Sunday, December 14, 2014

1984 ਦਾ ਸਿੱਖ-ਕਤਲੇਆਮ ਅਤੇ ਇਸਦਾ ਪਿਛੋਕੜ

1984 ਦਾ ਸਿੱਖ-ਕਤਲੇਆਮ ਅਤੇ ਇਸਦਾ ਪਿਛੋਕੜ
-ਡਾ. ਜਗਮੋਹਣ ਸਿੰਘ
ਨਵੰਬਰ 1984 ਦੇ ਪਹਿਲੇ ਦੋ-ਤਿੰਨ ਦਿਨ ਦਿੱਲੀ ਅਤੇ ਕੁੱਝ ਹੋਰਨਾਂ ਸ਼ਹਿਰਾਂ ਵਿੱਚ ਸਿੱਖ ਭਾਈਚਾਰੇ ਲਈ ਕਹਿਰ ਬਣਕੇ ਆਏ। ਕੇਂਦਰ ਦੀ ਕਾਂਗਰਸ ਸਰਕਾਰ, ਕੁੱਝ ਕਾਂਗਰਸੀ ਲੀਡਰਾਂ ਅਤੇ ਹਿੰਦੂ ਜਨੂੰਨੀਆਂ ਦੀ ਸ਼ਹਿ ਅਤੇ ਅਗਵਾਈ ਹੇਠਾਂ, ਫਿਰਕੂ ਜਨੂੰਨ ਨਾਲ ਪਾਗਲ ਹੋਈਆਂ ਆਦਮ-ਬੋ ਆਦਮ-ਬੋ ਕਰਦੀਆਂ ਫਿਰ ਰਹੀਆਂ ਭੀੜਾਂ, ਸਿੱਖ ਧਰਮ ਨਾਲ ਸੰਬੰਧਤ ਬੱਚਿਆਂ, ਬੁੱਢਿਆਂ, ਇਸਤਰੀਆਂ ਤੇ ਮਰਦਾਂ ਦੇ ਸ਼ਰੇਆਮ ਕਤਲ, ਗਲਾਂ ਵਿੱਚ ਟਾਇਰ ਪਾ ਕੇ ਜਿਉਂਦਿਆਂ ਨੂੰ ਸਾੜਨ ਦੇ ਆਮ ਦਰਿਸ਼, ਇਸਤਰੀਆਂ ਨਾਲ ਸਮੂਹਿਕ ਜਬਰ-ਜਨਾਹ, ਮਕਾਨਾਂ, ਦੁਕਾਨਾਂ ਅਤੇ ਹੋਰ ਜਾਇਦਾਦਾਂ ਦੀ ਲੁੱਟ-ਪੱਟ ਤੇ ਸਾੜ ਫੂਕ, ਇਹ ਸੀ ਉਹਨੀਂ ਦਿਨੀਂ ਜਲਾਲਤ, ਮੌਤ ਤੇ ਤਬਾਹੀ ਦਾ ਤਾਂਡਵ ਨਾਚ! ਦੂਰ-ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਾਇਦ ਐਡੀ ਭਿਆਨਕ ਹਕੀਕਤ ਨੂੰ ਸੱਚ ਮੰਨਣਾ ਵੀ ਮੁਸ਼ਕਲ ਲੱਗੇ।
ਉਸ ਮੌਕੇ ਵੱਡੀ ਤੋਂ ਵੱਡੀ ਪਦਵੀਂ ਵਾਲਾ ਕੋਈ ਸਿੱਖ ਵਿਅਕਤੀ ਵੀ ਸੁਰੱਖਿਅਤ ਨਹੀਂ ਸੀ। ਇਥੋਂ ਤੱਕ ਕਿ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਕਾਰ ਉੱਤੇ ਵੀ ਪਥਰਾਅ ਕੀਤਾ ਗਿਆ। ਇਸ ਕਾਰ-ਕਾਫ਼ਲੇ ਦੀ ਇੱਕ ਕਾਰ ਵਿੱਚ ਬਲ਼ਦੀ ਮਸਾਲ ਸਿੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਰਾਸ਼ਟਰਪਤੀ ਅਤੇ ਉਸਦਾ ਇਹ ਕਾਰ ਕਾਫ਼ਲਾ ਬੜੀ ਮੁਸ਼ਕਲ ਨਾਲ ਜਾਨ ਬਚਾਕੇ ਰਾਸ਼ਟਰਪਤੀ ਭਵਨ ਪਹੁੰਚਿਆ। ਪਹਿਲੀ ਅਤੇ ਤਿੰਨ ਨਵੰਬਰ ਦੀ ਦੁਪਿਹਰ ਤੱਕ ਦੇ 48 ਘੰਟਿਆਂ ਦੌਰਾਨ ਹਰ ਮਿੰਟ ਵਿਚ ਇੱਕ ਸਿੱਖ ਮਾਰਿਆ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਇਕੱਲੀ ਦਿੱਲੀ ਵਿੱਚ 2733 ਸਿੱਖ ਮੇਰੇ ਗਏ। 2966 ਜਖਮੀ ਹੋਏ। ਦਸ ਹਜ਼ਾਰ ਤੋਂ ਵੱਧ ਘਰਾਂ ਦਾ ਨੁਕਸਾਨ ਹੋਇਆ। 50,000 ਤੋਂ ਵੱਧ ਲੋਕ ਰਾਹਤ ਕੈਂਪਾਂ ਵਿੱਚ ਕਈ ਦਿਨ ਰੁਲਦੇ ਰਹੇ। ਕੁੱਲ ਦੇਸ਼ ਵਿੱਚ 7000 ਸਿੱਖਾਂ ਦੇ ਕਤਲ ਹੋਣ ਦਾ ਅੰਦਾਜਾ ਹੈ। ਗੈਰ-ਸਰਕਾਰੀ ਤੌਰ 'ਤੇ ਇਹ ਅੰਕੜੇ ਇਸ ਤੋਂ ਕਿਤੇ ਵੱਧ ਹਨ।
ਇਸ ਕਤਲੇਆਮ ਦੀ ਜਾਂਚ-ਪੜਤਾਲ ਲਈ ਕੇਂਦਰ ਸਰਕਾਰ ਨੇ ਵੱਖ ਵੱਖ ਸਮੇਂ 11 ਕਮੇਟੀਆਂ ਅਤੇ ਕਮਿਸ਼ਨ ਬਣਾਏ ਜਿਹਨਾਂ ਨੇ ਕਈ ਕਾਂਗਰਸੀ ਆਗੂਆਂ ਅਤੇ ਪੁਲਸ ਅਧਿਕਾਰੀਆਂ ਉਤੇ ਉਂਗਲ ਧਰੀ। ਹੁਣ ਪਿੱਛੇ ਜਿਹੇ ਖੁਦ ਰਾਹੁਲ ਗਾਂਧੀ ਨੂੰ ਵੀ ਇਹ ਗੱਲ ਮੰਨਣੀ ਪਈ ਸੀ ਕਿ ਇਸ ਕਤਲੇਆਮ ਵਿੱਚ ਕੁੱਝ ਕਾਂਗਰਸੀ ਵੀ ਸ਼ਾਮਲ ਸਨ। ਪਰ ਅਜੇ ਤੱਕ ਦੋਸ਼ੀਆਂ ਵਿਚੋਂ ਕਿਸੇ ਕਾਂਗਰਸੀ ਆਗੂ ਅਤੇ ਕਿਸੇ ਪੁਲਸ ਅਫ਼ਸਰ ਦਾ ਵਾਲ ਵਿੰਗਾ ਨਹੀਂ ਹੋਇਆ। ਇਸ ਕਤਲੇਆਮ ਦੀ ਜਾਂਚ ਲਈ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਵਿਸ਼ੇਸ਼ ਜਾਂਚ-ਪੜਤਾਲ ਟੀਮ ਬਣਾਉਣ ਦਾ ਫੈਸਲਾ ਕੀਤਾ ਸੀ। ਮਗਰੋਂ ਕਾਂਗਰਸ ਅਤੇ ਭਾਜਪਾ ਦੀਆਂ ਕੇਂਦਰੀ ਸਰਕਾਰਾਂ ਨੇ ਇਸ ਫੈਸਲੇ ਨੂੰ ਠੰਢੇ ਬਸਤੇ ਵਿੱਚ ਸਿੱਟ ਦਿੱਤਾ। ਇਸ ਕਤਲੇਆਮ ਵਿੱਚ ਪੁਲਸ ਦੀ ਭੂਮਿਕਾ ਦੀ ਜਾਂਚ-ਪੜਤਾਲ ਕਰਨ ਲਈ ਮਿਸ਼ਰਾ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਕਪੂਰ ਮਿੱਤਲ ਕਮੇਟੀ ਬਣਾਈ ਗਈ। ਇਸ ਕਮੇਟੀ ਨੇ 1990 ਵਿੱਚ 72 ਪੁਲਸ ਅਧਿਕਾਰੀਆਂ ਦੀ ਸ਼ਨਾਖਤ ਕੀਤੀ ਅਤੇ 30 ਅਧਿਕਾਰੀਆਂ ਨੂੰ ਬਿਨਾਂ ਕਿਸੇ ਜਾਂਚ ਦੇ ਮੁੱਅਤਲ ਕਰਨ ਦੀ ਸਿਫਾਰਸ਼ ਕੀਤੀ. ਇਹਨਾਂ ਵਿਚੋਂ ਕੋਈ ਵੀ ਅਧਿਕਾਰੀ ਮੁਅੱਤਲ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਨੂੰ ਸਜਾ ਹੋਈ। ਇਸ ਕਮੇਂਟੀ ਵੱਲੋਂ ਕੀਤੀ ਜਾਂਚ ਵਿੱਚ ਰਾਹੁਲ ਬੇਦੀ ਵੱਲੋਂ ਲਾਏ ਗਏ ਦੋਸ਼ ਸਹੀ ਪਾਏ ਗਏ। ਅਤੇ ਇਸ ਨੇ ਸੇਵਾ ਦਾਸ ਅਤੇ ਨਿਖਲ ਕੁਮਾਰ ਖਿਲਾਫ਼ ਕਾਰਵਾਈ ਦੀ ਸਿਫਾਰਸ਼ ਕੀਤੀ ਸੀ। ਕਾਰਵਾਈ ਤਾਂ ਦੂਰ ਦੀ ਗੱਲ ਰਹੀ ਸਗੋਂ ਇਸ ਤੋਂ ਉਲਟ ਉਹਨਾਂ ਨੂੰ ਤਿੰਨ ਤਿੰਨ ਵਾਰ ਤਰੱਕੀ ਮਿਲੀ। 
ਇਸੇ ਤਰ੍ਹਾਂ ਭਾਵੇਂ ਕਾਨਪੁਰ ਵਿੱਚ ਸਵਾ ਸੌ ਸਿੱਖਾਂ ਦੇ ਹੋਏ ਕਤਲਾਂ ਲਈ ਮਿਸ਼ਰਾ ਕਮਿਸ਼ਨ ਨੇ ਉਸ ਵੇਲੇ ਦੇ ਜ਼ਿਲ੍ਹਾ ਮਜਿਸਟਰੇਟ ਬਰਜਿੰਦਰ ਯਾਦਵ ਨੂੰ ਜੁੰਮੇਵਾਰ ਠਹਿਰਾਇਆ ਸੀ। ਇੱਕ ਫੌਜੀ ਅਫ਼ਸਰ ਕੈਪਟਨ ਬਰੈਥ ਨੇ ਮਿਸ਼ਰਾ ਕਮਿਸ਼ਨ ਨੂੰ ਸੌਂਪੀ ਰਿਪੋਰਟ ਵਿੱਚ ਲਿਖਿਆ ਸੀ ਕਿ ਯਾਦਵ ਨੇ ਫੌਜ ਨੂੰ ਕਤਲ ਲੁੱਟਮਾਰ ਅਤੇ ਅੱਗਜਨੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਭੀੜ ਖਿਲਾਫ਼ ਕਾਰਵਾਈ ਕਰਨ ਤੋਂ ਰੋਕਿਆ ਸੀ। ਮਿਸ਼ਰਾ ਕਮਿਸ਼ਨ ਨੇ ਯਾਦਵ ਖਿਲਾਫ਼ ਕਾਰਵਾਈ ਦੀ ਸਿਫਾਰਸ਼ ਕੀਤੀ ਸੀ। ਦਿਲਚਸਪ ਤੱਥ ਇਹ ਹੈ ਕਿ ਉਸ ਮਗਰੋਂ ਯਾਦਵ ਨੂੰ ਤਿੰਨ ਵਾਰ ਤਰੱਕੀ ਮਿਲ ਚੁੱਕੀ ਹੈ ਅਤੇ ਉਹ ਪ੍ਰਮੁੱਖ ਸਕੱਤਰ ਦੇ ਬਰਾਬਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈ।
ਸਿੱਖ ਕਤਲੇਆਮ ਦਾ ਪਿਛੋਕੜ 
ਕਿਸੇ ਘਟਨਾ-ਵਿਕਾਸ ਬਾਰੇ ਸਹੀ ਨਿਰਨਾ ਕਰਨ ਲਈ ਉਸ ਦੇ ਪਿਛੋਕੜ ਵਿੱਚ ਜਾਣਾ ਜ਼ਰੂਰੀ ਹੁੰਦਾ ਹੈ। ਇਸ ਘਟਨਾ ਦੇ ਪਿਛੋਕੜ ਉਤੇ ਨਜ਼ਰ ਮਾਰਿਆਂ ਕਾਂਗਰਸੀ ਲੀਡਰਾਂ ਦੇ ਬਰਾਬਰ ਦੇ ਦੋਸ਼ੀਆਂ ਵਜੋਂ ਅਕਾਲੀ ਲੀਡਰਾਂ ਦੇ ਘਿਨਾਉਣੇ ਚਿਹਰੇ ਵੀ ਨਜ਼ਰੀਂ ਪੈਂਦੇ ਹਨ। ਕਾਂਗਰਸੀ ਲੀਡਰਾਂ ਨੇ ਭਿੰਡਰਾਵਾਲੇ ਦੇ ਭੂਤ ਨੂੰ ਬੋਤਲ ਵਿਚੋਂ ਕੱਢਕੇ ਉਸਨੂੰ ਅਕਾਲੀ ਲੀਡਰਾਂ ਦੇ ਖਿਲਾਫ਼ ਵਰਤਣ ਦੀ ਚਾਲ ਚੱਲੀ। ਇਸ ਤੋਂ ਪਹਿਲਾਂ ਉਹ ਸਿਆਸੀ ਤੌਰ ਤੇ ਬਿਲਕੁਲ ਅਣਜਾਣਿਆ ਇੱਕ ਸਾਧਾਰਨ ਧਰਮ ਪਰਚਾਰਕ ਸੀ। ਭਿੰਡਰਾਵਾਲੇ ਦੇ ਟੋਲੇ ਨੂੰ ਫਿਰਕੂ ਸਿੱਖ ਸਿਆਸਤ ਵਿੱਚ ਲਿਆਉਣ ਲਈ ਗਿਆਨੀ ਜੈਲ ਸਿੰਘ ਦੀ ਪਹਿਲ ਕਦਮੀ ਚਰਚਾ ਵਿੱਚ ਆਉਂਦੀ ਰਹੀ ਹੈ। ਉਸ ਨੇ ਖੁਦ ਭਿੰਡਰਾਵਾਲੇ ਦੇ ਮੋਹਰੀ ਪੈਰੋਕਾਰ ਅਮਰੀਕ ਸਿੰਘ ਨੂੰ ਮਿਲ ਕੇ, ਅਕਾਲੀ ਦਲ ਦੇ ਖਿਲਾਫ਼ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਚੋਣ ਲੜਨ ਲਈ ਸ਼ਹਿ ਤੇ ਹਮਾਇਤ ਦੇ ਕੇ ਤਿਆਰ ਕੀਤਾ ਸੀ।
ਪੰਜਾਬ ਦੇ ਫਿਰਕੂ ਅਮਨ ਨੂੰ ਲੱਗੇ ਲਾਂਬੂ ਲਈ ਪਹਿਲੀ ਤੀਲੀ ਬਾਲ਼ ਕੇ ਸੁੱਟਣ ਵਾਲਾ ਇਹ ਉਹੀ ਗਿਆਨੀ ਜੈਲ ਸਿੰਘ ਸੀ ਜਿਸਨੂੰ ਇਸ ਫਿਰਕੂ ਲਾਂਬੂ ਦੇ ਸਿੱਟੇ ਵਜੋਂ ਖੁਦ ਵੀ ਸੁਰੱਖਿਆ ਅਤੇ ਸਿਰੇ ਦੀ ਜਲਾਲਤ ਦਾ ਸਾਹਮਣਾ ਕਰਨਾ ਪਿਆ ਸੀ। 31 ਅਕਤੂਬਰ ਨੂੰ ਰਾਸ਼ਟਰਪਤੀ ਦਾ ਕਾਫ਼ਲਾ ਜਨੂੰਨੀ ਹਮਲਾਵਰਾਂ ਦੀਆਂ ਭੀੜਾਂ ਤੋਂ ਬਚ ਬਚਾਕੇ ਮਸਾਂ ਰਾਸ਼ਟਰਪਤੀ ਭਵਨ ਪਹੁੰਚਿਆ ਸੀ। ਰਾਤ ਨੂੰ 8 ਵਜੇ ਰਾਸ਼ਟਰਪਤੀ ਭਵਨ ਵਿਚ ਫੋਨ ਆਉਣੇ ਸ਼ੁਰੂ ਹੋ ਗਏ ਕਿ ਸਿੱਖਾਂ ਦੇ ਘਰ ਸਾੜੇ ਜਾ ਰਹੇ ਹਨ, ਕਿ ਸ਼ਹਿਰ ਵਿੱਚ ਚਾਰ-ਚੁਫੇਰੇ ਚੀਕ-ਚਿਹਾੜਾ ਮੱਚਿਆ ਹੋਇਆ ਹੈ। ਗਿਆਨੀ ਜ਼ੈਲ ਸਿੰਘ ਵੱਡੀ ਰਾਤ ਤੱਕ ਪਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਰਾਜੀਵ ਗਾਂਧੀ ਨੇ ਰਾਸ਼ਟਰਪਤੀ ਦਾ ਫੋਨ ਚੁੱਕਣ ਦੀ ਵੀ ਲੋੜ ਨਹੀਂ ਸਮਝੀ ਕਿਸੇ ਦੇਸ਼ ਦੇ ਰਾਸ਼ਟਰਪਤੀ ਦੀ ਇਸ ਤੋਂ ਵੱਡੀ ਬੇਹੁਰਮਤੀ ਹੋਰ ਕੀ ਹੋ ਸਕਦੀ ਹੈ ਕਿ ਐਡੇ ਭਿਆਨਕ ਸੰਕਟ ਦੀਆਂ ਹਾਲਤਾਂ ਵਿੱਚ ਵੀ ਦੇਸ਼ ਦਾ ਉਹ ਪਰਧਾਨ ਮੰਤਰੀ ਉਸ ਨਾਲ ਗੱਲ ਕਰਨ ਤੋਂ ਵੀ ਜਵਾਬ ਦੇ ਦੇਵੇ ਜਿਸਨੂੰ ਰਾਸ਼ਟਰਪਤੀ ਨੇ ਕੁੱਝ ਹੀ ਘੰਟੇ ਪਹਿਲਾਂ ਸਾਰੇ ਕਾਂਗਰਸੀ ਪਾਰਲੀਮੈਂਟਰੀ ਮੈਂਬਰਾਂ ਦੀ ਪਿੱਠ ਪਿੱਛੇ, ਪਰਧਾਨ ਮੰਤਰੀ ਦੇ ਅਹੁਦੇ ਦੀ ਸੁੰਹ ਚੁਕਾਈ ਹੋਵੇ।
ਬੋਤਲ ਵਿਚੋਂ ਕੱਢੇ ਭਿੰਡਰਾਵਾਲੇ ਦੇ ਇਸ ਭੂਤ ਨੂੰ ਡਹਾ ਬਣਾਕੇ ਇੱਕ ਦੂਜੇ ਦੇ ਗਿੱਟੇ ਛਾਂਗਣ ਲਈ ਅਕਾਲੀ ਅਤੇ ਕਾਂਗਰਸੀ ਲੀਡਰਾਂ ਨੇ ਹੱਲਾ-ਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ। ਇਸ ਦੁਵੱਲੀ ਹੱਲਾ-ਸ਼ੇਰੀ ਤੇ ਸ਼ਹਿ ਸਦਕਾ ਇਹ ਛੇਤੀ ਹੀ ਐਡਾ ਤਾਕਤਵਰ ਹੋ ਗਿਆ ਕਿ ਦੋਹਾਂ ਵੱਲ ਅੱਖਾਂ ਕੱਢਣ ਲੱਗ ਪਿਆ। ਇਸ ਦੀਆਂ ਹਿੰਦੂ ਭਾਈਚਾਰੇ ਵਿਰੋਧੀ ਫਿਰਕੂ-ਜਨੂੰਨ ਭੜਕਾਊ ਤਕਰੀਰਾਂ ਅਤੇ ਹਥਿਆਰਬੰਦ ਤਾਕਤ ਦੇ ਨਿਸ਼ੰਗ ਦਿਖਾਵੇ ਸਦਕਾ ਇਸਦੀ ਸਰਪਰਸਤੀ ਹੇਠ ਖਾਲਸਤਾਨੀ ਦਹਿਸ਼ਤਗਰਦਾਂ ਦੇ ਜਨੂੰਨੀ ਕਾਫ਼ਲੇ ਖੁੰਭਾਂ ਵਾਂਗੂ ਫੁੱਟਣ ਲੱਗੇ। ਹਿੰਦੂ ਭਾਈਚਾਰੇ ਦੇ ਬੰਦਿਆਂ ਨੂੰ ਬੱਸਾਂ ਵਿਚੋਂ ਕੱਢ ਕੱਢ ਕਤਲ ਕਰਨ ਵਰਗੀਆਂ ਇਹਨਾਂ ਦੀਆਂ ਜ਼ਾਲਮ ਕਰਤੂਤਾਂ ਨੇ ਉਹ ਅੱਗ-ਲਾਊ ਮਸਾਲਾ ਜਮ੍ਹਾਂ ਕਰ ਦਿੱਤਾ ਜਿਸਨੂੰ ਵਰਤ ਕੇ ਕਾਂਗਰਸੀ ਲੀਡਰ ਅਤੇ ਹਿੰਦੂ ਜਨੂੰਨੀ, ਸਿੱਖ ਕਤਲੇਆਮ ਨੂੰ ਭੜਕਾਉਣ ਵਿੱਚ ਸਫ਼ਲ ਹੋਏ।
ਖਾਲਸਤਾਨੀ ਦਹਿਸ਼ਤਗਰਦਾਂ ਦੇ ਅੱਡ ਅੱਡ ਧੜਿਆਂ ਨੇ ਗੁਰਦੁਆਰਿਆਂ ਨੂੰ ਖਾਸ ਕਰਕੇ ਹਰਿਮੰਦਰ ਸਾਹਿਬ ਨੂੰ ਆਪਣੇ ਸੁਰੱਖਿਅਤ ਅੱਡਿਆਂ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਇਸ ਗੁਰਦੁਆਰੇ ਅੰਦਰ ਇਹਨਾਂ ਨੇ ਆਪੋ-ਆਪਣੇ ਮੁੱਖ ਟਿਕਾਣੇ ਅਤੇ ਆਪੋ-ਆਪਣੇ ਤਸੀਹਾ ਕੇਂਦਰ ਕਾਇਮ ਕਰ ਲਏ। ਉਹ ਆਪਣੇ ਵਿਰੋਧੀਆਂ ਨੂੰ ਜਾਂ ਸ਼ੱਕੀ ਬੰਦਿਆਂ ਨੂੰ ਆਪਣੇ ਸਾਹਮਣੇ ਪੇਸ਼ ਹੋਣ ਦੇ ਫੁਰਮਾਨ ਭੇਜਦੇ। ਫਿਰੌਤੀਆਂ ਲੈਣ ਲਈ ਅਤੇ ਸ਼ਕੀਆ ਬੰਦਿਆਂ ਜਾਂ ਵਿਰੋਧੀ ਬੰਦਿਆਂ ਨੂੰ ਆਪਣੇ ਇਹਨਾਂ ਤਸੀਹਾ ਕੇਂਦਰਾਂ ਵਿੱਚ ਤਸੀਹੇ ਦਿੰਦੇ। ਕਈਆਂ ਨੂੰ ਇਥੇ ਹੀ ਕਤਲ ਕਰ ਦਿੰਦੇ। ਗੁਰਦੁਆਰੇ ਨੇੜਲੇ ਗੰਦੇ ਨਾਲੇ ਵਿਚੋਂ ਲਗਾਤਾਰ ਲਾਸ਼ਾਂ ਮਿਲਦੇ ਰਹਿਣ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਆਉਂਦੀਆਂ ਰਹੀਆਂ। ਹਰਿਮੰਦਰ ਸਾਹਿਬ ਉਤੇ ਫੌਜੀ ਹਮਲਾ ਹੋਣ ਤੋਂ ਬਾਅਦ ਇਸ ਅੰਦਰ ਲੱਗੇ ਮਿੱਟੀ ਦੇ ਵੱਡੇ ਢੇਰ ਨੂੰ ਚੁੱਕਣ ਵੇਲੇ ਇਸ ਵਿੱਚ ਦੱਬੀਆਂ ਲਾਸ਼ਾਂ ਮਿਲਣ ਦੀਆਂ ਖ਼ਬਰਾਂ ਛਪੀਆਂ। ਇੱਕ ਟੋਲੇ ਵੱਲੋਂ ਆਪਣੇ ਇੱਕ ਵਿਰੋਧੀ ਨੂੰ ਪੌੜੀਆਂ ਨਾਲ ਸੰਗਲ ਲਾਕੇ, ਦਿਨ-ਦਿਹਾੜੇ ਲੋਕਾਂ ਦੀ ਭੀੜ ਦੇ ਸਾਹਮਣੇ ਕਿਰਪਾਨਾਂ ਨਾਲ ਵੱਢਣ ਦੀਆਂ ਖ਼ਬਰਾਂ ਛਪੀਆਂ। ਗੁਰਦੁਆਰਿਆਂ ਉਤੇ ਅੰਗਰੇਜ਼ਾਂ ਦੇ ਪਿਠੂ, ਜਾਲਮ ਤੇ ਅਯਾਸ਼ ਮਹੰਤਾਂ ਦੇ ਕਬਜਿਆਂ ਵੇਲੇ ਵੀ ਸ਼ਾਇਦ ਗੁਰਦੁਆਰਿਆਂ ਦੀ ਐਡੀ ਬੇਅਦਬੀ ਨਾ ਹੋਈ ਹੋਵੇ ਜਿੰਨੀ, ਆਪਣੇ ਆਪ ਨੂੰ ਸਭ ਤੋਂ ਉੱਚੇ-ਸੁੱਚੇ ਸਿੱਖ ਸ਼ਰਧਾਲੂ ਹੋਣ ਦਾ ਦਾਅਵਾ ਕਰਨ ਵਾਲੇ ਭਿੰਡਰਾਵਾਲੇ ਨੇ ਤੇ ਉਸਦੀ ਸਰਪਰਸਤੀ ਹੇਠਲੇ ਟੋਲਿਆਂ ਨੇ ਕੀਤੀ ਜਾਂ ਕਰਵਾਈ ਸੀ।
ਆਪਣੇ ਆਪ ਨੂੰ , ਮਹੰਤਾਂ ਤੇ ਕਬਜਿਆਂ ਵਿਚੋਂ ਗੁਰਦੁਆਰਿਆਂ ਨੂੰ ਆਜਾਦ ਕਰਾਉਣ ਵਾਲੀ ਗੁਰਦੁਆਰਾ ਸੁਧਾਰ ਲਹਿਰ ਦੇ ਸਭ ਤੋਂ ਵੱਡੇ ਵਾਰਸ ਕਹਾਉਣ ਵਾਲੇ ਅਕਾਲੀ ਲੀਡਰਾਂ ਨੇ ਹਰਿਮੰਦਰ ਸਾਹਿਬ ਦੀ ਇਸ ਘੋਰ ਬੇਹੁਰਮਤੀ ਬਾਰੇ ਮੁਜਰਮਾਨਾ ਚੁੱਪ ਵੱਟੀ ਰੱਖੀ। ਕਿਸੇ ਇੱਕ ਵੀ ਅਕਾਲੀ ਲੀਡਰ ਨੇ ਖਾਲਸਤੀਨੀ ਦਹਿਸ਼ਤਗਰਦਾਂ ਦੀਆਂ ਇਹਨਾਂ ਕਰਤੂਤਾਂ ਖਿਲਾਫ਼ ਇੱਕ ਵੀ ਅਖ਼ਬਾਰੀ ਬਿਆਨ ਦੇਣ ਦੀ ਵੀ ਜੁਅਰਤ ਨਹੀਂ ਕੀਤੀ। ਇਉਂ ਅਕਾਲੀ ਲੀਡਰ ਵੀ ਹਰਿਮੰਦਰ ਸਾਹਿਬ ਉਤੇ ਫੌਜੀ ਹਮਲੇ ਲਈ ਕਾਂਗਰਸੀ ਲੀਡਰਾਂ ਨੂੰ ਬਹਾਨਾ ਦੇਣ ਦੇ ਦੋਸ਼ੀ ਬਣੇ। 
ਦੂਜੇ ਪਾਸੇ, ਕਾਂਗਰਸ ਸਰਕਾਰ ਦੀਆਂ ਸੂਹੀਆਂ ਏਜੰਸੀਆਂ ਦੀਆਂ ਐਨ ਨਜ਼ਰਾਂ ਥੱਲੇ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਅੱਡ ਅੱਡ ਧੜੇ ਹਰਿਮੰਦਰ ਸਾਹਿਬ ਅੰਦਰ ਰਸਦ ਲਿਜਾਣ ਵਾਲੇ ਟਰੱਕਾਂ-ਟਰਾਲੀਆਂ ਵਿੱਚ ਲੁਕੋ ਕੇ ਹਥਿਆਰ ਜਮ੍ਹਾਂ ਕਰਦੇ ਰਹੇ। ਇਸ ਤਰ੍ਹਾਂ ਉਹਨਾਂ ਨੇ ਹਰਿਮੰਦਰ ਸਾਹਿਬ ਨੂੰ ਆਪਣੇ ਇੱਕ-ਹਥਿਆਰਬੰਦ ਕਿਲ੍ਹੇ ਵਿੱਚ ਬਦਲ ਲਿਆ। ਨਤੀਜੇ ਵਜੋਂ ਕਾਂਗਰਸੀ ਹਾਕਮਾਂ ਨੇ ਇਸ ਉਤੇ ਫੌਜੀ ਹਮਲਾ ਕਰਨ ਦਾ ਬਹਾਨਾ ਘੜਕੇ ਇਸ ਹਮਲੇ ਦਾ ਪੈੜਾ ਬੰਨ੍ਹ ਲਿਆ।
ਹਰਿਮੰਦਰ ਸਾਹਿਬ ਉਤੇ, ਜੂਨ 1984 ਵਿੱਚ ਹੋਏ ਫੌਜੀ ਹਮਲੇ ਨੇ ਸਿੱਖ ਭਾਈਚਾਰੇ ਦੇ ਧਾਰਮਕ ਜ਼ਜਬਾਤਾਂ ਨੂੰ ਇੱਕ ਵੱਡਾ ਭੁਚਾਲ-ਝਟਕਾ ਦਿੱਤਾ। ਇਹ ਹਮਲਾ ਉਹਨਾਂ ਦਿਨਾਂ ਵਿੱਚ ਕੀਤਾ ਗਿਆ ਜਦੋਂ ਹਰਿਮੰਦਰ ਸਾਹਿਬ ਅੰਦਰ ਇੱਕ ਗੁਰਪੁਰਬ ਖਾਤਰ ਬਹੁਤ ਵੱਡੀ ਗਿਣਤੀ ਵਿੱਚ ਆਮ ਸਿੱਖ ਸ਼ਰਧਾਲੂ ਵੀ ਪਹੁੰਚੇ ਹੋਏ ਸਨ। ਨਤੀਜੇ ਵਜੋਂ ਭਿੰਡਰਾਵਾਲੇ ਅਤੇ ਹੋਰ ਦਹਿਸ਼ਤਗਰਦ ਟੋਲਿਆਂ ਤੋਂ ਇਲਾਵਾ ਅਨੇਕਾਂ ਅਣਭੋਲ ਸ਼ਰਧਾਲੂ ਵੀ ਮਾਰੇ ਗਏ।
ਇਸ ਕੁਕਰਮ ਵਿੱਚ ਕਾਂਗਰਸੀ ਹਾਕਮਾਂ, ਅਤੇ ਅਕਾਲੀ ਲੀਡਰਾਂ ਤੋਂ ਇਲਾਵਾ ਭਾਜਪਾ ਲੀਡਰਾਂ ਦੀ ਵੀ ਚੁੱਪ-ਸਹਿਮਤੀ ਸੀ। ਭਾਜਪਾ ਲੀਡਰ ਅਡਵਾਨੀ ਨੇ ਆਪਣੀ ਇੱਕ ਕਿਤਾਬ ਵਿੱਚ ਖੁਦ ਇਹ ਗੱਲ ਮੰਨੀ ਹੈ ਕਿ ਉਸਨੇ ਇੰਦਰਾਂ ਗਾਂਧੀ ਨੂੰ ਇਹ ਫੌਜੀ ਹਮਲਾ ਕਰਨ ਦੀ ਸਲਾਹ ਦਿੱਤੀ ਸੀ।
ਖਾਲਸਤਾਨੀ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਦੇ ਨਾਉਂ ਹੇਠ ਪੁਲਸ-ਫੌਜ ਵੱਲੋਂ ਸਿੱਖ ਭਾਈਚਾਰੇ ਦੇ ਆਮ ਲੋਕਾਂ ਉਤੇ ਕੀਤੇ ਜੁਲਮਾਂ ਨੇ, ਅਤੇ ਹਰਿਮੰਦਰ ਸਾਹਿਬ ਉਤੇ ਕੀਤੇ ਫੌਜੀ ਹਮਲੇ ਨੇ ਸਿੱਖ ਭਾਈਚਾਰੇ ਦੇ ਜਿੰਨੇ ਹਿੱਸਿਆਂ ਨੂੰ ਖਾਲਸਤਾਨੀ ਦਹਿਸ਼ਤਗਰਦਾਂ ਦੀਆਂ ਸਫਾਂ ਵਿੱਚ ਭਰਤੀ ਕੀਤਾ ਹੈ ਜਾਂ ਉਹਨਾਂ ਦੇ ਹਮਾਇਤੀ ਬਣਾਇਆ ਹੈ ਓਨੀ ਭਰਤੀ ਅਤੇ ਹਮਾਇਤ ਸਿੱਖ ਜਨੂੰਨੀ ਪਰਚਾਰਕਾਂ ਅਤੇ ਖਾਲਸਤਾਨੀ ਦਹਿਸ਼ਤਗਰਦਾਂ ਦੀਆਂ ਆਪਣੀਆਂ ਕੋਸ਼ਿਸ਼ਾਂ ਸਦਕਾ ਪਰਾਪਤ ਨਹੀਂ ਹੋਈ।
ਇਸ ਫੌਜੀ ਹਮਲੇ ਤੋਂ ਪੰਜ ਮਹੀਨੇ ਬਾਅਦ ਹੀ ਪੰਜਾਬ ਵਿੱਚ ਮੱਚੇ ਫਿਰਕੂ ਭਾਂਬੜਾਂ ਦੀ ਇੱਕ ਲਾਟ ਦਿੱਲੀ ਦਰਬਾਰ ਵਿੱਚ ਜਾ ਪਹੁੰਚੀ ਜਿਸਨੇ ਇਸ ਹਮਲੇ ਦੀ ਮੁੱਖ ਕਰਤਾ-ਧਰਤਾ ਇੰਦਰਾ ਗਾਂਧੀ ਨੂੰ ਵੀ ਭਸਮ ਕਰ ਦਿੱਤਾ। ਉਸਦੇ ਦੋ ਪਹਿਰੇਦਾਰਾਂ (ਜਿਹੜੇ ਸਿੱਖ ਵੀ ਸਨ) ਕਿਹਰ ਸਿੰਘ ਅਤੇ ਸਤਵੰਤ ਸਿੰਘ ਨੇ ਗੋਲੀਆਂ ਨਾਲ ਉਸਨੂੰ ਛਾਨਣੀ ਕਰ ਦਿੱਤਾ। ਇਸ ਕਤਲ ਤੋਂ ਤਰੁੰਤ ਬਾਅਦ ਹੀ ਦਿੱਲੀ ਅਤੇ ਕੁੱਝ ਹੋਰਨਾਂ ਸ਼ਹਿਰਾਂ ਵਿੱਚ ਸਿੱਖ-ਵਿਰੋਧੀ ਪਰਲੋਂ ਆ ਗਈ ਅਤੇ ਹਜ਼ਾਰਾਂ ਨਿਰਦੋਸ਼ ਸਿੱਖ ਪਰਿਵਾਰ ਭਸਮ ਹੋ ਗਏ ਅਤੇ ਹਜ਼ਾਰਾਂ ਘਰ ਅਤੇ ਜਾਇਦਾਦਾਂ ਸਾੜ-ਫੂਕ ਤੇ ਲੁੱਟ-ਪੱਿਟ ਦਾ ਸ਼ਿਕਾਰ ਹੋ ਗਈਆਂ ਅਤੇ ਇਸਨੂੰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ''ਵੱਡਾ ਰੁੱਖ ਡਿੱਗਣ ਸਮੇਂ, ਧਰਤੀ ਕੰਬਦੀ ਹੀ ਹੁੰਦੀ ਹੈ'' ਕਿਹਾ।   

No comments:

Post a Comment