Sunday, December 14, 2014

1984 ਦਾ ਸਿੱਖ ਕਤਲੇਆਮ ਅਤੇ ਇਨਕਲਾਬੀ ਤਾਕਤਾਂ ਦੇ ਕਾਰਜ

1984 ਦਾ ਸਿੱਖ ਕਤਲੇਆਮ ਅਤੇ ਇਨਕਲਾਬੀ ਤਾਕਤਾਂ ਦੇ ਕਾਰਜ
ਨਵੰਬਰ 2014 ਵਿੱਚ ਦਿੱਲੀ ਅਤੇ ਕੁੱਝ ਹੋਰਨਾਂ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਦੀ 30ਵੀਂ ਵਰ੍ਹੇਗੰਢ ਸੀ। ਇਹ ਦਿਨ ਪੀੜਤ ਪਰਿਵਾਰਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਅੱਲੇ ਜ਼ਖਮਾਂ ਨੂੰ ਮੁੜ ਉਚੇੜ ਦਿੰਦੇ ਹਨ। ਮਰ ਗਿਆਂ ਦਾ ਹੇਰਵਾ ਕਾਲਜੇ ਨੂੰ ਮੁੜ ਤੜਫਾਉਂਦਾ ਹੈ। ਜਿਉਂਦਿਆਂ ਨੂੰ ਸਾੜਦਿਆਂ ਦੇ ਦ੍ਰਿਸ਼ ਭੂਤਾਂ-ਪਰੇਤਾਂ ਵਾਂਗੂੰ ਅੱਖਾਂ ਅੱਗੇ ਨੱਚਦੇ ਹਨ। ਜ਼ਾਲਮਾਂ ਵਿਰੁੱਧ ਗੁੱਸੇ ਤੇ ਨਫਰਤ ਦਾ ਨਵਾਂ ਉਬਾਲ ਆਉਂਦਾ ਹੈ। ਅਖੌਤੀ ਨਿਰਪੱਖ ਕਾਨੂੰਨ, ਕਚਹਿਰੀਆਂ ਅਤੇ ਜੱਜਾਂ ਦੇ ਸਾਊ ਦਿਸਦੇ ਚਿਹਰਿਆਂ ਉੱਤੇ ਥੁੱਕਣ ਨੂੰ ਜੀਅ ਕਰਦਾ ਹੈ। 
ਦੂਜੇ ਪਾਸੇ ਇਹਨੀਂ ਦਿਨੀਂ ਹਾਕਮ ਜਮਾਤੀ ਪਾਰਟੀਆਂ, ਖਾਸ ਕਰਕੇ ਪੰਜਾਬ ਵਿੱਚ ਅਕਾਲੀ ਦਲ ਅਤੇ ਹੋਰ ਸਿੱਖ ਫਿਰਕੂ ਜਥੇਬੰਦੀਆਂ ਇਨ੍ਹਾਂ ਬਦਨਸੀਬ ਲੋਕਾਂ ਦੇ ਉੱਚੜੇ-ਰਿਸਦੇ ਜ਼ਖਮਾਂ ਉੱਤੇ ਮੱਖੀਆਂ ਵਾਂਗੂੰ ਭਿਣ ਭਿਣ ਕਰਨ ਲੱਗਦੇ ਹਨ, ਇਹਨਾਂ ਜ਼ਖਮਾਂ ਦਾ ਖ਼ੂਨ ਚੂਸਣ ਲਈ। ਇਹਨਾਂ ਜ਼ਖਮਾਂ ਨੂੰ ਹੋਰ ਖਰਾਬ ਕਰਨ ਲਈ। ਇਹਨਾਂ ਦੀਆਂ ਆਹਾਂ ਤੇ ਚੀਸਾਂ ਨੂੰ ਵੋਟਾਂ ਵਿੱਚ ਢਾਲਣ ਲਈ ਅਤੇ ਇਹਨਾਂ ਦੇ ਮਨਾਂ ਵਿੱਚ ਫਿਰਕੂ ਜ਼ਹਿਰ ਦਾ ਪਸਾਰ ਕਰਨ ਲਈ। 
ਤੀਜੇ ਪਾਸੇ ਇਨਕਲਾਬੀ ਧਿਰਾਂ ਲਈ, ਇਹ ਸੋਚ-ਵਿਚਾਰ ਕਰਨ ਦੇ ਦਿਨ ਹੁੰਦੇ ਹਨ ਕਿ ਉਹਨਾਂ ਵੱਲੋਂ ਕੀ ਕੀਤਾ ਜਾਣਾ ਬਣਦਾ ਹੈ। ਇਸ ਵਿੱਚੋਂ ਉਹ ਕੀ ਕਰਦੇ ਆ ਰਹੇ ਹਨ? ਕੀ ਕਰਨਾ ਰਹਿ ਰਿਹਾ ਹੈ ਅਤੇ ਕਿਉਂ ਰਹਿ ਰਿਹਾ ਹੈ?
ਇਨਕਲਾਬੀ ਧਿਰਾਂ ਆਪਣੀ ਪ੍ਰਚਾਰ ਅਤੇ ਲਾਮਬੰਦੀ ਦੀਆਂ ਮੁਹਿੰਮਾਂ ਦੇ ਅੰਗ ਵਜੋਂ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਵਿਰੁੱਧ ਅਤੇ ਵੱਡੇ ਫਿਰਕੂ ਸਾਕਿਆਂ ਵਿਰੁੱਧ ਆਮ ਤੌਰ 'ਤੇ ਡਟਦੀਆਂ ਹੀ ਰਹਿੰਦੀਆਂ ਹਨ। ਪਰ ਇਹਨਾਂ ਸਾਕਿਆਂ ਦੇ ਵਰ੍ਹੇ-ਗੰਢਾਂ ਦੇ ਦਿਨੀਂ ਆਮ ਨਾਲੋਂ ਵੱਖਰਾ ਇੱਕ ਖਾਸ ਮਾਹੌਲ ਬਣਦਾ ਹੈ। ਇਹਨੀਂ ਦਿਨੀਂ ਸਭ ਸਿਆਸੀ ਧਿਰਾਂ ਇਸ ਮਾਹੌਲ ਦਾ ਫਾਇਦਾ ਉਠਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਆਮ ਸਿੱਖ ਭਾਈਚਾਰੇ ਦੇ ਅੰਦਰ ਖਾਸ ਕਰਕੇ ਇਹਨਾਂ ਫਿਰਕੂ ਸਾਕਿਆਂ ਦੇ ਪੀੜਤ ਲੋਕਾਂ ਅੰਦਰ ਸੰਵੇਦਨਸ਼ੀਲ ਤੇ ਜਜ਼ਬਾਤੀ ਮਾਹੌਲ ਬਣਿਆ ਹੁੰਦਾ ਹੈ। ਉਹ ਖਾਸ ਤੌਰ 'ਤੇ ਨੋਟ ਕਰਦੇ ਹਨ ਉਹਨਾਂ ਨਾਲ ਸਬੰਧਤ ਖ਼ੂਨੀ ਸਾਕੇ ਬਾਰੇ ਕੌਣ ਬੋਲ ਰਿਹਾ ਹੈ, ਕੌਣ ਚੁੱਪ ਹੈ, ਅਤੇ ਬੋਲਣ ਵਾਲਿਆਂ ਵਿੱਚੋਂ ਕੌਣ ਕੀ ਕਹਿ ਰਿਹਾ ਹੈ। 
ਇਹ ਗੱਲ ਇਨਕਲਾਬੀ ਧਿਰਾਂ ਦੇ ਵਿਚਾਰਨ ਵਾਲੀ ਹੈ ਕਿ ਇਹਨੀਂ ਦਿਨੀਂ ਇਹਨਾਂ ਵੱਡੇ ਸਾਕਿਆਂ (1984 ਦਾ ਸਿੱਖ ਕਤਲੇਆਮ, ਉਪਰੇਸ਼ਨ ਬਲਿਊ ਸਟਾਰ, ਪੰਜਾਬ ਵਿੱਚ ਹਿੰਦੂ ਧਰਮੀਆਂ ਅਤੇ ਹੋਰਨਾਂ 'ਤੇ ਹਮਲਿਆਂ ਦਾ ਵੱਡਾ ਗੇੜ, ਬਾਬਰੀ ਮਸਜਿਦ ਦੀ ਤਬਾਹੀ, ਗੁਜਰਾਤ ਦੰਗੇ) ਬਾਰੇ ਆਪਣੇ ਵਿਤ ਮੁਤਾਬਕ, ਆਮ ਨਾਲੋਂ ਵਧਵੇਂ ਪਰਾਪੇਗੰਡਾ ਅਤੇ ਐਜੀਟੇਸ਼ਨ ਕਰਦੀਆਂ ਆ ਰਹੀਆਂ ਹਨ ਜਾਂ ਨਹੀਂ। ਸਾਡੇ ਸਮਾਜ ਵਿੱਚ ਇਹ ਰਿਵਾਜ਼ ਹੈ ਕਿ ਕਈ ਪਰਿਵਾਰ ਆਪਣੇ ਗੁਜ਼ਰ ਗਏ ਪਰਿਵਾਰ-ਮੈਂਬਰਾਂ ਦੀ ਯਾਦ ਵਿੱਚ ਹਰ ਸਾਲ ਉਹਨਾਂ ਦੀ ਮੌਤ ਦੇ ਦਿਨ ਧਾਰਮਿਕ ਪਾਠ ਕਰਵਾਉਂਦੇ ਹਨ। ਸੋਗ-ਗ੍ਰਸਤ ਪਰਿਵਾਰਾਂ ਦੇ ਹਮਦਰਦਾਂ ਵਾਸਤੇ ਇਸ ਪਾਠ ਵਿੱਚ ਹਾਜ਼ਰੀ ਭਰਨੀ ਲਾਜ਼ਮੀ ਹੁੰਦੀ ਹੈ, ਇਹ ਦਰਸਾਉਣ ਲਈ ਕਿ ਇਸ ਦੁਖਦਾਈ ਘਟਨਾ ਦਾ ਦਰਦ ਮਹਿਸੂਸ ਕਰਨ ਵਿੱਚ ਤੁਸੀਂ ਇਕੱਲੇ ਨਹੀਂ ਹੋ, ਅਸੀਂ ਤੁਹਾਡੇ ਅੰਗ-ਸੰਗ ਹਾਂ। 
ਇਨਕਲਾਬੀ ਧਿਰਾਂ ਲਈ ਇਹ ਵਿਚਾਰਨ ਵਾਲੀ ਗੱਲ ਹੈ ਕਿ ਵੱਡੇ ਫਿਰਕੂ ਸਾਕਿਆਂ ਦੇ ਵਰ੍ਹੇ ਗੰਢ ਵਾਲੇ ਦਿਨੀਂ, ਇਹਨਾਂ ਸਾਕਿਆਂ ਬਾਰੇ ਆਮ ਲੋਕਾਂ ਵਿੱਚ ਕੀਤੇ ਜਾਣ ਵਾਲੇ ਪਰਾਪੇਗੰਡੇ ਤੇ ਐਜੀਟੇਸ਼ਨ ਦੇ ਸਭ ਤੋਂ ਅਹਿਮ  ਅੰਗ ਵਜੋਂ, ਇਹਨਾਂ ਸਾਕਿਆਂ ਦੇ ਪੀੜਤਾਂ ਵੱਲ, ਆਪਣੇ ਵਿਤ ਮੁਤਾਬਕ ਉਹਨਾਂ ਕੋਲ ਜਾ ਕੇ ਉਹਨਾਂ ਦਾ ਦਰਦ ਵੰਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਵਿੱਚ ਆ ਕੇ ਵਸੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਇਕੱਲੇ ਲੁਧਿਆਣੇ ਵਿੱਚ ਹੀ ਇਹ ਗਿਣਤੀ ਕਈ ਹਜ਼ਾਰ ਦੱਸੀ ਜਾਂਦੀ ਹੈ। ਸਾਨੂੰ ਇਹ ਕਿੰਨਾ ਕੁ ਚੇਤਾ ਆਉਂਦਾ ਹੈ ਕਿ ਆਪਣੇ ਵਿਤ ਮੁਤਾਬਕ ਉਹਨਾਂ ਕੋਲ ਜਾ ਕੇ ਆਪਣੇ ਹੱਥ-ਪਰਚੇ ਵੰਡਣ, ਮੀਟਿੰਗਾਂ/ਰੈਲੀਆਂ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। 
ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਣ ਵਾਲਾ ਸਮਾਗਮ ਗ਼ਦਰ ਲਹਿਰ ਦੇ ਯਾਦਗਾਰੀ ਦਿਨ ਵਜੋਂ ਜਥੇਬੰਦ ਕੀਤਾ ਗਿਆ। ਸਬੱਬ ਨਾਲ ਇਸ ਸਮਾਗਮ ਦੀਆਂ ਤਰੀਕਾਂ, ਸਿੱਖ ਕਤਲੇਆਮ ਦੇ ਵਰ੍ਹੇ-ਗੰਢ ਦੀਆਂ ਤਾਰੀਕਾਂ ਨਾਲ ਐਨ ਮੇਲ ਖਾਂਦੀਆਂ ਹਨ। ਗ਼ਦਰ ਲਹਿਰ ਦਾ ਇੱਕ ਮਹੱਤਵਪੂਰਨ ਪੱਖ ਇਸਦਾ ਧਰਮ-ਨਿਰਪੱਖ ਹੋਣਾ ਹੈ। ਹਿੰਦੂ, ਸਿੱਖ, ਇਸਲਾਮ ਧਰਮਾਂ ਨਾਲ ਸਬੰਧਤ ਗ਼ਦਰੀਆਂ ਨੇ ਆਪਣੇ ਧਾਰਮਿਕ ਅਕੀਦਿਆਂ ਨੂੰ ਆਪੋ ਆਪਣਾ ਨਿੱਜੀ ਮਸਲਾ ਸਮਝ ਕੇ, ਆਪਣੇ ਧਾਰਮਿਕ ਵਖਰੇਵਿਆਂ ਨੂੰ ਇੱਕ ਪਾਸੇ ਰੱਖ ਕੇ, ਆਪਸ ਵਿੱਚ ਜ਼ਿੰਦਗੀ-ਮੌਤ ਦੀ ਸਾਂਝ ਪਾਈ। ਇਹ ਗੱਲ ਧਰਮ-ਨਿਰਪੱਖਤਾ ਦਾ ਇੱਕ ਬਹੁਤ ਵੱਡਾ ਸਬੂਤ ਸੀ। ਦੇਸ਼ ਭਗਤ ਸਮਾਗਮ ਨੂੰ ਜਥੇਬੰਦ ਕਰਨ ਵਾਲੀਆਂ ਸਾਰੀਆਂ ਧਿਰਾਂ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕ ਫਿਰਕਾਪ੍ਰਸਤੀ ਦੇ ਵਿਰੋਧੀਆਂ ਵਜੋਂ ਜਾਣੇ ਜਾਂਦੇ ਹਨ। ਇਹ ਸੋਚਣ ਦਾ ਮਾਮਲਾ ਹੈ ਕਿ ਗ਼ਦਰ ਲਹਿਰ ਦੇ ਧਰਮ-ਨਿਰਪੱਖਤਾ ਵਾਲੇ ਵਿਰਸੇ ਨੂੰ ਖਾਸ ਤੌਰ 'ਤੇ ਉਭਾਰਨ,  ਸਿੱਖ ਕਤਲੇਆਮ ਦੇ ਪੀੜਤਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਅਤੇ ਇਸ ਕਤਲੇਆਮ ਦੇ ਦੋਸ਼ੀਆਂ ਉੱਤੇ ਭਰਵਾਂ ਹਮਲਾ ਕਰਨ ਵਾਸਤੇ ਕੀ ਕੋਸ਼ਿਸ਼ਾਂ ਕੀਤੀਆਂ ਗਈਆਂ। 
ਬਾਬਰੀ ਮਸਜਿਦ ਦੇ ਢਾਹੁਣ ਦੀ ਵਰ੍ਹੇ-ਗੰਢ ਦਾ ਦਿਨ ਆਉਂਦਾ ਹੈ, ਬੇਸ਼ੁਮਾਰ, ਧੱਕੇ-ਵਿਤਕਰਿਆਂ ਤੇ ਜ਼ੁਲਮਾਂ ਨਾਲ ਹੋਏ ਮੁਸਲਮਾਨ ਭਾਈਚਾਰੇ ਦੇ ਜ਼ਖਮ ਹਰੇ ਹੁੰਦੇ ਹਨ। ਹਾਕਮ ਜਮਾਤੀ ਤਾਕਤਾਂ ਖਾਸ ਕਰਕੇ ਸਿੱਖ ਅਤੇ ਮੁਸਲਿਮ ਫਿਰਕੂ ਜਥੇਬੰਦੀਆਂ ਇਸ ਮੌਕੇ ਨੂੰ ਆਪਣੇ ਲੋਕ-ਵਿਰੋਧੀ ਹਿੱਤਾਂ ਖਾਤਰ ਵਰਤਣ ਲਈ ਤਾਣ ਲਾਉਂਦੀਆਂ ਹਨ। ਇਨਕਲਾਬੀ ਧਿਰਾਂ ਦਾ ਇਹ ਇੱਕ ਜ਼ਰੂਰੀ ਕਾਰਜ ਬਣਦਾ ਹੈ ਕਿ ਇਸ ਦਿਨ ਉਹ ਮੁਸਲਿਮ ਘੱਟ ਗਿਣਤੀ ਵਿਰੁੱਧ ਹੋਣ ਵਾਲੇ ਧੱਕੇ-ਵਿਤਕਰੇ ਖਿਲਾਫ ਆਮ ਲੋਕਾਂ ਵਿੱਚ, ਆਪਣੇ ਵਿਤ ਮੁਤਾਬਕ ਕੀਤੇ ਜਾਣ ਵਾਲੇ ਪ੍ਰਾਪੇਗੰਡੇ ਤੇ ਐਜੀਟੇਸ਼ਨ ਦੇ ਇੱਕ ਮਹੱਤਵਪੂਰਨ ਅੰਗ ਵਜੋਂ ਹਾਅ ਦਾ ਨਾਅਰਾ ਮਾਰਨ ਲਈ ਪੰਜਾਬ ਵਿੱਚ ਵਸਦੇ ਮੁਸਲਿਮ ਭਾਈਚਾਰੇ ਤੱਕ ਪਹੁੰਚ ਕਰਨ। 
ਮਲੇਰਕੋਟਲੇ ਵਿੱਚ ਮੁਸਲਿਮ ਭਾਈਚਾਰੇ ਦੀ ਬਹੁਗਿਣਤੀ ਹੈ। ਆਲੇ ਦੁਆਲੇ ਦੇ ਕੁੱਝ ਪਿੰਡਾਂ ਵਿੱਚ ਵੀ ਇਹਨਾਂ ਦੀ ਭਾਰੀ ਬਹੁਗਿਣਤੀ ਹੈ। ਅਕਾਲੀ ਦਲ ਅਤੇ ਕਾਂਗਰਸ ਇਸ ਇਲਾਕੇ ਦੇ ਮੁਸਲਮ ਭਾਈਚਾਰੇ ਵਿੱਚ ਆਪਣਾ ਰਸੂਖ ਬਣਾਉਣ ਲਈ ਪੂਰਾ ਤਾਣ ਲਾਉਂਦੇ ਹਨ। ਮਲੇਰਕੋਟਲੇ ਦੇ ਅਸੈਂਬਲੀ ਹਲਕੇ ਤੋਂ ਦੋਹਾਂ ਪਾਰਟੀਆਂ ਦੇ ਉਮੀਦਵਾਰ ਆਮ ਤੌਰ 'ਤੇ ਮੁਸਲਿਮ ਧਰਮ ਨਾਲ ਸਬੰਧਤ ਹੁੰਦੇ ਹਨ। ਬਾਬਰੀ ਮਸਜਿਦ ਢਾਹੁਣ ਦੇ ਵਰ੍ਹੇ-ਗੰਢ ਵਰਗੇ ਮੌਕਿਆਂ ਉੱਤੇ ਵੀ ਜੇ ਇਨਕਲਾਬੀ ਧਿਰਾਂ ਵੱਲੋਂ ਮੁਸਲਿਮ ਭਾਈਚਾਰੇ ਤੱਕ ਪਹੁੰਚ ਨਹੀਂ ਹੁੰਦੀ ਤਾਂ ਇਸਦਾ ਅਰਥ ਹਾਕਮ ਜਮਾਤੀ ਤਾਕਤਾਂ ਵਾਸਤੇ ਇਸ ਭਾਈਚਾਰੇ ਵਿੱਚ ਆਪਣਾ ਰਸੂਖ ਬਣਾਉਣ-ਵਧਾਉਣ ਵਾਸਤੇ ਮੈਦਾਨ ਖੁੱਲ੍ਹਾ ਰਹਿ ਜਾਂਦਾ ਹੈ। 
ਸਿੱਖ ਕਤਲੇਆਮ ਦੇ ਵਰ੍ਹੇ ਗੰਢ ਦੇ ਦਿਨ ਇਸਦੇ ਪੀੜਤਾਂ ਤੱਕ ਪਹੁੰਚ ਕਰਨਾ ਅਤੇ ਇਹਨਾਂ ਦੇ ਦਰ 'ਤੇ ਜਾ ਕੇ ਮਾਰਿਆ ਹਾਅ ਦਾ ਨਾਅਰਾ ਸਿੱਖ ਭਾਈਚਾਰੇ ਨਾਲ ਸਬੰਧ ਆਮ ਲੋਕਾਂ ਤੱਕ ਵੀ ਪਹੁੰਚਦਾ ਹੈ। ਇਸ ਲਈ ਹੋਰਨਾਂ ਕੋਸ਼ਿਸ਼ਾਂ ਤੋਂ ਇਲਾਵਾ ਇਹ ਗੱਲ ਇਹਨਾਂ ਆਮ ਲੋਕਾਂ ਵਿੱਚੋਂ ਆਪਣੀਆਂ ਧਾਰਮਿਕ ਆਜ਼ਾਦੀਆਂ ਲਈ ਚੇਤਨ ਪਰਤਾਂ ਨੂੰ ਫਿਰਕਾਪ੍ਰਸਤ ਅਤੇ ਧਾਰਮਿਕ ਜਨੂੰਨੀ ਤਾਕਤਾਂ ਤੋਂ ਬਚਾਉਣ ਅਤੇ ਧਾਰਮਿਕ ਆਜ਼ਾਦੀ ਦੀਆਂ ਖਰੀਆਂ ਹਮਾਇਤੀ ਜਮਹੂਰੀ ਅਧਿਕਾਰਾਂ ਦੀਆਂ ਜਥੇਬੰਦੀਆਂ ਵਿੱਚ ਸਾਮਲ ਕਰਨ ਲਈ ਵੀ ਜ਼ਰੂਰੀ ਹੈ। 
ਧਰਮ-ਨਿਰਪੇਖਤਾ ਦੀ ਸਿਰਜਣਾ ਬਾਰੇ
ਕਿਸੇ ਥਾਂ ਸ਼ੁਰੂ ਹੋਏ ਫਿਰਕੂ ਫਸਾਦਾਂ ਨੂੰ ਰੋਕਣ ਲਈ, ਇਨਕਲਾਬੀ ਤਾਕਤਾਂ ਨੂੰ ਫਿਰਕੂ ਫਸਾਦਾਂ ਦੀਆਂ ਜੁੰਮੇਵਾਰ ਧਿਰਾਂ ਦਾ ਟਾਕਰਾ ਕਰਨ ਲਈ ਪੂਰਾ ਤਾਣ ਲਾਉਣ ਦੀ ਲੋੜ ਪੈਂਦੀ ਹੈ। ਪਰ, ਕਈ ਵਾਰ ਉਸ ਥਾਂ ਉਸ ਵਕਤ ਫਿਰਕੂ ਫਸਾਦੀ ਤਾਕਤਾਂ ਅਤੇ ਉਹਨਾਂ ਨੂੰ ਸ਼ਹਿ ਤੇ ਹਮਾਇਤ ਦੇਣ ਵਾਲਿਆਂ ਦਾ ਹੱਥ ਉੱਤੋਂ ਦੀ ਹੋ ਚੁੱਕਿਆ ਹੁੰਦਾ ਹੈ। ਕਿਸੇ ਥਾਂ ਫਿਰਕੂ ਫਸਾਦਾਂ ਦਾ ਭੜਕਣਾ ਆਪਣੇ ਆਪ ਵਿੱਚ ਹੀ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਫਿਰਕੂ ਫਸਾਦਾਂ ਤੋਂ ਪਹਿਲਾਂ ਦੀ ਹਾਲਤ ਵਿੱਚ ਫਿਰਕੂ ਜਨੂੰਨੀ ਤਾਕਤਾਂ ਦੇ ਭਾਰੂ ਹੋਣ ਲਈ ਹਾਲਤਾਂ ਸਾਜਗਾਰ ਹਨ, ਕਿ ਇਨਕਲਾਬੀ ਤਾਕਤਾਂ ਅਤੇ ਹੋਰ ਧਰਮ-ਨਿਰਪੱਖ ਜਮਹੂਰੀ ਤਾਕਤਾਂ ਕਮਜ਼ੋਰੀ ਦੀ ਹਾਲਤ ਵਿੱਚ ਵਿਚਰ ਰਹੀਆਂ ਹਨ। ਇਸੇ ਕਰਕੇ ਫਿਰਕੂ ਫਸਾਦਾਂ ਦਾ ਭੜਕਣ ਵੇਲੇ ਉਹਨਾਂ ਨੂੰ ਕਮਜ਼ੋਰੀ ਦੇ ਪੈਂਤੜੇ ਤੋਂ ਹੀ ਲੜਨਾ ਪੈਂਦਾ ਹੈ। ਇੱਥੇ ਇੱਕ ਅਹਿਮ ਸੁਆਲ ਇਹ ਹੈ ਕਿ ਕਿਸੇ ਇਲਾਕੇ ਵਿੱਚ ਅਜਿਹੀ ਹਾਲਤ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ ਜਦੋਂ ਫਿਰਕੂ ਫਸਾਦਾਂ ਦੇ ਭੜਕਣ ਦੀ ਸੰਭਾਵਨਾ ਹੀ ਖਤਮ ਕੀਤਾ ਜਾ ਸਕੇ। 
ਅਸਲ ਵਿੱਚ ਫਿਰਕੂ ਵਿਚਾਰਧਾਰਾ ਫਿਰਕੂ ਸਿਆਸਤ ਅਤੇ ਫਿਰਕੂ ਧਿਰਾਂ ਦੀ ਅਸਲੀਅਤ ਨੂੰ ਆਮ ਲੋਕ ਉਦੋਂ ਹੀ ਪੂਰੀ ਤਰ੍ਹਾਂ ਜਾਣ ਸਕਦੇ ਹਨ ਜਦੋਂ ਉਹ ਆਪਣੀ ਜਿਉਣ-ਹਾਲਤਾਂ ਅਤੇ ਆਪਣੀਆਂ ਕੰਮ ਦੀਆਂ ਹਾਲਤਾਂ ਵਿੱਚ ਤਿੱਖੀਆਂ ਤਬਦੀਲੀਆਂ ਕਰਨ ਨਾਲ ਸਬੰਧਤ ਮੰਗਾਂ ਪੂਰੀਆਂ ਕਰਵਾਉਣ ਲਈ ਆਪਣੀ ਸਿਆਸੀ ਸੋਝੀ ਅਤੇ ਜਥੇਬੰਦ ਤਾਕਤ ਦੇ ਜ਼ੋਰ ਆਪਣੀ ਮਰਜੀ ਪੁਗਾਉਣ ਉੱਤੇ ਉਤਾਰੂ ਹੋਏ ਹੁੰਦੇ ਹਨ। ਦੂਸਰੇ ਸ਼ਬਦਾਂ ਵਿੱਚ ਜਦੋਂ ਉਹ ਜਮਹੂਰੀਅਤ ਦੇ ਅੰਸ਼-ਦਰ-ਅੰਸ਼ ਪੈਦਾ ਕਰਦੇ ਹੋਏ ਤਨੋ-ਮਨੋਂ ਇਸ ਦੀ ਸਿਰਜਣਾ ਵਿੱਚ ਜੁਟੇ ਹੋਏ ਹੁੰਦੇ ਹਨ। ਅਜਿਹੀ ਹਾਲਤ ਵਿੱਚ ਜਦੋਂ ਫਿਰਕੂ ਵਿਚਾਰਧਾਰਾ, ਸਿਆਸਤ ਅਤੇ ਧਿਰਾਂ, ਲੋਕਾਂ ਵਿੱਚ ਧਰਮ ਦੇ ਆਧਾਰ ਉੱਤੇ ਪਾਟਕ ਪਾ ਕੇ, ਲੋਕਾਂ ਦੀ ਇਸ ਲੜਾਈ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕਰਦਿਆਂ ਠੋਸ ਰੂਪ ਵਿੱਚ ਸਾਹਮਣੇ ਆਉਂਦੇ ਹਨ, ਜੇ ਲੋਕਾਂ ਦੀ ਨੀਝ ਬਹੁਤ ਤਿੱਖੇ ਰੂਪ ਵਿੱਚ ਇਹ ਜਾਨਣ ਸਮਝਣ ਵਿੱਚ ਲੱਗੀ ਹੁੰਦੀ ਹੈ ਕਿ ਕੀ ਚੀਜ਼ ਤੇ ਕੌਣ ਉਹਨਾਂ ਦੀ ਲੜਾਈ ਨੂੰ ਸਫਲ ਕਰਨਾ ਲੋਚਦਾ ਹੈ ਅਤੇ ਕੌਣ ਤੇ ਕੀ ਚੀਜ਼ ਉਹਨਾਂ ਦੀ ਲੜਾਈ ਨੂੰ ਲੀਹੋਂ ਲਾਹੁਣ ਦੇ ਮਨਸੂਬੇ ਬਣਾਉਂਦਾ ਹੈ, ਕੋਸ਼ਿਸ਼ਾਂ ਕਰਦਾ ਹੈ ਤਾਂ ਇਸ ਜਮਾਤੀ ਲੜਾਈ ਦੀ ਅਗਵਾਈ ਕਰਨ ਵਾਲੀ ਇਨਕਲਾਬੀ ਲੀਡਰਸ਼ਿੱਪ ਅਮਲੀ ਅਤੇ ਠੋਸ ਸਬੂਤਾਂ ਦੇ ਆਧਾਰ 'ਤੇ ਆਮ ਲੋਕਾਂ ਨੂੰ ਫਿਰਕੂ ਵਿਚਾਰਧਾਰਾ, ਸਿਆਸਤ ਅਤੇ ਧਿਰਾਂ ਦੀ ਲੋਕ-ਦੁਸ਼ਮਣ ਅਸਲੀਅਤ ਨੂੰ ਸਮਝਾਉਣ ਵਿੱਚ ਸਭ ਤੋਂ ਵੱਧ ਸਫਲ ਹੋ ਸਕਦੀ ਹੈ। ਨਤੀਜੇ ਵਜੋਂ ਅਜਿਹੀ ਹਾਲਤ ਵਿੱਚ ਲੋਕ ਇਸ ਵਿਚਾਰਧਾਰਾ, ਸਿਆਸਤ ਤੇ ਧਿਰਾਂ ਨੂੰ ਨਫਰਤ ਨਾਲ ਧਿਰਕਾਰ ਕੇ ਫਿਰਕੂ ਫਸਾਦਾਂ ਦੀ ਸੰਭਾਵਨਾ ਨੂੰ ਖਾਰਜ ਕਰ ਦਿੰਦੇ ਹਨ। 
ਤੱਤ ਵਿੱਚ ਗੱਲ ਇਹ ਹੈ ਕਿ ਖਰੀ ਧਰਮ-ਨਿਰਪੱਖਤਾ, ਖਰੀ ਜਮਹੂਰੀਅਤ ਦਾ ਇੱਕ ਅਟੁੱਟ ਅੰਗ ਹੈ। ਖਰੀ ਜਮਹੂਰੀਅਤ ਦੀ ਉਸਾਰੀ ਦੇ ਇੱਕ ਮਹੱਤਵਪੂਰਨ ਅੰਗ ਵਜੋਂ ਜਮਾਤੀ ਘੋਲਾਂ ਨੂੰ ਤੇਜ਼ ਕਰਕੇ ਥਾਂ-ਪੁਰ-ਥਾਂ ਜੜ੍ਹ-ਪੱਧਰ ਉੱਤੇ ਖਰੀ ਧਰਮ-ਨਿਰਪੱਖਤਾ ਲਈ ਸਿਰਜਣਾ ਕਰਨੀ ਪੈਣੀ ਹੈ। ਇਨਕਲਾਬੀ ਧਿਰਾਂ ਵੱਲੋਂ ਆਮ ਹਾਲਤਾਂ ਵਿੱਚ ਵੀ ਫਿਰਕੂ ਵਿਚਾਰਧਾਰਾ, ਸਿਆਸਤ ਅਤੇ ਧਿਰਾਂ ਦੇ ਖਿਲਾਫ ਪ੍ਰਚਾਰ, ਲਾਮਬੰਦੀ ਅਤੇ ਘੋਲ ਜ਼ਰੂਰੀ ਹੈ। ਕਿਉਂਕਿ ਇਹ ਇਨਕਲਾਬੀ ਜਨਤਕ ਲਹਿਰ ਨੂੰ, ਤਿੱਖੇ ਇਨਕਲਾਬੀ ਘੋਲ ਜਥੇਬੰਦ ਕਰਨ ਦੇ ਮੁਕਾਮ ਉੱਤੇ ਲਿਜਾਣ ਵਿੱਚ ਸਹਾਈ ਹੁੰਦਾ ਹੈ। ਪਰ ਫਿਰਕੂ ਵਿਚਾਰਧਾਰਾ, ਸਿਆਸਤ ਅਤੇ ਧਿਰਾਂ ਦਾ ਅਸਰਦਾਰ ਟਾਕਰਾ ਕਰਨ ਲਈ, ਫਿਰਕੂ ਫਸਾਦਾਂ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਨ ਲਈ ਕਾਫੀ ਨਹੀਂ ਹੈ। ਇਹਨਾਂ ਦਾ ਅਸਰਦਾਰ ਟਾਕਰਾ ਖਰੀ ਜਮਹੂਰੀਅਤ ਦੇ ਅੰਗ ਵਜੋਂ ਧਰਮ-ਨਿਰਪੱਖਤਾ ਦੀ ਸਿਰਜਣਾ ਕਰਨ ਵਾਲੇ ਤਿੱਖੇ ਜਮਾਤੀ ਘੋਲਾਂ ਨਾਲ ਹੀ ਕੀਤਾ ਜਾ ਸਕਦਾ ਹੈ।

No comments:

Post a Comment