ਰਾਮਾਂ ਮੰਡੀ ਬਲਾਤਕਾਰ ਘਟਨਾ :
ਨਿਰਦੋਸ਼ ਨੂੰ ਰਿਹਾ ਕਰੋ, ਅਸਲ ਦੋਸ਼ੀ ਨੂੰ ਫੜੋ
—ਪਾਵੇਲ ਕੁੱਸਾ
12
ਫਰਵਰੀ ਨੂੰ ਰਾਮਾਂ ਮੰਡੀ (ਬਠਿੰਡਾ) 'ਚ 6 ਸਾਲਾ ਬੱਚੀ ਨਾਲ ਹੋਏ ਜਬਰ ਜਿਨਾਹ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਪਹੁੰਚੇ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਪਹਿਲਾਂ ਐਸ.ਐਸ.ਪੀ. ਦਫ਼ਤਰ ਕੋਲ ਹੋਈ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪੀੜਤ ਬੱਚੀ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ, ਘਟਨਾ ਦੇ ਅਸਲ ਦੋਸ਼ੀ ਨੂੰ ਲੱਭ ਕੇ ਗ੍ਰਿਫਤਾਰ ਕੀਤਾ ਜਾਵੇ। ਰੈਲੀ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਬਠਿੰਡਾ ਪੁਲਿਸ ਜਾਂ ਤਾਂ ਅਸਲ ਦੋਸ਼ੀ ਨੂੰ ਛੁਪਾਉਣਾ ਚਾਹੁੰਦੀ ਹੈ ਜਾਂ ਫਿਰ ਉਸਨੇ ਲੋਕ ਰੋਹ ਤੇ ਠੰਢਾ ਛਿੜਕਣ ਅਤੇ ਕੇਸ ਹੱਲ ਕਰਨ ਦਾ ਸਿਹਰਾ ਸਿਰ ਸਿਜਾਉਣ ਲਈ ਇੱਕ ਨਿਰਦੋਸ਼ ਨੌਜਵਾਨ ਨੂੰ ਫੜ੍ਹਕੇ ਜੇਲ੍ਹ 'ਚ ਸੁੱਟ ਦਿੱਤਾ ਹੈ। ਇਨਸਾਫ਼ ਮੰਗਦੇ ਰਾਮਾਂ ਮੰਡੀ ਨਿਵਾਸੀਆਂ ਦੇ ਅੱਖੀਂ ਘੱਟਾ ਪਾਇਆ ਹੈ। ਹਾਲਾਂਕਿ ਤੱਥ ਤੇ ਸਬੂਤ ਮੌਜੂਦ ਹਨ ਜਿਹਨਾਂ ਰਾਹੀਂ ਇਹ ਸਿੱਧ ਹੁੰਦਾ ਹੈ ਕਿ ਉਸ ਦਿਨ ਅਖਿਲੇਸ਼ ਕੁਮਾਰ ਪੱਕਾ ਕਲਾਂ ਪਿੰਡ 'ਚ ਇੱਕ ਘਰੇ ਦਿਹਾੜੀ 'ਤੇ ਕੰਮ ਕਰ ਰਿਹਾ ਸੀ। ਇਸ ਮਾਮਲੇ 'ਚ ਪੁਲਿਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ 'ਤੇ ਉੱਠਦੇ ਸਵਾਲਾਂ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਘਟਨਾ ਰਾਮਾਂ ਮੰਡੀ ਪੁਲਿਸ ਦੇ ਐਨ ਨੱਕ ਹੇਠ ਵਾਪਰੀ ਹੈ। ਜ਼ਿਕਰਯੋਗ ਹੈ ਕਿ ਦੋਨਾਂ ਜੱਥੇਬੰਦੀਆਂ ਵੱਲੋਂ ਆਪਣੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਨੂੰ ਇੱਕ ਹੱਥ ਪਰਚੇ ਰਾਹੀਂ ਰਾਮਾ ਮੰਡੀ ਦੇ ਲੋਕਾਂ ਅਤੇ ਹੋਰਨਾਂ ਇਨਸਾਫ਼ ਪਸੰਦ ਲੋਕਾਂ 'ਚ ਵੰਡਿਆ ਗਿਆ ਹੈ। ਸਭਾ ਵੱਲੋਂ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ, ਸੁਮੀਤ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੇਸ ਦੀ ਉੱਚ ਪੱਧਰੀ ਪੜਤਾਲ ਹੀ ਅਸਲੀਅਤ ਸਾਹਮਣੇ ਲਿਆ ਸਕਦੀ ਹੈ। ਇਹ ਜਾਂਚ ਕਰਵਾਉਣ ਤੋਂ ਪੁਲਿਸ ਟਾਲਾ ਵੱਟ ਰਹੀ ਹੈ। ਆਪਣੀ ਝੂਠੀ ਕਹਾਣੀ ਨੂੰ ਖੜ੍ਹੀ ਰੱਖਣ ਲਈ ਹੋਰ ਝੂਠ ਦਾ ਸਹਾਰਾ ਲੈ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਠੂ ਸਿੰਘ ਕੋਟੜਾ ਅਤੇ ਮੋਹਣ ਸਿੰਘ ਨੇ ਕਿਹਾ ਕਿ ਪੁਲਿਸ, ਅਦਾਲਤਾਂ ਤੇ ਸਾਰੀ ਹਕੂਮਤੀ ਮਸ਼ੀਨਰੀ ਲੋਕਾਂ ਦੇ ਦਬਾਅ ਮੂਹਰੇ ਇਹ ਪ੍ਰਭਾਵ ਦੇਣ 'ਤੇ ਲੱਗੀ ਹੈ ਕਿ ਹੁਣ ਔਰਤਾਂ ਨੂੰ ਝੱਟ ਪੱਟ ਇਨਸਾਫ਼ ਮਿਲਣਾ ਯਕੀਨੀ ਹੈ ਪਰ ਇਹ ਘਟਨਾ ਦਰਸਾਉਂਦੀ ਹੈ ਕਿ ਇਸ ਨਕਲੀ ਫੁਰਤੀ ਦਾ ਮਤਲਬ ਲੋਕਾਂ ਦੇ ਰੋਹ 'ਤੇ ਠੰਢਾ ਛਿੜਕਣਾ ਹੈ ਨਾ ਕਿ ਸਹੀ ਅਰਥਾਂ 'ਚ ਇਨਸਾਫ਼ ਕਰਨਾ। ਇਨਸਾਫ਼ ਤਾਂ ਹੀ ਮਿਲ ਸਕਦਾ ਹੈ ਜੇਕਰ ਲੋਕ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ। ਇਸ ਮੌਕੇ ਸ਼ਾਮਲ ਪੀ.ਐਸ.ਯੂ. (ਸ਼ਹੀਦ ਰੰਧਾਵਾ), ਟੀ.ਐਸ.ਯੂ., ਲੋਕ ਮੋਰਚਾ ਜੱਥੇਬੰਦੀਆਂ ਦੇ ਆਗੂਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਇਸ ਮੁੱਦੇ 'ਤੇ ਉਹ ਚੁੱਪ ਨਹੀਂ ਬੈਠਣਗੇ ਸਗੋਂ ਪੁਲਿਸ ਦੀ ਝੂਠੀ ਕਹਾਣੀ ਦਾ ਲੋਕਾਂ ਮੂਹਰੇ ਪਰਦਾਚਾਕ ਕਰਨਾ ਜਾਰੀ ਰੱਖਣਗੇ।
No comments:
Post a Comment