Sunday, December 14, 2014

..ਦਿੱਲੀ ਦੰਗਿਆਂ ਦੀ ਅਸਲੀਅਤ-ਗਵਾਹੀਆਂ ਬੋਲਦੀਆਂ

..ਦਿੱਲੀ ਦੰਗਿਆਂ ਦੀ ਅਸਲੀਅਤ-ਗਵਾਹੀਆਂ ਬੋਲਦੀਆਂ
(ਨਾਨਾਵਤੀ ਕਮਿਸ਼ਨ ਤੇ ਰੰਗਾ ਨਾਥ ਮਿਸ਼ਰਾ ਕਮਿਸ਼ਨ ਸਾਹਮਣੇ ਪ੍ਰਮੁੱਖ ਵਿਅਕਤੀਆਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਕੁਝ ਅੰਸ਼)
ਨਾਨਾਵਤੀ ਕਮਿਸ਼ਨ 
ਖ਼ੁਸ਼ਵੰਤ ਸਿੰਘ, ਪ੍ਰਸਿੱਧ ਪੱਤਰਕਾਰ ਤੇ ਲੇਖਕ: ….ਉਸੇ ਸ਼ਾਮ ਮਿ.ਐੱਮ.ਜੇ. ਅਕਬਰ (ਅਖ਼ਬਾਰ ਸੰਪਾਦਕ) ਮੇਰੇ ਘਰ ਖਾਣੇ 'ਤੇ ਆਏ। ਬਾਹਰ ਮੇਨ  ਰੋਡ 'ਤੇ ਕੁਝ ਰੌਲ਼ਾ ਸੁਣਿਆ ਅਤੇ ਮੈਂ ਵੇਖਣ ਲਈ ਬਾਹਰ ਚਲਾ ਗਿਆ। ਮੈਂ ਤਕਰੀਬਨ 20-25  ਪੁਲੀਸ  ਵਾਲੇ ਸੜਕ 'ਤੇ ਖੜ੍ਹੇ ਵੇਖੇ ਅਤੇ ਖ਼ਾਨ ਮਾਰਕੀਟ ਵਿੱਚ ਧਾੜ ਸਿੱਖਾਂ ਦੀਆਂ ਦੁਕਾਨਾਂ ਲੁੱਟ ਰਹੀ ਸੀ। ਪੁਲੀਸ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਸਨ। ਪੁਲੀਸ ਵਾਲਿਆਂ ਨੇ ਉਨ੍ਹਾਂ ਨੂੰ ਰੋਕਣ ਜਾਂ ਖਿੰਡਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ।… ਕੁਝ ਚਿਰ ਪਿੱਛੋਂ ਧਾੜ ਨੇ ਮੇਨ  ਰੋਡ 'ਤੇ ਟੈਕਸੀ ਸਟੈਂਡ ਨੂੰ ਸਾੜ ਦਿੱਤਾ।….. ਅੱਧੀ ਰਾਤ ਦੇ ਆਸ ਪਾਸ ਮੇਰੇ ਘਰ ਦੇ ਪਿਛਲੇ ਗੁਰਦੁਆਰੇ 'ਤੇ ਹਮਲਾ ਕਰ ਦਿੱਤਾ।
ਪਤਵੰਤ ਸਿੰਘ ਲੇਖਕ: ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਲੈਫ਼ਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਬ੍ਰਿ. ਸੁਖਜੀਤ ਸਿੰਘ, ਗੁਰਬਚਨ ਸਿੰਘ ਤੇ ਮੈਂ ਇੱਕ ਨਵੰਬਰ, 1984 ਦੀ ਸਵੇਰ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਮਿਲਣ  ਲਈ ਗਏ ਅਤੇ ਕਿਹਾ ਕਿ ਸਾਰੀ ਰਾਜਧਾਨੀ ਵਿੱਚ ਬਹੁਤ ਸਾਰੇ ਸਿੱਖ ਮਾਰੇ ਜਾ ਰਹੇ ਹਨ। ਸਾਰੇ ਸ਼ਹਿਰ ਵਿੱਚ ਸਿੱਖਾਂ 'ਤੇ ਹਿੰਸਾ ਭਾਰੂ ਹੋਈ ਜਾ ਰਹੀ ਹੈ। ਉਹ ਬਤੌਰ ਰਾਸ਼ਟਰਪਤੀ ਨੈਤਿਕ ਅਤੇ ਵਿਧਾਨਕ ਤੌਰ 'ਤੇ ਇਸ ਨੂੰ ਖ਼ਤਮ ਕਰਨ ਦੇ ਜ਼ਿੰਮੇਵਾਰ ਹਨ। ਉਨ੍ਹਾਂ ਨੇ ਜਵਾਬ ਦਿੱਤਾ, ”ਮੇਰੇ ਕੋਲ ਦਖ਼ਲ ਦੇਣ ਦੀਆਂ ਸ਼ਕਤੀਆਂ ਨਹੀਂ ਹਨ।” ਮੈਂ ਇਨ੍ਹਾਂ ਹੈਰਾਨੀ ਭਰੀਆਂ ਟਿੱਪਣੀਆਂ ਨਾਲ ਸੁੰਨ ਹੋ ਗਿਆ ਤੇ ਕਿਹਾ, ”ਮਿ. ਪਰੈਜ਼ੀਡੈਂਟ, ਕੀ ਤੁਸੀਂ ਇਹ ਕਹਿ ਰਹੇ ਹੋ ਕਿ ਦੇਸ਼ ਵਿੱਚ ਭਾਂਬੜ ਮਚ ਰਹੇ ਹੋਣ ਤੇ ਲੋਕ ਗਲੀਆਂ ਵਿੱਚ ਝਟਕਾਏ ਜਾ ਰਹੇ ਹੋਣ ਤੇ ਰਾਸ਼ਟਰਪਤੀ ਕੋਲ ਇਸ ਅਰਾਜਕਤਾ ਤੇ ਖ਼ੂਨ-ਖ਼ਰਾਬੇ ਨੂੰ ਰੋਕਣ ਲਈ ਕੋਈ ਸ਼ਕਤੀ ਨਹੀਂ।” ਉਹ ਚੁੱਪ ਰਹੇ….
ਆਈ.ਕੇ. ਗੁਜਰਾਲ, ਸਾਬਕਾ ਪ੍ਰਧਾਨ ਮੰਤਰੀ: ਮੈਨੂੰ 31 ਅਕਤੂਬਰ, 1984 ਤਕਰੀਬਨ ਸਵੇਰੇ ਗਿਆਰਾਂ ਵਜੇ ਸ੍ਰੀਮਤੀ ਇੰਦਰਾ ਗਾਂਧੀ 'ਤੇ ਹੋਏ ਹਮਲੇ  ਬਾਰੇ ਪਤਾ ਲੱਗਾ। ਮੈਂ ਉਸੇ ਵੇਲੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਗਿਆ ਅਤੇ ਉੱਥੋਂ ਬਾਅਦ ਦੁਪਹਿਰ ਵਾਪਸ ਆਇਆ। ਦੇਰ ਸ਼ਾਮ ਮੈਨੂੰ ਪਤਾ ਲੱਗਾ ਕਿ ਸ਼ਹਿਰ ਵਿੱਚ ਕਈ ਥਾਈਂ ਦੰਗੇ ਭੜਕ ਪਏ ਸਨ। ਅਗਲੀ ਸਵੇਰ ਭਾਵ ਇੱਕ ਨਵੰਬਰ, 1984 ਨੂੰ ਅਖ਼ਬਾਰ ਪੜ੍ਹਨ ਪਿੱਛੋਂ ਮੈਂ ਭਾਰਤ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਸੰਪਰਕ ਕੀਤਾ। ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਾਂ ਅਤੇ ਸਰਕਾਰ  ਨਾਲ ਵੀ ਸੰਪਰਕ ਕਰਾਂ। ਮੈਨੂੰ ਇਹ ਬੜਾ ਅਜੀਬ ਲੱਗਾ ਕਿ ਰਾਸ਼ਟਰਪਤੀ ਇਹ ਕੰਮ ਕਰਨ ਲਈ ਮੈਨੂੰ ਕਹਿ ਰਹੇ ਹਨ। ਇੱਕ ਨਵੰਬਰ, 1984 ਨੂੰ ਵਿਰੋਧੀ ਲੀਡਰਾਂ ਦੀ ਇੱਕ ਮੀਟਿੰਗ ਸੀ ਅਤੇ ਇਸ ਲਈ ਮੈਨੂੰ  ਡਾ. ਸ਼ੇਖ਼ ਅਬਦੁੱਲਾ ਨੇ ਤਕਰੀਬਨ ਸਵੇਰੇ ਦਸ ਵਜੇ ਆਪਣੇ ਨਾਲ ਲੈ ਲਿਆ। ਜਾਂਦਿਆਂ ਰਸਤੇ ਵਿੱਚ ਮੈਂ ਵੇਖਿਆ ਕਿ ਘਰ, ਟਰੱਕ ਆਦਿ ਸੜ ਰਹੇ ਸਨ। ਆਪਣੇ ਘਰ ਵਾਪਸ ਆਉਣ ਤੋਂ ਪਿੱਛੋਂ ਮੈਨੂੰ ਜਨਰਲ ਅਰੋੜਾ ਦਾ ਫੋਨ ਆਇਆ ਤੇ ਕਿਹਾ ਕਿ ਮਿ. ਪਤਵੰਤ ਸਿੰਘ, ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਤੇ ਹੋਰਾਂ  ਦੇ ਨਾਲ ਭਾਰਤ ਦੇ ਰਾਸ਼ਟਰਪਤੀ ਮਿਲ ਚੁੱਕੇ ਸਨ ਅਤੇ ਉਨ੍ਹਾਂ ਦੇ ਪ੍ਰਤੀਕਰਮ ਨਾਲ ਨਿਰਾਸ਼ ਵਾਪਸ ਆਏ ਹਾਂ। ਮੈਂ ਫਿਰ ਮਿ. ਪਤਵੰਤ ਸਿੰਘ ਦੇ ਘਰ ਗਿਆ ਅਤੇ ਉੱਥੇ ਅਸੀਂ ਫ਼ੈਸਲਾ ਲਿਆ ਕਿ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੂੰ ਜਾ ਕੇ ਮਿਲੀਏ। ਗ੍ਰਹਿ ਮੰਤਰੀ ਦੇ ਘਰ ਨੂੰ ਜਾਂਦਿਆਂ ਤੇ ਮੁੜਦਿਆਂ ਮੈਂ ਕਈ ਸੜਦੀਆਂ ਜਾਇਦਾਦਾਂ ਵੇਖੀਆਂ।  ਨਾ ਤਾਂ ਲੋਕਾਂ 'ਤੇ ਕਾਬੂ ਪਾਉਣ ਅਤੇ ਨਾ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੈਨੂੰ ਰਸਤੇ ਵਿੱਚ ਲਾਠੀਆਂ ਆਦਿ ਚੁੱਕੀ ਫਿਰਦੇ ਹਜੂਮ ਨੇ ਦੋ ਵਾਰੀ ਰੋਕਿਆ ਅਤੇ ਨਾਅਰੇ ਮਾਰਦੇ ਰਹੇ। ਉਨ੍ਹਾਂ ਵਿੱਚੋਂ ਕੁਝ ਮੇਰੀ ਕਾਰ ਦੇ ਨੇੜੇ ਆ ਗਏ, ਦਰਵਾਜ਼ਾ ਖੋਲ੍ਹਿਆ ਤੇ ਪੁੱਛਿਆ ਕਿ ਕਾਰ ਦੇ ਅੰਦਰ ਕੋਈ ਸਿੱਖ ਤਾਂ ਨਹੀਂ। ਗ੍ਰਹਿ ਮੰਤਰੀ ਨਾਲ ਮੇਰੀ ਗੱਲਬਾਤ ਦੌਰਾਨ ਮੈਂ ਮਹਿਸੂਸ ਕੀਤਾ ਕਿ ਜੋ ਸ਼ਹਿਰ ਵਿੱਚ ਵਾਪਰ ਰਿਹਾ ਹੈ, ਉਸ ਬਾਰੇ ਉਸ ਨੂੰ ਬਹੁਤਾ ਪਤਾ ਨਹੀਂ…. ਜਨਰਲ ਅਰੋੜਾ ਨਾਲ ਕੁਝ ਫ਼ੌਜੀਆਂ ਵੱਲੋਂ ਸੰਪਰਕ ਕੀਤਾ ਗਿਆ। ਉਹ ਫ਼ੌਜੀਆਂ ਦੀ ਹਿਫ਼ਾਜ਼ਤ ਵਿੱਚ ਮੇਰੇ ਘਰ ਆਇਆ। ਇਸ ਤਰ੍ਹਾਂ ਜਨਰਲ ਅਰੋੜਾ  ਤੇ ਸ੍ਰੀਮਤੀ ਅਰੋੜਾ ਮੇਰੇ ਘਰ ਵਿੱਚ ਰਹੇ।……
ਰਾਮ ਜੇਠਮਲਾਨੀ, ਸਾਬਕਾ ਕਾਨੂੰਨ ਮੰਤਰੀ: ….ਮੇਰੀ ਦੋਸਤ ਮਿਸ ਲੈਲਾ ਫਰਨਾਂਡੀਜ਼ ਉਸ ਸ਼ਾਮ ਮੇਰੇ ਘਰ ਆਈ ਅਤੇ ਉਸ ਨੇ ਕੁਝ ਭਿਆਨਕ ਘਟਨਾਵਾਂ ਦਾ ਵਰਣਨ ਕੀਤਾ ਜਿਹੜੀਆਂ ਸ਼ਹਿਰ ਵਿੱਚ  ਵਾਪਰ ਰਹੀਆਂ ਸਨ। ਅਸੀਂ ਸ੍ਰੀ ਨਰਸਿਮ੍ਹਾ ਰਾਓ ਨੂੰ  ਮਿਲਣ ਦਾ ਫ਼ੈਸਲਾ ਲਿਆ ਜਿਹੜਾ ਉਸ ਸਮੇਂ ਗ੍ਰਹਿ ਮੰਤਰੀ। ਅਸੀਂ ਉਸ ਨੂੰ ਮਿਲ ਕੇ ਸ਼ਹਿਰ ਵਿੱਚ ਲੱਗੀਆਂ ਅੱਗਾਂ ਤੇ ਹੋ ਰਹੀਆਂ ਹੱਤਿਆਵਾਂ ਬਾਰੇ ਦੱਸਿਆ ਅਤੇ ਇਸ ਕਤਲੇਆਮ ਨੂੰ ਰੋਕਣ ਲਈ ਤੁਰੰਤ  ਕਦਮ ਚੁੱਕਣ ਲਈ ਬੇਨਤੀ ਕੀਤੀ। ਇੱਥੋਂ ਤਕ ਕਿ ਮੈਂ ਉਸ ਨੂੰ ਵਿਸਥਾਰ ਨਾਲ ਉਨ੍ਹਾਂ ਕਦਮਾਂ ਬਾਰੇ ਵੀ ਦੱਸਿਆ ਜਿਹੜੇ ਜ਼ਰੂਰੀ ਤੌਰ 'ਤੇ ਲਏ ਜਾਣੇ ਚਾਹੀਦੇ ਸਨ ਜਿਵੇਂ ਕਿ ਕਰਫ਼ਿਊ ਲਾਉਣ ਤੇ ਫ਼ੌਜ ਦੀ ਤਾਇਨਾਤੀ। ਅਸੀਂ ਮਿ.ਰਾਓ ਨਾਲ ਤਕਰੀਬਨ ਅੱਧਾ ਘੰਟਾ ਰਹੇ। ਇਸ ਸਮੇਂ ਦੌਰਾਨ ਮੈਂ ਮਿ.ਰਾਓ ਨੂੰ ਕਿਸੇ ਅਫ਼ਸਰ ਨੂੰ ਨਾ ਕੋਈ ਹਦਾਇਤਾਂ ਦਿੰਦਿਆਂ ਵੇਖਿਆ ਅਤੇ ਨਾ ਹੀ ਕਿਸੇ ਕਿਸਮ ਦੇ ਕੋਈ ਹੋਰ ਕਦਮ ਚੁੱਕਦਿਆਂ।  ਉਹ ਮੈਨੂੰ ਢਿੱਲਾ ਤੇ ਨਿਰਉਤਸ਼ਾਹਿਤ ਲੱਗਾ। ਇਹ ਉਸ ਦੀ ਆਮ ਸ਼ੈਲੀ ਜਾਂ ਵਿਹਾਰ ਹੋ ਸਕਦਾ ਹੈ ਜਾਂ ਇਹ ਹੋ ਸਕਦਾ ਹੈ ਕਿ ਉਹ ਘਟਨਾਵਾਂ ਕਾਰਨ ਹਿੱਲਿਆ ਪਿਆ ਹੋਵੇ। ਮੈਂ ਕੇਵਲ ਇਹ ਹੀ ਕਹਿ ਸਕਦਾ ਹਾਂ ਕਿ ਮੈਨੂੰ ਇਸ ਫੇਰੀ ਨਾਲ ਬਹੁਤ ਨਿਰਾਸ਼ਾ ਹੋਈ…..
ਸ਼ਾਂਤੀ ਭੂਸ਼ਨ, ਸਾਬਕਾ ਕਾਨੂੰਨ ਮੰਤਰੀ: ਅਸੀਂ ਸ਼ਕਰਪੁਰ ਗਏ, ਪਾਂਡਵ ਨਗਰ ਅਤੇ ਪੂਰਬੀ ਦਿੱਲੀ ਦੀਆਂ ਹੋਰ ਬਹੁਤ ਸਾਰੀਆਂ ਕਲੋਨੀਆਂ ਵਿੱਚ ਕਈ  ਫਸੇ ਸਿੱਖ ਪਰਿਵਾਰਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਨਜ਼ਦੀਕੀ ਗੁਰਦੁਆਰੇ ਵਿੱਚ ਲੈ ਗਏ….. ਅਸੀਂ ਸਿੱਖਾਂ ਦੀਆਂ ਬਹੁਤ ਸਾਰੀਆਂ ਲਾਸ਼ਾਂ ਵੇਖੀਆਂ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਕਈ ਲਾਸ਼ਾਂ ਹਾਲੇ ਸੜ ਰਹੀਆਂ ਸਨ…. ਅਸੀਂ ਕੁਝ ਪੁਲੀਸ ਅਧਿਕਾਰੀ ਜਿਨ੍ਹਾਂ ਦੇ ਕੱਪੜਿਆਂ 'ਤੇ ਨੇਮ ਪਲੇਟਾਂ ਲੱਗੀਆਂ ਹੋਈਆਂ ਸਨ, ਵੀ ਵੇਖੇ ਪਰ ਮਹਿਸੂਸ ਹੋਇਆ ਕਿ ਉਹ ਹੱਤਿਆਵਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੇ….
… ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਬਿਨਾਂ ਕੁਝ ਲੋਕਾਂ ਦੀ ਜਥੇਬੰਦੀ ਦੇ ਬਿਨਾਂ  ਧਾੜ ਦਾ  ਪ੍ਰਬੰਧ ਕਰਨ ਦੇ ਅਤੇ ਬਿਨਾਂ ਕੈਰੋਸੀਨ ਤੇ ਦੂਸਰੇ ਅੱਗ ਭੜਕਾਊ ਸਮੱਗਰੀ ਨੂੰ ਕਿਸੇ ਸੰਗਠਿਤ ਤਰੀਕੇ ਨਾਲ ਅਤੇ ਬਿਨਾਂ ਕਿਸੇ ਸਟੇਟ ਮਸ਼ੀਨਰੀ ਦੀ ਗੁੱਝੀ ਰਜ਼ਾਮੰਦੀ ਦੇ ਇਹ ਘਟਨਾਵਾਂ ਨਹੀਂ ਵਾਪਰ ਸਕਦੀਆਂ ਸਨ। ਜੇ ਸਟੇਟ ਮਸ਼ੀਨਰੀ ਅਸਲੀਅਤ ਵਿੱਚ ਉਨ੍ਹਾਂ ਘਟਨਾਵਾਂ ਨੂੰ ਰੋਕਣਾ ਚਾਹੁੰਦੀ ਤਾਂ ਪਹਿਲੇ ਹੀ ਦਿਨ  ਕੁਝ ਥਾਂਵਾਂ 'ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ।
ਆਰ.ਐੱਸ. ਨਰੂਲਾ, ਸਾਬਕਾ ਚੀਫ਼ ਜਸਟਿਸ: …ਦੋ ਨਵੰਬਰ ਦਿਨ ਵੇਲੇ, ਮੈਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਛਿਨਾਪਾ ਰੈਡੀ ਦਾ ਫੋਨ ਆਇਆ। ਉਸ ਨੇ ਕਿਹਾ ਕਿ ਜਸਟਿਸ ਡੀ.ਏ. ਡਿਸਾਈ ਦੇ ਘਰ ਦੇ ਬਾਹਰ ਉਸ ਨੇ ਆਪ ਇੱਕ ਸਕੂਟਰ ਵਾਲੇ ਸਿੱਖ ਨੂੰ ਕੁੱਟ-ਕੁੱਟ ਕੇ ਹੱਤਿਆ ਕੀਤੀ ਜਾਂਦੀ ਵੇਖੀ ਸੀ ਅਤੇ ਮੈਨੂੰ ਪੁੱਛਿਆ ਕਿ ਕੀ ਉਹ ਆਪਣੀ ਕਾਰ ਤੇ ਸਕਿਉਰਿਟੀ ਮੈਨੂੰ ਆਪਣੇ ਘਰ ਲਿਜਾਣ ਲਈ ਭੇਜ ਸਕਦਾ ਸੀ ਜਿਹੜਾ ਕਿ ਸੁਰੱਖਿਅਤ ਸੀ। ਉਸ ਦੀ ਮਿਹਰਬਾਨ ਪੇਸ਼ਕਸ਼ ਨੂੰ ਮੈਂ ਨਾਮਨਜ਼ੂਰ ਕਰ ਦਿੱਤਾ…
…ਤਿੰਨ ਨਵੰਬਰ ਨੂੰ ਮੈਨੂੰ ਇਹ ਵੀ ਸੂਚਨਾ ਮਿਲੀ ਕਿ ਮੇਰੇ ਜਵਾਈ, ਦਿੱਲੀ ਹਾਈ ਕੋਰਟ ਦੇ ਜਸਟਿਸ ਐੱਸ.ਐੱਸ. ਚੱਢਾ ਤੇ ਉਸ ਦਾ ਪਰਿਵਾਰ, ਜਿਹੜਾ ਚਾਰ-ਬੀ ਜ਼ਾਕਿਰ ਹੁਸੈਨ ਮਾਰਗ 'ਤੇ ਰਹਿੰਦਾ ਸੀ, ਨੂੰ ਹਾਈ ਕੋਰਟ ਵਿੱਚ ਲਿਜਾਣਾ ਪਿਆ ਕਿਉਂਕਿ ਉਸ ਦੀ ਸਕਿਉਰਿਟੀ ਨੇ ਉਨ੍ਹਾਂ ਦੀ ਜਾਨ ਬਚਾਉਣ ਦੀ ਗਰੰਟੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ…
ਗੋਵਿੰਦ  ਨਰੈਣ, ਸਾਬਕਾ ਗਵਰਨਰ ਤੇ ਡਿਫੈਂਸ ਸਕੱਤਰ: ….ਯਮੁਨਾ  ਪਾਰ ਦੇ ਇਲਾਕੇ ਬਾਰੇ ਸਾਡੇ ਸਾਹਮਣੇ ਬਹੁਤ ਸਬੂਤ ਸਨ ਜਿੱਥੇ ਲੋਕਾਂ ਨੇ ਸਾਨੂੰ ਦੱਸਿਆ ਕਿ ਸ੍ਰੀ ਐੱਚ.ਕੇ. ਐੱਲ. ਭਗਤ, ਇੱਕ ਕਾਂਗਰਸ ਨੇਤਾ ਨੇ ਉੱਥੇ ਕਤਲੋਗਾਰਤ ਨੂੰ ਯੋਜਨਾਬੱਧ ਤੇ ਜਥੇਬੰਦ ਕੀਤਾ ਸੀ। ਸਾਡੇ ਸਾਹਮਣੇ ਇਹ ਵੀ ਸਬੂਤ ਹੈ ਕਿ ਦੂਸਰੇ ਇਲਾਕਿਆਂ ਵਿੱਚ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਨਾਂ ਲਏ ਗਏ ਜਿਨ੍ਹਾਂ ਨੇ ਲੋਕਾਂ ਨੂੰ ਉਕਸਾਇਆ ਤੇ ਘਰਾਂ ਨੂੰ ਅੱਗ ਲਾਉਣ ਲਈ ਪੈਟਰੋਲ ਅਤੇ ਮਿੱਟੀ ਦੇ ਤੇਲ ਨਾਲ ਭਰੇ ਟੀਨਾਂ ਦੇ ਪ੍ਰਬੰਧ ਕਰ ਕੇ ਦਿੱਤੇ ਸਨ। ਇਨ੍ਹਾਂ ਵਿੱਚੋਂ ਕੁਝ ਨਾਂ ਵੱਖ-ਵੱਖ ਹਲਫ਼ਨਾਮਿਆਂ ਵਿੱਚ ਵੀ ਆਏ ਹਨ ਜਿਹੜੇ ਸਾਡੇ ਸਾਹਮਣੇ ਪੇਸ਼ ਕੀਤੇ ਗਏ ਸਨ…..
ਮਿਸ਼ਰਾ ਕਮਿਸ਼ਨ
ਰਾਮ ਵਿਲਾਸ ਪਾਸਵਾਨ, ਕੇਂਦਰੀ ਮੰਤਰੀ:  ਮੇਰੇ ਸਮੇਤ, ਕਰਪੂਰੀ ਠਾਕਰ, ਦੇਵੀ ਲਾਲ ਤੇ ਕੇ.ਆਰ.ਆਰੀਆ, ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਕਾਰ ਵਿੱਚ ਤਿਲਕ ਨਗਰ ਗਏ। ਰਸਤੇ ਵਿੱਚ ਧਾੜਾਂ ਨੇ ਸਾਡੀ ਗੱਡੀ ਨੂੰ ਕਈ ਥਾਈਂ ਰੋਕਿਆ। ਉਨ੍ਹਾਂ ਨੇ ਸਾਨੂੰ ਕੇਵਲ ਉਦੋਂ ਹੀ ਅੱਗੇ ਜਾਣ ਦਿੱਤਾ ਜਦੋਂ ਉਨ੍ਹਾਂ ਨੇ ਯਕੀਨ ਕਰ ਲਿਆ ਕਿ ਸਾਡੇ ਨਾਲ ਕੋਈ ਸਿੱਖ ਨਹੀਂ ਸੀ। ਅਸੀਂ ਵੇਖਿਆ ਕਿ ਸਭ ਪਾਸੇ ਧੂੰਆਂ ਸੀ ਅਤੇ ਸ਼ਰਾਰਤੀਆਂ ਦੇ ਗਰੁੱਪ ਕਈ ਥਾਈਂ ਖੜ੍ਹੇ ਸਨ…। ਇੱਕ ਸਰਦਾਰ ਜੀ ਉੱਥੇ ਫਿਰ ਰਹੇ ਸਨ, ਉਸ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ। ਉਸ ਨੇ ਮੇਰੀ ਰਿਹਾਇਸ਼ ਵਿੱਚ ਪਨਾਹ ਮੰਗੀ… ਧਾੜ ਨੇ ਕੋਈ ਸ਼ਾਮ ਚਾਰ ਵਜੇ ਹਮਲਾ ਕਰ ਦਿੱਤਾ। ਮੇਰਾ ਬਾਡੀਗਾਰਡ, ਜੋਗਿੰਦਰ ਪ੍ਰਸਾਦ ਸਿੰਘ ਤੇ ਪ੍ਰਾਈਵੇਟ ਸਕੱਤਰ ਮੁਹਿੰਦਰ ਬੇਠਾ ਗੇਟ 'ਤੇ ਸਨ। ਉਨ੍ਹਾਂ ਨੇ ਗੇਟ ਬੰਦ ਕਰ ਦਿੱਤਾ ਪਰ ਧਾੜ ਨੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ। ਜੋਗਿੰਦਰ ਪ੍ਰਸਾਦ ਸਿੰਘ ਧਾੜ ਦੇ ਬਹੁਤੇ ਚਿਹਰਿਆਂ ਨੂੰ ਜਾਣਦਾ ਹੈ ਅਤੇ ਜਦੋਂ ਲੋੜ ਪਵੇ ਗਵਾਹ ਵਜੋਂ ਪੇਸ਼ ਹੋ ਸਕਦਾ ਹੈ। ਉਸ ਅਨੁਸਾਰ, ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਕਾਂਗਰਸ (ਆਈ) ਦੇ ਵਰਕਰ ਸਨ। ਉਹ ਸਿੱਖ ਵਿਰੋਧੀ ਨਾਅਰੇ ਲਾ ਰਹੇ ਸਨ… ਅਸੀਂ ਘਰ ਦੀ ਪਿਛਲੀ ਕੰਧ ਕੋਲ ਸਥਿਤ ਨੌਕਰਾਂ ਦੇ ਕੁਆਰਟਰਾਂ ਵਿੱਚ ਦੀ ਆਪਣੇ ਆਪ ਨੂੰ ਬਚਾ ਕੇ ਨਿਕਲ ਗਏ। ਫਿਰ ਉਨ੍ਹਾਂ ਨੇ ਜ਼ਖ਼ਮੀ ਬਜ਼ੁਰਗ ਸਰਦਾਰ ਜੀ ਨੂੰ ਫੜ ਲਿਆ ਜਿਹੜਾ ਸਾਡੇ ਨਾਲ ਭੱਜ ਕੇ ਨਾ ਨਿਕਲ ਸਕਿਆ। ਧਾੜ ਨੇ ਉਸ ਨੂੰ ਜਿਉਂਦੇ ਨੂੰ ਹੀ ਸੜਦੇ ਗੈਰੇਜ ਵਿੱਚ ਸੁੱਟ ਦਿੱਤਾ, ਜਿੱਥੇ ਉਹ ਜ਼ਿੰਦਾ ਹੀ ਭੁੱਜ ਗਿਆ….
ਮਧੂ ਦੰਡਵੰਤੇ, ਸਾਬਕਾ ਵਿੱਤ ਮੰਤਰੀ : ਦੋ ਨਵੰਬਰ ਸਵੇਰੇ ਜਦੋਂ ਰੇਲ ਗੱਡੀ ਦਿੱਲੀ ਦੇ ਲਾਗੇ ਤੁਗਲਕਾਬਾਦ ਸਟੇਸ਼ਨ 'ਤੇ ਪਹੁੰਚੀ, ਲੋਹੇ ਦੀਆਂ ਰਾਡਾਂ, ਕੁਹਾੜੀਆਂ, ਸੱਬਲਾਂ, ਆਦਿ ਹੱਥਾਂ 'ਚ ਫੜੀ  ਲੋਕਾਂ ਦੀ ਇੱਕ ਵੱਡੀ ਗਿਣਤੀ ਸਾਡੀ ਟਰੇਨ ਵਿੱਚ ਆ ਵੜੀ। ਉਹ ਰੇਲ ਗੱਡੀ ਵਿੱਚੋਂ ਸਿੱਖ ਸਵਾਰੀਆਂ ਦੀ ਭਾਲ ਕਰ ਰਹੇ ਸਨ। ਉਨ੍ਹਾਂ ਐਲਾਨ ਕੀਤਾ ਕਿ ਕੋਈ ਸਿੱਖ ਗੱਡੀ 'ਚੋਂ ਜ਼ਿੰਦਾ ਬਚ ਕੇ ਨਾ ਨਿਕਲੇ। ਉਸੇ ਵਕਤ, ਮੈਂ ਵੇਖਿਆ ਕਿ  ਬਾਹਰੋਂ ਅੰਦਰ ਵੜੇ ਲੋਕਾਂ ਨੇ ਨਾਲ ਦੇ ਡੱਬੇ ਵਿੱਚੋਂ ਕੁਝ ਸਿੱਖ ਬਾਹਰ ਖਿੱਚ  ਲਿਆਂਦੇ। ਮੈਂ ਵੇਖਿਆ ਦੋ ਸਿੱਖਾਂ ਨੂੰ ਮਾਰ ਦਿੱਤਾ ਤੇ ਪਲੇਟਫਾਰਮ 'ਤੇ ਸੁੱਟ ਦਿੱਤਾ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਲੇਟਫਾਰਮ 'ਤੇ ਹੀ ਅੱਗ ਲਾ ਦਿੱਤੀ। ਪਲੇਟਫਾਰਮ 'ਤੇ ਖੜ੍ਹੀ ਪੁਲੀਸ ਨੇ ਉਨ੍ਹਾਂ ਨੂੰ ਕਤਲ ਕਰਨ ਤੋਂ ਜਾਂ ਅੱਗ ਲਾਉਣ ਤੋਂ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
ਮਨਡੋਰੀ ਦੇਵੀ, ਹਿੰਦੂ ਪੀੜਤ ਦਾ  ਹਲਫ਼ਨਾਮਾ: ਨਵੰਬਰ 1984  ਨੂੰ ਸ਼ਾਮ ਤਿੰਨ ਵਜੇ ਸਾਡੇ ਏਰੀਏ ਵਿੱਚ ਦੰਗੇ ਸ਼ੁਰੂ ਹੋ ਗਏ। ਉਸ ਵਕਤ, ਅਸੀਂ ਮੇਰਾ ਪਤੀ ਤੇ ਮੈਂ ਆਪਣੀ ਰਿਹਾਇਸ਼ 'ਤੇ ਸੀ। ਜਦੋਂ ਦੰਗਈ ਸਾਡੇ ਗੁਆਂਢੀਆਂ ਨੂੰ ਕੁੱਟਣ ਲਈ ਮੁੜ-ਮੁੜ ਆਏ, ਮੇਰਾ ਪਤੀ ਜਿਹੜਾ ਇੱਕ ਪੁਲੀਸ ਅਫ਼ਸਰ ਸੀ, ਪੀੜਤਾਂ ਨੂੰ ਬਚਾਉਣ ਲਈ ਬਾਹਰ ਗਿਆ….  ਦੰਗਈਆਂ  ਨੇ ਮੇਰੇ ਪਤੀ ਨੂੰ ਕਿਹਾ ਕਿ ਕਿਉਂ (ਬਾਵਜੂਦ ਹਿੰਦੂ ਹੋਣ ਦੇ) ਉਹ ਉਨ੍ਹਾਂ ਲੋਕਾਂ ਨੂੰ ਬਚਾ ਰਿਹਾ ਹੈ। ਉਨ੍ਹਾਂ ਨੇ ਉਸ ਨੂੰ ਲਾਂਭੇ ਹਟ ਜਾਣ ਲਈ ਕਿਹਾ। ਜਦੋਂ ਮੇਰੇ ਪਤੀ ਨੇ ਪੀੜਤਾਂ ਨੂੰ ਬਚਾਉਣਾ ਜਾਰੀ ਰੱਖਿਆ, ਦੰਗਈਆਂ ਨੇ ਲੋਹੇ ਦੀਆਂ ਸਲਾਖਾਂ ਨਾਲ ਉਸ 'ਤੇ ਪਿੱਛੋਂ ਦੀ ਹਮਲਾ ਕਰ ਦਿੱਤਾ। ਸਖ਼ਤ ਜ਼ਖ਼ਮੀ ਹੋਇਆ ਮੇਰਾ ਪਤੀ ਹੇਠਾਂ ਡਿੱਗ ਪਿਆ। ਉਦੋਂ ਕੋਈ ਸ਼ਾਮ 8.30 ਵਜੇ ਦਾ ਸਮਾਂ ਸੀ।
… ਖ਼ੌਫ਼ਜ਼ਦਾ ਹੋਈ, ਜਦੋਂ ਮੈਂ ਆਪਣੇ ਪਤੀ ਨੂੰ ਘਰ ਦੇ ਅੰਦਰ ਲਿਆਉਣ ਲਈ ਗਈ, ਮੈਨੂੰ ਪਰ੍ਹਾਂ ਭਜਾ ਦਿੱਤਾ। ਮੈਂ ਫਿਰ ਉੱਥੋਂ ਚਲੀ ਗਈ। ਮੇਰਾ ਦਿਓਰ ਗੰਗਾ ਪ੍ਰਸਾਦ, ਜਿਹੜਾ ਆਪ ਵੀ ਜ਼ਖ਼ਮੀ ਹੋ ਗਿਆ ਸੀ, ਤੇ ਮੇਰੇ ਕੁਝ ਗੁਆਂਢੀਆਂ ਨੇ ਮੇਰੇ ਪਤੀ ਨੂੰ ਘਰ ਲਿਆਉਣ ਵਿੱਚ ਸਾਡੀ ਸਹਾਇਤਾ ਕੀਤੀ। ਅਸੀਂ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਦੰਗਈਆਂ ਨੇ ਸਾਨੂੰ ਜਾਣ ਨਾ ਦਿੱਤਾ। …ਸ਼ਾਮ 9.00 ਵਜੇ ਅਸੀਂ ਮੇਰੇ ਪਤੀ ਨੂੰ ਹਸਪਤਾਲ ਲਿਜਾਣ ਵਿੱਚ ਸਫ਼ਲ ਹੋ ਗਏ ਜਿੱਥੇ ਉਹ ਕੁਝ ਦਿਨਾਂ ਬਾਅਦ ਸੁਰਗਵਾਸ ਹੋ ਗਿਆ…
(ਪੱਤਰਕਾਰ ਮਨੋਜ ਮਿੱਟਾ ਅਤੇ ਐਡਵੋਕੇਟ ਐੱਚ.ਐੱਸ. ਫੂਲਕਾ ਦੀ ਪੁਸਤਕ 'ਜਦੋਂ ਇੱਕ ਦਰਖ਼ਤ ਨੇ ਦਿੱਲੀ ਹਿਲਾਈ' ਵਿੱਚੋਂ ਧੰਨਵਾਦ ਸਹਿਤ)

No comments:

Post a Comment