ਪਾਠਕ ਸੱਥ
ਪਿਆਰੇ ਸੰਪਾਦਕ ਜਸਪਾਲ ਜੱਸੀ ਜੀ,
ਮੈਂ ਜਫਰਨਾਮਾ ਤੋਂ
ਲੈ ਕੇ ਜੈਕਰਾ, ਇਨਕਲਾਬੀ ਜਨਤਕ ਲੀਹ, ਸੁਰਖ ਰੇਖਾ ਅਤੇ
ਹੁਣ ਸੁਰਖ ਲੀਹ ਪਿਛਲੇ ਕਈ ਦਹਾਕਿਆਂ ਤੋਂ ਪੜ੍ਹਦਾ ਆ ਰਿਹਾ ਹਾਂ। ਤੁਹਾਡੀ ਲੰਮੇ ਸਮੇਂ ਦੀ ਘਾਲਣਾ
ਬਹੁਤ ਹੀ ਸਲਾਘਾਯੋਗ ਹੈ। ਪਰਚਾ ਲੋਕ ਘੋਲਾਂ ਦੀ ਅਗਵਾਈ ਕਰ ਰਹੇ ਆਗੂ ਕਾਰਕੁੰਨਾਂ ਦੀ ਸਮਝ ਨੂੰ
ਸਾਣ ’ਤੇ ਲਾ ਕੇ ਹੋਰ
ਪਕੇਰਾ ਕਰ ਰਿਹਾ ਹੈ। ਭਾਵੇਂ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਦਾ ਮਾਮਲਾ ਹੋਵੇ ਜਾਂ ਵੱਖ ਵੱਖ
ਖੇਤਰਾਂ ਵਿਚ ਅੱਡ 2 ਤਬਕਿਆਂ ਨੂੰ ਆ
ਰਹੀਆਂ ਚੁਣੌਤੀਆਂ ਅਤੇ ਉਹਨਾਂ ਖਿਲਾਫ ਆਵਾਜ ਉਠਾਉਣ ਦਾ ਮਾਮਲਾ ਹੋਵੇ ਜਾਂ ਸੰਸਾਰ ਵਪਾਰ ਜਥੇਬੰਦੀ
ਦੀ ਨੈਰੋਬੀ ਕਾਨਫਰੰਸ ਦੀ ਰਿਪੋਰਟ ਰਾਹੀਂ ਵਿਸ਼ਾਲ ਕਿਸਾਨ ਜਨਤਾ ਨੂੰ ਸਿਖਿਅਤ ਕਰਨ ਅਤੇ ਹਾਕਮ
ਜਮਾਤੀ ਹਮਲਿਆਂ ਤੋਂ ਚੌਕਸ ਕਰਨ ਦਾ ਮਾਮਲਾ ਹੋਵੇ ਪਰਚਾ ਇੱਕ ਵਧੀਆ ਤਰਕਪੂਰਨ ਸਮਝ ਦੇ ਰਿਹਾ ਹੈ।
ਸਾਡੇ ਮੁਲਕ ਦੇ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਬਦਤਰ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਾਲਾਂ ਵਿਚ
ਹੋਰ ਵਧੇਰੇ ਸੱਟਾਂ ਵੱਜਣ ਦੇ ਆਸਾਰ ਸਾਫ ਦਿਖਾਈ ਦੇ ਰਹੇ ਹਨ। ਖੁਦਕੁਸ਼ੀਆਂ ਦਾ ਵਰਤਾਰਾ ਦਿਨੋ-ਦਿਨ
ਤੇਜ ਹੋ ਰਿਹਾ ਹੈ। ਨਾਲ ਹੀ ਖੇਤੀ ਨਾਲ ਸਬੰਧਤ ਛੋਟੇ ਉਦਯੋਗ ਵੱਡੀ ਵੱਧਰ ’ਤੇ ਬੰਦ ਹੋ ਗਏ ਹਨ
ਜਾਂ ਹੋ ਰਹੇ ਹਨ। ਜਿਵੇਂ ਪਰਚੇ ਵਿਚ ਆਟਾ ਚੱਕੀਆਂ ਤੇ ਬਿਸਕੁਟ ਬਣਾਉਣ ਵਾਲੀਆਂ ਬੇਕਰੀਆਂ ਦੀ ਗੱਲ
ਕੀਤੀ ਗਈ ਹੈ ਇਹ ਸਾਰੀਆਂ ਰਿਪੋਰਟਾਂ ਵਧੀਆ ਢੰਗ ਨਾਲ ਪੇਸ਼ ਕੀਤੀਆਂ ਹਨ। ਕਿਸਾਨ ਜਥੇਬੰਦੀ ਵਿਚ ਕੰਮ
ਕਰਦੇ ਹੋਣ ਕਰਕੇ ਅਸੀਂ ਪਰਚੇ ਤੋਂ ਹੋਰ ਵੀ ਮੰਗ ਕਰਦੇ ਹਾਂ ਕਿ ਅੱਗੇ ਤੋਂ ਖੇਤੀ ਸਬੰਧੀ ਅਤੇ
ਸਨਅਤੀ ਆਰਥਕ ਨੀਤੀਆਂ ਬਾਰੇ ਭਰਪੂਰ ਜਾਣਕਾਰੀ ਦਿੰਦੇ ਰਿਹਾ ਕਰੋ।
ਬਸੰਤ ਸਿੰਘ ਕੋਠਾ ਗੁਰੂ
---
ਸੰਪਾਦਕ ਜੀ,
ਸੁਰਖ਼ ਲੀਹ ਛਪਣ ‘ਚ ਲਗਾਤਾਰਤਾ ਬਣਾਈ
ਰੱਖ ਰਿਹਾ ਹੈ ਇਹ ਗੱਲ ਬਹੁਤ ਵਧੀਆ ਹੈ। ਇਸਦੀ ਸੰਘਰਸ਼ਸ਼ੀਲ ਹਿੱਸਿਆਂ ਵਾਸਤੇ ਬਹੁਤ ਮਹੱਤਤਾ ਹੈ
ਕਿਉਂਕਿ ਸੰਘਰਸ਼ ਦੇ ਪਿੜ ‘ਚ ਜੂਝ ਰਹੇ ਕਿਸਾਨ
ਤੇ ਖੇਤ-ਮਜ਼ਦੂਰ ਆਗੂਆਂ ਲਈ ਆਪਣੇ ਪ੍ਰਚਾਰ ਨੂੰ ਅਸਰਦਾਰ ਬਣਾਉਣ ਪੱਖੋਂ ਸਮੇਂ ਸਮੇਂ ਤੁਹਾਡੇ ਵੱਲੋਂ
ਪ੍ਰਕਾਸ਼ਤ ਕੀਤੇ ਲੇਖ ਟਿੱਪਣੀਆਂ ਬਹੁਤ ਸਹਾਈ ਸਿੱਧ ਹੋ ਰਹੀਆਂ ਹਨ। ਹਾਕਮ ਜਮਾਤਾਂ ਵੱਲੋਂ ਅਖੌਤੀ
ਆਰਥਕ ਸੁਧਾਰਾਂ ਦੇ ਹੱਲੇ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਰਾਹੀਂ ਤੇ ਹਿੰਦੂਤਵੀ ਤਾਕਤਾਂ ਵੱਲੋਂ
ਫਾਸ਼ੀ ਕਾਰਵਾਈਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਰਾਹੀਂ ਮੁਲਕ ‘ਚ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰ ਰਹੀਆਂ ਹਨ ਜੋ ਅੱਡ ਅੱਡ ਵਰਤਾਰਿਆਂ
ਦਾ ਜ਼ਾਹਰਾ ਰੂਪ ਹਨ। ਉਹਨਾਂ ਵਰਤਾਰਿਆਂ ਨੂੰ ਸਮਝਣ ਤੇ ਇਸ ’ਚੋਂ ਨਿਕਲਦੇ
ਕਾਰਜਾਂ ਨੂੰ ਸੰਘਰਸ਼ਸ਼ੀਲ ਤੇ ਜਮਹੂਰੀ ਹਿੱਸੇ ਕਿਵੇਂ ਮੁਖਾਤਬ ਹੋਣ ਇਸ ਪੱਖੋਂ ਵੀ ਪਰਚਾ ਆਵਦਾ ਰੋਲ
ਲਗਾਤਾਰਤਾ ‘ਚ ਦੇ ਰਿਹਾ ਹੈ ਤੇ
ਵਧਾਈ ਦਾ ਹੱਕਦਾਰ ਹੈ। ਜਨਵਰੀ ਫਰਵਰੀ ਅੰਕ ‘ਚ ‘‘ਧਰਮ ਨਿਰਪੱਖਤਾ ਦੇ
ਸਹੀ ਸੰਕਲਪ ਬਾਰੇ’’ ਤੇ ‘‘ਸਿੱਖਾਂ ਨਾਲ ਧੱਕੇ
ਵਿਤਕਰੇ ਦਾ ਸਵਾਲ’’ ਬਾਰੇ ਛਪੀਆਂ
ਲਿਖਤਾਂ ਚੰਗੀਆਂ ਲੱਗੀਆਂ ਹਨ। ਕਿਉਂਕਿ ਮੁੜ-ਉੱਭਰੇ ਵਰਤਾਰੇ ਨੂੰ ਨਵੇਂ ਸੰਦਰਭ ‘ਚ ਸੰਬੋਧਤ ਹੋਣ ਪੱਖੋਂ ਦੋਹਾਂ ਦੀ ਹੀ ਮਹੱਤਤਾ ਤੇ ਲੋੜ ਸੀ। ਆਮ ਆਦਮੀ
ਪਾਰਟੀ ਬਾਰੇ ਲਿਖਤ ਕਾਫ਼ੀ ਚਿਰ ਤੋਂ ਉਡੀਕੀ ਜਾ ਰਹੀ ਸੀ। ਚਾਹੇ ਇਸ ਦੇ ਰੰਗ ਨੇ ਸਮੇਂ ਦੇ ਇੱਕ ਗੇੜ
ਤੋਂ ਬਾਅਦ ਹੀ ਉੱਘੜਨਾ ਸ਼ੁਰੂ ਹੋਣਾ ਸੀ। ਪਰ ਲੋਕਾਂ ‘ਚ ਇਸਦੀ ਚਰਚਾ ਹੋਣ
ਕਰਕੇ ਇਸ ’ਤੇ ਬੋਲਣ ਦੀ ਲੋੜ
ਬਣੀ ਹੋਈ ਸੀ। ਜੋ ਇਸ ਲਿਖ਼ਤ ਨੇ ਪੂਰੀ ਕੀਤੀ। ਦੋ ਤਿੰਨ ਪਾਠਕਾਂ ਨੇ ਵੀ ਇਹ ਗੱਲ ਸਾਂਝੀ ਕੀਤੀ ਕਿ
ਆਮ ਆਦਮੀ ਪਾਰਟੀ ਬਾਰੇ ਲਿਖਤ ਦੀ ਲੋੜ ਲੱਗਦੀ ਸੀ।
ਮਾਰਚ ਅਪ੍ਰੈਲ ਅੰਕ ‘ਚ ਜਾਟ ਅੰਦੋਲਨ
ਬਾਰੇ ਲਿਖਤ ਵੋਟ ਸਿਆਸਤਦਾਨਾਂ ਦੇ ਕੁਰਸੀ ਹਿਤਾਂ ਨੂੰ ਚੰਗੀ ਤਰ੍ਹਾਂ ਉਜਾਗਰ ਕਰਦੀ ਹੈ। ਲੋਕਾਂ ’ਤੇ ਐਨਾ ਕਹਿਰ
ਵਾਪਰਿਆ ਹੋਵੇ, ਰਾਹਗੀਰ ਔਰਤਾਂ
ਦੀਆਂ ਸ਼ਰ੍ਹੇਆਮ ਇੱਜ਼ਤਾਂ ਲੁੱਟੀਆਂ ਗਈਆਂ ਹੋਣ ਤੇ ਜਮਹੂਰੀ ਲੋਕ ਹਿੱਸਿਆਂ ਵੱਲੋਂ ਇਹਦੇ ਵਿਰੋਧ ‘ਚ ਕੋਈ ਪ੍ਰਤੀਕਰਮ ਨਾ ਹੋਣਾ ਬਹੁਤ ਰੜਕਿਆ ਹੈ। ਦਿੱਲੀ ਬਲਾਤਕਾਰ ਕਾਂਡ
ਮੌਕੇ ਤਿੱਖੇ ਲੋਕ ਪ੍ਰਤੀਕਰਮ ਨੇ ਹੀ ਮੁਜਰਮਾਂ ਨੂੰ ਸਜ਼ਾਵਾਂ ਦੁਆਈਆਂ ਸਨ। ਪਰ ਇਸ ਮਾਮਲੇ ‘ਚ ਅਜਿਹਾ ਨਾ ਹੋਣ ਕਰਕੇ ਹੀ ਦੋਸ਼ੀ ਬਚ ਨਿਕਲੇ ਹਨ। ਏਸੇ ਤਰ੍ਹਾਂ ਸੋਨੀ
ਸੋਰੀ ’ਤੇ ਹੋਏ ਹਮਲੇ ਮੌਕੇ
ਵੀ ਜਮਹੂਰੀ ਲੋਕ ਹਿੱਸਿਆਂ ਵੱਲੋਂ ਕੋਈ ਉੱਭਰਵਾਂ ਵਿਰੋਧ ਨਾ ਹੋਣਾ ਉਹਨਾਂ ਹਿੱਸਿਆਂ ਸਾਹਮਣੇ
ਤਿੱਖੇ ਸਵਾਲ ਖੜ੍ਹਾ ਕਰਦਾ ਹੈ।
ਹੈਦਰਾਬਾਦ ਯੂਨੀਵਰਸਿਟੀ ਦੀਆਂ ਘਟਨਾਵਾਂ ਬਾਰੇ ਲਿਖਤ ਕਮਿਊਨਿਸਟ
ਇਨਕਲਾਬੀ ਤੇ ਹੋਰਨਾਂ ਲੋਕ ਪੱਖੀ ਤਾਕਤਾਂ ਲਈ ਲੋੜ ਉਭਾਰਦੀ ਹੈ ਕਿ ਤੰਗ ਨਜ਼ਰ ਜਾਤੀਵਾਦੀ ਚੇਤਨਾ ਤੇ
ਸਿਆਸਤ ਤੋਂ ਉੱਤੇ ਉੱਠ ਕੇ ਜਮਹੂਰੀ ਇਨਕਲਾਬੀ ਚੇਤਨਾ ਤੇ ਸਿਆਸਤ ਦੇ ਲੜ ਲੱਗਣ ‘ਚ ਦਲਿਤ ਭਾਈਚਾਰੇ ਦੇ ਆਗੂਆਂ ਦੀ ਸਹਾਇਤਾ ਕੀਤੀ ਜਾਵੇ। ਇਹ ਘਟਨਾਵਾਂ
ਦਰਸਾਉਂਦੀਆਂ ਹਨ ਕਿ ਤੰਗ ਜਾਤੀਵਾਦੀ ਸਿਆਸਤ ਤੋਂ ਉੱਤੇ ਉੱਠ ਕੇ ਦਲਿਤ ਭਾਈਚਾਰੇ, ਮੁਸਲਮ ਧਾਰਮਕ ਘੱਟ
ਗਿਣਤੀ ਤੇ ਸਵੈ-ਨਿਰਣੇ ਦੇ ਹੱਕ ਖਾਤਰ ਲੜ ਰਹੇ ਕਸ਼ਮੀਰੀ ਲੋਕਾਂ ਵਿਚਕਾਰ ਸਾਂਝਾ ਮੋਰਚਾ ਬਣਾਉਣ ਦੀ
ਦਿਸ਼ਾ ‘ਚ ਇੱਕ ਕਦਮ ਵਧਾਰਾ ਹੈ।
‘‘ਹਿੰਦੂਤਵੀ ਹੱਲੇ ਦਾ
ਮੌਜੂਦਾ ਵਰਤਾਰਾ ਤੇ ਭਾਜਪਾ ਲਈ ਅੜਿੱਕੇ’’ ਲਿਖਤ ਨੇ ਇਸ ਵਰਤਾਰੇ ਨੂੰ ਸਮਝਣ ‘ਚ ਕਾਫ਼ੀ ਸਹਾਇਤਾ ਕੀਤੀ। ਮੇਰੇ ਨਾਲ ਇੱਕ ਪਾਠਕ ਨੇ ਗੱਲ ਸਾਂਝੀ ਕੀਤੀ
ਕਿ ਪਹਿਲਾਂ ਇਹ ਵਰਤਾਰਾ ਹਊਆ ਜਿਹਾ ਲੱਗਦਾ ਸੀ ਪਰ ਹੁਣ ਲਿਖਤ ਪੜ੍ਹ ਕੇ ਗੱਲ ਬਹੁਤ ਸਾਫ਼
ਹੋਈ ਹੈ। ਇਹ ਢੁਕਵੇਂ ਸਮੇਂ ’ਤੇ ਐਨ ਢੁਕਵੀਆਂ ਲਿਖਤਾਂ ਹਨ।
ਕਰਮਜੀਤ
---
ਸਤਿਕਾਰਯੋਗ ਸੰਪਾਦਕੀ ਬੋਰਡ ਦੇ ਸਾਥੀਓ,
ਸੁਰਖ਼ ਰੇਖਾ ਦਾ ਜਨਵਰੀ ਫਰਵਰੀ ਅੰਕ ਪੜ੍ਹਿਆ, ਵਧੀਆ ਲੱਗਿਆ ਤੇ
ਸਮਝ ਦਾ ਪੱਧਰ ਵਧਿਆ। ਆਮ ਆਦਮੀ ਪਾਰਟੀ ਬਾਰੇ ਛਪੇ ਲੇਖ ਨਾਲ ਉਸ ਬਾਰੇ ਹੋਰ ਵੱਧ ਸਪੱਸ਼ਟਤਾ ਹਾਸਲ
ਹੋਈ। ਜਿਵੇਂ ਸੀ. ਪੀ. ਆਈ. ਦੀ ਉਦਾਹਰਨ ਦੇ ਕੇ ਬਾਕਾਇਦਾ ਗੱਲ ਕੀਤੀ ਗਈ ਹੈ ਕਿ ਉਹ ਜ਼ਮੀਨਾਂ ਦਾ
ਪਰੋਗਰਾਮ ਲੈ ਕੇ ਆਈ ਸੀ, ਪਰ ਕਿੱਥੇ ਪਹੁੰਚ ਗਈ! ਆਮ ਆਦਮੀ ਪਾਰਟੀ ਕੋਲ਼ ਤਾਂ ਅਜਿਹਾ ਕੋਈ
ਪ੍ਰੋਗਰਾਮ ਵੀ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਬਾਰੇ ਬੋਲਣ ‘ਚ ਕੋਈ ਦਿੱਕਤ ਨਹੀਂ।
ਨੈਰੋਬੀ ਕਾਨਫਰੰਸ ਬਾਰੇ ਲੇਖ ਪੜ੍ਹ ਕੇ ਇਹ ਗੱਲ ਸਾਫ਼
ਹੋਈ ਕਿ ਸਾਮਰਾਜੀ ਮੁਲਕ ਗਰੀਬ ਮੁਲਕਾਂ ਨੂੰ ਕਿਵੇਂ ਲੁੱਟਦੇ ਹਨ ਤੇ ਸਾਡੇ ਮੁਲਕਾਂ ਸਿਰ ਸ਼ਰਤਾਂ
ਕਿਵੇਂ ਮੜ੍ਹਦੇ ਹਨ। ਧਰਮ ਨਿਰਪੱਖਤਾ ਦੇ ਸਹੀ ਸੰਕਲਪ ਬਾਰੇ ਲੇਖ ਪੜ੍ਹ ਕੇ ਗੱਲਾਂ ਬਹੁਤ
ਸਾਫ਼ ਹੋਈਆਂ। ਇਹ ਲੇਖ ਪੜ੍ਹ ਕੇ ਲੋਕਾਂ ‘ਚ ਧਰਮ ਨਿਰਪੱਖਤਾ
ਬਾਰੇ ਗੱਲ ਕਰਨ ਲਈ ਵੱਧ ਸਪੱਸ਼ਟਤਾ ਹਾਸਲ ਹੋਈ।
ਸੁਰਖ਼ ਲੀਹ ‘ਚ ਛਪਦੇ ਲੇਖਾਂ ਨਾਲ
ਜਨਤਕ ਬੁਲਾਰਿਆਂ ਦੇ ਬੋਲਣ ਦਾ ਸਿਆਸੀ ਪੱਧਰ ਵੀ ਵਧਦਾ ਹੈ। ਅਸੀਂ ਸੁਰਖ਼ ਲੀਹ ਤੋਂ ਆਸ ਕਰਦੇ ਹਾਂ
ਕਿ ਇਨਕਲਾਬੀ ਬਦਲ ਹੋਰ ਠੋਸ ਰੂਪ ‘ਚ ਉਭਾਰਨ ਲਈ ਸਾਡੀ
ਸਹਾਇਤਾ ਕੀਤੀ ਜਾਵੇ। ਖਾਸ ਕਰਕੇ ਜ਼ਮੀਨ ਦੀ ਵੰਡ ਬਾਰੇ ਵਿਸਥਾਰਪੂਰਬਕ ਜਾਣਕਾਰੀ ਦੀ ਲੋੜ ਲੱਗਦੀ
ਹੈ। ਆਸ ਕਰਦੇ ਹਾਂ ਕਿ ਸੁਰਖ਼ ਲੀਹ ਪਾਠਕਾਂ ਦੀ ਇਸ ਲੋੜ ਨੂੰ ਪੂਰਾ ਕਰਦਾ ਰਹੇਗਾ।
ਹਰਿੰਦਰ ਕੌਰ ਬਿੰਦੂ
---
ਦਰਿਆਈ ਪਾਣੀਆਂ ਦੇ ਮਸਲੇ ਨੂੰ ਪੈਂਫਲਿਟ ਵਿਚ ਜਿਵੇਂ ਵੱਖ ਵੱਖ ਪੱਖਾਂ
ਤੋਂ ਬਰੀਕੀ ‘ਚ ਬਿਆਨ ਕੀਤਾ ਗਿਆ
ਹੈ, ਇਹ ਇਸ ਮਸਲੇ ਬਾਰੇ ਭਰਵੀਂ
ਸਮਝ ਬਣਾਉਣ ਪੱਖੋਂ ਬਹੁਤ ਫਾਇਦੇਮੰਦ ਹੈ। ਇਸ ਮਸਲੇ ਦੇ ਹਾਕਮਾਂ ਦੀਆਂ ਵੋਟ ਜਰੂਰਤਾਂ ਨਾਲ ਸਬੰਧ, ਇਸ ਦੇ ਨਿਆਂਈਂ
ਨਿਪਟਾਰੇ ‘ਚ ਹਾਕਮ ਜਮਾਤੀ ਲੋਕ-ਵਿਰੋਧੀ
ਪੈਂਤੜਾ ਅਤੇ ਪਾਣੀ ਦੀ ਸਮੱਸਿਆ ਦੇ ਹਰੇ ਇਨਕਲਾਬ ਨਾਲ ਸਬੰਧਾਂ ਅਤੇ ਐਸ.ਵਾਈ. ਐਲ ਦੇ ਮੁੱਦੇ ’ਤੇ ਕਾਂਗਰਸ ਅਤੇ
ਅਕਾਲੀ ਦਲ ਦੋਹਾਂ ਪਾਰਟੀਆਂ ਦੇ ਲੋਕ-ਵਿਰੋਧੀ ਰੋਲ ਬਾਰੇ ਕੀਤੀ ਵਿਆਖਿਆ ਘੋਰ ਆਰਥਕ ਸੰਕਟ ਦੀ ਮਾਰ
ਹੇਠ ਆਈ ਹੋਈ ਕਿਸਾਨੀ ਨੂੰ ਹਾਕਮ ਜਮਾਤਾਂ ਦੀਆਂ ਅਜਿਹੀਆਂ ਸਾਜਸ਼ੀ ਚਾਲਾਂ ਬਾਰੇ ਜਾਣਕਾਰੀ ਦੇਣ
ਪੱਖੋਂ ਬਹੁਤ ਫਾਇਦੇਮੰਦ ਹੈ। ਪਾਣੀ ਦੇ ਮਸਲੇ ’ਤੇ ਨੇੜੇ ਆ ਰਹੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ
ਮੌਜੂਦਾ ਭਖੀ ਹੋਈ ਚਰਚਾ ਦੀ ਹਾਲਤ ‘ਚ ਅਜਿਹੇ ਪੈਂਫਲਿਟ
ਦੀ ਤਿੱਖੀ ਲੋੜ ਸੀ ਜੋ ਇਸ ਨਾਲ ਪੂਰੀ ਹੋਈ ਹੈ।
ਸ਼ਿੰਗਾਰਾ ਸਿੰਘ ਮਾਨ
---
ਕੁੱਝ ਚਿਰ ਹੋਇਆ ਮੈਨੂੰ ਪਤਾ
ਲੱਗਿਆ ਕਿ ਸੁਰਖ ਰੇਖਾ ਪਰਿਵਾਰ ‘ਚ ਤਰੇੜ ਆ ਗਈ।
ਮੈਨੂੰ ਬੜਾ ਦੁੱਖ ਹੋਇਆ। ਮੈਂ ‘‘ਸ਼ਹੀਦ’’ ਪਰਚੇ ਤੋਂ ਲੈ ਕੇ ਲਗਾਤਾਰ ਪਰਚੇ ਦਾ ਪਾਠਕ ਰਿਹਾ ਹਾਂ।
ਪਿੰਡ ‘ਚ ਬਹੁਤ ਪਰਚੇ ਲਗਦੇ ਰਹੇ ਨੇ।
ਹੁਣ ਸਿਹਤ ਸਾਥ ਨਹੀਂ ਦਿੰਦੀ। ਕੁੱਝ ਦਿਨ ਹੋਏ ਮੈਨੂੰ ਪਿੰਡ ਦੇ ਇੱਕ ਸਾਥੀ ਨੇ ਸੁਰਖ ਲੀਹ ਦਾ
ਜਨਵਰੀ ਫਰਵਰੀ ਅੰਕ ਪੜ੍ਹਨ ਨੂੰ ਦਿੱਤਾ। ਪਰਚਾ ਦੇਖ ਕੇ ਅਤੇ ਪੜ੍ਹ ਕੇ ਮੈਂ ਬਹੁਤ ਖੁਸ਼
ਹੋਇਆ। ਇਸ ਵਿਚਲੀ ਸਮੱਗਰੀ ਮੈਨੂੰ ਬਹੁਤ ਪਸੰਦ ਆਈ। ਤੁਸੀਂ ਮੈਨੂੰ ਸੁਰਖ ਲੀਹ ਦੀਆਂ ਮੁੱਢ ਤੋਂ ਲੈ
ਕੇ ਸਾਰੇ ਅੰਕਾਂ ਦੀ ਇੱਕ ਇੱਕ ਕਾਪੀ ਭੇਜਣ ਦੀ ਕੋਸ਼ਿਸ਼ ਕਰੋ। ਤੁਹਾਡੀ ਬੜੀ ਮਿਹਰਬਾਨੀ
ਹੋਵੇਗੀ।
ਨਿਰਮਲ ਕੰਗਣਵਾਲ
---
ਜਸਪਾਲ ਸਿੰਘ ਜੀ,
ਮੈਨੂੰ ਚੰਡੀਗੜ੍ਹ ਰਹਿੰਦੇ ਇੱਕ
ਜਾਣਕਾਰ ਸੱਜਣ ਨੇ ਪੰਜਾਬ ਬੁੱਕ ਸੈਂਟਰ ਤੋਂ ਲੈ ਕੇ ਮੈਨੂੰ ਸੁਰਖ ਲੀਹ ਪਰਚੇ ਦਾ ਜਨਵਰੀ ਫਰਵਰੀ
ਅੰਕ ਭੇਜਿਆ। ਪੰਜਾਬ ਤੋਂ ਦੂਰ ਬੈਠੇ ਹੋਣ ਕਰਕੇ ਪੰਜਾਬੀ ਦਾ ਪਰਚਾ ਦੇਖ ਕੇ ਮੈਨੂੰ ਚਾਅ ਚੜ੍ਹ ਗਿਆ। ਪਰਚਾ ਪੜ੍ਹ ਕੇ ਬਹੁਤ ਖੁਸ਼ੀ ਹੋਈ
ਇਸ ਵਿਚ ਛਪੀਆਂ ਵੱਖ ਵੱਖ ਲਿਖਤਾਂ ਮਨ ਨੂੰ ਬਹੁਤ ਤਸੱਲੀ ਦੇਣ ਵਾਲੀਆਂ ਹਨ। ਮੈਨੂੰ ਦੱਸੋ ਕਿ ਤੁਸੀਂ ਇਹੋ ਜਿਹਾ ਪਰਚਾ ਕਿੰਨੇ ਕੁ
ਚਿਰ ਤੋਂ ਛਾਪ ਰਹੇ ਹੋ। ਮੈਂ ਇਸ ਦੀਆਂ ਪਿਛਲੀਆਂ ਕਾਪੀਆਂ ਲੈਣਾ ਚਾਹੁੰਦਾ ਹਾਂ ਇਹਨਾਂ ਦੀ ਜੋ ਵੀ
ਕੀਮਤ ਹੋਈ ਮੈਂ ਭੇਜ ਦਿਆਂਗਾ।
ਜਸਮੀਤ ਸਿੰਘ ਭੁਪਾਲ
(MP)
No comments:
Post a Comment