ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ:
ਨੌਜਵਾਨ-ਵਿਦਿਆਰਥੀ ਮਸਲਿਆਂ ’ਤੇ ਲਾਮਬੰਦੀ
ਸਤੰਬਰ ਮਹੀਨੇ ਅੰਦਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ
ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ)
ਵੱਲੋਂ ‘ਨੌਜਵਾਨ-ਵਿਦਿਆਰਥੀ ਚੇਤਨਾ ਮੁਹਿੰਮ’ ਚਲਾਈ ਗਈ। ਵਿਦਿਆਰਥੀ-ਨੌਜਵਾਨਾਂ ਦੇ ਸਿਖਿਆ ਤੇ ਰੁਜ਼ਗਾਰ ਵਰਗੇ ਬੁਨਿਆਦੀ ਮਸਲਿਆਂ ਤੇ ਹੱਕੀ ਮੰਗਾਂ
ਉੱਤੇ ਆਵਾਜ਼ ਬੁਲੰਦ ਕਰਨ ਦਾ ਹੋਕਾ ਦਿੰਦੀ ਇਹ ਮੁਹਿੰਮ ਪੋਸਟਰਾਂ, ਮੀਟਿੰਗਾਂ
, ਰੈਲੀਆਂ, ਮਸ਼ਾਲ ਮਾਰਚਾਂ, ਨੁੱਕੜ
ਨਾਟਕਾਂ, ਸੈਮੀਨਾਰਾਂ, ਇਕੱਤਰਤਾਵਾਂ ਰਾਹੀਂ ਭਰਵੇਂ
ਰੂਪ ’ਚ ਚਲਾਈ ਗਈ। ਵੱਖ ਵੱਖ ਪੱਧਰਾਂ ’ਤੇ ਸੰਬੋਧਤ ਹੁੰਦਿਆਂ ਨੌਜਵਾਨ ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਜਦੋਂ ਵਿਸ਼ਵੀਕਰਨ, ਉਦਾਰੀਕਰਨ, ਨਿੱਜੀਕਰਨ
ਦੀਆਂ ਲੋਕ-ਵਿਰੋਧੀ ਨੀਤੀਆਂ ਲਾਗੂ ਕਰਦੇ ਹੋਏ ਸਿੱਖਿਆ ਮਹਿੰਗੀ ਕੀਤੀ ਜਾ
ਰਹੀ ਹੈ। ਸਰਕਾਰੀ ਸਿੱਖਿਆ ਦਾ ਭੋਗ ਪਾਇਆ ਜਾ ਰਿਹਾ ਹੈ। ਪ੍ਰਾਈਵੇਟ
ਸਕੂਲਾਂ-ਕਾਲਜਾਂ ਨੂੰ ਫੀਸਾਂ
ਨਿਰਧਾਰਤ ਕਰਨ ਦੀ ਖੁੱਲ੍ਹ ਹੈ। ਨਿੱਜੀ ਯੂਨੀਵਰਸਿਟੀਆਂ ਨੂੰ ਮਾਨਤਾ ਦਿੱਤੀ ਜਾ ਰਹੀ
ਹੈ। ਮਹਿੰਗੀਆਂ ਪੜ੍ਹਾਈਆਂ ਪੜ੍ਹਨ ਤੋਂ ਬਾਅਦ ਵੀ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ। ਰੁਜ਼ਗਾਰ ਦੀ ਭਾਲ ਵਿਚ ਨੌਜਵਾਨ ਬਾਹਰਲੇ ਮੁਲਕਾਂ ਵਿਚ ਜਾਣ ਲਈ ਮਜ਼ਬੂਰ ਹਨ। ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਬੇਵੁੱਕਤੀ ਦੀ ਹਾਲਤ ਵਿਚ ਜੀਵਨ ਬਸਰ ਕਰ ਰਹੇ ਹਨ ਤਾਂ ਅੱਜ
ਦੇ ਸਮੇਂ ਭਗਤ ਸਿੰਘ ਨੂੰ ਯਾਦ ਕਰਨਾ ਤੇ ਉਹਦੇ ਵਿਚਾਰਾਂ ’ਤੇ ਪਹਿਰਾ ਦੇਣਾ ਹੋਰ ਵੀ ਵਧੇਰੇ
ਅਣਸਰਦੀ ਲੋੜ ਹੈ। ਇਹਨਾਂ ਸਮੱਸਿਆਵਾਂ ਦਾ ਹੱਲ ਨਸ਼ਿਆਂ ਦੇ ਜਾਲ ਤੇ ਹੋਰ ਭਟਕਣਾਂ ਦਾ ਸ਼ਿਕਾਰ ਹੋਣਾ ਨਹੀਂ ਹੈ ਸਗੋਂ
ਆਪਣੀਆਂ ਹੱਕੀ ਮੰਗਾਂ ਲਈ ਲਾਮਬੰਦ ਹੋਣਾ ਹੈ। ਪੰਜਾਬ ਪੱਧਰਾ ਪੋਸਟਰ ਜਾਰੀ ਕਰਨ ਤੋਂ ਇਲਾਵਾ ਵੱਖ ਵੱਖ
ਇਲਾਕਿਆਂ ਵਿਚ ਆਪੋ-ਆਪਣੇ ਪੱਧਰ
’ਤੇ ਮੁਹਿੰਮ ਜਾਰੀ ਰੱਖੀ ਗਈ। ਬਠਿੰਡੇ
ਜਿਲ੍ਹੇ ਦੇ ਭਗਤਾ, ਗੋਨਿਆਣਾ ਇਲਾਕੇ
ਅੰਦਰ ਅਤੇ ਪਿੰਡ ਗਿੱਦੜ ਤੇ ਖੇਮੂਆਣਾ ਵਿਚ ਬਕਾਇਦਾ ਫੰਡ ਮੁਹਿੰਮ ਚਲਾ ਕੇ ਨੁੱਕੜ ਨਾਟਕਾਂ ਦਾ ਪ੍ਰੋਗਰਾਮ
ਕੀਤਾ ਗਿਆ। ਪਿੰਡ ਸਿਵੀਆਂ ਵਿਚ ਨੌਜਵਾਨਾਂ ਦੀ ਮੀਟਿੰਗ ਹੋਈ। ਸੰਗਤ
ਇਲਾਕੇ ਅੰਦਰ ਪਿੰਡ ਘੁੱਦਾ ਵਿਖੇ ਮਸ਼ਾਲ ਮਾਰਚ ਕਰਨ ਉਪਰੰਤ ਨੁੱਕੜ ਨਾਟਕ ਹੋਇਆ। ਪਿੰਡ ਕੋਟ ਗੁਰੂ ਤੇ ਬਾਜਕ ਵਿਚ ਲੋਕਾਂ ਦੀ ਭਰਵੀਂ ਗਿਣਤੀ ਵਿਚ ਨੁੱਕੜ ਨਾਟਕ ਕਰਵਾਏ ਗਏ। ਇਸੇ ਇਲਾਕੇ ਅੰਦਰ ਇਸ ਮੁਹਿੰਮ ਦੌਰਾਨ ਵਿਦਿਆਰਥੀ-ਨੌਜਵਾਨਾਂ ਦੀ ਇਲਾਕੇ-ਪੱਧਰੀ ਇਕੱਤਰਤਾ ਕੀਤੀ
ਗਈ। ਤਲਵੰਡੀ-ਮੌੜ ਇਲਾਕੇ ਅੰਦਰ
ਪਿੰਡ ਮੌੜ ਚੜ੍ਹਤ ਸਿੰਘ ਵਾਲਾ ਤੇ ਬੁਰਜ ਸੇਮਾ ਵਿਚ ਨੁੱਕੜ ਨਾਟਕ ਕਰਵਾਏ ਗਏ। ਪਿੰਡ ਰਾਮਨਗਰ ਵਿਚ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ। ਜ਼ਿਲ੍ਹਾ
ਮੋਗਾ ਦੇ ਪਿੰਡ ਹਿੰਮਤਪੁਰਾ ਵਿਚ ਮੀਟਿੰਗ ਕਰਨ ਉਪਰੰਤ ਫੰਡ ਮੁਹਿੰਮ ਚਲਾਈ ਗਈ ਤੇ ਮਸ਼ਾਲ ਮਾਰਚ ਵੀ ਕੱਢਿਆ
ਗਿਆ। ਸੰਗਰੂਰ ਇਲਾਕੇ ਦੇ ਪਿੰਡ ਸਲੇਮਗੜ੍ਹ,
ਬਖਸ਼ੀਵਾਲਾ, ਖੁਡਾਲ ਕਲਾਂ, ਸ਼ੇਖੂਪੁਰਾ
ਖੁਡਾਲ, ਚੂੜਲ ਕਲਾਂ ਪਿੰਡਾਂ ਵਿਚ ਨੌਜਵਾਨਾਂ ਦੀਆਂ ਮੀਟਿੰਗਾਂ ਕਰਵਾਈਆਂ
ਗਈਆਂ।
ਇਸੇ ਤਰ੍ਹਾਂ ਪੰਜਾਬ
ਐਗਰੀਕਲਚਰ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਬਠਿੰਡਾ ਵਿਚ ਫੰਡ ਮੁਹਿੰਮ ਉਪਰੰਤ ਨਾਟਕ ਕਰਵਾਇਆ ਗਿਆ। ਸਰਕਾਰੀ ਰਣਵੀਰ ਕਾਲਜ ਸੰਗਰੂਰ ਵਿਚ ਕਈ ਦਿਨਾਂ ਦੀ ਤਿਆਰੀ ਦੀ ਬਦੌਲਤ ਕਾਲਜ ਦੇ ਆਡੀਟੋਰੀਅਮ
ਵਿਚ ਭਾਰੀ ਗਿਣਤੀ ਵਿਚ ਮੌਜੂਦ ਵਿਦਿਆਰਥੀਆਂ ਨੇ ਸਿੱਖਿਆ ਤੇ ਰੁਜ਼ਗਾਰ ਵਿਸ਼ੇ ’ਤੇ ਹੋ ਰਹੇ ਸੈਮੀਨਾਰ ਵਿਚ ਹਿੱਸਾ ਲਿਆ ਤੇ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਯੂਨੀਵਰਸਿਟੀ ਕਾਲਜ ਮੂਨਕ ਵਿਚ ਹੋਏ ਨੁੱਕੜ ਨਾਟਕ ਪ੍ਰੋਗਰਾਮ ਵਿਚ ਲਗਭਗ ਸਾਰੇ ਵਿਦਿਆਰਥੀ ਸ਼ਾਮਲ
ਸਨ।
ਇਸ ਮੁਹਿੰਮ ਲਈ
ਜਿੱਥੇ ਸਰਕਾਰੀ ਤੇ ਸਸਤੀ ਵਿਦਿਆ, ਵਜੀਫੇ, ਸਿੱਖਿਆ
ਦਾ ਨਿੱਜੀਕਰਨ ਰੋਕਣ, ਪ੍ਰਾਈਵੇਟ ਵਿਦਿਅਕ ਅਦਾਰਿਆਂ ਦੀਆਂ ਫੀਸਾਂ ਕਾਨੂੰਨਾਂ
ਰਾਹੀਂ ਨਿਰਧਾਰਤ ਕਰਨ, ਰੈਗੂਲਰ ਭਰਤੀ ਤੇ ਬੇਰੁਜ਼ਗਾਰੀ ਭੱਤੇ ਦੀਆਂ ਮੰਗਾਂ
ਉਭਾਰੀਆਂ ਗਈਆਂ ਉਥੇ ਹੀ ਨਾਲ ਦੀ ਨਾਲ ਭਰਤੀ ਪ੍ਰਕਿਰਿਆ ਦੀ ਖੱਜਲ ਖੁਆਰੀ ਖਤਮ ਕਰਨ, ਸਨਅਤ ਤੇ ਖੇਤੀ ਵਿਚੋਂ ਬਹੁਕੌਮੀ ਕੰਪਨੀਆਂ ਬਾਹਰ ਕਰਕੇ ਰੁਜ਼ਗਾਰ ਮੁਖੀ ਲੀਹਾਂ ’ਤੇ ਚਲਾਉਣ ਅਤੇ ਦੇਸੀ-ਵਿਦੇਸ਼ੀ ਕੰਪਨੀਆਂ
ਨੂੰ ਟੈਕਸ ਛੋਟਾਂ ਬੰਦ ਕਰਨ ਵਰਗੀਆਂ ਮੰਗਾਂ ਵੀ ਪ੍ਰਚਾਰੀਆਂ ਗਈਆਂ।
No comments:
Post a Comment