Saturday, July 2, 2016

15) ਮੁਹੰਮਦ ਅਲੀ



ਵੀਹਵੀਂ ਸਦੀ ਦਾ ਮਹਾਨ ਮੁੱਕੇਬਾਜ਼, ਮਨੁੱਖੀ ਆਨ ਸ਼ਾਨ, ਆਜ਼ਾਦੀ ਤੇ ਨਸਲੀ ਬਰਾਬਰੀ ਲਈ ਲੜਾਈ ਦਾ ਸਿਰੜੀ ਘੁਲਾਟੀਆ, ਵੀਅਤਨਾਮੀ ਜੰਗ ਦੇ ਵਿਰੋਧ ਦਾ ਉੱਘਾ ਪ੍ਰਤੀਕ ਤੇ ਹੀਰੋ, ਘੋਰ ਨਸਲੀ ਵਿਤਕਰੇ ਤੇ ਗੁਰਬਤ ਦੇ ਸ਼ਿਕਾਰ ਇੱਕ ਅਮਰੀਕਨ ਨੀਗਰੋ ਪ੍ਰਵਾਰ ਚ ਜਨਮਿਆ ਅਤੇ ਸੰਸਾਰ ਪ੍ਰਸਿੱਧੀ ਦੇ ਅੰਬਰਾਂ ਤੇ ਟਹਿਕਿਆ ਇੱਕ ਜਗਮਗਾਉਂਦਾ ਸਿਤਾਰਾ ਟੁੱਟ ਕੇ ਅਲੋਪ ਹੋ ਗਿਆ ਹੈ। ‘‘ਮੈਂ ਸਭ ਤੋਂ ਮਹਾਨ ਹਾਂ’’ ਦੀਆਂ ਅਣਖ ਤੇ ਸਵੈਮਾਨ ਭਰੀਆਂ ਉਤਸ਼ਾਹੀ ਸੱਦਾਂ ਲਾਉਣ ਵਾਲਾ ਨਿਰਾਲਾ ਨਾਇਕ-ਮੁਹੰਮਦ ਅਲੀ 3 ਜੂਨ 2016 ਨੂੰ ਇਸ ਜਹਾਨ ਤੋਂ ਜਿਸਮਾਨੀ ਤੌਰ ਤੇ ਰੁਖਸਤ ਹੋ ਗਿਆ ਹੈ। ਉਸ ਦੇ ਜਨਾਜ਼ੇ ਵਿਚ ਸ਼ਾਮਲ ਪੰਦਰਾਂ ਹਜ਼ਾਰ ਤੋਂ ਵੱਧ ਲੋਕਾਂ ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਤੋ ਇਲਾਵਾ ਜ਼ਿੰਦਗੀ ਦੇ ਅਨੇਕ ਖੇਤਰਾਂ ਨਾਲ ਸੰਬੰਧਤ ਨਾਮਵਰ ਹਸਤੀਆਂ ਅਤੇ ਸੰਘਰਸ਼ਸ਼ੀਲ ਲੋਕ ਸ਼ਾਮਲ ਸਨ।
ਅਮਰੀਕਾ ਦੇ ਕੈਂਟੁਕੀ ਸੂਬੇ ਚ ਪੋਰਟਸਵਿਲੇ ਨਾਂ ਦੇ ਸ਼ਹਿਰ ਚ ਇਕ ਕਾਲੇ ਅਮਰੀਕਨ ਪਰਿਵਾਰ ਚ ਜਨਮੇ ਮੁਹੰਮਦ ਅਲੀ ਦਾ ਮੂਲ ਪਰਿਵਾਰਕ ਨਾਂਅ ਕੈਸੀਅਸ ਮਰਸੇਲਸ ਕਲੇਅ ਸੀ। ਅੱਤ ਦੇ ਨਸਲੀ ਵਿਤਕਰੇ, ਅਨਿਆਂ, ਸਮਾਜਕ ਬੇਵੁੱਕਤੀ ਅਤੇ ਗਰੀਬੀ ਭਰੇ ਮਹੌਲ ਚ ਉਸ ਦੀ ਪਾਲ-ਪੋਸ ਤੇ ਮੁੱਢਲੀ ਸਕੂਲੀ ਪੜ੍ਹਾਈ ਹੋਈ। ਕਾਲਜ ਚ ਪੈਰ ਪਾਉਣ ਦਾ ਉਸ ਨੂੰ ਕਦੇ ਸਬੱਬ ਹਾਸਲ ਨਾ ਹੋਇਆ। ਮਹਿਜ਼ 12 ਸਾਲ ਦੀ ਬਾਲ ਉਮਰੇ ਹੀ ਉਸ ਨੇ ਮੁੱਕੇਬਾਜ਼ੀ ਦੇ ਦਾਅ ਸਿੱਖਣੇ ਅਰੰਭ ਕਰ ਲਏ। 1960ਚ 18 ਸਾਲ ਦੀ ਉਮਰ ਚ ਰੋਮ ਉਲਿੰਪਕ ਚ ਮੁੱਕੇਬਾਜ਼ੀ ਚ ਉਸ ਵੱਲੋਂ ਜਿੱਤੇ ਸੋਨ-ਤਗਮੇ ਨਾਲ ਉਸ ਨੂੰ ਇੱਕ ਪ੍ਰਤਿਭਾਵਾਨ ਮੁੱਕੇਬਾਜ਼ ਦੇ ਰੂਪ ਵਿਚ ਪਛਾਣ ਤੇ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਚੱਲ ਸੋ ਚੱਲ ਹੋ ਗਈ। ਉਸ ਨੇ ਮੱਲਾਂ ਤੇ ਮੱਲਾਂ ਮਾਰਨੀਆਂ ਜਾਰੀ ਰੱਖੀਆਂ।
1960ਚ ਰੋਮ ਉਲਿੰਪਕ ਤੋਂ ਬਾਅਦ ਜਦ ਉਸਦੇ ਆਪਣੇ ਸ਼ਹਿਰ ਲੂਇਸਵਿਲੇ ਚ ਇੱਕ ਰੈਸਟੋਰੈਂਟ ਦੀ ਗੋਰੀ ਵੇਟਰ ਨੇ ਉਸ ਦੇ ਕਾਲੇ ਹੋਣ ਕਰਕੇ ਉਸ ਨੂੰ ਸਰਵਿਸ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਸ ਦੇ ਸਵੈਮਾਨ ਨੂੰ ਵੱਡੀ ਠੇਸ ਪਹੁੰਚੀ। ਰੋਹ ਚ ਆ ਕੇ ਉਸ ਨੇ ਉਲਿੰਪਕ ਚ ਜਿੱਤਿਆ ਸੋਨ ਤਗਮਾ ਉਹੀਓ ਦਰਿਆ ਚ ਵਗਾਹ ਮਾਰਿਆ। ਇਸਾਈ ਧਰਮ ਦੀ ਛਤਰਛਾਇਆ ਹੇਠ ਪਲ ਰਹੀ ਇਸ ਕੋਝੀ ਨਸਲਪ੍ਰਸਤੀ ਵਿਰੁੱਧ ਤਿੱਖੇ ਪ੍ਰਤੀਕਰਮ ਚੋਂ ਉਸਨੇ ਧਰਮ-ਬਦਲੀ ਕਰਕੇ ਇਸਲਾਮ ਧਰਮ ਧਾਰਨ ਕਰ ਲਿਆ ਅਤੇ ਕੁੱਝ ਸਾਲ ਬਾਅਦ ਗੁਲਾਮੀ ਦੇ ਪ੍ਰਤੀਕ ਨਾਂਅ ਨੂੰ ਬਦਲ ਕੇ ਮੁਹੰਮਦ ਅਲੀ ਨਵਾਂ ਨਾਂਅ ਰੱਖ ਲਿਆ। ਉਸ ਨੇ ਕਾਲੇ ਲੋਕਾਂ ਨਾਲ ਗੋਰੇ ਅਮਰੀਕਨਾਂ ਵੱਲੋਂ ਕੀਤੇ ਜਾਂਦੇ ਨਸਲੀ ਵਿਤਕਰੇ ਵਿਰੁੱਧ ਮਾਲਕੌਮ ਐਕਸ ਅਤੇ ਮਾਰਟਨ ਲੂਥਰ ਕਿੰਗ ਆਦਿਕ ਵੱਲੋਂ ਖੜ੍ਹੀ ਕੀਤੀ ਜਾ ਰਹੀ ਨਸਲਪ੍ਰਸਤੀ ਵਿਰੋਧੀ ਸ਼ਹਿਰੀ ਆਜਾਦੀਆਂ ਦੀ ਲਹਿਰ ਨਾਲ ਵੀ ਨਾਤਾ ਜੋੜ ਲਿਆ। 
1960ਚ ਹੀ ਉਹ ਪੇਸ਼ੇਵਾਰਾਨਾ ਮੁੱਕੇਬਾਜ਼ੀ ਦੇ ਅਖਾੜੇ ਵਿਚ ਕੁੱਦ ਪਿਆ। ਇੱਕ ਧੁਰੰਤਰ ਮੁੱਕੇਬਾਜ਼ ਵਜੋਂ ਉਸ ਦੀ ਚੜ੍ਹਾਈ ਤੇ ਸੰਸਾਰ ਪ੍ਰਸਿੱਧੀ ਉਸ ਵੇਲੇ ਸਿਖਰਾਂ ਛੂਹ ਗਈ ਜਦ ਉਸ ਨੇ 1964ਚ ਉਸ ਵੇਲੇ ਦੇ ਸੰਸਾਰ ਚੈਂਪੀਅਨ ਸੋਨੀ ਲਿਸਟਨ ਨੂੰ ਚਿੱਤ ਕਰਕੇ ਤਰਥੱਲੀ ਮਚਾ ਦਿੱਤੀ ਅਤੇ ਸੰਸਾਰ ਵਿਜੇਤਾ ਦੇ ਸੰਸਾਰੀ ਮੁਕਟ ਨੂੰ ਆਪਣੇ ਸਿਰ ਤੇ ਸਜਾ ਲਿਆ। ਬਸ ਫਿਰ ਅੜੇ ਸੋ ਝੜੇ ਵਾਲੀ ਗੱਲ ਹੋ ਗਈ। 1967ਚ ਉਸ ਉਤੇ ਮੁੱਕੇਬਾਜੀ ਚ ਹਿੱਸਾ ਲੈਣ ਤੇ ਲੱਗੀ ਪਾਬੰਦੀ ਤੱਕ ਉਸ ਨੇ 19 ਵੱਡੀਆਂ ਮੁੱਕੇਬਾਜ਼ੀ ਚੁਣੌਤੀਆਂ ਚ ਹਿੱਸਾ ਲਿਆ। ਉਹ ਇੱਕ ਵੀ ਮੁਕਾਬਲਾ ਨਹੀਂ ਹਾਰਿਆ ਸੀ। ਮੁੱਕੇਬਾਜ਼ੀ ਦੇ ਜਗਤ ਵਿਚ ਉਸ ਦੀ ਤੂਤੀ ਬੋਲਦੀ ਸੀ। ਉਸ ਦਾ ਕੋਈ ਸਾਨੀ ਨਹੀਂ ਸੀ।
ਮੁਹੰਮਦ ਅਲੀ ਦੀ ਜਿੰਦਗੀ ਚ ਇੱਕ ਨਿਰਣਾਇਕ ਮੋੜ 1967ਚ ਉਦੋਂ ਆਇਆ ਜਦ ਉਸ ਨੇ ਅੰਤਾਂ ਦੀ ਦਲੇਰੀ ਤੇ ਸੂਝ ਬੂਝ ਦਾ ਇਜ਼ਹਾਰ ਕਰਦਿਆਂ ਵੀਅਤਨਾਮ ਜੰਗ ਚ ਕੀਤੀ ਜਾ ਰਹੀ ਲਾਜ਼ਮੀ ਭਰਤੀ ਵਿਰੁੱਧ ਵਿਦਰੋਹ ਕਰਦਿਆਂ ਭਰਤੀ ਹੋਣ ਤੋਂ ਨਾਬਰੀ ਜਾਹਰ ਕਰ ਦਿੱਤੀ। ਉਸ ਵੱਲੋਂ ਜੋਰਾਵਰ ਅਮਰੀਕੀ ਪ੍ਰਸਾਸ਼ਨ ਨੂੰ ਦਿੱਤੀ ਇਹ ਦਲੇਰਾਨਾ ਚੁਣੌਤੀ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਇਸ ਨਿਹੱਕੀ ਤੇ ਹਮਲਾਵਰ ਜੰਗ ਉਪਰ ਜੋਰਦਾਰ ਕਿੰਤੂ ਉਠਾਉਂਦਿਆਂ ਉਸ ਦਾ ਤਰਕ ਸੀ;
‘‘ਮੇਰਾ ਕਿਸੇ ਵੀਤਕਾਂਗੀ ਨਾਲ ਕੋਈ ਲੜਾਈ ਝਗੜਾ ਨਹੀਂ। ਫਿਰ ਉਹ (ਯਾਨੀ ਅਮਰੀਕੀ ਹਾਕਮ) ਮੈਥੋਂ ਕਾਹਤੋਂ ਮੰਗ ਕਰ ਰਹੇ ਹਨ ਕਿ ਮੈਂ ਵਰਦੀ ਪਹਿਨਾਂ ਅਤੇ ਆਪਣੇ ਘਰ ਤੋਂ ਦਸ ਹਜਾਰ ਮੀਲ ਦੂਰ ਜਾ ਕੇ ਵੀਅਤਨਾਮ ਦੀ ਭੂਰੀ ਨਸਲ ਦੇ ਲੋਕਾਂ ਉਪਰ ਬੰਬ ਸੁੱਟਾਂ ਤੇ ਗੋਲੀਆਂ ਵਰ੍ਹਾਵਾਂ ਜਦ ਕਿ ਇੱਥੇ ਲੂਇਸਵਿਲੇ ਚ ਅਖੌਤੀ ਨੀਗਰੋ ਲੋਕਾਂ ਨਾਲ ਕੁੱਤਿਆਂ ਜਿਹਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਸਾਧਾਰਨ ਮਨੁੱਖੀ ਅਧਿਕਾਰ ਵੀ ਨਹੀਂ ਦਿੱਤੇ ਜਾ ਰਹੇ।’’
ਉਸ ਨੇ ‘‘ਗੋਰੇ ਗੁਲਾਮ ਮਾਲਕਾਂ ਦੀ ਚੌਧਰ ਕਾਇਮ ਕਰਨ ਖਾਤਰ ਕਿਸੇ ਹੋਰ ਕੌਮ ਦੇ ਲੋਕਾਂ ਦੇ ਕਤਲੇਆਮ ਤੇ ਸਾੜ ਫੂਕ ਚ ਹੱਥ ਵਟਾਉਣ’’ ਤੋਂ ਕੋਰੀ ਨਾਂਹ ਕਰਦਿਆਂ ਕਿਹਾ;
‘‘ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਹਾਂ ਤੇ ਹੁਣ ਫਿਰ ਕਹਿ ਰਿਹਾ ਹਾਂ ਕਿ ਮੇਰੇ ਲੋਕਾਂ ਦਾ ਅਸਲ ਦੁਸ਼ਮਣ ਏਥੇ ਹੀ ਹੈ। ਜੋ ਲੋਕ ਆਪਣੇ ਲਈ ਇਨਸਾਫ ਬਰਾਬਰੀ ਤੇ ਆਜਾਦੀ ਹਾਸਲ ਕਰਨ ਲਈ ਜੱਦੋਜਹਿਦ ਕਰ ਰਹੇ ਹਨ, ਉਹਨਾਂ ਲੋਕਾਂ ਨੂੰ ਗੁਲਾਮ ਬਣਾਈ ਰੱਖਣ ਦਾ ਸੰਦ ਬਣਕੇ ਮੈਂ ਆਪਣੇ ਮਜ਼ਹਬ, ਆਪਣੇ ਲੋਕਾਂ ਅਤੇ ਖੁਦ ਆਪਣੇ-ਆਪ ਦੀ ਤੌਹੀਨ ਨਹੀਂ ਕਰਾਂਗਾ।’’
ਸਾਮਰਾਜੀ ਹੱਥਠੋਕਿਆਂ ਵੱਲੋਂ ਉਸ ਨੂੰ ਮੁੱਕੇਬਾਜ਼ੀ ਤੋਂ ਹੋਣ ਵਾਲੀ ਕਰੋੜਾਂ ਡਾਲਰਾਂ ਦੀ ਕਮਾਈ ਖੁੱਸਣ ਤੇ ਜੇਲ੍ਹਾਂ ਚ ਤੁੰਨੇ ਜਾਣ ਦੇ ਦਿੱਤੇ ਜਾ ਰਹੇ ਲਾਲਚਾਂ ਤੇ ਡਰਾਵਿਆਂ ਉਤੇ ਹਕਾਰਤ ਨਾਲ ਥੁੱਕਦਿਆਂ ਉਸ ਨੇ ਪੂਰੀ ਸਿਦਕਦਿਲੀ ਤੇ ਧੜੱਲੇ ਨਾਲ ਗਰਜਵਾਂ ਐਲਾਨ ਕੀਤਾ;
‘‘ਆਪਣੇ ਅਕੀਦਿਆਂ ਲਈ ਡਟ ਕੇ ਮੈਂ ਕੁੱਝ ਵੀ ਗੁਆਉਣ ਨਹੀਂ ਜਾ ਰਿਹਾ। ਹਾਂ, ਮੈਨੂੰ ਜੇਲ੍ਹ ਜਾਣਾ ਪੈਣਾ ਹੈ-ਤਾਂ ਕੀ ਹੋਇਆ? ਅਸੀਂ 400 ਸਾਲ ਤੋਂ ਜੇਲ੍ਹਚ ਹੀ ਹਾਂ।’’
ਮਗਰੂਰ ਸਾਮਰਾਜੀ ਹਾਕਮਾਂ ਨੇ ਮੁਹੰਮਦ ਅਲੀ ਨੂੰ ਇਸ ਨਾਬਰੀ ਦੀ ਸਜ਼ਾ ਪੰਜ ਸਾਲ ਕੈਦ ਤੇ ਦਸ ਹਜਾਰ ਡਾਲਰ ਜ਼ੁਰਮਾਨੇ ਦੇ ਰੂਪ ਚ ਸੁਣਾਈ। ਉਸ ਦਾ ਲਾਇਸੰਸ ਕੈਂਸਲ ਕਰਦਿਆਂ ਕਿਸੇ ਵੀ ਮੁੱਕੇਬਾਜ਼ੀ ਮੁਕਾਬਲੇ ਚ ਹਿੱਸਾ ਲੈਣ ਤੇ ਪੂਰਨ ਪਾਬੰਦੀ ਲਾਈ ਗਈ। ਉਸ ਦਾ ਖੇਡ ਜੀਵਨ ਉਸ ਵੇਲੇ ਪੂਰੇ ਜੋਬਨ ਤੇ ਸੀ। ਉਸ ਨੇ ਖੇਡ ਪ੍ਰਾਪਤੀਆਂ ਦੇ ਅੰਬਰ ਤੇ ਹੋਰ ਵੀ ਉੱਚੀਆਂ ਉਡਾਰੀਆਂ ਭਰਨੀਆਂ ਸਨ। ਨਵੇਂ ਨਵੇਂ ਕੀਰਤੀਮਾਨਾਂ ਤੇ ਸਨਮਾਨਾਂ ਦੇ ਅੰਬਾਰ ਲਾਉਣੇ ਸਨ। ਕਰੋੜਾਂ ਅਰਬਾਂ ਡਾਲਰਾਂ ਦੀ ਕਮਾਈ ਕਰਨੀ ਸੀ। ਪਰ ਸਦਕੇ ਜਾਈਏ ਇਸ ਸਜੱਗ ਸੂਰਬੀਰ ਘੁਲਾਟੀਏ ਦੇ ਜਿਸ ਨੇ ਸਾਮਰਾਜੀ ਜੰਗ ਵਿਰੁੱਧ ਰੋਹ-ਲਲਕਾਰਾ ਮਾਰਨ ਅਤੇ ਮਨੁੱਖੀ ਭਾਈਚਾਰੇ, ਇਨਸਾਫ ਤੇ ਆਜ਼ਾਦੀ ਦੇ ਆਪਣੇ ਪਾਕਿ ਅਕੀਦਿਆਂ ਲਈ ਚਾਈਂ ਚਾਈਂ ਸਭ ਕੁੱਝ ਵਾਰ ਦਿੱਤਾ।
ਵੀਅਤਨਾਮ ਚ ਨਿਹੱਕੀ ਜੰਗ ਖਿਲਾਫ ਦਲੇਰਾਨਾ ਸਟੈਂਡ ਲੈ ਕੇ ਮੁਹੰਮਦ ਅਲੀ ਨੇ ਐਸੀ ਬਹੁਮੁੱਲੀ ਤੇ ਯਾਦਗਾਰੀ ਪ੍ਰਾਪਤੀ ਕਰ ਲਈ ਜੋ ਸ਼ਾਇਦ ਕਰੋੜਾਂ ਡਾਲਰ ਖਰਚ ਕਰਕੇ ਵੀ ਹਾਸਲ ਕਰਨੀ ਅਸੰਭਵ ਹੁੰਦੀ। ਹੁਣ ਉਸ ਦੀ ਸ਼ੋਹਰਤ ਇੱਕ ਪ੍ਰਬੀਨ ਤੇ ਦੁਨੀਆਂ ਦੇ ਸਿਰਮੌਰ ਮੁੱਕੇਬਾਜ਼ ਦੀਆਂ ਹੱਦਬੰਨੀਆਂ ਛੜੱਪ ਕੇ ਉਸ ਨੂੰ ਦੁਨੀਆਂ ਦੇ ਉਹਨਾਂ ਕਰੋੜਾਂ ਕਰੋੜ ਲੋਕਾਂ ਦੀਆਂ ਅੱਖਾਂ ਦਾ ਤਾਰਾ ਅਤੇ ਫਖਰਯੋਗ ਹੀਰੋ ਬਣਾਉਣ ਤੱਕ ਫੈਲ ਚੁੱਕੀ ਸੀ ਜੋ ਦੁਨੀਆਂ ਭਰ ਅੰਦਰ ਹਰ ਕਿਸਮ ਦੇ ਵਿਤਕਰਿਆਂ, ਦਾਬਿਆਂ ਅਤੇ ਨਿਹੱਕੀ ਜੰਗਬਾਜੀ ਦਾ ਵਿਰੋਧ ਕਰ ਰਹੇ ਸਨ। ਉਸ ਦੇ ਜੁਅਰਤਮੰਦ ਫੈਸਲੇ ਨੇ ਅਮਰੀਕਾ ਅਤੇ ਦੁਨੀਆਂ ਭਰ ਅੰਦਰ ਵੀਅਤਨਾਮੀ ਜੰਗ ਦੇ ਵਿਰੋਧ ਨੂੰ ਜਰਬਾਂ ਦੇ ਦਿੱਤੀਆਂ ਸਨ। ਅਮਰੀਕਾ ਅੰਦਰ ਨਸਲਪ੍ਰਸਤੀ ਵਿਰੋਧੀ ਅਤੇ ਸ਼ਹਿਰੀ ਆਜ਼ਾਦੀਆਂ ਦੀ ਲਹਿਰ ਚ ਨਵੀਂ ਰੂਹ ਫੂਕ ਦਿੱਤੀ ਸੀ। ਬਸਤੀਵਾਦੀ ਦਾਬੇ ਤੇ ਲੁੱਟ ਵਿਰੁੱਧ ਤੀਜੀ ਦੁਨੀਆਂ ਦੇ ਮੁਲਕਾਂ ਅੰਦਰ ਕੌਮੀ ਆਜ਼ਾਦੀ ਤੇ ਮੁਕਤੀ ਦੀ ਲਹਿਰ ਲਈ ਨਵੇਂ ਉਤਸ਼ਾਹ ਤੇ ਪ੍ਰੇਰਣਾ ਦਾ ਸੋਮਾ ਉੱਭਰ ਆਇਆ ਸੀ।
28 ਜੂਨ 1971 ਨੂੰ ਅਮਰੀਕਨ ਸੁਪਰੀਮ ਕੋਰਟ ਦੇ ਇਕ ਬੈਂਚ ਨੇ ਮੁਹੰਮਦ ਅਲੀ ਦੀ ਸਜ਼ਾ ਸਰਬਸੰਮਤੀ ਨਾਲ ਰੱਦ ਕਰ ਦਿੱਤੀ। ਲਗਭਗ ਚਾਰ ਸਾਲ ਦੇ ਵਕਫੇ ਬਾਅਦ, ਮੁੱਕੇਬਾਜ਼ੀ ਚ ਆਪਣੇ ਜੌਹਰ ਦਿਖਾਉਣ ਲਈ ਉਹ ਫਿਰ ਅਖਾੜੇ ਚ ਉੱਤਰਿਆ। ਅਨੇਕਾਂ ਵਕਾਰੀ ਮੁਕਾਬਲਿਆਂ ਚ ਆਪਣੀ ਕਲਾ, ਜਾਹੋ-ਜਲਾਲ ਤੇ ਦਮ-ਖਮ ਦਾ ਲੋਹਾ ਮੰਨਵਾਉਣ ਤੋਂ ਇਲਾਵਾ ਉਸ ਨੇ ਪਹਿਲਾਂ 1974ਚ ਸੰਸਾਰ ਚੈਂਪੀਅਨ ਦਾ ਖਿਤਾਬ ਮੁੜ ਜਿੱਤ ਕੇ, ਲਗਾਤਾਰ ਇਸ ਦੀ ਰਾਖੀ ਕਰਕੇ, ਫਿਰ 1978ਚ ਮੁੜ ਸੰਸਾਰ ਚੈਂਪੀਅਨ ਬਣ ਕੇ ਸਾਬਤ ਕਰ ਦਿੱਤਾ ਕਿ ਉਹ ਹਾਲੇ ਵੀ ਸਭ ਤੋਂ ਮਹਾਨ ਸੀ-ਦੁਨੀਆਂ ਦਾ ਨੰਬਰ ਇੱਕ ਮੁੱਕੇਬਾਜ਼ ਸੀ। ਸਾਲ 1981ਚ ਮੁੱਕੇਬਾਜ਼ੀ ਤੋਂ ਸਨਿਆਸ ਲੈਣ ਵੇਲੇ ਤੱਕ ਆਪਣੇ ਖੇਡ ਜੀਵਨ ਕਾਲ ਚ ਉਸ ਨੇ 61 ਵਕਾਰੀ ਮੁਕਾਬਲਿਆਂ ਚ ਹਿੱਸਾ ਲਿਆ ਜਿੰਨ੍ਹਾਂ ਚੋਂ ਉਸ ਨੇ 56 ਜਿੱਤੇ। 37 ਮੁਕਾਬਲਿਆਂ ਚ ਉਸ ਨੇ ਆਪਣੇ ਚੁਣੌਤੀਕਾਰਾਂ ਨੂੰ ਚਿੱਤ (ਨੌਕ-ਆਊਟ) ਕਰਕੇ ਹਰਾਇਆ ਸੀ। ਇਉਂ, ਇਹ ਲਾਸਾਨੀ ਮੁੱਕੇਬਾਜ਼ ਮਨੁੱਖੀ ਸਮਰੱਥਾ ਦੀਆਂ ਬੁਲੰਦੀਆਂ ਦਰਸਾਉਂਦੀ ਦੰਦ ਕਥਾ ਹੋ ਨਿੱਬੜਿਆ।
‘‘ਆਈ ਐਮ ਦੀ ਗਰੇਟੈਸਟ’’ (ਮੈਂ ਸਭ ਤੋਂ ਮਹਾਨ ਹਾਂ) ਉਸ ਦੀ ਯੁੱਧ ਲਲਕਾਰ ਸੀ। ਇਹ ਕਿਸੇ ਹੰਕਾਰ ਦੀ ਉਪਜ ਨਹੀਂ ਸੀ, ਆਪਣੇ ਆਪ ਨੂੰ ਉੱਤਮ ਤੇ ਕਾਲਿਆਂ ਨੂੰ ਨਖਿੱਧ ਸਮਝਣ ਵਾਲੇ ਗੋਰੇ ਨਸਲਪ੍ਰਸਤਾਂ ਨੂੰ ਉਸ ਵੱਲੋਂ ਖਰੇ ਕੌਮੀ (ਨਸਲੀ) ਸਵੈਮਾਣ, ਅਣਖ, ਮਨੁੱਖੀ ਸ਼ਾਨ ਤੇ ਆਤਮ ਵਿਸ਼ਵਾਸ਼ ਚੋਂ ਦਿੱਤੀ ਚੁਣੌਤੀ ਸੀ। ਮੁਹੰਮਦ ਅਲੀ ਸੱਚਮੁੱਚ ਹੀ ਮਹਾਨ ਸੀ। ਸਿਰਫ ਸਿਰਮੌਰ ਸੰਸਾਰ ਮੁੱਕੇਬਾਜ਼ ਹੋਣ ਸਦਕਾ ਹੀ ਨਹੀਂ, ਸਗੋਂ ਨਸਲਪ੍ਰਸਤੀ ਤੇ ਨਿਹੱਕੀ ਜੰਗਬਾਜੀ ਦੇ ਖਿਲਾਫ ਦ੍ਰਿੜ ਘੁਲਾਟੀਆ ਹੋਣ ਕਰਕੇ, ਆਜ਼ਾਦੀ, ਬਰਾਬਰੀ ਤੇ ਇਨਸਾਫ ਦੀ ਲੜਾਈ ਦਾ ਹਮੈਤੀ ਹੋਣ ਕਰਕੇ, ਇੱਕ ਉਸਾਰੂ ਫਿਲਮ ਅਦਾਕਾਰ, ਕਵੀ ਤੇ ਹੋਰ ਕਈ ਕਿਸਮ ਦੀਆਂ ਹਾਂ-ਪੱਖੀ ਸਰਗਰਮੀਆਂ ਕਰਕੇ ਵੀ। ਜੂਝਣਹਾਰ ਲੋਕਾਂ ਲਈ ਉਹ ਹਮੇਸ਼ਾ ਉਤਸ਼ਾਹ ਤੇ ਪ੍ਰੇਰਣਾ ਦਾ ਸੋਮਾ ਰਹੇਗਾ।
ਅਲਵਿਦਾ! ਸਾਥੀ ਮੁਹੰਮਦ ਅਲੀ। ਤੈਨੂੰ ਲਾਲ ਸਲਾਮ!

No comments:

Post a Comment