ਜਾਬਰ ਕਾਨੂੰਨ ਵਿਰੁੱਧ ਜੋਨ ਪੱਧਰੀ ਇਕੱਠਾਂ : ਬੁਲੰਦ ਕੀਤੀ ਜੋਰਦਾਰ ਆਵਾਜ਼
-ਪੱਤਰਕਾਰ
ਬਾਦਲਕਿਆ ਵੱਲੋਂ ਪਾਸ ਕੀਤੇ ਨਵੇਂ ਜਾਬਰ ਕਾਨੂੰਨ ਨੂੰ ਰੱਦ ਕਰਾਉਣ ਲਈ ਪੰਜਾਬ ਦੀਆਂ 41 ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਸੰਘਰਸ਼ਸ਼ੀਲ ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਬਣਾਏ ਸਾਂਝਾ ਮੋਰਚੇ ਵਲੋਂ ਮਾਲਵਾ, ਮਾਝਾ ਅਤੇ ਦੋਆਬਾ ਜੋਨਾਂ ਵਿੱਚ ਰੋਹ ਭਰਪੂਰ ਵਿਸ਼ਾਲ ਇਕੱਠ ਆਯੋਜਿਤ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤਹਿਤ ਪਹਿਲੀ ਅਕਤੂਬਰ ਨੂੰ ਨਵੀਂ ਦਾਣਾ ਮੰਡੀ ਬਰਨਾਲਾ ਵਿੱਚ ਹੋਏ। ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਇਕੱਠ ਦੀ ਪ੍ਰਧਾਨਗੀ ਹਰ ਇੱਕ ਜਥੇਬੰਦੀ ਦੇ ਸੂਬਾ ਆਗੂ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ ਅਤੇ ਬਾਕਾਇਦਾ ਸੰਚਾਲਨ ਕਮੇਟੀ ਬਣਾਕੇ ਰੈਲੀ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਕਾਨੂੰਨ ਇਸ ਕਦਰ ਜਾਬਰ ਹੈ ਕਿ ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਜਨਤਕ ਸੰਘਰਸ਼ ਮੌਜੂਦਾ ਰੂਪ ਵਿੱਚ ਜਾਰੀ ਹੀ ਨਹੀਂ ਰਹਿ ਸਕਣਗੇ। ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਜਾਮ ਹੋ ਜਾਣਗੀਆਂ। ਲੋਕਾਂ ਦੇ ਫੌਰੀ ਤੇ ਲੰਬੇ ਦਾਅ ਦੇ ਮਸਲਿਆਂ ਤੇ ਸੰਘਰਸ਼ਾਂ ਦੀ ਆਪਣੀ ਅਹਿਮੀਅਤ ਹੈ। ਪਰ ਇਹ ਜ਼ਾਲਮ ਕਾਨੂੰਨ ਰੱਦ ਕਰਾਉਣ ਤੱਕ ਲੜਾਈ ਲੜਨਾ ਸਭ ਤੋਂ ਵੱਧ ਜ਼ਰੂਰੀ ਹੈ। ਇਸੇ ਲਈ ਲੋਕਾਂ ਦੇ ਹਰ ਵਰਗ ਦੀਆਂ ਜਥੇਬੰਦੀਆਂ ਇਸ ਮੋਰਚੇ ਵਿੱਚ ਪੂਰੀ ਸ਼ਿੱਦਤ ਨਾਲ ਸ਼ਾਮਲ ਹਨ। ਉਹਨਾਂ ਜੋਰ ਦੇ ਕੇ ਕਿਹਾ ਕਿ ਇਹ ਸਾਂਝਾ ਸੰਘਰਸ਼ ਇਹ ਜਾਬਰ ਕਾਲਾ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ। ਸਮੂਹ ਬੁਲਾਰਿਆਂ ਨੇ ਵਿਸਥਾਰ ਵਿੱਚ ਇਸ ਕਾਨੂੰਨ ਦੀ ਚੀਰਫਾੜ ਕਰਦਿਆਂ ਜੋਰ ਦਿੱਤਾ ਕਿ ਲੋਕ ਲਹਿਰ ਨੂੰ ਕੁਚਲਣ ਦੇ ਸਬੰਧ ਵਿੱਚ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਇੱਕ ਹਨ। ਉਨ੍ਹਾਂ ਵਲੋਂ ਆਪਸ ਵਿੱਚ ਪੂਰੀ ਸਹਿਮਤੀ ਨਾਲ ਸਥਾਪਤੀ ਵਿਰੁੱਧ ਤਿੱਖੇ ਹੋ ਰਹੇ ਲੋਕ ਸੰਘਰਸ਼ਾਂ ਦੇ ਖ਼ਤਰੇ ਨੂੰ ਮੁੱਖ ਰੱਖਦਿਆਂ ਅਜਿਹੇ ਜਾਬਰ ਹੱਥਕੰਡੇ ਅਪਣਾਏ ਜਾ ਰਹੇ ਹਨ। ਜਿਸ ਦੇ ਮੱਦੇਨਜ਼ਰ ਸਾਰੇ ਹੀ ਬੁਲਾਰਿਆਂ ਵਲੋਂ ਬੁਹਕੌਮੀ ਕੰਪਨੀਆਂ ਅਤੇ ਕਾਰਪੋਰੇਟ ਜਗਤ ਦੀ ਨੁਮਾਇੰਦਗੀ ਕਰਨ ਵਾਲੀਆਂ ਹਾਕਮ ਜਮਾਤੀ ਪਾਰਟੀਆਂ ਤੋਂ ਭਲੇ ਦੀ ਝਾਕ ਰੱਖਣ ਦੀ ਬਜਾਏ ਇਸ ਲੁਟੇਰੇ ਪ੍ਰਬੰਧ ਵਿਰੁੱਧ ਤਕੜੀ ਲੋਕ ਲਹਿਰ ਉਸਾਰਨ 'ਤੇ ਜੋਰ ਦਿੱਤਾ ਗਿਆ। 15000 ਦੀ ਗਿਣਤੀ ਦੇ ਮਰਦਾਂ-ਔਰਤਾਂ ਦੇ ਇਸ ਇਕੱਠ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਬੂਟਾ ਸਿੰਘ ਬੁਰਜਗਿੱਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੁਗਿੰਦਰ ਸਿੰਘ ਉਗਰਾਹਾਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕੁਲਵੰਤ ਸਿੰਘ ਸੰਧੂ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਿੰਘ ਸਮਾਓ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਦਲਬਾਰਾ ਸਿੰਘ ਫੂਲੇਵਾਲ, ਦਿਹਾਤੀ ਮਜ਼ਦੂਰ ਸਭਾ ਦੇ ਮਹੀਪਾਲ, ਟੀ.ਐਸ.ਯੂ.(ਰਜਿ.) ਦੇ ਗੁਰਦੀਪ ਸਿੰਘ ਰਾਮਪੁਰਾ, ਹੌਜਰੀ ਕਾਮਗਾਰ ਯੂਨੀਅਨ ਪੰਜਾਬ ਦੇ ਰਾਜਵਿੰਦਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਾਜਿੰਦਰ ਸਿੰਘ, ਨੌਜਵਾਨ ਸਭਾਵਾਂ ਦੇ ਕ੍ਰਮਵਾਰ ਰਾਮਿੰਦਰ ਪਟਿਆਲਾ, ਨਵਕਿਰਨ ਪੱਤੀ ਅਤੇ ਛਿੰਦਰ ਪਾਲ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਮਨਦੀਪ ਸੈਦੋਵਾਲ, ਇਸਤਰੀ ਜਾਗ੍ਰਿਤੀ ਮੰਚ ਦੀ ਅਮਨਦੀਪ ਦਿਉਲ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਰਾਜ ਮਲੋਟ, ਪੀ.ਐਸ.ਐਸ.ਐਫ. ਦੇ ਸਾਥੀ ਕਰਮਜੀਤ ਸਿੰਘ, ਡੀ.ਐਸ.ਓ. ਦੇ ਅਮਰਜੀਤ ਬਾਜੇਕੇ, ਮੈਡੀਕਲ ਪ੍ਰੈਟੀਸ਼ਨਰਜ਼ ਐਸੋਸੀਏਸ਼ਨ ਦੇ ਕੁਲਵੰਤ ਪੰਡੋਰੀ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਤੇ ਡੈਮੋਕਰੈਟਿਕ ਇੰਪਲਾਈਜ਼ ਫਰੰਟ ਦੇ ਆਗੂਆਂ ਨੇ ਸੰਬੋਧਨ ਕੀਤਾ। ਜਮਹੂਰੀ ਅਧਿਕਾਰ ਸਭਾ ਦੇ ਤਰਸੇਮ ਲਾਲ ਅਤੇ ਕਿਸਾਨ ਆਗੂ ਮਨਜੀਤ ਧਨੇਰ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ। ਸਾਂਝੇ ਮੋਰਚੇ ਵਲੋਂ ਇਸੇ ਤਰ੍ਹਾਂ ਦੇ ਜੋਨ ਪੱਧਰੇ ਪ੍ਰਭਾਵਸ਼ਾਲੀ ਸਮਾਗਮ 29 ਸਤੰਬਰ ਨੂੰ ਅੰਮ੍ਰਿਤਸਰ ਅਤੇ 30 ਸਤੰਬਰ ਨੂੰ ਜਲੰਧਰ ਵਿੱਚ ਕੀਤੇ ਗਏ।
ਅੰਮ੍ਰਿਤਸਰ- ਮਾਝਾ ਜ਼ੋਨ ਦੀ ਰੈਲੀ 29 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਕੀਤੀ ਗਈ, ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਔਰਤਾਂ ਤੇ ਹੋਰ ਮਿਹਨਤਕਸ਼ ਲੋਕ ਹੱਥਾਂ ਵਿੱਚ ਝੰਡੇ ਤੇ ਮਾਟੋ ਫੜ ਕੇ ਨਾਅਰੇ ਮਾਰਦੇ ਹੋਏ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਪੱਜੇ।
ਇਸ ਰੈਲੀ ਵਿੱਚ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਾਤਾਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਪੇਂਡੂ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਧਰਮਿੰਦਰ ਅਜਨਾਲਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਬਲਬੀਰ ਸਿੰਘ ਰੰਧਾਵਾ ਅਤੇ ਕਰਮਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਕਾਲੇ ਕਾਨੂੰਨ ਨੂੰ ਸਰਕਾਰ ਨੇ ਬੜੀ ਚਲਾਕੀ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਲਈ 'ਪੰਜਾਬ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2014' ਦਾ ਬਹੁਤ ਹੀ ਭੁਲੇਖਾ ਪਾਊ ਨਾਂਅ ਦਿੱਤਾ ਗਿਆ ਹੈ, ਜਦੋਂ ਕਿ ਇਸ ਐਕਟ ਵਿੱਚ ਕਿਸੇ ਵੀ ਅੰਦੋਲਨ, ਹੜਤਾਲ, ਧਰਨੇ, ਮੁਜ਼ਹਰੇ ਜਾਂ ਟ੍ਰੈਫਿਕ ਜਾਮ ਆਦਿ ਕਾਰਨ ਹੋਏ ਕਿਸੇ ਵੀ ਤਰ੍ਹਾਂ ਦੇ ਕਥਿਤ ਨੁਕਸਾਨ ਦਾ ਦੋਸ਼ੀ ਗਰਦਾਨੇ ਵਿਅਕਤੀ ਤੋਂ ਮੁਆਵਜ਼ਾ ਵਸੂਲਣ, ਉਸ ਨੂੰ ਸਖਤ ਸਜ਼ਾਵਾਂ ਦੇਣ ਤੇ ਜੁਰਮਾਨੇ ਕਰਨ ਦੀ ਵਿਵਸਥਾ ਕੀਤੀ ਗਈ ਹੈ। ਆਗੂਆਂ ਨੇ ਇਸ ਦੀ ਤੁਲਨਾ ਅੰਗਰੇਜ਼ਾਂ ਵੱਲੋਂ ਲਿਆਂਦੇ ਟਰੇਡ ਡਿਸਪਿਊਟ ਐਕਟ ਅਤੇ ਪਬਲਿਕ ਸੇਫਟੀ ਬਿਲ ਨਾਲ ਕੀਤੀ, ਜਿਸ ਦੇ ਖਿਲਾਫ਼ ਸ਼ਹੀਦ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ 8 ਅਪ੍ਰੈਲ 1929 ਅਸੰਬਲੀ ਵਿੱਚ ਬੰਬ ਸੁੱਟ ਕੇ ਭਰਤੀਆਂ ਦੇ ਰੋਹ ਦਾ ਪ੍ਰਗਟਾਵਾ ਕੀਤਾ ਸੀ।
ਰੋਸ ਰੈਲੀ ਤੋਂ ਬਾਅਦ ਕੰਪਨੀ ਬਾਗ ਤੋਂ ਡੀ.ਸੀ ਦਫਤਰ ਤੱਕ ਜ਼ਬਰਦਸਤ ਰੋਸ ਮਾਰਚ ਕਰਨ ਉਪਰੰਤ ਡੀ.ਸੀ ਨੂੰ ਮੰਗ ਪੱਤਰ ਦਿੱਤਾ ਗਿਆ।
ਜਲੰਧਰ— ਦੋਆਬਾ ਜ਼ੋਨ ਦੀ ਰੈਲੀ 30 ਸਤੰਬਰ ਨੂੰ ਜਲੰਧਰ ਵਿਖੇ ਕੀਤੀ ਗਈ। ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਹਜ਼ਾਹਾਂ ਕਾਰਕੁਨਾਂ ਨੇ ਵਿਸ਼ਾਲ ਰੈਲੀ ਕਰਕੇ ਸ਼ਹਿਰ ਵਿੱਚ ਜ਼ਬਰਦਸਤ ਮੁਜ਼ਾਹਰਾ ਕੀਤਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗਵਰਨਰ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਹੱਕੀ ਸੰਘਰਸ਼ਾਂ ਨੂੰ ਕੁਚਲਣ ਵਾਲੇ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਰੈਲੀ ਵਿੱਚ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਰੋਪੜ ਅਤੇ ਨਵਾਂਸ਼ਹਿਰ ਤੋ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੋਏ।
ਰੈਲੀ ਨੂੰ ਸੰਬੋਧਨ ਕਰਨ ਵਾਲਿਆਂ 'ਚ ਹਰਮੇਸ਼ ਮਾਲੜੀ, ਤਰਸੇਮ ਪੀਟਰ, ਦਰਸ਼ਨ ਨਾਹਰ, ਮੋਹਨ ਸਿੰਘ ਬੱਲ, ਹਰਮੇਸ਼ ਢੇਸੀ, ਅਮੋਲਕ ਸਿੰਘ, ਕੁਲਵਿੰਦਰ ਸਿੰਘ ਵੜੈਚ, ਭੁਪਿੰਦਰ ਸਿੰਘ ਵੜੈਚ, ਰਣਬੀਰ ਰੰਧਾਵਾ, ਗੁਰਬਖਸ਼ ਕੌਰ ਸੰਘਾ, ਕੁਲਵਿੰਦਰ ਸਿੰਘ ਜੋਸਨ, ਡਾ. ਰਮੇਸ਼ ਕੁਮਾਰ ਬਾਲੀ, ਡਾ. ਸਤਨਾਮ ਸਿੰਘ ਅਜਨਾਲਾ, ਜਸਵਿੰਦਰ ਢੇਸੀ, ਅਜੇ ਫਿਲੌਰ, ਸਤੀਸ਼ ਰਾਣਾ, ਡਾ. ਤਜਿੰਦਰ ਵਿਰਲੀ, ਵਿਮਲਾ ਦੇਵੀ, ਸ਼ਕੁੰਤਲਾ ਦੇਵੀ ਅਤੇ ਜਸਵੀਰ ਸਿੰਘ ਦੀਪ ਆਦਿ ਸ਼ਾਮਲ ਸਨ।
ਸਾਂਝੇ ਮੋਰਚੇ ਵਲੋਂ ਪ੍ਰਭਾਵਸ਼ਾਲੀ ਸਾਂਝੀ ਸਰਗਰਮੀ ਦਾ ਸਭ ਤੋਂ ਅਹਿਮ ਸਬਕ ਇਹ ਹੈ ਕਿ ਜੇ ਆਵਾਮੀ ਜਥੇਬੰਦੀਆਂ ਦੇ ਆਗੂ ਚਾਹੁਣ ਤਾਂ ਵੱਡੇ ਮੱਤਭੇਦਾਂ ਨੂੰ ਆਪਣੀ ਸਿਆਸੀ ਜੱਦੋਜਹਿਦ ਲਈ ਪਾਸੇ ਰੱਖਦੇ ਹੋਏ ਅਜਿਹੇ ਮੁੱਦੇ ਛਾਂਟ ਕੇ ਵਿਸ਼ਾਲ ਸਾਂਝੀ ਲਾਮਬੰਦੀ ਰਾਹੀਂ ਵਿਆਪਕ ਸਾਂਝੇ ਸੰਘਰਸ਼ ਵਿੱਢ ਵੀ ਸਕਦੇ ਹਨ ਅਤੇ ਟਿਕਾਊ ਰੂਪ 'ਚ ਚਲਾ ਵੀ ਸਕਦੇ ਹਨ। ਅੱਜ ਕਾਰਪੋਰੇਟ -ਹਿੰਦੂਤਵੀ ਗੱਠਜੋੜ ਦੇ ਵਿਆਪਕ ਪਿਛਾਖੜੀ ਹਮਲੇ ਨੂੰ ਦੇਖਦੇ ਹੋਏ ਸੰਭਵ ਸਾਂਝੇ ਮੁੱਦਿਆਂ ਨੂੰ ਲੈ ਕੇ ਜ਼ਰੂਰ ਹੀ ਅਜਿਹੇ ਸੰਘਰਸ਼ ਛੇੜਨ ਦੀ ਪਹੁੰਚ ਪੂਰੀ ਸੰਜੀਦਗੀ ਨਾਲ ਅਖ਼ਤਿਆਰ ਕਰਨੀ ਹੋਵੇਗੀ।
No comments:
Post a Comment