Sunday, December 7, 2014

ਲੋਕਾਂ ਅਤੇ ਕਲਾ ਦੇ ਮੇਲ਼ ਦਾ ਫ਼ਖਰਯੋਗ ਮੇਲਾ

ਲੋਕਾਂ ਅਤੇ ਕਲਾ ਦੇ ਮੇਲ਼ ਦਾ ਫ਼ਖਰਯੋਗ ਮੇਲਾ
-ਅਮੋਲਕ ਸਿੰਘ
ਪੰਜਾਬ ਅੰਦਰ ਲੱਗਦੇ ਰਵਾਇਤੀ ਮੇਲਿਆਂ ਅੰਦਰ ਸੁਭਾਵਕ ਸਭਿਆਚਾਰਕ ਰੰਗ ਫਿੱਕਾ ਪੈਂਦਾ ਪੈਂਦਾ ਹੁਣ ਹੋਰ ਦਾ ਹੋਰ ਹੋ ਗਿਆ।  ਮੇਲਿਆਂ ਨੂੰ ਅੰਧ-ਵਿਸ਼ਵਾਸ਼, ਮਸਤ-ਮਲੰਗੀ, ਵਪਾਰ ਅਤੇ ਰਾਜਨੀਤਕ ਵਪਾਰ ਦੀ ਪੁੱਠ ਚਾੜ੍ਹ ਦਿੱਤੀ।  
ਰਵਾਇਤੀ ਮੇਲਿਆਂ, ਤਿਓਹਾਰਾਂ ਅਤੇ ਵੰਨ-ਸੁਵੰਨੇ ਇਕੱਠ 'ਚ ਗੈਰ-ਵਿਗਿਆਨਕ ਅਤੇ ਕੁਰਾਹੇ ਪਾਊ ਵਿਚਾਰਾਂ ਦਾ ਭੰਡਾਰਾ ਲੱਗਦਾ ਹੈ।  ਲੋਕਾਂ ਦੇ ਧਾਰਮਕ, ਸਮਾਜਕ ਅਤੇ ਮਨੋ-ਵਿਗਿਆਨਕ ਸਰੋਕਾਰਾਂ ਨੂੰ ਮਨ ਮਰਜ਼ੀ ਦਾ ਰੰਗ ਚਾੜ੍ਹਿਆ ਜਾਂਦਾ ਹੈ।  ਉਸ ਮਗਰੋਂ ਗੇੜ ਸ਼ੁਰੂ ਹੁੰਦਾ ਹੈ ਰੰਗ-ਬਰੰਗੀ ਗਾਇਕੀ ਅਤੇ ਝੂਮਣ ਲਾਉਣ ਦਾ।  ਉਸ ਵੇਲੇ ਮੇਲੇ 'ਚ ਉਤਾਰਾ ਕਰਦੇ ਨੇ ਸਿਆਸੀ ਰੋਟੀਆਂ ਸੇਕਣ ਲਈ ਮੌਕਾਪ੍ਰਸਤ ਅਤੇ ਮਕਾਰ ਨੇਤਾ।  ਥੱਕੇ ਟੁੱਟੇ, ਜਿਸਮਾਨੀ ਅਤੇ ਮਾਨਸਿਕ ਤੌਰ 'ਤੇ ਭੰਨੇ ਲੋਕਾਂ ਨੂੰ ਮੇਲੇ 'ਚ ਇੱਕ ਤੋਂ ਬਾਅਦ ਦੂਜਾ ਬੇਹੋਸ਼ੀ ਦਾ ਟੀਕਾ ਠੋਕਿਆ ਜਾਂਦਾ ਹੈ।
ਅਜੇਹੇ ਧੁੰਧਲਕੇ, ਗੰਧਲੇ ਵਾਤਾਵਰਣ 'ਚ ਇੱਕ ਨਿਵੇਕਲੀ ਨੁਹਾਰ ਵਾਲਾ ਮੇਲਾ ਹੈ 'ਮੇਲਾ ਗ਼ਦਰੀ ਬਾਬਿਆਂ ਦਾ'। ਦੋ ਸੰਸਥਾਵਾਂ ਨੇ ਵਿਸ਼ੇਸ਼ ਕਰਕੇ ਪੰਜਾਬ ਦੇ ਰਵਾਇਤੀ ਮੇਲਿਆਂ ਤੋਂ ਹੱਟਕੇ ਸਾਰਥਕ ਕੰਮ ਕੀਤਾ ਹੈ।  ਇੱਕ ਹੈ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਤੇ ਦੂਜਾ ਹੈ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲੱਗਦਾ 'ਮੇਲਾ ਗ਼ਦਰੀ ਬਾਬਿਆਂ ਦਾ'।  
ਅੱਜ ਜਿਨ੍ਹਾਂ ਤਿੱਖੀਆਂ, ਟੇਢੀਆਂ-ਮੇਢੀਆਂ, ਅਤੀ ਸੂਖ਼ਮ ਵੀ ਅਤੇ ਮਾਰ-ਧਾੜ, ਸੰਘੀ ਨੱਪਣ 'ਤੇ ਉਤਰੀਆਂ ਵੀ ਚੌਤਰਫ਼ੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ ਅਜੇਹੇ ਵੇਲੇ ਦੋਵੇਂ ਸੰਸਥਾਵਾਂ ਦੇ ਸਖ਼ਤ ਇਮਤਿਹਾਨ ਦਾ ਦੌਰ ਹੈ।  
ਲੋਕਾਂ ਦੀ ਲੋੜ ਇਹ ਹੈ ਇਹਨਾਂ ਮੇਲਿਆਂ ਵਿੱਚ ਜੇ ਪੰਜਾਬ ਦੀ ਲੋਕ-ਪੱਖੀ, ਇਨਕਲਾਬੀ-ਜਮਹੂਰੀ ਲਹਿਰ ਹੋਰ ਆਜ਼ਾਦਾਨਾ ਤੌਰ ਤੇ ਵੀ ਯੋਗਦਾਨ ਵਧਾਵੇ ਤਾਂ ਇਸਦਾ ਦੋਵੇਂ ਮੋਰਚਿਆਂ, ਸਾਹਿਤਕ/ਸਭਿਆਚਾਰਕ ਅਤੇ ਜਨਤਕ ਲਹਿਰ ਨੂੰ ਦੋਵੱਲੇ ਫਾਇਦੇ ਹੋ ਸਕਦੇ ਹਨ। 
-ਇਸ ਵਾਰ 23ਵਾਂ ਮੇਲਾ ਗ਼ਦਰੀ ਬਾਬਿਆਂ ਦਾ, ਲੋਕਾਂ ਦੀ ਇਸ ਲੋੜ ਅਤੇ ਦਿਲੀ ਇੱਛਾਵਾਂ ਦੀ ਸਾਕਾਰ ਮੂਰਤ ਹੋ ਨਿੱਬੜਿਆ। ਇਸ ਵਾਰ ਦਾ ਮੇਲਾ ਕਾਮਾਗਾਟਾ ਮਾਰੂ ਸਾਕੇ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਤ ਸੀ। ਕੁੱਲ ਮੇਲੇ ਦੇ ਮੁਕਾਬਲੇ, ਪੇਸ਼ਕਾਰੀਆਂ, ਕਲਾ-ਵੰਨਗੀਆਂ ਅਤੇ ਮੇਲੇ ਦੀ ਦਿਖ ਵਿਸ਼ੇਸ਼ ਕਰਕੇ ਕਾਮਾਗਾਟਾ ਮਾਰੂ ਸਾਕੇ ਦੇ ਇਤਿਹਾਸ ਨੂੰ ਕੇਂਦਰੀ ਧੁਰਾ ਮੰਨਕੇ ਵਿਉਂਤੀ ਗਈ। 
-ਯਾਦਗਾਰ ਹਾਲ ਦੇ ਸਾਰੇ ਕੰਪਲੈਕਸ ਨੂੰ 'ਬਜਬਜ ਘਾਟ ਨਗਰ' ਦਾ ਨਾਂਅ ਦੇ ਕੇ ਫਲੈਕਸਾਂ, ਫੋਟੋਆਂ, ਟੂਕਾਂ, ਯਾਦਗਾਰੀ ਗੇਟ ਆਦਿ ਨਾਲ ਸਜਾਇਆ ਗਿਆ। ਮਹੱਤਵਪੂਰਨ ਪੱਖ ਇਹ ਸੀ ਕਿ ਮੇਲਾ ਸਿਰਫ਼ 100 ਵਰ੍ਹੇ ਪਹਿਲਾਂ ਦੀ ਘਟਨਾ ਜਾਂ ਉਸਦੇ ਸਮਕਾਲੀ ਵਰਤਾਰੇ ਨੂੰ ਹੀ ਸੰਬੋਧਨ ਨਹੀਂ ਸੀ। ਵੱਖ ਵੱਖ ਕਲਾ ਕਿਰਤਾਂ ਰਾਹੀਂ ਸ਼ਾਨਾਂਮੱਤੀ ਇਨਕਲਾਬੀ ਵਿਰਾਸਤ ਨੂੰ ਉਭਾਰਨ ਦੇ ਨਾਲ ਨਾਲ ਮੇਲਾ, ਅਜੋਕੇ ਮਘਦੇ ਸਮਾਜਕ ਸਰੋਕਾਰਾਂ ਅਤੇ ਭਵਿੱਖ਼ ਅੰਦਰ ਮੂੰਹ ਅੱਡੀਂ ਖੜ੍ਹੀਆਂ ਚਣੌਤੀਆਂ ਨੂੰ ਵਿਸ਼ੇਸ਼ ਕਰਕੇ ਮੁਖ਼ਾਤਬ ਹੋਇਆ। 
-ਮੇਲੇ 'ਚ 1857 ਦੇ ਬਾਗੀ ਫ਼ੌਜੀਆਂ ਦੀਆਂ ਅਸਥੀਆਂ   ਹਜ਼ਾਰਾਂ ਲੋਕਾਂ ਅਤੇ ਪ੍ਰੈਸ ਦੀ ਖਿੱਚ ਦਾ ਕੇਂਦਰ ਬਣੀਆਂ।
-ਮੇਲੇ 'ਚ ਕਾਮਗਾਟਾ ਮਾਰੂ ਦੇ ਮਹਾਂ ਨਾਇਕ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦੇ ਤੀਜੀ ਵਾਰ ਪਿੰਡ ਲਲਤੋਂ  ਲੁਧਿਆਣਾ ਵਿਖੇ ਸਥਿਤ ਬੁੱਤ ਤੋੜੇ ਜਾਣ ਦੀ ਨਿੰਦਾ ਕੀਤੀ ਗਈ ਅਤੇ ਮੁਜ਼ਰਿਮਾਂ ਨੂੰ ਫੜਨ 'ਚ ਜਾਣ ਬੁੱਝ ਕੇ ਕੀਤੀ ਜਾ ਰਹੀ ਢਿੱਲ ਮੱਠ ਲਈ ਬਾਦਲ ਹਕੂਮਤ ਨੂੰ ਬੇਕਿਰਕੀ ਨਾਲ ਨੰਗਿਆਂ ਕੀਤਾ।
-ਫਿਰੋਜਪੁਰ ਸ਼ਹਿਰ 'ਚ ਜਿੱਥੇ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਟਿਕਾਣਾ ਹੁੰਦਾ ਸੀ ਉਸਨੂੰ ਯਾਦਗਾਰ ਬਣਾਉਣ ਦੀ ਜੋਰਦਾਰ ਮੰਗ ਵੀ ਹਜ਼ਾਰਾਂ ਲੋਕਾਂ ਨੇ  ਹੱਥ ਖੜ੍ਹੇ ਕਰਕੇ ਕੀਤੀ।
-ਮੇਲੇ 'ਚ ਝੰਡੇ ਦੇ ਗੀਤ ਨੇ ਝੰਡੇ ਗੱਡੇ। ਕੋਈ 150 ਲੜਕੇ ਲੜਕੀਆਂ ਨੇ ਇਤਿਹਾਸ, ਰੰਗ ਮੰਚ, ਨ੍ਰਿਤ, ਗੀਤ-ਸੰਗੀਤ ਦੇ ਰੰਗਾਂ 'ਚ ਰੰਗੀ ਇਸ ਵਿਸ਼ੇਸ਼ ਪੇਸ਼ਕਾਰੀ ਨੇ ਅੱਧਾ ਘੰਟਾ ਸਮਾਂ ਬੰਨ੍ਹ ਦਿੱਤਾ। 
-ਕਾਮਾਗਾਟਾ ਮਾਰੂ ਸਾਕੇ ਦੇ ਸ਼ਹੀਦਾਂ, ਸੰਗਰਾਮੀਆਂ ਦੇ ਵਾਰਸਾਂ, ਨਗਰਾਂ ਦਾ ਸਨਮਾਨ ਕੀਤਾ ਗਿਆ। 
-ਮੇਲੇ 'ਤੇ ਇਸ ਵਾਰ ਚਾਰੇ ਨਾਟਕ, ਦਰਸ਼ਕਾਂ ਉਪਰ ਕਲਾ ਦਾ ਜਾਦੂ ਕਰ ਗਏ। 31 ਅਕਤੂਬਰ ਦੇ ਸਾਰੇ ਨਾਟਕ ਕੋਰਿਓਗਰਾਫੀਆਂ ਅਤੇ ਕਵੀ ਦਰਬਾਰ ਵੀ ਦਰਸ਼ਕਾਂ 'ਚ ਖਿੱਚ ਪਾਉਂਦੇ ਰਹੇ।
-ਦਸਤਾਵੇਜੀ ਫ਼ਿਲਮਾਂ ਦੀ ਪੀਪਲਜ਼ ਵਾਇਸ ਦੇ ਸਾਥੀਆਂ ਦੀ ਚੋਣ ਕਮਾਲ ਦੀ ਸੀ। ਦਰਸ਼ਕਾਂ ਨਿਠਕੇ ਆਨੰਦ ਮਾਣਿਆਂ ਅਤੇ ਪ੍ਰੈਸ ਨੇ ਵੀ ਇਸ ਕੋਲਾਜ਼ ਨੂੰ ਨਿਠਕੇ ਥਾਂ ਦਿੱਤੀ।
-ਮੇਲੇ 'ਚ ਇੱਕ ਹੋਰ ਮੇਲਾ ਲੱਗਿਆ। ਉਹ ਮੇਲਾ ਸੀ ਪੁਸਤਕ ਮੇਲਾ। ਇੱਕ ਸਰਵੇ ਮੁਤਾਬਕ ਇਸ ਵਾਰ ਮੇਲੇ 'ਤੇ 12 ਲੱਖ ਦਾ ਸਾਹਿਤ ਲੋਕੀ ਲੇ ਕੇ ਗਏ।
-ਦੇਸ਼-ਵਿਦੇਸ਼ ਤੋਂ ਪਰਿਵਾਰਾਂ ਦੇ ਪਰਿਵਾਰਾਂ ਦਾ ਮੇਲੇ 'ਚ ਨਿਰੰਤਰ ਆਉਣਾ ਵੀ ਮੇਲੇ ਦੀ ਖਿੱਚ ਦਾ ਪ੍ਰਤੀਕ ਹੈ।
-23ਵੇਂ ਮੇਲੇ ਦੀ ਸਭ ਤੋ ਵੱਡੀ ਪ੍ਰਾਪਤੀ ਇਸ ਵਿੱਚ ਨੌਜਵਾਨਾਂ, ਵਿਦਿਆਰਥੀਆਂ, ਵਿਦਿਆਰਥਣਾਂ ਵੱਲੋਂ ਵੰਨ-ਸੁਵੰਨੀਆਂ ਕਲਾ ਕਿਰਤਾਂ 'ਚ ਸ਼ਾਮਲ ਹੋਣਾ ਹੈ। ਜੁਆਨੀ ਪੂਰੇ ਜੋਸ਼-ਖਰੋਸ਼, ਸਵੈ-ਜਾਬਤੇ ਨਾਲ ਮੇਲੇ 'ਚ ਸ਼ਾਮਲ ਹੋਈ। ਕੰਮਾਂ ਵਿੱਚ ਹੱਥ ਵੀ ਵਟਾਇਆ। 
-ਮੇਲੇ 'ਚ ਇੱਕ ਬੰਨੇ ਮੇਲੇ ਵਰਗਾ ਮਾਹੌਲ ਵੀ ਬਣਿਆ ਰਿਹਾ ਦੂਜੇ ਬੰਨੇ ਵਿਚਾਰ-ਚਰਚਾ ਵਿੱਚ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਨੱਕੋ ਨੱਕ ਭਰਿਆ ਹੋਣਾ, ਬਹੁਤ ਹੀ ਉਤਸ਼ਾਹੀ ਵਰਤਾਰਾ ਹੈ। ਡਾ. ਕਮਲ ਨੈਣ ਕਾਬਰਾ, ਉੱਘੇ ਅਰਥ ਸ਼ਾਸ਼ਤਰੀ ਸਾਬਕਾ ਪ੍ਰੋ. ਇੰਡੀਅਨ ਇੰਸਟੀਚੀਊਟ ਆਫ਼ ਪਬਲਿਕ ਐਡਮਿਨਸਟਰੇਸ਼ਨ ਨਵੀਂ ਦਿੱਲੀ ਨੂੰ ਬੁੱਧੀਜੀਵੀਆਂ, ਵਿਚਾਰਵਾਨਾਂ ਨੇ ਸਾਹ ਰੋਕ ਕੇ ਸੁਣਿਆ। 
-ਮੇਲੇ ਨੇ ਅਗਲੇ ਵਰ੍ਹੇ ਕਰਤਾਰ ਸਿੰਘ ਸਰਾਭਾ, ਉਸਦੇ ਸਾਥੀਆਂ, ਫੇਰੂ ਸ਼ਹਿਰ ਅਤੇ ਲਾਹੌਰ ਸਾਜ਼ਿਸ ਕੇਸ ਦੇ ਸਾਥੀਆਂ ਦੀ ਯਾਦ 'ਚ 24ਵੇਂ ਮੇਲੇ ਦੀ ਹੁਣ ਤੋਂ ਤਿਆਰੀ ਦਾ ਸੱਦਾ ਦਿੱਤਾ।

No comments:

Post a Comment