ਮੌਤ ਦੀ ਸਜ਼ਾ ਨੂੰ ਕਾਨੂੰਨ ਰਾਹੀਂ ਅਲੋਪ ਨਹੀਂ ਕੀਤਾ ਜਾ ਸਕਦਾ
—ਨਵਜੋਤ
ਅਫਜ਼ਲ ਗੁਰੂ ਦੀ ਫਾਂਸ਼ੀ ਦੀ ਸਜ਼ਾ ਨਾਲ ਜੁੜ ਕੇ ਹੋਰਨਾਂ ਗੱਲਾਂ ਤੋਂ ਇਲਾਵਾ ਇੱਕ ਗੱਲ ਮੌਤ ਦੀ ਸਜ਼ਾ ਨੂੰ ਖਤਮ ਕਰਨ ਦਾ ਸੁਆਲ ਇੱਕ ਵਾਰੀ ਫਿਰ ਚਰਚਾ 'ਚ ਆਇਆ ਹੈ। ਕੁੱਝ ''ਅਖੌਤੀ ਅਧਿਕਾਰਾਂ'' ਦੀਆਂ ਦਾਅਵੇਦਾਰ ਜਥੇਬੰਦੀਆਂ, ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ ਉਸ ਨੂੰ ਦੋਸ਼ੀ ਮੰਨਦਿਆਂ ਵੀ ਫਾਂਸੀ ਦੇ ਕੇ ਮਾਰਨ ਨੂੰ ਮਨੁੱਖਤਾਵਾਦੀ ਨਜ਼ਰੀਏ ਤੋਂ ਗੈਰ-ਮਨੁੱਖੀ, ਅਣਉਚਿੱਤ ਅਤੇ ਅਸਭਿਅਕ ਠਹਿਰਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਦੁਨੀਆਂ ਦੇ ਕਈ ਦਰਜਨ ਮੁਲਕਾਂ ਦੇ ਸਾਮਰਾਜੀ ਅਤੇ ਪਿਛਾਖੜੀ ਹਾਕਮਾਂ ਵੱਲੋਂ ਆਪਣੇ ਮੁਲਕਾਂ ਅੰਦਰ ਮੌਤ ਦੀ ਸਜ਼ਾ ਦੇਣ ਦੇ ਕਾਨੂੰਨ ਨੂੰ ਖਤਮ ਕਰਨ ਦੀ ਜੈ ਜੈਕਾਰ ਕੀਤੀ ਜਾ ਰਹੀ ਹੈ। ਮੌਤ ਦੀ ਸਜ਼ਾ ਨੂੰ ਕਾਨੂੰਨੀ ਤੌਰ 'ਤੇ ਰੱਦ ਕਰਨ ਦੀ ਮੰਗ ਦੀਆਂ ਤਿਰੰਗਾਂ ਇਨਕਲਾਬੀ ਜਮਹੂਰੀ ਅਤੇ ਲੋਕ-ਪੱਖੀ ਸ਼ਕਤੀਆਂ ਦੇ ਖੇਮੇ ਤੱਕ ਵੀ ਪਹੁੰਚੀਆਂ ਹਨ ਅਤੇ ਇਥੇ ਵੀ ਕੁਝ ਹਿੱਸਿਆਂ ਵਿੱਚ ਇਸ ਮੰਗ ਦੀ ਨੈਤਿਕ ਕਾਨੂੰਨੀ ਵਾਜਬੀਅਤ ਅਤੇ ਗੈਰ-ਵਾਜਬੀਅਤ ਬਾਰੇ ਚਰਚਾ ਛਿੜੀ ਹੈ।
ਮੌਤ ਦੀ ਸਜ਼ਾ ਦੀ ਵਾਜਬੀਅਤ ਅਤੇ ਗੈਰ-ਵਾਜਬੀਅਤ ਨੂੰ ਦੇਖਣ ਦੇ ਦੋ ਨਜ਼ਰੀਏ ਹਨ: ਇੱਕ ਬੁਰਜੂਆ ਮਨੁੱਖਤਾਵਾਦੀ ਨਜ਼ਰੀਆ, ਅਤੇ ਦੂਜਾ ਮਾਰਕਸਵਾਦੀ ਨਜ਼ਰੀਆ।
ਬੁਰਜੂਆ ਮਨੁੱਖਤਾਵਾਦੀ ਨਜ਼ਰੀਆ ਸਮਾਜ ਅੰਦਰ ਸਭ ਕਿਸਮ ਦੇ ਟਕਰਾਵਾਂ, ਲੜਾਈ ਝਗੜਿਆਂ, ਜਬਰੋ-ਜ਼ੁਲਮ, ਬੇਇਨਸਾਫੀ, ਵਿਤਕਰੇਬਾਜ਼ੀ, ਵਿਗਾੜਾਂ-ਨਿਘਾਰਾਂ ਨੂੰ ਵਿਅਕਤੀਗਤ ਮਨੁੱਖੀ ਸੁਭਾਅ ਦੀ ਉਪਜ ਮੰਨਦਾ ਹੈ। ਇਉਂ, ਉਹ ਇਹਨਾਂ ਸਭਨਾਂ ਅਲਾਮਤਾਂ ਦੀ ਜੰਮਣ-ਭੋਇੰ ਬੁਨਿਆਦੀ ਜਮਾਤੀ ਵਿਰੋਧਾਂ ਅਤੇ ਜਮਾਤੀ ਸਮਾਜ ਦੀ ਅਸਲੀਅਤ 'ਤੇ ਮਿੱਟੀ ਪਾਉਂਦਾ ਹੈ। ਇਸ ਨਜ਼ਰੀਏ ਦੇ ਧਾਰਨੀ ਕਹਿੰਦੇ ਹਨ ਕਿ ਮਨੁੱਖਾਂ ਦੇ ਵਿਅਕਤੀਗਤ ਸੁਭਾਅ ਅਤੇ ਨੁਕਸਾਂ-ਫਰਕਾਂ ਨੂੰ ਸੁਧਾਰਿਆ ਅਤੇ ਬਦਲਿਆ ਜਾ ਸਕਦਾ ਹੈ, ਵਧੀਆ ਬਣਾਇਆ ਜਾ ਸਕਦਾ ਹੈ। ਇਉਂ, ਦੁਨੀਆਂ ਦੇ ਹਰ ਮੁਲਕ ਅਤੇ ਹਰ ਸਮਾਜ ਅੰਦਰ ਸਭ ਕਿਸਮ ਦੇ ਟਕਰਾਵਾਂ, ਨੁਕਸਾਂ, ਵਿਗਾੜਾਂ-ਨਿਘਾਰਾਂ ਅਤੇ ਗੜਬੜਾਂ ਨੂੰ ਠੀਕ ਕਰਦੇ ਹੋਏ ਸੰਸਾਰ ਨੂੰ ਪੁਰਅਮਨ, ਖੁਸ਼ਗਵਾਰ ਅਤੇ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਇਸ ਲਈ, ਕਿਸੇ ਦੇ ਸੁਭਾਅ ਅਤੇ ਨੁਕਸਾਂ-ਫਰਕਾਂ ਕਰਕੇ ਹੋਏ ਕਤਲ/ਕਤਲੇਆਮ ਦੀ ਸਜ਼ਾ ਮੌਤ ਬਦਲੇ ਮੌਤ ਨਹੀਂ ਹੋਣੀ ਚਾਹੀਦੀ। ਬਦਲੇ ਦੀ ਪਹੁੰਚ ਨਹੀਂ ਅਪਣਾਉਣੀ ਚਾਹੀਦੀ। ਇਹ ਪਹੁੰਚ ਗੈਰ-ਮਨੁੱਖੀ ਅਤੇ ਅਸਭਿਅਕ ਹੈ। ਇਸਦੀ ਬਜਾਇ, ਕਤਲ/ਕਤਲੇਆਮ ਦੇ ਜਿੰਮੇਵਾਰ ਵਿਅਕਤੀਆਂ ਨੂੰ ਜੀਣ ਦਾ ਅਤੇ ਬਦਲਣ ਦਾ (ਚੰਗੇ ਬਣਨ ਦਾ) ਮੌਕਾ ਦੇਣਾ ਚਾਹੀਦਾ ਹੈ।
ਮਾਰਕਸਵਾਦੀ ਨਜ਼ਰੀਏ ਮੁਤਾਬਕ ਸਮਾਜ ਅੰਦਰ ਸਭ ਕਿਸਮ ਦੇ ਟਕਰਾਵਾਂ, ਲੜਾਈ-ਝਗੜਿਆਂ, ਜਬਰੋ-ਜ਼ੁਲਮ, ਬੇਇਨਸਾਫੀ, ਧੱਕਿਆਂ-ਵਿਤਕਰਿਆਂ, ਵਿਗਾੜਾਂ ਤੇ ਨਿਘਾਰਾਂ ਦੀ ਜੰਮਣ-ਭੋਇੰ ਜਮਾਤੀ ਆਧਾਰ ਹੁੰਦਾ ਹੈ। ਜਮਾਤੀ ਸਮਾਜ ਦੋ ਕਿਸਮ ਦੀਆਂ ਜਮਾਤਾਂ ਵਿੱਚ ਵੰਡਿਆ ਹੁੰਦਾ ਹੈ। ਇੱਕ ਪਾਸੇ ਹਾਕਮ ਜਮਾਤਾਂ ਹੁੰਦੀਆਂ ਹਨ, ਜਿਹੜੀਆਂ ਪੈਦਾਵਾਰ 'ਤੇ ਕਾਬਜ਼ ਹੁੰਦੀਆਂ ਹਨ ਅਤੇ ਰਾਜ-ਭਾਗ ਦੀਆਂ ਮਾਲਕ ਹੁੰਦੀਆਂ ਹਨ। ਦੂਜੇ ਪਾਸੇ, ਦੱਬੀਆਂ-ਕੁਚਲੀਆਂ/ਮਜ਼ਲੂਮ ਜਮਾਤਾਂ ਹੁੰਦੀਆਂ ਹਨ, ਜਿਹੜੀਆਂ ਪੈਦਾਵਾਰ ਦੇ ਵਸੀਲਿਆਂ ਤੋਂ ਵਿਰਵੀਆਂ ਕੀਤੀਆਂ ਗਈਆਂ ਹੁੰਦੀਆਂ ਹਨ ਅਤੇ ਰਾਜ-ਭਾਗ ਦੀ ਤਾਕਤ ਵਿੱਚ ਉਹਨਾਂ ਦੀ ਭਾਗੀਦਾਰੀ ਨਹੀਂ ਹੁੰਦੀ। ਹਾਕਮ ਜਮਾਤਾਂ ਅਤੇ ਮਜ਼ਲੂਮ ਜਮਾਤਾਂ ਦਰਮਿਆਨ ਬੁਨਿਆਦੀ ਅਤੇ ਦੁਸ਼ਮਣਾਨਾ ਵਿਰੋਧ ਤੇ ਟਕਰਾਅ ਮੌਜੂਦ ਹੁੰਦਾ ਹੈ। ਮਜ਼ਲੂਮ ਜਮਾਤਾਂ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਛੋਟੇ-ਮੋਟੇ ਟਕਰਾਅ, ਤਣਾਅ ਅਤੇ ਰੱਟੇ-ਰੌਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਹੜੇ ਗੈਰ-ਬੁਨਿਆਦੀ ਅਤੇ ਗੈਰ-ਦੁਸ਼ਮਣਾਨਾ ਹੁੰਦੇ ਹਨ।
ਇਸ ਲਈ, ਜਿੱਥੋਂ ਤੱਕ ਮਜ਼ਲੂਮ ਲੋਕਾਂ ਦਰਮਿਆਨ ਵਿਰੋਧ, ਟਕਰਾਵਾਂ, ਰੱਟੇ-ਰੌਲਿਆਂ ਦਾ ਸਬੰਧ ਹੈ, ਇਹਨਾਂ ਨੂੰ ਗੈਰ-ਦੁਸ਼ਮਣਾਨਾ, ਦੋਸਤਾਨਾ ਅਤੇ ਭਰਾਤਰੀ ਪਹੁੰਚ ਢੰਗ-ਤਰੀਕਿਆਂ ਰਾਹੀਂ ਹੱਲ ਕਰਨ ਦੀ ਪਹੁੰਚ ਅਪਣਾਉਣੀ ਚਾਹੀਦੀ ਹੈ। ਅਕਸਰ ਲੋਕ ਪ੍ਰਚੱਲਤ ਸਮਾਜਿਕ ਸੂਝ-ਬੂਝ ਦੇ ਆਧਾਰ 'ਤੇ ਦੋਸਤਾਨਾ ਅਤੇ ਭਾਈਚਾਰਕ ਪਹੁੰਚ ਤੇ ਢੰਗ-ਤਰੀਕਿਆਂ ਰਾਹੀਂ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਕਈ ਵਾਰੀ ਕਿਸੇ ਕਾਰਨ (ਵਕਤੀ ਤਲਖੀ ਭੜਕਾਹਟ, ਉਕਸਾਹਟ, ਥੋੜ੍ਹ-ਦ੍ਰਿਸ਼ਟੀ, ਲਾਲਚ ਕਰਨੇ ਆਦਿ) ਇਹ ਰੱਟੇ ਤੇ ਝਗੜੇ ਆਪਸ ਵਿੱਚ ਭਿੜਦੇ/ਖਹਿਬੜਦੇ ਵਿਅਕਤੀਆਂ/ਧਿਰਾਂ ਵੱਲੋਂ ਇੱਕ ਦੂਜੇ ਨੂੰ ਸੱਟ-ਫੇਟ ਮਾਰਨ, ਮਰਨ-ਮਾਰਨ ਅਤੇ ਕਤਲ ਕਰਨ ਦੀ ਨੌਬਤ ਆ ਕੇ ਵੀ ਸਹੀ ਪਹੁੰਚ ਇਸ ਟਕਰਾਅ ਨੂੰ ਮੋੜਾ ਪਾਉਣ, ਮੱਠਾ ਪਾਉਣ ਅਤੇ ਮੁੜ ਗੈਰ-ਦੁਸ਼ਮਣਾਨਾ, ਦੋਸਤਾਨਾ ਅਤੇ ਭਾਈਚਾਰਕ ਰਿਸ਼ਤੇ ਦੇ ਦਾਇਰੇ ਅੰਦਰ ਲਿਆਉਣ ਦੀ ਹੋਣੀ ਚਾਹੀਦੀ ਹੈ। ਕਿਉਂਕਿ ਭੇੜ ਵਿੱਚ ਪਈਆਂ ਦੋਵੇਂ ਧਿਰਾਂ ਦਾ ਜਮਾਤੀ ਪਿਛੋਕੜ/ਆਧਾਰ ਇੱਕੋ ਹੈ। ਇਸ ਲਈ, ਉਹਨਾਂ ਦਰਮਿਆਨ ਦੁਸ਼ਮਣਾਨਾ ਹੱਦ ਤੀਕ ਪਹੁੰਚੇ ਭੇੜ ਨੂੰ ਸੁਲਾਹ-ਸਫਾਈ ਰਾਹੀਂ, ਫਿਰ ਗੈਰ-ਦੁਸ਼ਮਣਾਨਾ ਦਾਇਰੇ ਵਿੱਚ ਲਿਆਉਣ ਦਾ ਆਧਾਰ ਅਤੇ ਗੁੰਜਾਇਸ਼ਾਂ ਮੌਜੂਦ ਹਨ। ਇਸ ਕਰਕੇ ਅਜਿਹੇ ਮਾਮਲਿਆਂ ਵਿੱਚ ਬਦਲੇ ਦੀ ਪਹੁੰਚ ਅਪਣਾਉਣੀ ਦਰੁਸਤ ਨਹੀਂ। ਇਸ ਲਈ, ਅਜਿਹੇ ਮਾਮਲਿਆਂ ਵਿੱਚ ਕਤਲ ਕਰਨ ਦੇ ਦੋਸ਼ੀ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਨਾ ਦੇਣ ਦਾ ਕਾਨੂੰਨ ਬਣਾਉਣ ਦੀ ਮੰਗ ਕਰਨਾ ਅਸੂਲੀ ਤੌਰ 'ਤੇ ਗਲਤ ਨਹੀਂ ਹੈ। ਪਰ ਮੌਜੂਦਾ ਨਿਜ਼ਾਮ ਅੰਦਰ ਇਹ ਕਦਮ ਅਮਲਯੋਗ ਨਹੀਂ ਹੈ।
ਹਾਕਮ ਜਮਾਤਾਂ ਅਤੇ ਮਜ਼ਲੂਮ ਜਮਾਤਾਂ/ਲੋਕਾਂ ਦਰਮਿਆਨ ਵਿਰੋਧ ਬੁਨਿਆਦੀ ਹੋਣ ਕਰਕੇ ਇਹ ਦੁਸ਼ਮਣਾਨਾ ਵੀ ਹੁੰਦਾ ਹੈ। ਲੋਕਾਂ ਦੇ ਪੈਦਾਵਾਰੀ ਸਾਧਨਾਂ 'ਤੇ ਆਪਣੀ ਸਰਦਾਰੀ ਕਾਇਮ ਰੱਖਣ ਅਤੇ ਮਜ਼ਲੂਮ ਜਮਾਤਾਂ ਨੂੰ ਆਪਣੀ ਅੰਨ੍ਹੀਂ ਲੁੱਟ ਅਤੇ ਦਬਸ਼ ਦੇ ਜੂਲੇ ਹੇਠ ਰੱਖਣ ਲਈ ਹਾਕਮ ਜਮਾਤਾਂ (ਸਮਾਜਿਕ, ਦਲਾਲ ਸਰਮਾਏਦਾਰੀ ਅਤੇ ਜਾਗੀਰਦਾਰੀ) ਨੇ ਆਪਾਸ਼ਾਹ ਰਾਜ (ਆਟੋਕਰੇਟਿਕ ਸਟੇਟ) ਖੜ੍ਹਾ ਕੀਤਾ ਹੋਇਆ ਹੈ। ਹਰ ਰਾਜ ਦੇ ਕੇਂਦਰੀ ਥੰਮ੍ਹ ਅਤੇ ਤਾਕਤ ਉਸਦੀ ਹਥਿਆਰਬੰਦ ਫੌਜੀ ਸ਼ਕਤੀਆਂ ਹੁੰਦੀਆਂ ਹਨ। ਇਸ ਲਈ ਰਾਜ ਆਪਣੇ ਸੁਭਾਅ ਪੱਖੋਂ ਹੀ ਦਬਾਓ ਅਤੇ ਹਿੰਸਕ (ਰਿਪੈਸਿਵ ਐਂਡ ਵਾਇਲੈਂਟ) ਹੁੰਦਾ ਹੈ। ਇਹ ਸਮੇਂ ਦੀਆਂ ਹਾਕਮ ਜਮਾਤਾਂ ਹੱਥ ਮਜ਼ਲੂਮ ਜਮਾਤਾਂ ਨੂੰ ਆਪਣੀ ਲੁੱਟ ਤੇ ਦਾਬੇ ਹੇਠ ਰੱਖਣ ਲਈ ਹਿੰਸਕ ਹਥਿਆਰ ਹੁੰਦਾ ਹੈ। ਮੁੱਠੀ ਭਰ ਲੁਟੇਰੀਆਂ ਹਾਕਮ ਜਮਾਤਾਂ ਦੀ ਅਸਲ ਤਾਕਤ ਹੀ ਰਾਜ ਦੀ ਹਥਿਆਰਬੰਦ ਹਿੰਸਕ ਤਾਕਤ ਹੁੰਦੀ ਹੈ। ਹਿੰਸਕ ਤਾਕਤ ਦੇ ਜ਼ੋਰ 'ਤੇ ਮਜ਼ਲੂਮ ਜਮਾਤਾਂ (ਕਿਸਾਨਾਂ, ਬੇਜ਼ਮੀਨੇ ਕਿਸਾਨਾਂ, ਸਨਅੱਤੀ ਮਜ਼ਦੂਰਾਂ ਅਤੇ ਹੋਰ ਕਮਾਊ ਤਬਕਿਆਂ) ਦੀ ਛਿੱਲ ਪੱਟੀ ਜਾਂਦੀ ਹੈ, ਇਹਨਾਂ ਜਮਾਤਾਂ ਦੀਆਂ ਔਰਤਾਂ ਨਾਲ ਧੱਕੇ-ਧੋੜੇ ਅਤੇ ਬਲਾਤਕਾਰ ਕੀਤੇ ਜਾਂਦੇ ਹਨ, ਅੱਗੋਂ ਕੋਈ ਹੀਲ-ਹੁੱਜਤ ਕਰਨ 'ਤੇ ਕਤਲ ਤੱਕ ਕਰ ਦਿੱਤੇ ਜਾਂਦੇ ਹਨ। ਸਮਾਜਿਕ/ਧਾਰਮਿਕ ਘੱਟ ਗਿਣਤੀਆਂ ਅਤੇ ਮਜਲੂਮਾਂ ਦੱਬੀਆਂ-ਕੁਚਲੀਆਂ ਕੌਮਾਂ ਨੂੰ ਜਲੀਲ ਕੀਤਾ ਜਾਂਦਾ ਹੈ ਅਤੇ ਮਾਰਧਾੜ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਜਦੋਂ ਮਜ਼ਲੂਮ ਜਮਾਤਾਂ ਜਥੇਬੰਦ ਹੋ ਕੇ ਲੁਟੇਰੇ ਜਾਬਰ ਹਾਕਮਾਂ ਦੀ ਲੁੱਟ ਅਤੇ ਧੌਂਸ-ਦਬਸ਼ ਨੂੰ ਚੁਣੌਤੀ ਦਿੰਦੀਆਂ ਹਨ, ਖਾਸ ਕਰਕੇ, ਜਦੋਂ ਆਪਣੇ ਹੱਥਾਂ ਵਿੱਚ ਹਥਿਆਰ ਲੈ ਕੇ ਉਹ ਆਪਣੀ ਹੋਣੀ ਨੂੰ ਆਪਣੇ ਹੱਥ ਲੈਣ ਦੇ ਰਾਹ ਪੈਂਦੀਆਂ ਹਨ, ਤਾਂ ਮੁਲਕ ਦੇ ਹਾਕਮਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਹੈ। ਉਹਨਾਂ ਦੀ ਨੀਂਦ ਹਰਾਮ ਹੋ ਉੱਠਦੀ ਹੈ। ਉਹ ਮਜ਼ਲੂਮ ਜਮਾਤਾਂ 'ਤੇ ''ਅੱਤਵਾਦੀ, ਵੱਖਵਾਦੀ ਅਤੇ ਦਹਿਸ਼ਤਗਰਦ'' ਹੋਣ ਦਾ ਠੱਪਾ ਲਾ ਕੇ ਉਹਨਾਂ ਖਿਲਾਫ ਕੂੜ-ਪ੍ਰਚਾਰ ਦੀ ਵਾਛੜ ਕਰਦੇ ਹਨ। ਆਪਣੀ ਹਥਿਆਰਬੰਦ ਨੀਮ-ਫੌਜੀ ਅਤੇ ਫੌਜੀ ਧਾੜਾਂ 'ਤੇ ਸਿਰ ਉਠਾ ਕੇ ਜੀਣ ਦਾ ਜੇਰਾ ਕਰਨ ਵਾਲੇ ਮਜ਼ਲੂਮ ਲੋਕਾਂ ਨੂੰ ''ਸਬਕ ਸਿਖਾਉਣ'' ਦਾ ਹੁਕਮ ਚਾੜ੍ਹਦੇ ਹਨ। ਉਹਨਾਂ ਦੇ ਰਾਜ ਦੀਆਂ ਇਹ ਹਥਿਆਰਬੰਦ ਵਰਦੀਧਾਰੀ ਧਾੜਾਂ ਆਦਮ-ਬੋਅ, ਆਦਮ-ਬੋਅ ਕਰਦੀਆਂ ਲੋਕਾਂ 'ਤੇ ਟੁੱਟ ਪੈਂਦੀਆਂ ਹਨ, ਉਹਨਾਂ ਦਾ ਕਤਲੇਆਮ ਰਚਾਉਂਦੀਆਂ ਹਨ, ਝੂਠੇ ਮੁਕਾਬਲੇ ਬਣਾਉਂਦੀਆਂ ਹਨ, ਘਰ-ਬਾਰ ਅਤੇ ਫਸਲਾਂ ਉਜਾੜਦੀਆਂ ਹਨ, ਔਰਤਾਂ ਨਾਲ ਦੁਰਵਿਹਾਰ ਅਤੇ ਬਲਾਤਕਾਰ ਕਰਦੀਆਂ ਹਨ, ਪਿੰਡਾਂ ਦੇ ਪਿੰਡ ਅੱਗ ਦੀ ਭੇਟ ਤੱਕ ਚੜ੍ਹਾ ਦਿੰਦੀਆਂ ਹਨ ਆਦਿ ਆਦਿ। ਅੱਜ ਅਜਿਹੀ ਨਾਦਰਸ਼ਾਹੀ ਦਰਿੰਦਗੀ ਨੂੰ ਮਾਤ ਪਾਉਂਦਾ ਵਿਹਾਰ ਮੁਲਕ ਦੇ ਸਾਮਰਾਜੀ ਦਲਾਲ ਹਾਕਮਾਂ ਵੱਲੋਂ ਕਸ਼ਮੀਰ, ਨਾਗਾਲੈਂਡ, ਮਨੀਪੁਰ, ਤ੍ਰਿਪੁਰਾ, ਆਸਾਮ, ਛੱਤੀਸਗੜ੍ਹ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਬਿਹਾਰ, ਆਾਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਸੂਬਿਆਂ ਵਿੱਚ ਹੱਕੀ ਲੜਾਈ ਦੇ ਰਾਹ ਪਏ ਲੋਕਾਂ ਨਾਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ, ਸੰਸਾਰ ਪੱਧਰ 'ਤੇ ਸਾਮਰਾਜੀਆਂ ਵੱਲੋਂ ਸਾਮਰਾਜੀ ਲੁੱਟ ਅਤੇ ਗਲਬੇ ਨੂੰ ਚੁਣੌਤੀ ਦਿੰਦੀਆਂ ਸਾਮਰਾਜ-ਵਿਰੋਧੀ ਕੌਮੀ ਮੁਕਤੀ ਲਹਿਰਾਂ ਨੂੰ ਕੁਚਲਣ ਲਈ ਕੀਤਾ ਜਾਂਦਾ ਹੈ। ਪਿਛਲੇ ਦਹਾਕਿਆਂ ਵਿੱਚ ਵੀਅਤਨਾਮ, ਲਾਓਸ, ਕੰਬੋਡੀਆ ਅਤੇ ਕੋਰੀਆ ਦੀਆਂ ਕੌਮੀ ਮੁਕਤੀ ਲਹਿਰਾਂ ਨੂੰ ਕੁਚਲਣ ਲਈ ਸਾਮਰਾਜੀ ਫੌਜਾਂ ਝੋਕੀਆਂ ਗਈਆਂ, ਜਿਹਨਾਂ ਵੱਲੋਂ ਇਕੱਲੇ ਵੀਅਤਨਾਮ ਵਿੱਚ ਹੀ ਲੱਖਾਂ ਲੋਕਾਂ ਦਾ ਕਤਲੇਆਮ ਕੀਤਾ ਗਿਆ। ਅੱਜ ਵੀ ਆਪਣੇ ਮੁਲਕ ਨੂੰ ਸਾਮਰਾਜੀ ਧਾੜਵੀਆਂ ਤੋਂ ਮੁਕਤ ਕਰਵਾਉਣ ਲਈ ਜੂਝ ਰਹੇ ਅਫਗਾਨਿਸਤਾਨੀ ਲੋਕਾਂ ਦੇ ਕੌਮੀ ਟਾਕਰੇ ਨੂੰ ਕੁਚਲਣ ਲਈ ਉਥੇ ਸਾਮਰਾਜੀ ਜੰਗੀ ਨਾਟੋ ਗੁੱਟ ਦੀਆਂ ਫੌਜਾਂ ਵੱਲੋਂ ਮੌਤ ਦਾ ਨੰਗਾ-ਨਾਚ ਨੱਚਿਆ ਜਾ ਰਿਹਾ ਹੈ। ਡਰੋਨਾਂ ਤੇ ਹਵਾਈ ਜਹਾਜ਼ਾਂ ਨਾਲ ਬਾਰੂਦ ਦੀ ਵਾਛੜ ਕੀਤੀ ਜਾ ਰਹੀ ਹੈ। ਇਹੀ ਕੁੱਝ ਇਰਾਕ, ਲਿਬੀਆ ਅਤੇ ਮਾਲੀ ਵਿੱਚ ਵਾਪਰ ਰਿਹਾ ਹੈ।
ਉਪਰੋਕਤ ਵਿਆਖਿਆ ਦਿਖਾਉਂਦੀ ਹੈ ਕਿ ਕਿਵੇਂ ਮੁਲਕ ਦੇ ਹਾਕਮਾਂ ਅਤੇ ਸਾਮਰਾਜੀਆਂ ਵੱਲੋਂ ਉਹਨਾਂ ਦੀ ਲੁੱਟ ਤੇ ਦਾਬੇ ਤੋਂ ਨਾਬਰੀ ਦਿਖਾਉਣ ਵਾਲੇ ਮਜ਼ਲੂਮ ਲੋਕਾਂ ਅਤੇ ਕੌਮਾਂ 'ਤੇ ਹਥਿਆਰਬੰਦ ਫੌਜੀ ਚੜ੍ਹਾਈ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਇਸ ਨਾਬਰੀ ਦੀ ਸਜ਼ਾ ਵਜੋਂ ਹਜ਼ਾਰਾਂ-ਲੱਖਾਂ ਦੀ ਤਦਾਦ ਵਿੱਚ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਇਸ ਲਈ, ਹਾਕਮ ਜਮਾਤੀ ਰਾਜ ਆਪਣੀਆਂ ਹਥਿਆਰਬੰਦ ਨੀਮ-ਫੌਜੀ ਅਤੇ ਫੌਜੀ ਤਾਕਤਾਂ ਦੇ ਸਿੱਧੇ ਹਮਲੇ ਰਾਹੀਂ ਲੋਕਾਂ ਨੂੰ ਮਾਰਨ ਦੀ ਗਿਣਤੀ ਅਤੇ ਅਦਾਲਤੀ/ਕਾਨੂੰਨੀ ਅਮਲ (ਫਾਸ਼ੀ) ਰਾਹੀਂ ਮਾਰਨ ਦੀ ਗਿਣਤੀ ਵਿੱਚ ਬਹੁਤ ਹੀ ਵੱਡਾ ਫਰਕ ਹੈ। ਅੱਜ ਭਾਰਤ ਅੰਦਰ ਅਤੇ ਦੁਨੀਆਂ ਅੰਦਰ ਹਥਿਆਰਬੰਦ ਫੌਜੀ ਹਮਲਿਆਂ ਰਾਹੀਂ ਔਸਤਨ ਜਿੰਨੇ ਨਿਹੱਥੇ ਲੋਕ ਇੱਕ ਦਿਨ ਵਿੱਚ ਮੌਤ ਦੇ ਘਾਟ ਉਤਾਰੇ ਜਾ ਰਹੇ ਹਨ। ਸਾਰੀ ਦੁਨੀਆਂ ਦੇ ਮੁਲਕਾਂ ਦੇ ਰਾਜਾਂ ਵੱਲੋਂ ਅਦਾਲਤੀ/ਕਾਨੂੰਨੀ ਸਜ਼ਾ ਰਾਹੀਂ ਪੂਰੇ ਸਾਲ ਭਰ ਵਿੱਚ ਮਾਰੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਐਨੀ ਨਹੀਂ ਬਣਨੀ। ਸਾਫ ਹੈ, ਕਿ ਅਦਾਲਤੀ/ਕਾਨੂੰਨੀ ਸਜ਼ਾ ਰਾਹੀਂ ਮਾਰੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਫੌਜੀ ਹਮਲੇ ਰਾਹੀਂ ਮਾਰੇ ਵਾਲੀ ਗਿਣਤੀ ਦੇ ਮੁਕਾਬਲੇ ਬਹੁਤ ਹੀ ਛੋਟੀ ਅਤੇ ਨਿਗੂਣੀ ਬਣਦੀ ਹੈ। ਪਿਛਲੇ ਸਮੇਂ ਭਾਰਤ ਅੰਦਰ ਵੱਖ ਵੱਖ ਸੂਬਿਆਂ ਵਿੱਚ ਹਾਕਮਾਂ ਦੀਆਂ ਹਥਿਆਰਬੰਦ ਵਰਦੀਧਾਰੀ ਧਾੜਾਂ ਵੱਲੋਂ ਦਹਿ ਹਜ਼ਾਰਾਂ ਲੋਕਾਂ ਨੂੰ ਗੋਲੀਆਂ ਨਾਲ ਭੁੰਨਣ ਦੀ ਹਕੀਕਤ ਨੂੰ ਪਾਸੇ ਛੱਡਦਿਆਂ, ਪੰਜਾਬ ਅੰਦਰ 2000 ਤੋਂ ਉਪਰ ਪੁਲਸ ਵੱਲੋਂ ਗੁੰਮ ਕੀਤੇ ਵਿਅਕਤੀਆਂ ਦੀ ਅਖੌਤੀ ਅਣ-ਪਛਾਤੀਆਂ ਲਾਸ਼ਾਂ ਦਾ ਸੰਸਕਾਰ ਕਰਨ, ਕਸ਼ਮੀਰ ਅੰਦਰ 2500 ਵਿਅਕਤੀਆਂ ਨੂੰ ਫੌਜੀ ਧਾੜਾਂ ਵੱਲੋਂ 'ਲਾਪਤਾ ਕਰਨ'। ਮੌਤ ਦੇ ਘਾਟ ਉਤਾਰਨ ਅਤੇ ਮਨੀਪੁਰ ਵਿੱਚ 1500 ਵਿਅਕਤੀਆਂ ਨੂੰ ''ਗੁੰਮ ਕਰਨ''/ਮਾਰਨ ਦੀ ਚਰਚਾ ਅਖਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਹਨ। ਸੰਨ 1947 ਤੋਂ ਬਾਅਦ ਅਦਾਲਤੀ/ਕਾਨੂੰਨ ਵੱਲੋਂ ਫਾਂਸੀ ਦੇ ਕੇ ਮਾਰੇ ਵਿਅਕਤੀਆਂ ਦੀ ਗਿਣਤੀ ਇਕੱਲੇ ਜੰਮੂ-ਕਸ਼ਮੀਰ ਵਿੱਚ ''ਲਾਪਤਾ ਕੀਤੇ'' ਵਿਅਕਤੀਆਂ ਦੇ ਨੇੜੇ-ਤੇੜ ਵੀ ਨਹੀਂ ਢੁਕਦੀ।
ਇਹ ਗੱਲ ਇਹ ਵੀ ਸਪਸ਼ਟ ਕਰਦੀ ਹੈ ਕਿ ਸਾਮਰਾਜੀ ਅਤੇ ਪਿਛਾਖੜੀ ਹਾਕਮਾਂ ਦੇ ਰਾਜ ਹੱਕੀ ਲੜਾਈ ਦੇ ਰਾਹ ਪਏ ਮਜ਼ਲੂਮ ਲੋਕਾਂ ਨੂੰ ਨਜਿੱਠਣ/ਕੁਚਲਣ ਲਈ ਅਦਾਲਤੀ/ਕਾਨੂੰਨੀ ਅਮਲ ਦੀ ਬਜਾਇ, ਰਾਜ ਦੀਆਂ ਹਥਿਆਰਬੰਦ ਤਾਕਤਾਂ 'ਤੇ ਟੇਕ ਰੱਖਦੇ ਹਨ ਅਤੇ ਇਨ੍ਹਾਂ ਦੀ ਨਿਸ਼ੰਗ ਵਰਤੋਂ ਕਰਦੇ ਹਨ। ਅਦਾਲਤੀ/ਕਾਨੂੰਨੀ ਅਮਲ ਦੀ ਕਦੀ-ਕਦਾਈ ਤੇ ਨਿਗੂਣੀ ਵਰਤੋਂ ਵੀ ਲੋਕਾਂ ਦੀ ਹਥਿਆਰਬੰਦ ਧਾੜਾਂ ਵੱਲੋਂ ਕੀਤੀ ਜਾਂਦੀ ਮਾਰ-ਧਾੜ ਤੇ ਕਤਲੋਗਾਰਦ 'ਤੇ ਮਿੱਟੀ ਪਾਉਣ, ਇਸਨੂੰ ਵਾਜਬ ਠਹਿਰਾਉਣ ਅਤੇ ਰਾਜ ਦੇ ਖੂੰਖਾਰ ਚਿਹਰੇ ਨੂੰ ਨਿਆਂ ਦਾ ਮੁਲੰਮਾ ਚਾੜ੍ਹਨ ਲਈ ਕਰਦੇ ਹਨ। ਇਸ ਲਈ, ਜੇ ਅਦਾਲਤਾਂ/ਕਾਨੂੰਨਾਂ ਰਾਹੀਂ ਮੌਤ ਦੀ ਸਜ਼ਾ ਨਾ ਦੇਣ ਦਾ ਕਾਨੂੰਨ ਬਣਾ ਵੀ ਦਿੱਤਾ ਜਾਵੇ, ਤਾਂ ਵੀ ਹਾਕਮਾਂ ਵੱਲੋਂ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦਾ ਅੰਤ ਨਹੀਂ ਹੋਣ ਲੱਗਿਆ। ਇਸ ਨਾਲ ਹਾਕਮਾਂ ਦੀਆਂ ਹਥਿਆਰਬੰਦ ਫੌਜਾਂ ਵੱਲੋਂ ਥੋਕ ਪੱਧਰ 'ਤੇ ਮੌਤ ਦੇ ਮੂੰਹ ਵਿੱਚ ਧੱਕੇ ਜਾ ਰਹੇ ਲੋਕਾਂ ਦੀ ਗਿਣਤੀ ਵਿੱਚ ਕੋਈ ਫਰਕ ਨਹੀਂ ਪਵੇਗਾ। ਹਾਕਮਾਂ ਵੱਲੋਂ ਇਕੱਲੇ, 'ਕਹਿਰੇ ਵਿਅਕਤੀਆਂ ਨੂੰ ਅਦਾਲਤੀ ਚੱਕਰ ਵਿੱਚ ਪਾਉਣ ਦੀ ਬਜਾਇ, ਸਿੱਧਾ ਹੀ ਝੂਠੇ ਮੁਕਾਬਲਿਆਂ ਰਾਹੀਂ ਖਪਾਉਣ ਦੇ ਖਾਤੇ ਪਾ ਦਿੱਤਾ ਜਾਇਆ ਕਰੇਗਾ। ਇਸ ਲਈ, ਮਜ਼ਲੂਮ ਲੋਕਾਂ ਦੀ ਇਨਕਲਾਬੀ ਲਹਿਰ ਨੂੰ ਅਮਲੀ ਤੌਰ 'ਤੇ ਨਜਿੱਠਣ ਲੱਗਿਆਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ। ਹਾਕਮਾਂ ਦੇ ਨਿਸ਼ਾਨੇ 'ਤੇ ਆਏ ਕਿਸੇ ਵਿਅਕਤੀ ਦੀ ਕਿਸੇ ਫਾਂਸੀ ਰੋਕੂ ਕਾਨੂੰਨ ਨੇ ਓਟ ਛਤਰ ਨਹੀਂ ਬਣਨਾ। ਭਾਰਤ ਵਿੱਚ ਹੀ ਇੱਕ ਨਹੀਂ, ਅਣਗਿਣਤ ਮਿਸਾਲਾਂ ਮੌਜੂਦ ਹਨ, ਜਦੋਂ ਅਦਾਲਤ ਵੱਲੋਂ ਰਿਹਾਅ ਕੀਤੇ ਵਿਅਕਤੀਆਂ ਨੂੰ ਜੇਲ੍ਹੋਂ ਨਿਕਲਦਿਆਂ ਹੀ ਗੇਟ ਤੋਂ ਪੁਲਸ/ਨੀਮ-ਫੌਜੀ ਬਲਾਂ ਵੱਲੋਂ ਚੁੱਕ ਕੇ ਰਾਤਾਂ ਦੇ ਘੁੱਪ ਹਨੇਰੇ ਵਿੱਚ ਖਪਾ ਦਿੱਤਾ ਗਿਆ ਹੈ।
ਇਸ ਲਈ, ਹਾਕਮ ਮਜ਼ਲੂਮ ਜਮਾਤਾਂ ਦੀ ਨਾਬਰੀ ਨੂੰ ਦਰੜਨ-ਕੁਚਲਣ ਲਈ ਕਿਸੇ ਕਾਨੂੰਨ ਦੀਆਂ ਮੁਥਾਜ ਨਹੀਂ ਹਨ। ਜਦੋਂ ਤੱਕ ਉਹਨਾਂ ਲਈ ਕਾਨੂੰਨ ਕੰਮ ਆਉਂਦਾ ਹੈ, ਉਹ ਇਸਦੀ ਵਰਤੋਂ ਕਰਦੇ ਹਨ। ਜਦੋਂ ਇਹ ਰਾਸ ਨਹੀਂ ਬੈਠਦਾ ਤਾਂ ਇਹ ਆਪਣੇ ਹੀ ਕਾਨੂੰਨਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਦਿਆਂ, ਨੰਗੇ-ਚਿੱਟੇ ਹਥਿਆਰਬੰਦ ਧਾਵੇ 'ਤੇ ਉੱਤਰ ਆਉਂਦੇ ਹਨ। ਭਾਰਤ ਅੰਦਰ ਹੀ ਲੱਗਭੱਗ 12 ਸੂਬਿਆਂ ਅੰਦਰ ਪੁਲਸ, ਨੀਮ-ਫੌਜੀ ਅਤੇ ਫੌਜੀ ਧਾੜਾਂ ਵੱਲੋਂ ਮਚਾਇਆ ਜਾ ਰਿਹਾ ਨਾਦਰਸ਼ਾਹੀ ਕਹਿਰ ਅਤੇ ਸਾਮਰਾਜੀਆਂ ਵੱਲੋਂ ਅਫਗਾਨਿਸਤਾਨ, ਇਰਾਕ, ਲਿਬੀਆ, ਮਾਲੀ ਆਦਿ ਮੁਲਕਾਂ 'ਤੇ ਠੋਸੀ ਨੰਗੀ-ਚਿੱਟੀ ਧਾੜਵੀ ਸਾਮਰਾਜੀ ਜੰਗ ਕਿਸੇ ਕਾਨੂੰਨ ਦੀ ਪਾਬੰਦ ਨਹੀਂ ਹੈ।
ਸੋ, ਕਿਸੇ ਵੀ ਕਾਨੂੰਨ ਦੀ ਸਾਰਥਿਕਤਾ, ਅਮਲੀ ਅਸਰਕਾਰੀ ਅਤੇ ਤਾਕਤ ਲੋਕ-ਦੁਸ਼ਮਣ ਹਾਕਮਾਂ ਦੇ ਜਾਬਰ ਰਾਜ ਦੀਆਂ ਲੋੜਾਂ ਅਤੇ ਰਜ਼ਾ 'ਤੇ ਨਿਰਭਰ ਹੈ। ਅਦਾਲਤਾਂ ਤੇ ਕਾਨੂੰਨ ਇਸ ਰਾਜ ਦਾ ਮਹਿਜ ਇੱਕ ਅੰਗ ਹੁੰਦੇ ਹਨ। ਰਾਜ ਆਪਣੀ ਤਾਕਤ ਕਿਸੇ ਕਾਨੂੰਨ ਤੋਂ ਹਾਸਲ ਨਹੀਂ ਕਰਦਾ। ਉਹ ਇਹ ਤਾਕਤ ਆਪਣੀ ਉੱਚ-ਪੱਧਰ 'ਤੇ ਜਥੇਬੰਦ ਅਤੇ ਕੇਂਦਰਤ ਹਥਿਆਰਬੰਦ/ਹਿੰਸਕ ਤਾਕਤ ਤੋਂ ਹਾਸਲ ਕਰਦਾ ਹੈ। ਰਾਜ ਦੀ ਇਹ ਹਿੰਸਕ/ਹਥਿਆਰਬੰਦ ਤਾਕਤ ਹੀ ਹੈ, ਜਿਹੜੀ ਕਾਨੂੰਨ ਨੂੰ ਤਾਕਤ ਮੁਹੱਈਆ ਕਰਦੀ ਹੈ। ਇਸੇ ਕਰਕੇ ਕਾਨੂੰਨ ਰਾਜ ਦੀ ਇਸ ਹਿੰਸਕ ਤਾਕਤ ਦਾ ਪਾਣੀ ਭਰਦਾ ਹੈ। ਰਾਜ ਦੀ ਇਸ ਹਿੰਸਕ/ਹਥਿਆਰਬੰਦ ਤਾਕਤ ਤੋਂ ਬਗੈਰ ਕਾਨੂੰਨ ਦਾ ਡੰਡਾ ਥੋਥਾ ਅਤੇ ਨਾਕਾਮ ਹਥਿਆਰ ਬਣਕੇ ਰਹਿ ਜਾਂਦਾ ਹੈ। ਇਹ ਰਾਜ ਦੀ ਹਿੰਸਕ ਤਾਕਤ ਹੀ ਹੈ, ਜਿਹੜੀ ਆਪਣੇ ਜਮਾਤੀ ਦੁਸ਼ਮਣਾਂ ਦੀ ਨਾਬਰੀ ਨੂੰ ਦਰੜਨ-ਕੁਚਲਣ ਲਈ ਕਦੇ ਕਾਨੂੰਨ ਦਾ ਪਰਦਾ ਪਾ ਕੇ ਅਤੇ ਕਦੇ ਸਿੱਧੇ ਹਥਿਆਰਬੰਦ ਹਮਲੇ ਦੇ ਰੂਪ ਵਿੱਚ ਉਹਨਾਂ ਸਿਰ ਮੌਤ ਬਣਕੇ ਵਰ੍ਹਦੀ ਹੈ।
ਇਸ ਕਰਕੇ, ਅਦਾਲਤਾਂ/ਕਾਨੂੰਨ ਰਾਹੀਂ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਨੂੰ ਰੱਦ ਕਰਨ ਦੀ ਮੰਗ ਆਧਾਰਹੀਣ ਅਤੇ ਨਿਰਾਰਥਕ ਹੈ। ਜਦੋਂ ਤੱਕ ਸਾਮਰਾਜੀ ਅਤੇ ਪਿਛਾਖੜੀ ਹਾਕਮਾਂ ਦੀ ਅੰਨ੍ਹੀਂ ਲੁੱਟ ਤੇ ਦਾਬਾ ਹੈ। ਇਸ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਉਹਨਾਂ ਕੋਲ ਹਿੰਸਕ/ਹਥਿਆਰਬੰਦ ਰਾਜ ਦਾ ਹਥਿਆਰ ਹੈ, ਉਦੋਂ ਤੱਕ ਦੁਨੀਆਂ ਭਰ ਅੰਦਰ ਸਾਮਰਾਜੀ ਅਤੇ ਪਿਛਾਖੜੀ ਲੁੱਟ, ਦਾਬੇ ਅਤੇ ਜਬਰੋ-ਜ਼ੁਲਮ ਤੋਂ ਮੁਕਤੀ ਲਈ ਜੂਝਦੇ ਲੋਕਾਂ 'ਤੇ ਸਾਮਰਾਜੀ ਅਤੇ ਪਿਛਾਖੜੀ ਰਾਖਸ਼ੀ ਹਿੰਸਕ/ਹਥਿਆਰਬੰਦ ਤਾਕਤ ਨੇ ਮੌਤ ਬਣ ਕੇ ਝਪਟਦੇ ਰਹਿਣਾ ਹੈ। ਉਦੋਂ ਤੱਕ ਮਜ਼ਲੂਮ ਜਮਾਤਾਂ/ਲੋਕਾਂ ਦੀ ਹੱਕੀ ਨਾਬਰੀ ਅਤੇ ਜੱਦੋਜਹਿਦ ਨੂੰ ਖੂਨ ਵਿੱਚ ਡੁਬੋਣ ਦੀ ਇਹ ਪਿਛਾਖੜੀ ਨਿਹੱਕੀ ਜੰਗ ਜਾਰੀ ਰਹਿਣੀ ਹੈ। ਮੋੜਵੇਂ ਰੂਪ ਵਿੱਚ, ਸਾਮਰਾਜੀ ਅਤੇ ਪਿਛਾਖੜ ਤੋਂ ਮੁਕਤੀ ਲੋਚਦੇ, ਆਜ਼ਾਦੀ ਅਤੇ ਇਨਕਲਾਬ ਚਾਹੁੰਦੇ ਮਜ਼ਲੂਮ ਲੋਕਾਂ ਵੱਲੋਂ ਇਸ ਨਿਹੱਕੀ ਧਾੜਵੀ ਜੰਗ ਦਾ ਟਾਕਰਾ ਜਾਰੀ ਰਹਿਣਾ ਹੈ। ਨਿਤਾਣੇ ਤੇ ਮਜ਼ਲੂਮ ਲੋਕਾਂ ਨੇ ਇਸ ਨਿਹੱਕੀ ਜੰਗ ਖਿਲਾਫ ਤਜਰਬੇ ਤੋਂ ਸਿੱਖਦਿਆਂ ਉੱਠਣਾ, ਜਥੇਬੰਦ ਹੋਣਾ ਅਤੇ ਹਥਿਆਰਬੰਦ ਹੋਣਾ ਹੈ ਅਤੇ ਹੱਕੀ ਹਥਿਆਰਬੰਦ ਟਾਕਰੇ ਦੇ ਰਾਹ ਪੈਣਾ ਹੈ। ਇਸ ਹੱਕੀ ਟਾਕਰੇ ਰਾਹੀਂ (ਆਪਣੇ ਬਚਾਓ ਲਈ ਮੋੜਵੇਂ ਹੱਲੇ ਰਾਹੀਂ) ਸਾਮਰਾਜੀ-ਪਿਛਾਖੜੀ ਲੁੱਟ ਤੇ ਦਾਬੇ ਅਤੇ ਜਬਰੋ-ਜ਼ੁਲਮ ਤੋਂ ਮੁਕਤੀ ਦੇ ਰਾਹ ਅੱਗੇ ਵਧਣਾ ਹੈ, ਉਹਨਾਂ 'ਤੇ ਜਬਰੋ-ਜ਼ੁਲਮ ਅਤੇ ਕਤਲੇਆਮ ਕਰਨ ਦੇ ਭਾਰਤੀ ਜਾਬਰ ਹਾਕਮਾਂ ਨੂੰ ਉਹਨਾਂ ਦੇ ਖੂੰਨੀ ਕਾਰਿਆਂ ਦਾ ਹਿਸਾਬ-ਚੁੱਕਤਾ ਕਰਨ ਲਈ ਕਟਹਿਰੇ ਵਿੱਚ ਖੜ੍ਹਾ ਕਰਨਾ ਹੈ। ਹਾਕਮਾਂ ਦੀ ਨਿਹੱਕੀ ਜੰਗ ਦਾ ਮਜ਼ਲੂਮਾਂ ਵੱਲੋਂ ਹੱਕੀ ਜੰਗ ਰਾਹੀਂ ਟਾਕਰਾ ਕਰਨਾ, ਇੱਕ ਛੋਟੀ ਮੁੱਠੀ ਭਰ ਘੱਟ ਗਿਣਤੀ ਕਾਰਪੋਰੇਟ ਘਰਾਣਿਆਂ ਅਤੇ ਧਨਾਢਾਂ ਦੀ ਲੁੱਟ ਤੇ ਦਾਬੇ ਦੀ ਗੁਲਾਮੀ ਤੋਂ ਮੁਕਤੀ ਪਾਉਣ ਲਈ ਬਹੁਤ ਭਾਰੀ ਬਹੁਗਿਣਤੀ ਮਜ਼ਲੂਮਾਂ ਵੱਲੋਂ ਜੰਗ ਦਾ ਬਿਗਲ ਵਜਾਉਣਾ ਉਹਨਾਂ ਦਾ ਅਧਿਕਾਰ ਹੈ, ਉਹਨਾਂ ਦੀ ਫਿਤਰਤ ਹੈ, ਸਮਾਜ ਅਤੇ ਇਤਿਹਾਸ ਦਾ ਚਾਲਕ ਅਸੂਲ ਹੈ। ਸੋ, ਜਦ ਤੱਕ ਜਮਾਤੀ ਸਮਾਜ ਹੈ, ਜਮਾਤਾਂ ਹਨ, ਬੁਨਿਆਦੀ ਜਮਾਤੀ ਟਕਰਾਅ ਹਨ, ਉਦੋਂ ਤੱਕ ਨਿਹੱਕੀ ਜੰਗਾਂ ਅਤੇ ਹੱਕੀ ਜੰਗਾਂ ਰਹਿਣੀਆਂ ਹਨ। ਨਿਹੱਕੀ ਜੰਗਾਂ ਦਾ ਹੱਕੀ ਜੰਗਾਂ ਰਾਹੀਂ ਮੁਕਾਬਲਾ ਕਰਦਿਆਂ, ਨਿਹੱਕੀ ਜੰਗਾਂ ਤੋਂ ਸੰਸਾਰ ਨੂੰ ਮੁਕਤ ਕਰਨ ਦਾ ਹਿੰਸਕ ਅਮਲ ਜਾਰੀ ਰਹਿਣਾ ਹੈ। ਪਿਛਾਖੜੀ ਨਿਹੱਕੀ ਹਿੰਸਾ ਤੋਂ ਮਜ਼ਲੂਮ ਲੋਕਾਂ ਵੱਲੋਂ ਇਨਕਲਾਬੀ ਹਿੰਸਾ ਰਾਹੀਂ, ਸੰਸਾਰ ਨੂੰ ਮੁਕਤ ਕਰਵਾਉਣ ਦਾ ਅਮਲ ਜਾਰੀ ਹੈ। ਲੋਕ-ਦੁਸ਼ਮਣ ਜਾਬਰਾਂ ਵੱਲੋਂ ਲੋਕਾਂ ਨੂੰ ਨਿਹੱਕੀਆਂ ਮੌਤਾਂ ਦੇ ਸ਼ਿਕਾਰ ਬਣਾਉਣ ਅਤੇ ਮਜਲੂਮ ਜਮਾਤਾਂ ਵੱਲੋਂ ਨਿਹੱਕੀਆਂ ਮੌਤਾਂ ਦੇ ਦੋਸ਼ੀ ਜਾਬਰਾਂ ਨੂੰ ਹੱਕੀ ਮੌਤ ਦੀ ਸਜ਼ਾ ਦੇਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਰਹਿਣਾ ਹੈ। ਇਸ ਅਟੱਲ ਦੋ-ਧਿਰੀ ਭੇੜ ਅੰਦਰ ਇੱਕ ਦੂਜੀ ਧਿਰ ਨੂੰ ਹਰਾਉਣ, ਖਤਮ ਕਰਨ ਅਤੇ ਮਰਨ-ਮਾਰਨ (ਮੌਤ ਦੀ ਸਜ਼ਾ ਦੇਣ) ਦਾ ਅਮਲ ਇੱਕ ਅਟੱਲ ਤੌਰ 'ਤੇ ਵਾਪਰਨ ਵਾਲਾ ਸਾਧਾਰਨ ਵਰਤਾਰਾ ਹੈ। ਜਦੋਂ ਤੱਕ ਸੰਸਾਰ ਅੰਦਰ ਸਾਮਰਾਜ ਅਤੇ ਪਿਛਾਖੜੀ ਹਾਕਮ ਮੌਜੂਦ ਹਨ। ਉਦੋਂ ਤੱਕ ਮੌਤ ਦੀ ਸਜ਼ਾ ਦੇ ਵਰਤਾਰੇ ਨੂੰ ਕਿਸੇ ਕਾਨੂੰਨ ਰਾਹੀਂ ਕਤੱਈ ਅਲੋਪ ਨਹੀਂ ਕੀਤਾ ਜਾ ਸਕਦਾ।
ਇਸ ਪ੍ਰਸੰਗ ਵਿੱਚ, ਕਾਨੂੰਨ ਰਾਹੀਂ ਦਿੱਤੀ ਜਾਣ ਵਾਲੀ ਫਾਂਸੀ/ਮੌਤ ਦੀ ਸਜ਼ਾ ਨੂੰ ਅਖੌਤੀ ਮਨੁੱਖਤਾਵਾਦ ਦੇ ਨਾਂ ਹੇਠ ਰੱਦ ਕਰਨ ਦੀ ਮੰਗ ਦਾ ਮਜ਼ਲੂਮ ਲੋਕਾਂ ਅਤੇ ਉਹਨਾਂ ਦੀਆਂ ਇਨਕਲਾਬੀ ਲਹਿਰਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਣ ਲੱਗਿਆ। ਉਸਦੀ ਇਹ ਮੰਗ ਲੋਕ-ਦੁਸ਼ਮਣ ਸਾਮਰਾਜੀ ਅਤੇ ਪਿਛਾਖੜੀ ਹਾਕਮਾਂ ਨੂੰ ਰਾਸ ਬੈਠਦੀ ਹੈ। ਪਹਿਲੀ ਗੱਲ- ਇਹ ਕਦਮ ਉਹਨਾਂ ਦੇ ਲੋਕ-ਦੁਸ਼ਮਣ ਕਾਨੂੰਨ ਨੂੰ ਅਖੌਤੀ ਮਨੁੱਖਤਾਵਾਦੀ ਦਿੱਖ ਮੁਹੱਈਆ ਕਰਦਾ ਹੈ ਅਤੇ ਮਜ਼ਲੂਮ ਲੋਕਾਂ ਦੇ ਕੀਤੇ ਜਾ ਰਹੇ ਕਤਲੇਆਮਾਂ ਤੇ ਨਿਹੱਕੀਆਂ ਧਾੜਵੀ ਜੰਗਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਯਤਨ ਬਣਦਾ ਹੈ। ਦੂਜੀ ਗੱਲ- ਉਹ ਮਨੁੱਖਤਾ ਦੇ ਪਰਦੇ ਹੇਠ ਬੁਨਿਆਦੀ ਜਮਾਤੀ ਵਿਰੋਧਾਂ ਨੂੰ ਢੱਕਣ ਦੀ ਕੋਸ਼ਿਸ਼ ਕਰਦੇ ਹਨ। ਜਾਬਰਾਂ ਅਤੇ ਮਜ਼ਲੂਮਾਂ, ਨਿਹੱਕੀ ਜੰਗਾਂ ਅਤੇ ਹੱਕੀ ਜੰਗਾਂ, ਪਿਛਾਖੜੀ ਹਿੰਸਾ ਅਤੇ ਇਨਕਲਾਬੀ ਹਿੰਸਾ, ਨਿਹੱਕੀ ਮੌਤ ਮਜ਼ਾ ਅਤੇ ਹੱਕੀ ਮੌਤ ਸਜ਼ਾ ਨੂੰ ਇੱਕੋ ਰੱਸੇ ਬੰਨ੍ਹਦੇ ਹਨ ਅਤੇ ਬਰਾਬਰ ਖੜ੍ਹਾ ਕਰਦੇ ਹਨ। ਤੀਜੀ ਗੱਲ- ਇਹ ਕਦਮ ਜਥੇਬੰਦ ਸਮਾਜ-ਵਿਰੋਧੀ ਜੁਰਮਾਂ (ਲੁੱਟਾਂ-ਖੋਹਾਂ, ਡਾਕਿਆਂ, ਸਮਗਲਿੰਗ, ਜਬਰੀ ਜ਼ਮੀਨ-ਜਾਇਦਾਦ ਦੇ ਕਬਜ਼ਿਆਂ, ਜਬਰੀ ਉਧਾਲਿਆਂ, ਫਿਰੌਤੀਆਂ ਅਤੇ ਮਾਰਧਾੜ ਦੇ ਜੁੰਮੇਵਾਰ, ਮੁਜ਼ਰਿਮਾਂ ਨੂੰ ਮਿਲੀਆਂ ਇੱਕੜ-ਦੁੱਕੜ ਮੌਤ ਦੀਆਂ ਸਜ਼ਾਵਾਂ ਤੋਂ ਮੁਕਤ ਕਰਨ ਦਾ ਸਬੱਬ ਬਣਦਾ ਹੈ। ਇਹ ਗੱਲ ਵੀ ਲੋਕ-ਦੁਸ਼ਮਣ ਹਾਕਮਾਂ ਲਈ ਕੋਈ ਚਿੰਤਾ ਦਾ ਵਿਸ਼ਾ ਹੋਣ ਦੀ ਬਜਾਇ ਉਹਨਾਂ ਨੂੰ ਰਾਸ ਹੀ ਬੈਠਦੀ ਹੈ। ਅੱਜ ਸਮਾਜ ਅੰਦਰ ਆਪਣੀ ਧੌਂਸ-ਦਬਸ਼ ਬਣਾ ਕੇ ਰੱਖਣ, ਲੋਕਾਂ ਨੂੰ ਲਾਦੂ ਕੱਢ ਕੇ ਰੱਖਣ ਅਤੇ ਲੋੜ ਪੈਣ 'ਤੇ ਇਨਕਲਾਬੀ ਲੋਕ ਲਹਿਰਾਂ ਖਿਲਾਫ ਵਰਤਣ ਲਈ ਹਾਕਮਾਂ ਵੱਲੋਂ ਅਜਿਹੇ ਸਮਾਜ-ਵਿਰੋਧੀ ਮੁਜਰਿਮ ਗਰੋਹਾਂ ਅਤੇ ਫਿਰਕੂ-ਫਾਸ਼ੀ ਗਰੋਹਾਂ ਨੂੰ ਪਾਲਿਆ-ਪੋਸਿਆ ਜਾਂਦਾ ਹੈ ਅਤੇ ਉਹਨਾਂ ਨੂੰ ਸਰਕਾਰੀ-ਦਰਬਾਰੀ ਸ਼ਹਿ ਤੇ ਛਤਰੀ ਮੁਹੱਈਆ ਕੀਤੀ ਜਾਂਦੀ ਹੈ। ਕਈ ਵਾਰੀ ਜਨਤਕ ਬਦਖੋਈ ਤੋਂ ਬਚਣ ਜਾਂ ਆਪਸੀ ਸ਼ਰੀਕਾ-ਭੇੜ ਇੱਕ-ਦੂਜੇ ਨੂੰ ਹਰਜਾ ਪੁਚਾਉਣ ਲਈ ਹਕੂਮਤ 'ਤੇ ਭਾਰੂ ਹਾਕਮ ਧੜੇ ਵੱਲੋਂ ਕਿਸੇ ਮੁਜਰਮ/ਮੁਜਰਿਮਾਂ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਹਨਾਂ ਮੁਜ਼ਰਿਮਾਂ ਨੂੰ ਕਾਨੂੰਨ ਦੀ ਮਾਰ, ਖਾਸ ਕਰਕੇ ਸੰਭਾਵਿਤ ਮੌਤ 'ਤੇ ਫੰਦੇ ਤੋਂ ਬਚਾਉਣ ਵਿੱਚ ਲੋਕ-ਦੋਖੀ ਹਾਕਮਾਂ ਦੀ ਖੁਦ ਦਿਲਚਸਪੀ ਹੁੰਦੀ ਹੈ। ਉੜੀਸਾ ਵਿੱਚ ਜੌਹਨ ਸਟੇਨਜ਼ ਤੇ ਬੱਚਿਆਂ ਦੇ ਹਤਿਆਰੇ ਦਾਰਾ ਸਿੰਘ ਅਤੇ ਮੁਸਲਿਮ ਭਾਈਚਾਰੇ ਦੇ ਦੋਸ਼ੀ ਬਜਰੰਗੀ ਨੂੰ ਮਿਲੀ ਮੌਤ ਦੀ ਸਜ਼ਾ ਤੋਂ ਰਾਹਤ ਉਪਰੋਕਤ ਗੱਲ ਦੀ ਇੱਕ ਪੁਸ਼ਟੀ ਹੈ। ਇਸ ਲਈ ਫਾਂਸੀ ਦੀ ਸਜ਼ਾ ਦੇ ਕਾਨੂੰਨ ਨੂੰ ਸੋਧ ਕੇ ਅਖੌਤੀ ਮਨੁੱਖਤਾਵਾਦੀ ਕਾਨੂੰਨ ਰਾਹੀਂ ਬਾਕਾਇਦਾ ਜਥੇਬੰਦ ਸਮਾਜ-ਵਿਰੋਧੀ ਮੁਜਰਿਮ ਅਤੇ ਫਿਰਕੂ-ਫਾਸ਼ੀ ਗਰੋਹਾਂ ਦੇ ਭਿਆਨਕ ਅਤੇ ਖੂਨੀ ਕਾਰਿਆਂ ਬਦਲੇ ਬਣਦੀ ਵਾਜਬ ਮੌਤ ਦੀ ਸਜ਼ਾ ਤੋਂ ਉਹਨਾਂ ਦੇ ਕਾਨੂੰਨੀ ਬਚਾਅ ਦੀ ਜਾਮਨੀ ਕਰਨਾ ਲੋਕ-ਦੋਖੀ ਹਾਕਮਾਂ ਲਈ ''ਨਾਲੇ ਪੁੰਨ ਨਾਲੇ ਫਲੀਆਂ'' ਵਰਗੀ ਗੱਲ ਬਣਦੀ ਹੈ।
ਲੋਕ-ਹਿਤੈਸ਼ੀ ਤੇ ਇਨਕਲਾਬੀ ਸ਼ਕਤੀਆਂ/ਵਿਅਕਤੀਆਂ ਨੂੰ ਸੰਸਾਰ ਪੱਧਰ 'ਤੇ ਅਤੇ ਵੱਖ ਵੱਖ ਮੁਲਕਾਂ ਦੇ ਸਾਮਰਾਜੀ ਤੇ ਪਿਛਾਖੜੀ ਸਿਆਸਤਦਾਨਾਂ, ਮੀਡੀਆ, ਬੁੱਧੀਜੀਵੀਆਂ ਅਤੇ ਐਨ.ਜੀ.ਓਜ਼ ਵੱਲੋਂ ਉਭਾਰੀ ਜਾ ਰਹੀ ਕਾਨੂੰਨੀ ਮੌਤ ਦੀ ਸਜ਼ਾ ਰੱਦ ਕਰਨ ਦੀ ਦੰਭੀ ਖੇਡ ਤੋਂ ਸੁਚੇਤ ਹੋਣਾ ਚਾਹੀਦਾ ਹੈ ਅਤੇ ਇਸ ਦੰਭੀ ਸੁਰ ਵਿੱਚ ਸੁਰ ਮਿਲਾਉਣ ਤੋਂ ਇਨਕਾਰ ਕਰਦਿਆਂ, ਅਫਜ਼ਲ ਗੁਰੂ ਨੂੰ ਫਾਂਸੀ ਰਾਹੀਂ ਮੌਤ ਨੂੰ ਮਹਿਜ ਗੈਰ-ਮਨੁੱਖੀ ਕਾਰਾ ਕਹਿਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਇਸਨੂੰ ਇੱਕ ਨਿਹੱਕਾ ਸਿਆਸੀ ਕਤਲ ਕਹਿਣ ਦਾ ਜੇਰਾ ਕਰਨਾ ਚਾਹੀਦਾ ਹੈ ਅਤੇ ਮੰਗ ਕਰਨੀ ਚਾਹੀਦੀ ਹੈ ਕਿ ਜੰਮੂ-ਕਸ਼ਮੀਰ ਅੰਦਰ ਨੀਮ-ਫੌਜੀ ਅਤੇ ਫੌਜੀ ਬਲਾਂ ਵੱਲੋਂ ਕੀਤਾ ਜਾ ਰਿਹਾ ਅੱਤਿਆਚਾਰ ਅਤੇ ਕਤਲੇਆਮ ਬੰਦ ਕੀਤਾ ਜਾਵੇ, ਅਫਸਪਾ ਰੱਦ ਕੀਤਾ ਜਾਵੇ ਅਤੇ ਇਹ ਵਰਧੀਧਾਰੀ ਧਾੜਾਂ ਉੱਥੋਂ ਵਾਪਸ ਬੁਲਾਈਆਂ ਜਾਣ, ਜੇਲ੍ਹੀਂ ਡੱਕੇ ਵਿਅਕਤੀਆਂ ਨੂੰ ਰਿਹਾਅ ਕੀਤਾ ਜਾਵੇ, ਕਤਲੇਆਮ ਦੇ ਜਿੰਮੇਵਾਰ ਨੀਮ-ਫੌਜੀ ਅਤੇ ਫੌਜੀ ਅਫਸਰਾਂ 'ਤੇ ਕਤਲਾਂ ਦੇ ਮੁਕੱਦਮੇ ਚਲਾ ਕੇ ਸਜ਼ਾਵਾਂ ਦਿੱਤੀਆਂ ਜਾਣ। ਉੱਥੋਂ ਦੇ ਲੋਕਾਂ ਨੂੰ ਆਜ਼ਾਦਾਨਾ ਮੱਤ ਰਾਹੀਂ ਆਪ ਦੀ ਹੋਣੀ (ਕੌਮੀ-ਖੁਦ ਮੁਖਤਿਆਰੀ ਅਤੇ ਆਜ਼ਾਦੀ) ਬਾਰੇ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਜਾਵੇ, ਜੰਮੂ ਕਸ਼ਮੀਰ ਦੇ ਲੋਕਾਂ ਖਿਲਾਫ ''ਅੱਤਵਾਦੀ, ਵੱਖਵਾਦੀ ਅਤੇ ਦਹਿਸ਼ਤਗਰਦ ਹੋਣ ਦਾ ਬਿੱਲਾ ਲਾ ਕੇ ਮੁਲਕ ਅੰਦਰ ਹਿੰਦੂ ਫਿਰਕੂ ਪੁੱਠ ਵਾਲੇ ਦੇਸ਼-ਭਗਤੀ ਦੇ ਜਨੂੰਨ ਨੂੰ ਭੜਕਾਉਣ ਦੀ ਫਾਸ਼ੀ ਖੇਡ ਬੰਦ ਕੀਤੀ ਜਾਵੇ।
No comments:
Post a Comment