Sunday, March 10, 2013

ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਨੂੰ ਸਮਰਪਤ ਸੁਪਨੇ

ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਨੂੰ ਸਮਰਪਤ
ਸੁਪਨੇ
-
ਅਮੋਲਕ ਸਿੰਘ
ਤੇਰੇ ਖ਼ੂਨ ' ਰੰਗੀ ਧਰਤੀ 'ਤੇ
ਅਸੀਂ ਬੰਨ੍ਹ ਕਾਫ਼ਲੇ ਆਵਾਂਗੇ
ਤੇਰੇ ਸੁਪਨੇ ਬੀਜ ਕੇ ਧਰਤੀ 'ਤੇ
ਧਰਤੀ ਨੂੰ ਸਵਰਗ ਬਣਾਵਾਂਗੇ

ਤੂੰ ਸੰਗੀ ਸਾਥੀ 'ਲਾਲੋ' ਦਾ
ਤੇ 'ਭਾਗੋ' ਦਾ ਤੂੰ ਵੈਰੀ ਸੀ
ਲੋਕਾਂ ਦੀ ਅੱਖ ਦਾ ਤਾਰਾ ਸੀ
ਤੇ ਵੈਰੀ ਲਈ ਅੱਖ ਗਹਿਰੀ ਸੀ
ਤੇਰੇ ਸੂਹੇ ਰਾਹ ਦੀਆਂ ਕਿਰਨਾਂ ਨੂੰ
ਅਸੀਂ ਪਲਕਾਂ ਵਿੱਚ ਵਸਾਵਾਂਗੇ
ਤੇਰੇ ਸੁਪਨੇ ਬੀਜ ਕੇ ਧਰਤੀ 'ਤੇ........

ਇਹ ਧਰਤੀ ਮਾਂ ਹੈ ਲੋਕਾਂ ਦੀ
ਨਹੀਂ ਵੜਨ ਦਿਆਂਗੇ ਗ਼ੈਰਾਂ ਨੂੰ
ਤੇਰੇ ਖ਼ੂਨ ਤੇਰੀਆਂ ਪੈੜਾਂ ਨੇ
ਦੇਣਾ ਏਂ ਹੁਲਾਰਾ ਲਹਿਰਾਂ ਨੂੰ
ਅਸੀਂ ਕਿਰਤੀ ਕਾਮੇ ਜਾਗ ਪਏ
ਅਸੀਂ ਮਿਲ ਕੇ ਕਦਮ ਵਧਾਵਾਂਗੇ
ਤੇਰੇ ਸੁਪਨੇ ਬੀਜ ਕੇ ਧਰਤੀ 'ਤੇ..........

ਲੋਕਾਂ ਲਈ ਸੁਭਾਅ ਦਾ 'ਸਾਧੂ' ਸੀ
ਪਰ ਦੁਸ਼ਮਣ ਲਈ ਤਲਵਾਰ ਜਿਹਾ
'
ਹੈ ਤੁਖ਼ਮ ਮਿਟਾਉਣਾ ਜਾਬਰ ਦਾ'
ਤੂੰ ਮਰ ਕੇ ਵੀ ਲਲਕਾਰ ਰਿਹਾ
ਤੇਰੇ ਕਾਤਲ ਵਹਿਸ਼ੀ ਲਾਣੇ ਨੂੰ
ਧੂਹ ਸੱਥਾਂ ਵਿੱਚ ਲਿਆਵਾਂਗੇ
ਤੇਰੇ ਸੁਪਨੇ ਬੀਜ ਕੇ ਧਰਤੀ 'ਤੇ........

ਅਸੀਂ ਝੋਨੇ, ਕਣਕ, ਕਪਾਹਾਂ ਦੀ
ਖੇਤੀ ਤਾਂ ਕਰਕੇ ਦੇਖ ਲਈ
ਅਸੀਂ ਬੈਂਕਾਂ, ਸ਼ਾਹੂਕਾਰਾਂ ਦੇ
ਪੱਗ ਪੈਰੀਂ ਧਰਕੇ ਦੇਖ ਲਈ
ਤੂੰ ਸਾਨੂੰ ਜੀਣਾਂ ਦੱਸ ਗਿਐਂ

ਪੱਗ ਜਾਬਰ ਦੇ ਗਲ਼ ਪਾਵਾਂਗੇ
ਤੇਰੇ ਸੁਪਨੇ ਬੀਜ ਕੇ ਧਰਤੀ ਤੇ............

No comments:

Post a Comment