ਅੱਗ ਨਾਲ ਸੜੇ ਖੇਤ ਮਜ਼ਦੂਰਾਂ ਲਈ ਮੁਆਵਜ਼ਾ ਲਿਆ
ਜ਼ਿਲ੍ਹਾ ਮੁਕਤਸਰ ’ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਖੇਤ ਮਜ਼ਦੂਰਾਂ ਦੀ ਮੁਹਿੰਮ ਮਹੀਨਾ ਭਰ ਜ਼ੋਰਦਾਰ ਢੰਗ ਨਾਲ ਭਖੀ ਰਹੀ ਹੈ। ਪਹਿਲਾਂ 2 ਮਈ ਨੂੰ
ਪਿੰਡ ਭੰਗਚੜ੍ਹੀ ਖੇਤਾਂ ’ਚ ਇੱਕ ਜ਼ਿਮੀਂਦਾਰ ਵੱਲੋਂ ਤੇਜ਼ ਹਨ੍ਹੇਰੀ ਦੇ ਬਾਵਜੂਦ ਲਾਈ ਅੱਗ ਦੀ ਲਪੇਟ ’ਚ ਆ ੇਕ ਗੁਆਂਢੀ ਖੇਤ ’ਚ ਕੰਮ ਕਰਦੇ ਪਿਓ ਪੁੱਤ ਦੀ ਮੌਤ ਦੇ ਮਾਮਲੇ ’ਤੇ ਕਦੇ ਡੀ. ਸੀ. ਦਫ਼ਤਰ ਅੱਗੇ ਧਰਨਾ ਅਤੇ ਕਦੇ ਮੁਕਤਸਰ-ਮਲੋਟ ਜੀ. ਟੀ.ਰÐੋਡ ਉੱਪਰ ਜਾਮ ਲਾਉਣ ਵਰਗੇ ਐਕਸ਼ਨਾਂ ਦੀ ਪੰਜ ਦਿਨ ਲਗਾਤਾਰਤਾ ਬਣਾਈ ਗਈ। ਸਿੱਟੇ ਵਜੋਂ ਅੰਤ
ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਜੇਲ੍ਹ ਭੇਜਣ ਤੋਂ ਇਲਾਵਾ ਪੀੜਤ ਪਰਿਵਾਰ ਨੂੰ 16 ਲੱਖ ਰੁਪਏ ਦਾ ਮੁਆਵਜ਼ਾ ਤੇ ਇੱਕ ਜੀਅ ਨੂੰ ਨੌਕਰੀ
ਦੇਣ ਦੀਆਂ ਮੰਗਾਂ ਮੰਨਣੀਆਂ ਪਈਆਂ। ਇਸ ਅਤਿ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਵੀ ਜਿੱਥੇ ਦੋਸ਼ੀਆਂ
ਵੱਲੋਂ ਪੀੜਤ ਪਰਿਵਾਰ ਦੀ ਕੋਈ ਮਦਦ ਕਰਨਾ ਤਾਂ ਦੂਰ, ਦੋ ਬੋਲ ਹਮਦਰਦੀ ਦੇ ਜ਼ਾਹਰ ਕਰਨ ਤੋਂ ਵੀ ਕਿਨਾਰਾ ਕੀਤਾ ਗਿਆ, ਉਥੇ ਪ੍ਰਸ਼ਾਸਨ, ਸਰਕਾਰ ਤੇ ਵਿਰੋਧੀ
ਸਿਆਸੀ ਪਾਰਟੀਆਂ ਦਾ ਰਵੱਈਆ ਵੀ ਅਤਿ ਨਿੰਦਣਯੋਗ ਰਿਹਾ ਹੈ। ਇੱਥੋਂ ਤੱਕ ਕਿ ਜਿਹੜੀ ਆਪ ਪਾਰਟੀ
ਵੱਲੋਂ ਇਸ ਜ਼ਿਲ੍ਹੇ ’ਚ ਕਿਸਾਨਾਂ ਦੀ
ਅੱਗ ਨਾਲ ਸੜੀ ਕਣਕ ਦੀ ਭਰਪਾਈ ਵਾਸਤੇ ਪਿੰਡਾਂ ’ਚੋਂ ਕਣਕ ਇਕੱਠੀ ਕਰਕੇ ਦੇਣ ਦੀ ਮੁਹਿੰਮ ਵਿੱਢੀ ਹੋਈ ਸੀ ਉਸਨੇ ਵੀ ਪੀੜਤ ਮਜ਼ਦੂਰ ਪਰਿਵਾਰ ਦੀ
ਸਾਰ ਨਾ ਲਈ। ਕਾਰਨ ਇਹੀ ਸੀ ਕਿ ਅੱਗ ਲਾਉਣ ਵਾਲੇ ਦੋਸ਼ੀ ਪਿੰਡ ਦੇ ਸਰਦੇ ਪੁੱਜਦੇ ਧਨਾਢ ਪਰਿਵਾਰ ’ਚੋਂ ਸਨ ਅਤੇ ਆਪ ਨੂੰ ਮਜ਼ਦੂਰ ਪਰਿਵਾਰ ਦੀ ਮੱਦਦ ਕਰਨ ਨਾਲ ਪੇਂਡੂ ਧਨਾਢ ਖਿਲਾਫ਼ ਭੁਗਤਣ ਕਾਰਨ ਆਪਣੇ
ਵੋਟ ਬੈਂਕ ਦਾ ਨੁਕਸਾਨ ਹੋਣ ਦਾ ਖਤਰਾ ਲੱਗਦਾ ਸੀ। ਆਪਣੇ ਇਸ ਵਿਹਾਰ ਦੇ ਕਾਰਨ ਸਮਝੌਤੇ ਤੋਂ ਬਾਅਦ
ਸੰਸਕਾਰ ਦੇ ਮੌਕੇ ਮਗਰਮੱਛ ਦੇ ਹੰਝੂ ਵਹਾਉਣ ਤੇ ਸਿਆਸੀ ਰੋਟੀਆਂ ਸੇਕਣ ਲਈ ਪੁਹੰਚੇ ਹਾਕਮ ਧਿਰ ਦੇ ਐੱਮ.
ਐੱਲ. ਏ. ਹਰਪ੍ਰੀਤ ਸਿੰਘ ਕੋਟਭਾਈ, ਐਮ. ਪੀ. ਸ਼ੇਰ ਸਿੰਘ ਘੁਬਾਇਆ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਰਾਜੇਸ਼ ਬਾਘਾ ਨੂੰ ਖੇਤ
ਮਜ਼ਦੂਰਾਂ ਦੇ ਤਿੱਖੇ ਰੋਸ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਨੂੰ ਤੁਰੰਤ ਵਾਪਸ ਮੁੜਨ ਲਈ ਮਜ਼ਬੂਰ
ਹੋਣਾ ਪਿਆ।
ਪੰਚਾਇਤੀ ਜ਼ਮੀਨਾਂ ਦੇ ਹੱਕ ਲਈ ਜਗੀਰੂ ਚੌਧਰੀ
ਤੇ ਹਕੂਮਤੀ ਗੱਠਜੋੜ ਨਾਲ ਦਸਤਪੰਜਾ
ਫਿਰ ਇਸ ਜ਼ਿਲ੍ਹੇ ਦੇ ਪਿੰਡ ਦਬੜਾ ’ਚ ਪਲਾਟਾਂ ਦੇ
ਮੁੱਦੇ ’ਤੇ 10 ਮਈ ਨੂੰ ਖੇਤ ਮਜ਼ਦੂਰਾਂ ਤੇ ਪਿੰਡ ਦੇ ਅਕਾਲੀ
ਸਰਪੰਚ ਤੇ ਬੀ. ਡੀ. ਪੀ. ਓ. ਮਲੋਟ ਨਾਲ ਹੋਏ ਤਿੱਖੇ ਟਕਰਾਅ ਦੇ ਮਾਮਲੇ ਨੂੰ ਲੈ ਕੇ ਸਰਗਰਮੀ ਚਲਦੀ
ਰਹੀ। ਮਾਮਲਾ ਸੀ ਸੰਨ 2001 ’ਚ ਕੱਟੇ 41 ਪਲਾਟਾਂ ਦਾ ਕਬਜ਼ਾ ਦੇਣ ਤੇ ਬਾਕੀ ਲੋੜਵੰਦਾਂ ਲਈ ਪਲਾਟਾਂ ਦਾ ਮਤਾ ਪਾਉਣ ਦਾ।
ਬੇਸ਼ੱਕ ਸਰਪੰਚ ਤੇ ਸਮੁੱਚੇ ਪੰਚਾਂ ਨੇ ਮਜ਼ਦੂਰ ਜਥੇਬੰਦੀ ਵੱਲੋਂ ਤਿਆਰ ਕੀਤੇ ਮੰਗ ਪੱਤਰ ’ਤੇ ਦਸਤਖਤ ਕਰਕੇ ਮਤਾ ਪਾਉਣ ਦੀ ਸਹਿਮਤੀ ਵੀ ਦੇ ਦਿੱਤੀ ਸੀ, ਪਰ 10 ਮਈ ਨੂੰ ਪੰਚਾਇਤੀ ਜ਼ਮੀਨ ਦੀ ਬੋਲੀ ਸਮੇਂ ਜਦੋਂ ਮਜ਼ਦੂਰਾਂ ਨੇ ਪਲਾਟਾਂ ਲਈ ਥਾਂ ਛੱਡਕੇ
ਬਾਕੀ ਜ਼ਮੀਨ ਦੀ ਬੋਲੀ ਕਰਨ ਦੀ ਮੰਗ ਕੀਤੀ ਤਾਂ ਅਕਾਲੀ ਸਰਪੰਚ ਤੇ ਬੀ. ਡੀ. ਪੀ. ਓ. ਵੱਲੋਂ ਇਸਨੂੰ
ਹਕਾਰਤ ਨਾਲ ਠੁਕਰਾ ਦਿੱਤਾ। ਖੇਤ-ਮਜ਼ਦੂਰ ਮਰਦ ਔਰਤਾਂ ਵੱਲੋਂ ਇਸ ਮੰਗ ’ਤੇ ਜ਼ੋਰ ਦੇਣ ’ਤੇ ਉਹ ਦੁਰਵਿਹਾਰ
ਕਰਨ ’ਤੇ ਉੱਤਰ ਆਏ, ਜਵਾਬ ’ਚ ਮਜ਼ਦੂਰ ਮਰਦ
ਔਰਤਾਂ ਵੱਲੋਂ ਵੀ ਠੋਕਵਾਂ ਜਵਾਬ ਦਿੱਤਾ ਗਿਆ। ਪੁਲਸ ਨੂੰ ਇਸ ਦੀ ਸੂਚਨਾ ਦੇਣ ’ਤੇ ਉਹਨਾਂ ਅਗਲੇ ਦਿਨ ਮਜ਼ਦੂਰ ਮਰਦ ਔਰਤਾਂ ਨੂੰ ਬਿਆਨ ਲਿਖਣ ਦੇ ਨਾਂ ’ਤੇ ਲੱਖੇਵਾਲੀ ਥਾਣੇ ’ਚ ਸੱਦਕੇ ਸਮਝੌਤੇ ਦੀ ਪੇਸ਼ਕਸ਼ ਕੀਤੀ। ਜਿਸ ਬਾਰੇ ਸਹਿਮਤੀ ਹੋਣ ਤੋਂ ਬਾਅਦ ਐਸ. ਪੀ. (ਐੱਚ)
ਵੱਲੋਂ ਸਮਝੌਤੇ ਦਾ ਮਸੌਦਾ ਤਿਆਰ ਕਰਕੇ ਐੱਸ. ਐੱਸ. ਪੀ. ਨੂੰ ਭੇਜ ਵੀ ਦਿੱਤਾ ਸੀ। ਪਰ ਪਿੱਛੋਂ
ਹਲਕਾ ਵਿਧਾਇਕ ਹਰਪ੍ਰੀਤ ਕੋਟਭਾਈ ਦੇ ਸਿਆਸੀ ਦਬਾਅ ਕਾਰਨ 11 ਮਰਦ ਔਰਤਾਂ ’ਤੇ ਕੇਸ ਦਰਜ ਕਰਕੇ ਤਿੰਨ ਔਰਤਾਂ ਸਮੇਤ ਛੇ ਜਣਿਆਂ ਨੂੰ ਜੇਲ੍ਹ ਭੇਜ ਦਿੱਤਾ। ਇਸਦੇ ਵਿਰੋਧ ’ਚ ਸੈਂਕੜੇ ਮਜ਼ਦੂਰਾਂ ਵੱਲੋਂ 11 ਤੇ 12 ਮਈ ਨੂੰ ਦੋ ਦਿਨ ਧਰਨਾ ਦਿੱਤਾ ਗਿਆ। ਦੂਜੇ ਪਾਸੇ
ਸਰਪੰਚ ਤੇ ਹੋਰ ਅਕਾਲੀ ਲੀਡਰਾਂ ਵੱਲੋਂ ਪਿੰਡ ਅੰਦਰ ਖੇਤ-ਮਜ਼ਦੂਰ ਜਥੇਬੰਦੀ ਵਿਰੁੱਧ ਪਿੰਡ ਦੇ
ਕਿਸਾਨਾਂ ਤੇ ਆਮ ਲੋਕਾਂ ਨੂੰ ਭੜਕਾਉਣ ਦੀ ਮੁਹਿੰਮ ਵਿੱਢ ਦਿੱਤੀ। ਇਸ ਸਾਰੀ ਕਾਰਵਾਈ ’ਚ ਨਾਲ ਲੱਗਦੇ ਭੰਗਚੜ੍ਹੀ ਪਿੰਡ ਵਿੱਚ ਹਲਕੇ ਦੇ ਅਕਾਲੀ ਵਿਧਾਇਕ ਤੇ ਸੰਸਦ ਮੈਂਬਰ ਵਿਰੁੱਧ
ਖੇਤ ਮਜ਼ਦੂਰਾਂ ਵੱਲੋਂ ਪ੍ਰਗਟਾਏ ਹੱਕੀ ਰੋਹ ਦੀ ਵਿਹੁ ਸਾਫ਼ ਝਲਕਦੀ ਸੀ। ਖੇਤ ਮਜ਼ਦੂਰ ਜਥੇਬੰਦੀ
ਵੱਲੋਂ ਆਪਣੇ ਮੋੜਵੇਂ ਪ੍ਰਚਾਰ ਹੱਲੇ ਰਾਹੀਂ ਪਿੰਡ ਦੇ ਇਸ ਮੁੱਦੇ ਨੂੰ ਪੰਜਾਬ ਪੱਧਰੇ ਮੁੱਦੇ ਅਤੇ
ਮੁੱਖ ਮੰਤਰੀ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਟਾਲਾ ਵੱਟਣ ਦੇ ਪੈਂਤੜੇ ਨਾਲ ਜੋੜਨ, ਸਰਪੰਚ ਤੇ ਬੀ. ਡੀ. ਪੀ. ਓ. ਦੀ ਧੱਕੇਸ਼ਾਹੀ ਨੂੰ ਬਾਦਲ ਸਰਕਾਰ ਦੀ ਹੇਠਲੀ ਕੜੀ ਵਜੋਂ ਉਭਾਰਨ, ਸਿਆਸੀ ਲੀਡਰਸ਼ਿੱਪ ਪੱਖੋਂ ਮੁੱਖ ਮੰਤਰੀ ਤੇ ਐਮ. ਐਲ. ਏ. ਨੂੰ ਨਿਸ਼ਾਨਾ ਬਣਾਉਣ ਤੇ ਕਿਸਾਨਾਂ
ਮਜ਼ਦੂਰਾਂ ਦੀ ਸਾਂਝ ਤੇ ਅਮਲ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ ਗਿਆ। ਸਿੱਟੇ ਵਜੋਂ ਕਿਸਾਨਾਂ ਤੇ ਹੋਰ
ਲੋਕਾਂ ਨੂੰ ਖੇਤ-ਮਜ਼ਦੂਰਾਂ ਵਿਰੁੱਧ ਭੜਕਾ ਕੇ ਪਿੰਡ ’ਚ ਹੀ ਟਕਰਾਅ ਬਣਾਉਣ ਦੀ ਅਕਾਲੀ ਲੀਡਰਾਂ ਦੀ ਇਸ ਚਾਲ ਨੂੰ ਛੇਤੀ ਹੀ ਕੁੱਟ ਦਿੱਤਾ ਗਿਆ। ਇਸ
ਮੁੱਦੇ ਨੂੰ ਲੈ ਕੇ ਪਿੰਡਾਂ ’ਚ ਅਰਥੀਆਂ ਸਾੜਨ, 23 ਤੋਂ 27 ਮਈ
ਤੱਕ ਡੀ. ਸੀ. ਦਫ਼ਤਰ ਅੱਗੇ ਦਿਨ ਰਾਤ ਦਾ ਪੰਜ ਰੋਜ਼ਾ ਧਰਨਾ ਦੇਣ ਤੋਂ ਇਲਾਵਾ 2 ਜੂਨ ਨੂੰ 600 ਤੋਂ ਉੱਪਰ
ਮਰਦ ਔਰਤਾਂ ਵੱਲੋਂ ਐਮ. ਐਲ. ਏ. ਦੇ ਖਿਲਾਫ਼ ਉਸਦੇ ਸ਼ਹਿਰ ਮਲੋਟ ’ਚ ਜ਼ਿਲ੍ਹਾ ਪੱਧਰੀ ਰੈਲੀ (ਤਸਵੀਰ ਆਖ਼ਰੀ ਟਾਈਟਲ ਪੰਨੇ ’ਤੇ) ਅਤੇ ਮੁਜ਼ਾਹਰਾ ਵੀ ਕੀਤਾ ਗਿਆ। ਇਸ ਆਖਰੀ ਐਕਸ਼ਨ ’ਚ ਬੀ. ਕੇ. ਯੂ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਵੱਲੋਂ ਹਮਾਇਤੀ ਕੰਨ੍ਹਾ ਲਾਇਆ ਗਿਆ।
ਇਸ ਤੋਂ ਬਿਨਾਂ ਲਗਭਗ ਮਹੀਨੇ ਭਰ ਦੀ ਜੇਲ੍ਹ ਬੰਦੀ ਤੋਂ ਬਾਅਦ ਜ਼ਮਾਨਤ ’ਤੇ ਬਾਹਰ ਆਏ ਆਗੂਆਂ ਦਾ ਪਿੰਡ ਦੇ ਖੇਤ-ਮਜ਼ਦੂਰਾਂ ਵੱਲੋਂ ਭਰਵੇਂ ਇਕੱਠ ’ਚ ਸਵਾਗਤ ਕੀਤਾ ਗਿਆ।
No comments:
Post a Comment