ਨਵੀਂ ਚੇਤਨਾ ਤੇ ਉਤਸ਼ਾਹ ਦਾ ਸੋਮਾ ਹੋ ਨਿੱਬੜਿਆ
ਬੀ.ਕੇ.ਯੂ-ਏਕਤਾ (ਉਗਰਾਹਾਂ) ਦਾ ਸੂਬਾਈ ਡੈਲੀਗੇਟ ਅਜਲਾਸ
ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਦਾ
ਤਿੰਨ ਰੋਜ਼ਾ ਸੂਬਾਈ ਡੈਲੀਗੇਟ ਅਜਲਾਸ 20,21 ਤੇ 22 ਸਤੰਬਰ 2018 ਨੂੰ ਭਦੌੜ ਵਿਖੇ ਕੀਤਾ ਗਿਆ। ਜਿਸ ਵਿੱਚ 5 ਔਰਤ ਡੈਲੀਗੇਟਾਂ
ਸਮੇਤ 118 ਡੈਲੀਗੇਟਾਂ ਤੋਂ ਇਲਾਵਾ ਸੈਂਕੜੇ ਦਰਸ਼ਕਾਂ ਵਲੋਂ ਸ਼ਮੂਲੀਅਤ ਕੀਤੀ
ਗਈ। ਕਿਸਾਨ ਲਹਿਰ ਦੇ ਸ਼ਹੀਦਾਂ ਅਤੇ ਵਿਛੜੇ ਆਗੂਆਂ/ਵਰਕਰਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਅਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ
ਉਗਰਾਹਾਂ ਦੇ ਪ੍ਰਧਾਨਗੀ ਭਾਸ਼ਣ ਨਾਲ ਅਜਲਾਸ ਦੀ ਸ਼ੁਰੂਆਤ ਕੀਤੀ ਗਈ। ਤਿੰਨ ਦਿਨ ਚੱਲੇ ਸੂਬਾ ਅਜਲਾਸ ਦੌਰਾਨ ਵਿਸ਼ਾਲ ਗਿਣਤੀ ਡੈਲੀਗੇਟਾਂ ਵੱਲੋਂ ਭਖਵੀਂ ਵਿਚਾਰ-ਚਰਚਾ ’ਚ ਹਿੱਸਾ ਲਿਆ ਗਿਆ ਅਤੇ ਸੂਬਾ ਕਮੇਟੀ ਵੱਲੋਂ ਪੇਸ਼ ਕੀਤੇ ਲਿਖਤੀ ਦਸਤਾਵੇਜ਼ਾਂ ਨੂੰ ਆਪਣੇ ਵਿਚਾਰਾਂ
ਅਤੇ ਅਹਿਸਾਸਾਂ ’ਚ ਰੰਗ ਕੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਪਿਛਲੇ ਛੇ ਸਾਲਾਂ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਲੜੇ ਗਏ ਘੋਲਾਂ ਦੀ ਲੇਖਾ-ਜੋਖਾ ਰਿਪੋਰਟ, ਪਿਛਲੇ
ਅਜਲਾਸ ਦੌਰਾਨ ਕੱਢੇ ਗਏ ਕਾਰਜਾਂ ਦੇ ਨਿਭਾਅ, ਜਥੇਬੰਦੀ ਸਾਹਮਣੇ ਦਰਪੇਸ਼ ਸਮੱਸਿਆਵਾਂ
ਤੇ ਹੱਲ ਅਤੇ ਹਿਸਾਬ ਕਿਤਾਬ ਦੀ ਲਿਖਤੀ ਰਿਪੋਰਟ ਸੂਬਾ ਕਮੇਟੀ ਵੱਲੋਂ ਖਰੜੇ ਦੇ ਰੂਪ ’ਚ ਪਹਿਲਾਂ ਹੀ ਸਭਨਾਂ ਡੈਲੀਗੇਟਾਂ ਦੇ ਹੱਥਾਂ ’ਚ ਸੌਂਪ ਦਿੱਤੀ ਗਈ ਸੀ। ਇਸ ਰਿਪੋਰਟ ਦੇ ਉੱਪਰ 118 ਡੈਲੀਗੇਟਾਂ
’ਚੋਂ ਕਰੀਬ
95 ਡੈਲੀਗੇਟਾਂ ਵੱਲੋਂ ਮੁੱਦੇਵਾਰ ਲੱਗਭੱਗ 22 ਘੰਟੇ ਦੀ
ਲੰਮੀ ਬਹਿਸ-ਵਿਚਾਰ ਕੀਤੀ ਗਈ। ਐਨੀ
ਵੱਡੀ ਗਿਣਤੀ ਡੈਲੀਗੇਟਾਂ ਵੱਲੋਂ ਚਰਚਾ ’ਚ ਸ਼ਾਮਲ ਹੋਣਾ ਕਿਸਾਨ ਕਰਿੰਦਿਆਂ ਦੀ ਵਿਕਸਤ ਹੋ ਰਹੀ
ਚੇਤਨਾ ਅਤੇ ਜਥੇਬੰਦੀ ਤੇ ਕਿਸਾਨ ਲਹਿਰ ਦੀ ਉਸਾਰੀ ਸਬੰਧੀ ਵਧ ਰਹੇ ਸਰੋਕਾਰ ਦਾ ਪ੍ਰਤੀਕ ਹੈ।
ਅਜਲਾਸ ਦੇ ਦੂਸਰੇ ਸੈਸ਼ਨ ਦੌਰਾਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ
ਸੁਖਦੇਵ ਸਿੰਘ ਕੋਕਰੀ ਵੱਲੋਂ ਕਰਜ਼ੇ, ਖੁਦਕੁਸ਼ੀਆਂ,
ਸੂਦਖੋਰੀ, ਰੁਜ਼ਗਾਰ, ਕਾਲੇ ਕਾਨੂੰਨਾਂ
ਅਤੇ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਲੜੇ ਘੋਲਾਂ ਸਮੇਤ ਹੋਰ ਮੁੱਦਿਆਂ ’ਤੇ ਜਥੇਬੰਦੀ ਦੁਆਰਾ ਆਪਣੇ ਬਲਬÈਤੇ ਲੜੇ ਗਏ ਘੋਲਾਂ ਤੇ ਜਿੱਤੀਆਂ ਜਿੱਤਾਂ ਤੋਂ ਇਲਾਵਾ
ਸਾਂਝੇ ਘੋਲਾਂ ਦੇ ਜ਼ੋਰ ਹਾਸਲ ਕੀਤੀਆਂ ਪ੍ਰਾਪਤੀਆਂ,
ਤਜਰਬੇ ਤੇ ਸਬਕਾਂ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਤੀਸਰੇ ਸੈਸ਼ਨ ਦੌਰਾਨ ਸੂਬਾ ਸੀਨੀਅਰ ਮੀਤ ਪ੍ਰਧਾਨ ਦੇ ਨਾਲ-ਨਾਲ ਖਜਾਨਚੀ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਝੰਡਾ
ਸਿੰਘ ਜੇਠੂਕੇ ਵੱਲੋਂ ਜਮ੍ਹਾਂ ਹੋਏ ਫੰਡਾਂ ਤੇ ਖਰਚੇ ਸਬੰਧੀ ਵਿਸਥਾਰੀ ਰਿਪੋਰਟ ਪੇਸ਼ ਕੀਤੀ ਗਈ ਜਿਸਨੇ
ਸਭਨਾਂ ਡੈਲੀਗੇਟਾਂ ਦੀ ਭਾਰੀ ਵਾਹ-ਵਾਹ ਖੱਟੀ ਅਤੇ ਸਿੱਖਣ ਦੀ ਜਗਿਆਸਾ ਜਗਾਈ। ਚੌਥੇ ਸੈਸ਼ਨ ਦੌਰਾਨ ਸ਼ਿੰਗਾਰਾ ਸਿੰਘ ਮਾਨ ਵੱਲੋਂ ਪਿਛਲੇ ਅਜਲਾਸ ਦੌਰਾਨ ਕੱਢੇ ਵਿਸ਼ੇਸ਼ ਕਾਰਜਾਂ
ਜਿਵੇਂ ਔਰਤਾਂ ਦੀ ਸ਼ਮੂਲੀਅਤ ਵਧਾਉਣ, ਖੇਤ ਮਜ਼ਦੂਰਾਂ
ਨਾਲ ਸਾਂਝ ਵਿਕਸਤ ਕਰਨ, ਸਾਹਿਤਕਾਰਾਂ ਤੇ ਰੰਗ ਕਰਮੀਆਂ ਨਾਲ ਸਾਂਝ ਦੀਆਂ
ਤੰਦਾਂ ਗੰਢਣ ਤੋਂ ਇਲਾਵਾ ਨਸ਼ਿਆਂ, ਗੁੰਡਾਗਰਦੀ ਤੇ ਫਿਰਕਾਪ੍ਰਸਤੀ ਵਿਰੋਧੀ
ਘੋਲਾਂ ਆਦਿ ਦੇ ਨਿਭਾਅ ਤੇ ਚੋਣਾਂ ਸਬੰਧੀ ਸਰਗਰਮੀ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਪੰਜਵੇਂ ਸੈਸ਼ਨ ਦੌਰਾਨ ਝੰਡਾ ਸਿੰਘ ਜੇਠੂਕੇ ਵੱਲੋਂ ਜਥੇਬੰਦੀ ਨੂੰ ਦਰਪੇਸ਼ ਸਮੱਸਿਆਵਾਂ ਤੇ ਕਾਰਜਾਂ
ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਅਜਲਾਸ ਦੇ ਇਸ ਸਭ ਤੋਂ ਮਹੱਤਵਪੂਰਨ ਤੇ ਆਖਰੀ ਸੈਸ਼ਨ
ਦੀ ਪ੍ਰਧਾਨਗੀ ਔਰਤ ਡੈਲੀਗੇਟਾਂ ਹਰਿੰਦਰ ਕੌਰ ਬਿੰਦੂ,
ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੋਟੜਾ ਤੇ ਪਰਮਜੀਤ
ਕੌਰ ਪਿੱਥੋ ਵੱਲੋਂ ਕੀਤੀ ਗਈ। ਇਹਨਾਂ ਸਭਨਾਂ ਸੈਸ਼ਨਾਂ ਦੌਰਾਨ ਸਮੂਹ ਡੈਲੀਗੇਟਾਂ ਵੱਲੋਂ
ਪੇਸ਼ ਰਿਪੋਰਟਾਂ ਨੂੰ ਪੂਰੀ ਗਹਿਰ ਗੰਭੀਰਤਾ ਨਾਲ ਵਿਚਾਰ ਚਰਚਾ ਅਧੀਨ ਲਿਆ ਕੇ ਪਾਸ ਕੀਤਾ ਗਿਆ। ਇਸ ਮੌਕੇ ਅਗਲੇ ਸਮੇਂ ਲਈ ਟਿੱਕੇ ਕਾਰਜਾਂ ’ਚ ਜਥੇਬੰਦੀ ਦੇ ਕੰਮ ਨੂੰ ਪੱਕੇ
ਪੈਰੀਂ ਕਰਨ, ਸਿੱਖਿਆ ਸਿਖਲਾਈ
ਤੇ ਢਲਾਈ ਦੀਆਂ ਮੁਹਿੰਮਾਂ ਨੂੰ ਲਗਾਤਾਰ ਚਲਾਉਣ, ਜਥੇਬੰਦੀ ਦੀ ਸਿਸਤ ਬੇਜ਼ਮੀਨੇ
ਹੋ ਚੁੱਕੇ ਕਿਸਾਨਾਂ ਤੇ ਗਰੀਬ ਕਿਸਾਨਾਂ ਦੇ ਮੁੱਦਿਆਂ ਵੱਲ ਹੋਰ ਵਧੇਰੇ ਸੇਧਤ ਕਰਨ, ਇਹਨਾਂ ਹਿੱਸਿਆਂ ਖਾਸ ਕਰਕੇ ਬੇਜ਼ਮੀਨੇ ਹੋ ਚੁੱਕੇ ਕਿਸਾਨਾਂ ਦੀ ਹਾਲਤ ਬਾਰੇ ਭਰਵੀਂ ਜਾਂਚ
ਪੜਤਾਲ ਕਰਨ ਅਤੇ ਉਹਨਾਂ ਦੀਆਂ ਬਣਦੀਆਂ ਵਿਸ਼ੇਸ਼ ਮੰਗਾਂ ਨੂੰ ਘੋਲ ਮੰਗਾਂ ’ਚ ਬਣਦੀ ਥਾਂ ਦੇਣ, ਔਰਤਾਂ ਦੀ
ਸ਼ਮੂਲੀਅਤ ਨੂੰ ਹੋਰ ਅੱਗੇ ਵਧਾਉਣ ਤੇ ਔਰਤਾਂ ਦੇ ਵੱਖਰੇ ਜਥੇਬੰਦਕ ਢਾਂਚੇ ਨੂੰ ਮਜਬੂਤੀ ਦੇਣ ਤੇ ਵਿਕਸਤ
ਕਰਨ, ਖੇਤ ਮਜ਼ਦੂਰਾਂ ਨਾਲ ਸਾਂਝ ਹੋਰ ਪੀਡੀ ਕਰਨ, ਵਲੰਟੀਅਰਾਂ ਦੀ ਭਰਤੀ ਦਾ ਤੋਰਾ ਤੋਰਨ, ਪਿੰਡਾਂ ਦੇ ਅੰਦਰਵਾਰ ਪਸਾਰਾ
ਕਰਨ ਅਤੇ ਜਗੀਰਦਾਰ ਤੇ ਸੂਦਖੋਰੀ ਵਿਰੋਧੀ ਘੋਲਾਂ ਨੂੰ ਹੋਰ ਤਕੜਾਈ ਦੇਣ ਵਰਗੇ ਕਾਰਜ ਅਹਿਮ ਬਣਦੇ ਹਨ। ਇਹਨਾਂ ਕਾਰਜਾਂ ਨੂੰ ਨਿਭਾਉਣ ਲਈ ਪਿਛਲੇ ਤਜਰਬੇ ਤੋਂ ਸਿੱਖਦੇ ਹੋਏ ਅੱਠ ਮੈਂਬਰੀ ਸੂਬਾ ਕਮੇਟੀ
ਤੋਂ ਇਲਾਵਾ ਵੱਖ-ਵੱਖ ਕਾਰਜਾਂ ਨੂੰ
ਨਿਭਾਉਣ ਲਈ ਤਿੰਨ ਸਬ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ। ਇਹਨਾਂ
ਕਮੇਟੀਆਂ ਦੇ ਕੰਮ ਦੀ ਵੰਡ ਕਰਦਿਆਂ ਇੱਕ ਕਮੇਟੀ ਕੰਮ ਨੂੰ ਪੱਕੇ ਪੈਰੀਂ ਕਰਨ ਲਈ ਸਿੱਖਿਆ, ਸਿਖਲਾਈ ਤੇ ਢਲਾਈ ਦੇ ਕਾਰਜ ਨੂੰ ਨਿਭਾਉਣ ਲਈ ਜਥੇਬੰਦ
ਕੀਤੀ ਗਈ। ਤੇ ਦੂਜੀ ਕਮੇਟੀ ਸੂਬੇ ਤੋਂ ਲੈ ਕੇ ਪਿੰਡ ਪੱਧਰ ਤੱਕ ਫੰਡਾਂ ਅਤੇ ਖਰਚੇ ਦੇ ਹਿਸਾਬ ਨੂੰ ਪਰਦਰਸ਼ੀ
ਬਨਾਉਣ ਲਈ ਆਡਿਟ ਕਮੇਟੀ ਜਥੇਬੰਦ ਕੀਤੀ ਗਈ ਅਤੇ ਤੀਜੀ ਕਮੇਟੀ ਵਲੰਟੀਅਰਾਂ ਦੀ ਭਰਤੀ ਦਾ ਤੋਰਾ ਤੋਰਨ
ਅਤੇ ਸਮਾਗਮਾਂ ਦੇ ਪ੍ਰਬੰਧਾਂ ਨੂੰ ਹੋਰ ਸਚਾਰੂ ਬਨਾਉਣ ਲਈ ਜਥੇਬੰਦ ਕੀਤੀ ਗਈ। ਹਰ ਕਮੇਟੀ ’ਚ ਦੋ-ਦੋ ਮੈਂਬਰ ਸੂਬਾ ਕਮੇਟੀ ਮੈਂਬਰਾਂ ਵਿਚੋਂ ਅਤੇ ਬਾਕੀ ਸਮਰੱਥਾਵਾਨ ਮੈਂਬਰ ਜ਼ਿਲ੍ਹਾ ਪੱਧਰੇ
ਆਗੂਆਂ ਵਿੱਚੋਂ ਸ਼ਾਮਲ ਕੀਤੇ ਗਏ।
ਅਗਲੇ ਸੈਸ਼ਨ ਲਈ ਚੁਣੀ ਗਈ ਨਵੀਂ ਸੂਬਾ ਕਮੇਟੀ ਦਾ ਪ੍ਰਧਾਨ ਜੋਗਿੰਦਰ
ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ
ਸਿੰਘ ਕੋਕਰੀ ਕਲਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਖਜਾਨਚੀ ਝੰਡਾ ਸਿੰਘ
ਜੇਠੂਕੇ, ਸਕੱਤਰ ਹਰਦੀਪ ਸਿੰਘ ਟੱਲੇਵਾਲ, ਪ੍ਰੈਸ
ਸਕੱਤਰ ਸ਼ਿੰਗਾਰਾ ਸਿੰਘ ਮਾਨ, ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੰਗਠਨ ਸਕੱਤਰ ਜਸਵਿੰਦਰ ਸਿੰਘ ਸੇਮਾ ਤੇ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਚੁਣੇ ਗਏ।
ਅਜਲਾਸ ’ਚ ਹੋਈ ਬੇਹੱਦ ਉਸਾਰੂ ਤੇ ਗੰਭੀਰ
ਵਿਚਾਰ ਚਰਚਾ ਤੋਂ ਪ੍ਰਭਾਵਤ ਹੋਇਆ ਇੱਕ ਕਿਸਾਨ ਦਰਸ਼ਕ ਕਹਿ ਰਿਹਾ ਸੀ ਕਿ ‘‘ਅਜਲਾਸ ਦਾ ਨਜ਼ਾਰਾ ਆ ਗਿਆ ਲੀਡਰਸ਼ਿੱਪ ਨੇ ਐਨ ਟੁਣਕਾ-ਟੁਣਕਾ ਕੇ ਰੱਖ ਦਿੱਤੀਆਂ ਗੱਲਾਂ। ਸਭ
ਭੁਲੇਖੇ ਚੱਕੇ ਗਏ।’’ ਇੱਕ ਡੈਲੀਗੇਟ ਦੀ ਟਿੱਪਣੀ ਸੀ ਕਿ ‘‘ਇਉ ਤਾਂ ਯਾਰ ਵਕੀਲਾਂ ਤੋਂ ਬਹਿਸ
ਨਹੀਂ ਹੁੰਦੀ ਜਮਾਂ ਕਵਾੜ ਹੀ ਖੋਲ੍ਹਤੇ ਆਗੂਆਂ ਨੇ।’’ ਸੂਬਾ ਕਮੇਟੀ ਦੀ ਗੁਲੀ ਬਣਦੀ ਪੰਜ ਮੈਂਬਰੀ ਟੀਮ
ਵੱਲੋਂ ਸਵੈ-ਇੱਛਾ ਨਾਲ ਕੀਤੀ ਆਪਣੀ ਸਵੈ ਪੜਚੋਲ ਦੌਰਾਨ ਆਵਦੇ ਬਰੋਬਰ ਦੇ
ਸਾਥੀਆਂ ਜਾਂ ਹੇਠਲੇ ਅਦਾਰਿਆਂ ਦੇ ਆਗੂ ਵਰਕਰਾਂ ਨਾਲ ਕਦੇ ਕਦਾਈਂ ਅਪਣਾਏ ਜਾਂਦੇ ਤਲਖ ਵਿਹਾਰ ਬਾਰੇ
ਸਮੂਹ ਡੈਲੀਗੇਟਾਂ ਨੂੰ ਖੁੱਲ੍ਹਕੇ ਬੋਲਣ ਅਤੇ ਉਹਨਾਂ ’ਚ ਰਹਿ ਰਹੀਆਂ ਕਮੀਆਂ ਨੂੰ ਦੂਰ ਕਰਨ ਬਾਰੇ ਸਹਿਯੋਗ ਕਰਨ ਦੇ ਦਿੱਤੇ ਸੱਦੇ ਤੋਂ ਸਭ ਡੈਲੀਗੇਟ
ਨਿਹਾਲ ਸਨ। ਇੱਕ ਡੈਲੀਗੇਟ ਦੀ ਟਿੱਪਣੀ ਸੀ ਕਿ ‘‘ਜਦੋਂ ਸਾਡੇ ਕੋਲ ਏਨੇ ਵਿਸ਼ਾਲ
ਤੇ ਸਾਫ ਜਿਗਰੇ ਵਾਲੀ ਲੀਡਰਸ਼ਿੱਪ ਹੈ ਤਾਂ ਸਾਨੂੰ ਅੱਗੇ ਵਧਣੋਂ ਭਲਾਂ ਕੌਣ ਰੋਕ ਸਕਦਾ।’’ ਏਸੇ ਗੱਲ ਤੋਂ ਪ੍ਰਭਾਵਤ ਇੱਕ ਡੈਲੀਗੇਟ ਕਹਿ ਰਿਹਾ ਸੀ ਕਿ ‘‘ਮੈਨੂੰ ਤਾਂ ਇਸ ਗੱਲ ਨੇ ਬਹੁਤ ਉਤਸ਼ਾਹ ਬਖਸ਼ਿਆ।’’ ਕਿਸਾਨ ਜਥੇਬੰਦੀ ਦਾ
ਇਹ ਅਜਲਾਸ ਬੇਹੱਦ ਸਫਲ ਰਿਹਾ। ਇਉ ਅਜਲਾਸ ’ਚੋਂ ਨਵੀਂ ਚੇਤਨਾ ਤੇ ਉਤਸ਼ਾਹ
ਲੈ ਕੇ ਕਿਸਾਨ ਡੈਲੀਗੇਟਾਂ ਤੇ ਦਰਸ਼ਕਾਂ ਦਾ ਕਾਫ਼ਲਾ ਅਗਲੇ ਪੰਧ ਲਈ ਰਵਾਨਾ ਹੋ ਗਿਆ।
- ਸੁਖਦੇਵ ਸਿੰਘ ਕੋਕਰੀ ਕਲਾਂ
No comments:
Post a Comment