Monday, July 25, 2016

(1) ਕਸ਼ਮੀਰ ਸਮੱਸਿਆ ਦਾ ਇਤਿਹਾਸਕ ਪਿਛੋਕੜ



ਭਾਰਤੀ ਹਾਕਮਾਂ ਵੱਲੋਂ ਕਸ਼ਮੀਰੀ ਲੋਕਾਂ ਨਾਲ ਕੀਤੇ ਵਿਸਾਹਘਾਤ ਦੀ ਦਾਸਤਾਨ

ਮੁੱਖ ਬੰਦ

ਧਰਤੀ ਤੇ ਸਵਰਗਾਂ ਦੇ ਨਾਂ ਨਾਲ ਜਾਣੀ ਜਾਂਦੀ ਕਸ਼ਮੀਰ ਦੀ ਖੂਬਸੂਰਤ ਤੇ ਰਮਣੀਕ ਵਾਦੀ ਅੱਜ ਕੱਲ੍ਹ ਭਾਰਤੀ ਹਾਕਮਾਂ ਲਈ ਅੱਗ ਦੀ ਖਾਣ ਬਣੀ ਹੋਈ ਹੈ। ਭਾਰਤੀ ਰਾਜ ਤੇ ਹੁਕਮਰਾਨਾਂ ਖਿਲਾਫ ਕਸ਼ਮੀਰੀ ਲੋਕਾਂ ਦੇ ਤਾਜ਼ਾ ਬੇਮਿਸਾਲ ਤੇ ਬੇਅਟਕ ਉਭਾਰ ਨੇ ਹਾਕਮਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਵੱਡੇ ਪੱਧਰ ਉੱਤੇ ਹਥਿਆਰਬੰਦ ਸ਼ਕਤੀਆਂ ਝੋਕਣ, ਵਹਿਸ਼ੀ ਦਮਨ-ਚੱਕਰ ਚਲਾਉਣ ਅਤੇ ਕਾਲੇ ਤੋਂ ਕਾਲੇ ਕਾਨੂੰਨਾਂ ਦੀ ਬੇਕਸੀਸ ਵਰਤੋਂ ਕਰਨ ਦੇ ਬਾਵਜੂਦ, ਭਾਰਤੀ ਹਾਕਮ ਇਸ ਉਭਾਰ ਨੂੰ ਕੁਚਲਣਾ ਤਾਂ ਕਿਧਰੇ ਰਿਹਾ, ਆਪਣੇ ਕਾਬੂ ਵਿਚ ਲਿਆਉਣ ਤੋਂ ਵੀ ਅਸਮਰੱਥ ਨਿੱਬੜ ਰਹੇ ਹਨ।
ਕਸ਼ਮੀਰ ਵਾਦੀ ਦੀ ਬਹੁਗਿਣਤੀ ਮੁਸਲਮ ਵਸੋਂ ਦੇ ਵੱਡੇ ਹਿੱਸਿਆਂ ਲਈ, ਅੱਜ ਭਾਰਤ ਇੱਕ ਧਾੜਵੀ ਰਾਜ ਹੈ, ਜਿਸ ਨੇ ਉਹਨਾਂ ਦੀ ਕੌਮੀ ਆਜ਼ਾਦੀ ਅਤੇ ਖੁਦਮੁਖਤਿਆਰੀ ਦੇ ਜਜ਼ਬਿਆਂ ਨੂੰ ਆਪਣੇ ਨਾਪਾਕ ਫੌਜੀ ਬੂਟਾਂ ਹੇਠ ਦਰੜ ਕੇ, ਵਾਰ ਵਾਰ ਕਸ਼ਮੀਰੀ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਕੇ, ਕਸ਼ਮੀਰ ਤੇ ਆਪਣਾ ਜਬਰੀ ਕਬਜ਼ਾ ਜਮਾ ਰੱਖਿਆ ਹੈ। ਕਸ਼ਮੀਰ ਨੂੰ ਭਾਰਤ ਦਾ ਇੱਕ ਅਟੁੱਟ ਅੰਗ ਬਣਾ ਕੇ ਰੱਖਣ ਦੀ ਧੁੱਸ ਵਿਚ ਭਾਰਤੀ ਹਾਕਮਾਂ ਨੇ ਕਿਸ ਹੱਦ ਤੱਕ ਉਹਨਾਂ ਵਿਚ ਭਾਰਤ ਪ੍ਰਤੀ ਬੇਗਾਨਗੀ ਦਾ ਅਹਿਸਾਸ ਪ੍ਰਫੁੱਲਤ ਕੀਤਾ ਹੈ ਅਤੇ ਕਿਸ ਹੱਦ ਤੱਕ ਆਪਣੇ ਨਿਖੇੜੇ ਨੂੰ ਯਕੀਨੀ ਬਣਾ ਲਿਆ ਹੈ, ਇਸ ਲਈ ਹੁਣ ਕਿਸੇ ਰਾਇ-ਸ਼ੁਮਾਰੀ ਦੀ ਲੋੜ ਨਹੀਂ ਰਹੀ। ਹਰ ਛੋਟੀ ਵੱਡੀ ਘਟਨਾ ਇਸਦਾ ਪ੍ਰਤੱਖ ਸਬੂਤ ਹੋ ਨਿੱਬੜਦੀ ਹੈ। ਹਫਤਿਆਂ ਬੱਧੀ ਲਗਾਤਾਰ ਚੱਲ ਰਹੇ ਕਰਫਿਊ ਚ ਜਦ ਕਦੇ ਵੀ ਕੁੱਝ ਢਿੱਲ ਦਿੱਤੀ ਜਾਂਦੀ ਹੈ ਤਾਂ ਕਸ਼ਮੀਰੀ ਲੋਕਾਂ ਦੇ ਹਜੂਮ ਸੜਕਾਂ ਤੇ ਨਿੱਕਲ ਆਉਂਦੇ ਹਨ ਅਤੇ ਭਾਰਤ-ਵਿਰੋਧੀ ਵਿਰਾਟ ਪ੍ਰਦਰਸ਼ਨਾਂ ਦਾ ਰੂਪ ਧਾਰ ਲੈਂਦੇ ਹਨ। ਅੱਤਵਾਦੀਆਂ ਦੇ ਨਾਂ ਨਾਲ ਭਾਰਤੀ ਹਾਕਮਾਂ ਵੱਲੋਂ ਪ੍ਰਚਾਰੇ ਜਾਂਦੇ ਕਸ਼ਮੀਰੀ ਕੌਮਪ੍ਰਸਤਾਂ ਦੀਆਂ ਜੇਲ੍ਹਚੋਂ ਰਿਹਾਈਆਂ ਉੱਤੇ ਭੰਗੜੇ ਪਾਏ ਤੇ ਵਿਸ਼ਾਲ ਜਲੂਸ ਕੱਢੇ ਜਾਂਦੇ ਹਨ, ਉਹਨਾਂ ਦੇ ਜਨਾਜਿਆਂ ਵਿਚ ਲੱਖਾਂ ਲੋਕ ਸ਼ਾਮਲ ਹੁੰਦੇ ਹਨ। ਇਹ ਭਾਰਤੀ ਹਾਕਮ ਹੀ ਹਨ, ਜਿਹਨਾਂ ਨੇ ਆਪਣੀਆਂ ਸੌੜੀਆਂ ਗਰਜਾਂ, ਕੁੱਢਰ ਦਮਨਕਾਰੀ ਕਾਰਵਾਈਆਂ ਅਤੇ ਫਿਰਕੂ ਪੱਖਪਾਤੀ ਨੀਤੀਆਂ ਦੀ ਬਦੌਲਤ ਕਸ਼ਮੀਰੀ ਲੋਕਾਂ ਦੇ ਮਨ ਜਿੱਤਣ ਅਤੇ ਭਾਰਤ ਵਿਚ ਉਹਨਾਂ ਦੀ ਸੁਰੱਖਿਆ ਦਾ ਅਹਿਸਾਸ ਕਰਾਉਣ ਦੀ ਥਾਂ ਉਹਨਾਂ ਦੇ ਮਨਾਂ ਵਿਚ ਅਲਹਿਦਗੀ ਅਤੇ ਬੇਗਾਨਗੀ ਦੇ ਅਹਿਸਾਸਾਂ ਨੂੰ ਹੋਰ ਵੀ ਪ੍ਰਚੰਡ ਕੀਤਾ ਹੈ ਅਤੇ ਉਹਨਾਂ ਦੇ ਵੱਡੇ ਹਿੱਸਿਆਂ ਨੂੰ ਕਸ਼ਮੀਰੀ ਕੌਮਪ੍ਰਸਤ ਮੁਜਾਹਦਾਂ ਅਤੇ ਮੁਸਲਮ-ਮੂਲਵਾਦੀਆਂ ਦੀ ਗੋਦੀ ਚ ਧੱਕਿਆ ਹੈ।
ਬਿਨਾ ਸ਼ੱਕ, ਪਾਕਿਸਤਾਨ ਦੀ ਪਿਛਾਖੜੀ ਸਰਕਾਰ ਅਤੇ ਕੱਟੜਪੰਥੀ ਮੁਸਲਮ ਹਲਕੇ, ਕਸ਼ਮੀਰੀ ਲੋਕਾਂ ਦੀਆਂ ਫਿਰਕੂ ਭਾਵਨਾਵਾਂ ਅਤੇ ਬਦਅਮਨੀ ਦੀ ਅੱਗ ਨੂੰ ਝੋਕਾ ਲਾ ਕੇ ਹਵਾ ਦੇ ਰਹੇ ਹਨ। ਕਸ਼ਮੀਰ ਵਾਦੀ ਵਿਚ ਅਜਿਹੇ ਮੂਲਵਾਦੀ ਸੰਗਠਨ ਸਰਗਰਮ ਹਨ ਜਿਹੜੇ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਨੂੰ ਤੋੜ ਕੇ, ਪਾਕਿਸਤਾਨ ਨਾਲ ਮਿਲਾਉਣਾ ਚਾਹੁੰਦੇ ਹਨ। ਪਾਕਿ ਸਰਕਾਰ, ਇਹਨਾਂ ਨੂੰ ਹਥਿਆਰ, ਗੋਲੀ-ਸਿੱਕਾ ਅਤੇ ਭੰਨ-ਤੋੜੂ ਸਰਗਰਮੀਆਂ ਲਈ ਟਰੇਨਿੰਗ ਦੇ ਰਹੀ ਹੈ, ਅਜਿਹੇ ਅਨਸਰਾਂ ਦੀ ਪਦਾਰਥਕ ਅਤੇ ਇਖਲਾਕੀ ਮੱਦਦ ਕਰ ਰਹੀ ਹੈ। ਪਰ ਨਾ ਹੀ ਇਹ ਕਸ਼ਮੀਰ ਸਮੱਸਿਆ ਦਾ ਮੂਲ ਕਾਰਨ ਹੈ ਤੇ ਨਾ ਹੀ ਇਹ ਸਮੁੱਚੀ ਤਸਵੀਰ। ਕਸ਼ਮੀਰ ਵਾਦੀ ਵਿਚ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਵਰਗੇ ਕੌਮ-ਪਰਸਤ ਸੰਗਠਨ ਵੀ ਮੌਜੂਦ ਹਨ, ਜਿਹੜੇ ਕਸ਼ਮੀਰੀ ਲੋਕਾਂ ਦੀ ਕੌਮੀ ਅਜ਼ਾਦੀ ਤੇ ਖੁਦਮੁਖਤਿਆਰੀ ਲਈ ਲੜ ਰਹੇ ਹਨ ਅਤੇ ਭਾਰਤ ਅਤੇ ਪਾਕਿਸਤਾਨ, ਦੋਹਾਂ ਮੁਲਕਾਂ ਤੋਂ ਅਲਹਿਦਾ, ਅਜ਼ਾਦ ਕਸ਼ਮੀਰ ਰਾਜ ਦੀ ਸਥਾਪਨਾ ਲਈ ਸੰਘਰਸ਼ਸ਼ੀਲ ਹਨ। ਆਪਣੀ ਵੱਖਰੀ ਪਛਾਣ ਲਈ ਖਤਰਾ ਮੰਨ ਰਹੇ ਕਸ਼ਮੀਰੀ ਲੋਕਾਂ ਦੀ ਸਭ ਤੋਂ ਵੱਧ ਹਮਾਇਤ ਤੇ ਹਮਦਰਦੀ ਇਹਨਾਂ ਸੰਗਠਨਾਂ ਨਾਲ ਹੈ। ਭਾਰਤੀ ਹਾਕਮ, ਇਸ ਹਕੀਕਤ ਨੂੰ ਭਾਰਤੀ ਲੋਕਾਂ ਤੋਂ ਲੁਕੋਅ ਕੇ, ਕਸ਼ਮੀਰ ਸਮੱਸਿਆ ਨੂੰ ਸਿਰਫ ਪਾਕਿਸਤਾਨੀ ਸ਼ਰਾਰਤ ਬਣਾ ਕੇ ਪੇਸ਼ ਕਰ ਰਹੇ ਹਨ ਤਾਂ ਜੋ ਇੱਕ ਹੱਥ ਆਪਣੇ ਦਮਨ ਚੱਕਰ ਨੂੰ ਵਾਜਬ ਠਹਿਰਾਇਆ ਜਾ ਸਕੇ ਅਤੇ ਦੂਸਰੇ ਹੱਥ, ਲੋੜ ਪੈਣ ਉੱਤੇ, ਪਾਕਿਸਤਾਨ ਨਾਲ ਜੰਗ ਲਾ ਕੇ, ਕੌਮੀ ਆਜ਼ਾਦੀ ਦੀ ਇਸ ਲਹਿਰ ਨੂੰ ਕੁਚਲਿਆ ਜਾ ਸਕੇ।
ਕਸ਼ਮੀਰ ਸਮੱਸਿਆ ਦੇ ਇਤਿਹਾਸਕ ਪਿਛੋਕੜ ਤੇ ਝਾਤ ਪੁਆਉਂਦਾ ਹਥਲਾ ਪੈਂਫਲਿਟ ਇਸ ਮਕਸਦ ਨਾਲ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ ਤਾਂ ਜੋ ਪਾਠਕ ਵਾਰ ਵਾਰ ਭੜਕ ਉੱਠਣ ਵਾਲੇ ਇਸ ਮਸਲੇ ਦੇ ਬੁਨਿਆਦੀ ਕਾਰਨਾਂ ਤੋਂ ਜਾਣੂੰ ਹੋ ਸਕਣ। ਨਿਸ਼ਚੇ ਹੀ, ਜਿੰਨਾ ਚਿਰ ਇਹਨਾਂ ਬੁਨਿਆਦੀ ਕਾਰਨਾਂ ਨੂੰ ਸੰਬੋਧਤ ਹੋ ਕੇ ਇਸਦਾ ਕੋਈ ਢੁਕਵਾਂ ਹੱਲ ਨਹੀਂ ਤਲਾਸ਼ਿਆ ਜਾਂਦਾ, ਓਨਾ ਚਿਰ ਇਸ ਸਮੱਸਿਆ ਦੇ ਹੱਲ ਲਈ ਸਭ ਓਹੜ-ਪੋਹੜ ਮਹਿਜ਼ ਟੱਕਰਾਂ ਬਣ ਕੇ ਰਹਿ ਜਾਣ ਲਈ ਸਰਾਪੇ ਜਾਣੇ ਯਕੀਨੀ ਹਨ।
16 ਮਈ 1990
 -ਪ੍ਰਕਾਸ਼ਕ

No comments:

Post a Comment