Saturday, July 2, 2016

10) 15 ਅਗਸਤ




ਸੱਤ੍ਹਾ ਬਦਲੀ ਦੀ ਹਕੀਕਤ:

ਇਹ ਤਾਂ ਆਜ਼ਾਦੀ ਦਾ ਪ੍ਰਛਾਵਾਂ ਵੀ ਨਹੀਂ ਸੀ

-      ਸੁਰਖ਼ ਲੀਹ ਡੈੱਸਕ

1933 ਵਿੱਚ ਨਹਿਰੂ ਨੇ ਕਿਹਾ ਸੀ ਕਿ ‘‘ਫੌਜ-ਪੁਲਸ, ਕਾਨੂੰਨ, ਜੇਲ, ਟੈਕਸ ਆਦਿ ਸਭ ਦਾਬੇ ਦੇ ਸਾਧਨ ਹਨ। ਇੱਕ ਜਿੰਮੀਦਾਰ ਜਿਹੜਾ ਮੁਜ਼ਾਰਿਆਂ ਤੋਂ ਲਗਾਨ ਹਾਸਲ ਕਰਦਾ ਹੈ ਅਤੇ ਅਕਸਰ ਹੀ ਕਈ ਨਜਾਇਜ਼ ਵਸੂਲੀਆਂ ਹਾਸਲ ਕਰਦਾ ਹੈ, ਇਹ ਸਭ ਦਾਬੇ ਨਾਲ ਹੀ ਕਰਦਾ ਹੈ ਨਾ ਕਿ ਤਬਾਦਲੇ ਨਾਲ’’ ਇਸ ਲਈ ਹਕੀਕੀ ਸਮੱਸਿਆ ਇਹ ਹੈ ਕਿ ਲੁੱਟ ਅਤੇ ਸੌੜੇ ਹਿੱਤਾਂ ਦਾ ਖਾਤਮਾ ਕਿਵੇਂ ਕੀਤਾ ਜਾਵੇ? ਇਤਿਹਾਸ ਵਿੱਚ ਇੱਕ ਵੀ ਉਦਾਹਰਣ ਅਜਿਹੀ ਨਹੀਂ ਹੈ ਜਦ ਕਿਸੇ ਵਿਸ਼ੇਸ਼ ਅਧਿਕਾਰ ਪ੍ਰਾਪਤ ਜਮਾਤ ਜਾਂ ਗਰੁੱਪ ਜਾਂ ਕੌਮ ਨੇ ਆਪਣੇ ਵਿਸ਼ੇਸ਼ ਅਧਿਕਾਰਾਂ ਜਾਂ ਹਿੱਤਾਂ ਨੂੰ ਆਪਣੀ ਮਰਜ਼ੀ ਨਾਲ ਤਿਆਗਿਆ ਹੋਵੇ। ਇਸ ਕਰਕੇ ਹਿੰਸਾ ਜਾਂ ਦਬਾ ਸਮਾਜਕ ਤਬਦੀਲੀ ਲਈ ਜ਼ਰੂਰੀ ਬਣ ਜਾਂਦੇ ਹਨ। ਸੋ ਆਜ਼ਾਦੀ ਦੀ ਪ੍ਰਾਪਤੀ ..... ਸੌੜੇ ਹਿੱਤਾਂ ਨੂੰ ਵੰਚਿਤ ਕਰਨ ਦਾ ..... ਇੱਕ ਮੁੱਦਾ ਬਣ ਜਾਂਦਾ ਹੈ। ਜੇਕਰ ਇੱਕ ਘਰੇਲੂ ਸਰਕਾਰ ਬਦੇਸ਼ੀ ਸਰਕਾਰ ਦੀ ਥਾਂ ਲੈ ਲੈਂਦੀ ਹੈ ਅਤੇ ਸਾਰੇ ਸੌੜੇ ਹਿੱਤਾਂ ਨੂੰ ਬਰਕਰਾਰ ਰੱਖਦੀ ਹੈ ਤਾਂ ਇਹ ਆਜ਼ਾਦੀ ਦਾ ਪਰਛਾਵਾਂ ਵੀ ਨਹੀਂ ਹੋਵੇਗਾ।’’
ਪਰ ਜਦ 1946-47 ਵਿੱਚ ਭਾਰਤ ਅੰਦਰ ਇੱਕ ਜਬਰਦਸਤ ਇਨਕਲਾਬੀ ਉਭਾਰ ਉੱਠ ਖੜਾ ਹੋਇਆ, ਮਜ਼ਦੂਰ ਕਿਸਾਨ, ਵਿਦਿਆਰਥੀ, ਬੁੱਧੀਜੀਵੀ ਅਤੇ ਹੋਰ ਦੇਸ਼-ਭਗਤ ਸ਼ਕਤੀਆਂ ਨੇ ਸੰਪੂਰਨ ਆਜ਼ਾਦੀ ਅਤੇ ਖਰੀ ਜਮਹੂਰੀਅਤ ਲਈ ਖਾੜਕੂ ਸੰਘਰਸ਼ਾਂ ਦਾ ਇੱਕ ਅਰੁੱਕ ਸਿਲਸਿਲਾ ਸ਼ੁਰੂ ਕਰ ਦਿੱਤਾ ਤਾਂ ਸੰਸਾਰ ਜੰਗ ਦੇ ਭੰਨੇ ਤੇ ਕਮਜ਼ੋਰ ਹੋਏ ਅੰਗਰੇਜ਼ ਸਾਮਰਾਜੀਆਂ ਨੂੰ ਫੌਜੀ ਤਾਕਤ ਦੀ ਵਰਤੋਂ ਨਾਲ ਭਾਰਤ ਨੂੰ ਗੁਲਾਮ ਬਣਾਈ ਰੱਖਣ ਦੀ ਆਪਣੀ ਅਸਮਰੱਥਾ ਸਪੱਸ਼ਟ ਦਿਖਾਈ ਦੇਣ ਲੱਗ ਪਈ ਸੀ। ਇਸ ਤੋਂ ਅਗਾਂਹ ਉਹਨਾਂ ਨੂੰ ਸੰਸਾਰ ਪੱਧਰ ਤੇ ਭਾਰੂ ਹੋਏ ਇਨਕਲਾਬੀ ਰੁਝਾਨ ਅਤੇ ਖਾਸ ਕਰਕੇ ਤੂਫਾਨੀ ਵੇਗ ਨਾਲ ਉੱਠ ਰਹੀਆਂ ਕੌਮੀ ਮੁਕਤੀ ਲਹਿਰਾਂ ਦੀ ਹਾਲਤ ਦੇ ਪ੍ਰਸੰਗ ਵਿੱਚ ਭਾਰਤ ਅੰਦਰ ਵੀ ਇਨਕਲਾਬ ਦਾ ਡਰਾਉਣਾ ਸੁਪਨਾ ਦਿਖਾਈ ਦੇਣ ਲੱਗ ਪਿਆ ਸੀ। ਬਰਤਾਨੀਆ ਦਾ ਪ੍ਰਧਾਨ ਮੰਤਰੀ ਐਟਲੀ ਖੁਦ ਫਿਕਰਮੰਦ ਸੀ ਕਿ ਜੇ ਅਸੀਂ ਇਸ ਪ੍ਰਸਥਿਤੀ ਨੂੰ ਨਾ ਸਾਂਭ ਸਕੇ ਤਾਂ ਭਾਰਤ ਸਰਵ-ਅਧਿਕਾਰਵਾਦੀ (ਯਾਨੀ ਕਿ ਕਮਿਊਨਿਸਟ ਇਨਕਲਾਬੀ) ਸ਼ਕਤੀਆਂ ਦੇ ਹੱਥਾਂ ਵਿੱਚ ਚਲਾ ਜਾਵੇਗਾ।
ਭਾਰਤ ਅੰਦਰ ਉੱਠੀਆਂ ਇਹਨਾਂ ਇਨਕਲਾਬੀ ਛੱਲਾਂ ਤੋਂ ਸਾਮਰਾਜ ਦੀ ਦਲਾਲ ਭਾਰਤੀ ਵੱਡੀ ਸਰਮਾਏਦਾਰੀ ਅਤੇ ਜਾਗੀਰੂ ਤਾਕਤਾਂ ਵੀ ਬੁਰੀ ਤਰਾਂ ਘਬਰਾਈਆਂ ਹੋਈਆਂ ਸਨ। ਸੋ ਉਹ ਜਿੰਨੀ ਵੀ ਛੇਤੀ ਸੰਭਵ ਹੋ ਸਕੇ - ਇਹਨਾਂ ਇਨਕਲਾਬੀ ਭਾਂਬੜਾਂ ਨੂੰ ਬੁਝਾਉਣ, ਫਿਰਕੂ ਪਾਟਕ ਤੇ ਭਰਾਮਾਰ ਲੜਾਈ ਵਿੱਚ ਉਲਝਾਉਣ ਜਾਂ ਜਬਰ ਤਸ਼ੱਦਦ ਦੀ ਵਰਤੋਂ ਨਾਲ ਕੁਚਲ ਦੇਣ ਲਈ ਤਹੂ ਸਨ। ਪਰ ਇਸ ਸਥਿਤੀ ਦਾ ਅਫਸੋਸਨਾਕ ਪਹਿਲੂ, ਜਿਹੜਾ ਅੰਗਰੇਜ਼ ਸਾਮਰਾਜੀਆਂ ਅਤੇ ਉਸ ਦੇ ਭਾਰਤੀ ਦਲਾਲਾਂ ਲਈ ਇੱਕ ਵਰਦਾਨ ਸਾਬਤ ਹੋਇਆ, ਇਸ ਸੀ ਕਿ ਉਸ ਸਮੇਂ ਇਨਕਲਾਬੀ ਸ਼ਕਤੀਆਂ ਨੂੰ ਅਗਵਾਈ ਦੇਣ ਵਾਲੀ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਲੀਡਰਸ਼ਿੱਪ ਖੁਦ ਇਸ ਪ੍ਰਸਥਿਤੀ ਤੋਂ ਬੌਂਦਲੀ ਹੋਈ ਸੀ। ਘਚੋਲੇ ਵਿੱਚ ਗਰੱਸੀ ਹੋਈ ਸੀ ਅਤੇ ਇਸ ਸ਼ਾਨਦਾਰ ਇਨਕਲਾਬੀ ਉਭਾਰ ਨੂੰ ਦਰੁਸਤ ਅਗਵਾਈ ਮੁਹੱਈਆ ਕਰਨ ਤੋਂ ਅਸਮਰਥ ਨਿੱਬੜ ਰਹੀ ਸੀ। ਹਾਲਤਾਂ ਦੇ ਇਸ ਪ੍ਰਸੰਗ ਵਿੱਚ ਅੰਗਰੇਜ਼ ਸਾਮਰਾਜੀਏ ਅਤੇ ਉਸਦੇ ਭਾਰਤੀ ਦਲਾਲਾਂ ਨੇ ਜਿਹਨਾਂ ਦੀ ਅਗਵਾਈ ਕਾਂਗਰਸ ਤੇ ਮੁਸਲਮ ਲੀਗੀਏ ਕਰਦੇ ਸਨ, ਆਪਣੇ ਜਮਾਤੀ-ਸਿਆਸੀ ਹਿੱਤਾਂ ਦੀ ਰਾਖੀ ਲਈ ਅਤੇ ਲੁੱਟ ਤੇ ਜਬਰ ਦੇ ਇਸ ਬਸਤੀਵਾਦੀ ਨਿਜ਼ਾਮ ਨੂੰ ਬਰਕਰਾਰ ਰੱਖਣ ਲਈ ਸੱਤਾ ਬਦਲੀ ਦੇ ਉਸ ਸਮਝੌਤੇ ਤੇ ਪਹੁੰਚੇ, ਜਿਥੇ 15 ਅਗਸਤ 1947 ਨੂੰ ਮਹਿਜ਼ ਹਾਕਮਾਂ ਦੀ ਤਬਦੀਲੀ ਕੀਤੀ ਗਈ। ਗੋਰਿਆਂ ਦੀ ਥਾਂ ਕਾਲਿਆਂ ਨੇ ਲੈ ਲਈ, ਪਰ ਖੁਦ ਨਹਿਰੂ ਵੱਲੋਂ ਦਰਸਾਏ ਉਪਰੋਕਤ ਪੈਮਾਨੇ ਮੁਤਾਬਕ ਹੀ ਇਹ ਆਜ਼ਾਦੀ ਦਾ ਪਰਛਾਵਾਂ ਮਾਤਰ ਵੀ ਨਹੀਂ ਸੀ।
ਭੂਤ ਅਤੇ ਭਵਿੱਖ ਵਿਚਕਾਰ ਤਾਕਤਵਰ ਕੜੀਆਂ
1947 ਦੇ ਇਸ ਸਮਝੌਤੇ ਦੇ ਖਾਸੇ ਨੂੰ, ਬਹੁਤ ਹੀ ਠੀਕ ਤਰਾਂ ਅਤੇ ਸਪੱਸ਼ਟਤਾ ਨਾਲ ਉਘਾੜਦਿਆਂ, ਅੰਗਰੇਜ਼ੀ ਰਾਜ ਦੇ ਆਖਰੀ ਵਾਇਸਰਾਏ ਮਾਊਂਟਬੈਟਨ ਦੇ ਸਹਾਇਕ ਐਲਨ ਕੈਂਪਬੈਲ ਜਾਨਸਨ ਨੇ ਆਪਣੀ ਕਿਤਾਬ ‘‘ਮਿਸ਼ਨ ਵਿਦ ਮਾਊਂਟਬੈਟਨ’’ ਵਿੱਚ ਦਰਜ ਕੀਤਾ ਹੈ ਕਿ ‘‘ਸੱਤਾ ਬਦਲੀ, ਇਨਕਲਾਬੀ ਪ੍ਰਸਥਿਤੀ ਨੂੰ ਇੱਕ ਵਿਲੱਖਣ ਸੰਬੋਧਨ ਸੀ। ਇਨਕਲਾਬਾਂ ਵਿੱਚ ਅਕਸਰ ਹੀ ਇਉਂ ਹੁੰਦਾ ਹੈ ਕਿ ਇਹ ਇਹਨਾਂ ਦੀ ਅਗਵਾਈ ਕਰਨ ਵਾਲਿਆਂ ਦੇ ਹੱਥੋਂ ਨਿੱਕਲ ਜਾਂਦੇ ਹਨ ਅਤੇ ਉਹਨਾਂ ਦੀਆਂ ਗਿਣਤੀਆਂ-ਮਿਣਤੀਆਂ ਨੂੰ ਵੀ ਪੁੱਠਾ ਪਾ ਦਿੰਦੇ ਹਨ। ਸ਼ਾਇਦ ਲਾਰਡ ਮਾਊਂਟਬੈਟਨ ਦੀ ਮਹਾਨ ਪ੍ਰਾਪਤੀ, ਇੱਕ ਅਜਿਹਾ ਹੱਲ ਤਲਾਸ਼ਣ ਵਿੱਚ ਹੈ ਜਿਹੜਾ ਫੌਰੀ ਇਨਕਲਾਬੀ ਸੰਕਟ ਦੇ ਤੂਫਾਨ ਸਨਮੁੱਖ ਹੋਂਦ ਕਾਇਮ ਰੱਖਣ ਲਈ ਇਸ ਨੂੰ ਲੋੜੀਂਦੀ ਸ਼ਕਤੀ ਤੇ ਸਹਾਇਤਾ ਮੁਹੱਈਆ ਕਰਦਾ ਸੀ ਅਤੇ ਮੁਲਕੀ-ਵੰਡ ਦੇ ਬਾਵਜੂਦ ਭੂਤ ਅਤੇ ਭਵਿੱਖ ਵਿਚਕਾਰ ਤਾਕਤਵਰ ਕੜੀਆਂ ਬਣਾਈ ਰੱਖਦਾ ਸੀ।’’
ਜਾਨਸਨ ਦਾ ਇਹ ਜਾਇਜ਼ਾ, 1947 ਦੇ ਇਸ ਸਮਝੌਤੇ ਦੇ ਤਿੰਨ ਪੱਖਾਂ ਨੂੰ ਸਹੀ ਤਰਾਂ ਪੇਸ਼ ਕਰਦਾ ਹੈ ਕਿ ਇਹ ਸਮਝੌਤਾ ਇਨਕਲਾਬੀ ਪ੍ਰਸਥਿਤੀ ਨੂੰ ਸਾਮਰਾਜੀ ਪੈਂਤੜੇ ਤੋਂ ਸੰਬੋਧਨ ਸੀ। ਇਸ ਦਾ ਮਕਸਦ ਇਨਕਲਾਬੀ ਤੂਫਾਨ ਸਨਮੁੱਖ ਬਸਤੀਵਾਦੀ ਹਿੱਤਾਂ ਅਤੇ ਹੋਂਦ ਨੂੰ ਬਚਾਉਣ ਅਤੇ ਮਜ਼ਬੂਤ ਕਰਨਾ ਸੀ ਅਤੇ ਇਸ ਰਾਹੀਂ ਭੂਤ ਤੇ ਭਵਿੱਖ ਦੀਆਂ ਕੜੀਆਂ ਨੂੰ ਕਾਇਮ ਰੱਖਿਆ ਗਿਆ, ਯਾਨੀ ਕਿ ਉਹ ਪੁਰਾਣਾ ਬਸਤੀਵਾਦੀ ਢਾਂਚਾ ਬਰਕਰਾਰ ਰੱਖਿਆ ਗਿਆ।
ਇਸੇ ਸਮਝੌਤੇ ਦੇ ਨਤੀਜੇ ਵਜੋਂ 15 ਅਗਸਤ 1947 ਨੂੰ ਅੰਗਰੇਜ਼ ਸਾਮਰਾਜੀਆਂ ਨੇ ਸਿੱਧੀ ਗੁਲਾਮੀ ਦੀ ਥਾਂ ਚੋਰ ਗੁਲਾਮੀ ਦਾ ਪੈਂਤੜਾ ਲੈ ਕੇ ਰਾਜ ਸੱਤਾ ਆਪਣੇ ਦਲਾਲਾਂ ਦੇ ਹਵਾਲੇ ਕਰ ਦਿੱਤੀ। ਨਤੀਜੇ ਵਜੋਂ ਭਾਰਤ ਅੰਗਰੇਜ਼ ਸਾਮਰਾਜੀਆਂ ਦੀ ਬਸਤੀ ਤੋਂ ਇੱਕ ਅਰਧ ਬਸਤੀ ਵਿੱਚ ਤਬਦੀਲ ਹੋ ਗਿਆ ਅਤੇ ਸਾਮਰਾਜੀ ਸ਼ਕਤੀਆਂ ਦੇ ਬਦਲੇ ਹੋਏ ਸੰਤੁਲਨ ਅਤੇ ਦੱਬੇ-ਕੁਚਲੇ ਦੇਸ਼ਾਂ ਨੂੰ ਆਪਣੇ ਕਾਬੂ ਵਿੱਚ ਰੱਖਣ ਦੇ ਬਦਲੇ ਹੋਏ ਢੰਗ ਤਰੀਕਿਆਂ ਕਾਰਨ ਸਮੂਹ ਸਾਮਰਾਜੀ ਦੇਸ਼ਾਂ ਦੀ ਨਵ-ਬਸਤੀਆਨਾ ਲੁੱਟ ਅਤੇ ਦਾਬੇ ਦਾ ਅਖਾੜਾ ਬਣ ਗਿਆ। .....

ਸਾਮਰਾਜੀ-ਜਗੀਰੂ ਗਲਬਾ ਜਾਰੀ

ਪਿਛਲੇ ਲਗਭਗ 69 ਵਰ੍ਹਿਆਂ ਅੰਦਰ ਮੁਲਕ ਤੇ ਸਾਮਰਾਜੀ ਗਲਬਾ ਬਰਕਰਾਰ ਹੀ ਨਹੀਂ ਸਗੋਂ ਵਧਿਆ ਹੈ। ਆਰਥਕਤਾ ਦੇ ਹਰੇਕ ਖੇਤਰ ਅੰਦਰ ਸਾਮਰਾਜੀ ਸਰਮਾਏ ਤੇ ਨਿਰਭਰਤਾ ਵਧੀ ਹੈ। ਬਦੇਸ਼ੀ ਤੇ ਬਹੁ-ਕੌਮੀ ਕੰਪਨੀਆਂ ਨਾਲ ਵਿੱਤੀ ਅਤੇ ਤਕਨੀਕੀ ਸਾਂਝ-ਭਿਆਲੀਆਂ ਵਿੱਚ ਚੋਖਾ ਵਾਧਾ ਹੋਇਆ ਹੈ। ਬਦੇਸ਼ੀ ਕਰਜ਼ੇ ਦਾ ਭਾਰ ਇੱਕ ਪੂਰਾ ਜੰਜਾਲ ਬਣ ਗਿਆ ਹੈ। ਅੱਜ ਨੌਬਤ ਇਹ ਹੈ ਕਿ ਸਾਡੇ ਮੁਲਕ ਦੀਆਂ ਆਰਥਕ-ਸਿਆਸੀ ਨੀਤੀਆਂ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਵਪਾਰ ਸੰਸਥਾ ਵਰਗੀਆਂ ਸਾਮਰਾਜ ਦੀਆਂ ਹੱਥਠੋਕਾ ਸੰਸਥਾਵਾਂ ਵੱਲੋਂ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ। ਨਤੀਜਾ ਇਹ ਨਿਕਲਿਆ ਹੈ ਕਿ ਬਹੁਤ ਸਾਰੇ ਉਹ ਲੋਕ ਵੀ, ਜਿਨਾਂ ਨੂੰ ਇਹ ਭਰਮ ਹੈ ਕਿ 1947 ਵਿੱਚ ਭਾਰਤ ਆਜ਼ਾਦ ਹੋ ਗਿਆ ਸੀ। ਅੱਜ ਇਸ ਦੇ ਮੁੜ-ਗੁਲਾਮ ਹੋਣ ਦੀ ਦੁਹਾਈ ਦੇ ਰਹੇ ਹਨ।
ਵਿਸ਼ਾਲ ਅਤੇ ਖਾੜਕੂ ਕਿਸਾਨ ਲਹਿਰਾਂ ਦੇ ਦਬਾਅ ਅਧੀਨ ਜੋ ਵੀ ਜ਼ਮੀਨੀ ਹੱਦਬੰਦੀ ਕਾਨੂੰਨ ਬਣਾਏ ਗਏ, ਉਹ ਇਸ ਢਾਂਚੇ ਦੀ ਅਫਸਰਸ਼ਾਹੀ ਤੇ ਜਾਗੀਰਦਾਰਾਂ ਨਾਲ ਘਿਓ ਖਿਚੜੀ ਹੋਣ ਅਤੇ ਉਹਨਾਂ ਦੀ ਪਿੱਠ ਪੂਰਨ ਸਦਕਾ ਕਾਗਜ਼ਾਂ ਦਾ ਸ਼ਿੰਗਾਰ ਬਣੇ ਰਹਿ ਗਏ। ਚੱਕਬੰਦੀ, ਸਹਿਕਾਰਤਾ ਅਤੇ ਆਰਥਕ-ਰਿਆਇਤਾਂ ਸਹੂਲਤਾਂ ਵਰਗੇ ਜੋ ਵੀ ਹੋਰ ਜ਼ਮੀਨੀ ਸੁਧਾਰਾਂ ਦੇ ਪ੍ਰੋਗਰਾਮ ਅਪਣਾਏ ਗਏ, ਉਹ ਅਫਸਰਸ਼ਾਹੀ ਨਾਲ ਰਵਾਇਤੀ ਸਾਂਝ ਦੇ ਆਧਾਰ ਤੇ ਜਾਗਰੀਦਾਰਾਂ ਅਤੇ ਧਨੀ ਕਿਸਾਨਾਂ ਨੇ ਹੜੱਪ ਲਏ। ਇਹ ਨਵੀਆਂ ਖੜੀਆਂ ਕੀਤੀਆਂ ਸੰਸਥਾਵਾਂ ਤੇ ਵੀ ਕਾਬਜ ਹੋ ਗਏ। ਨਤੀਜੇ ਵਜੋਂ ਜ਼ਰੱਈ ਖੇਤਰ ਵਿੱਚ ਲਾਏ ਗਏ ਬੈਂਕਿੰਗ ਅਤੇ ਅਫਸਰਸ਼ਾਹ ਸਰਮਾਏ ਨੇ ਜਾਗੀਰਦਾਰਾਂ ਅਤੇ ਵੱਡੇ ਧਨਾਢ ਕਿਸਾਨਾਂ ਦੀ ਆਰਥਕ-ਸਿਆਸੀ ਚੌਧਰ ਵਿੱਚ ਹੀ ਵਾਧਾ ਕੀਤਾ। ਦੂਜੇ ਪਾਸੇ ਸਦੀਆਂ ਤੋਂ ਜ਼ਮੀਨਾਂ ਵਾਹੁੰਦੇ ਆ ਰਹੇ ਲੱਖਾਂ ਕਿਸਾਨ ਬੇਦਖਲ ਕੀਤੇ ਗਏ। ਬੰਧਕ ਮਜ਼ਦੂਰੀ ਲਈ ਮਜਬੂਰ ਕੀਤੇ ਗਏ ਅਤੇ ਖੇਤੀ ਅੰਦਰ ਵਪਾਰੀਕਰਨ ਰਾਹੀਂ ਕਰਜ਼ੇ ਦੇ ਜੰਜਾਲ ਵਿੱਚ ਫਸ ਕੇ ਰਹਿ ਗਏ।
ਹਕੀਕਤ ਇਹ ਹੈ ਕਿ ਭਾਰਤ ਦਾ ਬਸਤੀਵਾਦੀ ਢਾਂਚਾ ਏਨੀਆਂ ਦਿਖ ਅਤੇ ਅਦਿੱਖ ਤੰਦਾਂ ਰਾਹੀਂ ਇੱਕ ਪਾਸੇ ਸਾਮਰਾਜ ਦੀ ਗੁਲਾਮੀ, ਮਤਹਿਤ ਅਤੇ ਮੁਥਾਜਗੀ ਵਿੱਚ ਪਰੁੰਨਿਆ ਪਿਆ ਸੀ, ਦੂਜੇ ਪਾਸੇ ਪਿਛਾਖੜੀ ਜਗੀਰੂ ਸ਼ਕਤੀਆਂ ਨਾਲ ਬੱਝਿਆ ਹੋਇਆ ਸੀ ਕਿ ਇਹ ਨਿਜ਼ਾਮ ਆਜ਼ਾਦੀ ਦਾ ਵਾਹਕ ਤੇ ਸੰਦ ਬਣ ਹੀ ਨਹੀਂ ਸੀ ਸਕਦਾ। ਇਸ ਗੱਲ ਦਾ ਇਲਮ ਵਿਦਵਾਨ ਨਹਿਰੂ ਨੂੰ ਵੀ ਸੀ। ਉਹ ਜਾਣਦਾ ਸੀ ਕਿ ਸਾਮਰਾਜ ਅਤੇ ਭਾਰਤੀ ਕੌਮਵਾਦ ਵਿੱਚ ਇੱਕ ਬੁਨਿਆਦੀ ਵਿਰੋਧ ਹੈ ਅਤੇ ਸਾਮਰਾਜ ਤੋਂ ਆਜ਼ਾਦੀ ਲਈ ਸਿਰਫ਼ ਉਸ ਦੇ ਸਿਰਜੇ ਨਿਜ਼ਾਮ ਨੂੰ, ਸਗੋਂ ਉਸ ਨਾਲ ਜੁੜਦੀਆਂ ਸਭ ਦਿੱਖ ਅਤੇ ਅਦਿੱਖ ਤੰਦਾਂ ਨੂੰ ਤੋੜਨਾ ਵੀ ਜ਼ਰੂਰੀ ਹੈ, ਨਹੀਂ ਤਾਂ ਆਰਥਕ ਤਾਂ ਕੀ ਰਾਜਸੀ ਆਜ਼ਾਦੀ ਵੀ ਮਹਿਜ਼ ਰਸਮੀ ਹੋ ਕੇ ਰਹਿ ਜਾਣੀ ਹੈ।
ਸੋ ਜੇ ਸਮੁੱਚੇ ਤੌਰ ਤੇ ਦੇਖੀਏ ਤਾਂ 15 ਅਗਸਤ 1947 ਨੂੰ ਸੱਤਾ ਬਦਲੀ ਉਪਰੰਤ ਭਾਰਤ ਨੂੰ ਕੋਈ ਆਜ਼ਾਦੀ ਨਹੀਂ ਸੀ ਮਿਲੀ। ਇਹ ਆਜ਼ਾਦੀ ਤਾਂ ਕੀ ਆਜ਼ਾਦੀ ਦਾ ਪਰਛਾਵਾਂ ਵੀ ਨਹੀਂ ਸੀ। ਸਗੋਂ ਇਹ ਸਿਰਫ਼ ਆਜ਼ਾਦੀ ਦਾ ਇੱਕ ਨਾਟਕ ਸੀ, ਜਿਹੜਾ ਅੰਗਰੇਜ਼ ਸਾਮਰਾਜੀਆਂ ਅਤੇ ਉਸ ਦੇ ਭਾਰਤੀ ਦਲਾਲਾਂ ਨੇ ਭਾਰਤੀ ਲੋਕਾਂ ਦੀ ਆਜ਼ਾਦੀ ਦੀ ਪ੍ਰਚੰਡ ਤਾਂਘ ਅਤੇ ਸਾਮਰਾਜ ਵਿਰੋਧੀ ਤੇ ਜਾਗੀਰਦਾਰੀ ਵਿਰੋਧੀ ਸੰਘਰਸ਼ਾਂ ਤੇ ਠੰਢਾ ਛਿੜਕਣ ਲਈ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਭਾਰਤ ਉੱਪਰ ਸਾਮਰਾਜੀ ਜਕੜਪੰਜਾ ਹੋਰ ਮਜ਼ਬੂਤ ਹੁੰਦਾ ਆਇਆ ਹੈ। ਜਾਗੀਰੂ ਲੁੱਟ ਅਤੇ ਜਬਰ ਦਾ ਸਿਲਸਿਲਾ ਜਿਉਂ ਦਾ ਤਿਉਂ ਕਾਇਮ ਹੈ। ਨਾਲ ਹੀ ਭਾਰਤੀ ਹਾਕਮਾਂ ਨੇ ਵਿਰਸੇ ਵਿੱਚ ਮਿਲੇ ਹੋਏ ਬਸਤੀਵਾਦੀ ਆਪਾਸ਼ਾਹ ਰਾਜ ਨੂੰ ਹੋਰ ਵੱਧ ਖੂੰਖਾਰ ਤੇ ਜਾਬਰ ਬਣਾਇਆ ਹੈ। ਸਾਮਰਾਜ ਤੋਂ ਆਜ਼ਾਦ ਭਾਰਤ ਅਤੇ ਆਜ਼ਾਦੀ ਦੀ ਰਾਖੀ ਲਈ ਲੋੜੀਂਦੇ ਜਾਗੀਰੂ ਲੁੱਟ ਅਤੇ ਦਾਬੇ ਤੋਂ ਮੁਕਤ ਜਮਹੂਰੀ ਨਿਜ਼ਾਮ ਦੀ ਸਿਰਜਣਾ ਦਾ ਕਾਰਜ ਅਜੇ ਲੋਕਾਂ ਲਈ ਬਕਾਇਆ ਪਿਆ ਹੈ।

No comments:

Post a Comment