ਸੱਨਅਤੀ ਤਰੱਕੀ ਅਤੇ ਜ਼ਮੀਨੀ ਸੁਧਾਰ
-ਹਰਜਿੰਦਰ ਸਿੰਘ
ਇਹ ਸੁਆਲ ਬੜਾ ਮਹੱਤਵਪੂਰਨ ਹੈ ਕਿ ਸੱਨਅਤੀ-ਮਜ਼ਦੂਰਾਂ, ਮੁਲਾਜਮਾਂ ਅਤੇ ਵਿਦਿਆਰਥੀਆਂ ਆਦਿਕ ਲਈ ਯਾਨੀ ਗੈਰ-ਕਿਸਾਨ ਜਨਤਾ ਦੇ ਵੱਖ ਵੱਖ ਹਿੱਸਿਆਂ ਲਈ ਜ਼ਮੀਨੀ ਸੁਧਾਰਾਂ ਦੀ ਕੀ ਮਹੱਤਤਾ ਹੈ! ਕੀ ਅਸੀਂ ਜਨਤਾ ਦੇ ਇਹਨਾਂ ਹਿੱਸਿਆਂ ਤੋਂ, ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਮਦਰਦੀ ਦੇ ਆਧਾਰ ਉਤੇ, ਜ਼ਮੀਨੀ ਸੁਧਾਰਾਂ ਦੀ ਹਮਾਇਤ ਦੀ ਆਸ ਰਖਦੇ ਹਾਂ? ਨਹੀਂ। ਇਉਂ ਤਾਂ ਇਹ ਹਮਾਇਤ ਅੱਡ ਅੱਡ ਵਿਆਕਤੀਆਂ ਉਤੇ ਨਿਰਭਰ ਕਰੇਗੀ ਕਿ ਉਹਨਾਂ ਵਿਚੋਂ ਕੌਣ ਇਨਸਾਫ਼ਪਸੰਦ ਹੋਣ ਕਰਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕਿੰਨਾ ਕੁ ਹਮਦਰਦ ਹੈ, ਅਤੇ ਇਸ ਕਰਕੇ ਜ਼ਮੀਨੀ ਸੁਧਾਰਾਂ ਦੀ ਹਮਾਇਤੀ ਹੈ। ਕੀ ਅਸੀਂ ਗੈਰ-ਕਿਸਾਨ ਜਨਤਕ ਹਿੱਸਿਆਂ ਤੋਂ ਸਿਰਫ ਇਸ ਆਧਾਰ ਉਤੇ ਅਜਿਹੀ ਹਮਾਇਤ ਦੀ ਆਸ ਕਰਦੇ ਹਾਂ ਕਿ ਇਹਨਾਂ ਹਿੱਸਿਆਂ ਨੂੰ, ਅਤੇ ਕਿਸਾਨਾਂ-ਖੇਤ ਮਜ਼ਦੂਰਾਂ ਨੂੰ ਇਕ ਦੂਜੇ ਦੇ ਘੋਲਾਂ ਦੀ ਮੱਦਦ ਕਰਨੀ ਚਾਹੀਦੀ ਹੈ? ਨਹੀਂ। ਕਿਉਂਕਿ ਇਸ ਆਧਾਰ ਉਤੇ ਤਾਂ ਗੈਰ ਕਿਸਾਨ ਜਨਤਾ ਦੇ ਸਿਰਫ ਬਹੁਤ ਇਨਸਾਫ਼ਪੰਸਦ ਵਿਅਕਤੀ ਜ਼ਮੀਨੀ ਸੁਧਾਰਾਂ ਦੀ ਕੋਈ ਕੁਰਬਾਨੀ ਮੰਗਦੀ ਸਰਗਰਮ ਹਮਾਇਤ ਨਹੀਂ ਕਰ ਸਕਦੇ। ਗੈਰ-ਕਿਸਾਨ ਜਨਤਾ ਦੇ ਵਿਸ਼ਾਲ ਹਿੱਸੇ ਤਾਂ ਹੀ ਜ਼ਮੀਨੀ ਸੁਧਾਰਾਂ ਦੀ ਹਮਾਇਤ ਕਰ ਸਕਦੇ ਹਨ ਜੇ ਜ਼ਮੀਨੀ ਸੁਧਾਰ ਹੋਣ ਦਾ ਉਹਨਾਂ ਨੂੰ ਆਪ ਨੂੰ ਕੋਈ ਫੈਦਾ ਹੁੰਦਾ ਦਿਸਦਾ ਹੋਵੋ।
ਸੱਨਅਤੀ ਮਜ਼ਦੂਰਾਂ, ਮੁਲਾਜਮਾਂ ਅਤੇ ਵਿਦਿਆਰਥੀਆਂ ਆਦਿਕ ਦੀਆਂ ਵੱਡੀਆਂ ਆਰਥਕ ਸਮੱਸਿਆਵਾਂ ਬੇਰੁਜਗਾਰੀ, ਵਧਦੀ ਮਹਿੰਗਾਈ ਅਤੇ ਇਸਦੇ ਮੁਕਾਬਲੇ ਸੁੰਗੜਦੀਆਂ ਦਿਹਾੜੀਆਂ ਅਤੇ ਤਨਖਾਹਾਂ ਹਨ। ਕਿਸੇ ਵੀ ਤਰੱਕੀ ਕਰ ਚੁੱਕੇ ਮੁਲਕ ਵਿੱਚ ਰੁਜਗਾਰ ਦਾ ਸੱਭ ਤੋਂ ਵੱਡਾ ਵਸੀਲਾ ਸੱਨਅਤਾਂ (ਅਤੇ ਇਸਦੀਆਂ ਸਹਾਇਕ ਸੇਵਾਵਾਂ) ਹੁੰਦੀਆਂ ਹਨ ਪਰ ਸਾਡੇ ਮੁਲਕ ਵਿਚ ਪੜ੍ਹੇ-ਲਿਖੇ ਅਤੇ ਕਿੱਤਾ-ਸਿਖਲਾਈ ਪਰਾਪਤ ਬੇਰੁਜਗਾਰਾਂ ਵਾਸਤੇ ਰੁਜਗਾਰ ਦਾ ਸਭ ਤੋਂ ਵੱਡਾ ਵਸੀਲਾ ਸਰਕਾਰੀ (ਰਾਜ-ਪਰਬੰਧਕੀ ਅਤੇ ਸੇਵਾਵਾਂ ਦੇ) ਮਹਿਕਮੇ ਹਨ।
ਚੀਜਾਂ ਦੀ ਮਹਿੰਗਾਈ ਅਤੇ ਥੁੜ ਦਾ ਸੰਬੰਧ ਅਤੇ ਦਿਹਾੜੀਆਂ-ਤਨਖਾਹਾਂ ਦੇ ਵਧਾਰੇ ਦਾ ਸੰਬੰਧ, ਬੁਨਿਆਦੀ ਤੌਰ 'ਤੇ, ਮੁਲਕ ਦੀ ਸਮੁੱਚੀ ਪੈਦਾਵਾਰ ਦੇ ਵਧਾਰੇ ਵਿਚ ਖੇਤੀ ਦੀ ਤਰੱਕੀ ਨੇ ਆਧਾਰ ਬਣਨਾ ਹੁੰਦਾ ਹੈ ਅਤੇ ਸੱਨਅਤੀ ਤਰੱਕੀ ਨੇ ਆਗੂ ਰੋਲ ਨਿਭਾਉਣਾ ਹੁੰਦਾ ਹੈ। ਏਸ ਮਾਮਲੇ ਵਿੱਚ, ਵੱਡੀ ਸਨਅਤ ਸਾਡੀ ਸੱਨਅਤ ਉਤੋਂ ਸਾਮਰਾਜੀ ਜਕੜ ਨੂੰ ਤੋੜਨ ਮਗਰੋਂ ਖੇਤੀ ਦੀ ਤਰੱਕੀ ਅਤੇ ਸਨਅਤੀ ਤਰੱਕੀ ਦੇ ਆਪਸੀ ਸੰਬੰਧਾਂ ਨੂੰ ਸਮਝਣ ਦੀ ਹੈ।
ਹੁਣ ਸਾਡੇ ਮੁਲਕ ਦੇ ਸੱਨਅਤੀ ਪਛੜੇਂਵੇਂ ਅਤੇ ਸੰਕਟ ਦਾ ਵੱਡਾ ਕਾਰਨ, ਇਸ ਉਤੇ ਸਾਮਰਾਜੀਆਂ ਅਤੇ ਉਹਨਾਂ ਦੇ ਭਾਰਤੀ ਦਲਾਲ ਸਰਮਾਏਦਾਰਾਂ ਦੀ ਜਕੜ ਅਤੇ ਪੁਗਾਊ ਦਖਲ ਦਾ ਹੋਣਾ ਹੈ। ਸਾਡੀ ਸੱਨਅਤ, ਪੂੰਜੀ, ਕੱਚਾ ਮਾਲ, ਮੰਡੀ ਅਤੇ ਤਕਨੀਕ ਆਦਿਕ ਦੇ ਮਾਮਲਿਆਂ ਵਿੱਚ ਸਾਮਰਾਜੀਆਂ ਦੀ ਬੁਰੀ ਤਰ੍ਹਾਂ ਮੁਥਾਜ ਹੈ। ਸਾਡੇ ਮੁਲਕ ਦਾ ਰਾਜ ਇਸ ਮੁਥਾਜਗੀ ਨੂੰ ਠੋਸੀ ਰੱਖਣ ਅਤੇ ਵਧਾÀਣ ਦਾ ਸੰਦ ਹੈ।
ਇਸ ਰਾਜ ਨੂੰ ਮੁਢੋਂ-ਸੁਢੋਂ ਬਦਲ ਕੇ, ਇਸ ਮੁਥਾਜਗੀ ਤੋਂ ਮੁਕਤ ਹੋਣ ਲਈ ਅਤੇ ਸੱਨਅਤੀ ਤਰੱਕੀ ਲਈ ਮੁਲਕ ਦੀ ਵੱਸੋਂ ਦੀ ਬਹੁਗਿਣਤੀ ਪੇਂਡੂ ਜਨਤਾ ਦੀ ਬਣਦੀ ਹੈ। ਪੇਂਡੂ ਜਨਤਾ ਦੀ ਆਮਦਨੀ ਅਤੇ ਖੁਸ਼ਹਾਲੀ ਵਧੇ ਬਿਨਾਂ ਸੱਨਅਤੀ ਮਾਲ ਦੀ ਖਪਤ ਦਾ ਵਿਆਪਕ ਪਸਾਰਾ ਨਹੀਂ ਹੋ ਸਕਦਾ। ਅਤੇ ਪੇਂਡੂ ਜਨਤਾ ਦੀ ਖੁਸ਼ਹਾਲੀ, ਇਨਕਲਾਬੀ ਜ਼ਮੀਨੀ ਸੁਧਾਰਾਂ ਦੇ ਆਧਾਰ ਉਤੇ ਖੇਤੀ ਦੀ ਤਰੱਕੀ ਬਿਨਾਂ ਕਿਸੇ ਹਾਲ ਨਹੀਂ ਹੋ ਸਕਦੀ ਖੇਤੀ ਆਧਾਰਤ ਸੱਨਅਤਾਂ ( ਉਹ ਸੱਨਅਤਾਂ ਜਿਹਨਾਂ ਵਿਚ ਖੇਤੀ ਜਿਣਸਾਂ ਕੱਚੇ ਮਾਲ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ, ਜਿਵੇਂ ਕੱਪੜਾ, ਖੰਡ, ਪਟਸਨ, ਤਮਾਕੂ, ਕਾਗਜ਼, ਗੱਤਾ, ਬਨਸਪਤੀ ਘਿਓ, ਰਿਫਾਈਂਡ ਤੇਲ, ਬੇਕਰੀ, ਡੱਬਾ-ਬੰਦ ਭੋਜਨ, ਆਚਾਰ, ਮੁਰੱਬੇ ਅਤੇ ਜੂਸ ਆਦਿਕ) ਨੂੰ ਵੱਡੀ ਪੱਧਰ 'ਤੇ ਕੱਚਾ ਮਾਲ ਮਿਲੇ ਇਸ ਗੱਲ ਦਾ, ਇਨਕਲਾਬੀ ਜ਼ਮੀਨੀ ਸੁਧਾਰਾਂ ਦੇ ਆਧਾਰ ਉਤੇ ਖੇਤੀ ਦੀ ਤਰੱਕੀ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ (ਸੱਨਅਤੀ ਤਰੱਕੀ ਲਈ ਇਹ ਜਰੂਰੀ ਹੈ ਕਿ ਸੱਨਅਤੀ ਮਾਲ ਦੀ ਤਿਆਰੀ ਦੇ ਲਾਗਤ-ਖਰਚੇ ਘਟਣ। ਇਸ ਲਈ ਹੋਰਨਾਂ ਗੱਲਾਂ ਤੋਂ ਇਲਾਵਾ ਇਹ ਜਰੂਰਤ ਹੈ ਕਿ ਮਿਹਨਤ-ਸ਼ਕਤੀ ਸਸਤੀ ਮਿਲੇ। ਮਿਹਨਤ ਸ਼ਕਤੀ ਸਸਤੀ ਕਰਨ ਲਈ ਇਹ ਜਰੂਰੀ ਹੈ ਕਿ ਮਜ਼ਦੂਰ ਨੂੰ ਆਨਾਜ, ਦਾਲਾਂ, ਤੇਲ (ਘਿਓ) ਦੁੱਧ, ਫ਼ਲ ਅਤੇ ਸਬਜੀਆਂ ਆਦਿਕ ਸਸਤੀਆਂ ਮਿਲਣ। ਇਹ ਤਾਂ ਹੀ ਹੋ ਸਕਦਾ ਹੈ ਜੇ ਜ਼ਮੀਨੀ ਸੁਧਾਰਾਂ ਦੇ ਆਧਾਰ ਉਤੇ ਖੇਤੀ ਦੀ ਪੈਦਾਵਾਰ ਵਧੇ-ਫੁੱਲੇ)
ਸੋ ਬੇਰੁਜਗਾਰੀ, ਮਹਿੰਗਾਈ ਅਤੇ ਦਿਹਾੜੀਆਂ-ਤਨਖਾਹਾਂ ਦੇ ਸੁੰਗੜਨ ਵਰਗੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਲਈ, ਮੁਲਕ ਦੀ ਸਮੁੱਚੀ ਪੈਦਾਵਾਰ ਦਾ ਤਿੱਖਾ ਅਤੇ ਤੇਜ ਰਫਤਾਰ ਵਾਧਾ ਜਰੂਰੀ ਹੈ। ਇਹ ਵਾਧਾ ਸਾਮਰਾਜੀ ਜਕੜ ਅਤੇ ਮੁਥਾਜਗੀ ਨੂੰ ਖਤਮ ਕਰਕੇ ਖੇਤੀ ਦੀ ਤਰੱਕੀ ਦੇ ਆਧਾਰ ਉਤੇ ਸੱਨਅਤੀ (ਅਤੇ ਵਪਾਰਕ ਅਤੇ ਸਹਾਇਕ ਸੇਵਾਵਾਂ/ਧੰਦਿਆਂ ਦੀ) ਤਰੱਕੀ ਤੋਂ ਬਿਨਾਂ ਨਹੀਂ ਹੋ ਸਕਦੀ। ਅਤੇ ਖੇਤੀ ਦੀ ਤਰੱਕੀ ਇਨਕਲਾਬੀ ਜ਼ਮੀਨੀ ਸੁਧਾਰਾਂ ਤੋਂ ਬਿਨਾਂ ਨਹੀਂ ਹੋ ਸਕਦੀ।
ਇਸ ਤਰ੍ਹਾਂ ਸੱਨਅਤੀ ਮਜ਼ਦੂਰਾਂ,ਮੁਲਾਜਮਾਂ, ਵਿਦਿਆਰਥੀਆਂ ਛੋਟੇ ਕਾਰੋਬਾਰੀਆਂ ਅਤੇ ਕੌਮੀ ਸਰਮਾਏਦਾਰਾਂ ਦੀਆਂ ਵੱਡੀਆਂ ਆਰਥਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਇਨਕਲਾਬੀ ਜ਼ਮੀਨੀ ਸੁਧਾਰਾਂ ਦੀ ਬੁਨਿਆਦੀ ਕਿਸਮ ਦੀ ਮਹੱਤਤਾ ਬਣਦੀ ਹੈ।
-੦-
No comments:
Post a Comment