Monday, May 2, 2016

19) ਸਰਗਰਮੀਆਂ ਤੇ ਸ਼ਰਧਾਂਜਲੀਆਂ


ਸਰਗਰਮੀਆਂ ਤੇ ਸ਼ਰਧਾਂਜਲੀ

8 ਅਪ੍ਰੈਲ ਬੰਬ ਕਾਂਡ ਦਿਵਸ ਮੌਕੇ ਕਨਵੈਨਸ਼ਨ

ਫ਼ਿਰਕੂ ਫਾਸ਼ੀ ਤਾਕਤਾਂ ਖਿਲਾਫ਼ ਰਲ਼ ਕੇ ਡਟਣ ਦਾ ਹੋਕਾ

- ਅਮੋਲਕ ਸਿੰਘ

ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ, ਵੱਲੋਂ ਸ਼ਹੀਦ ਭਗਤ ਸਿੰਘ ਅਤੇ ਬੀ.ਕੇ.ਦੱਤ ਵਲੋਂ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲਖਿਲਾਫ ਬੋਲਿਆਂ ਹਾਕਮਾਂ ਨੂੰ ਸੁਣਾਉਣ ਲਈ ਕੀਤੇ ਬੰਬ ਧਮਾਕੇ ਵਾਲੇ ਦਿਨ 8 ਅਪ੍ਰੈਲ ਨੂੰ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲਅੰਦਰ ਫਿਰਕੂ ਫਾਸ਼ੀ ਹਿੱਸਿਆਂ ਖਿਲਾਫ ਇਨਕਲਾਬੀ ਜਨਤਕ ਟਾਕਰੇ ਦੇ ਸੁਆਲਉੱਪਰ ਗੰਭੀਰ ਵਿਚਾਰ ਚਰਚਾ ਕਰਨ ਲਈ ਸੂਬਾਈ ਕਨਵੈਨਸ਼ਨ ਕੀਤੀ ਗਈ।
ਕਨਵੈਨਸ਼ਨ ਦੀ ਸੁਰ ਦਾ ਕੇਂਦਰੀ ਸੁਨੇਹਾ ਸੀ ਕਿ ਅੱਜ ਫੇਰ ਦੇਸੀ-ਵਿਦੇਸ਼ੀ ਲੋਕ-ਦੋਖੀ ਹਾਕਮਾਂ ਵੱਲੋਂ ਲੋਕਾਂ ਉਪਰ ਮਾਰੂ ਨੀਤੀਆਂ ਮੜ੍ਹਨ ਦਾ ਰਾਹ ਮੋਕਲਾ ਕਰਨ ਲਈ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਉਪਰ ਹੱਲਾ ਬੋਲਿਆ ਜਾ ਰਿਹਾ ਹੈ। ਭਾਰਤ ਮਾਤਾ ਦੀ ਜੈ’, ਅੰਨ੍ਹੇ ਕੌਮੀ ਜਨੂੰਨ ਦੀ ਕਾਲੀ ਛਤਰੀ ਤਾਣਕੇ, ਦੇਸ਼ ਧਰੋਹ ਅਤੇ ਦੇਸ਼ ਭਗਤੀ ਦੇ ਆਪੇ ਸਿਰਜੇ ਅਡੰਬਰ ਦੇ ਓਹਲੇ, ਲੋਕਾਂ ਨੂੰ ਝੁਕਾ ਕੇ ਆਪਣੇ ਫਿਰਕੂ ਫਾਸ਼ੀ ਏਜੰਡੇ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਪੱਬਾਂ ਭਾਰ ਹੋਇਆ ਹੈ।
 ਜਮਹੂਰੀ ਫਰੰਟ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਅੰਦਰ ਫਿਰਕੂ ਦਹਿਸ਼ਤਗਰਦੀ ਦੀ ਹਨੇਰੀ ਝੁਲਉਣ ਲਈ ਭਾਜਪਾ ਅਤੇ ਕਾਂਗਰਸ ਦੋਨਾਂ ਦਾ ਹੀ ਕਾਲਾ ਇਤਿਹਾਸ ਮੂੰਹ ਬੋਲਦਾ ਹੈ। ਇਸ ਲਈ ਖਰੇ ਜਮਹੂਰੀ ਪੈਂਤੜੇ ਤੇ ਖੜ੍ਹ ਕੇ ਲੋਕ-ਪੱਖੀ ਸ਼ਕਤੀਆਂ ਨੂੰ ਹਰ ਵੰਨਗੀ ਦੀਆਂ ਫਿਰਕੂ ਤਾਕਤਾਂ ਖਿਲਾਫ ਨਿਸ਼ਾਨਾ ਵਿੰਨ੍ਹ ਕੇ ਲੋਕ-ਪ੍ਰਤੀਰੋਧ ਖੜ੍ਹਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਨ੍ਹਈਆ ਕੁਮਾਰ, ਓਮਰ ਖਾਲਿਦ ਤੇ ਉਹਨਾਂ ਦੇ ਸਾਥੀਆਂ, ਸਾਈਂ ਬਾਬਾ, ਐਮ.ਆਰ. ਗਿਲਾਨੀ ਅਤੇ ਕਸ਼ਮੀਰੀ ਲੋਕਾਂ ਦੇ ਆਤਮ ਨਿਰਣੇ ਦੇ ਹੱਕਾਂ ਨੂੰ ਜਬਰ ਦੇ ਜੋਰ ਦਬਾਉਣ ਦੀ ਤਿੱਖੀ ਅਲੋਚਨਾ ਕੀਤੀ। ਉਹਨਾਂ ਦੇਸ਼ ਧਰੋਹ ਸੰਬੰਧੀ ਅੰਗਰੇਜੀ ਹਾਕਮਾਂ ਵੱਲੋਂ ਮੜ੍ਹੀ ਧਾਰਾ 124-ਏ ਮੂਲੋਂ ਖਤਮ ਕਰਨ ਦੇ ਹੱਕਚ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ।
ਡਾ. ਗੌਤਮ ਨਵਲੱਖਾ ਨੇ ਕਿਹਾ ਕਿ ਫਿਰਕੂ ਫਾਸ਼ੀ ਹੱਲੇ ਦੀ ਚੁਣੌਤੀ ਕਬੂਲਣ ਲਈ ਜਵਾਹਰ ਲਾਲ ਨਹਿਰੂ ਯੂਨੀਵਰਸਟੀ, ਹੈਦਰਾਬਾਦ ਯੂਨੀਵਰਸਟੀ ਸਮੇਤ ਮੁਲਕ ਭਰ ਦੀ ਨੌਜਵਾਨ ਪੀੜ੍ਹੀ ਅਤੇ ਉਮਰ ਦੇ ਅਗਲੇਰੇ ਵਰ੍ਹਿਆਂ ਵੱਲ ਵਧ ਰਿਹਾ ਬੁੱਧੀਜੀਵੀ ਵਰਗ ਹੋਰ ਵੀ ਵਿਸ਼ਾਲ ਏਕਤਾ ਅਤੇ ਸਿਦਕਦਿਲੀ ਨਾਲ ਮੈਦਾਨਚ ਨਿੱਤਰਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਹਕੀਕੀ ਸਮੱਸਿਆਵਾਂ ਰੁਜ਼ਗਾਰ, ਪੀਣ ਵਾਲਾ ਪਾਣੀ, ਜੰਗਲ, ਜਲ, ਜ਼ਮੀਨ ਦੀ ਰਾਖੀ ਕਰਨਾ, ਸਿੱਖਿਆ, ਸਿਹਤ, ਬਰਾਬਰੀ ਅਤੇ ਨਿਆਂ ਹੈ। ਭਾਰਤੀ ਹਾਕਮ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਨ ਲਈ ਬੰਦੂਕ ਅਤੇ ਕਾਲੇ ਕਾਨੂੰਨਾਂ ਦੇ ਜੋਰ ਮੂੰਹ ਬੰਦ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ ਅਤੇ ਸਮਾਜ ਅੰਦਰ ਫਿਰਕੇਦਾਰਾਨਾ ਫੁੱਟ ਪੈਦਾ ਕਰਕੇ ਲੋਕਾਂ ਨੂੰ ਲੋਕਾਂ ਨਾਲ ਲੜਾਉਣ ਦਾ ਛੜਯੰਤਰ ਵੀ ਰਚਿਆ ਜਾ ਰਿਹਾ ਹੈ। 
ਉਹਨਾਂ ਕਿਹਾ ਕਿ ਅਫਜ਼ਲ ਗੁਰੂ ਦੀ ਫਾਂਸੀ ਨਜਾਇਜ਼ ਕਤਲ ਹੈ, ਅਸੀਂ ਕਹਿੰਦੇ ਰਹੇ ਹਾਂ ਅਤੇ ਭਵਿੱਖਚ ਵੀ ਕਹਿੰਦੇ ਰਹਾਂਗੇ। ਬਾਦਲੀਲ ਉਹਨਾਂ ਕਿਹਾ ਕਿ ਦੇਸ਼, ਜਮੀਨ ਦਾ ਇੱਕ ਟੁਕੜਾ ਨਹੀਂ ਹੁੰਦਾ। ਦੇਸ਼ ਦੀ ਅਸਲ ਪ੍ਰੀਭਾਸ਼ਾ ਲੋਕਾਂ ਨਾਲ ਬਣਦੀ ਹੈ। ਜੇ ਕਸ਼ਮੀਰ ਦੇ ਲੋਕ ਆਵਾਜ ਉਠਾ ਰਹੇ ਨੇ ਤਾਂ ਉਹਨਾਂ ਦੀ ਗੱਲ ਸੁਣਨ ਸਮਝਣ ਦੀ ਲੋੜ ਹੈ, ਨਾ ਕਿ ਸੰਗੀਨਾਂ ਦੇ ਜੋਰ ਉਹਨਾਂ ਦੀ ਆਵਾਜ ਬੰਦ ਕੀਤੀ ਜਾਵੇ।
ਅਖੀਰਚ ਕਰਾਂਤੀਕਾਰੀ ਸੱਭਿਆਚਾਰਕ ਮੰਚ ਵੱਲੋਂ ਛਿਪਣ ਤੋਂ ਪਹਿਲਾਂਨਾਟਕ ਖੇਡਿਆ ਗਿਆ।
ਫਿਰਕੂ ਫਾਸ਼ੀ ਹੱਲੇ ਨੂੰ ਪਛਾੜਨ ਲਈ ਕੌਮੀ ਸ਼ਹੀਦਾਂ ਦੇ ਵਿਚਾਰਾਂ ਤੋਂ ਪ੍ਰੇਰਣਾ ਲੈਣ ਦਾ ਹੋਕਾ

----------

ਨੌਜਵਾਨ ਭਾਰਤ ਸਭਾ ਤੇ ਪੀ. ਐਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ਚ ਫਿਰਕੂ ਫਾਸ਼ੀ ਤਾਕਤਾਂ ਖਿਲਾਫ਼ ਸੰਘਰਸ਼ ਕਰਨ ਦਾ ਸੁਨੇਹਾ ਉਭਾਰਿਆ ਗਿਆ। ਵੱਖ ਵੱਖ ਪਿੰਡਾਂਚ ਹੋਏ ਨਾਟਕ ਸਮਾਗਮਾਂ, ਇਕੱਤਰਤਾਵਾਂ ਤੇ ਮਸ਼ਾਲ ਮਾਰਚਾਂ ਦੌਰਾਨ ਸੰਬੋਧਨ ਕਰਦਿਆਂ ਨੌਜਵਾਨ ਬੁਲਾਰਿਆਂ ਨੇ ਭਾਜਪਾਈ ਹਕੂਮਤ ਵੱਲੋਂ ਆਪਣੇ ਫਿਰਕੂ ਫਾਸ਼ੀ ਮੰਤਵਾਂ ਲਈ ਰਾਸ਼ਟਰਵਾਦ ਦੇ ਨਾਅਰੇ ਦੀ ਵਰਤੋਂ ਬਾਰੇ ਚਰਚਾ ਕੀਤੀ। ਇਹ ਦੱਸਿਆ ਗਿਆ ਕਿ ਭਾਜਪਾ ਦਾ ਹਮਲਾ ਰਾਸ਼ਟਰਵਾਦ ਦੇ ਨਾਮ ਹੇਠ ਕੌਮੀ ਘੱਟ ਗਿਣਤੀਆਂ, ਧਾਰਮਕ ਘੱਟ ਗਿਣਤੀਆਂ ਤੇ ਇਨਕਲਾਬੀ ਜਮਹੂਰੀ ਹਲਕਿਆਂ ਖਿਲਾਫ਼ ਸੇਧਤ ਹੈ ਜਿਸ ਦਾ ਮਕਸਦ ਲੋਕਾਂ ਨੂੰ ਅੰਨ੍ਹੇ ਕੌਮੀ ਜਨੂੰਨ ਦੀਆਂ ਭਾਵਨਾਵਾਂਚ ਵਹਾ ਕੇ ਆਰਥਕ ਸੁਧਾਰਾਂ ਦਾ ਪ੍ਰੋਗਰਾਮ ਅੱਗੇ ਵਧਾਉਣਾ ਹੈ। ਇਹ ਹਮਲਾ ਵਿਸ਼ੇਸ਼ ਕਰਕੇ ਮੁਸਲਮਾਨ ਘੱਟ ਗਿਣਤੀਆਂ ਤੇ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਖਿਲਾਫ਼ ਸੇਧਤ ਹੈਇਸ ਲਈ ਇਸ ਹੱਲੇ ਦੇ ਵਿਰੋਧ ਮੌਕੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਲਈ ਜਦੋਜਹਿਦ ਦੀ ਡਟਵੀਂ ਹਮੈਤ ਕਰਨੀ ਚਾਹੀਦੀ ਹੈ। ਉਹਨਾਂ ਤੇ ਢਾਹੇ ਜਾ ਰਹੇ ਜਬਰ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਸਭਨਾਂ ਦੱਬੇ ਕੁਚਲੇ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹਰੀ ਹੱਕ ਨੂੰ ਬੁਲੰਦ ਕਰਨਾ ਚਾਹੀਦਾ ਹੈ। ਜਥੇਬੰਦੀਆਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਦੇ ਹਵਾਲੇ ਨਾਲ ਦਰਸਾਇਆ ਕਿ ਖਰਾ ਕੌਮਵਾਦ ਤਾਂ ਸਾਮਰਾਜ, ਜਾਗੀਰਦਾਰਾਂ ਤੇ ਦਲਾਲ ਸਰਮਾਏਦਾਰਾਂ ਦੇ ਜਾਬਰ ਤੇ ਲੁਟੇਰੇ ਰਾਜ ਦਾ ਫਸਤਾ ਵੱਢਣਾ ਹੈ ਤੇ ਦੇਸ਼ਚ ਖਰੀ ਜਮਹੂਰੀਅਤ ਦੀ ਸਿਰਜਣਾ ਕਰਨਾ ਹੈ ਜਿਹੜੀ ਸਭਨਾਂ ਕੌਮਾਂ ਦੇ ਵਿਕਾਸ ਦੀ ਗਾਰੰਟੀ ਬਣੇਗੀ। ਜਦਕਿ ਇਹ ਭਾਰਤੀ ਹਾਕਮ ਹਨ ਜਿਹੜੇ ਸਾਮਰਾਜੀਆਂ ਖਿਲਾਫ਼ ਜੂਝਦੇ ਲੋਕਾਂ ਨੂੰ ਤਾਂ ਕੌਮ ਧਰੋਹੀ ਹੋਣ ਦੇ ਫ਼ਤਵੇ ਦੇ ਰਹੇ ਹਨ ਤੇ ਆਪ ਉਸਦੇ ਦਲਾਦ ਬਣ ਕੇ ਕੌਮ ਨਾਲ ਧਰੋਹ ਕਮਾ ਰਹੇ ਹਨ।
ਇਸ ਸਰਗਰਮੀ ਦੌਰਾਨ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਕੋਟਗੁਰੂ, ਚੱਕ ਅਤਰ ਸਿੰਘ ਵਾਲਾ ਤੇ ਘੁੱਦਾਚ ਨਾਟਕ ਸਮਾਗਮ ਕਰਵਾਏ ਗਏ ਜਿੱਥੇ ਭਾਰੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਬਿਨਾਂ ਗਿੱਦੜ ਪਿੰਡਚ ਮਸ਼ਾਲ ਮਾਰਚ ਕੀਤਾ ਗਿਆ। ਖੇਮੂਆਣਾ (ਬਠਿੰਡਾ) ਤੇ ਹਿੰਮਤਪੁਰਾ (ਮੋਗਾ)ਚ ਜਨਤਕ ਇਕੱਤਰਤਾਵਾਂ ਕੀਤੀਆਂ ਗਈਆਂ। ਮੌੜ ਬਲਾਕ (ਬਠਿੰਡਾ) ਦੇ ਪਿੰਡਾਂ ਮੌੜ ਚੜ੍ਹਤ ਸਿੰਘ ਵਾਲਾ, ਮਾਈਸਰਖਾਨਾ, ਮਾੜੀ, ਜੋਧਪੁਰ ਪਾਖਰ, ਘੁੰਮਣ ਕਲਾਂ ਤੇ ਰਾਮਨਗਰਚ ਬੀ. ਕੇ. ਯੂ. ਏਕਤਾ ਦੇ ਸਹਿਯੋਗ ਨਾਲ ਭਰਵੀਆਂ ਰੈਲੀਆਂ ਕੀਤੀਆਂ ਗਈਆਂ। ਰਿਜਨਲ ਸੈਂਟਰ ਅਤੇ ਰਜਿੰਦਰਾ ਕਾਲਜ ਬਠਿੰਡਾਚ ਸੈਮੀਨਾਰ ਹੋਏ। ਰਿਜਨਲ ਸੈਂਟਰਚ ਹੋਏ ਸੈਮੀਨਾਰ ਨੂੰ ਸ਼੍ਰੀ ਐਨ. ਕੇ. ਜੀਤ ਨੇ ਸੰਬੋਧਨ ਕੀਤਾ। ਇਸ ਮੌਕੇ ਅਧਿਆਪਕਾਂ ਨੇ ਵੀ ਸ਼ਮੂਲੀਅਤ ਕੀਤੀ।

----------

ਪਾਸ਼ ਹੰਸਰਾਜ ਤੇ ਕੌਮੀ-ਮੁਕਤੀ ਲਹਿਰ ਦੇ ਸ਼ਹੀਦਾਂ ਦੀ ਯਾਦਚ ਸਮਾਗਮ

ਸੋਨੇ ਦੀ ਸਵੇਰ ਲਈ ਜਦੋਜਹਿਦ ਜਾਰੀ ਰੱਖਣ ਦਾ ਅਹਿਦ

- ਪਾਠਕ ਪੱਤਰਕਾਰ

ਇਹ ਇਤਫਾਕ ਹੀ ਸੀ ਕਿ ਜਿਸ ਦਿਨ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸਦੇ ਜਿਗਰੀ ਦੋਸਤ ਹੰਸਰਾਜ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕੀਤਾ, ਉਹ ਦਿਨ ਸ਼ਹੀਦ-ਏੇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਸੀ, ਯਾਨੀ 23 ਮਾਰਚ ।
ਅਠਾਈ ਸਾਲ ਪਹਿਲਾਂ, 1988 ‘ਚ ਤਲਵੰਡੀ ਸਲੇਮ ਦੀ ਜੂਹਚ ਖਾਲਿਸਤਾਨੀ ਹਤਿਆਰਿਆਂ ਨੇ ਪਾਸ਼ ਹੋਰਾਂ ਦਾ ਕਤਲ ਕਰਕੇ ਸੋਚਿਆ ਹੋਊ!.... ਬਈ ਹੁਣ ਕੋਈ ਨਹੀਂ ਬੋਲੇਗਾ......। ਪਰ ਪਾਸ਼ ਦੇ ਸੰਗੀ ਸਾਥੀਆਂ ਨੇ ਅਤੇ ਇਲਾਕੇ ਅੰਦਰ ਕੰਮ ਕਰਦੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਨੇ ਫਿਰਕੂ ਟੋਲਿਆਂ ਵੱਲੋਂ ਦਿੱਤੀ ਖੂਨੀ ਚੁਣੌਤੀ ਨੂੰ ਕਬੂਲ ਕਰਦਿਆਂ ਐਲਾਨ ਕੀਤਾ ਕਿ ਉਹ ਨਾ ਸਿਰਫ ਆਪਣੇ ਵਿਛੜੇ ਸਾਥੀਆਂ ਦੀ ਯਾਦ ਮਨਾਇਆ ਕਰਨਗੇ ਸਗੋਂ ਉਹਨਾਂ ਦੇ ਵਿਚਾਰਾਂ ਦੀ ਉਸ ਮਿਸ਼ਾਲ ਨੂੰ ਹੋਰ ਉੱਚੀ ਕਰਨਗੇ।
ਹਰ ਸਾਲ ਹਾਕਮ ਜਮਾਤੀ ਖੇਮੇ ਵੱਲੋਂ ਪੇਸ਼ ਨਵੀਆਂ ਚੁਣੌਤੀਆਂ ਨੂੰ, ਯਾਦਗਰੀ ਕਮੇਟੀ ਅਤੇ ਸਹਿਯੋਗੀ ਜਥੇਬੰਦੀਆਂ ਆਪਣੇ ਪ੍ਰਚਾਰ ਦਾ ਨੁਕਤਾ ਬਣਾਉਂਦੀਆਂ ਹਨ। ....ਇਸ ਵਾਰ ਤੇਜੀ ਨਾਲ ਲਾਗੂ ਕੀਤੇ ਜਾ ਰਹੇ ਆਰਥਕ ਸੁਧਾਰਾਂ, ਲੋਕਾਂ ਦੇ ਸੰਘਰਸ਼ ਕਰਨ ਦੇ ਹੱਕਾਂ ਨੂੰ ਕੁਚਲਣ ਅਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਵੱਲੋਂ ਮਚਾਏ ਉੁ¤ਧਮੂਲ ਨੂੰ ਪ੍ਰਚਾਰ ਦਾ ਕੇਂਦਰੀ ਨੁਕਤਾ ਬਣਾ ਕੇ ਯਾਦਗਾਰੀ ਕਮੇਟੀ ਨੇ ਇਲਾਕੇ ਦੇ ਪੰਜਾਹ ਤੋਂ ਵੱਧ ਪਿੰਡਾਂਚ ਇਸ਼ਤਿਹਾਰ ਲਾਏ। ਇਲਾਕੇ ਅੰਦਰ ਕੰਮ ਕਰਦੀਆਂ ਜਥੇਬੰਦੀਆਂ, ਪੰਜਾਬ ਖੇਤ ਮਜਦੂਰ ਯੂਨੀਅਨ, ਲੋਕ ਮੋਰਚਾ ਪੰਜਾਬ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਪਿੰਡਾਂ ਅਤੇ ਬਿਜਲੀ ਘਰਾਂ ਅੰਦਰ ਪ੍ਰਚਾਰ ਮੁਹਿੰਮ ਲਾਮਬੰਦ ਕੀਤੀ। ਖੇਤ ਮਜਦੂਰ ਯੂਨੀਅਨ ਵੱਲੋਂ ਇੱਕ ਦਰਜਨ ਪਿੰਡਾਂਚ ਮੀਟਿੰਗਾਂ/ਰੈਲੀਆਂ ਕਰਕੇ , ਇਹਨਾਂ ਹੀ ਪਿੰਡਾਂ ਚੋਂ 43000 ਤੋਂ ਵੱਧ ਫੰਡ ਇਕੱਠਾ ਕੀਤਾ ਗਿਆ ਅਤੇ 23 ਮਾਰਚ ਨੂੰ 441 ਖੇਤ ਮਜਦੂਰ ਸ਼ਾਮਲ ਹੋਏ। ਜਲੰਧਰ ਤੇ ਕਪੂਰਥਲਾ ਸਰਕਲਾਂ ਚੋਂ 125 ਬਿਜਲੀ ਕਾਮੇ ਸਮਾਗਮਚ ਸ਼ਾਮਲ ਹੋਏ। ਲੋਕ ਮੋਰਚਾ ਪੰਜਾਬ ਵੱਲੋਂ 2000 ਹੱਥ ਪਰਚਾ ਛਾਪ ਕੇ ਮਜਦੂਰਾਂ, ਕਿਸਾਨਾਂ, ਮੁਲਜ਼ਮਾਂ ਅਤੇ ਤਿੰਨ ਕਸਬਿਆਂ ਦੇ ਬਾਜਾਰਾਂਚ ਵੰਡਿਆ ਗਿਆ ਅਤੇ ਸਮਾਗਮ ਵਾਸਤੇ ਲੋਕ ਮੋਰਚਾ ਵੱਲੋਂ 18000 ਰੁਪਏ ਫੰਡ ਵੀ ਇਕੱਠਾ ਕੀਤਾ ਗਿਆ। ਇਸ ਤੋਂ ਬਿਨਾ ਯਾਦਗਾਰੀ ਕਮੇਟੀ ਨੇ ਹਰ ਸਾਲ ਵਾਂਗ ਤਲਵੰਡੀ ਸਲੇਮ, ਉੱਗੀ ਅਤੇ ਮੱਲ੍ਹੀਆਂ ਤੋਂ ਫੰਡ ਇਕੱਠਾ ਕੀਤਾ, 25000 ਰੁਪਏ ਫੰਡ ਹੋਇਆ। ਵਿਸ਼ੇਸ਼ ਜਿਕਰਯੋਗ ਹੈ ਕਿ ਹਰ ਸਾਲ ਸਮਾਗਮ ਲਈ ਸ਼ਹੀਦ ਪਾਸ਼ ਅਤੇ ਹੰਸਰਾਜ ਦੇ ਪ੍ਰਵਾਰਾਂ ਵੱਲੋਂ ਸਮਾਗਮ ਲਈ ਸਹਾਇਤਾ ਭੇਜੀ ਜਾਂਦੀ ਹੈ (ਕਿਉਂਕਿ ਦੋਵੇਂ ਪ੍ਰਵਾਰ ਵਿਦੇਸ਼ ਵਿਚ ਹਨ) ਅਤੇ ਸਮਾਗਮ ਲਈ ਲੰਗਰ ਵੀ ਪਰਿਵਾਰਾਂ ਵੱਲੋਂ ਹੀ ਲਾਇਆ ਜਾਂਦਾ ਹੈ।
ਇਸ ਵਾਰ ਸਮਾਗਮਚ ਜਿੱਥੇ ਖੇਤ ਮਜਦੂਰ, ਬਿਜਲੀ ਮੁਲਾਜ਼ਮ, ਅਧਿਆਪਕ ਅਤੇ ਤਰਕਸ਼ੀਲ ਸ਼ਾਮਲ ਹੋਏ ਉਥੇ ਕੁੱਲ ਸਾਢੇ ਸੱਤ ਸੌ ਦੇ ਇਕੱਠ ਦਾ ਇਕ ਸ਼ਾਨਦਾਰ ਪੱਖ ਇਹ ਵੀ ਸੀ ਕਿ ਇਸ ਵਿਚ ਔਰਤਾਂ ਦੀ ਗਿਣਤੀ ਵੀ ਅੱਧ ਦੇ ਬਰਾਬਰ ਹੀ ਸੀ।
ਇਸ ਵਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਟੀਮ ਵੱਲੋਂ ਪ੍ਰਸਿੱਧ ਨਾਟਕ ਬਿਗਾਨੇ ਬੋਹੜ ਦੀ ਛਾਂਅਤੇ ਆਪਣਾ ਆਪਣਾ ਹਿੱਸਾਨਾਟਕ ਪੇਸ਼ ਕੀਤੇ ਗਏ। ਛੋਟੇ ਬੱਚਿਆਂ ਅਤੇ ਨੌਜਵਾਨਾਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਬੁਲਾਰਿਆਂਚ ਕੌਮਾਂਤਰੀ ਪਾਸ਼ ਯਾਦਗਰੀ ਟਰੱਸਟ ਦੇ ਮੈਂਬਰ ਡਾ. ਪ੍ਰਮਿੰਦਰ ਸਿੰਘ, ਜਾਗੀਰ ਜੋਸਣ, ਸਥਾਨਕ ਯਾਦਗਾਰੀ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਜਹਾਂਗੀਰ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਹਰਮੇਸ਼ ਮਾਲੜੀ ਅਤੇ ਇੱਕ ਨੌਜਵਾਨ ਮਨਵੀਰ ਸਿੰਘ ਨੇ ਵੀ ਆਪਣੇ ਵਲਵਲੇ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਯਾਦਗਾਰੀ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਨੇ ਨਿਭਾਈ।

----------

ਅਠਾਰਵੀਂ ਬਰਸੀ

ਟਰੇਡ ਯੂਨੀਅਨ ਆਗੂ ਸਾਥੀ ਤਰਸੇਮ ਦੁਸਾਂਝ

ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ) ਦੀ ਸੂਬਾ ਕਮੇਟੀ ਵੱਲੋਂ ਆਪਣੀ ਯੂਨੀਅਨ ਦੇ ਬਾਨੀ ਤੇ ਇਨਕਲਾਬੀ ਟਰੇਡ ਯੂਨੀਅਨ ਲੀਹ ਦੇ ਝੰਡਾ ਬਰਦਾਰ ਸਾਥੀ ਤਰਸੇਮ ਦੋਸਾਂਝ ਦੀ 18ਵੀਂ ਬਰਸੀ ਤੇ 27 ਫਰਵਰੀ ਨੂੰ ਉਸ ਦੇ ਪਿੰਡ ਦੁਸਾਂਝ ਕਲਾਂ ਵਿਖੇ ਬਣੀ ਯਾਦਗਾਰ ਤੇ ਪਰਿਵਾਰ ਨਾਲ ਮਿਲ ਕੇ ਸੁਰਖ ਫਰੇਰਾ ਲਹਿਰਾਇਆ ਗਿਆ ਅਤੇ 4 ਮਾਰਚ ਨੂੰ ਲੁਧਿਆਣੇ ਡੀਪੂਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
 ਸਭ ਤੋਂ ਪਹਿਲਾਂ ਵਰਕਸ਼ਾਪ ਗੇਟ ਤੇ ਨਾਹਰਿਆਂ ਦੀ ਗੂੰਜ ਹੇਠ ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕਾਂ ਹਿਤਾਂ ਦੀ ਰਾਖੀ ਤੇ ਸੰਘਰਸ਼ ਦਾ ਪ੍ਰਤੀਕ ਲਾਲ ਝੰਡਾ ਲਹਿਰਾਇਆ ਗਿਆ। ਇਸ ਮੌਕੇ ਵੱਡੀ ਗਿਣਤੀਚ ਐਕਸ਼ਨ ਕਮੇਟੀ ਦੇ ਸਾਥੀਆਂ ਤੋਂ ਇਲਾਵਾ ਠੇਕੇ ਤੇ ਭਰਤੀ ਪਨਬਸ ਕਾਮੇ ਵੀ ਸ਼ਾਮਲ ਹੋਏ। ਸਮਾਗਮਚ ਵੱਖ ਵੱਖ ਡੀਪੂਆਂ ਚੋਂ 200 ਦੇ ਕਰੀਬ ਰੋਡਵੇਜ ਕਾਮੇ ਪਹੁੰਚੇ। ਦੋ ਮਿੰਟ ਖੜ੍ਹੇ ਹੋ ਕੇ ਸਾਥੀ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸੂਬਾਈ ਆਗੂਆਂ ਤੋਂ ਇਲਾਵਾ ਵੱਖ ਵੱਖ ਬਰਾਂਚਾਂ ਦੇ ਆਗੂਆਂ, ਬੀ.ਕੇ.ਯੂ.ਏਕਤਾ (ਉਗਰਾਹਾਂ) ਦੇ ਜਿਲ੍ਹਾ ਆਗੂ ਸੁਦਾਗਰ ਸਿੰਘ ਘੁਡਾਣੀ ਕਲਾਂ ਅਤੇ ਮੋਲਡਰ ਐਡ ਸਟੀਲ ਵਰਕਰ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਸੰਬੋਧਨ ਕੀਤਾ।

----------

ਸੇਵੇਵਾਲਾ ਕਾਂਡ

25 ਸਾਲਾਂ ਬਾਅਦ ਵੀ ਸ਼ਹਾਦਤਾਂ ਦੀ ਜਗਦੀ ਲੋਅ

ਸੇਵੇਵਾਲਾ ਕਾਂਡ ਦੇ 18 ਸ਼ਹੀਦਾਂ ਵਿੱਚੋਂ ਮੇਘਰਾਜ ਭਗਤੂਆਣਾ ਸਮੇਤ 6 ਸ਼ਹੀਦ ਪਿੰਡ ਭਗਤੂਆਣਾ ਨਾਲ ਸਬੰਧ ਰੱਖਦੇ ਸਨ। ਜਿਹਨਾਂ ਦੀ ਯਾਦਗਾਰ ਪਿੰਡ ਭਗਤੂਆਣਾ ਵਿੱਚ ਉਸਾਰੀ ਗਈ ਹੈ। ਇਸ ਯਾਦਗਾਰ ਤੇ ਹਰ ਸਾਲ 9 ਅਪ੍ਰੈਲ ਨੂੰ ਲਾਲ ਝੰਡਾ ਝੁਲਾ ਕੇ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਂਦਾ ਹੈ। ਇਸ ਦਿਨ ਸ਼ਹੀਦਾਂ ਦੇ ਹਮਰਾਹ ਬਿਨਾਂ ਕਿਸੇ ਵਿਸ਼ੇਸ਼ ਬੁਲਾਵੇ ਤੋਂ ਯਾਦਗਾਰ ਤੇ ਪੁੱਜਦੇ ਹਨ। ਇਸ ਵਾਰ ਵੀ ਲਗਭਗ ਡੇਢ ਸੌ ਮਰਦ ਔਰਤਾਂ ਨੇ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਝੰਡਾ ਝੁਲਾਉਣ ਮੌਕੇ ‘‘18 ਖੋਹ ਕੇ ਲਾ ਲਿਆ ਜ਼ੋਰ, 18 ਦੇ ਵਾਰਸ ਲੱਖਾਂ ਹੋਰ’’ ਦੇ ਨਾਅਰੇ ਗੂੰਜ ਉੱਠੇ। ਇਸ ਮੌਕੇ ਜੁੜੇ ਲੋਕਾਂ ਨੂੰ ਸ਼ਹੀਦ ਮੇਘਰਾਜ ਦੀ ਬੇਟੀ ਅਤੇ ਔਰਤ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਨੇ ਸੰਬੋਧਨ ਕਰਦਿਆਂ ਅਜੋਕੇ ਦੌਰਚ ਵੀ ਫਿਰਕਾਪ੍ਰਸਤੀ ਵਿਰੋਧ ਸੰਘਰਸ਼ ਦੀ ਲੋੜ ਤੇ ਜ਼ੋਰ ਦਿੱਤਾ। ਸੇਵੇਵਾਲਾ ਦੇ ਬਾਲ ਕਲਾਕਾਰਾਂ ਨੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਕਰਮਜੀਤ ਸੇਵੇਵਾਲਾ ਤੇ ਕੁਲਦੀਪ ਭਗਤੂਆਣਾ ਨੇ ਇਨਕਲਾਬੀ ਗੀਤ ਸੁਣਾਏ।

20) ਪਾਠਕ ਸੱਥ



ਪਾਠਕ ਸੱਥ

ਪਿਆਰੇ ਸੰਪਾਦਕ ਜਸਪਾਲ ਜੱਸੀ ਜੀ,
            ਮੈਂ ਜਫਰਨਾਮਾ ਤੋਂ ਲੈ ਕੇ ਜੈਕਰਾ, ਇਨਕਲਾਬੀ ਜਨਤਕ ਲੀਹ, ਸੁਰਖ ਰੇਖਾ ਅਤੇ ਹੁਣ ਸੁਰਖ ਲੀਹ ਪਿਛਲੇ ਕਈ ਦਹਾਕਿਆਂ ਤੋਂ ਪੜ੍ਹਦਾ ਆ ਰਿਹਾ ਹਾਂ। ਤੁਹਾਡੀ ਲੰਮੇ ਸਮੇਂ ਦੀ ਘਾਲਣਾ ਬਹੁਤ ਹੀ ਸਲਾਘਾਯੋਗ ਹੈ। ਪਰਚਾ ਲੋਕ ਘੋਲਾਂ ਦੀ ਅਗਵਾਈ ਕਰ ਰਹੇ ਆਗੂ ਕਾਰਕੁੰਨਾਂ ਦੀ ਸਮਝ ਨੂੰ ਸਾਣ ਤੇ ਲਾ ਕੇ ਹੋਰ ਪਕੇਰਾ ਕਰ ਰਿਹਾ ਹੈ। ਭਾਵੇਂ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਦਾ ਮਾਮਲਾ ਹੋਵੇ ਜਾਂ ਵੱਖ ਵੱਖ ਖੇਤਰਾਂ ਵਿਚ ਅੱਡ 2 ਤਬਕਿਆਂ ਨੂੰ ਆ ਰਹੀਆਂ ਚੁਣੌਤੀਆਂ ਅਤੇ ਉਹਨਾਂ ਖਿਲਾਫ ਆਵਾਜ ਉਠਾਉਣ ਦਾ ਮਾਮਲਾ ਹੋਵੇ ਜਾਂ ਸੰਸਾਰ ਵਪਾਰ ਜਥੇਬੰਦੀ ਦੀ ਨੈਰੋਬੀ ਕਾਨਫਰੰਸ ਦੀ ਰਿਪੋਰਟ ਰਾਹੀਂ ਵਿਸ਼ਾਲ ਕਿਸਾਨ ਜਨਤਾ ਨੂੰ ਸਿਖਿਅਤ ਕਰਨ ਅਤੇ ਹਾਕਮ ਜਮਾਤੀ ਹਮਲਿਆਂ ਤੋਂ ਚੌਕਸ ਕਰਨ ਦਾ ਮਾਮਲਾ ਹੋਵੇ ਪਰਚਾ ਇੱਕ ਵਧੀਆ ਤਰਕਪੂਰਨ ਸਮਝ ਦੇ ਰਿਹਾ ਹੈ। ਸਾਡੇ ਮੁਲਕ ਦੇ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਬਦਤਰ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਹੋਰ ਵਧੇਰੇ ਸੱਟਾਂ ਵੱਜਣ ਦੇ ਆਸਾਰ ਸਾਫ ਦਿਖਾਈ ਦੇ ਰਹੇ ਹਨ। ਖੁਦਕੁਸ਼ੀਆਂ ਦਾ ਵਰਤਾਰਾ ਦਿਨੋ-ਦਿਨ ਤੇਜ ਹੋ ਰਿਹਾ ਹੈ। ਨਾਲ ਹੀ ਖੇਤੀ ਨਾਲ ਸਬੰਧਤ ਛੋਟੇ ਉਦਯੋਗ ਵੱਡੀ ਵੱਧਰ ਤੇ ਬੰਦ ਹੋ ਗਏ ਹਨ ਜਾਂ ਹੋ ਰਹੇ ਹਨ। ਜਿਵੇਂ ਪਰਚੇ ਵਿਚ ਆਟਾ ਚੱਕੀਆਂ ਤੇ ਬਿਸਕੁਟ ਬਣਾਉਣ ਵਾਲੀਆਂ ਬੇਕਰੀਆਂ ਦੀ ਗੱਲ ਕੀਤੀ ਗਈ ਹੈ ਇਹ ਸਾਰੀਆਂ ਰਿਪੋਰਟਾਂ ਵਧੀਆ ਢੰਗ ਨਾਲ ਪੇਸ਼ ਕੀਤੀਆਂ ਹਨ। ਕਿਸਾਨ ਜਥੇਬੰਦੀ ਵਿਚ ਕੰਮ ਕਰਦੇ ਹੋਣ ਕਰਕੇ ਅਸੀਂ ਪਰਚੇ ਤੋਂ ਹੋਰ ਵੀ ਮੰਗ ਕਰਦੇ ਹਾਂ ਕਿ ਅੱਗੇ ਤੋਂ ਖੇਤੀ ਸਬੰਧੀ ਅਤੇ ਸਨਅਤੀ ਆਰਥਕ ਨੀਤੀਆਂ ਬਾਰੇ ਭਰਪੂਰ ਜਾਣਕਾਰੀ ਦਿੰਦੇ ਰਿਹਾ ਕਰੋ।            
ਬਸੰਤ ਸਿੰਘ ਕੋਠਾ ਗੁਰੂ
---
ਸੰਪਾਦਕ ਜੀ,
ਸੁਰਖ਼ ਲੀਹ ਛਪਣਚ ਲਗਾਤਾਰਤਾ ਬਣਾਈ ਰੱਖ ਰਿਹਾ ਹੈ ਇਹ ਗੱਲ ਬਹੁਤ ਵਧੀਆ ਹੈ। ਇਸਦੀ ਸੰਘਰਸ਼ਸ਼ੀਲ ਹਿੱਸਿਆਂ ਵਾਸਤੇ ਬਹੁਤ ਮਹੱਤਤਾ ਹੈ ਕਿਉਂਕਿ ਸੰਘਰਸ਼ ਦੇ ਪਿੜਚ ਜੂਝ ਰਹੇ ਕਿਸਾਨ ਤੇ ਖੇਤ-ਮਜ਼ਦੂਰ ਆਗੂਆਂ ਲਈ ਆਪਣੇ ਪ੍ਰਚਾਰ ਨੂੰ ਅਸਰਦਾਰ ਬਣਾਉਣ ਪੱਖੋਂ ਸਮੇਂ ਸਮੇਂ ਤੁਹਾਡੇ ਵੱਲੋਂ ਪ੍ਰਕਾਸ਼ਤ ਕੀਤੇ ਲੇਖ ਟਿੱਪਣੀਆਂ ਬਹੁਤ ਸਹਾਈ ਸਿੱਧ ਹੋ ਰਹੀਆਂ ਹਨ। ਹਾਕਮ ਜਮਾਤਾਂ ਵੱਲੋਂ ਅਖੌਤੀ ਆਰਥਕ ਸੁਧਾਰਾਂ ਦੇ ਹੱਲੇ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਰਾਹੀਂ ਤੇ ਹਿੰਦੂਤਵੀ ਤਾਕਤਾਂ ਵੱਲੋਂ ਫਾਸ਼ੀ ਕਾਰਵਾਈਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਰਾਹੀਂ ਮੁਲਕਚ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰ ਰਹੀਆਂ ਹਨ ਜੋ ਅੱਡ ਅੱਡ ਵਰਤਾਰਿਆਂ ਦਾ ਜ਼ਾਹਰਾ ਰੂਪ ਹਨ। ਉਹਨਾਂ ਵਰਤਾਰਿਆਂ ਨੂੰ ਸਮਝਣ ਤੇ ਇਸ ਚੋਂ ਨਿਕਲਦੇ ਕਾਰਜਾਂ ਨੂੰ ਸੰਘਰਸ਼ਸ਼ੀਲ ਤੇ ਜਮਹੂਰੀ ਹਿੱਸੇ ਕਿਵੇਂ ਮੁਖਾਤਬ ਹੋਣ ਇਸ ਪੱਖੋਂ ਵੀ ਪਰਚਾ ਆਵਦਾ ਰੋਲ ਲਗਾਤਾਰਤਾਚ ਦੇ ਰਿਹਾ ਹੈ ਤੇ ਵਧਾਈ ਦਾ ਹੱਕਦਾਰ ਹੈ। ਜਨਵਰੀ ਫਰਵਰੀ ਅੰਕ‘‘ਧਰਮ ਨਿਰਪੱਖਤਾ ਦੇ ਸਹੀ ਸੰਕਲਪ ਬਾਰੇ’’ ਤੇ ‘‘ਸਿੱਖਾਂ ਨਾਲ ਧੱਕੇ ਵਿਤਕਰੇ ਦਾ ਸਵਾਲ’’ ਬਾਰੇ ਛਪੀਆਂ ਲਿਖਤਾਂ ਚੰਗੀਆਂ ਲੱਗੀਆਂ ਹਨ। ਕਿਉਂਕਿ ਮੁੜ-ਉੱਭਰੇ ਵਰਤਾਰੇ ਨੂੰ ਨਵੇਂ ਸੰਦਰਭਚ ਸੰਬੋਧਤ ਹੋਣ ਪੱਖੋਂ ਦੋਹਾਂ ਦੀ ਹੀ ਮਹੱਤਤਾ ਤੇ ਲੋੜ ਸੀ। ਆਮ ਆਦਮੀ ਪਾਰਟੀ ਬਾਰੇ ਲਿਖਤ ਕਾਫ਼ੀ ਚਿਰ ਤੋਂ ਉਡੀਕੀ ਜਾ ਰਹੀ ਸੀ। ਚਾਹੇ ਇਸ ਦੇ ਰੰਗ ਨੇ ਸਮੇਂ ਦੇ ਇੱਕ ਗੇੜ ਤੋਂ ਬਾਅਦ ਹੀ ਉੱਘੜਨਾ ਸ਼ੁਰੂ ਹੋਣਾ ਸੀ। ਪਰ ਲੋਕਾਂਚ ਇਸਦੀ ਚਰਚਾ ਹੋਣ ਕਰਕੇ ਇਸ ਤੇ ਬੋਲਣ ਦੀ ਲੋੜ ਬਣੀ ਹੋਈ ਸੀ। ਜੋ ਇਸ ਲਿਖ਼ਤ ਨੇ ਪੂਰੀ ਕੀਤੀ। ਦੋ ਤਿੰਨ ਪਾਠਕਾਂ ਨੇ ਵੀ ਇਹ ਗੱਲ ਸਾਂਝੀ ਕੀਤੀ ਕਿ ਆਮ ਆਦਮੀ ਪਾਰਟੀ ਬਾਰੇ ਲਿਖਤ ਦੀ ਲੋੜ ਲੱਗਦੀ ਸੀ।
ਮਾਰਚ ਅਪ੍ਰੈਲ ਅੰਕਚ ਜਾਟ ਅੰਦੋਲਨ ਬਾਰੇ ਲਿਖਤ ਵੋਟ ਸਿਆਸਤਦਾਨਾਂ ਦੇ ਕੁਰਸੀ ਹਿਤਾਂ ਨੂੰ ਚੰਗੀ ਤਰ੍ਹਾਂ ਉਜਾਗਰ ਕਰਦੀ ਹੈ। ਲੋਕਾਂ ਤੇ ਐਨਾ ਕਹਿਰ ਵਾਪਰਿਆ ਹੋਵੇ, ਰਾਹਗੀਰ ਔਰਤਾਂ ਦੀਆਂ ਸ਼ਰ੍ਹੇਆਮ ਇੱਜ਼ਤਾਂ ਲੁੱਟੀਆਂ ਗਈਆਂ ਹੋਣ ਤੇ ਜਮਹੂਰੀ ਲੋਕ ਹਿੱਸਿਆਂ ਵੱਲੋਂ ਇਹਦੇ ਵਿਰੋਧਚ ਕੋਈ ਪ੍ਰਤੀਕਰਮ ਨਾ ਹੋਣਾ ਬਹੁਤ ਰੜਕਿਆ ਹੈ। ਦਿੱਲੀ ਬਲਾਤਕਾਰ ਕਾਂਡ ਮੌਕੇ ਤਿੱਖੇ ਲੋਕ ਪ੍ਰਤੀਕਰਮ ਨੇ ਹੀ ਮੁਜਰਮਾਂ ਨੂੰ ਸਜ਼ਾਵਾਂ ਦੁਆਈਆਂ ਸਨ। ਪਰ ਇਸ ਮਾਮਲੇਚ ਅਜਿਹਾ ਨਾ ਹੋਣ ਕਰਕੇ ਹੀ ਦੋਸ਼ੀ ਬਚ ਨਿਕਲੇ ਹਨ। ਏਸੇ ਤਰ੍ਹਾਂ ਸੋਨੀ ਸੋਰੀ ਤੇ ਹੋਏ ਹਮਲੇ ਮੌਕੇ ਵੀ ਜਮਹੂਰੀ ਲੋਕ ਹਿੱਸਿਆਂ ਵੱਲੋਂ ਕੋਈ ਉੱਭਰਵਾਂ ਵਿਰੋਧ ਨਾ ਹੋਣਾ ਉਹਨਾਂ ਹਿੱਸਿਆਂ ਸਾਹਮਣੇ ਤਿੱਖੇ ਸਵਾਲ ਖੜ੍ਹਾ ਕਰਦਾ ਹੈ।
ਹੈਦਰਾਬਾਦ ਯੂਨੀਵਰਸਿਟੀ ਦੀਆਂ ਘਟਨਾਵਾਂ ਬਾਰੇ ਲਿਖਤ ਕਮਿਊਨਿਸਟ ਇਨਕਲਾਬੀ ਤੇ ਹੋਰਨਾਂ ਲੋਕ ਪੱਖੀ ਤਾਕਤਾਂ ਲਈ ਲੋੜ ਉਭਾਰਦੀ ਹੈ ਕਿ ਤੰਗ ਨਜ਼ਰ ਜਾਤੀਵਾਦੀ ਚੇਤਨਾ ਤੇ ਸਿਆਸਤ ਤੋਂ ਉੱਤੇ ਉੱਠ ਕੇ ਜਮਹੂਰੀ ਇਨਕਲਾਬੀ ਚੇਤਨਾ ਤੇ ਸਿਆਸਤ ਦੇ ਲੜ ਲੱਗਣਚ ਦਲਿਤ ਭਾਈਚਾਰੇ ਦੇ ਆਗੂਆਂ ਦੀ ਸਹਾਇਤਾ ਕੀਤੀ ਜਾਵੇ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਤੰਗ ਜਾਤੀਵਾਦੀ ਸਿਆਸਤ ਤੋਂ ਉੱਤੇ ਉੱਠ ਕੇ ਦਲਿਤ ਭਾਈਚਾਰੇ, ਮੁਸਲਮ ਧਾਰਮਕ ਘੱਟ ਗਿਣਤੀ ਤੇ ਸਵੈ-ਨਿਰਣੇ ਦੇ ਹੱਕ ਖਾਤਰ ਲੜ ਰਹੇ ਕਸ਼ਮੀਰੀ ਲੋਕਾਂ ਵਿਚਕਾਰ ਸਾਂਝਾ ਮੋਰਚਾ ਬਣਾਉਣ ਦੀ ਦਿਸ਼ਾਚ ਇੱਕ ਕਦਮ ਵਧਾਰਾ ਹੈ।
‘‘ਹਿੰਦੂਤਵੀ ਹੱਲੇ ਦਾ ਮੌਜੂਦਾ ਵਰਤਾਰਾ ਤੇ ਭਾਜਪਾ ਲਈ ਅੜਿੱਕੇ’’ ਲਿਖਤ ਨੇ ਇਸ ਵਰਤਾਰੇ ਨੂੰ ਸਮਝਣਚ ਕਾਫ਼ੀ ਸਹਾਇਤਾ ਕੀਤੀ। ਮੇਰੇ ਨਾਲ ਇੱਕ ਪਾਠਕ ਨੇ ਗੱਲ ਸਾਂਝੀ ਕੀਤੀ ਕਿ ਪਹਿਲਾਂ ਇਹ ਵਰਤਾਰਾ ਹਊਆ ਜਿਹਾ ਲੱਗਦਾ ਸੀ ਪਰ ਹੁਣ ਲਿਖਤ ਪੜ੍ਹ ਕੇ ਗੱਲ ਬਹੁਤ ਸਾਫ਼ ਹੋਈ ਹੈ। ਇਹ ਢੁਕਵੇਂ ਸਮੇਂ ਤੇ ਐਨ ਢੁਕਵੀਆਂ ਲਿਖਤਾਂ ਹਨ।            
ਕਰਮਜੀਤ
---
ਸਤਿਕਾਰਯੋਗ ਸੰਪਾਦਕੀ ਬੋਰਡ ਦੇ ਸਾਥੀਓ,
ਸੁਰਖ਼ ਰੇਖਾ ਦਾ ਜਨਵਰੀ ਫਰਵਰੀ ਅੰਕ ਪੜ੍ਹਿਆ, ਵਧੀਆ ਲੱਗਿਆ ਤੇ ਸਮਝ ਦਾ ਪੱਧਰ ਵਧਿਆ। ਆਮ ਆਦਮੀ ਪਾਰਟੀ ਬਾਰੇ ਛਪੇ ਲੇਖ ਨਾਲ ਉਸ ਬਾਰੇ ਹੋਰ ਵੱਧ ਸਪੱਸ਼ਟਤਾ ਹਾਸਲ ਹੋਈ। ਜਿਵੇਂ ਸੀ. ਪੀ. ਆਈ. ਦੀ ਉਦਾਹਰਨ ਦੇ ਕੇ ਬਾਕਾਇਦਾ ਗੱਲ ਕੀਤੀ ਗਈ ਹੈ ਕਿ ਉਹ ਜ਼ਮੀਨਾਂ ਦਾ ਪਰੋਗਰਾਮ ਲੈ ਕੇ ਆਈ ਸੀ, ਪਰ ਕਿੱਥੇ ਪਹੁੰਚ ਗਈ! ਆਮ ਆਦਮੀ ਪਾਰਟੀ ਕੋਲ਼ ਤਾਂ ਅਜਿਹਾ ਕੋਈ ਪ੍ਰੋਗਰਾਮ ਵੀ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਬਾਰੇ ਬੋਲਣਚ ਕੋਈ ਦਿੱਕਤ ਨਹੀਂ।
ਨੈਰੋਬੀ ਕਾਨਫਰੰਸ ਬਾਰੇ ਲੇਖ ਪੜ੍ਹ ਕੇ ਇਹ ਗੱਲ ਸਾਫ਼ ਹੋਈ ਕਿ ਸਾਮਰਾਜੀ ਮੁਲਕ ਗਰੀਬ ਮੁਲਕਾਂ ਨੂੰ ਕਿਵੇਂ ਲੁੱਟਦੇ ਹਨ ਤੇ ਸਾਡੇ ਮੁਲਕਾਂ ਸਿਰ ਸ਼ਰਤਾਂ ਕਿਵੇਂ ਮੜ੍ਹਦੇ ਹਨ। ਧਰਮ ਨਿਰਪੱਖਤਾ ਦੇ ਸਹੀ ਸੰਕਲਪ ਬਾਰੇ ਲੇਖ ਪੜ੍ਹ ਕੇ ਗੱਲਾਂ ਬਹੁਤ ਸਾਫ਼ ਹੋਈਆਂ। ਇਹ ਲੇਖ ਪੜ੍ਹ ਕੇ ਲੋਕਾਂਚ ਧਰਮ ਨਿਰਪੱਖਤਾ ਬਾਰੇ ਗੱਲ ਕਰਨ ਲਈ ਵੱਧ ਸਪੱਸ਼ਟਤਾ ਹਾਸਲ ਹੋਈ।
ਸੁਰਖ਼ ਲੀਹਚ ਛਪਦੇ ਲੇਖਾਂ ਨਾਲ ਜਨਤਕ ਬੁਲਾਰਿਆਂ ਦੇ ਬੋਲਣ ਦਾ ਸਿਆਸੀ ਪੱਧਰ ਵੀ ਵਧਦਾ ਹੈ। ਅਸੀਂ ਸੁਰਖ਼ ਲੀਹ ਤੋਂ ਆਸ ਕਰਦੇ ਹਾਂ ਕਿ ਇਨਕਲਾਬੀ ਬਦਲ ਹੋਰ ਠੋਸ ਰੂਪਚ ਉਭਾਰਨ ਲਈ ਸਾਡੀ ਸਹਾਇਤਾ ਕੀਤੀ ਜਾਵੇ। ਖਾਸ ਕਰਕੇ ਜ਼ਮੀਨ ਦੀ ਵੰਡ ਬਾਰੇ ਵਿਸਥਾਰਪੂਰਬਕ ਜਾਣਕਾਰੀ ਦੀ ਲੋੜ ਲੱਗਦੀ ਹੈ। ਆਸ ਕਰਦੇ ਹਾਂ ਕਿ ਸੁਰਖ਼ ਲੀਹ ਪਾਠਕਾਂ ਦੀ ਇਸ ਲੋੜ ਨੂੰ ਪੂਰਾ ਕਰਦਾ ਰਹੇਗਾ।                
ਹਰਿੰਦਰ ਕੌਰ ਬਿੰਦੂ
---
ਦਰਿਆਈ ਪਾਣੀਆਂ ਦੇ ਮਸਲੇ ਨੂੰ ਪੈਂਫਲਿਟ ਵਿਚ ਜਿਵੇਂ ਵੱਖ ਵੱਖ ਪੱਖਾਂ ਤੋਂ ਬਰੀਕੀਚ ਬਿਆਨ ਕੀਤਾ ਗਿਆ ਹੈ, ਇਹ ਇਸ ਮਸਲੇ ਬਾਰੇ ਭਰਵੀਂ ਸਮਝ ਬਣਾਉਣ ਪੱਖੋਂ ਬਹੁਤ ਫਾਇਦੇਮੰਦ ਹੈ। ਇਸ ਮਸਲੇ ਦੇ ਹਾਕਮਾਂ ਦੀਆਂ ਵੋਟ ਜਰੂਰਤਾਂ ਨਾਲ ਸਬੰਧ, ਇਸ ਦੇ ਨਿਆਂਈਂ ਨਿਪਟਾਰੇਚ ਹਾਕਮ ਜਮਾਤੀ ਲੋਕ-ਵਿਰੋਧੀ ਪੈਂਤੜਾ ਅਤੇ ਪਾਣੀ ਦੀ ਸਮੱਸਿਆ ਦੇ ਹਰੇ ਇਨਕਲਾਬ ਨਾਲ ਸਬੰਧਾਂ ਅਤੇ ਐਸ.ਵਾਈ. ਐਲ ਦੇ ਮੁੱਦੇ ਤੇ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਪਾਰਟੀਆਂ ਦੇ ਲੋਕ-ਵਿਰੋਧੀ ਰੋਲ ਬਾਰੇ ਕੀਤੀ ਵਿਆਖਿਆ ਘੋਰ ਆਰਥਕ ਸੰਕਟ ਦੀ ਮਾਰ ਹੇਠ ਆਈ ਹੋਈ ਕਿਸਾਨੀ ਨੂੰ ਹਾਕਮ ਜਮਾਤਾਂ ਦੀਆਂ ਅਜਿਹੀਆਂ ਸਾਜਸ਼ੀ ਚਾਲਾਂ ਬਾਰੇ ਜਾਣਕਾਰੀ ਦੇਣ ਪੱਖੋਂ ਬਹੁਤ ਫਾਇਦੇਮੰਦ ਹੈ। ਪਾਣੀ ਦੇ ਮਸਲੇ ਤੇ ਨੇੜੇ ਆ ਰਹੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਮੌਜੂਦਾ ਭਖੀ ਹੋਈ ਚਰਚਾ ਦੀ ਹਾਲਤਚ ਅਜਿਹੇ ਪੈਂਫਲਿਟ ਦੀ ਤਿੱਖੀ ਲੋੜ ਸੀ ਜੋ ਇਸ ਨਾਲ ਪੂਰੀ ਹੋਈ ਹੈ।                              
ਸ਼ਿੰਗਾਰਾ ਸਿੰਘ ਮਾਨ
---
ਕੁੱਝ ਚਿਰ ਹੋਇਆ ਮੈਨੂੰ ਪਤਾ ਲੱਗਿਆ ਕਿ ਸੁਰਖ ਰੇਖਾ ਪਰਿਵਾਰਚ ਤਰੇੜ ਆ ਗਈ। ਮੈਨੂੰ ਬੜਾ ਦੁੱਖ ਹੋਇਆ। ਮੈਂ ‘‘ਸ਼ਹੀਦ’’ ਪਰਚੇ ਤੋਂ ਲੈ ਕੇ ਲਗਾਤਾਰ ਪਰਚੇ ਦਾ ਪਾਠਕ ਰਿਹਾ ਹਾਂ। ਪਿੰਡਚ ਬਹੁਤ ਪਰਚੇ ਲਗਦੇ ਰਹੇ ਨੇ। ਹੁਣ ਸਿਹਤ ਸਾਥ ਨਹੀਂ ਦਿੰਦੀ। ਕੁੱਝ ਦਿਨ ਹੋਏ ਮੈਨੂੰ ਪਿੰਡ ਦੇ ਇੱਕ ਸਾਥੀ ਨੇ ਸੁਰਖ ਲੀਹ ਦਾ ਜਨਵਰੀ ਫਰਵਰੀ ਅੰਕ ਪੜ੍ਹਨ ਨੂੰ ਦਿੱਤਾ। ਪਰਚਾ ਦੇਖ ਕੇ ਅਤੇ ਪੜ੍ਹ ਕੇ ਮੈਂ ਬਹੁਤ ਖੁਸ਼ ਹੋਇਆ। ਇਸ ਵਿਚਲੀ ਸਮੱਗਰੀ ਮੈਨੂੰ ਬਹੁਤ ਪਸੰਦ ਆਈ। ਤੁਸੀਂ ਮੈਨੂੰ ਸੁਰਖ ਲੀਹ ਦੀਆਂ ਮੁੱਢ ਤੋਂ ਲੈ ਕੇ ਸਾਰੇ ਅੰਕਾਂ ਦੀ ਇੱਕ ਇੱਕ ਕਾਪੀ ਭੇਜਣ ਦੀ ਕੋਸ਼ਿਸ਼ ਕਰੋ। ਤੁਹਾਡੀ ਬੜੀ ਮਿਹਰਬਾਨੀ ਹੋਵੇਗੀ।     
ਨਿਰਮਲ ਕੰਗਣਵਾਲ
---
ਜਸਪਾਲ ਸਿੰਘ ਜੀ,
ਮੈਨੂੰ ਚੰਡੀਗੜ੍ਹ ਰਹਿੰਦੇ ਇੱਕ ਜਾਣਕਾਰ ਸੱਜਣ ਨੇ ਪੰਜਾਬ ਬੁੱਕ ਸੈਂਟਰ ਤੋਂ ਲੈ ਕੇ ਮੈਨੂੰ ਸੁਰਖ ਲੀਹ ਪਰਚੇ ਦਾ ਜਨਵਰੀ ਫਰਵਰੀ ਅੰਕ ਭੇਜਿਆ। ਪੰਜਾਬ ਤੋਂ ਦੂਰ ਬੈਠੇ ਹੋਣ ਕਰਕੇ ਪੰਜਾਬੀ ਦਾ ਪਰਚਾ ਦੇਖ ਕੇ ਮੈਨੂੰ ਚਾਅ ਚੜ੍ਹ ਗਿਆ। ਪਰਚਾ ਪੜ੍ਹ ਕੇ ਬਹੁਤ ਖੁਸ਼ੀ ਹੋਈ ਇਸ ਵਿਚ ਛਪੀਆਂ ਵੱਖ ਵੱਖ ਲਿਖਤਾਂ ਮਨ ਨੂੰ ਬਹੁਤ ਤਸੱਲੀ ਦੇਣ ਵਾਲੀਆਂ ਹਨ।  ਮੈਨੂੰ ਦੱਸੋ ਕਿ ਤੁਸੀਂ ਇਹੋ ਜਿਹਾ ਪਰਚਾ ਕਿੰਨੇ ਕੁ ਚਿਰ ਤੋਂ ਛਾਪ ਰਹੇ ਹੋ। ਮੈਂ ਇਸ ਦੀਆਂ ਪਿਛਲੀਆਂ ਕਾਪੀਆਂ ਲੈਣਾ ਚਾਹੁੰਦਾ ਹਾਂ ਇਹਨਾਂ ਦੀ ਜੋ ਵੀ ਕੀਮਤ ਹੋਈ ਮੈਂ ਭੇਜ ਦਿਆਂਗਾ।      
ਜਸਮੀਤ ਸਿੰਘ ਭੁਪਾਲ (MP)

21) ਪਾਠਕਾਂ ਨੂੰ ਅਪੀਲ:



ਸਾਨੂੰ ਤੁਹਾਡੇ ਸਰਗਰਮ ਸਹਿਯੋਗ ਦੀ ਜ਼ਰੂਰਤ ਹੈ

ਪਾਠਕ ਸਾਥੀਓ,
            ਪਹਿਲਾਂ ਸੁਰਖ ਰੇਖਾ ਅਤੇ ਹੁਣ ਸੁਰਖ ਲੀਹ ਪਿਛਲੇ ਲੰਮੇ ਸਮੇਂ ਤੋਂ ਇਨਕਲਾਬੀ ਵਿਚਾਰਾਂ, ਵਿਸ਼ਲੇਸ਼ਣਾਤਮਕ ਲਿਖਤਾਂ ਤੇ ਟਿੱਪਣੀਆਂ ਅਤੇ ਸੰਘਰਸ਼ ਸਰਗਰਮੀਆਂ ਦੀਆਂ ਰਿਪੋਰਟਾਂ ਦੀ ਮਹੱਤਵਪੂਰਨ ਅਤੇ ਅਮੀਰ ਸਮੱਗਰੀ ਲੈ ਕੇ ਲਗਾਤਾਰ ਤੁਹਾਡੇ ਪਰਿਵਾਰਾਂਚ ਦਸਤਕ ਦਿੰਦਾ ਆ ਰਿਹਾ ਹੈ। ਤੁਹਾਡੇ ਵੱਲੋਂ ਲਗਾਤਾਰ ਪਰਚੇ ਦੇ ਪਾਠਕ ਬਣੇ ਰਹਿਣ ਚੋਂ ਇਹੀ ਦਿਖਾਈ ਦਿੰਦਾ ਹੈ ਕਿ ਪਰਚੇ ਦੀ ਸਮਝ ਅਤੇ ਇਸ ਵਿਚਲੀ ਸਮੱਗਰੀ ਤੁਹਾਡੀ ਸੋਚ, ਵਿਚਾਰਾਂ ਅਤੇ ਸਰਗਰਮੀਆਂ ਜਾਂ ਕੰਮਾਂ ਕਾਰਾਂ ਨੂੰ ਸੇਧ ਦੇਣ ਪੱਖੋਂ ਸਹਾਈ ਹੁੰਦੀ ਹੋਵੇਗੀ। ਤਾਂ ਵੀ ਪਰਚੇ ਪ੍ਰਤੀ ਸਰੋਕਾਰ ਇਸ ਦੇ ਸਰਗਰਮ ਸਹਿਯੋਗ ਨੂੰ ਵਧਾਉਣ ਪੱਖੋਂ ਅਸੀਂ ਕੁੱਝ ਗੱਲਾਂ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੰਦੇ ਹਾਂ।
            ਪਰਚੇ ਨੂੰ ਚਿੱਠੀਆਂ ਇਸ ਸਹਿਯੋਗ ਦਾ  ਇਕ ਮਹੱਤਵਪੂਰਨ ਸਾਧਨ ਹਨ, ਜਿਨ੍ਹਾਂ ਵਿਚ ਇਸ ਅੰਦਰਲੀਆਂ ਵੱਖ ਵੱਖ ਲਿਖਤਾਂ ਬਾਰੇ ਤੁਹਾਡੇ ਪ੍ਰਤੀਕਰਮਾਂ ਦੇ ਨਾਲ ਨਾਲ ਪਰਚੇ ਦੇ ਮੂੰਹ ਮੁਹਾਂਦਰੇਚ ਬਿਹਤਰੀ ਲਿਆਉਣ ਪੱਖੋਂ ਤੁਹਾਡੇ ਸੁਝਾਅ ਅਤੇ ਆਪਣੀਆਂ ਸੰਘਰਸ਼ਮਈ ਸਰਗਰਮੀਆਂਚ ਇਸ ਵਿਚਲੀ ਸਮੱਗਰੀ ਦੀ ਵਰਤੋਂ ਦਾ ਤੁਹਾਡਾ ਠੋਸ ਤਜ਼ਰਬਾ ਅਤੇ ਪੈਦਾ ਹੋਏ ਕਿਸੇ ਹੋਰ ਨਵੇਂ ਪੱਖਾਂ ਨੂੰ ਸਮੋਂਦੀਆਂ ਲਿਖਤਾਂ ਦੀ ਉਭਰੀ ਲੋੜ ਆਦਿ ਸ਼ਾਮਲ ਹੋਣ। ਪਿਛਲੇ ਦਿਨਾਂਚ ਪ੍ਰਾਪਤ ਹੋਈਆਂ ਕੁੱਝ ਪਾਠਕਾਂ ਦੀਆਂ ਚਿੱਠੀਆਂ ਜਿਹੜੀਆਂ ਇਸ ਅੰਕ ਵਿਚ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਗੰਭੀਰ ਪਾਠਕ ਹੋਣ ਦੀ ਗਵਾਹੀ ਭਰਦੀਆਂ ਹਨ। ਇਹਨਾਂ ਚਿੱਠੀਆਂ ਨੇ ਸਾਨੂੰ ਕਾਫੀ ਉਤਸ਼ਾਹ ਦਿੱਤਾ ਹੈ। ਸਾਡੀ ਹਮੇਸ਼ਾ ਇਹ ਜਾਨਣ ਦੀ ਇੱਛਾ ਰਹਿੰਦੀ ਹੈ ਕਿ ਇਸ ਵਿਚਲੀ ਸਮੱਗਰੀ ਪਾਠਕ ਘੇਰੇ ਦੀਆਂ ਵੱਖ ਵੱਖ ਪਰਤਾਂਚ ਕਿੰਨੀ ਕੁ ਸਾਰਥਕ ਨਿੱਬੜ ਰਹੀ ਹੈ। ਪਰਚੇ ਦੇ ਅਜਿਹੇ ਗੰਭੀਰ ਪਾਠਕਾਂ ਨੂੰ ਅਸੀਂ ਇਹ ਵੀ ਯਾਦ ਕਰਾਉਣਾ ਚਹੁੰਦੇ ਹਾਂ ਕਿ ਨਵੇਂ  ਪਾਠਕ ਬਣਾਉਣ ਦੀ ਮਹੱਤਵਪੂਰਨ ਜਿੰਮੇਵਾਰੀ ਨੂੰ ਵੀ ਸੰਭਵ ਹੱਦ ਤੱਕ ਉਹ ਆਪਣੇ ਮੋਢਿਆਂ ਤੇ ਚੁੱਕਣ। ਪਰਚੇ ਨੂੰ ਸਹਿਯੋਗ ਦੇਣ ਦਾ ਇਹ ਇੱਕ ਹੋਰ ਸਾਧਨ ਹੋਵੇਗਾ।
            ਸੁਰਖ ਲੀਹ ਦੇ ਦੋ ਗੰਭੀਰ ਪਾਠਕਾਂ ਨਾਲ ਪਿਛਲੇ ਦਿਨੀਂ ਜਦ ਪਰਚੇ ਨਾਲ ਪੱਤਰ-ਵਿਹਾਰ ਕਰਨ ਬਾਰੇ ਚਰਚਾ ਛਿੜੀ ਤਾਂ ਉਹਨਾਂ ਨੇ ਪਾਣੀਆਂ ਬਾਰੇ ਪੈਂਫਲਿਟ ਦੀ ਭਰਪੂਰ ਸਲਾਹੁਤਾ ਕਰਦੇ ਹੋਏ ਕਿਹਾ ਕਿ ਪਰਚਾ ਪੜ੍ਹਦੇ ਵਕਤ ਕਈ ਕੁੱਝ ਦਿਮਾਗ ਵਿਚ ਆਉਂਦਾ ਹੈ ਪਰ ਛੇਤੀ ਹੀ ਭੁੱਲ ਜਾਈਦਾ ਹੈ। ਉਹ ਇਸ ਨੂੰ ਉਮਰ ਦੇ ਤਕਾਜ਼ੇ ਨਾਲ ਸਬੰਧਤ ਪੈਦਾ ਹੋਏ ਕਿਸੇ ਨਵੇਂ ਲੱਛਣ ਵਜੋਂ ਲੈ ਰਹੇ ਸਨ। ਕੁੱਝ ਚਿਰ ਦੀ ਚਰਚਾ ਤੋਂ ਬਾਅਦ ਗੱਲ ਇੱਥੇ ਆ ਨਿੱਬੜੀ ਕਿ ਪਰਚੇ ਪ੍ਰਤੀ ਸਰੋਕਾਰ ਵਧਾਉਣ ਦੀ ਲੋੜ ਹੈ। ਪਰਚੇ ਦੇ ਇਨਕਲਾਬੀ ਮਿਸ਼ਨ ਨਾਲ ਆਪਣੇ ਆਪ ਨੂੰ ਜੋੜਦੇ ਹੋਏ ਇਸ ਨੂੰ ਪੜ੍ਹਨ ਵਾਚਣ ਦੇ ਨਾਲ ਨਾਲ ਇਸ ਵਿਚ ਯੋਗਦਾਨ ਪਾਉਣ ਲਈ ਆਪੋ-ਆਪਣੇ ਪੱਧਰ ਤੇ ਆਪਣੀ ਕੋਈ ਥਾਂ ਬਣਾਉਣ ਦੀ ਲੋੜ ਹੈ।
            ਅੰਤ , ਪਰਚੇ ਨੂੰ ਸਹਿਯੋਗ ਦੇਣ ਦਾ ਇਕ ਮੁੱਢਲਾ ਪਰ ਮਹੱਤਵਪੂਰਨ ਸਾਧਨ, ਜੋ ਇਸ ਦੀ ਲਗਾਤਾਰਤਾ ਬਣਾਈ ਰੱਖਣ ਲਈ ਅਤਿਅੰਤ ਜਰੂਰੀ ਹੈ, ਉਹ ਹੈ ਕਿ ਪਾਠਕ ਆਪਣੀ ਖੁਦ ਦੀ ਜੁੰਮੇਵਾਰੀ ਸਮਝਦੇ ਹੋਏ ਬਕਾਇਦਾ ਰੂਪਚ ਇਸ ਦੇ ਸਾਲਾਨਾ ਚੰਦੇ ਭੇਜਦੇ ਰਹਿਣ ਅਤੇ ਇਸ ਤੋਂ ਇਲਾਵਾ ਗਾਹੇ-ਬ-ਗਾਹੇ ਇਸ ਦੀ ਮਾਇਕ ਸਹਾਇਤਾ ਬਾਰੇ ਵੀ ਕਦਮ ਉਠਾਉਣ। ਪਰਚੇ ਦੇ ਗੰਭੀਰ ਪਾਠਕਾਂ ਨੂੰ ਇਸ ਬਾਰੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਖਾਸ ਕਰਕੇ ਵਿਦੇਸ਼ ਰਹਿੰਦੇ ਪਾਠਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਚੰਦੇ ਨਵਿਆਉਣ ਵੱਲ ਲਾਜਮੀ ਧਿਆਨ ਦੇਣ। ਪਰਚੇ ਨੂੰ ਮਾਇਕ ਸਹਾਇਤਾ ਦੇਣ ਪੱਖੋਂ ਵੀ ਵਿਦੇਸ਼ ਰਹਿੰਦੇ ਪਾਠਕ ਮੁਕਾਬਲਤਨ ਵਧੇਰੇ ਯੋਗਦਾਨ ਪਾ ਸਕਦੇ ਹਨ। ਇੱਕ ਪਾਸੇ ਭਾਰਤ ਅੰਦਰ ਡਾਕ ਖਰਚਿਆਂਚ ਕੀਤਾ ਜਾ ਰਿਹਾ ਵਾਧਾ ਅਤੇ ਦੂਜੇ ਪਾਸੇ ਗਰੀਬ ਤੇ ਮਿਹਨਤਕਸ਼ ਕਿਸਾਨਾਂ ਮਜਦੂਰਾਂ ਦੇ ਹੱਥਾਂਚ ਪਰਚਾ ਪਹੁੰਚਦਾ ਕਰਨ ਦੇ ਇਸ ਦੇ ਮਨੋਰਥ  ਕਰਕੇ ਪਰਚੇ ਦੀ ਕੀਮਤ ਨੀਵੀਂ ਰੱਖਣ ਦੀ ਲੋੜ ਦੀਆਂ ਹਾਲਤਾਂਚ ਮਾਇਕ ਸਹਾਇਤਾ ਦਾ ਮਹੱਤਵਪੂਰਨ ਸਥਾਨ ਬਣ ਜਾਂਦਾ ਹੈ। ਅਜਿਹੀ ਹਾਲਤਚ ਅਸੀਂ ਪਰਚੇ ਦੇ ਵਿਦੇਸ਼ੀ ਚੰਦਿਆਂ ਦੀ ਰਾਸ਼ੀ ਵਧਾਉਣ ਲਈ ਮਜਬੂਰ ਹੋ ਰਹੇ ਹਾਂ। ਨਵੀਂ ਰਾਸ਼ੀ ਇਸ ਅੰਕ ਵਿਚ ਦਰਜ ਹੋਵੇਗੀ।
            ਆਸ ਹੈ ਪਾਠਕ ਸਾਡੀ ਇਸ ਅਪੀਲ ਵੱਲ ਗਹੁ ਕਰਨਗੇ ਅਤੇ ਇਸ ਤੇ ਸੋਚ ਵਿਚਾਰ ਕਰਦੇ ਹੋਏ ਆਪੋ-ਆਪਣੇ ਪੱਧਰ ਤੇ ਢੁੱਕਵੇਂ ਕਦਮ ਚੁੱਕਣ ਵੱਲ ਵਧਣਗੇ।
            ਭਰਪੂਰ ਹੁੰਗਾਰੇ ਦੀ ਆਸ ਨਾਲ
            ਅਦਾਰਾ ਸੁਰਖ ਲੀਹ।