Showing posts with label ਸ਼ਹੀਦ ਦੀ ਚਿੱਠੀ. Show all posts
Showing posts with label ਸ਼ਹੀਦ ਦੀ ਚਿੱਠੀ. Show all posts

Sunday, May 7, 2017

(05) to ਇਕ ਨਕਸਲਬਾੜੀ ਸ਼ਹੀਦ ਦੀ ਚਿੱਠੀ

ਇਹ ਇਕ 21 ਸਾਲਾ ਨੌਜਵਾਨ ਦੀ ਚਿੱਠੀ ਹੈ ਜਿਹੜਾ ਮਿਦਨਾਪੁਰ (ਬੰਗਾਲ) ਜ਼ਿਲ੍ਹੇ 'ਚ ਜੂਨ 1970 'ਚ ਇਕ ਜਗੀਰਦਾਰ ਨੂੰ ਮਾਰਨ ਤੋਂ ਬਾਅਦ ਹੋਈ ਲੜਾਈ 'ਚ ਮਾਰਿਆ ਗਿਆ ਸੀ। ਉਸਦੇ ਪਿਤਾ ਅਨੁਸਾਰ ਅੱਠਵੀਂ ਕਲਾਸ 'ਚ ਪੜ੍ਹਦਾ ਹੀ ਕਮਿ: ਇਨਕਲਾਬੀ ਸਿਆਸਤ ਦੇ ਵਾਹ 'ਚ ਆ ਗਿ ਸੀ ਤੇ ਬੀ.ਏ. ਦੀ ਪੜ੍ਹਾਈ ਛੱਡ ਕੇ ਲਹਿਰ 'ਚ ਕੁੱਦ ਪਿਆ ਸੀ। ਉਹਨੇ ਸਾਲ ਭਰ ਮਿਦਨਾਪੁਰ ਦੇ ਆਦਿਵਾਸੀ ਕਿਸਾਨਾਂ 'ਚ ਕੰਮ ਕੀਤਾ ਤੇ ਉਹਨਾਂ 'ਚ ਇਕ ਮਕਬੂਲ ਕਾਰਕੁੰਨ ਵਜੋਂ ਪ੍ਰਵਾਨ ਚੜ੍ਹਿਆ ਸੀ।

ਲੁੱਟ ਦਾ ਸੰਸਾਰ ਬਦਲਣ ਲਈ ਜੂਝ ਰਿਹਾਂ 'ਚੋਂ ਮੈਂ ਇੱਕ ਹਾਂ

ਵੱਲ:- ਦਾਦੀ, ਮਾਂ, ਚਾਚੀ ਤੇ ਵੱਡੀ ਭੈਣ,
ਮੈਂ ਠੀਕ ਠਾਕ ਹਾਂ। ਮੇਰੀ ਫਿਕਰ ਨਾ ਕਰਿਉ। ਫਿਕਰ ਕਰਨ ਨਾਲ ਕੁਝ ਨਹੀਂ ਹੋਣਾ। ਫਿਕਰ ਤੋਂ ਬਚਣ ਦਾ ਇੱਕ ਤਰੀਕਾ ਇਹ ਹੈ ਕਿ ਮੇਰੇ 'ਕੱਲੇ ਬਾਰੇ ਸੋਚਣ ਦੀ ਥਾਂ ਉਹਨਾਂ ਸਾਰੇ ਗਰੀਬ ਲੋਕਾਂ ਬਾਰੇ ਸੋਚੋ ਜਿੰਨ੍ਹਾਂ ਨੇ ਆਦਮੀਆਂ ਵਾਂਗ ਜਿਉਣ ਦੇ ਹੱਕ ਲਈ ਹਥਿਆਰ ਚੁੱਕ ਲਏ ਹਨ ਤੇ ਉਹਨਾਂ ਬਹਾਦਰ ਨੌਜਵਾਨਾਂ ਬਾਰੇ ਜਿੰਨ੍ਹਾਂ ਨੇ ਇਹਨਾਂ ਲੋਕਾਂ ਦੀ ਹੋਣੀ ਨਾਲ ਆਪਣੇ ਆਪ ਨੂੰ ਜੋੜ ਲਿਆ ਹੈ ਤੇ ਸੰਘਰਸ਼ ਦੇ ਰਾਹ 'ਤੇ ਅੱਗੇ ਵਧ ਰਹੇ ਹਨ। ਜੇਕਰ ਤੁਸੀਂ ਮੈਨੂੰ ਉਹਨਾਂ 'ਚੋਂ ਇੱਕ ਸਮਝੋ ਤਾਂ ਤੁਹਾਨੂੰ ਲੱਗੇਗਾ ਕਿ ਸਭ ਮੁਸ਼ਕਿਲਾਂ ਹੱਲ ਹੋ ਗਈਆਂ ਹਨ।
ਜਦੋਜਹਿਦ ਸ਼ੁਰੂ ਹੋ ਚੁੱਕੀ ਹੈ। ਕਾਲੇ ਯੁੱਗ ਦੇ ਅੰਤ ਕਰਨ ਦਾ ਸੁਆਗਤ ਕਰਨ ਵਾਲੀ ਲੜਾਈ ਸ਼ੁਰੂ ਹੋ ਚੁੱਕੀ ਹੈ। ਹਰ ਇਕ ਦੇਸ਼ 'ਚ ਸੁੱਤੀ ਤੇ ਲੁੱਟੀ ਜਾ ਰਹੀ ਜਨਤਾ ਜਾਗ ਰਹੀ ਹੈ। ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਜਾਗ ਰਹੇ ਹਨ। ਕਾਲੇ ਤੇ ਡਰਪੋਕ ਸਮਝੇ ਜਾਂਦੇ ਉਹ ਲੋਕ ਜਿਹੜੇ ਮਿਹਨਤ ਦਰ ਮਿਹਨਤ ਕਰਦੇ ਰਹੇ ਤੇ ਕਦੇ ਵੀ ਮਨੁੱਖਾਂ ਵਾਂਗ ਸਵੀਕਾਰੇ ਨਹੀਂ ਗਏ; ਹੁਣ ਨਵਾਂ ਸੰਸਾਰ ਬਣਾਉਣ ਦੀਆਂ ਕਸਮਾਂ ਖਾ ਰਹੇ ਹਨ ਤੇ ਤਣੇ ਹੋਏ ਮੁੱਕੇ ਲਹਿਰਾ ਰਹੇ ਹਨ। ਸ੍ਰੀਕਾਕੂਲਮ ਜੂਝ ਰਿਹਾ ਹੈ। ਗੋਪੀਬਾਲਾਵਪੁਰ-ਤਾਰਾਗਾਡਾ ਜੂਝ ਰਿਹਾ ਹੈ। ਨਕਸਲਬਾੜੀ ਦੀ ਇੱਕ ਚੰਗਿਆੜੀ ਨੇ ਪੂਰੇ ਭਾਰਤ 'ਚ ਅੱਗ ਦੇ ਭਾਂਬੜ ਬਾਲ ਦਿੱਤੇ ਹਨ। ਜਿੰਨ੍ਹਾਂ ਨੇ ਗਰੀਬਾਂ ਦੀ ਲੁੱਟ ਤੇ ਲਹੂ ਨਾਲ ਆਪਣੇ ਮਹਿਲ ਉਸਾਰੇ ਹਨ ਉਹ ਸਾਰੇ ਅਮੀਰ ਇਸ ਅੱਗ 'ਚ ਸੜ ਜਾਣਗੇ। ਪਹੀਆ ਘੁੰਮ ਰਿਹਾ ਹੈ। ਇਹ ਹੋਰ ਘੁੰਮੇਗਾ। ਸੰਸਾਰ ਬਦਲ ਰਿਹਾ ਹੈ, ਇਹ ਹੋਰ ਬਦਲੇਗਾ। ਸੰਸਾਰ ਨੂੰ ਬਦਲਣ ਲਈ ਜੂਝ ਰਿਹਾਂ 'ਚੋਂ ਮੈਂ ਇੱਕ ਹਾਂ ਤੇ ਇਹ ਮਾਣ ਕਰਨ ਯੋਗ ਹੈ। ਮੈਂ ਅੱਜ ਜਿਉਂਦਾ  ਹਾਂ ਤੇ ਤੁਸੀਂ ਆਸ ਕਰੋ ਕਿ ਮੈਂ ਆਉਂਦੇ ਦਿਨਾਂ 'ਚ ਵੀ ਹੋਵਾਂਗਾ।
ਚਿੱਠੀ ਲਿਖਣਾ ਇਕ ਬਹੁਤ ਮੁਸ਼ਕਿਲ ਕੰਮ ਹੈ। ਉਦਾਸ ਨਾ ਹੋਵੇ ਤੇ ਨਾ ਹੀ ਗੁੱਸੇ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੇਗੇ-
ਤੁਹਾਡਾ ਸੁਦੇਬ, 15 ਅਗਸਤ 1970