Monday, May 2, 2016

21) ਪਾਠਕਾਂ ਨੂੰ ਅਪੀਲ:



ਸਾਨੂੰ ਤੁਹਾਡੇ ਸਰਗਰਮ ਸਹਿਯੋਗ ਦੀ ਜ਼ਰੂਰਤ ਹੈ

ਪਾਠਕ ਸਾਥੀਓ,
            ਪਹਿਲਾਂ ਸੁਰਖ ਰੇਖਾ ਅਤੇ ਹੁਣ ਸੁਰਖ ਲੀਹ ਪਿਛਲੇ ਲੰਮੇ ਸਮੇਂ ਤੋਂ ਇਨਕਲਾਬੀ ਵਿਚਾਰਾਂ, ਵਿਸ਼ਲੇਸ਼ਣਾਤਮਕ ਲਿਖਤਾਂ ਤੇ ਟਿੱਪਣੀਆਂ ਅਤੇ ਸੰਘਰਸ਼ ਸਰਗਰਮੀਆਂ ਦੀਆਂ ਰਿਪੋਰਟਾਂ ਦੀ ਮਹੱਤਵਪੂਰਨ ਅਤੇ ਅਮੀਰ ਸਮੱਗਰੀ ਲੈ ਕੇ ਲਗਾਤਾਰ ਤੁਹਾਡੇ ਪਰਿਵਾਰਾਂਚ ਦਸਤਕ ਦਿੰਦਾ ਆ ਰਿਹਾ ਹੈ। ਤੁਹਾਡੇ ਵੱਲੋਂ ਲਗਾਤਾਰ ਪਰਚੇ ਦੇ ਪਾਠਕ ਬਣੇ ਰਹਿਣ ਚੋਂ ਇਹੀ ਦਿਖਾਈ ਦਿੰਦਾ ਹੈ ਕਿ ਪਰਚੇ ਦੀ ਸਮਝ ਅਤੇ ਇਸ ਵਿਚਲੀ ਸਮੱਗਰੀ ਤੁਹਾਡੀ ਸੋਚ, ਵਿਚਾਰਾਂ ਅਤੇ ਸਰਗਰਮੀਆਂ ਜਾਂ ਕੰਮਾਂ ਕਾਰਾਂ ਨੂੰ ਸੇਧ ਦੇਣ ਪੱਖੋਂ ਸਹਾਈ ਹੁੰਦੀ ਹੋਵੇਗੀ। ਤਾਂ ਵੀ ਪਰਚੇ ਪ੍ਰਤੀ ਸਰੋਕਾਰ ਇਸ ਦੇ ਸਰਗਰਮ ਸਹਿਯੋਗ ਨੂੰ ਵਧਾਉਣ ਪੱਖੋਂ ਅਸੀਂ ਕੁੱਝ ਗੱਲਾਂ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੰਦੇ ਹਾਂ।
            ਪਰਚੇ ਨੂੰ ਚਿੱਠੀਆਂ ਇਸ ਸਹਿਯੋਗ ਦਾ  ਇਕ ਮਹੱਤਵਪੂਰਨ ਸਾਧਨ ਹਨ, ਜਿਨ੍ਹਾਂ ਵਿਚ ਇਸ ਅੰਦਰਲੀਆਂ ਵੱਖ ਵੱਖ ਲਿਖਤਾਂ ਬਾਰੇ ਤੁਹਾਡੇ ਪ੍ਰਤੀਕਰਮਾਂ ਦੇ ਨਾਲ ਨਾਲ ਪਰਚੇ ਦੇ ਮੂੰਹ ਮੁਹਾਂਦਰੇਚ ਬਿਹਤਰੀ ਲਿਆਉਣ ਪੱਖੋਂ ਤੁਹਾਡੇ ਸੁਝਾਅ ਅਤੇ ਆਪਣੀਆਂ ਸੰਘਰਸ਼ਮਈ ਸਰਗਰਮੀਆਂਚ ਇਸ ਵਿਚਲੀ ਸਮੱਗਰੀ ਦੀ ਵਰਤੋਂ ਦਾ ਤੁਹਾਡਾ ਠੋਸ ਤਜ਼ਰਬਾ ਅਤੇ ਪੈਦਾ ਹੋਏ ਕਿਸੇ ਹੋਰ ਨਵੇਂ ਪੱਖਾਂ ਨੂੰ ਸਮੋਂਦੀਆਂ ਲਿਖਤਾਂ ਦੀ ਉਭਰੀ ਲੋੜ ਆਦਿ ਸ਼ਾਮਲ ਹੋਣ। ਪਿਛਲੇ ਦਿਨਾਂਚ ਪ੍ਰਾਪਤ ਹੋਈਆਂ ਕੁੱਝ ਪਾਠਕਾਂ ਦੀਆਂ ਚਿੱਠੀਆਂ ਜਿਹੜੀਆਂ ਇਸ ਅੰਕ ਵਿਚ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਗੰਭੀਰ ਪਾਠਕ ਹੋਣ ਦੀ ਗਵਾਹੀ ਭਰਦੀਆਂ ਹਨ। ਇਹਨਾਂ ਚਿੱਠੀਆਂ ਨੇ ਸਾਨੂੰ ਕਾਫੀ ਉਤਸ਼ਾਹ ਦਿੱਤਾ ਹੈ। ਸਾਡੀ ਹਮੇਸ਼ਾ ਇਹ ਜਾਨਣ ਦੀ ਇੱਛਾ ਰਹਿੰਦੀ ਹੈ ਕਿ ਇਸ ਵਿਚਲੀ ਸਮੱਗਰੀ ਪਾਠਕ ਘੇਰੇ ਦੀਆਂ ਵੱਖ ਵੱਖ ਪਰਤਾਂਚ ਕਿੰਨੀ ਕੁ ਸਾਰਥਕ ਨਿੱਬੜ ਰਹੀ ਹੈ। ਪਰਚੇ ਦੇ ਅਜਿਹੇ ਗੰਭੀਰ ਪਾਠਕਾਂ ਨੂੰ ਅਸੀਂ ਇਹ ਵੀ ਯਾਦ ਕਰਾਉਣਾ ਚਹੁੰਦੇ ਹਾਂ ਕਿ ਨਵੇਂ  ਪਾਠਕ ਬਣਾਉਣ ਦੀ ਮਹੱਤਵਪੂਰਨ ਜਿੰਮੇਵਾਰੀ ਨੂੰ ਵੀ ਸੰਭਵ ਹੱਦ ਤੱਕ ਉਹ ਆਪਣੇ ਮੋਢਿਆਂ ਤੇ ਚੁੱਕਣ। ਪਰਚੇ ਨੂੰ ਸਹਿਯੋਗ ਦੇਣ ਦਾ ਇਹ ਇੱਕ ਹੋਰ ਸਾਧਨ ਹੋਵੇਗਾ।
            ਸੁਰਖ ਲੀਹ ਦੇ ਦੋ ਗੰਭੀਰ ਪਾਠਕਾਂ ਨਾਲ ਪਿਛਲੇ ਦਿਨੀਂ ਜਦ ਪਰਚੇ ਨਾਲ ਪੱਤਰ-ਵਿਹਾਰ ਕਰਨ ਬਾਰੇ ਚਰਚਾ ਛਿੜੀ ਤਾਂ ਉਹਨਾਂ ਨੇ ਪਾਣੀਆਂ ਬਾਰੇ ਪੈਂਫਲਿਟ ਦੀ ਭਰਪੂਰ ਸਲਾਹੁਤਾ ਕਰਦੇ ਹੋਏ ਕਿਹਾ ਕਿ ਪਰਚਾ ਪੜ੍ਹਦੇ ਵਕਤ ਕਈ ਕੁੱਝ ਦਿਮਾਗ ਵਿਚ ਆਉਂਦਾ ਹੈ ਪਰ ਛੇਤੀ ਹੀ ਭੁੱਲ ਜਾਈਦਾ ਹੈ। ਉਹ ਇਸ ਨੂੰ ਉਮਰ ਦੇ ਤਕਾਜ਼ੇ ਨਾਲ ਸਬੰਧਤ ਪੈਦਾ ਹੋਏ ਕਿਸੇ ਨਵੇਂ ਲੱਛਣ ਵਜੋਂ ਲੈ ਰਹੇ ਸਨ। ਕੁੱਝ ਚਿਰ ਦੀ ਚਰਚਾ ਤੋਂ ਬਾਅਦ ਗੱਲ ਇੱਥੇ ਆ ਨਿੱਬੜੀ ਕਿ ਪਰਚੇ ਪ੍ਰਤੀ ਸਰੋਕਾਰ ਵਧਾਉਣ ਦੀ ਲੋੜ ਹੈ। ਪਰਚੇ ਦੇ ਇਨਕਲਾਬੀ ਮਿਸ਼ਨ ਨਾਲ ਆਪਣੇ ਆਪ ਨੂੰ ਜੋੜਦੇ ਹੋਏ ਇਸ ਨੂੰ ਪੜ੍ਹਨ ਵਾਚਣ ਦੇ ਨਾਲ ਨਾਲ ਇਸ ਵਿਚ ਯੋਗਦਾਨ ਪਾਉਣ ਲਈ ਆਪੋ-ਆਪਣੇ ਪੱਧਰ ਤੇ ਆਪਣੀ ਕੋਈ ਥਾਂ ਬਣਾਉਣ ਦੀ ਲੋੜ ਹੈ।
            ਅੰਤ , ਪਰਚੇ ਨੂੰ ਸਹਿਯੋਗ ਦੇਣ ਦਾ ਇਕ ਮੁੱਢਲਾ ਪਰ ਮਹੱਤਵਪੂਰਨ ਸਾਧਨ, ਜੋ ਇਸ ਦੀ ਲਗਾਤਾਰਤਾ ਬਣਾਈ ਰੱਖਣ ਲਈ ਅਤਿਅੰਤ ਜਰੂਰੀ ਹੈ, ਉਹ ਹੈ ਕਿ ਪਾਠਕ ਆਪਣੀ ਖੁਦ ਦੀ ਜੁੰਮੇਵਾਰੀ ਸਮਝਦੇ ਹੋਏ ਬਕਾਇਦਾ ਰੂਪਚ ਇਸ ਦੇ ਸਾਲਾਨਾ ਚੰਦੇ ਭੇਜਦੇ ਰਹਿਣ ਅਤੇ ਇਸ ਤੋਂ ਇਲਾਵਾ ਗਾਹੇ-ਬ-ਗਾਹੇ ਇਸ ਦੀ ਮਾਇਕ ਸਹਾਇਤਾ ਬਾਰੇ ਵੀ ਕਦਮ ਉਠਾਉਣ। ਪਰਚੇ ਦੇ ਗੰਭੀਰ ਪਾਠਕਾਂ ਨੂੰ ਇਸ ਬਾਰੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਖਾਸ ਕਰਕੇ ਵਿਦੇਸ਼ ਰਹਿੰਦੇ ਪਾਠਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਚੰਦੇ ਨਵਿਆਉਣ ਵੱਲ ਲਾਜਮੀ ਧਿਆਨ ਦੇਣ। ਪਰਚੇ ਨੂੰ ਮਾਇਕ ਸਹਾਇਤਾ ਦੇਣ ਪੱਖੋਂ ਵੀ ਵਿਦੇਸ਼ ਰਹਿੰਦੇ ਪਾਠਕ ਮੁਕਾਬਲਤਨ ਵਧੇਰੇ ਯੋਗਦਾਨ ਪਾ ਸਕਦੇ ਹਨ। ਇੱਕ ਪਾਸੇ ਭਾਰਤ ਅੰਦਰ ਡਾਕ ਖਰਚਿਆਂਚ ਕੀਤਾ ਜਾ ਰਿਹਾ ਵਾਧਾ ਅਤੇ ਦੂਜੇ ਪਾਸੇ ਗਰੀਬ ਤੇ ਮਿਹਨਤਕਸ਼ ਕਿਸਾਨਾਂ ਮਜਦੂਰਾਂ ਦੇ ਹੱਥਾਂਚ ਪਰਚਾ ਪਹੁੰਚਦਾ ਕਰਨ ਦੇ ਇਸ ਦੇ ਮਨੋਰਥ  ਕਰਕੇ ਪਰਚੇ ਦੀ ਕੀਮਤ ਨੀਵੀਂ ਰੱਖਣ ਦੀ ਲੋੜ ਦੀਆਂ ਹਾਲਤਾਂਚ ਮਾਇਕ ਸਹਾਇਤਾ ਦਾ ਮਹੱਤਵਪੂਰਨ ਸਥਾਨ ਬਣ ਜਾਂਦਾ ਹੈ। ਅਜਿਹੀ ਹਾਲਤਚ ਅਸੀਂ ਪਰਚੇ ਦੇ ਵਿਦੇਸ਼ੀ ਚੰਦਿਆਂ ਦੀ ਰਾਸ਼ੀ ਵਧਾਉਣ ਲਈ ਮਜਬੂਰ ਹੋ ਰਹੇ ਹਾਂ। ਨਵੀਂ ਰਾਸ਼ੀ ਇਸ ਅੰਕ ਵਿਚ ਦਰਜ ਹੋਵੇਗੀ।
            ਆਸ ਹੈ ਪਾਠਕ ਸਾਡੀ ਇਸ ਅਪੀਲ ਵੱਲ ਗਹੁ ਕਰਨਗੇ ਅਤੇ ਇਸ ਤੇ ਸੋਚ ਵਿਚਾਰ ਕਰਦੇ ਹੋਏ ਆਪੋ-ਆਪਣੇ ਪੱਧਰ ਤੇ ਢੁੱਕਵੇਂ ਕਦਮ ਚੁੱਕਣ ਵੱਲ ਵਧਣਗੇ।
            ਭਰਪੂਰ ਹੁੰਗਾਰੇ ਦੀ ਆਸ ਨਾਲ
            ਅਦਾਰਾ ਸੁਰਖ ਲੀਹ।

No comments:

Post a Comment