ਬੀ. ਕੇ.
ਯੂ. (ਏਕਤਾ) ਉਗਰਾਹਾਂ ਦਾ ਸੂਬਾਈ
ਇਜਲਾਸ
ਇਨਕਲਾਬੀ ਕਿਸਾਨ ਘੋਲਾਂ ਦੀ ਉਸਾਰੀ ਦੀ ਸੇਧ ’ਤੇ ਹੋਰ ਅੱਗੇ ਵਧਣ ਦਾ ਤਹੱਈਆ
ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ) ਸੂਬੇ ਦੀ ਕਿਸਾਨ ਲਹਿਰ ’ਚ ਸਿਰਕੱਢ ਜਥੇਬੰਦੀ ਹੈ ਜਿਸਦਾ
ਵਿਸ਼ਾਲ ਜਨਤਕ ਅਧਾਰ ਹੈ। ਇਸ ਕਿਸਾਨ ਜਥੇਬੰਦੀ ਨੇ ਪੰਜਾਬ ਦੀ ਕਿਸਾਨ ਲਹਿਰ ਨੂੰ ਇੱਕ ਖੜੋਤ ਦੇ ਦੌਰ ’ਚੋਂ ਕੱਢ ਕੇ, ਸੰਘਰਸ਼ਾਂ
ਦੇ ਨਵੇਂ ਦੌਰ ’ਚ ਲਿਜਾਣ ਲਈ ਮੋਹਰੀ ਰੋਲ ਅਦਾ ਕੀਤਾ ਸੀ। ਇਸ ਤੋਂ ਵਧਕੇ ਇਸ ਨੇ ਕਿਸਾਨ ਲਹਿਰ ਨੂੰ ਜਗੀਰਦਾਰਾਂ ਦੇ ਹਿੱਤਾਂ ਦਾ ਸਾਧਨ ਬਣਾਉਣ ਵਾਲੀਆਂ
ਲੀਡਰਸ਼ਿਪਾਂ ਦੇ ਚੁੰਗਲ ’ਚੋਂ ਕੱਢ ਕੇ ਗਰੀਬ ਤੇ ਬੇਜ਼ਮੀਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ
ਲਈ ਭਿੜਨ ਵਾਲੀ ਲਹਿਰ ਵਜੋਂ ਉਸਾਰਨ ’ਚ ਵੀ ਅਹਿਮ ਰੋਲ ਨਿਭਾਇਆ ਹੈ। ਕਿਸਾਨੀ ਦੀਆਂ ਐਨ ਹੇਠਲੀਆਂ ਪਰਤਾਂ ਨੂੰ ਕਿਸਾਨ ਘੋਲਾਂ ’ਚ ਖਿੱਚ ਲਿਆਉਣ ਦਾ ਵੱਡਾ ਕਾਰਜ ਕੀਤਾ ਹੈ। ਇਸ ਨੇ ਆਪਣੇ 16 ਸਾਲਾਂ ਦੇ ਸਫ਼ਰ ’ਚ ਵੱਡੇ ਘੋਲ ਲੜੇ ਹਨ ਤੇ ਨਾ
ਸਿਰਫ਼ ਕਿਸਾਨ ਲਹਿਰ ’ਚ ਸਗੋਂ ਪੰਜਾਬ ਦੀ ਸਮੁੱਚੀ ਜਨਤਕ ਲਹਿਰ ’ਚ ਨਵੀਆਂ ਪਿਰਤਾਂ ਪਾਈਆਂ ਹਨ। ਇਹਨਾਂ ਸੰਘਰਸ਼ਾਂ ’ਚ ਜਮਹੂਰੀ ਮਸਲਿਆਂ ਤੋਂ ਲੈ ਕੇ,
ਹੋਰਨਾਂ ਤਬਕਿਆਂ ਦੀ ਡਟਵੀਂ ਤੇ ਬੇਗਰਜ ਹਮਾਇਤ ਤੱਕ, ਕਈ
ਤਰ੍ਹਾਂ ਦੇ ਖੇਤਰ ਸ਼ਾਮਲ ਹਨ।
ਇਸ ਜਥੇਬੰਦੀ ਨੇ ਆਪਣੇ ਡੇਢ ਦਹਾਕਾ ਲੰਮੇ ਸਫ਼ਰ ਮਾਰਗ ਦੌਰਾਨ ਇਨਕਲਾਬੀ
ਕਿਸਾਨ ਜਥੇਬੰਦੀ ਵਜੋਂ ਢਲਾਈ ਦਾ ਅਮਲ ਹੰਢਾਇਆ ਹੈ। ਪਿਸ਼ੌਰਾ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਇਸ ਅੰਦਰ
ਜਗੀਰਦਾਰਾਂ ਤੇ ਧਨੀ ਕਿਸਾਨਾਂ ਦੇ ਹਿੱਤਾਂ ਦੀ ਥਾਂ ਗਰੀਬ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ
ਅਤੇ ਪ੍ਰਚਾਰ ਮੁਖੀ ਜਥੇਬੰਦੀ ਦੀ ਥਾਂ ਘੋਲ ਮੁਖੀ ਜਥੇਬੰਦੀ ਉਸਾਰਨ ਲਈ ਸੰਘਰਸ਼ ਚੱਲਿਆ ਸੀ ਜਿਸ ਦਾ ਅੰਤ
ਸੰਨ 2002 ’ਚ ਉਸ ਲੀਡਰਸ਼ਿਪ ਨੂੰ ਪਾਸੇ ਕਰਕੇ,
ਮੌਜੂਦਾ ਕਿਸਾਨ ਜਥੇਬੰਦੀ ਦਾ ਨਵਾਂ ਦੌਰ ਸ਼ੁਰੂ ਹੋਇਆ ਸੀ। ਇਸ ਤੋਂ ਮਗਰੋਂ ਵੀ ਇਸਦੀ ਇਨਕਲਾਬੀ ਕਿਸਾਨ ਜਥੇਬੰਦੀ ਵਜੋਂ ਕਾਇਆਕਲਪੀ ਦਾ ਅਮਲ ਲਗਾਤਾਰ ਚੱਲਦਾ
ਆ ਰਿਹਾ ਹੈ ਤੇ ਹੁਣ ਵੀ ਜਾਰੀ ਹੈ। ਇਸ ਬਾਰੇ ਵੱਖ ਵੱਖ ਟਿੱਪਣੀਆਂ, ਰਿਪੋਰਟਾਂ ਵੀ ਅਸੀਂ ਛਾਪਦੇ ਆ ਰਹੇ ਹਾਂ!
ਹੁਣ ਵੀ ਇਸ ਦੇ ਸੂਬਾਈ ਇਜਲਾਸ ਮੌਕੇ ਇਸ ਵੱਲੋਂ ਪਾਸ ਕੀਤੀ ਰਿਪੋਰਟ ਅਤੇ ਟਿੱਕੇ ਗਏ
ਕਾਰਜ ਇਸ ਦੇ ਇਨਕਲਾਬੀ ਰੁਖ਼ ਵਿਕਾਸ ਦੀ ਤਸਵੀਰ ਦੱਸਦੇ ਹਨ ਤੇ ਇਨਕਲਾਬੀ ਕਿਸਾਨ ਲਹਿਰ ਦੀ ਉਸਾਰੀ ਦਾ
ਵਿਚਾਰ ਲੈ ਕੇ ਚੱਲਦੇ ਇਨਕਲਾਬੀਆਂ ਲਈ ਅਹਿਮ ਨਿਰਖਾਂ ਮੁਹੱਈਆ ਕਰਵਾਉਂਦੇ ਹਨ।
ਕਿਸਾਨ ਲਹਿਰ ਨੂੰ ਗਰੀਬ ਤੇ ਬੇਜ਼ਮੀਨੇ ਕਿਸਾਨਾਂ ਦੀ ਲਹਿਰ
’ਚ ਪੂਰੀ ਤਰ੍ਹਾਂ ਪਲਟਣ ਲਈ ਇਹ ਜਥੇਬੰਦੀ ਲਗਾਤਾਰ ਯਤਨਸ਼ੀਲ ਹੈ ਤੇ
ਇਸ ਪਰਤ ਦੀ ਲੁੱਟ ਦੀ ਕਿਸਮ ਬਾਰੇ ਵੀ ਚੇਤੰਨ ਹੈ। ਥੁੜ-ਜ਼ਮੀਨੇ ਤੇ ਬੇ-ਜ਼ਮੀਨੇ ਕਿਸਾਨ ਲੁੱਟ ਦੇ ਸਾਮਰਾਜੀ ਪੱਖ ਤੋਂ ਵਧਕੇ
ਜਗੀਰੂ ਪੱਖ ਤੋਂ ਵਧੇਰੇ ਪੀੜਤ ਹਨ ਤੇ ਉਹਨਾਂ ਦੀ ਮੁਕਤੀ ਸਾਮਰਾਜੀ ਤੇ ਜਗੀਰੂ ਲੁੱਟ ਦੇ ਖਾਤਮੇ ਨਾਲ
ਹੀ ਜੁੜੀ ਹੋਈ ਹੈ। ਇਹੀ ਹਿੱਸੇ ਖੇਤ-ਮਜ਼ਦੂਰਾਂ ਨਾਲ
ਰਲ਼ਕੇ ਕਿਸਾਨ ਲਹਿਰ ਦੀ ਅਸਲ ਤਾਕਤ ਹਨ। ਇਸ ਲਈ ਇਸ ਪਰਤ ਦੀਆਂ ਮੰਗਾਂ ਨੂੰ ਮੂਹਰੇ ਲਿਆਉਣ ਲਈ
ਇਹ ਜਥੇਬੰਦੀ ਯਤਨਸ਼ੀਲ ਹੈ। ਇਸ ਦੀ ਮੌਜੂਦਾ ਰਿਪੋਰਟ ਕਹਿੰਦੀ ਹੈ ‘‘ਅਸੀਂ ਪਿਛਲੇ ਅਜਲਾਸ ਦੌਰਾਨ ਇਹ
ਵੀ ਨੋਟ ਕੀਤਾ ਸੀ ਕਿ ‘‘ਹਕੂਮਤਾਂ ਨੇ ਕਿਸਾਨੀ ਦੇ ਸਭ ਤੋਂ ਹੇਠਲੇ ਵਡੇਰੇ ਹਿੱਸੇ ਦਾ ਸਭ ਕੁਝ
ਖੋਹ ਲਿਆ ਹੈ। ਜ਼ਮੀਨਾਂ ਖੋਹ ਲਈਆਂ ਹਨ।’’ ਇਸ ਲਈ ਅਸੀਂ ਇਸ ਪਰਤ ਦੀਆਂ ਮੰਗਾਂ ਨੂੰ ਘੋਲਾਂ
’ਚ ਪ੍ਰਮੁੱਖਤਾ ਦੇਣ ਦੀ ਗੱਲ ਕਰਦਿਆਂ ਵਿਸ਼ੇਸ਼ ਕਾਰਜ ਟਿੱਕਿਆ ਸੀ ਕਿ
‘‘ਸੂਦਖੋਰੀ ਖਿਲਾਫ ਮੰਗਾਂ, ਜ਼ਮੀਨੀ ਤੋਟ ਪੂਰੀ ਕਰਨ ਦੀਆਂ ਮੰਗਾਂ, ਸਸਤੇ
ਕਰਜ਼ੇ ਦੀ ਤੋਟ ਪੂਰੀ ਕਰਨ ਤੇ ਰੁਜ਼ਗਾਰ ਪ੍ਰਾਪਤੀਆਂ ਮੰਗਾਂ ਆਦਿ ਦੀ ਪ੍ਰਮੁੱਖਤਾ ਨੂੰ ਬਰਕਰਾਰ ਰੱਖਦਿਆਂ
ਬਾਕੀ ਮੰਗਾਂ ਨੂੰ ਬਣਦਾ ਹੁੰਗਾਰਾ ਦਿੱਤਾ ਜਾਵੇ। ਇਸ
ਪੱਖੋਂ ਸਾਡੀ ਕਾਰਗੁਜਾਰੀ ਕਾਫੀ ਹੱਦ ਤੱਕ ਤਸੱਲੀ ਬਖ਼ਸ਼ ਰਹੀ ਹੈ। ਅਸੀਂ
ਇਹਨਾਂ ਮੰਗਾਂ ਨੂੰ ਪ੍ਰਚਾਰਨ ਉਭਾਰਨ ਤੇ ਘੋਲ ਮੁੱਦਾ ਬਨਾਉਣ ਲਈ ਕਾਫ਼ੀ ਤਾਣ ਲਾਇਆ ਹੈ।
ਬੇਜ਼ਮੀਨੇ ਹੋ ਚੁੱਕੇ ਕਿਸਾਨਾਂ ਦੀ ਸਨਾਖਤ ਲਈ ਤਿੰਨ ਪਿੰਡਾਂ ’ਚੋਂ ਜ਼ਮੀਨ ਮਾਲਕੀ ਦੇ ਅੰਕੜੇ ਇਕੱਠੇ ਕਰਨ ਲਈ ਪੜਤਾਲ ਦਾ ਮੁੱਢਲਾ ਜੇਹਾ ਕੰਮ ਕੀਤਾ ਹੈ। ਪਰ ਬੇਜ਼ਮੀਨੇ ਹੋ ਚੁੱਕੇ ਤੇ ਅਤਿ ਗਰੀਬ
(2 ਏਕੜ ਤੋਂ ਹੇਠਾਂ ਵਾਲੇ) ਕਿਸਾਨ ਪਰਿਵਾਰਾਂ ਦੇ ਜੀਵਨ
ਨਿਰਬਾਹ ਦੀਆਂ ਹਾਲਤਾਂ, ਕੰਮ ਦੀਆਂ ਹਾਲਤਾਂ ਆਦਿ ਪੱਖਾਂ ਦੀ ਪੜਤਾਲ ਕਰਕੇ
ਉਹਨਾਂ ਦੀਆਂ ਬਣਦੀਆਂ ਵਿਸ਼ੇਸ਼ ਹੋਰ ਮੰਗਾਂ ਦਾ ਖਾਕਾ ਤਿਆਰ ਕਰਨ ਅਤੇ ਇਹਨਾਂ ਮੰਗਾਂ ’ਤੇ ਘੋਲ ਛੇੜਨ ਦਾ ਬਣਦਾ ਕਾਰਜ ਹੱਥ ਨਹੀਂ ਲੈ ਸਕੇ। ਇਸ
ਲਈ ਇਹਨਾਂ ਪਰਤਾਂ ਦੀ ਹਾਲਤ ਦੀ ਠੋਸ ਤੇ ਭਰਵੀਂ ਪੜਤਾਲ ਕਰਨ ਅਤੇ ਬਣਦੀਆਂ ਮੰਗਾਂ ਦਾ ਕਾਰਜ ਆਉਣ ਵਾਲੇ
ਸਮੇਂ ’ਚ ਲਾਜ਼ਮੀ ਹੱਥ ਲਿਆ ਜਾਵੇਗਾ। ਪਰ
ਇਹ ਪੜਤਾਲ ਜਾਂ ਸਰਵੇ ਪੂਰੇ ਪੰਜਾਬ ਦੀ ਥਾਂ ਸਾਡੇ ਵਿੱਤ ਮੁਤਾਬਕ ਕੁਝ ਚੋਣਵੇਂ ਪਿੰਡਾਂ ਅੰਦਰ ਕਰਨਾ
ਹੀ ਸੰਭਵ ਹੋਵੇਗਾ।
ਇਸ ਕਾਰਜ ਦਾ ਸਾਡੇ ਕੰਮ ਨੂੰ ਪੱਕੇ ਪੈਂਰੀ ਕਰਨ ਅਤੇ ਖੇਤ ਮਜ਼ਦੂਰਾਂ
ਨਾਲ ਸਾਂਝ ਹੋਰ ਵਿਕਸਤ ਕਰਨ ਵਾਲੇ ਕਾਰਜ ਨਾਲ ਵੀ ਅਹਿਮ ਲੜ ਜੁੜਦਾ ਹੈ।’’
ਚਾਹੇ ਇਹ ਆਪ ਜ਼ਮੀਨਾਂ ਦੀ ਤੁਰੀ ਆਉਂਦੀ ਮਾਲਕੀ ਵਾਲੀ ਕਿਸਾਨੀ ਦੀ
ਜਥੇਬੰਦੀ ਹੈ ਤੇ ਇਸਦਾ ਆਧਾਰ ਵੀ ਇਸ ਹਿੱਸੇ ’ਚ ਹੈ, ਪਰ ਇਹ ਖੇਤ-ਮਜ਼ਦੂਰਾਂ
ਨਾਲ ਜੋਟੀ ਉਸਾਰਨ ਦੇ ਮਹੱਤਵ ਲਈ ਸੁਚੇਤ ਹੈ। ਜ਼ਰੱਈ
ਇਨਕਲਾਬੀ ਲਹਿਰ ਦਾ ਸਭ ਤੋਂ ਜਾਨਦਾਰ ਅੰਗ ਬਣਦੇ ਖੇਤ ਮਜ਼ਦੂਰਾਂ ਨਾਲ ਸਾਂਝ ਦੀ ਉਸਾਰੀ ਲਈ ਇਸ ਜਥੇਬੰਦੀ
ਵੱਲੋਂ ਚੇਤਨ ਕੋਸ਼ਿਸ਼ਾਂ ਜੁਟਾਈਆਂ ਜਾਂਦੀਆਂ ਰਹੀਆਂ ਹਨ ਤੇ ਕਿਸਾਨ ਲਹਿਰ ’ਚ ਨਿਵੇਕਲੀਆਂ ਪਿਰਤਾਂ ਪਾਈਆਂ ਗਈਆਂ ਹਨ। ਇਹ ਜਥੇਬੰਦੀ ਸੁਚੇਤ ਹੈ ਕਿ ਕਿਸਾਨ ਲਹਿਰ ’ਚ ਬੇਜ਼ਮੀਨੇ ਕਿਸਾਨਾਂ ਦੀ ਸ਼ਮੂਲੀਅਤ ਲਾਜ਼ਮੀ ਹੀ ਖੇਤ-ਮਜ਼ਦੂਰਾਂ ਨਾਲ ਸਾਂਝ ਨੂੰ ਹੋਰ ਪਕੇਰੀ ਤੇ ਵਿਕਸਿਤ ਕਰਨ ਦਾ ਰਾਹ ਪੱਧਰਾ
ਕਰੇਗੀ। ਜਥੇਬੰਦੀ ਇਸ ਨੂੰ ਇੱਕ ਪਾਸੇ ਉਹਨਾਂ ਮੁੱਦਿਆਂ ’ਤੇ ਘੋਲ ਭਖਾਉਣ ਨਾਲ ਵੀ ਜੋੜਦੀ
ਹੈ ਜਿਹੜੇ ਬੇ-ਜ਼ਮੀਨੀ ਹੋ ਚੁੱਕੀ
ਕਿਸਾਨੀ ਦੀਆਂ ਪਰਤਾਂ ਦੇ ਮੁੱਦੇ ਹਨ ਤੇ ਨਾਲ ਹੀ ਇਸ ਸਾਂਝ ਦੇ ਮਹੱਤਵ ਦਾ ਆਪਣੀਆਂ ਸਫ਼ਾਂ ’ਚ ਸੰਚਾਰ ਕਰਨ ਦੀ ਜ਼ਰੂਰਤ ਉਭਾਰਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ, ‘‘ਪਰ ਮਸਲੇ ਦੀ ਜੜ੍ਹ ਡੂੰਘੀ ਹੋਣ ਕਰਕੇ ਤੇ ਕੁਝ ਥਾਂਵਾ
’ਤੇ ਹੇਠਲੇ ਪੱਧਰਾਂ ’ਤੇ ਪੁਰਾਤਨ ਪੰਥੀ ਵਿਚਾਰਾਂ ਦੀ
ਜਕੜ ਸਦਕਾ ਇਸ ਮਾਮਲੇ ’ਚ ਸਿੱਖਿਆ ਸਿਖਲਾਈ ਪੱਖੋਂ ਹੋਰ ਵਧੇਰੇ ਯਤਨ ਜੁਟਾਉਣ ਦੀ ਲੋੜ ਹੈ।’’
ਜਗੀਰਦਾਰਾਂ ਦੀਆਂ ਪਰਤਾਂ ਨਾਲੋਂ ਸਪੱਸ਼ਟ ਵਖਰੇਵਾਂ ਕਰਨ ਦੀ ਨੀਤੀ
’ਤੇ ਚੱਲਦੀ ਜਥੇਬੰਦੀ ਨੇ ਆਪਣੇ ਇਜਲਾਸ ਮੌਕੇ ਇਸ ਖੇਤਰ ’ਚ ਜੁਟਾਏ ਯਤਨਾਂ ਨੂੰ ਇਉਂ ਨੋਟ ਕੀਤਾ ਹੈ,
‘‘ਸਾਡਾ ਪਿਛਲੇ ਛੇ ਸਾਲਾਂ ਦਾ ਤਜਰਬਾ ਨਿਚੋੜ ਦੱਸਦਾ ਹੈ ਕਿ ਅਸੀਂ ਪ੍ਰਚਾਰ
ਦੀ ਪੱਧਰ ’ਤੇ ਤਾਂ ਜਥੇਬੰਦੀ ਨੂੰ ਜਗੀਰਦਾਰਾਂ ਨਾਲੋਂ ਲਕੀਰ ਖਿੱਚ ਕੇ ਤਿਆਰ
ਕਰਨ ਪੱਖੋਂ ਕਾਫ਼ੀ ਸਫਲਤਾ ਪ੍ਰਾਪਤ ਕੀਤੀ ਹੈ। ਜ਼ਮੀਨੀ ਹੱਦਬੰਦੀ ਤੋਂ ਉੱਪਰ ਮਾਲਕੀ ਵਾਲਿਆਂ ਨੂੰ ਸਰਕਾਰੀ
ਸਬਸਿਡੀਆਂ ਤੇ ਹੋਰ ਸਹੂਲਤਾਂ ਦੇਣਾ ਬੰਦ ਕਰਨ ਅਤੇ ਜਗੀਰਦਾਰਾਂ ਦੀ ਆਮਦਨ ਨੂੰ ਟੈਕਸ ਦੇ ਘੇਰੇ ’ਚ ਲਿਆਉਣ ਵਰਗੀਆਂ ਮੰਗਾਂ ਪਿਛਲੇ ਕੁਝ ਸਮੇਂ ਤੋਂ ਉਭਾਰਦੇ ਰਹੇ ਹਾਂ। ਪਰ ਉਪਰੋਕਤ ਸਭਨਾਂ ਮੰਗਾਂ ਨੂੰ ਘੋਲ ਮੁੱਦੇ ਬਨਾਉਣ ਵੱਲ ਨਹੀਂ ਵਧ ਸਕੇ ਕੁੱਲ ਮਿਲਾਕੇ ਪਿਛਲੇ
ਅਜਲਾਸ ਮੌਕੇ ਟਿੱਕੇ ਇਹ ਕਾਰਜ ਨਾ ਸਿਰਫ ਅੱਜ ਵੀ ਢੁੱਕਵੇਂ ਹਨ ਸਗੋਂ ਆਉਦੇ ਲੰਮੇ ਲਈ ਵੀ ਇਹਨਾਂ ਕਾਰਜਾਂ
ਦਾ ਮਹੱਤਵ ਬਣਿਆ ਰਹੇਗਾ। ਇਸ ਲਈ ਇਹਨਾਂ ਖੜ੍ਹੇ ਤੇ ਟਿੱਕੇ ਮੁੱਦਿਆਂ ਨੂੰ ਘੋਲ ਦੇ ਮੁੱਦੇ ਬਨਾਉਣ ਲਈ ਤਾਣ ਜੁਟਾਈ ਦੀ
ਲੋੜ ਹੈ।’’
ਇਉਂ ਹੀ ਪਿੰਡਾਂ ’ਚ ਜਨਤਕ ਅਧਾਰ ਦੀ ਮਜਬੂਤੀ ਲਈ
ਜਾਂਚ ਪੜਤਾਲ ਕਰਨ ਦੇ ਖੇਤਰ ਟਿੱਕੇ ਗਏ ਹਨ ਜਿੰਨ੍ਹਾਂ ’ਚ
‘‘ ਜ਼ਮੀਨਾਂ ਦੀ ਮਾਲਕੀ
ਤੇ ਖੇਤੀ ਸੰਦ ਸਾਧਨਾਂ ਪੱਖੋਂ ਵੱਖ-2 ਪਰਤਾਂ ਦੀ ਠੋਸ ਤਸਵੀਰ ਉਘਾੜਨ ਲਈ
ਜਾਂਚ ਪੜਤਾਲ ਕਰਨਾ।
ਬੇਜ਼ਮੀਨੇ ਹੋ ਚੁੱਕੇ ਕਿਸਾਨਾਂ
ਦੇ ਰੁਜ਼ਗਾਰ ਤੇ ਗੁਜਾਰੇ ਸਮੇਤ ਵੱਖ-2 ਹਾਲਤਾਂ ਦੀ ਜਾਂਚ ਪੜਤਾਲ ਕਰਨਾ
ਕਰਜ਼ੇ ਦੇ ਮੁੱਦੇ ’ਤੇ ਵੱਖ-2 ਲੜਾਂ ਦੀ ਜਾਂਚ
ਪੜਤਾਲ ਕਰਨਾ।
ਪੰਚਾਇਤੀ ਤੇ ਹੋਰ ਵੰਡਣਯੋਗ
ਜ਼ਮੀਨਾਂ ਨਾਲ ਸਬੰਧਤ ਜਾਂਚ ਪੜਤਾਲ ਕਰਨਾ।
ਜਗੀਰਦਾਰਾਂ ਤੇ ਧਨੀ ਕਿਸਾਨਾਂ
ਵੱਲੋਂ ਸੂਦਖੋਰੀ ਤੇ ਆੜ੍ਹਤ ਦਾ ਧੰਦਾ ਕਰਨ ਅਤੇ ਆੜ੍ਹਤੀਆਂ ਤੇ ਸੂਦਖੋਰਾਂ ਵਲੋਂ ਜ਼ਮੀਨਾਂ ਦੇ ਮਾਲਕ
ਬਣਕੇ ਲੁੱਟ ਤੇਜ਼ ਕਰਨ ਆਦਿ ਪੱਖਾਂ ਦੀ ਜਾਂਚ ਪੜਤਾਲ ਕਰਨਾ।
ਜ਼ਮੀਨਾਂ ਦੇ ਠੇਕੇ ਬਾਰੇ
ਠੋਸ ਨੀਤੀ ਘੜਨ ਲਈ ਜਾਂਚ ਪੜਤਾਲ ਕਰਨਾ।’’ ਆਦਿ ਸ਼ਾਮਲ ਹਨ। ਇਹਨਾਂ ਦਾ ਪੂਰਾ ਮਹੱਤਵ ਇਸ ਤੋਂ ਕਿਤੇ ਵਡੇਰਾ ਹੈ। ਇਹਨਾਂ ਰਾਹੀਂ ਗਰੀਬ ਤੇ ਬੇਜ਼ਮੀਨੇ ਕਿਸਾਨਾਂ ਦੀਆਂ ਪਰਤਾਂ ਦੇ ਮੰਗਾਂ ਮੁੱਦਿਆਂ ਦੀ ਪੂਰੀ ਥਹੁ
ਪਾਉਣੀ ਸ਼ਾਮਲ ਹੈ ਤੇ ਉਹਨਾਂ ਨੂੰ ਕਿਸਾਨ ਲਹਿਰ ਦੇ ਧੁਰੇ ਵਜੋਂ ਸਥਾਪਿਤ ਕਰਨਾ ਹੈ। ਇਹ ਹਿੱਸੇ ਹੀ ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਦਾ ਅਧਾਰ ਬਣਦੇ ਹਨ। ਇਸ ਲਈ ਕਿਸੇ ਕਿਸਾਨ ਜਥੇਬੰਦੀ ਵੱਲੋਂ ਅਜਿਹੇ ਗੰਭੀਰ ਯਤਨ ਜੁਟਾਉਣ ਲਈ ਕਾਰਜਾਂ ਦੀ ਵਿਉਂਤ
ਬਣਾਉਣੀ ਇਨਕਲਾਬੀ ਹਲਕਿਆਂ ਵੱਲੋਂ ਸਵਾਗਤਯੋਗ ਵਰਤਾਰਾ ਬਣਦਾ ਹੈ। ਸੂਬੇ
’ਚ ਵਿਕਸਿਤ ਹੋ ਰਹੀਆਂ ਹਾਲਤਾਂ ਦੇ ਸੰਦਰਭ ’ਚ ਤਾਂ ਇਹਨਾਂ ਪੱਖਾਂ ਦੀ ਵਿਸ਼ੇਸ਼ ਕਰਕੇ ਜ਼ਰੂਰਤ ਹੈ। ਇਹਨਾਂ
ਨਿਰਖਾਂ ਨੇ ਇਨਕਲਾਬੀ ਸ਼ਕਤੀਆਂ ਲਈ ਵੀ ਹਾਲਤ ’ਤੇ ਪਕੜ ਬਣਾਉਣ ’ਚ ਸਹਾਈ ਹੋਣਾ ਹੈ।
ਜਥੇਬੰਦੀ ਦੀ ਰਿਪੋਰਟ ’ਚ ਸੰਘਰਸ਼ਾਂ ਨੂੰ ਹੋਰ ਖਾੜਕੂ
ਰੰਗਤ ਦੇਣ ਤੇ ਅਗਲੇਰੇ ਪੱਧਰਾਂ ਤੱਕ ਲਿਜਾਣ ਲਈ ਜਿੱਥੇ ਖੇਤ ਮਜ਼ਦੂਰਾਂ ਨਾਲ ਸਾਂਝ ਦੀ ਹੋਰ ਜ਼ਰੂਰਤ ਉੱਭਰੀ
ਹੈ ਉਥੇ ਕਿਸਾਨੀ ਦਾ ਪੂਰਾ ਲੜਾਕੂ ਤੰਤ ਸਾਕਾਰ ਕਰਨ ਲਈ ਇਸਦਾ ਜਾਨਦਾਰ ਅੰਗ ਬਣਦੀਆਂ ਔਰਤਾਂ ਤੇ ਨੌਜਵਾਨਾਂ
ਨੂੰ ਹੋਰ ਵਧੇਰੇ ਉਭਾਰਨ ਦਾ ਕਾਰਜ ਮਿਥਿਆ ਗਿਆ ਹੈ। ਚਾਹੇ ਔਰਤਾਂ ਵਾਲੇ ਖੇਤਰ ’ਚ ਔਰਤਾਂ ਦੀ ਸ਼ਮੂਲੀਅਤ ਨੂੰ ਸਲਾਹੁਣਯੋਗ ਕਿਹਾ ਗਿਆ ਹੈ ਪਰ ਨਾਲ ਹੀ ਇਸ ਖੇਤਰ ’ਚ ਆਪਣੇ ਕਾਰਕੁੰਨਾਂ ਦੀਆਂ ਸਿੱਖਿਆ ਦਾ ਵਿਸ਼ੇਸ਼ ਮਹੱਤਵ ਟਿੱਕਿਆ ਗਿਆ ਹੈ।
ਜਗੀਰੂ ਲੁੱਟ ਦੀ ਤਿੱਖੀ ਸ਼ਕਲ ਸੂਦਖੋਰੀ ਤੇ ਕਰਜ਼ੇ ਦੇ ਜਾਲ ਖਿਲਾਫ਼
ਸੰਘਰਸ਼ਾਂ ਨੂੰ ਮੂਹਰੇ ਲਿਆਉਣ ’ਚ ਰਹਿੰਦੀਆਂ ਕਸਰਾਂ ਨੂੰ ਦੂਰ ਕਰਨ ਲਈ ਇਜਲਾਸ ਇਹ ਸੇਧ
ਤੈਅ ਕਰਦਾ ਹੈ, ‘‘ ਪਿਛਲੇ ਸਮੇਂ ’ਚ ਅਸੀਂ ਸੂਦਖੋਰੀ ਤੇ ਕਰਜ਼ੇ ਦੇ ਤੰਦੂਆਂ ਜਾਲ ਵਿਰੁੱਧ
ਅਹਿਮ ਤੇ ਤਿੱਖੇ ਘੋਲ ਵੀ ਲੜੇ ਹਨ ਅਤੇ ਵੱਡੀਆਂ ਤੇ ਅਹਿਮ ਪ੍ਰਾਪਤੀਆਂ ਵੀ ਕੀਤੀਆਂ ਹਨ। ਪਰ ਫਿਰ ਵੀ ਆਮ ਤੌਰ ’ਤੇ ਇਹ ਘੋਲ ਕੁਰਕੀਆਂ/ਨਿਲਾਮੀਆਂ ਰੋਕਣ, ਖੁਦਕੁਸ਼ੀਆਂ
ਦਾ ਮੁਆਵਜ਼ਾ ਲੈਣ ਜਾਂ ਖੁਦਕੁਸ਼ੀ ਦੇ ਜਿੰਮੇਵਾਰ ਦੋਸ਼ੀਆਂ ’ਤੇ ਕੇਸ ਦਰਜ ਕਰਾਉਣ ਆਦਿ ਤੱਕ ਸੀਮਤ ਰਹੇ ਹਨ। ਇਹਨਾਂ
ਘੋਲਾਂ ਨੂੰ ਸੂਦਖੋਰੀ ਕਰਜੇ ਤੇ ਪ੍ਰਬੰਧ ਨੂੰ ਨੱਥ ਮਾਰਨ ਤੇ ਅੰਤ ਇਸਦੇ ਖਾਤਮੇ ਵੱਲ ਸੇਧਤ ਕਰਨ ਦੀ
ਲੋੜ ਹੈ। ਇਸ ਵਾਸਤੇ ਠੋਸ ਮੁੱਦੇ ਹੱਥ ਲੈ ਕੇ ਆਵਦੀ ਪਹਿਲ ਕਦਮੀ ’ਤੇ ਵਿਉਤ ਬੱਧ ਢੰਗ ਨਾਲ ਘੋਲਾਂ ਦਾ ਛੇੜਾ ਛੇੜਨ ਦੀ ਲੋੜ ਹੈ।
ਜਗੀਰਦਾਰੀ ਤੇ ਸੂਦਖੋਰੀ ਵਿਰੋਧੀ ਇਹਨਾਂ ਕਾਰਜਾਂ ਨੂੰ ਹੱਥ ਲੈਣ ਦਾ
ਸਬੰਧ ਸਾਡੀ ਜਥੇਬੰਦੀ ਦੇ ਪਿੰਡਾਂ ਅੰਦਰ ਪਸਾਰੇ ਤੇ ਸੰਘਰਸ਼ਾਂ ਨਾਲ ਵੀ ਜੁੜਦਾ ਹੈ। ਇੱਕ ਹੋਰ ਪੱਖੋਂ ਦੇਖਿਆਂ ਪਿੰਡਾਂ ਅੰਦਰਲੀ ਜਗੀਰਦਾਰੀ ਤੇ ਸੂਦਖੋਰੀ ਵਿਰੋਧੀ ਇਸ ਲੜਾਈ ਦਾ
ਇੱਕ ਅਹਿਮ ਲੜ ਲੱਖੋਵਾਲ, ਰਾਜੇਵਾਲ
ਤੇ ਸਿੱਧੂਪੁਰ ਧੜਿਆਂ ਨਾਲੋਂ ਨਿਖੇੜੇ ਦੀ ਲਕੀਰ ਹੋਰ ਗੂੜ੍ਹੀ ਕਰਨ ਨਾਲ ਵੀ ਜੁੜਦਾ ਹੈ।’’
ਇਉਂ ਹੀ ਜਥੇਬੰਦੀ ਦੇ ਇਜਲਾਸ ਵੱਲੋਂ ਸਾਮਰਾਜੀ ਲੁੱਟ ਦੇ ਵੱਖ ਵੱਖ
ਰੂਪਾਂ ਖਿਲਾਫ਼ ਵੀ ਸੰਘਰਸ਼ ਦੀ ਲੋੜ ਉਭਾਰੀ ਗਈ ਹੈ।
ਉਪਰੋਕਤ ਸੀਮਤ ਚਰਚਾ ਇਹ ਪ੍ਰਗਟਾਵਾ ਕਰਦੀ ਹੈ ਕਿ ਜਥੇਬੰਦੀ ਵੱਲੋਂ
ਆਪਣੇ ਅਜਲਾਸ ਦੌਰਾਨ ਜੋ ਕਾਰਜ ਟਿੱਕੇ ਗਏ ਹਨ ਤੇ ਜੋ ਦਿਸ਼ਾ ਅਖਤਿਆਰ ਕੀਤੀ ਗਈ ਹੈ ਇਹ ਪੰਜਾਬ ਦੀ ਕਿਸਾਨ
ਲਹਿਰ ਨੂੰ ਬੇਹੱਦ ਲੋੜੀਂਦੀ ਦਿਸ਼ਾ ਹੈ। ਇਹਨਾਂ ਕਾਰਜਾਂ ਦੇ ਤੋੜ ਚੜ੍ਹਨ ਨਾਲ ਪੰਜਾਬ ਦੀ ਕਿਸਾਨ
ਲਹਿਰ ਦੀ ਜਗੀਰਦਾਰ ਵਿਰੋਧੀ ਧਾਰ ਹੋਰ ਤਿੱਖੀ ਹੋਣੀ ਹੈ ਤੇ ਜਗੀਰਦਾਰਾਂ/ਸੂਦਖੋਰਾਂ ਖਿਲਾਫ਼ ਸੰਘਰਸ਼ਾਂ ਨੂੰ ਹੋਰ ਜਰਬਾਂ ਮਿਲਣੀਆਂ
ਹਨ। ਪੰਜਾਬ ਦੀ ਕਿਸਾਨ ਲਹਿਰ ਦਾ ਅਜਿਹਾ ਅਗਲੇਰਾ ਵਿਕਾਸ ਇਨਕਲਾਬੀਆਂ ਲਈ ਬਹੁਤ ਮਹੱਤਵਪੂਰਨ ਵਰਤਾਰਾ
ਹੋਣਾ ਚਾਹੀਦਾ ਹੈ ਜਿਹੜੇ ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਲਈ ਯਤਨਸ਼ੀਲ ਹਨ।
ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ) ਦਾ ਤਾਜ਼ਾ ਇਜਲਾਸ ਕਿਸਾਨ ਘੋਲਾਂ ਨੂੰ ਹੋਰ ਵਧੇਰੇ ਇਨਕਲਾਬੀ ਰੰਗ ’ਚ ਰੰਗਣ ਦੀ ਦਿਸ਼ਾ ’ਚ ਅੱਗੇ ਵਧਣ ਦਾ ਤਹੱਈਆ ਹੋ ਨਿੱਬੜਿਆ ਹੈ।
No comments:
Post a Comment