‘‘ਖੁਦ ਲਈ ਫਾਂਸੀ ਦੇ ਰੱਸੇ ਵੱਲ ਜਾਣ ਤੋਂ ਰੋਕਣ ਦਾ ਕੋਈ ਰਸਤਾ ਹੈ ਤਾਂ ਉਹ ਸਤਨਾਮ ਦੇ ਜੰਗਲਨਾਮੇ ’ਚ ਹੈ’’
- ਜਸਪਾਲ ਜੱਸੀ
ਪਿਆਰੇ ਸਾਥੀਓ, ਸਾਡੇ ਲਈ ਬਹੁਤ ਦੁੱਖ ਦੀ ਘੜੀ ਹੈ। ਬਹੁਤ ਰੌਸ਼ਨ ਦਿਮਾਗ, ਸਮਰਪਤ, ਆਪਣੇ ਇਮਾਨ ਪ੍ਰਤੀ ਖਰਾ, ਸਾਡਾ ਪਿਆਰਾ ਸਾਥੀ ਸਾਡੇ ਤੋਂ ਵੱਖ ਹੋ ਗਿਆ।
ਮੈਂ ਪਹਿਲੀ ਵਾਰ ਸਤਨਾਮ ਨੂੰ 1974 ’ਚ, ਪੰਜਾਬ ਸਟੂਡੈਂਟਸ ਯੂਨੀਅਨ ਦੇ ਇਜਲਾਸ ’ਚ ਵੇਖਿਆ। ਉਹ ਲੁਧਿਆਣੇ ਦੇ
ਮਜ਼ਦੂਰਾਂ ਵੱਲੋਂ ਡੈਲੀਗੇਸ਼ਨ ਦੇ ਮੈਂਬਰ ਦੇ ਤੌਰ ’ਤੇ ਆਇਆ ਸੀ। ਸਾਡੇ ਇਜਲਾਸ
ਨੂੰ ਉਸ ਨੇ ਸੰਬੋਧਨ ਕੀਤਾ। ਫੇਰ ਐਮਰਜੈਂਸੀ ਦੇ ਦਿਨਾਂ ’ਚ ਸਤਨਾਮ ਨਾਲ ਉਹਦੇ ਓਸ ਨਾਵਲ ਬਾਰੇ, ਸਪਾਰਟਕਸ ਬਾਰੇ, ਜਿਸਦਾ ਉਸਨੇ ਅਨੁਵਾਦ ਕੀਤਾ, ਮੇਜਰ ਸਿੰਘ ਦੂਲੋਵਾਲ, ਮੈਂ ਤੇ ਸਤਨਾਮ,
ਉਹਦੀ ਚਰਚਾ ਕਰਦੇ ਰਹੇ। ਉਹਨਾਂ ਦਿਨਾਂ ’ਚ ਹੀ ਮੈਨੂੰ ਸਤਨਾਮ ਦੇ ਅੰਦਰਲੀ ਡਿਸੀਪਲਨ ਦੀ ਤਾਕਤ ਦਾ ਪਤਾ ਲੱਗਿਆ। ਮੈਂ ਉਹਦੇ ਨਾਲ ਮਿਲਣ
ਦਾ ਸਮਾਂ ਰੱਖਿਆ ਸੀ। ਮੈਂ ਮਿਥੀ ਥਾਂ ’ਤੇ ਪਹੁੰਚਿਆ, ਸਾਈਕਲ ਸੜਕ ਦੇ ਕੰਢੇ ਖੜਾ ਕੇ ਉਹ ਘੜੀ ਵੇਖ ਰਿਹਾ ਸੀ। ਮੈਂ ਜਿਸ ਸਮੇਂ ’ਤੇ ਪਹੁੰਚਣਾ ਸੀ,
ਉਸ ਤੋਂ 4 ਮਿੰਟ ਲੇਟ ਸੀ। ਉਹ ਕਹਿੰਦਾ 1 ਮਿੰਟ ਬਾਕੀ ਸੀ,
5 ਵੇਂ ਮਿੰਟ ਤੋਂ ਬਾਅਦ
ਮਿੱਤਰਾ, ਮੈਂ ਤਾਂ ਤੁਰ ਜਾਣਾ ਸੀ। ਮੈਂ ਕੁਝ ਸ਼ਰਮਿੰਦਗੀ ਮਹਿਸੂਸ ਕੀਤੀ। ਇਸ ਗੱਲ ਨੇ ਮਨ ’ਤੇ ਅਸਰ ਮਹਿਸੂਸ ਕੀਤਾ। ਉਹ ਪਿਆਰਾ ਸਾਥੀ ... ਯਾਦਾਂ ਸਾਂਝੀਆਂ ਕਰਨ ਦਾ ਸਮਾਂ ਨਹੀਂ ਹੈ, ਬਹੁਤ ਕੁਝ ਬੂਟਾ ਸਿੰਘ ਹੋਰਾਂ ਨੇ ਲਿਖਿਆ। ਦਰਸ਼ਨ ਪਾਲ ਜੀ ਦੱਸ ਕੇ ਗਏ ਨੇ, ਚਰਚਾ ਚੱਲ ਰਹੀ ਹੈ, ਹੋਈ ਜਾਣੀ ਹੈ।
ਅੱਜ ਸਾਡੇ ਲਈ, ਜਿਵੇਂ ਸਤਨਾਮ ਸਾਡੇ ’ਚੋਂ ਗਿਆ, ਕੁਝ ਪ੍ਰਸ਼ਨ ਖੜੇ ਕਰਕੇ ਗਿਆ। ਸਪਾਰਟਕਸ ਜਦੋਂ ਅਸੀਂ ਪੜਦੇ ਹਾਂ, ਸਪਾਰਟਕਸ ਇਹ ਦੱਸਦਾ ਹੈ ਕਿ ਭੈੜੀਆਂ ਤੋਂ ਭੈੜੀਆਂ ਹਾਲਤਾਂ ਵਿੱਚੋਂ ਵੀ ਜ਼ਿੰਦਗੀ ਦੀਆਂ
ਉਮੀਦਾਂ ਕਿਵੇਂ ਜਨਮ ਲੈਂਦੀਆਂ ਨੇ, ਬਗਾਵਤ ਦਾ ਰੂਪ ਕਿਵੇਂ
ਧਾਰਦੀਆਂ ਨੇ। ਉਹ ਬਗਾਵਤਾਂ ਕੁਚਲੀਆਂ ਵੀ ਜਾਂਦੀਆਂ ਨੇ, ਪਰ ਫਿਰ ਵੀ ਸੰਦੇਸ਼ ਉੱਚਾ ਹੁੰਦਾ ਹੈ। ਮੈਂ ਫਿਰ ਆਵਾਂਗਾ, ਅਸੀਂ ਫਿਰ ਆਵਾਂਗੇ, ਲੱਖਾਂ ਦੀ ਤਾਦਾਦ ਵਿੱਚ, ਕਰੋੜਾਂ ਦੀ ਤਾਦਾਦ ਵਿੱਚ। ਸਤਨਾਮ ਉਸ ਧਰਤੀ ’ਤੇ ਗਿਆ, ਜਿਹੜੀ ਧਰਤੀ ਵੈਸੇ ਵੀ ਹਿੰਦੁਸਤਾਨ ਦੇ ਕੇਂਦਰ ’ਚ ਹੈ, ਤੇ ਉਥੇ ਵਸਦੇ ਲੋਕ, ਉਹਨਾਂ ਦੀਆਂ ਇੱਛਾਵਾਂ, ਉਹਨਾਂ ਦੇ ਸੀਨੇ ’ਚ ਪਲ ਰਿਹਾ ਰੋਹ ਵੀ ਅੱਜ ਹਿੰਦੁਸਤਾਨ ਦਾ ਦਿਲ ਬਣਿਆ ਹੋਇਆ। ਉਸ ਧਰਤੀ ’ਤੇ ਕੀ ਹੁੰਦਾ ਹੈ,
ਉਸ ਧਰਤੀ ਤੋਂ ਕਦਮ ਕਿਸ ਪਾਸੇ ਨੂੰ ਜਾਂਦੇ ਨੇ, ਇਸ ਪਾਸੇ ਵੱਲ ਲੋਕਾਂ ਦੀਆਂ ਉਮੀਦਾਂ ਲੱਗੀਆਂ ਹੋਈਆਂ ਨੇ। ਵੱਡੇ ਵੱਡੇ ਚਿੰਤਕ, ਵੱਡੇ ਵੱਡੇ ਬੁੱਧੀਜੀਵੀ, ਉਹਨਾਂ ਧਰਤੀਆਂ ਦੇ ਸਿਦਕ ਅੱਗੇ, ਉਥੋਂ ਉੱਠੀਆਂ ਉਮੀਦ ਦੀਆਂ ਕਿਰਨਾਂ ਅੱਗੇ ਨਤਮਸਤਕ ਹੁੰਦੇ ਨੇ। ਸਤਨਾਮ ਉਸ ਧਰਤੀ ’ਤੇ ਗਿਆ, ਉਥੋਂ ਕਿਰਨਾਂ ਚੁਗ ਕੇ ਲਿਆਇਆ, ਉਹਨਾਂ ਕਿਰਨਾਂ ਨੂੰ ਉਹਨੇ ‘‘ਜੰਗਲਨਾਮੇ’’ ਦਾ ਰੂਪ ਦਿੱਤਾ। ਉਹ ‘‘ਜੰਗਲਨਾਮਾ’’ ਇੱਕ ਇਹੋ ਜਿਹੀ ਚੀਜ਼ ਬਣ ਗਿਆ ਕਿ ਕਈ ਨੌਜਵਾਨ ‘‘ਜੰਗਲਨਾਮੇ’’ ਨੂੰ ਆਪਣਾ ਜ਼ਿੰਦਗੀਨਾਮਾ ਬਣਾਉਣ ਬਾਰੇ ਸੋਚਣ ਲੱਗ ਪਏ। ਜੰਗਲਨਾਮਾ ਅੱਜ ਵੀ ਜਿਉਂਦਾ ਹੈ, ਬਹੁਤ ਕਠਿਨ ਹਾਲਤਾਂ ’ਚ ਉਮੀਦਾਂ ਦਾ ਝੰਡਾ ਬੁਲੰਦ ਕੀਤਾ ਜਾ ਰਿਹਾ ਹੈ, ਉੱਚਾ ਕੀਤਾ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਜੰਗਲਨਾਮੇ ਦੇ, ਜੰਗਲ ਦੀ ਦੁਨੀਆਂ ਦੇ ਸਾਥ ਦੇ ਬਾਵਜੂਦ, ਸਤਨਾਮ ਨੇ ਆਪਣੇ ਆਪ ਨੂੰ
ਇਕੱਲਾ ਮਹਿਸੂਸ ਕੀਤਾ। ਜ਼ਿੰਦਗੀ ਦੀ ਡੋਰ ਤਿਆਗ ਦਿੱਤੀ। ਜਿਸ ਡੋਰ ਨੂੰ ਫੜ ਕੇ ਨੌਜਵਾਨ ਇਨਕਲਾਬ ਦੇ
ਰਾਹ ਤੁਰ ਰਹੇ ਨੇ, ਉਸ ਡੋਰ ਨੂੰ ਲਾਂਭੇ ਛੱਡ ਕੇ ਸਤਨਾਮ ਸਾਡੇ ’ਚੋਂ ਵੱਖ ਹੋ ਗਿਆ।
ਇਹ ਮਸਲਾ ਕੀ ਹੈ, ਇਹ ਸਮੱਸਿਆ ਕੀ ਹੈ? ਸਮੱਸਿਆ ਕਿਸੇ ਇੱਕ ਜਥੇਬੰਦੀ, ਕਿਸੇ ਇੱਕ ਗਰੁੱਪ ਜਾਂ ਲਹਿਰ ਦੀ ਕਿਸੇ ਇੱਕ ਧਾਰਾ ਦੀ ਨਹੀਂ ਹੈ। ਸਮੱਸਿਆ ਸਾਡੇ ਸਾਰਿਆਂ ਦੇ
ਸੋਚਣ ਦੀ ਹੈ, ਤੇ ਸਭ ਤੋਂ ਵਧ ਸਮੱਸਿਆ ਸਤਨਾਮ ਵਰਗੇ ਸਾਥੀਆਂ ਦੇ ਸੋਚਣ ਦੀ ਹੈ। ਇਹ ਦੇਖਣ ਦੀ ਲੋੜ ਹੈ ਕਿ
ਜਦੋਂ ਅਸੀਂ ਇਨਕਲਾਬੀ ਰਾਹਾਂ ’ਤੇ ਤੁਰਦੇ ਹਾਂ, ਅਸੀਂ ਇੱਕ ਰੌਸ਼ਨੀ ਦੀ ਜਗਦੀ ਮਸ਼ਾਲ ਬਣ ਜਾਂਦੇ
ਹਾਂ। ਸਾਥੋਂ ਲੋਕ ਪ੍ਰਭਾਵਤ ਹੁੰਦੇ ਨੇ, ਪ੍ਰੇਰਿਤ ਹੁੰਦੇ ਨੇ। ਪਰ
ਜ਼ਿੰਦਗੀ ਬਹੁਤ ਵੱਡੀ ਹੈ, ਬਹੁਤ ਗੁੰਝਲਦਾਰ ਹੈ। ਮਨਾਂ ਦੀਆਂ ਇਹੋ ਜਿਹੀਆਂ
ਨੁੱਕਰਾਂ ਹੁੰਦੀਆਂ ਨੇ,
ਜਿੱਥੇ ਨੇਰਾ ਮੌਜੂਦ ਹੁੰਦਾ ਹੈ। ਉਨਾਂ ਨੁੱਕਰਾਂ
’ਚੋਂ ਨੇਰੇ ਨੂੰ ਹੂੰਝ ਸੁੱਟਣ ਲਈ ਜੂਝਣਾ, ਇੱਕ ਇਨਕਲਾਬੀ ਵੱਲੋਂ
ਲਗਾਤਾਰ ਕੀਤੇ ਜਾਣ ਵਾਲਾ ਕਾਰਜ ਹੈ। ਤੇ ਜੇ ਇਨਕਲਾਬੀ ਲਹਿਰ ਦੇ ਪੱਖ ਤੋਂ ਸੋਚਣਾ ਹੋਵੇ ਤਾਂ ਆਪਣੀ
ਰੌਸ਼ਨੀ ਨੂੰ ਏਡੀ ਕੱਦਾਵਾਰ ਬਣਾਉਣਾ, ਏਡੀ ਉੱਚੀ ਕਰਨਾ ਕਿ ਉਹ
ਨੇਰੀਆਂ ਤੋਂ ਨੇਰੀਆਂ ਮਨਾਂ ਦੀਆਂ ਨੁੱਕਰਾਂ ਤੱਕ ਵੀ ਜਾ ਪਹੁੰਚੇ, ਸਾਥੋਂ ਪਾਸੇ ਜਾਂਦੀ ਕਿਸੇ ਵੀ ਸਖਸ਼ੀਅਤ ਨੂੰ ਆਪਣੀ ਬੁੱਕਲ ’ਚ ਖਿੱਚ ਲਵੇ। ਉਸ ਸਮਰੱਥਾ ਤੱਕ ਸ਼ਾਇਦ ਅਸੀਂ ਪੁਹੰਚਣਾ ਹੈ। ਸਾਡੇ ਕਾਰਕੁੰਨਾਂ ਨੇ ਵੀ
ਪਹੁੰਚਣਾ ਹੈ। ਪਰ ਇਸ ਦੇ ਬਾਵਜੂਦ ਮੈਂ ਸਾਡੇ ਪਿਆਰੇ ਸਤਨਾਮ ਨਾਲ ਸਹਿਮਤ ਨਹੀਂ। ਉਹ ਆਪਣੇ ਕਦਮਾਂ
ਰਾਹੀਂ ਅਲੋਚਨਾ ਕਰਕੇ ਗਿਆ ਹੈ। ਇਹ ਅਲੋਚਨਾ ਕਿਸ ਦੀ ਹੈ? ਕੀ ਇਹ ਅਲੋਚਨਾ ਸਾਡੇ ਦੁਸ਼ਮਣਾਂ ਦੀ ਹੈ? ਦੁਸ਼ਮਣਾਂ ਦੀ ਅਲੋਚਨਾ
ਰਣ-ਤੱਤੇ ’ਚ ਜੂਝ ਕੇ ਕੀਤੀ ਜਾਂਦੀ ਹੈ। ਇਸ ਤਰਾਂ ਨਹੀਂ ਕੀਤੀ ਜਾਂਦੀ। ਕੀ ਇਹ ਅਲੋਚਨਾ ਆਪਣੇ
ਰਿਸ਼ਤੇਦਾਰਾਂ, ਨਾਤੇਦਾਰਾਂ, ਮਿੱਤਰਾਂ, ਨਿੱਜੀ ਸਬੰਧੀਆਂ ਦੀ ਹੈ? ਜੇ ਇਹ ਗੱਲ ਹੈ, ਉਹ ਰਿਸ਼ਤੇਦਾਰ, ਨਾਤੇਦਾਰ, ਸਬੰਧੀ ਸਾਡੇ ਲੋਕਾਂ ਦਾ ਹਿੱਸਾ ਨੇ। ਲੋਕਾਂ ਨਾਲ ਸਾਡੇ ਗਿਲੇ, ਦੋਸਤਾਂ-ਮਿੱਤਰਾਂ ਨਾਲ ਗਿਲੇ, ਰਿਸ਼ਤੇਦਾਰਾਂ ਨਾਲ ਗਿਲੇ
ਕਦੇ ਵੀ ਐਡੇ ਵੱਡੇ ਨਹੀਂ ਹੋ ਸਕਦੇ ਕਿ ਸਾਨੂੰ ਜੰਗਲਨਾਮੇ ਦੀ ਜਗਦੀ ਮਸ਼ਾਲ ਤੋਂ, ਸਾਡੀਆਂ ਨਜ਼ਰਾਂ ਨੂੰ ਲਾਂਭੇ ਕਰ ਦੇਣ। ਕੀ ਇਹ ਅਲੋਚਨਾ ਆਪਣੇ ਕ੍ਰਾਂਤੀਕਾਰੀ ਸਾਥੀਆਂ ਦੀ ਹੈ? ਸਮੁੱਚੀ ਲਹਿਰ ਦੇ ਸਾਰੇ ਕਾਰਕੁੰਨ, ਸਮੁੱਚੀ ਲਹਿਰ ਦਾ ਸਰਮਾਇਆ
ਨੇ, ਉਹਨਾਂ ਕਾਰਕੁੰਨਾਂ ਨੂੰ ਸੰਭਾਲਣਾ ਸਮੁੱਚੀ ਲਹਿਰ ਦੀ ਜੁੰਮੇਵਾਰੀ ਹੈ। ਇਹ ਕਰਦੇ ਹੋਏ, ਕਈ ਗੱਲਾਂ ’ਚ ਸਫ਼ਲਤਾਵਾਂ ਵੀ ਹੁੰਦੀਆਂ ਨੇ, ਕਈ ਗੱਲਾਂ ’ਚ ਕਮੀਆਂ ਵੀ ਹੁੰਦੀਆਂ ਨੇ। ਪਰ ਸਭ ਤੋਂ ਵੱਡੀ ਗੱਲ ਕੀ ਹੈ! ਜੋ ਲਹਿਰ ਹੈ, ਜੋ ਲੋਕਾਂ ਦੀ ਲਹਿਰ ਹੈ, ਉਹ ਜੂਝ ਰਹੀ ਹੈ। ਉਹ ਨਿਸ਼ਾਨੇ ਵੱਲ ਅੱਗੇ ਜਾਣ
ਦੀ ਕੋਸ਼ਿਸ਼ ਕਰ ਰਹੀ ਹੈ। ਡਿੱਗਦੀ ਹੈ, ਸੰਭਲਦੀ ਹੈ, ਫਿਰ ਤੁਰਦੀ ਹੈ। ਗਲਤੀਆਂ ਕਰਦੀ ਹੈ, ਫਿਰ ਸਿੱਖਦੀ ਹੈ। ਇਸ ਕਰਕੇ
ਜੇ ਮੈਂ ਸਤਨਾਮ ਨਾਲ ਗੱਲ ਕਰਨੀ ਹੋਵੇ, ਤਾਂ ਮੈਂ ਉਸ ਨੂੰ ਇਹ
ਕਹਿਣਾ ਚਾਹੂੰਗਾ ਕਿ ‘‘ਕਾਮਰੇਡ, ਭਾਵੇਂ ਜੱਸੀ ਹੈ,
ਭਾਵੇਂ ਦਰਸ਼ਨਪਾਲ ਹੈ, ਭਾਵੇਂ ਅਮੋਲਕ ਹੈ,
ਭਾਵੇਂ ਦਰਸ਼ਨ ਖਟਕੜ ਹੈ ..... ਤੂੰ ਸਾਡੀ
ਅਲੋਚਨਾ ਦਾ ਜਿਹੜਾ ..... ਇਹ ਲਹਿਰ ਅਲੋਚਨਾ ਦੀ ਹੱਕਦਾਰ ਤਾਂ ਹੋ ਸਕਦੀ ਹੈ, ਪਰ ਐਡੇ ਵੱਡੇ ਝੰਜੋੜੇ ਦੀ, ਐਡਾ ਵੱਡਾ ਸੰਤਾਪ ਆਪਣੇ
ਸਾਥੀਆਂ ਨੂੰ ਦੇ ਕੇ ਜਾਣ ਦਾ ਸਤਨਾਮ ਨੂੰ ਕੋਈ ਹੱਕ ਨਹੀਂ ਸੀ। ਮੈਂ ਸਾਰੇ ਸਾਥੀਆਂ ਵੱਲੋਂ ਇਸ
ਅਲੋਚਨਾ ਨੂੰ ਨਾ-ਮਨਜ਼ੂਰ ਕਰਦਾ ਹਾਂ। ਇਹ ਅਲੋਚਨਾ ਨਾ-ਮਨਜ਼ੂਰ ਕੀਤੇ ਜਾਣ ਲਾਇਕ ਹੈ। ਭਾਵੇਂ ਸਤਨਾਮ
ਸਾਡਾ ਆਪਣਾ ਹੈ, ਸਾਡਾ ਪਿਆਰਾ ਹੈ। ਉਹਦੀਆਂ ਰਚਨਾਵਾਂ ਦੀ ਰੌਸ਼ਨੀ, ਉਹਦਾ ਜੰਗਲਨਾਮਾ, ਉਹਦਾ ਸਪਾਰਟਕਸ ਦਾ ਅਨੁਵਾਦ, ਉਹਦੀਆਂ ਕਵਿਤਾਵਾਂ, ਉਹਦੇ ਲਿਖੇ ਹੋਏ ਲੇਖ, ਉਹ ਸਾਡੀ ਸਮੱਗਰੀ ਨੇ। ਇਸ ਆਖਰੀ ਘਟਨਾ ਨੂੰ ਜੇ
ਅਸੀਂ ਇੱਕ ਕੌੜਾ ਕਾਂਡ ਸਮਝ ਕੇ ਲਾਂਭੇ ਕਰ ਦੇਈਏ ਤਾਂ ਬਹੁਤ ਕੁਝ ਹੈ ਸਤਨਾਮ ਦਾ ਜਿਹੜਾ ਅਸੀਂ
ਆਪਣੇ ਲੋਕਾਂ ’ਚ ਲੈ ਕੇ ਜਾਈਏ,
ਜਿਸਨੂੰ ਉਚਿਆਈਏ, ਜਿਸਦਾ ਜੱਸ ਗਾਈਏ। ਜੇ ਫਾਂਸੀ ਦੇ, ਖੁਦ ਲਈ ਫਾਂਸੀ ਦੇ ਰੱਸੇ
ਵੱਲ ਜਾਣ ਤੋਂ ਰੋਕਣ ਦਾ ਕੋਈ ਰਸਤਾ ਹੈ ਤਾਂ ਉਹ ਸਤਨਾਮ ਦੇ ਜੰਗਲਨਾਮੇ ’ਚ ਹੈ। ਸਤਨਾਮ ਦੇ ਅਨੁਵਾਦ ਕੀਤੇ ਸਪਾਰਟਕਸ ’ਚ ਹੈ। ਸੋ ਸਾਥੀਓ ਕੋਸ਼ਿਸ਼
ਕਰੀਏ ਕਿ ਉਹਨਾਂ ਹੀ ਚੀਜ਼ਾਂ ਦਾ ਪੱਲਾ ਅਸੀਂ ਹੋਰਨਾਂ ਲੋਕਾਂ ਨੂੰ ਫੜਾਈਏ, ਜੋ ਲੜ ਸਤਨਾਮ ਹੱਥੋਂ ਛੁੱਟ ਗਿਆ ਸੀ। ਕੋਸ਼ਿਸ਼ ਕਰੀਏ, ਸਾਡੀ ਲਹਿਰ ਦੀ ਬੁੱਕਲ ’ਚ ਆਏ ਹੋਰਨਾਂ ਕਾਰਕੁੰਨਾਂ ਦੇ ਹੱਥਾਂ ’ਚੋਂ ਉਹ ਲੜ ਨਾ ਛੁੱਟੇ। ਇਹੀ ਸਾਡੀ ਸ਼ਰਧਾਂਜਲੀ ਹੈ। ਇਹੀ ਸਾਡੀ ਆਪਣੇ ਪਿਆਰੇ ਦੋਸਤ ਨਾਲ ਵਫ਼ਾ
ਹੈ। ਮੈਂ ਪੂਰੇ ਸਤਿਕਾਰ ਨਾਲ ਆਪਣੇ ਸਾਥੀ ਦੀ ਘਾਲਣਾ ਨੂੰ ਸਲਾਮ ਕਰਦਾ ਹਾਂ। ਅਸੀਂ ਉਸਦੀ ਕਰਨੀ
ਨੂੰ ਜਗਦੀ ਰੱਖਾਂਗੇ,
ਜਿਉਂਦੀ ਰੱਖਾਂਗੇ। ਜੰਗਲਨਾਮਾ ਅਮਰ ਰਹੂਗਾ।
ਸਤਨਾਮ ਦਾ ਕੀਤਾ ਤੇ ਉਹਦੀ ਘਾਲਣਾ ਅਮਰ ਰਹੂਗੀ। ਜੈ ਜਨਤਾ, ਜੈ ਸੰਘਰਸ਼।
(ਸ਼ਰਧਾਂਜਲੀ ਸਮਾਗਮ ’ਚ ਤਕਰੀਰ)
No comments:
Post a Comment