Saturday, July 2, 2016

20) ਠੇਕਾ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਲਲਕਾਰ



ਰੁਜ਼ਗਾਰ ਰੈਗੂਲਰ ਕਰਵਾਉਣ ਤੱਕ ਜੂਝਣ ਦਾ ਸਾਂਝਾ ਅਹਿਦ

-ਮੁਲਾਜ਼ਮ ਮੁਹਾਜ਼ ਪੱਤਰਕਾਰ

ਪੰਜਾਬ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਚ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦੀ ਗਿਣਤੀ ਕਾਫੀ ਹੈ ਜਾਂ ਵੱਡਾ ਹਿੱਸਾ ਮੁਲਾਜ਼ਮ ਠੇਕੇਦਾਰੀ ਢੰਗ ਤਹਿਤ ਰੱਖੇ ਹੋਏ ਹਨ। ਇਹ ਸਾਰੇ ਵਰਗ ਹੀ ਆਪਣੇ ਰੁਜ਼ਗਾਰ ਨੂੰ ਰੈਗੂਲਰ ਕਰਵਾਉਣ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ। ਸਿਹਤ ਸਿੱਖਿਆ ਟਰਾਂਸਪੋਰਟ ਤੇ ਪਾਣੀ ਸਪਲਾਈ ਵਰਗੇ ਵਿਭਾਗਾਂ ਦੇ ਇਨ੍ਹਾਂ ਮੁਲਾਜ਼ਮਾਂ ਨੇ ਲੰਬੇ ਤੇ ਸਿਰੜੀ ਸੰਘਰਸ਼ ਕੀਤੇ ਹਨ। ਠੇਕਾ ਮੁਲਾਜ਼ਮਾਂ ਦਾ ਇਹ ਹਿੱਸਾ ਹੀ ਪੰਜਾਬ ਦੀ ਮੁਲਾਜ਼ਮ ਲਹਿਰ ਦਾ ਸਭ ਤੋਂ ਸਰਗਰਮ ਤੇ ਖਾੜਕੂ ਹਿੱਸਾ ਹੈ ਜੋ ਮੁਲਾਜ਼ਮ ਲਹਿਰ ਚ ਨਵੇਂ ਉਤਸ਼ਾਹ ਤੇ ਧੜੱਲੇ ਦਾ ਸੰਚਾਰ ਕਰਨ ਪੱਖੋਂ ਅਹਿਮ ਰੋਲ ਨਿਭਾਅ ਰਿਹਾ ਹੈ। ਹੁਣ ਇਨ੍ਹਾਂ ਵੱਲੋਂ ਸਾਂਝੇ ਸੰਘਰਸ਼ ਦਾ ਬਿਗਲ ਵਜਾਉਣਾ ਸਮੁੱਚੀ ਮੁਲਾਜ਼ਮ ਲਹਿਰ ਲਈ ਹੀ ਸੁਲੱਖਣਾ ਕਦਮ ਵਧਾਰਾ ਹੈ। ਆਪੋ ਆਪਣੇ ਵਿਭਾਗਾਂ ਚ ਸੇਵਾਵਾਂ ਰੈਗੂਲਰ ਕਰਵਾਉਣ ਦੀ ਸਾਂਝੀ ਮੰਗ ਨੂੰ ਲੈ ਕੇ ਇਨ੍ਹਾਂ ਵਰਗਾਂ ਦੀਆਂ ਅੱਠ ਜਥੇਬੰਦੀਆਂ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦਾ ਗਠਨ ਕਰਕੇ ਅਗਲੇ ਘੋਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਪਹਿਲੇ ਪੜਾਅ ਤੇ ਬਠਿੰਡਾ ਵਿਖੇ ਵਿਸ਼ਾਲ ਸੂਬਾ ਪੱਧਰੀ ਜਨਤਕ ਰੈਲੀ ਤੇ ਰੋਸ ਮੁਜ਼ਾਹਰਾ ਕਰਕੇ ਹਕੂਮਤ ਨੂੰ ਸੁਣਾਉਣੀ ਕੀਤੀ ਗਈ ਹੈ ਕਿ ਉਹ ਆਉਂਦੇ ਦਿਨਾਂ ਚ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਸਾਂਝੇ ਮੋਰਚੇ ਚ ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, ਐਨ. ਐੱਚ. ਐੱਮ. ਸਾਂਝਾ ਫਰੰਟ, ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ, ਈ. ਜੀ. ਐੱਸ./ਏ. ਆਈ. ਈ./ਐੱਸ. ਟੀ. ਆਰ. ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ, ਆਦਰਸ਼ ਸਕੂਲ ਟੀਚਰ ਯੂਨੀਅਨ, ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ, ਸੀ. ਐਸ. ਐਸ. ਹਿੰਦੀ ਟੀਚਰ ਯੂਨੀਅਨ ਸ਼ਾਮਲ ਹਨ ਤੇ ਕੁਝ ਹੋਰ ਜਥੇਬੰਦੀਆਂ ਵੱਲੋਂ ਵੀ ਮੁਲਾਜ਼ਮ ਸ਼ਾਮਲ ਹੋਏ ਹਨ। ਇਕੱਠ ਦੀ ਗਿਣਤੀ 5 ਹਜ਼ਾਰ ਤੱਕ ਜਾ ਪੁੱਜੀ। ਜਿਸ ਚ ਔਰਤ ਮੁਲਾਜ਼ਮਾਂ ਦਾ ਵੀ ਭਾਰੀ ਹਿੱਸਾ ਸ਼ਾਮਲ ਸੀ। ਸ਼ਾਮਲ ਸਭਨਾਂ ਜਥੇਬੰਦੀਆਂ ਦਾ ਕਾਡਰ ਵੱਡੀ ਗਿਣਤੀ ਚ ਪਹੁੰਚਿਆ। ਪ੍ਰਸ਼ਾਸਨ ਦੀਆਂ ਰੋਕਾਂ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ਤੇ ਰੋਹ ਭਰਪੂਰ ਮੁਜ਼ਾਹਰਾ ਹੋਇਆ। ਚੱਲ ਰਹੇ ਲਗਾਤਾਰ ਕਿਸਾਨ ਧਰਨੇ ਚੋਂ ਮੁਲਾਜ਼ਮਾਂ ਲਈ ਲੰਗਰ ਵਰਤਾਇਆ ਗਿਆ। ਔਖੀਆਂ ਹਾਲਤਾਂ ਚ ਇਕੱਲੇ ਇਕੱਲੇ ਹਕੂਮਤ ਖਿਲਾਫ਼ ਭਿੜਦੇ ਆ ਰਹੇ ਮੁਲਾਜ਼ਮ ਹਿੱਸਿਆਂ ਦੇ ਆਪਸ ਚ ਜੁੜ ਜਾਣ ਤੇ ਐਨਾ ਵਿਸ਼ਾਲ ਇਕੱਠ ਹੋ ਜਾਣ ਨੇ ਜਨਤਾ ਦੇ ਹੌਂਸਲੇ ਤੇ ਇਰਾਦਿਆਂ ਨੂੰ ਜਰਬਾਂ ਦਿੱਤੀਆਂ। ਇਕੱਠ ਦੌਰਾਨ ਬੁਲਾਰਿਆਂ ਦੇ ਭਾਸ਼ਣਾਂ ਚ ਹੋਰਨਾਂ ਗੱਲਾਂ ਤੋਂ ਇਲਾਵਾ ਨਿੱਜੀਕਰਨ ਦੀ ਨੀਤੀ ਦੇ ਅਸਰਾਂ ਦਾ ਮੁੱਦਾ ਸਾਂਝੇ ਤੌਰ ਤੇ ਉੱਭਰਿਆ ਤੇ ਰੁਜ਼ਗਾਰ ਨੂੰ ਰੈਗੂਲਰ ਕਰਵਾਉਣ ਤੱਕ ਜਾਨ ਹੂਲਵੀਂ ਲੜਾਈ ਲੜਦੇ ਰਹਿਣ ਦੇ ਸਾਂਝੇ ਐਲਾਨ ਹੋਏ। ਇਹ ਸਫ਼ਲ ਐਕਸ਼ਨ ਪਹਿਲਾਂ ਮਹੀਨਾ ਭਰ ਚੱਲੀ ਤਿਆਰੀ ਮੁਹਿੰਮ ਦਾ ਸਿੱਟਾ ਸੀ, ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰ ਤੇ ਬਾਕਾਇਦਾ ਮੁਹਿੰਮਾਂ ਚਲਾਈਆਂ ਗਈਆਂ ਤੇ ਧੁਰ ਹੇਠਲੀਆਂ ਪਰਤਾਂ ਤੱਕ ਪਹੁੰਚ ਕੀਤੀ ਗਈ। ਇਸ ਮੁਹਿੰਮ ਦਾ ਅਹਿਮ ਲੱਛਣ ਇਹ ਵੀ ਸੀ ਕਿ ਇੱਕ ਜਥੇਬੰਦੀ ਵੱਲੋਂ ਕੀਤੀ ਕਨਵੈਨਸ਼ਨ ਚ ਦੂਜੀਆਂ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੁੰਦੇ ਰਹੇ ਤੇ ਇੱਕ ਦੂਜੇ ਦੇ ਘੋਲ ਤਜ਼ਰਬੇ ਸਮੁੱਚੀ ਮੁਲਾਜ਼ਮ ਜਨਤਾ ਨਾਲ ਸਾਂਝੇ ਹੁੰਦੇ ਰਹੇ। ਅਜਿਹੀ ਤਿਆਰੀ ਮੁਹਿੰਮ ਨੇ ਯੂਨੀਅਨਾਂ ਦੀ ਏਕਤਾ ਗੰਢ ਮਜ਼ਬੂਤ ਕਰਨ ਚ ਅਹਿਮ ਰੋਲ ਨਿਭਾਇਆ। ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮ ਹਿੱਸਿਆਂ ਵੱਲੋਂ ਇਸ ਲੜਾਈ ਨੂੰ ਕਰੋ ਜਾਂ ਮਰੋ ਦੀ ਲੜਾਈ ਵਜੋਂ ਦੇਖਿਆ ਜਾ ਰਿਹਾ ਹੈ। ਹਕੂਮਤ ਦੀ ਸਿਆਸੀ ਘੇਰਾਬੰਦੀ ਤੇ ਚੋਣ ਗਿਣਤੀਆਂ ਦਾ ਲਾਹਾ ਲੈ ਕੇ ਵੱਧ ਤੋਂ ਵੱਧ ਦਬਾਅ ਜੁਟਾਉਣ ਰਾਹੀਂ ਆਪਣੀਆਂ ਅਹਿਮ ਮੰਗਾਂ ਮਨਵਾਉਣ ਦਾ ਇਹ ਢੁਕਵਾਂ ਮੌਕਾ ਬਣਦਾ ਹੈ। ਇਹ ਸਰਗਰਮੀ ਨੂੰ ਤਿੱਖੀ ਤੇ ਤੇਜ਼ ਕਰਨ ਪੱਖੋਂ ਤਾਂ ਅਹਿਮ ਗੱਲ ਹੈ, ਪਰ ਰੈਗੂਲਰ ਹੋਣ ਦੀ ਇਸ ਜੱਦੋਜਹਿਦ ਨੂੰ ਲੰਮੀ, ਲਮਕਵੀਂ ਤੇ ਹੋਰ ਮਿਹਨਤਕਸ਼ ਤਬਕਿਆਂ ਨਾਲ ਅੰਤਰਕਿਰਿਆ ਚ ਚੱਲਣ ਵਾਲੀ ਵਡੇਰੀ ਜਦੋਜਹਿਦ ਵਜੋਂ ਲੈਣਾ ਚਾਹੀਦਾ ਹੈ। ਘੋਲ ਚ ਸ਼ਾਮਲ ਲੀਡਰਸ਼ਿਪਾਂ ਸਮੇਤ ਸਮੁੱਚੀ ਮੁਲਾਜ਼ਮ ਜਨਤਾ ਨੂੰ ਇਸ ਗੱਲ ਤੇ ਮਜ਼ਬੂਤ ਪਕੜ ਬਣਾਉਣੀ ਚਾਹੀਦੀ ਹੈ ਕਿ ਇਸ ਦੌਰ ਚ ਬਾਦਲ ਹਕੂਮਤ ਸਮੇਤ ਸਭਨਾਂ ਹਕੂਮਤਾਂ ਵੱਲੋਂ ਜਨਤਕ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਅੱਗੇ ਵਧਾਈ ਜਾ ਰਹੀ ਹੈ। ਇਹ ਅਦਾਰੇ ਲਗਾਤਾਰ ਖੋਰੇ ਜਾ ਰਹੇ ਹਨ। ਠੇਕਾ ਭਰਤੀ ਦੀ ਨੀਤੀ ਨਿੱਜੀਕਰਨ ਦੀ ਨੀਤੀ ਨੂੰ ਅੱਗੇ ਵਧਾਉਣ ਦਾ ਇੱਕ ਅਹਿਮ ਢੰਗ ਹੈ। ਹਕੂਮਤਾਂ ਵੱਖ ਵੱਖ ਵਿਭਾਗਾਂ ਚ ਨਵੀਂ ਭਰਤੀ ਦੀ ਥਾਂ ਕੰਪਨੀਆਂ ਤੋਂ ਆਊਟਸੋਰਸਿੰਗ ਰਾਹੀਂ ਕੰਮ ਕਰਵਾ ਰਹੀਆਂ ਹਨ। ਇਉਂ ਇਸ ਟੱਕਰ ਦਾ ਸਬੰਧ ਹਾਕਮ ਜਮਾਤਾਂ ਵੱਲੋਂ ਸਾਂਝੇ ਤੌਰ ਤੇ ਅਖ਼ਿਤਿਆਰ ਕੀਤੀ ਸਮੁੱਚੀ ਧੁੱਸ ਤੇ ਨੀਤੀ ਨਾਲ ਹੈ। ਇਸ ਲਈ ਇਹ ਜਿੱਥੇ ਮਜ਼ਬੂਤ ਇਰਾਦੇ, ਦ੍ਰਿੜਤਾ ਤੇ ਵਡੇਰੀ ਮਾਨਸਿਕ ਤਿਆਰੀ ਨਾਲ ਘੋਲ ਚ ਕੁੱਦਣ ਦੀ ਮੰਗ ਕਰਦੀ ਹੈ ਉਥੇ ਇਸ ਨੀਤੀ ਦੀ ਮਾਰ ਹੰਢਾ ਰਹੇ ਵੱਖ ਵੱਖ ਮਿਹਨਤਕਸ਼ ਤਬਕਿਆਂ ਨਾਲ ਵੀ ਗਹਿਰੀ ਜੋਟੀ ਦੀ ਮੰਗ ਕਰਦੀ ਹੈ। ਸੇਵਾ ਅਦਾਰਿਆਂ ਦੇ ਨਿੱਜੀਕਰਨ ਦੇ ਮਾਰੂ ਅਸਰਾਂ ਖਿਲਾਫ਼ ਕਈ ਲੋਕ ਹਿੱਸੇ ਵੀ ਸੰਘਰਸ਼ ਕਰ ਰਹੇ ਹਨ। ਉਹਨਾਂ ਨਾਲ ਤਾਲਮੇਲ ਬਿਠਾਉਣ ਤੇ ਹੋਰ ਵਧੇਰੇ ਲੋਕ ਹਿੱਸਿਆਂ ਨੂੰ ਲਾਮਬੰਦ ਕਰਨ ਚ ਜੁਟਣ ਦੀ ਜ਼ਰੂਰਤ ਹੈ। ਕਿਉਂਕਿ ਆਖ਼ਰਕਾਰ ਵਿਸ਼ਾਲ ਮਿਹਨਤਕਸ਼ ਜਨਤਾ ਹੀ ਨਿੱਜੀਕਰਨ ਖਿਲਾਫ਼ ਕੰਧ ਬਣ ਸਕਦੀ ਹੈ। ਇਸ ਮੰਚ ਚ ਸ਼ਾਮਲ ਕੁਝ ਜਥੇਬੰਦੀਆਂ ਵੱਲੋਂ ਲੋਕਾਂ ਚ ਜਾਣ ਤੇ ਉਹਨਾਂ ਨੂੰ ਲਾਮਬੰਦ ਕਰਨ ਦੇ ਚੰਗੇ ਉਤਸ਼ਾਹੀ ਯਤਨ ਦਿਖੇ ਹਨ। ਖਾਸ ਕਰਕੇ ਐਸ. ਐਸ. ਏ./ਰਮਸਾ ਅਧਿਆਪਕ ਯੂਨੀਅਨ ਤੇ ਜਲ ਸਪਲਾਈ ਵਾਟਰ ਕੰਟਰੈਕਟ ਯੂਨੀਅਨ ਵੱਲੋਂ ਵੱਡੀਆਂ ਜਨਤਕ ਮੁਹਿੰਮਾਂ ਚਲਾ ਕੇ ਨਿੱਜੀਕਰਨ ਦੇ ਮਾਰੂ ਅਸਰਾਂ ਖਿਲਾਫ਼ ਲੋਕਾਂ ਨੂੰ ਚੇਤਨ ਕੀਤਾ ਗਿਆ ਹੈ ਤੇ ਲਾਮਬੰਦੀਆਂ ਕੀਤੀਆਂ ਗਈਆਂ ਹਨ। ਇਸ ਤਜ਼ਰਬੇ ਨੂੰ ਹੋਰ ਵਡੇਰੇ ਪੈਮਾਨੇ ਤੇ ਲਾਗੂ ਕਰਨ ਦੀ ਜ਼ਰੂਰਤ ਹੈ।

No comments:

Post a Comment