Monday, March 4, 2013

ਕਿਸਾਨ ਲਹਿਰ ਦੀ ਗਰਜਣਾ ਰਾਹੀਂ ਸ਼ਹੀਦ ਤਖ਼ਤੂਪੁਰਾ ਨੂੰ ਸੱਚੀ ਸ਼ਰਧਾਂਜਲੀ


ਕਿਸਾਨ ਲਹਿਰ ਦੀ ਗਰਜਣਾ ਰਾਹੀਂ

ਸ਼ਹੀਦ
 ਤਖ਼ਤੂਪੁਰਾ ਨੂੰ ਸੱਚੀ ਸ਼ਰਧਾਂਜਲੀ



ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਸਰਗਰਮ ਕਾਰਕੁੰਨ ਅਤੇ ਇਨਕਲਾਬੀ ਜਮਹੂਰੀ ਕਿਸਾਨ ਲਹਿਰ ਦੇ ਉੱਘੇ ਆਗੂ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਤੀਸਰੀ ਬਰਸੀ ਮੌਕੇ ਹੋਇਆ ਸਮਾਗਮ ਕਿਸਾਨ ਲਹਿਰ ਦੀ ਗਰਜ਼ਣਾ ਹੋ ਨਿੱਬੜਿਆ ਹੈ। ਸ਼ਹੀਦ ਸਾਥੀ ਦੀ ਵਾਰਸ ਕਮਿਊਨਿਸਟ ਇਨਕਲਾਬੀ ਜਮਹੂਰੀ ਲਹਿਰ ਅਤੇ ਕਿਸਾਨ ਲਹਿਰ ਨੇ ਸ਼ਹਾਦਤ ਮੌਕੇ ਗਰਜਵਾਂ ਐਲਾਨ ਕੀਤਾ ਸੀ ਕਿ ਇਸ ਭੜਕਾਊ ਖੂਨੀ ਵਾਰ ਦਾ ਜੁਆਬ ਨਾ ਭੜਕਣ 'ਚ ਹੈ, ਨਾ ਜਰਕਣ 'ਚ ਹੈ। ਇਸ ਵਾਰ ਦੇ ਜੁਆਬ ਵਜੋਂ ''ਕਿਸਾਨਾਂ ਦੇ ਹੱਕਾਂ ਦੀ ਲਹਿਰ ਨੂੰ ਮਸਲ ਦੇਣ ਦੇ ਵਿਸ਼ੇਸ਼ ਇਰਾਦੇ ਨੂੰ ''ਮਸਲ ਕੇ ਰੱਖ ਦਿੱਤਾ ਜਾਵੇਗਾ।'' ''ਸਿਆਸੀ ਸਰਪ੍ਰਸਤਾਂ ਵੱਲੋਂ ਇਸ ਕਤਲ ਪਿੱਛੋਂ ਸੰਨਾਟਾ ਛਾ ਜਾਣ ਅਤੇ ਕਿਸਾਨ ਜਨਤਾ ਨੂੰ ਦਹਿਲਾ ਕੇ ਨਿੱਸਲ ਕਰ ਦੇਣ ਦੀ ਕਲਪਨਾ ਨੂੰ ''ਭੁੰਜੇ ਪਟਕਾ ਕੇ'' ਦਿੱਤਾ ਜਾਵੇਗਾ। ''ਨਵੀਆਂ ਆਰਥਿਕ ਨੀਤੀਆਂ ਦੇ ਰੋਲਰ ਮੂਹਰੇ ਡਟੇ'' ਰਹਿ ਕੇ ਅਤੇ ''ਹੋਰਨਾਂ ਲਈ ਪ੍ਰੇਰਨਾ ਸਰੋਤ ਬਣੇ ਰਹਿਣ'' ਦੀ ਪਿਰਤ ਨੂੰ ਅੱਗੇ ਤੋਰ ਕੇ ਦਿੱਤਾ ਜਾਵੇਗਾ।  ''ਲੋਕ-ਦੁਸ਼ਮਣ ਰਾਜ-ਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਫੌਰੀ ਚੁਣੌਤੀਆਂ'' ਨੂੰ ਠੱਲ੍ਹ ਨਾ ਦੇਣ ਦੇ ਭਰਮ ਨੂੰ ਤੋੜ ਕੇ, ਕਾਫ਼ੂਰ ਕਰਕੇ ਦਿੱਤਾ ਜਾਵੇਗਾ। ਅੱਜ ਤੀਸਰੀ ਬਰਸੀ ਮੌਕੇ ਸਰਸਰੀ ਪਿਛਲ-ਝਾਤ ਮਾਰਨ ਦੀ ਲੋੜ ਹੈ ਕਿ ਕੀ ਉਪਰੋਕਤ ਗਰਜਵੇਂ ਐਲਾਨ ਤੱਤੇ-ਘਾਓ ਦਾ ਹੁੰਗਾਰਾ ਸਨ? ਜਜ਼ਬਾਤੀ ਉਬਾਲ ਮਾਤਰ ਸਨ? ਸਿੱਧੇ-ਮੱਥੇ ਭਿੜਨ ਤੋਂ ਟਾਲੇ ਲਈ ਖੜਕਵੇਂ ਬੋਲਾਂ ਦੀ ਕਮਜ਼ੋਰ ਜਿਹੀ ਓਟ ਸਨ? ਕਿ ਸਿਰੜ, ਸਿਆਣਪ ਤੇ ਦੂਰ-ਅੰਦੇਸ਼ੀ ਦੇ ਬੋਲ ਸਨ? ਸੱਚਮੁੱਚ ਹੀ ਪਿਛਾਖੜੀ ਧਾਵੇ ਖਿਲਾਫ ਹੱਕਾਂ ਦੀ ਲਹਿਰ ਸੀ'' ਅਤੇ ਇਸਦਾ ਮਕਸਦ ਇਸ ਨੂੰ ''ਮਸਲ ਕੇ ਰੱਖ ਦੇਣ'' ਦੇ ਹਾਕਮਾਂ ਦੇ ਇਰਾਦਿਆਂ ਨੂੰ ''ਮਸਲ ਕੇ ਰੱਖ ਦੇਣਾ'' ਸੀ। ਵਾਰ ਕਰਨ ਵਾਲੀਆਂ ਹਾਕਮ ਜਮਾਤੀ ਸ਼ਕਤੀਆਂ ਨੂੰ ਅਜਿਹਾ ਕਰ ਗੁਜ਼ਰਨ ਦਾ ਪੂਰਾ ਭਰੋਸਾ ਸੀ। ਕਈ ਕਾਲੀਆਂ ਜੀਭਾਂ ਵੀ ਬੜਾ ਤਾਂਘਦੀਆਂ ਸਨ ਕਿ ''ਭੱਜ ਗਏ'', ''ਮਰਵਾਤੇ'' ਦਾ ਡੰਕਾ ਵਜਾਉਣ ਜੋਗਰਾ ਕੁਸ਼-ਨਾ-ਕੁਸ਼ ਤਾਂ ਸ਼ੋਰ ਹੋ ਜਾਵੇ! ਪਰ ਇਸ ਖਿੱਤੇ ਦੀ ਆਬਾਦਕਾਰ ਲਹਿਰ ਦਾ ਸ਼ਹਾਦਤ ਤੋਂ ਬਾਅਦ ਦੇ, ਹੁਣ ਤੱਕ ਦੇ ਅਰਸੇ ਦਾ ਨਿਭਾਅ ਅਤੇ ਵਿਕਾਸ, ਅਜਿਹੀ ਤਾਂਘ ਨੂੰ ਟਕਾ ਕੇ ਠੁੱਸ ਕਰਨ ਵਾਲਾ ਹੈ। ਹਕੂਮਤੀ ਸ਼ਕਤੀਆਂ ਦੇ ਭਰਮ ਨੂੰ ਤੋੜਨ ਵਾਲਾ ਹੈ। ਸ਼ਹੀਦ ਸਾਧੂ ਸਿੰਘ ਦੀ ਸੋਚ ਨੂੰ ਪ੍ਰਣਾਈ ਹੋਈ ਕਿਸਾਨ ਜਥੇਬੰਦੀ ਦੀ ਅਗਵਾਈ ਹੇਠਲੀ ਇਸ ਖਿੱਤੇ ਦੀ ਆਬਾਦਕਾਰ ਲਹਿਰ ਅੱਗੇ ਵਧ ਰਹੀ ਹੈ। ਇਸ ਦਾ ਆਕਾਰ ਅਤੇ ਪਸਾਰ ਵਧ ਰਿਹਾ ਹੈ। ਇਸ ਵਿੱਚ ਨੌਜਵਾਨਾਂ ਅਤੇ ਔਰਤਾਂ ਦੀ ਸ਼ਮੂਲੀਅਤ ਇੱਕ ਸ਼ਕਤੀ ਵਜੋਂ ਉੱਭਰ ਰਹੀ ਹੈ। ਸਗੋਂ ਇਹ ਵਿਕਾਸ ਸਾਧੂ ਸਿੰਘ ਵਰਗੇ ਕਿਸੇ ਬਦਲਵੇਂ ਹੰਢੇ-ਵਰਤੇ ਆਗੂ ਦੀ ਸਿੱਧੀ ਅਤੇ ਨੇੜਲੀ ਅਗਵਾਈ ਦੀ ਗੈਰ-ਮੌਜੂਦਗੀ ਦੇ ਬਾਵਜੂਦ ਹੋ ਰਿਹਾ ਹੈ। ਰਵਾਇਤੀ ਕਿਸਾਨ ਚੇਤਨਾ ਵਾਲੀਆਂ ਆਗੂ ਟੁਕੜੀਆਂ ਜੁਝਾਰ ਕਿਸਾਨ ਘੁਲਾਟੀਆਂ ਵਾਲੇ ਗੁਣ-ਲੱਛਣ ਗ੍ਰਹਿਣ ਕਰ ਰਹੀਆਂ ਹਨ। ਇਨਕਲਾਬੀ ਜਮਹੂਰੀ ਸੋਝੀ ਦੇ ਵਧਾਰੇ-ਪਸਾਰੇ ਲਈ ਜ਼ਰਖੇਜ਼ ਭੋਇੰ ਮੁਹੱਈਆ ਹੋ ਰਹੀ ਹੈ। ਆਬਾਦਕਾਰ ਜਨ-ਸਮੂਹ ਅੰਦਰ ਛੁਪੀ ਹੋਈ ਲੁਪਤ ਸਮਰੱਥਾ ਸ਼ਹੀਦ ਦੇ ਖ਼ੂਨ ਨਾਲ ਸਿੰਜੇ ਜਾਣ ਸਦਕਾ ਅਤੇ ਇਨਕਲਾਬੀ ਜੁਝਾਰਤਾ ਦੀ ਚਿਣਗ ਨਾਲ ਡੰਗੇ ਜਾਣ ਸਦਕਾ ਜਾਗਣ ਲੱਗ ਪਈ ਹੈ। ਜੂਝਣਾ ਸਿੱਖ ਰਹੀ ਹੈ। ਇਸ ਖਿੱਤੇ ਵਿੱਚ ਲਗਾਤਾਰ ਜਾਰੀ ਰਹਿ ਰਹੀ ਸਰਗਰਮੀ ਅਤੇ ਸ਼ਹੀਦੀ ਸਮਾਗਮ ਵਿੱਚ ਇਸ ਖਿੱਤੇ ਵਿੱਚੋਂ ਹਜ਼ਾਰਾਂ ਮਰਦਾਂ ਔਰਤਾਂ ਦੀ ਸ਼ਮੂਲੀਅਤ ਇਸੇ ਸਚਾਈ ਦਾ ਪ੍ਰਮਾਣ ਬਣਦੀ ਹੈ। 

ਇਸ
 ਖੂਨੀ ਵਾਰ ਸਦਕਾ ਨਾ ਸਿਰਫ ਸ਼ਹੀਦ ਸਾਧੂ ਸਿੰਘ ਦੀ ਸੋਚ ਨੂੰ ਪ੍ਰਣਾਈ ਹੋਈ ਟੁਕੜੀ ਅਤੇ ਉਸਦੇ ਅਸਰ ਹੇਠਲੇ ਖੇਤਰ ਉੱਤੇ ਦਹਿਲ ਜਾਣ ਵਾਲਾ ਅਸਰ ਨਹੀਂ ਪੈਣ ਦਿੱਤਾ ਗਿਆ। ਸਗੋਂ ਸਮੁੱਚੇ ਖੇਤਰ ਵਿੱਚ ਆਬਾਦਕਾਰਾਂ ਦੇ ਜੱਥੇਬੰਦ ਹੋਣ ਦੀ ਤਾਂਘ ਵਧਣ ਵਾਲਾ ਅਸਰ ਪਿਆ ਹੈ। ਜਿਸ ਦੇ ਠੋਸ ਸੰਕੇਤ ਮੌਜੂਦ ਹਨ। ਸੰਘਰਸ਼ ਦਾ ਹੋਕਾ ਦੇਣ ਵਾਲਾ ਕੋਈ ਆਵੇ ਤਾਂ ਸਹੀ ਨਿਰਭੈ ਹੋਏ ਆਬਾਦਕਾਰਾਂ ਵਿੱਚ ਪੈਦਾ ਹੋਈ ਲੜਨ ਤਾਂਘ ਉਸਦਾ ਸੁਆਗਤ ਕਰ ਰਹੀ ਹੈ। ਦੋਹਾਂ ਕਿਸਾਨ ਸੰਘਰਸ਼ ਕਮੇਟੀਆਂ ਅਤੇ ਜਮਹੂਰੀ ਕਿਸਾਨ ਸਭਾ ਵਰਗੀਆਂ ਜਥੇਬੰਦੀਆਂ ਨੂੰ ਇਸ ਖੇਤਰ 'ਚੋਂ ਮਿਲ ਰਿਹਾ ਹੁੰਗਾਰਾ ਇਹੀ ਦੱਸਦਾ ਹੈ। 
ਜੇ
 ਜਗੀਰਦਾਰੀ ਵਿਰੋਧੀ ਘੋਲ ਦੀ ਦਾਬ ਨੂੰ ਵਧਾਉਣਾ ਹੈ, ਜ਼ਮੀਨ ਦੇ ਮਸਲੇ ਨੂੰ ਗੰਭੀਰਤਾ ਨਾਲ ਹੱਥ ਪਾਉਣਾ ਹੈ ਤਾਂ ਇਹ ਮੌਤ ਨੂੰ ਮਾਸੀ ਕਹਿਣਾ ਹੋਵੇਗਾ। ਇਸ ਕੰਮ ਤੋਂ ਬਾਜ਼  ਜਾਓ! ਖੂੰਨ ਵਾਰ ਨੇ ਇਹੀ ਸੁਨੇਹਾ ਦਿੱਤਾ ਸੀ! ਇਸ ਵਾਰ ਦਾ ਮੋੜ ਕੀ ਦਿੱਤਾ ਗਿਆ?! ਵਾਰਸ ਧਿਰ ਨੇ, ਵਾਰਸ ਇਨਕਲਾਬੀ ਕਿਸਾਨ ਟੁਕੜੀ ਨੇ, ਇਹੀ ਨਾਅਰੇ ਚੁੱਕ ਦਿੱਤੇ ਹਨ। ਜਗੀਰਦਾਰਾਂ ਅਤੇ ਸੂਦਖੋਰਾਂ ਤੋਂ ਖੋਹ ਕੇ ਲੈਣਾ ਹੈ। ਬੇਜ਼ਮੀਨੇ ਤੇ ਗਰੀਬ ਕਿਸਾਨਾਂ, ਮਜ਼ਦੂਰਾਂ ਵਿੱਚ ਵੰਡ ਕੇ ਦੇਣਾ ਹੈ। ਸਾਮਰਾਜੀਆਂ ਤੋਂ, ਵੱਡੇ ਦੇਸੀ ਲੁਟੇਰਿਆਂ ਤੋਂ ਭਿੜ ਕੇ ਲੈਣਾ ਹੈ। ਜਾਬਰ ਹਕੂਮਤੀ ਮਸ਼ੀਨਰੀ ਅਤੇ ਹਿੰਸਕ ਗੁੰਡਾ ਗਰੋਹਾਂ ਨਾਲ ਲੋਹਾ ਲੈਣਾ ਹੈ। ਜਥੇਬੰਦ ਤੇ ਜਾਗਰਤ ਹੋਈ ਜਨਤਾ ਦੀ ਲੜਾਕੂ ਤਾਕਤ ਦੇ ਆਸਰੇ ਲੈਣਾ ਹੈ। ਇਹਨਾਂ ਨਾਹਰਿਆਂ ਦੁਆਲੇ ਉੱਭਰ ਰਹੀਆਂ ਸਰਗਰਮੀਆਂ, ਜਾਗੀਰੂ ਲੁੱਟ ਅਤੇ ਦਾਬੇ ਵਿਰੁੱਧ ਧੁੱਸ ਦਾ ਵਧਾਰਾ, ਕਿਸਾਨ ਔਰਤਾਂ ਦੀ ਸ਼ਕਤੀ ਬਣਨ ਵੱਲ ਤੁਰਨਾ, ਜ਼ਮੀਨਾਂ ਲੈਣ ਲਈ ਬੇਜ਼ਮੀਨੇ ਕਿਸਾਨਾਂ ਨੂੰ ਉਭਾਰਨ ਲਈ ਤਾਣ ਲਾਉਣਾ, ਝੁੱਟੀ ਮਾਰਨਾ, ਔਰਤਾਂ 'ਤੇ ਝਪਟਦੇ ਸਿਆਸੀ-ਗੁੰਡਾ ਗਰੋਹਾਂ ਨੂੰ ਭੁਆਟਣੀਆਂ ਦੇਣਾ ਦਹਿਲ ਜਾਣ ਦਾ ਨਹੀਂ! ''ਮਰਵਾਤੇ'' ਵੀ ਨਹੀਂ!! ਭੱਜਗੇ ਵੀ ਨਹੀਂ!! ਇਹ ਤਾਂ ਸ਼ੇਰ ਦੀ ਪੂਛ 'ਤੇ ਪੈਰ ਧਰਨ ਵੱਲ ਵਧਣ ਦੇ ਇਰਾਦੇ ਦਾ ਪ੍ਰਗਟਾਵਾ ਹਨ। ਵਾਰਸ ਧਿਰ ਦੀ ਪਿਛਲੇ ਤਿੰਨ ਸਾਲਾਂ ਦੀ ਸਮੁੱਚੀ ਕਾਰਗੁਜ਼ਾਰੀ ਅਤੇ ਸ਼ਰਧਾਂਜਲੀ ਸਮਾਗਮਾਂ ਦੀ ਗਰਜਣਾ ਗਰਜ ਗਰਜ ਕੇ ਇਹੀ ਗਵਾਹੀ ਦਿੰਦੀ ਹੈ। ਇਹੀ ਹੈ ਸ਼ਹੀਦ ਸਾਥੀ ਸਾਧੂ ਸਿੰਘ ਤਖਤੂਪੁਰਾ ਨੂੰ ਸੱਚੀ ਸ਼ਰਧਾਂਜਲੀ!

No comments:

Post a Comment