‘‘ਤੁਸੀਂ ਮੈਨੂੰ ਕਤਲ ਕਰ ਸਕਦੇ ਹੋ ਪਰ ਮੈਥੋਂ ਵੋਟ ਨਹੀਂ ਪੁਆ ਸਕਦੇ’’
ਸ੍ਰੀਨਗਰ 15 ਨਵੰਬਰ, ਟ੍ਰਿਬਿਊਨ ਨਿਊਜ਼ ਸਰਵਿਸ- ਵੋਟਰਾਂ ਦੇ ਰੌਂਅ ਨੂੰ ਜਾਨਣ ਲਈ ਤੁਹਾਨੂੰ ਕਸ਼ਮੀਰ ਵਾਦੀ ’ਚ ਧੁਰ ਦੂਰ ਤੱਕ ਜਾਣ ਦੀ ਲੋੜ ਨਹੀਂ। ਸ੍ਰੀਨਗਰ ਦੇ ਸ਼ਹਿਰੀ ਖੇਤਰਾਂ ਦੇ ਐਨ ਕੇਂਦਰ ਵਿਚ ਵੀ
ਬਦਜ਼ਨੀ ਪ੍ਰਤੱਖ ਹੈ, ਜਿਥੋਂ ਨੈਸ਼ਨਲ ਕਾਨਫਰੰਸ ਦਾ ਮੁੱਖ ਮੰਤਰੀ ਦਾ ਦਾਅਵੇਦਾਰ ਫਾਰੂਕ ਅਬਦੁੱਲਾ ਚੋਣ ਲੜ ਰਿਹਾ ਹੈ।
ਹਜ਼ਰਤ ਬਲ ਲੇਨ ਦੇ ਕੁੱਝ ਕਿਲੋਮੀਟਰ ਥ¤ਲੇ ਇੱਕ ਆਦਮੀ ਰਹਿੰਦਾ ਹੈ, ਜੋ ਕਹਿੰਦਾ ਹੈ ਕਿ ਉਹ ਵੋਟ ਪਾਉਣ ਨਾਲੋਂ ਮਰਨ ਨੂੰ ਤਰਜੀਹ ਦੇਵੇਗਾ। ਇਹ ਉਹ ਥਾਂ ਹੈ ਜਿਥੇ
ਚੁਣੇ ਜਾਣ ਦੀ ਹਾਲਤ ਵਿਚ ਅਬਦੁੱਲਾ ਨੇ ਆਪਣਾ ਕੇਂਦਰੀ ਦਫਤਰ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਉੱਚੇ
ਮਹੱਤਵ ਵਾਲੇ ਹਲਕੇ ਵਿਚ ਰਹਿੰਦੇ 35 ਸਾਲਾ ਵੋਟਰ ਰਿਆਜ਼ ਮਲਿਕ ਖਾਤਰ ਚੋਣਾਂ ਕੁੱਝ ਵੀ ਨਹੀਂ ਹਨ, ਜਦੋਂ ਕਿ ਅਜ਼ਾਦੀ ਸਭ ਕੁੱਝ ਹੈ। ਬਾਂਦੀਪੋਰਾ ਹੋਵੇ, ਗਾਂਦਰਬਲ, ਬਾਰਾਮੂਲਾ ਜਾਂ ਅਨੰਤਨਾਗ, ਚੋਣਾਂ ਦਾ ਸਾਹਮਣਾ ਕਰਨ ਜਾ ਰਹੇ ਸਭੇ ਸ਼ਹਿਰੀ ਅਤੇ ਨੀਮ-ਸ਼ਹਿਰੀ ਜ਼ਿਲ੍ਹੇ ਇਸੇ ਜਜ਼ਬਾਤ ਦੀ
ਗ੍ਰਿਫਤ ਵਿਚ ਹਨ। ਇਸੇ ਤੋਂ ਇਸ ਗੱਲ ਦੀ ਵਿਆਖਿਆ ਹੁੰਦੀ ਹੈ ਕਿ ਸਿਆਸੀ ਪਾਰਟੀਆਂ ਨੇ ਆਪਣੀ
ਚੋਣ-ਮੁਹਿੰਮ ਨੂੰ ਮੰਦੇਰ, ਗੁਰੇਜ਼, ਸੋਨਾਵਰੀ, ਉੜੀ ਅਤੇ ਕੁਲਗਾਮ ਵਰਗੇ ਕੰਨੀ ਦੇ ਇਲਾਕਿਆਂ ਤੱਕ ਸੀਮਤ ਰੱਖਣ ਦੀ ਚੋਣ ਕਿਉਂ ਕੀਤੀ, ਜਿਥੇ ਭਾਰੀ ਗਿਣਤੀ ਵਿਚ ਸੈਨਿਕ ਤਾਇਨਾਤ ਹਨ ਅਤੇ ਵੱਖਵਾਦੀ ਦਬਦਬਾ ਨਾਮਾਤਰ ਹੈ। ਪਾਰਟੀਆਂ ਨੇ
ਅਜੇ ਸ਼ਹਿਰੀ ਕੋਰ-ਇਲਾਕਿਆਂ ਵਿਚ ਦਾਖਲ ਹੋਣ ਦੀ ਜੁਰਅੱਤ ਨਹੀਂ ਕੀਤੀ, ਜਿਥੇ ਮਲਿਕ ਵਰਗੇ ਦੁਸ਼ਮਣਾਨਾ ਭਾਵਨਾ ਵਾਲੇ ਵੋਟਰਾਂ ਨਾਲ ਉਹਨਾਂ ਦਾ ਸਾਹਮਣਾ ਹੋਣਾ ਹੈ।
‘‘ਉਹ ਮੈਨੂੰ ਮਾਰ ਸਕਦੇ ਹਨ,
ਪਰ ਮੈਥੋਂ ਵੋਟ ਨਹੀਂ ਪੁਆ ਸਕਦੇ। ਮੈਂ ਕਸ਼ਮੀਰ ਮਸਲੇ ਦੇ ਹੱਲ ਤੋਂ ਬਿਨਾ ਹੋਰ ਕੁਝ ਵੀ ਨਹੀਂ
ਚਾਹੁੰਦਾ। ਇਹੀ ਚੀਜ਼ ਹੈ ਜਿਹੜੀ ਮੈਨੂੰ ਸ਼ਾਂਤੀ ਦੇ ਸਕਦੀ ਹੈ।’’ ਇਹ ਸ਼ਬਦ ਕਹਿਣ ਵਾਲਾ ਮਲਿਕ ਕਿ¤ਤੇ ਵਜੋਂ ਤਰਖਾਣ ਹੈ। ਉਸਦਾ ਪੁੱਤਰ ਵਾਦੀ ਦੀ ਆਪਾਨਿਰਣੇ ਦੀ ਲਹਿਰ ਵਿਚ ਮਾਰਿਆ ਜਾ ਚੁੱਕਾ
ਹੈ। ਕਸ਼ਮੀਰ ਵਿਚ ਬਹੁਤ ਘੱਟ ਪਰਿਵਾਰ ਹਨ, ਜਿਹਨਾਂ ਦੇ ਆਪਣਿਆਂ ਦੀਆਂ ਖਾੜਕੂ ਲਹਿਰ ਦੌਰਾਨ ਜਾਨਾਂ ਨਹੀਂ
ਗਈਆਂ।
‘‘ਸਾਡੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਤਬਾਹ ਹੋ ਗਈਆਂ ਹਨ। ਸਾਡਾ ਅਰਥਚਾਰਾ ਉਜਾੜ ਦਿੱਤਾ ਗਿਆ
ਹੈ। ਹੁਣ ਸਿਆਸਤਦਾਨ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਹਨ? ਇਥੇ ਕੋਈ ਵਿਕਾਸ ਨਹੀਂ ਹੋਇਆ।
ਨੈਸ਼ਨਲ ਕਾਨਫਰੰਸ ਨੇ ਸਾਡੇ ’ਤੇ 40 ਸਾਲ ਰਾਜ ਕੀਤਾ ਹੈ। ਹੁਣ ਉਹ ਇੱਕ ਹੋਰ ਮੌਕਾ ਮੰਗਦੇ ਹਨ। ਚੋਣਾਂ ਮਜਾਕ ਬਣ ਗਈਆਂ ਹਨ।’’ ਜਦੋਂ ਮਲਿਕ ਨੇ ਇਹ ਨਿਰਾਸ਼ਾ ਭਰੇ ਬੋਲ ਕਹੇ ਤਾਂ ਹੋਰਨਾਂ ਨੇ ਉਸ ਨਾਲ ਸਹਿਮਤੀ ਪ੍ਰਗਟ ਕੀਤੀ।
ਕਸ਼ਮੀਰ ਵਾਦੀ ਦੇ ਬਹੁਤੇ ਸ਼ਹਿਰੀ ਵੋਟਰਾਂ ਦੀ ਚੋਣਾਂ ਵਿਚ ਦਿਲਚਸਪੀ ਨਹੀਂ ਹੈ। ਸਿਆਸੀ ਤੋਂ ਵੀ
ਵੱਧ ਨਿੱਜੀ ਭਾਵਨਾਵਾਂ ਕਰਕੇ ਚੋਣਾਂ ਦਾ ਉਹਨਾਂ ਲਈ ਕੋਈ ਮਹੱਤਵ ਨਹੀਂ ਹੈ। ਪਰ ਕਸ਼ਮੀਰ ਸਮੱਸਿਆ ਦਾ
ਹੱਲ ਉਹਨਾਂ ਲਈ ਉੱਚੀ ਜਜ਼ਬਾਤੀ ਅਹਿਮੀਅਤ ਰੱਖਦਾ ਮਸਲਾ ਹੈ। ਅਹਿਮਦ ਰਿਆਜ਼ ਨਾਂ ਦਾ ਇੱਕ ਵਿਦਿਆਰਥੀ
ਇਹਨਾਂ ਸ਼ਬਦਾਂ ਵਿਚ ਇਸ ਗੱਲ ਦੀ ਵਿਆਖਿਆ ਕਰਦਾ ਹੈ, ‘‘ਸਾਨੂੰ ਅਜ਼ਾਦੀ ਤੋਂ ਬਿਨਾ ਸਾਡੇ ਲਈ ਸ਼ਾਂਤੀ ਅਤੇ ਤਰੱਕੀ ਦਾ
ਹੋਰ ਕੋਈ ਰਾਹ ਦਿਖਾਈ ਨਹੀਂ ਦਿੰਦਾ। ਅਜ਼ਾਦੀ ਸਾਡੇ ਲਈ ਬੰਦੂਕਾਂ ਅਤੇ ਹਮਲਿਆਂ ਦੇ ਡਰ ਤੋਂ ਬਗੈਰ
ਆਪਣੀ ਮਰਜ਼ੀ ਅਨੁਸਾਰ ਜੀਵਨ ਜਿਉਣ ਦੀ ਜਾਮਨੀ ਕਰੇਗੀ।’’
ਪਿਛਲੇ ਤਿੰਨ ਮਹੀਨਿਆਂ ਵਿਚ ਵਾਦੀ ’ਚ ਅਕਸਰ ਹੀ ਬੰਦ ਹੁੰਦੇ ਰਹੇ ਹਨ। ਕਾਰੋਬਾਰਾਂ ਅਤੇ ਸਮੇਂ ਦਾ
ਨੁਕਸਾਨ ਹੁੰਦਾ ਰਿਹਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਮਰਨਾਥ ਜ਼ਮੀਨ ਦਾ ਮਸਲਾ ਲੋਕਾਂ ਦੇ
ਮਨਾਂ ਵਿਚ ਤਾਜ਼ਾ ਹੈ। ਕੁਝ ਲੋਕ ਇਥੋਂ ਤੱਕ ਕਹਿੰਦੇ ਹਨ ਕਿ ਇਹ ਹਿੰਦੂਆਂ ਅਤੇ ਮੁਸਲਮਾਨਾਂ ਨੂੰ
ਵੰਡਣ ਦੀ ਸਿਆਸੀ ਕਾਰਸ਼ਤਾਨੀ ਹੈ। ‘‘ਇਹ ਸਾਨੂੰ ਪਾੜ ਕੇ ਰੱਖਣ ਦੇ ਤਰੀਕੇ ਹਨ। 1991 ਵਿਚ ਬੰਦੂਕ
ਦੇ ਜ਼ੋਰ ਪਾੜ ਪਾਇਆ ਗਿਆ। ਹੁਣ ਹੋਰ ਮੁੱਦਾ ਖੜ੍ਹਾ ਕੀਤਾ ਗਿਆ ਹੈ। ਆਪਣੇ ਮਨੋਰਥਾਂ ਖਾਤਰ
ਸਿਆਸਤਦਾਨ ਇੱਕੋ ਸਮਸਿਆ ਨੂੰ ਸਮੇਂ ਸਮੇਂ ਵੱਖੋ-ਵੱਖਰੇ ਨਾਂ ਦਿੰਦੇ ਹਨ। ਹੁਰੀਅਤ ਨੂੰ ਬਾਈਕਾਟ ਦੇ
ਸੱਦੇ ਦੇਣ ਕਰਕੇ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ। ਕਿਉਂਕਿ ਉਹਨਾਂ ਕੋਲ ਇੱਕ ਮਿਸ਼ਨ ਹੈ। ਸਰਕਾਰ
ਨੂੰ ਹੱਲ ਵਾਸਤੇ ਕੁਝ ਕਰਨਾ ਚਾਹੀਦਾ ਹੈ ਨਾ ਕਿ ਸਮੱਸਿਆਵਾਂ ਖੜ੍ਹੀਆਂ ਕਰਨੀਆਂ ਚਾਹੀਦੀਆਂ ਹਨ।’’ ਇਹ ਸ਼ਬਦ ਕਸ਼ਮੀਰ ਯੂਨੀਵਰਸਿਟੀ ਦੇ ਵਿਦਿਆਰਥੀ ਐਜਾਜ਼ ਭੱਟ ਦੇ ਹਨ, ਜਿਹੜਾ ਉੱਕਾ ਹੀ ਵੋਟ ਨਹੀਂ ਪਾਉਣੀ ਚਾਹੁੰਦਾ।
ਇਸ ਤੋਂ ਇਲਾਵਾ ਕਸ਼ਮੀਰ ਵਿਚ ਉਹ ਲੋਕ ਵੀ ਹਨ, ਜਿਹਨਾਂ ਨੂੰ ਇਹ ਗੁੱਸਾ ਹੈ ਕਿ ਅਮਰਨਾਥ ਜ਼ਮੀਨ ਮੁੱਦੇ ਕਰਕੇ
ਹੋਈਆਂ ਸੱਠ ਮੌਤਾਂ ਸੰਬੰਧੀ ਲੋੜੀਂਦੀ ਜਾਂਚ-ਪੜਤਾਲ ਕਿਉਂ ਨਹੀਂ ਕਰਵਾਈ ਗਈ। ‘‘ਅਜੇ ਤੱਕ ਕੋਈ ਮੂੰਹ-ਸਿਰ ਨਹੀਂ ਬਣਿਆ। ਇਹ ਮਜਾਕ ਹੀ ਹੈ ਕਿ ਸਿਆਸਤਦਾਨ ਅਗਲੇ ਵੀਹ ਸਾਲਾਂ
ਤੱਕ ਬਾਰੇ ਸਬਜ਼ਬਾਗ ਦਿਖਾਉਂਦੇ ਹਨ, ਜਦੋਂ ਕਿ ਫੌਰੀ ਮਾਮਲਿਆਂ ਦੀ ਕੋਈ ਸਾਰ ਨਹੀਂ ਲੈਂਦੇ।’’ ਇਹ ਬੋਲ ਗਾਂਦਰਬਲ ਦੇ ਸੱਈਅਦ ਸ਼ਮੀਰ ਦੇ ਹਨ। ਇਸ ਥਾਂ ’ਤੇ ਸਿਰਫ ਦੋ ਚੋਣ-ਰੈਲੀਆਂ
ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵੱਲੋਂ ਹੋਈਆਂ ਹਨ ਅਤੇ ਦੋਹਾਂ ’ਤੇ ਪਥਰਾਅ ਹੋਇਆ ਹੈ।
ਸਿਆਸੀ ਵਿਸ਼ਲੇਸ਼ਕ ਗੁਲ ਵਾਨੀ ਇਸ ਰੁਝਾਨ ਦੀ ਵਿਆਖਿਆ ਕਰਦਾ ਹੈ, ‘‘ਲੀਡਰਾਂ ਨੇ ਅਜੇ ਉਹਨਾਂ ਖੇਤਰਾਂ ਵਿਚ ਚੋਣ ਮੁਹਿੰਮ ਨਹੀਂ ਚਲਾਈ, ਜਿਥੇ ਮੁੱਖ ਧਾਰਾ ਦੀ ਸਿਆਸਤ ਦੇ ਨਾਲ ਨਾਲ ਵੱਖਵਾਦੀ ਸਿਆਸਤ ਦਾ ਵੀ ਬੋਲਬਾਲਾ ਹੈ, ਕਿਉਂਕਿ ਉਹ ਸ਼ਹਿਰੀ ਖੇਤਰਾਂ ਵਿਚ ਵੋਟਰਾਂ ਵਿਚ ਬੇਗਾਨਗੀ ਦੀ ਭਾਵਨਾ ਤੋਂ ਜਾਣੂ ਹਨ। ਉਹਨਾਂ
ਨੇ ਆਪਣੀ ਮੁਹਿੰਮ ਦੂਰ-ਦੁਰਾਡੇ ਦੇ ਅਤੇ ਪਛੜੇ ਸੁਰੱਖਿਅਤ ਖੇਤਰਾਂ ਤੋਂ ਸ਼ੁਰੂ ਕੀਤੀ, ਜਿਥੇ ਸਿਆਸੀ ਕਾਰਨਾਂ ਦੀ ਬਜਾਏ ਹੋਰ ਕਾਰਨਾਂ ਕਰਕੇ ਵੋਟਾਂ ਭੁਗਤਣ ਦੀ ਉਮੀਦ ਹੈ।’’
ਕਾਂਗਰਸ ਨੇ ਚੋਣ ਪ੍ਰਚਾਰ ਲੇਹ ਤੋਂ ਸ਼ੁਰੂ ਕੀਤਾ ਅਤੇ ਮੁੱਖ ਤੌਰ ’ਤੇ ਦੂਰ-ਦੁਰਾਡੇ ਦੇ ਬਾਂਦੀਪੁਰਾ ਅਤੇ ਉੜੀ ਦੇ ਖੇਤਰਾਂ ਤੱਕ ਮਹਿਦੂਦ ਰਹੀ, ਜਿਹੜੇ ਕੰਟਰੋਲ ਰੇਖਾ ਦੇ ਨੇੜੇ ਹਨ। ਪੀਪਲਜ਼ ਡੈਮੋਕਰੇਟਿਕ ਪਾਰਟੀ ਅਤੇ ਨੈਸ਼ਨਲ ਕਾਨਫਰੰਸ ਨੇ
ਬਾਂਦੀਪੁਰਾ ਦੇ ਸੋਨਾਵਰੀ ਖੇਤਰ ਤੋਂ ਸ਼ੁਰੂ ਕੀਤਾ ਜਿਥੇ ਸੁੰਨੀ-ਸ਼ੀਆ ਵੰਡ ਕਰਕੇ ਵੋਟਾਂ ਦੀ ਵੰਡ
ਸੌਖੀ ਹੈ। ਡੈਮੋਕਰੇਟਿਕ ਪਾਰਟੀ ਦਾ ਗੁਲਾਮ ਹਸਨ ਮੀਰ ਅਨੰਤਨਾਗ ਦੀ ਕੋਕਰਨਾਗ ਪੱਟੀ ’ਚ ਕੇਂਦਰਤ ਕਰ ਰਿਹਾ ਹੈ,
ਜਿਥੇ ਵੋਟਰ ਆਰਥਿਕ ਅਤੇ ਵਿਦਿਅਕ ਪੱਖ ਤੋਂ ਪਛੜੇ ਹੋਏ ਹਨ ਅਤੇ ਪਲੇਚੇ ਵਿਚ ਲਏ ਜਾ ਸਕਦੇ ਹਨ।
ਸਿਆਸੀ ਲੀਡਰ ਸ਼ਹਿਰਾਂ ਵਿਚ ਵੜਦੇ ਹਨ ਕਿ ਨਹੀਂ, ਇਹ ਅਜੇ ਵੇਖਣ ਵਾਲਾ ਹੈ।
‘‘ਰੁਝਾਨ ਤਹਿ ਕਰਨ ਵਾਲਾ’’ ਪਹਿਲਾ ਦੌਰ!
ਬਾਂਦੀਪੁਰਾ, ਨਵੰਬਰ 16, ਟ੍ਰਿਬਿਊਨ ਨਿਊਜ਼ ਸਰਵਿਸ-ਜਦੋਂ ਤੁਸੀਂ ਸੜਕਾਂ ’ਤੇ ਲੋਕਾਂ ਨਾਲੋਂ ਵੱਧ ਗਿਣਤੀ ਵਿਚ ਫੌਜੀ ਦੇਖਦੇ ਹੋ ਤਾਂ
ਯਕੀਨ ਜਾਣੋ ਇਹ ਕਸ਼ਮੀਰ ਵਾਦੀ ’ਚ ਚੋਣਾਂ ਦਾ ਸਮਾਂ ਹੁੰਦਾ ਹੈ। ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਵਿਚ ਪਹਿਲੇ ਦੌਰ
ਦੀਆਂ ਚੋਣਾਂ ਤੋਂ ਪਹਿਲਾਂ ਹੀ ਫੌਜੀ ਦਾਖਲ ਹੋ ਚੁੱਕੇ ਹਨ ਅਤੇ ਪੁਜੀਸ਼ਨਾਂ ਲੈ ਚੁੱਕੇ ਹਨ। ਇਥੋਂ
ਤੱਕ ਕਿ ਵੁਲਰ ਝੀਲ ਦੇ ਆਲੇ-ਦੁਆਲੇ ਦੀ ਵੀ ਘੇਰਾਬੰਦੀ ਕਰ ਲਈ ਗਈ ਹੈ, ਤਾਂ ਜੋ ਚੋਣਾਂ ਦੀਆਂ ਵਿਰੋਧੀ ਸ਼ਕਤੀਆਂ ਅੰਦਰ ਨਾ ਸਰਕ ਆਉਣ....... ਕਸ਼ਮੀਰ ਵਿਚ ਚੋਣਾਂ ਦਾ
ਬਿਗੁਲ ਵੱਜ ਚੁੱਕਿਆ ਹੈ।
ਪਰ ਵੋਟਰਾਂ ਨੇ ਅਜੇ ਤੱਕ ਇਸਦੀਆਂ ਸੁਰਾਂ ਨੂੰ ਹੁੰਗ੍ਹਾਰਾ ਨਹੀਂ ਦਿੱਤਾ। ਇਹ ਗੱਲ ਹੈ ਜਿਹੜੀ
ਚੋਣਾਂ ਦੇ ਪਹਿਲੇ ਦੌਰ ਨੂੰ ਘੋਖਣਯੋਗ ਬਣਾਉਂਦੀ ਹੈ। ਇਹ ਅਤਿ-ਨਾਜੁਕ ਦੌਰ ਹੈ। ਮੁੱਖ ਤੌਰ ’ਤੇ ਇਸ ਕਰਕੇ ਕਿਉਂਕਿ ਇਸਨੇ ਅਗਲੇ ਦੌਰਾਂ ਲਈ ਰੁਝਾਨ ਤਹਿ ਕਰਨਾ ਹੈ ਅਤੇ ਚੋਣਾਂ ਲਈ ਮਾਹੌਲ
ਬਣਾਉਣਾ ਹੈ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਦੇ ਸਿਆਸੀ ਸਕੱਤਰ ਨਸੀਰ ਸੌਗਮੀ ਦਾ
ਕਹਿਣਾ ਹੈ, ‘‘ਪਹਿਲਾ ਦੌਰ ਵਾਦੀ ’ਚ ਅਗਲੇ ਦੌਰ ਦੇ ਚੋਣ ਪੈਟਰਨ ਨੂੰ ਤਹਿ ਕਰੇਗਾ।’’
ਇਹ ਖਿੱਤਾ ਇਖਵਾਨੀਆਂ ਦੇ ਜ਼ੋਰ ਵਾਲਾ ਖਿੱਤਾ ਚਲਿਆ ਆ ਰਿਹਾ ਹੈ। (ਇਖਵਾਨੀ ਉਹ ਸਾਬਕਾ ਕਸ਼ਮੀਰੀ
ਖਾੜਕੂ ਹਨ, ਜਿਹਨਾਂ ਨੂੰ ਆਤਮ ਸਮਰਪਣ ਤੋਂ ਬਾਅਦ ਕਸ਼ਮੀਰੀ ਖਾੜਕੂਆਂ ਅਤੇ ਲੋਕਾਂ ਖਿਲਾਫ ਵਰਤਿਆ ਗਿਆ ਹੈ।
-ਅਨੁ:) ਇਖਵਾਨੀਆਂ ਨੇ ਸਰਗਰਮ ਖਾੜਕੂਆਂ ਨੂੰ ਦਬੋਚਣ ਵਿਚ ਫੌਜ ਦੀ ਮੱਦਦ ਕੀਤੀ ਸੀ। ਇਸਮਾਨ ਮਜੀਦ
ਬਾਂਦੀਪੁਰਾ ਦਾ ਸਾਬਕਾ ਐਮ.ਐਲ.ਏ. ਹੈ ਅਤੇ ਇਖਵਾਨੀ ਰਹਿ ਚੁੱਕਾ ਹੈ। ਉਹ ਹੁਣ ਇਥੋਂ ਦੁਬਾਰਾ ਚੋਣ
ਲੜ ਰਿਹਾ ਹੈ। ਵੋਟਰ ਕਹਿੰਦੇ ਹਨ ਕਿ ਮਜੀਦ ਦੇ ਪਿਛੋਕੜ ਕਰਕੇ ਉਸਦਾ ਹੱਥ ਉੱਤੋਂ ਦੀ ਹੈ। ਇਮਤਿਆਜ
ਪੈਰੇ ਵੀ ਉਸੇ ਦਾ ਸੰਗੀ ਹੈ, ਜਿਹੜਾ ਸੋਨਾਵਰੀ ’ਚ ਨੈਸ਼ਨਲ ਕਾਨਫਰੰਸ ਦੇ ਸਾਬਕਾ ਐਮ.ਐਲ.ਏ. ਅਕਬਰ ਲੋਨ ਖਿਲਾਫ ਚੋਣ ਲੜ ਰਿਹਾ ਹੈ। ਇਮਤਿਆਜ
ਕੁੱਕਾ ਪੈਰੇ ਦਾ ਪੁੱਤਰ ਹੈ। ਕੁੱਕਾ ਇਖਵਾਨੀਆਂ ਦਾ ਚੀਫ ਕਮਾਂਡਰ ਸੀ। ਉਹ 2002 ਵਿਚ ਸੋਨਾਵਰੀ
ਵਿਚ ਚੋਣ ਲੜਿਆ ਸੀ ਅਤੇ ਅਕਬਰ ਲੋਨ ਕੋਲੋਂ ਹਾਰ ਗਿਆ ਸੀ। ਸੰਨ 2003 ਵਿਚ ਉਸ ਨੂੰ ਕਤਲ ਕਰ ਦਿੱਤਾ
ਗਿਆ ਸੀ।
ਭਾਵੇਂ ਖਾੜਕੂਆਂ ਖਿਲਾਫ ਇਖਵਾਨੀਆਂ ਦੀਆਂ ਬਗਾਵਤ ਵਿਰੋਧੀ ਹਥਿਆਰਬੰਦ ਕਾਰਵਾਈਆਂ ਦਾ ਦੌਰ ਲੰਘ
ਗਿਆ ਹੈ, ਪਰ ਵੋਟਰ ਕਹਿੰਦੇ ਹਨ ਕਿ ਇਲਾਕੇ ਵਿਚ ਅਜੇ ਵੀ ਇਖਵਾਨੀਆਂ ਦਾ ਦਬਦਬਾ ਹੈ। ਫੌਜ ਉਹਨਾਂ ਦੇ
ਨਾਲ ਹੈ ਅਤੇ ਕਈਆਂ ਕੋਲ ਨਿੱਜੀ ਫੌਜਾਂ ਦੀ ਮੌਜੂਦਗੀ ਜਾਣੀ-ਪਛਾਣੀ ਹੈ। ਇਸ ਤੋਂ ਇਲਾਵਾ ਸੁਰੱਖਿਆ
ਫੌਜਾਂ ਦੀ ਹਾਜ਼ਰੀ ਵੋਟਾਂ ਭੁਗਤਣ ਵਿਚ ਮੁੱਖ ਰੋਲ ਅਦਾ ਕਰੇਗੀ। ਸੰਨ 2002 ਦੀਆਂ ਚੋਣਾਂ ਵਿਚ ਸੁਰੱਖਿਆ
ਬਲਾਂ ਵੱਲੋਂ ਲੋਕਾਂ ਨੂੰ ਵੋਟ ਪਾਉਣ ਲਈ ਮਜਬੂਰ ਕਰਨ ਦੇ ਮਾਮਲੇ ਸਾਹਮਣੇ ਆਏ ਸਨ। ਉਹ ਲੋਕਾਂ
ਕੋਲੋਂ ਵੋਟ ਪਾਉਣ ਦੇ ਸਬੂਤ ਵਜੋਂ ਉਂਗਲ ’ਤੇ ਸਿਆਹੀ ਦੇ ਨਿਸ਼ਾਨ ਚੈ¤ਕ ਕਰਨ ਤੱਕ ਗਏ ਸਨ।
ਇਸ ਕਰਕੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪਿਛਲੀਆਂ ਚੋਣਾਂ ਵਿਚ ਉੱਚੀ ਗਿਣਤੀ ਵਿਚ ਵੋਟਾਂ
ਭੁਗਤੀਆਂ ਸਨ।
...............ਕੱਲ੍ਹ ਨੂੰ ਹੋਣ ਵਾਲੀਆਂ ਚੋਣਾਂ ਦਾ ਦੌਰ ਸਿਆਸੀ ਤੌਰ ’ਤੇ ਵੀ ਅਹਿਮ ਹੈ। ..........ਵੱਡੀਆਂ ਤੋਪਾਂ ਦਾ ਵਕਾਰ ਦਾਅ ’ਤੇ ਲੱਗਿਆ ਹੋਇਆ ਹੈ।
ਰੁਝਾਨ ਕਿਵੇਂ ਤਹਿ ਹੋਇਆ
ਸੋਨਾਵਰ/ਬਾਂਦੀਪੁਰਾ, 17 ਨਵੰਬਰ, ਟ੍ਰਿਬਿਊਨ ਨਿਊਜ਼ ਸਰਵਿਸ ਲਈ ਅਦਿੱਤੀ ਟੰਡਨ- ਕਸ਼ਮੀਰ ਵਾਦੀ ਦੀਆਂ ਚੋਣਾਂ ਦਰਸ਼ਕਾਂ ਲਈ ਸਦਾ ਹੀ
ਦਿਲਚਸਪ ਰਹੀਆਂ ਹਨ। ਅੱਜ ਦੀ ਚੋਣ ਵੀ ਇਵੇਂ ਹੀ ਸੀ। ਅੱਜ ਵੀ ਨਵੇਂ ਰੁਝਾਨ, ਨਵੇਂ ਦ੍ਰਿਸ਼ ਅਤੇ ਵੋਟਰਾਂ ਦੀ ਨਵੀਂ ਕਿਸਮ ਸਾਹਮਣੇ ਆਈ। ਇਹ ਨਵੀਂ ਕਿਸਮ ਅੱਜ ਦੇ ਦਿਨ ਦੀ
ਵੱਡੀ ਲੱਭਤ ਸੀ ਅਤੇ ਚੋਣਾਂ ਲਈ ਸਭ ਤੋਂ ਮਹੱਤਵਪੂਰਨ ਵੀ। ਨਵੀਂ ਕਿਸਮ ਦੇ ਇਹ ਵੋਟਰ ਸਕੂਲਾਂ ਵਿਚ
ਪੜ੍ਹਨ ਵਾਲੇ ਵਿਦਿਆਰਥੀ ਸਨ।
ਸੋਨਾਵਰੀ ਅਤੇ ਬਾਂਦੀਪੁਰਾ ਵਿਚ ਮੁਸ਼ਕਲ ਨਾਲ ਹੀ ਕੋਈ ਪੋਲੰਿਗ ਬੂਥ ਅਜਿਹਾ ਹੋਵੇਗਾ, ਜਿਥੇ ‘ਦਾ ਟ੍ਰਿਬਿਊਨ’ ਦੀ ਟੀਮ ਨੂੰ ਹੱਦ ਤੋਂ ਨੀਵੀਂ ਉਮਰ ਦੇ ਵੋਟਰ ਨਾ ਮਿਲੇ ਹੋਣ। ‘ਦਾ ਟ੍ਰਿਬਿਊਨ’ ਨੇ ਦੋਹਾਂ ਹਲਕਿਆਂ ਵਿਚ ਦੂਰ-ਦੂਰ ਤੱਕ ਦਾ ਦੌਰਾ ਕੀਤਾ। ਸੋਨਾਵਰੀ, ਬਗਾਵਤ ਵਿਰੋਧੀ ਨਿੱਜੀ ਹਥਿਆਰਬੰਦ ਟੋਲਿਆਂ ਦਾ ਸਾਬਕਾ ਗੜ੍ਹ ਹੈ ਇਥੇ ਭੁਗਤੀਆਂ ਵੋਟਾਂ 45 ਫੀਸਦੀ ਦੇ ਉੱਚੇ ਅੰਕੜੇ ਤੱਕ ਪੁੱਜੀਆਂ। ਇਸ ਹਲਕੇ ਦੇ ਕਿੰਨੇ
ਹੀ ਬੂਥਾਂ ’ਤੇ ਪ੍ਰਾਇਮਰੀ ਅਤੇ ਹਾਈ ਸਕੂਲਾਂ ਦੇ ਵਿਦਿਆਰਥੀ ਮਿਲੇ, ਜਿਹੜੇ ਵੋਟਾਂ ਪਾ ਚੁੱਕੇ ਸਨ ਅਤੇ
ਹੋਰ ਕਿੰਨੇ ਹੀ ਵੋਟ ਪਰਚੀਆਂ ਹੱਥਾਂ ਵਿਚ ਫੜੀਂ ਕਤਾਰਾਂ ਵਿਚ ਖੜ੍ਹੇ ਸਨ।
ਹੱਦ ਤੋਂ ਨੀਵੀਂ ਉਮਰ ਦੇ ਵੋਟਰ ਸਭ ਤੋਂ ਵੱਡੀ ਗਿਣਤੀ ਵਿਚ ਸੋਨਾਵਰੀ ਦੇ ਪੁਸ਼ਵਾਰੀ ਪੋਲੰਿਗ
ਬੂਥ ’ਤੇ ਮਿਲੇ। ਇਥੇ ਛੇਵੀਂ, ਅੱਠਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਜਾਂ ਤਾਂ ਵੋਟ ਪਾ ਚੁੱਕੇ ਸਨ ਜਾਂ ਆਪਣੀ ਵਾਰੀ
ਉਡੀਕ ਰਹੇ ਸਨ। ਇਹਨਾਂ ਵੋਟਰਾਂ ਵਿਚ ਨੈਦਖਾਈ ਪਿੰਡ ਦੀ 15 ਸਾਲਾਂ ਦੀ ਕੁੜੀ ਰੁਬੀਨਾ ਵੀ ਸ਼ਾਮਲ
ਸੀ। ਇਹ ਪਿੰਡ ਸੋਨਾਵਰੀ ਦੇ ਨੈਸ਼ਨਲ ਕਾਨਫਰੰਸ ਦੇ ਸਾਬਕਾ ਐਮ.ਐਲ.ਏ. ਅਤੇ ਡਿਪਟੀ ਸਪੀਕਰ ਮੁਹੰਮਦ
ਅਕਬਰ ਲੋਨ ਦਾ ਪਿੰਡ ਹੈ।
ਜਦੋਂ ਇਹ ਪੱਤਰਕਾਰ ਪੋਲੰਿਗ ਬੂਥ ’ਤੇ ਪੁੱਜੀ ਤਾਂ ਲੋਨ ਉਥੇ ਹਾਜ਼ਰ ਸੀ। ਉਸਨੇ ਪੀ.ਡੀ.ਪੀ. ਨਾਲ
ਸੰਬੰਧਤ ਵਿਰੋਧੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਬੂਥਾਂ ’ਤੇ ਕਬਜ਼ਿਆਂ ਦੇ ਦੋਸ਼ਾਂ ਦਾ ਮਜਾਕ
ਉਡਾਇਆ। ਪਰ ਛੇਤੀ ਹੀ ਬੂਥ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਦੇ ਸਮਰੱਥਕਾਂ ਦਰਮਿਆਨ ਝੜੱਪ ਦੀ
ਲਪੇਟ ਵਿਚ ਆ ਗਿਆ। ਸੋਨਾਵਰੀ ਤੋਂ ਪੀ.ਡੀ.ਪੀ. ਦੇ ਉਮੀਦਵਾਰ ਜਾਸਰ ਰੇਸ਼ੀ ਦੀ ਨੈਸ਼ਨਲ ਕਾਨਫਰੰਸ ਦੇ
ਵਰਕਰਾਂ ਨੇ ਖਿੱਚ-ਧੂਹ ਕੀਤੀ।
ਹਾਲਤ ਨੂੰ ਕਾਬੂ ਕਰਨ ਲਈ ਨੀਮ-ਫੌਜੀ ਬਲਾਂ ਦੀ ਭਾਰੀ ਟੁਕੜੀ ਸੱਦਣੀ ਪਈ। ਹਾਲਤ ਜਾਅਲੀ ਵੋਟਾਂ
ਦੇ ਭੁਗਤਾਨ ਕਰਕੇ ਵਿਗੜ ਗਈ ਸੀ। ਇਸ ਤੋਂ ਇਲਾਵਾ ਚੋਣ ਵਿਰੋਧੀ ਮੁਹਿੰਮ ਚਲਾਉਣ ਵਾਲਿਆਂ ਦੀ ਭਾਰੀ
ਹਾਜ਼ਰੀ ਨੇ ਹਾਲਤ ਨੂੰ ਗੰਭੀਰ ਬਣਾ ਦਿੱਤਾ ਸੀ। ਇਹ ਰਿਪੋਰਟਾਂ ਵੀ ਸਨ ਕਿ ਇਲੈਕਟਰੋਨਿਕ ਵੋਟ
ਮਸ਼ੀਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
ਝੜੱਪਾਂ ਪੱਖੋਂ ਹੋਰਨਾਂ ਬੂਥਾਂ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਸੀ। ਸਾਰੀਆਂ ਮੁੱਖ ਸਿਆਸੀ
ਪਾਰਟੀਆਂ ਦੇ ਵਰਕਰ ਵੋਟਰਾਂ ਨੂੰ ਇੱਕ ਜਾਂ ਦੂਜੇ ਤਰੀਕੇ ਨਾਲ ਧੂਹ ਰਹੇ ਸਨ। ਇਸ ਕੋਸ਼ਿਸ਼ ਦਾ ਸਭ
ਤੋਂ ਵੱਧ ਸ਼ਿਕਾਰ ਹੱਦ ਤੋਂ ਨੀਵੀਂ ਉਮਰ ਦੇ ‘ਵੋਟਰ’ ਹੋ ਰਹੇ ਸਨ। ਪੰਦਰਾਂ ਸਾਲਾਂ ਦੀ ਮੁਮਤਜ਼ਾ ਵੀ ਇਹਨਾਂ ਵਿਚੋਂ
ਇੱਕ ਸੀ, ਜੀਹਨੇ ਅੱਜ ਗੁੰਦ ਜਹਾਂਗੀਰ ਤੋਂ ਵੋਟ ਪਾਈ। ਸੋਨਾਵਰੀ ਜ਼ਿਲ੍ਹੇ ਦੇ ਸ਼ਾਹਗੁੰਨ ਹਾਈ ਸਕੂਲ ਵਿਚ
ਦਸਵੀਂ ਵਿਚ ਪੜ੍ਹਦੀ ਮੁਮਤਜ਼ਾ ਨੇ ‘ਦੀ ਟ੍ਰਿਬਿਊਨ’’ ਨੂੰ ਦੱਸਿਆ ਕਿ ਉਸਦੇ ਪੂਰੇ ਦੇ ਪੂਰੇ ਪਰਿਵਾਰ ਨੂੰ ਸਥਾਨਕ
ਉਮੀਦਵਾਰ ਨੇ ਵੋਟ ਪਾਉਣ ਲਈ ਮਜਬੂਰ ਕੀਤਾ ਸੀ। ‘‘ਮੈਂ ਜਾਣਦੀ ਹਾਂ ਕਿ ਜਦੋਂ ਤੱਕ ਮੈਂ ਅਠਾਰਾਂ ਸਾਲ ਦੀ ਨਹੀਂ
ਹੋ ਜਾਂਦੀ, ਮੈਂ ਵੋਟ ਨਹੀਂ ਪਾ ਸਕਦੀ। ਪਰ ਮੇਰਾ ਪਰਿਵਾਰ ਦਬਾਅ ਹੇਠ ਸੀ। ਮੈਨੂੰ ਵੋਟ ਪਰਚੀ ਦਿੱਤੀ ਗਈ
ਅਤੇ ਮੈਂ ਵੋਟ ਪਾ ਦਿੱਤੀ।’’ ਕਈ ਹੋਰ ਅਜਿਹੇ ਮਾਮਲੇ ਸਾਹਮਣੇ ਆਏ ਜਿਥੇ ਨੀਵੀਂ ਉਮਰ ਦੇ ‘ਵੋਟਰ’ ਦੀ ਉਮਰ ਅਠਾਰਾਂ ਸਾਲ ਤੋਂ ਵੱਧ ਵਿਖਾਈ ਗਈ ਸੀ। ਅਜਿਹਾ ਹੀ ਮਾਮਲਾ ਪੰਦਰਾਂ ਸਾਲਾਂ ਦੀ
ਵਿਦਿਆਰਥਣ ਕੁਲਸੁਮਾਂ ਦਾ ਸੀ,
ਜਿਸ ਨੇ ਸੋਨਾਵਰੀ ਵਿਚ ਰੱਖ ਪੋਲੰਿਗ ਬੂਥ ’ਤੇ ਵੋਟ ਪਾਈ। ਇਸ ਬੂਥ ’ਤੇ ਕੋਈ ਖਾਸ ਉੱਚੀ ਪੋਲ ਪ੍ਰਤੀਸ਼ਤ
ਦਰਜ ਨਹੀਂ ਹੋਈ। ਵੋਟਰ ਲਿਸਟ ਵਿਚ ਕੁਲਸੁਮਾਂ ਦੀ ਉਮਰ ਪੈਂਤੀ ਸਾਲ ਵਿਖਾਈ ਗਈ ਸੀ। ਇਸੇ ਪੋਲੰਿਗ
ਬੂਥ ’ਤੇ ਉਮਰ ਤੋਂ ਨੀਵੀਂ ਹੱਦ ਦਾ ਮੁਹੰਮਦ ਆਸ਼ਿਕਦਾਰ 30 ਸਾਲਾਂ ਦਾ ਵਿਖਾਇਆ ਗਿਆ ਸੀ ਜਦੋਂ ਕਿ
ਅਸਲ ਵਿਚ ਉਹ ਅਜੇ ਅੱਠਵੀਂ ਦਾ ਵਿਦਿਆਰਥੀ ਹੈ। ਇਥੇ ਹੀ ਬੱਸ ਨਹੀਂ, ਪੋਲੰਿਗ ਬੂਥ ’ਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਪੋਲੰਿਗ ਏਜੰਟ ਵਜੋਂ ਡਿਊਟੀ ਦੇ ਰਿਹਾ ਫਿਰਦਾਸ ਅਹਿਮਦ
ਵੋਟਰ ਸੂਚੀ ਵਿਚ 35 ਸਾਲ ਦਾ ਦੱਸਿਆ ਗਿਆ ਸੀ, ਜਦੋਂ ਕਿ ਉਸਦੀ ਅਸਲ ਉਮਰ 21 ਸਾਲ ਹੈ।
ਅੱਜ ਕਸ਼ਮੀਰ ਵਾਦੀ ਵਿਚ ਦੁਰਭੁਗਤਾਨ ਦੇ ਅਜਿਹੇ ਮਾਮਲਿਆਂ ਦੀ ਗਿਣਤੀ ਹੱਦਾਂ ਟੱਪ ਗਈ। ਬਹੁਤੇ
ਵੋਟਰਾਂ ਦਾ ਕਹਿਣਾ ਸੀ ਕਿ ਉਹਨਾਂ ’ਤੇ ਇੱਕ ਜਾਂ ਦੂਜੀ ਪਾਰਟੀ ਨੇ ਭਾਰੀ ਗਿਣਤੀ ਵਿਚ ਵੋਟਾਂ
ਪਾਉਣ ਖਾਤਰ ਦਬਾਅ ਪਾਇਆ ਹੈ। ਇਹ ਕਦਮ ਚੋਣ-ਵਿਰੋਧੀ ਮੁਹਿੰਮ ਦਾ ਮੁਕਾਬਲਾ ਕਰਨ ਲਈ ਲਿਆ ਗਿਆ ਹੈ।
ਸੋਨਾਵਰੀ ਹਲਕੇ ਵਿਚ ਹਾਜਿਨ ਨੇੜੇ ਸੁੰਦਰਕੋਟ ਬਾਲਾ ਪੋਲੰਿਗ ਬੂਥ ’ਤੇ (ਜਿਥੇ ਚੋਣ-ਵਿਰੋਧੀ ਜਜ਼ਬਾ ਬਹੁਤ ਮਜਬੂਤ ਸੀ) ਵੀ ਵੱਡੀ ਗਿਣਤੀ ਵਿਚ ਹੱਦ ਤੋਂ ਨੀਵੀਂ ਉਮਰ
ਵਾਲਿਆਂ ਦੀਆਂ ਵੋਟਾਂ ਭੁਗਤੀਆਂ ਹਨ। ਇਹਨਾਂ ਵਿਚ ਦਸਵੀਂ ਜਮਾਤ ਦਾ ਸੁਜਾਤ ਸ਼ਾਮਲ ਸੀ। ਉਸਨੇ ਦੱਸਿਆ
ਕਿ ਉਸਨੇ ਵੋਟ ਇਸ ਕਰਕੇ ਪਾਈ ਕਿਉਂਕਿ ਉਸਦੇ ਸਾਰੇ ਪਰਿਵਾਰ ਨੂੰ ਵੋਟ ਪਾਉਣੀ ਪਈ।
ਨੀਵੀਂ ਉਮਰ ਦੇ ਵੋਟਰਾਂ ਦੀਆਂ ਵੋਟਾਂ ਦੇ ਵਾਜਬ ਵੋਟਾਂ ਵਜੋਂ ਭੁਗਤਣ ਵਿਚ ਸ਼ਨਾਖਤੀ ਕਾਰਡਾਂ
ਦੀ ਘਾਟ ਨੇ ਵੀ ਰੋਲ ਨਿਭਾਇਆ। ਨੌਵੀਂ ਜਮਾਤ ਦੇ ਵਿਦਿਆਰਥੀ ਮੁਜੱਫਰ ਅਹਿਮਦ ਵਾਨੀ, ਜਿਸ ਨੇ ਸੋਨਾਵਰੀ ਜ਼ਿਲ੍ਹੇ ਦੇ ਸੰਭਲ ਇਲਾਕੇ ਦੇ ਗੰਸਤਾਨ ਪਿੰਡ ਦੇ ਬੂਥ ’ਤੇ ਵੋਟ ਪਾਈ, ਨੇ ਕਿਹਾ, ‘‘ਪਾਰਟੀਆਂ ਦੇ ਏਜੰਟ ਸਲਿਪਾਂ ਦੇਈ ਜਾਂਦੇ ਹਨ। ਅਸੀਂ ਵੋਟਾਂ ਪਾਈ ਜਾਂਦੇ ਹਾਂ। ਕੋਈ ਰੋਕ-ਟੋਕ
ਨਹੀਂ ਹੈ।’’ ਕਈ ਹੋਰ ਮਾਮਲਿਆਂ ਵਿਚ ਇਹ ਸਾਹਮਣੇ ਆਇਆ ਕਿ ਸੂਚੀਆਂ ਵਿਚ ਦਰਜ ਨਾਂ ਵੋਟਾਂ ਪਾਉਣ ਵਾਲਿਆਂ ਦੇ
ਅਸਲ ਨਾਵਾਂ ਤੋਂ ਵੱਖਰੇ ਸਨ। ਗੁੰਦ ਜਹਾਂਗੀਰ ਦੇ ਹਾਈ ਸਕੂਲ ਵਿਚ ਨੌਵੀਂ ਜਮਾਤ ਦੀ ਵਿਦਿਆਰਥਣ
ਰੋਜ਼ੀਆ ਦੀ ਵੋਟ ਉਸਨੂੰ ‘‘ਮਿਸਰਾ’’ ਦੱਸ ਕੇ ਭੁਗਤਾਈ ਗਈ। ਵੋਟਰ ਸੂਚੀ ਵਿਚ ਮਿਸਰਾ ਨਾਂ ਦੀ ਵੋਟਰ ਦੀ ਉਮਰ ਅਠਾਰਾਂ ਸਾਲ ਦੱਸੀ ਗਈ
ਹੈ।
ਇਹ ਰੁਝਾਨ ਪੂਰੇ ਬਾਂਦੀਪੁਰਾ ਅਤੇ ਸੋਨਾਵਰੀ ਹਲਕਿਆਂ ਵਿਚ ਥਾਂ-ਥਾਂ ਦੁਹਰਾਇਆ ਗਿਆ ਹੈ। ਇਉਂ, ਚੋਣ ਬਾਈਕਾਟ ਦੇ ਨਾਅਰੇ ਦੇ ਬਾਵਜੂਦ ਇਥੇ 42 ਫੀਸਦੀ ਵੋਟਾਂ ਦੇ ਰੂਪ ਵਿਚ ਚੰਗਾ ਭੁਗਤਾਨ ਦਰਜ
ਹੋ ਗਿਆ ਹੈ।
(ਨੋਟ- ਇਹ ਗੱਲ ਦਿਲਚਸਪ ਹੈ ਕਿ ਉਪਰੋਕਤ ਰਿਪੋਰਟਾਂ ਪ੍ਰਕਾਸ਼ਤ ਕਰਨ ਵਾਲੇ ਅਖਬਾਰ ‘ਦੀ ਟ੍ਰਿਬਿਊਨ’ ਦੀ ਚੋਣਾਂ ਦੇ ਪਹਿਲੇ ਗੇੜ ਸੰਬੰਧੀ ਮੁੱਖ ਸੁਰਖੀ ਵਿਚ ਕਿਹਾ ਗਿਆ ਹੈ ਕਿ ਕਸ਼ਮੀਰੀਆਂ ਨੇ ਚੋਣ
ਬਾਈਕਾਟ ਦੇ ਸੱਦੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਭਾਰਤੀ ਹਾਕਮਾਂ ਅਤੇ ਕਸ਼ਮੀਰ ਵਿਚ ਚੋਣਾਂ ਲੜ
ਰਹੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਵੱਲੋਂ ਉਪਰੋਕਤ ਰਿਪੋਰਟਾਂ ਵਿਚ ਦਰਸਾਏ ਗਏ ਪਾਪੜ ਅਜਿਹੀਆਂ
ਸੁਰਖ਼ੀਆਂ ਹਾਸਲ ਕਰਨ ਲਈ ਹੀ ਵੇਲੇ ਗਏ ਹਨ। ਪਹਿਲੇ ਗੇੜ ਲਈ ਚੋਣ ਖੇਤਰ ਜੰਮੂ ਅਤੇ ਲੱਦਾਖ ਦੇ
ਖੇਤਰਾਂ ਨਾਲ ਕਸ਼ਮੀਰ ਦੇ ਉਹਨਾਂ ਖੇਤਰਾਂ ਨੂੰ ਜੋੜ ਕੇ ਤਹਿ ਕੀਤਾ ਗਿਆ, ਜਿਹੜੇ ਗੈਰ-ਕਸ਼ਮੀਰੀ ਵੋਟਰਾਂ ਦੀ ਮੌਜੂਦਗੀ ਜਾਂ ਇਖਵਾਨੀਆਂ ਦੀ ਦਹਿਸ਼ਤ
ਸਦਕਾ ਵੋਟਾਂ ਭੁਗਤਣ ਪੱਖੋਂ ਲਾਹੇਵੰਦ ਜਾਪਦੇ ਸਨ। ਮਕਸਦ ਇਥੇ ਭੁਗਤੀਆਂ ਵੋਟਾਂ ਦੇ ਸਿਰ ’ਤੇ ਹੋਰਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਨਾ ਸੀ। ਪਰ ਜੋ ਹੱਥਕੰਡੇ
ਉਪਰੋਕਤ ਕਸ਼ਮੀਰੀ ਖੇਤਰਾਂ ਵਿਚ ਵੋਟਾਂ ਭੁਗਤਾਉਣ ਲਈ ਵਰਤੇ ਗਏ ਹਨ, ਉਹ ਜ਼ਾਹਰ ਕਰਦੇ ਹਨ ਕਿ ਇਹ ਚੋਣਾਂ ਕਸ਼ਮੀਰੀ ਲੋਕਾਂ ਦੀ ਰਜ਼ਾ ਦੀ
ਕਿਹੋ-ਜਿਹੀ ਨੁਮਾਇੰਦਗੀ ਕਰਦੀਆਂ ਹਨ।)
(ਸੁਰਖ਼ ਰੇਖਾ, 4-5 ਅੰਕ 2008)
No comments:
Post a Comment