Saturday, July 2, 2016

14) ਜੁਲਾਈ ਅਗਸਤ ਮਹੀਨਿਆਂ ’ਚ ਸ਼ਹਾਦਤਾਂ ਪਾ ਗਏ ਯੋਧੇ



ਜੁਲਾਈ ਅਗਸਤ ਮਹੀਨਿਆਂ ’ਚ ਸ਼ਹਾਦਤਾਂ ਪਾ ਗਏ ਯੋਧਿਆਂ ਨੂੰ ਸਿਜਦਾ ਕਰੀਏ

ਸ਼ਾਨਾਂਮੱਤੀ ਵਿਰਾਸਤ ਨੂੰ ਅੱਗੇ ਵਧਾਈਏ

ਭਾਰਤੀ ਲੋਕ ਬਸਤੀਵਾਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਤੇ ਭਾਰਤ ਚ ਲੋਕਾਂ ਦੀ ਪੁੱਗਤ, ਆਜ਼ਾਦੀ ਤੇ ਬਰਾਬਰੀ ਤੇ ਆਧਾਰਤ ਇੱਕ ਖਰਾ ਜਮਹੂਰੀ ਲੋਕ-ਰਾਜ ਸਿਰਜਣ ਲਈ ਜੱਦੋਜਹਿਦ ਕਰਦੇ ਆ ਰਹੇ ਹਨ। ਭਾਰਤੀ ਲੋਕਾਂ ਦੀ ਇਸ ਗੌਰਵਮਈ ਜੱਦੋਜਹਿਦ ਅੰਦਰ 1947 ਦੀ ਸੱਤਾਬਦਲੀ ਤੋਂ ਪਹਿਲਾਂ ਅਤੇ ਬਾਅਦ ਅਣਗਿਣਤ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਕੁਰਬਾਨੀਆਂ ਕੀਤੀਆਂ-ਆਪਣੇ ਘਰ-ਬਾਰ, ਪ੍ਰਵਾਰ ਤੇ ਕਾਰੋਬਾਰ ਛੱਡੇ, ਹਕੂਮਤੀ ਜਬਰ ਪਿੰਡਿਆਂ ਤੇ ਹੰਢਾਇਆ, ਜਿਹਲਾਂ ਚ ਸੜੇ, ਪੁਲਸ ਗੋਲੀਆਂ ਦਾ ਸ਼ਿਕਾਰ ਬਣੇ ਜਾਂ ਫਾਂਸੀਆਂ ਦੇ ਫੰਦਿਆਂ ਨਾਲ ਲਟਕ ਗਏ। ਭਾਰਤੀ ਲੋਕਾਂ ਦੀ ਜੱਦੋਜਹਿਦ ਦੌਰਾਨ ਤਰ੍ਹਾਂ ਤਰ੍ਹਾਂ ਦੀਆਂ ਕੁਰਬਾਨੀਆਂ ਕਰਨ ਤੇ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਇਹ ਸੂਰਬੀਰ ਯੋਧੇ ਸਾਡੇ ਸਨਮਾਨ ਤੇ ਸ਼ਰਧਾ ਦੇ ਪਾਤਰ ਹਨ। ਸਾਡੇ ਉਤਸ਼ਾਹ ਤੇ ਪ੍ਰੇਰਣਾ ਦੇ ਸੋਮੇ ਹਨ। ਸਾਡੇ ਸਭਨਾਂ ਦੇ ਸਾਹਾਂ ਦੀ ਮਹਿਕ ਹਨ। ਇਹਨਾਂ ਦੀ ਯਾਦ ਨੂੰ ਮਨੀਂ ਵਸਾਉਂਦਿਆਂ ਇਹਨਾਂ ਵੱਲੋਂ ਵਿਖਾਏ ਰਾਹ ਉਪਰ ਅੱਗੇ ਵਧਣਾ ਤੇ ਭਾਰਤੀ ਲੋਕਾਂ ਦੀ ਸਾਮਰਾਜੀ-ਜਗੀਰੂ ਲੁੱਟ ਤੇ ਗਲਬੇ ਤੋਂ ਮੁਕਤੀ ਦੀ ਅਧੂਰੀ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਣਾ ਸਾਡਾ ਸਭ ਦਾ ਇਨਕਲਾਬੀ ਫਰਜ ਬਣਦਾ ਹੈ।
ਭਾਰਤੀ ਲੋਕਾਂ ਦੀ ਲੰਮੀ ਇਨਕਲਾਬੀ ਜੱਦੋਜਹਿਦ ਦੌਰਾਨ ਆਪਣੀਆਂ ਜਾਨਾਂ ਦੀ ਅਹੂਤੀ ਦੇ ਕੇ ਇਸ ਜੋਤ ਨੂੰ ਮਘਦਾ ਰੱਖਣ ਵਾਲਿਆਂ ਦੀ ਲੰਮੀ ਕਤਾਰ ਚੋਂ ਅੱਜ ਅਸੀਂ ਕੁੱਝ ਕੁ ਉਹਨਾਂ ਜੁਝਾਰੂਆਂ ਨੂੰ ਚੇਤੇ ਕਰ ਰਹੇ ਤੇ ਨਤਮਸਤਕ ਹੋ ਰਹੇ ਹਾਂ ਜਿੰਨਾਂ ਨੇ ਜੁਲਾਈ-ਅਗਸਤ ਮਹੀਨਿਆਂ ਚ ਇਹ ਸ਼ਹਾਦਤੀ ਜਾਮ ਪੀਤੇ ਸਨ। ਇਸ ਪੱਖੋਂ ਕੌਮੀ ਆਜ਼ਾਦੀ ਦੀ ਲਹਿਰ ਚ ਸਭ ਤੋਂ ਸਿਰਮੌਰ ਨਾਂ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜਾਦ ਦਾ ਹੈ ਜਿਸ ਨੂੰ ਬਸਤੀਵਾਦੀ ਹਕੂਮਤ ਦਾ ਵਿਰੋਧ ਕਰਨ ਤੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਮੁਜ਼ਰਮ ਜਨਰਲ ਉਡਵਾਇਰ ਨੂੰ ਗੋਲੀ ਮਾਰਨ ਦੇ ਜੁਰਮ ਚ ਗੋਰੇ ਹਾਕਮਾਂ ਨੇ 31 ਜੁਲਾਈ 1940 ਨੂੰ ਫਾਂਸੀ ਦੇ ਫੰਦੇ ਤੇ ਲਟਕਾ ਦਿੱਤਾ ਸੀ।
1947 ਦੀ ਸਤ੍ਹਾ-ਬਦਲੀ ਤੋਂ ਬਾਅਦ ਭਾਰਤੀ ਲੋਕਾਂ ਦੀ ਇਨਕਲਾਬੀ ਜੱਦੋਜਹਿਦ ਚ ਇੱਕ ਵੱਡਾ ਤੇ ਉਤਸ਼ਾਹੀ ਉਛਾਲ 1967ਚ ਨਕਸਲਵਾੜੀ ਚ ਵਾਪਰੀ ਘਟਨਾ ਤੋਂ ਬਾਅਦ ਆਇਆ ਜਦ ਸੋਧਵਾਦੀ ਤੇ ਨਵ-ਸੋਧਵਾਦੀ ਲੀਹ ਨਾਲੋਂ ਤੋੜ-ਵਿਛੋੜਾ ਕਰਕੇ ਮੁਲਕ ਭਰ ਅੰਦਰ ਕਮਿਊਨਿਸਟ ਇਨਕਲਾਬੀ ਭਾਰਤ ਅੰਦਰ ਹਥਿਆਰਬੰਦ ਜ਼ਰੱਈ ਇਨਕਲਾਬ ਲਈ ਸਰਗਰਮੀ ਨਾਲ ਜੁਟ ਗਏ। ਮੁਲਕ ਭਰ ਚ ਲੱਖਾਂ ਹੀ ਵਿਦਿਆਰਥੀ ਤੇ ਨੌਜਵਾਨ ਆਪਣੀ ਪੜ੍ਹਾਈ ਛੱਡ ਕੇ ਇਸ ਸੰਗਰਾਮ ਚ ਕੁੱਦ ਪਏ। ਇਸ ਲਹਿਰ ਨੂੰ ਬੇਕਿਰਕੀ ਨਾਲ ਕੁਚਲਣ ਲਈ ਭਾਰਤੀ ਹਾਕਮ ਜਮਾਤਾਂ ਨੇ ਫਾਸ਼ੀ ਜਬਰ ਦਾ ਵੱਡਾ ਹੱਲਾ ਬੋਲ ਦਿੱਤਾ ਤੇ ਝੂਠੇ ਪੁਲਸ ਮੁਕਾਬਲਿਆਂ ਚ ਹਜਾਰਾਂ ਤੇ ਲੱਖਾਂ ਦੀ ਗਿਣਤੀ ਚ ਕਮਿਊਨਿਸਟ ਇਨਕਲਾਬੀਆਂ ਨੂੰ ਕਤਲ ਕਰ ਦਿੱਤਾ। ਇਨਕਲਾਬ ਤੇ ਉਲਟ-ਇਨਕਲਾਬ ਚ ਇਹ ਜੰਗ ਅੱਜ ਵੀ ਜਾਰੀ ਹੈ।
ਭਾਰਤ ਦੀ ਕਮਿ.ਇਨਕਲਾਬੀ ਲਹਿਰ ਦੇ ਦੋ ਦੇਸ਼-ਪੱਧਰੇ ਚੋਟੀ ਦੇ ਆਗੂਆਂ ਕਾਮਰੇਡ ਚਾਰੂ ਮਾਜ਼ੂਮਦਾਰ ਤੇ ਕਾਮਰੇਡ ਤਰੀਮੁਲਾ ਨਾਗੀਰੈਡੀ ਦੀਆਂ ਸ਼ਹਾਦਤਾਂ ਵੀ ਜੁਲਾਈ ਮਹੀਨੇ ਚ ਹੀ ਪੈਂਦੀਆਂ ਹਨ। ਕਾਮਰੇਡ ਚਾਰੂ ਨਕਸਲਵਾੜੀ ਦੇ ਪ੍ਰਮੁੱਖ ਆਗੂਆਂ ਚੋਂ ਸਨ ਜਿਹਨਾਂ ਨੇ ਨਵ-ਸੋਧਵਾਦੀ ਪਾਰਲੀਮੈਂਟਰੀ ਸਿਆਸਤ ਨੂੰ ਬੇਪਰਦ ਕਰਨ ਤੇ ਭਾਰਤ ਚ ਮਾਓ-ਵਿਚਾਰਧਾਰਾ, ਹਥਿਆਰਬੰਦ ਜਰੱਈ ਇਨਕਲਾਬ ਅਤੇ ਲੋਕ ਯੁੱਧ ਦੇ ਰਾਹ ਨੂੰ ਉਭਾਰਨ ਤੇ ਸਥਾਪਤ ਕਰਨ ਚ ਅਹਿਮ ਰੋਲ ਅਦਾ ਕੀਤਾ। ਜੁਲਾਈ 1971ਚ ਪੁਲਸ ਹਿਰਾਸਤ ਦੌਰਾਨ ਉਹਨਾਂ ਦੀ ਮੌਤ ਹੋ ਗਈ। ਕਾਮਰੇਡ ਨਾਗੀਰੈਡੀ ਵੀ ਕਮਿ.ਇਨ.ਲਹਿਰ ਨਾਲ ਸਬੰਧਤ ਪ੍ਰਮੁੱਖ ਆਗੂ ਸਨ ਜਿਨ੍ਹਾਂ ਨੇ ਸੋਧਵਾਦ ਤੇ ਨਵ-ਸੋਧਵਾਦ ਦੇ ਨਾਲ ਨਾਲ ਕਮਿਊਨਿਸਟ ਇਨਕਲਾਬੀ ਲਹਿਰ ਚ ਖੱਬੂ ਮਾਅਰਕੇਬਾਜੀ ਵਿਰੁੱਧ ਡਟਵੀਂ ਜੱਦੋਜਹਿਦ ਕੀਤੀ ਅਤੇ ਇਨਕਲਾਬੀ ਜਨਤਕ ਲੀਹ ਨੂੰ ਬੁਲੰਦ ਕੀਤਾ। ਉਹਨਾਂ ਦੀ ਵੀ ਗੁਪਤਵਾਸ ਜੀਵਨ ਦੌਰਾਨ ਜੁਲਾਈ 1976ਚ ਮੌਤ ਹੋ ਗਈ ਸੀ। ਸੀ. ਪੀ. ਆਈ. (ਮਾਉਵਾਦੀ) ਦੇ ਕੇਂਦਰੀ ਕਮੇਟੀ ਮੈਂਬਰ ਕਾ. ਚੇਰੂਕਰੀ ਰਾਜਕੁਮਾਰ ਉਰਫ਼ ਆਜ਼ਾਦ ਨੂੰ ਜੁਲਾਈ 2010ਚ ਗੱਲਬਾਤ ਲਈ ਬੁਲਾਵਾ ਭੇਜ ਕੇ ਧੋਖੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਤੇ ਮਹਾਂਰਾਸ਼ਟਰ ਦੇ (ਆਦੀਲਾਬਾਦ) ਜੰਗਲਾਂ ਚ ਝੂਠਾ ਪੁਲਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ।
ਪੰਜਾਬ ਅੰਦਰ ਕਮਿਊਨਿਸਟ ਇਨਕਲਾਬੀ ਲਹਿਰ ਦੇ ਮੁੱਢਲੇ ਨੇਤਾਵਾਂ ਚੋਂ ਇੱਕ ਬਜੁਰਗ ਕਮਿਊਨਿਸਟ ਘੁਲਾਟੀਏ ਬਾਬਾ ਬੂਝਾ ਸਿੰਘ ਨੂੰ ਵੀ ਜੁਲਾਈ 1970 ਚ ਝੂਠੇ ਪੁਲਸ ਮੁਕਾਬਲੇ ਚ ਸ਼ਹੀਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਹਰਮਨ ਪਿਆਰੇ ਤੇ ਸਿਰਕੱਢ ਵਿਦਿਆਰਥੀ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ, ਕਮਿਊਨਿਸਟ ਇਨਕਲਾਬੀ ਕਾਰਕੁੰਨ ਤੇ ਕਿਸਾਨ ਆਗੂ ਨਿਧਾਨ ਸਿੰਘ ਘੁਡਾਣੀ ਕਲਾਂ, ਨੌਜਵਾਨ ਭਾਰਤ ਸਭਾ ਦੇ ਅਵਤਾਰ ਸਿੰਘ ਢੁੱਡੀਕੇ, ਲਾਲ ਇੰਦਰ ਲਾਲੀ, ਦਰਸ਼ਨ ਦੁਸਾਂਝ, ਭੋਲਾ ਸਿੰਘ ਗੁਰੂਸਰ, ਦਰਸ਼ਨ ਸਿੰਘ ਸੁਖਲੱਧੀ, ਗੁਰਬੰਤਾ ਸਿੰਘ ਰਾਏਪੁਰ, ਤੇਜਾ ਸਿੰਘ ਬਬਨਪੁਰ, ਸਰਬਣ ਸਿੰਘ ਬੋਹਾ, ਕਾ.ਦਲੀਪ ਸਿੰਘ ਤੇ ਬਾਬੂ ਸਿੰਘ ਕਿਲ੍ਹਾ ਹਕੀਮਾ, ਨਿਰੰਜਣ ਸਿੰਘ ਅਕਾਲੀ ਕਾਲਸਾਂ, ਤਿਰਲੋਚਨ ਸਿੰਘ ਬਾਬਰ, ਅਰਜਨ ਸਿੰਘ ਡੇਰਾ ਬਾਬਾ ਨਾਨਕ, ਵੀਰ ਸਿੰਘ ਚੀਮਾ, ਉਜਾਗਰ ਸਿੰਘ ਝੁੰਗੀਆਂ, ਜਸਪਾਲ ਸਿੰਘ ਬਾਲਦ ਕਲਾਂ ਤੇ ਹਰਬੰਸ ਸਿੰਘ ਸੰਘੇੜਾ ਆਦਿਕ ਆਦਿਕ ਅੱਡ ਅੱਡ ਮੌਕਿਆਂ ਤੇ ਸ਼ਹਾਦਤਾਂ ਹਾਸਲ ਕਰ ਗਏ ਸਨ। ਅਦਾਰਾ ਸੁਰਖ ਲੀਹ ਭਾਰਤੀ ਇਨਕਲਾਬ ਦੇ ਇਹਨਾਂ ਤੇ ਅਨੇਕਾਂ ਹੋਰ ਗੁੰਮਨਾਮ ਸ਼ਹੀਦਾਂ ਦੀ ਯਾਦ ਚ ਸੀਸ ਨਿਵਾਉਂਦਾ ਹੈ ਤੇ ਇਹਨਾਂ ਦੇ ਕਾਰਜ ਨੂੰ ਅੱਗੇ ਵਧਾਉਣ ਚ ਬਣਦਾ ਹਿੱਸਾ ਪਾਉਣ ਲਈ ਆਪਣੀ ਵਚਨ-ਬੱਧਤਾ ਦੁਹਰਾਉਂਦਾ ਹੈ।

No comments:

Post a Comment