ਸੋਗੀ ਘੜੀਆਂ:
ਕਾਮਰੇਡ ਦਰਸ਼ਨ ਖਟਕੜ ਦੇ ਪੁੱਤਰ ਅਰਸ਼ਦੀਪ ਦਾ ਦੁਖਦਾਈ ਵਿਛੋੜਾ
9 ਫਰਵਰੀ ਦੀ ਰਾਤ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਉੱਘੀ ਪੇਸ਼ਾਵਰ ਇਨਕਲਾਬੀ ਸਖਸ਼ੀਅਤ, ਕਾ. ਦਰਸ਼ਨ ਖਟਕੜ ਦੇ ਪਰਿਵਾਰ ਲਈ ਕਹਿਰ ਭਰੀ ਰਾਤ ਬਣ ਕੇ ਆਈ। ਉਹਨਾਂ ਦਾ ਵੀਹ ਸਾਲਾਂ ਦਾ ਭਰ-ਜੁਆਨ, ਹੋਣਹਾਰ ਅਤੇ ਪ੍ਰਤਿਭਾਸ਼ੀਲ ਪੁੱਤਰ ਅਰਸ਼ਦੀਪ ਮੌਜੂਦਾ ਪ੍ਰਬੰਧ ਦੇ ਨਿੱਘਰੇ ਸੜਕੀ ਇੰਤਜ਼ਾਮਾਂ ਦੀ ਭੇਂਟ ਚੜ੍ਹ ਕੇ ਸਦਾ ਲਈ ਵਿੱਛੜ ਗਿਆ।
ਕਾ. ਖਟਕੜ ਅਤੇ ਉਹਨਾਂ ਦੀ ਜੀਵਨ ਸਾਥਣ ਅਰੁਣੇਸ਼ਵਰ ਕੌਰ ਦੇ ਨੈਣਾਂ ਦੇ ਚਿਰਾਗ ਅਰਸ਼ਦੀਪ ਦਾ ਅਚਾਨਕ ਸੁਪਨਾ ਬਣਕੇ ਜੁਦਾ ਹੋ ਜਾਣਾ ਨਾ ਸਿਰਫ ਖਟਕੜ ਪਰਿਵਾਰ ਲਈ ਗਹਿਰਾ ਨਿੱਜੀ ਸਦਮਾ ਹੈ, ਸਗੋਂ ਸਮੁੱਚੇ ਇਨਕਲਾਬੀ ਕੈਂਪ ਲਈ ਦੁੱਖ ਦੀ ਘੜੀ ਹੈ।
ਇੱਕ ਪੇਸ਼ਾਵਰ ਇਨਕਲਾਬੀ ਵਜੋਂ ਆਪਣੇ ਘਾਲਣਾ ਭਰੇ ਜੀਵਨ ਸਫਰ ਦੌਰਾਨ ਕਾ. ਖਟਕੜ ਦਾ ਮੱਥਾ ਕਿੰਨੇ ਹੀ ਸਦਮਿਆਂ ਅਤੇ ਦੁਸ਼ਵਾਰੀਆਂ ਨਾਲ ਲੱਗਿਆ ਹੈ। ਸਾਂਝੇ ਆਦਰਸ਼ ਦੀ ਧੜਕਣ ਦੇ ਸਾਂਝੀਦਾਰ, ਹਮਸਫਰਾਂ ਅਤੇ ਅਤਿ ਕਰੀਬੀ ਨਿੱਜੀ ਦੋਸਤਾਂ ਦੀਆਂ ਝੂਠੇ ਪੁਲਸ ਮੁਕਾਬਲਿਆਂ ਵਿੱਚ ਸ਼ਹਾਦਤਾਂ ਅਤੇ ਫਿਰ ਖਾਲਿਸਤਾਨੀ ਦਹਿਸ਼ਤਗਰਦਾਂ ਹੱਥੋਂ ਸ਼ਹਾਦਤਾਂ ਦੇ ਗਹਿਰੇ ਸੱਲ ਕਾ. ਖਟਕੜ ਨੇ ਆਪਣੇ ਦਿਲ 'ਤੇ ਹੰਢਾਏ ਹਨ। ਇੱਕ ਕ੍ਰਾਂਤੀਕਾਰੀ, ਸੰਵੇਦਨਸ਼ੀਲ ਕਵੀ ਮਨ ਦੇ ਅਜਿਹੇ ਅਨੁਭਵ 'ਚੋਂ ਹੀ ''ਮੈਂ ਮਹਿਮਾਨ ਤੁਹਾਡੇ ਪਿੰਡ ਦਾ, ਮੇਰੇ ਵਿਛੜੇ ਯਾਰੋ'' ਅਤੇ ''ਇੱਕ-ਇੱਕ ਸਾਹ ਨਾਲ ਖਤ ਲਿਖਿਆ ਕਰ'' ਵਰਗੇ ਟੁੰਬਵੇਂ ਅਤੇ ਯਾਦਗਾਰੀ ਗੀਤਾਂ ਕਵਿਤਾਵਾਂ ਦੀ ਰਚਨਾ ਹੋਈ। ਜਮਾਤੀ ਦੁਸ਼ਮਣਾਂ ਖਿਲਾਫ ਪ੍ਰਚੰਡ ਰੋਹ ਦੀ ਝੰਜੋੜੀ ਹੋਈ ਭਾਵਨਾ ਸਦਕਾ ਦੁੱਖ ਦੇ ਅਜਿਹੇ ਪਲਾਂ ਦੇ ਸੰਤਾਪ 'ਚੋਂ ਗੁਜ਼ਰਨਾ ਫਿਰ ਵੀ ਮੁਕਾਬਲਤਨ ਸੌਖਾ ਹੋ ਜਾਂਦਾ ਹੈ। ਪਰ ਅਰਸ਼ਦੀਪ ਦਾ ਵਿਛੋੜਾ ਇੱਕ ਵੱਖਰੀ ਤਰ੍ਹਾਂ ਦਾ ਦੁੱਖ ਹੈ। ''ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ''! ਨਿੱਜੀ ਅਪਣੇਪਣ ਦੀ ਜਗਮਗਾਉਂਦੀ ਕੀਮਤੀ ਰੌਸ਼ਨੀ ਦਾ ਇਉਂ ਅਚਨਚੇਤ ਅਲੋਪ ਹੋ ਜਾਣਾ ਗਹਿਰੀ ਬੇਵਸੀ ਦਾ ਅਹਿਸਾਸ ਬਣ ਕੇ ਰੂਹ ਨੂੰ ਡੰਗਦਾ ਹੈ।
ਕਿਸੇ ਵੀ ਪੇਸ਼ਾਵਰ ਇਨਕਲਾਬੀ ਦੀਆਂ ਸਾਰਥਿਕ ਮਨੋਬਿਰਤੀਆਂ ਸਮੁੱਚੀ ਇਨਕਲਾਬੀ ਲਹਿਰ ਅਤੇ ਲੋਕਾਂ ਦਾ ਸਰਮਾਇਆ ਹੁੰਦੀਆਂ ਹਨ ਅਤੇ ਉਹਨਾਂ ਦੇ ਹਿੱਤਾਂ ਦੇ ਲੇਖੇ ਲੱਗਦੀਆਂ ਹਨ। ਨਿੱਜੀ ਸਦਮਿਆਂ ਦੇ ਝਟਕੇ ਹਰ ਮਨੁੱਖ ਦੇ ਮਾਨਸਿਕ ਸਾਵੇਂਪਣ ਲਈ ਵੱਧ ਘੱਟ ਚੁਣੌਤੀ ਪੇਸ਼ ਕਰਦੇ ਹਨ। ਪਰ ਪੇਸ਼ਾਵਰ ਇਨਕਲਾਬੀ ਸਖਸ਼ੀਅਤਾਂ ਲਈ ਅਜਿਹੀ ਚੁਣੌਤੀ ਦਾ ਪ੍ਰਭਾਵ ਸਮੁੱਚੀ ਲਹਿਰ 'ਤੇ ਪੈਂਦਾ ਹੈ ਕਿਉਂਕਿ ਅਜਿਹੀ ਚੁਣੌਤੀ ਖਿਲਾਫ ਜੂਝਦਿਆਂ ਖਪਣ ਵਾਲੀ ਮਾਨਸਿਕ ਊਰਜਾ ਲਹਿਰ ਦਾ ਸਰਮਾਇਆ ਹੁੰਦੀ ਹੈ। ਕਿਸੇ ਪੇਸ਼ਾਵਰ ਇਨਕਲਾਬੀ ਦੇ ਜੀਵਨ ਦੀਆਂ ਅਜਿਹੀਆਂ ਦੁਖਦਾਈ ਘੜੀਆਂ ਸਭਨਾਂ ਇਨਕਲਾਬੀਆਂ ਅਤੇ ਉਹਨਾਂ ਦੇ ਸਮਰਥਕਾਂ ਦੇ ਦਿਲੀ ਸਰੋਕਾਰ ਅਤੇ ਆਪਣੇਪਣ ਦੇ ਭਰਪੂਰ ਜਜ਼ਬੇ ਦੀ ਮੰਗ ਕਰਦੀਆਂ ਹਨ।
ਫੁੱਟਬਾਲ ਦਾ ਹੋਣਹਾਰ ਖਿਡਾਰੀ ਅਰਸ਼ਦੀਪ ਅਜਿਹੇ ਸਮੇਂ ਵਿੱਛੜਿਆ ਹੈ, ਜਦੋਂ ਉਸਨੇ ਵਿਸ਼ੇਸ਼ ਦੁਸ਼ਵਾਰੀਆਂ ਨਾਲ ਜੂਝ ਰਹੇ ਖਟਕੜ ਪਰਿਵਾਰ ਲਈ ਛਾਂਦਾਰ ਰੁੱਖ ਬਣ ਕੇ ਕੱਦ ਕੱਢ ਲਿਆ ਸੀ ਅਤੇ ਉਹ ਕਾ. ਖਟਕੜ ਦੇ ਨਿੱਜੀ ਫਿਕਰਾਂ ਦੇ ਭਾਰ ਨੂੰ ਰੈਲਾ ਕਰਨ 'ਚ ਹਿੱਸੇਦਾਰ ਬਣ ਰਿਹਾ ਸੀ।
ਅਦਾਰਾ ਸੁਰਖ਼ ਰੇਖਾ ਗਹਿਰੇ ਸਦਮੇ ਦੀਆਂ ਇਹਨਾਂ ਘੜੀਆਂ 'ਚ ਖਟਕੜ ਪਰਿਵਾਰ ਦੇ ਗ਼ਮ 'ਚ ਤਹਿ ਦਿਲੋਂ ਸ਼ਰੀਕ ਹੈ। ਆਪਣੇਪਣ ਦੀ ਛਲਕਦੀ ਭਾਵਨਾ ਨਾਲ ਅਸੀਂ ਨਿੱਜੀ ਵਿਗੋਚੇ ਸੰਗ ਜੂਝ ਰਹੇ ਖਟਕੜ ਪਰਿਵਾਰ ਦੇ ਅੰਗ-ਸੰਗ ਮਹਿਸੂਸ ਕਰਦੇ ਹਾਂ।
No comments:
Post a Comment