ਜਿਵੇਂ ਸਾਥੀ ਅਜੈਬ ਦੀ ਤੜਪ ਅੰਦਰ ਵੀ ਅਜਿਹੇ ਹਜ਼ਾਰਾਂ ਨਗਮੇ ਸਨ ਜਿਹੜੇ ਉਮਰ ਭਰ ਉਸਦੇ ਜਿਹਨ 'ਚ ਗੂੰਜਦੇ ਰਹੇ। ਲੁਟੇਰੀ ਜਾਬਰ ਰਾਜ ਮਸ਼ੀਨਰੀ ਲਈ ਖਤਰਨਾਕ ਗਿਣਿਆ ਜਾਂਦਾ ਅਜਾਇਬ ਆਪਣੇ ਲੋਕਾਂ ਲਈ ਕਿੰਨਾ ਮੁਲਾਇਮ ਸੀ , ਇਹ ਲੋਕਾਂ ਦਾ ਸੰਸਾਰ ਜਾਣਦਾ ਹੈ।
ਸਾਥੀ ਅਜਾਇਬ ਦੀ ਅਮਰ ਘਾਲਣਾ ਨੂੰ ਸਲਾਮ, ਉਹਦੇ ਲਹਿਰ 'ਚ ਪਾਏ ਯੋਗਦਾਨ ਨੂੰ ਸਿਜਦਾ, ਉਹਦਾ ਮਾਣਮੱਤਾ ਸਫ਼ਰ ਸਦਾ ਕਮਿਊਨਿਸਟ ਇਨਕਲਾਬੀ ਲਹਿਰ ਦੇ ਪੰਨਿਆਂ 'ਤੇ ਉੱਕਰਿਆ ਰਹੇਗਾ।
--0--
No comments:
Post a Comment