Sunday, December 7, 2014

ਬਾਲਸ਼ਵਿਕਾਂ ਦੀ ਸਫਲਤਾ ਦੀ ਲਾਜ਼ਮੀ ਸ਼ਰਤ


ਬਾਲਸ਼ਵਿਕਾਂ ਦੀ ਸਫਲਤਾ ਦੀ ਲਾਜ਼ਮੀ ਸ਼ਰਤ
ਮੈਨੂੰ ਲੱਗਦੈ, ਹੁਣ ਇਹ ਗੱਲ ਲੱਗਭੱਗ ਸਰਬ-ਵਿਆਪਕ ਪੱਧਰ 'ਤੇ ਪ੍ਰਵਾਨਤ ਹੈ ਕਿ ਅਸੀਂ ਢਾਈ ਵਰ੍ਹੇ ਦੀ ਗੱਲ ਤਾਂ ਕਿਤੇ ਰਹੀ, ਢਾਈ ਮਹੀਨੇ ਵੀ ਸੱਤਾ ਕਾਇਮ ਨਹੀਂ ਸੀ ਰੱਖ ਸਕਦੇ, ਜੇ ਸਾਡੀ ਪਾਰਟੀ ਦਾ ਪੂਰਾ ਸਖਤ ਤੇ ਸਹੀ ਅਰਥਾਂ ਵਿੱਚ ਫੌਲਾਦੀ ਜਬਤ ਨਾ ਹੁੰਦਾ, ਜਾਂ ਇਸ ਨੂੰ ਮਜ਼ਦੂਰ ਜਮਾਤ ਦੀ ਸਮੱਚੀ ਜਨਤਾ ਦੀ ਪੂਰੀ ਪੁਰੀ ਤੇ ਰਖ-ਰਖਾਅ ਰਹਿਤ ਹਮਾਇਤ ਨਾ ਹੁੰਦੀ, ਯਾਨੀ ਕਿ, ਜੇ ਇਸਦੇ ਸਾਰੇ ਵਿਚਾਰਵਾਨ, ਇਮਾਨਦਾਰ, ਸਮਰਪਤ ਤੇ ਬਾਰਸੂਖ ਤੱਤਾਂ ਦੀ ਹਮਾਇਤ ਨਾ ਹੁੰਦੀ ਜਿਹੜੇ ਕਿ ਪਛੜੇ ਹਿੱਸਿਆਂ ਦੀ ਅਗਵਾਈ ਕਰਨ ਜਾਂ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੇ ਯੋਗ ਹਨ। 
ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਮਤਲਬ ਹੈ, ਇੱਕ ਨਵੀਂ ਜਮਾਤ ਵੱਲੋਂ ਇੱਕ ਵੱਧ ਸ਼ਕਤੀਸਾਲੀ ਦੁਸ਼ਮਣ, ਸਰਮਾਏਦਾਰੀ ਵਿਰੁੱਧ ਅਤਿਅੰਤ ਦ੍ਰਿੜ੍ਹ ਤੇ ਬੇਕਿਰਕ ਸੰਘਰਸ਼, ਉਸ ਸਰਮਾਏਦਾਰੀ ਵਿਰੁੱਧ ਜਿਸਦਾ ਵਿਰੋਧ ਉਲਟਾਏ ਜਾਣ ਸਦਕਾ (ਭਾਵੇਂ ਇੱਕ ਮੁਲਕ ਵਿੱਚ ਹੀ ਹੋਵੇ) ਦਸ ਗੁਣਾ ਵਧ ਜਾਂਦਾ ਹੈ, ਅਤੇ ਜਿਸਦੀ ਸ਼ਕਤੀ ਨਾ-ਸਿਰਫ ਕੌਮਾਂਤਰੀ ਸਰਮਾਏ ਦੀ ਤਾਕਤ ਵਿੱਚ, ਇਸਦੇ ਕੌਮਾਂਤਰੀ ਸਬੰਧਾਂ ਦੀ ਤਾਕਤ ਤੇ ਪਾਏਦਾਰੀ ਵਿੱਚ ਪਈ ਹੁੰਦੀ ਹੈ, ਸਗੋਂ ਆਦਤ ਦੀ ਮਜਬੂਰੀ ਤੇ ਛੋਟੇ ਪੱਧਰ ਦੀ ਪੈਦਾਵਾਰ ਦੀ ਤਾਕਤ ਵਿੱਚ ਵੀ ਪਈ ਹੁੰਦੀ ਹੈ। ਮੰਦੇਭਾਗਾਂ ਨੂੰ ਛੋਟੇ ਪੱਧਰ ਦੀ ਪੈਦਾਵਾਰ ਅਜੇ ਸੰਸਾਰ ਅੰਦਰ ਵਿਆਪਕ ਹੈ, ਅਤੇ ਛੋਟੇ ਪੱਧਰ ਦੀ ਇਹ ਪੈਦਾਵਾਰ ਪੂੰਜੀਵਾਦ ਨੂੰ ਤੇ ਸਰਮਾਏਦਾਰੀ ਨੂੰ ਲਗਾਤਾਰ, ਰੋਜ਼-ਰੋਜ਼, ਹਰ ਪਲ, ਆਪਮੁਹਾਰੇ ਤੇ ਵੱਡੀ ਪੱਧਰ 'ਤੇ ਪੈਦਾ ਕਰਦੀ ਰਹਿੰਦੀ ਹੈ। ਇਹ ਸਾਰੇ ਕਾਰਨ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਜ਼ਰੂਰੀ ਬਣਾਉਂਦੇ ਹਨ ਅਤੇ ਸਰਮਾਏਦਾਰੀ 'ਤੇ ਜਿੱਤ ਅਜਿਹੀ ਲੰਮੀ, ਸਿਰੜੀ ਅਤੇ ਸਿਰਲੱਥ ਜ਼ਿੰਦਗੀ-ਮੌਤ ਦੇ ਸੰਘਰਸ਼ ਤੋਂ ਬਿਨਾ ਸੰਭਵ ਨਹੀਂ, ਜਿਹੜਾ ਕਿ ਸਿਰੜੀ, ਜਬਤਬੱਧ, ਇੱਕ-ਮਨ ਅਤੇ ਅਡੋਲ ਇਰਾਦੇ ਦੀ ਮੰਗ ਕਰਦਾ ਹੈ। ਮੈਂ ਇੱਕ ਵਾਰ ਫੇਰ ਕਹਿੰਦਾ ਹਾਂ, ਰੂਸ ਵਿੱਚ ਪਰੋਲੇਤਾਰੀ ਦੀ ਜੇਤੂ ਤਾਨਾਸ਼ਾਹੀ ਦੇ ਤਜਰਬੇ ਨੇ ਉਹਨਾਂ ਨੂੰ ਵੀ ਇਹ ਸਪਸ਼ਟ ਦਿਖਾ ਦਿੱਤਾ ਹੈ, ਜਿਹੜੇ ਕਿ ਸੋਚਣ ਤੋਂ ਆਹਰੀ ਹਨ, ਜਾਂ ਜਿਹਨਾਂ ਨੂੰ ਇਸ ਮਸਲੇ 'ਤੇ ਸੋਚਣ ਦਾ ਮੌਕਾ ਨਹੀਂ ਮਿਲਿਆ, ਕਿ ਮੁਕੰਮਲ ਕੇਂਦਰੀਕਰਨ ਅਤੇ ਪ੍ਰੋਲੇਤਾਰੀ ਦਾ ਸਖਤ ਜਾਨ ਜਾਬਤਾ ਸਰਮਾਏਦਾਰੀ ਉੱਤੇ ਜਿੱਤ ਦੀ ਲਾਜ਼ਮੀ ਸ਼ਰਤ ਹਨ। 
ਇਹਦੇ ਬਾਰੇ ਅਕਸਰ ਗੱਲ ਚੱਲਦੀ ਰਹਿੰਦੀ ਹੈ, ਤਾਂ ਵੀ ਇਸ ਗੱਲ ਨੂੰ ਮੋਟੇ ਤੌਰ 'ਤੇ ਲੋੜੀਂਦਾ ਵਿਚਾਰ ਵੀ ਨਹੀਂ ਦਿੱਤਾ ਜਾਂਦਾ ਕਿ ਇਸਦਾ ਮਤਲਬ ਕੀ ਬਣਿਆ ਤੇ ਇਹ ਕਿਹੜੀਆਂ ਹਾਲਤਾਂ ਵਿੱਚ ਸੰਭਵ ਹੋਇਆ। ਕੀ ਇਹ ਚੰਗਾ ਨਾ ਹੁੰਦਾ ਕਿ ਸੋਵੀਅਤਾਂ ਤੇ ਬਾਲਸ਼ਵਿਕਾਂ ਨੂੰ ਸਲਾਮ ਕਰਨ ਦੇ ਨਾਲੋ ਨਾਲ ਬਹੁਤ ਵਾਰੀ ਇਸੇ ਗੱਲ ਦੇ ਕਾਰਨਾਂ ਦਾ ਵੀ ਡੂੰਘਾ ਵਿਸ਼ਲੇਸ਼ਣ ਕੀਤਾ ਗਿਆ ਹੁੰਦਾ ਕਿ ਬਾਲਸ਼ਵਿਕ ਅਜਿਹਾ ਜਬਤ ਪੈਦਾ ਕਰਨ ਵਿੱਚ ਕਿਵੇਂ ਕਾਮਯਾਬ ਹੋਏ ਜਿਸਦੀ ਇਨਕਲਾਬੀ ਪ੍ਰੋਲੇਤਾਰੀ ਨੂੰ ਲੋੜ ਹੈ। ਇੱਕ ਚਲੰਤ ਸਿਆਸੀ ਵਿਚਾਰ ਦੇ ਤੌਰ 'ਤੇ ਅਤੇ ਇੱਕ ਸਿਆਸੀ ਪਾਰਟੀ ਦੇ ਤੌਰ 'ਤੇ ਬਾਲਸ਼ਵਿਕਵਾਦ 1903 ਤੋਂ ਵਿਚਰ ਰਿਹਾ ਹੈ, ਇਸ ਦੀ ਹੋਂਦ ਦੇ ਸਮੁੱਚੇ ਅਰਸੇ ਦੌਰਾਨ ਬਾਲਸ਼ਵਿਕਵਾਦ ਦਾ ਇਤਿਹਾਸ ਹੀ ਇਹ ਤਸੱਲੀਬਖਸ਼ ਢੰਗ ਨਾਲ ਸਪਸ਼ਟ ਕਰ ਦਿੰਦਾ ਹੈ ਕਿ ਅਤਿ ਔਖੀਆਂ ਹਾਲਤਾਂ ਅੰਦਰ ਇਹ ਪਰੋਲੇਤਾਰੀ ਦੀ ਜਿੱਤ ਲਈ ਲੋੜੀਂਦੇ ਫੌਲਾਦੀ ਜਬਤ ਨੂੰ ਉਸਾਰਨ ਤੇ ਕਾਇਮ ਰੱਖਣ ਵਿੱਚ ਕਿਵੇਂ ਕਾਮਯਾਬ ਹੋਇਆ। 
ਸਭ ਤੋਂ ਪਹਿਲਾਂ ਇਹ ਸੁਆਲ ਉੱਠਦੇ ਹਨ: ਪਰੋਲੇਤਾਰੀ ਦੀ ਇਨਕਲਾਬੀ ਪਾਰਟੀ ਵਿੱਚ ਜਬਤ ਕਿਵੇਂ ਕਾਇਮ ਰੱਖਿਆ ਜਾਂਦਾ ਹੈ? ਕਿਵੇਂ ਪਰਖਿਆ ਜਾਂਦਾ ਹੈ? ਤੇ ਕਿਵੇਂ ਵਧੇਰੇ ਮਜਬੂਤ ਬਣਾਇਆ ਜਾਂਦਾ ਹੈ? ਪਹਿਲੇ ਨੰਬਰ 'ਤੇ, ਪਰੋਲੇਤਾਰੀ ਹਰਾਵਲ ਦਸਤੇ ਦੀ ਜਮਾਤੀ ਚੇਤਨਾ ਰਾਹੀਂ ਅਤੇ ਇਨਕਲਾਬ ਲਈ ਇਸਦੇ ਸਮਰਪਣ, ਇਸਦੇ ਸਿਰੜ, ਕੁਰਬਾਨੀ ਭਾਵਨਾ ਤੇ ਸੂਰਮਗਤੀ ਰਾਹੀਂ। 
ਦੂਜੇ ਨੰਬਰ 'ਤੇ, ਇਸਦੀ ਮਿਹਨਤਕਸ਼ ਲੋਕਾਂ ਦੇ ਵਿਸ਼ਾਲ ਹਿੱਸਿਆਂ ਨਾਲ, ਮੁੱਖ ਤੌਰ 'ਤੇ ਪ੍ਰੋਲੇਤਾਰੀ ਨਾਲ, ਪ੍ਰੰਤੂ ਮਿਹਨਤਕਸ਼ ਲੋਕਾਂ ਦੇ ਗੈਰ ਪ੍ਰੋਲੇਤਾਰੀ ਹਿੱਸਿਆਂ ਨਾਲ ਵੀ ਇਸਦੀ ਜੁੜਨ ਦੀ, ਉਹਨਾਂ ਨਾਲ ਨੇੜਲੇ ਸਬੰਧ ਬਣਾਈ ਰੱਖਣ ਦੀ ਜਾਂ ਕਹਿ ਲਓ ਕਿ ਇੱਕ ਹੱਦ ਤੱਕ ਉਹਨਾਂ ਨਾਲ ਇੱਕਮਿੱਕ ਹੋ ਜਾਣ ਦੀ ਇਸਦੀ ਸਮਰੱਥਾ ਸਦਕਾ। ਤੀਜੇ ਨੰਬਰ 'ਤੇ, ਇਸਦੇ ਹਰਾਵਲ ਦਸਤੇ ਵੱਲੋਂ ਅਮਲ ਵਿੱਚ ਲਾਗੂ ਕੀਤੀ ਗਈ ਸਿਆਸੀ ਅਗਵਾਈ ਦੀ ਦਰੁਸਤੀ ਕਰਕੇ, ਇਸਦੀ ਸਿਆਸੀ ਯੁੱਧਨੀਤੀ ਤੇ ਦਾਅਪੇਚਾਂ ਦੀ ਦਰੁਸਤੀ ਕਰਕੇ- ਬਸ਼ਰਤੇ ਕਿ ਵਿਸ਼ਾਲ ਜਨਤਾ ਨੇ ਆਪਣੇ ਤਜਰਬੇ 'ਚੋਂ ਇਹ ਦੇਖ ਲਿਆ ਹੋਵੇ ਕਿ ਇਹ ਠੀਕ ਹਨ। ਇਹਨਾਂ ਸ਼ਰਤਾਂ ਤੋਂ ਬਗੈਰ, ਉਸ ਇਨਕਲਾਬੀ ਪਾਰਟੀ ਵਿੱਚ ਜਬਤ ਪੈਦਾ ਨਹੀਂ ਕੀਤਾ ਜਾ ਸਕਦਾ ਜਿਹੜੀ ਸਹੀ ਅਰਥਾਂ ਵਿੱਚ ਕਿਸੇ ਅਗਾਂਹ-ਵਧੂ ਜਮਾਤ ਦੀ ਪਾਰਟੀ ਹੋਣ ਦੇ ਯੋਗ ਹੋਵੇ, ਜਿਸਦਾ ਮਿਸ਼ਨ ਸਰਮਾਏਦਾਰੀ ਨੂੰ ਉਲਟਾਉਣਾ ਅਤੇ ਸਮੁੱਚੇ ਸਮਾਜ ਦੀ ਕਾਇਪਲਟੀ ਕਰਨਾ ਹੋਵੇ। ਇਹਨਾਂ ਸ਼ਰਤਾਂ ਤੋਂ ਬਿਨਾ ਜਬਤ ਸਥਾਪਤ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਮੂੰਹ-ਭਾਰ ਡਿੱਗਣਾ ਅਤੇ ਥੋਥੀ ਲਫਾਜ਼ੀ ਅਤੇ ਜੋਕਰਪੁਣਾ ਬਣ ਕੇ ਰਹਿ ਜਾਣਾ ਅਟੱਲ ਹੁੰਦਾ ਹੈ। ਦੂਜੇ ਪਾਸੇ ਇਹ ਸ਼ਰਤਾਂ ਇੱਕਦਮ ਪੈਦਾ ਨਹੀਂ ਹੋ ਜਾਂਦੀਆਂ। 
ਇਹ ਲੰਮੇ ਯਤਨ ਤੇ ਘਾਲਣਾ ਭਰੇ ਤਜਰਬੇ ਰਾਹੀਂ ਪੈਦਾ ਹੁੰਦੀਆਂ ਹਨ। ਇਹਨਾਂ ਦੀ ਸਿਰਜਣਾ ਵਿੱਚ ਦਰੁਸਤ ਇਨਕਲਾਬੀ ਸਿਧਾਂਤ ਸਹਾਈ ਹੁੰਦਾ ਹੈ, ਜਿਹੜਾ ਖੁਦ ਵੀ ਕੋਈ ਕੱਟੜ ਮੱਤ ਨਹੀਂ ਹੁੰਦਾ, ਸਗੋਂ ਸਹੀ ਅਰਥਾਂ ਵਿੱਚ ਜਨਤਕ ਤੇ ਸਹੀ ਅਰਥਾਂ ਵਿੱਚ ਇਨਕਲਾਬੀ ਲਹਿਰ ਦੀ ਅਮਲੀ ਸਰਗਰਮੀ ਨਾਲ ਨੇੜਲੇ ਸਬੰਧਾਂ ਰਾਹੀਂ ਹੀ ਅੰਤਮ ਸ਼ਕਲ ਧਾਰਨ ਕਰਦਾ ਹੈ। ਇਹ ਤੱਥ ਕਿ 1917-1920 ਵਿੱਚ ਬਾਲਸ਼ਵਿਕਵਾਦ ਬੇਮਿਸਾਲ ਮੁਸ਼ਕਲ ਹਾਲਤਾਂ ਵਿੱਚ ਅਤਿਅੰਤ ਸਖਤ ਕੇਂਦਰੀਕਰਨ ਤੇ ਫੌਲਾਦੀ ਜਬਤ ਹਾਸਲ ਕਰ ਸਕਿਆ ਤੇ ਕਾਇਮ ਰੱਖ ਸਕਿਆ ਹੈ ਤਾਂ ਇਹ ਸਿਰਫ ਰੂਸ ਦੀਆਂ ਕੁੱਝ ਇਤਿਹਾਸਕ ਵਿਸ਼ੇਸ਼ਤਾਈਆਂ ਕਰਕੇ ਹੀ ਹੋ ਸਕਿਆ ਹੈ। 
ਇੱਕ ਪਾਸੇ ਬਾਲਸ਼ਵਿਕਵਾਦ 1903 ਵਿੱਚ ਮਾਰਕਸਵਾਦੀ ਸਿਧਾਂਤ ਦੀ ਅਤਿਅੰਤ ਮਜਬੂਤ ਨੀਂਹ 'ਤੇ ਉੱਸਰਿਆ। ਇਸ ਇਨਕਲਾਬੀ ਸਿਧਾਂਤ ਦਾ ਦਰੁਸਤ ਹੋਣਾ ਅਤੇ ਸਿਰਫ ਇਸਦਾ ਹੀ ਦਰੁਸਤ ਹੋਣਾ, ਇਹ ਸਮੁੱਚੀ 19ਵੀਂ ਸਦੀ ਦੇ ਸੰਸਾਰ ਭਰ ਦੇ ਤਜਰਬੇ ਨੇ ਹੀ ਸਾਬਤ ਨਹੀਂ ਕੀਤਾ, ਪ੍ਰੰਤੂ ਖਾਸ ਕਰਕੇ ਰੂਸ ਅੰਦਰ ਇਨਕਲਾਬੀ ਵਿਚਾਰ ਦੀਆਂ ਖੋਜਾਂ ਤੇ ਥਿੜਕਣਾਂ, ਗਲਤੀਆਂ ਤੇ ਮਾਯੂਸੀਆਂ ਦੇ ਤਜਰਬੇ ਨੇ ਵੀ ਸਾਬਤ ਕੀਤਾ ਹੈ। ਲੱਗਭੱਗ ਅੱਧੀ ਸਦੀ ਤੋਂ ਲੈ ਕੇ- ਮੋਟੇ ਤੌਰ 'ਤੇ ਪਿਛਲੀ ਸਦੀ ਦੇ 40ਵਿਆਂ ਤੋਂ 90ਵਿਆਂ ਤੱਕ ਸਭ ਤੋਂ ਵਹਿਸ਼ੀ ਅਤੇ ਪਿਛਾਖੜੀ ਜ਼ਾਰਸ਼ਾਹੀ ਵੱਲੋਂ ਕੁਚਲੇ ਜਾ ਰਹੇ ਰੂਸ ਅੰਦਰ ਦੁਰਸਤ ਇਨਕਲਾਬੀ ਸਿਧਾਂਤ ਵਜੋਂ ਅਗਾਂਹਵਧੂ ਵਿਚਾਰ ਨੂੰ ਉਤਸੁਕਤਾ ਨਾਲ ਲੱਭਿਆ ਜਾ ਰਿਹਾ ਸੀ ਅਤੇ ਜਿਸ ਲਈ ਯੂਰਪ ਤੇ ਅਮਰੀਕਾ ਅੰਦਰ ਇਸ ਖੇਤਰ ਵਿਚਲੀ ਹਰੇਕ ''ਨਵੀਨਤਮ ਲੱਭਤ'' ਨੂੰ ਪੂਰੀ ਮਿਹਨਤ ਨਾਲ ਤੇ ਧੁਰ ਤੱਕ ਵਾਚਿਆ ਜਾਂਦਾ ਸੀ। ਰੂਸ ਨੇ ਅੱਧੀ ਸਦੀ ਦੇ ਬੇਮਿਸਾਲ ਤਸੀਰੇ ਤੇ ਕੁਰਬਾਨੀ ਦੇ, ਬੇਮਿਸਾਲ ਇਨਕਲਾਬੀ ਸੂਰਮਗਤੀ, ਬੇਹਿਸਾਬੀ ਸ਼ਕਤੀ, ਸਮਰਪਤ ਖੋਜ, ਅਧਿਐਨ, ਅਮਲੀ ਪਰਖ, ਮਾਯੂਸੀ, ਪੁਸ਼ਟੀ ਅਤੇ ਯੂਰਪੀਨ ਤਜਰਬੇ ਨਾਲ ਮੁਕਾਬਲੇ ਦੇ ਸੰਤਾਪ 'ਚੋਂ ਦੀ ਲੰਘ ਕੇ- ਇੱਕ ਦਰੁਸਤ ਇਨਕਲਾਬੀ ਸਿਧਾਂਤ- ਮਾਰਕਸਵਾਦ ਨੂੰ ਲੱਭਿਆ। ਜ਼ਾਰਸ਼ਾਹੀ ਵੱਲੋਂ ਕੀਤੀ ਸਿਆਸੀ ਜਲਾਵਤਨੀ ਸਦਕਾ ਇਨਕਲਾਬੀ ਰੂਸ ਨੇ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਕੌਮਾਂਤਰੀ ਸਬੰਧਾਂ ਅਤੇ ਸੰਸਾਰ ਇਨਕਲਾਬੀ ਲਹਿਰ ਦੇ ਰੂਪਾਂ ਤੇ ਸਿਧਾਂਤਾਂ ਬਾਰੇ ਸ਼ਾਨਦਾਰ ਜਾਣਕਾਰੀ ਦਾ ਅਜਿਹਾ ਸਰਮਾਇਆ ਹਾਸਲ ਕੀਤਾ, ਜੋ ਕਿ ਹੋਰ ਕਿਸੇ ਮੁਲਕ ਕੋਲ ਨਹੀਂ ਸੀ। 
ਦੂਜੇ ਪਾਸੇ, ਬਾਲਸ਼ਵਿਕਵਾਦ ਜਿਹੜਾ ਸਿਧਾਂਤ ਦੀ ਅਤਿਅੰਤ ਮਜਬੂਤ ਨੀਂਹ 'ਤੇ ਉੱਭਰਿਆ ਸੀ, (1903 ਤੋਂ 1917 ਦੌਰਾਨ) ਅਮਲੀ ਇਤਿਹਾਸ ਦੇ 15 ਸਾਲਾਂ ਵਿੱਚੋਂ ਦੀ ਲੰਘਿਆ, ਜੋ ਕਿ ਬਹੁਮੁੱਲੇ ਤਜਰਬੇ ਦੇ ਪੱਖੋਂ ਦੁਨੀਆਂ ਵਿੱਚ ਲਾ-ਮਿਸਾਲ ਸੀ। ਇਹਨਾਂ 15 ਵਰ੍ਹਿਆਂ ਦੌਰਾਨ ਕਿਸੇ ਹੋਰ ਮੁਲਕ ਕੋਲ ਅਜਿਹਾ ਤਜਰਬਾ ਨਹੀਂ ਸੀ, ਜਿਹੜਾ ਲਹਿਰ ਦੇ ਤੇਜ਼ੀ ਨਾਲ ਬਦਲਦੇ ਰੂਪਾਂ- ਕਾਨੂੰਨੀ ਤੇ ਗੈਰ-ਕਾਨੂੰਨੀ, ਅਮਨ ਭਰਪੂਰ ਤੇ ਤੂਫਾਨੀ, ਗੁਪਤ ਤੇ ਖੁੱਲ੍ਹੇ, ਸਥਾਨਕ ਘੇਰਿਆਂ ਤੇ ਜਨਤਕ ਲਹਿਰਾਂ ਅਤੇ ਪਾਰਲੀਮਾਨੀ ਤੇ ਅੱਤਵਾਦੀ ਰੂਪਾਂ ਵਿਚਲੇ ਤਜਰਬੇ ਦੇ ਨੇੜ-ਤੇੜ ਵੀ ਪਹੁੰਚਿਆ ਹੋਵੇ। ਕਿਸੇ ਹੋਰ ਮੁਲਕ ਵਿੱਚ ਨੇ ਥੋੜ੍ਹੇ ਅਰਸੇ ਵਿੱਚ ਅਧੁਨਿਕ ਸਮਾਜ ਵਿਚਲੀਆਂ ਸਾਰੀਆਂ ਜਮਾਤਾਂ ਦੇ ਸੰਘਰਸ਼ ਦੇ ਰੁਪਾਂ, ਰੰਗਾਂ ਤੇ ਢੰਗਾਂ ਦਾ ਸਰਮਾਇਆ ਇਕੱਤਰ ਨਹੀਂ ਹੋ ਸਕਿਆ, ਸੰਘਰਸ਼ ਜਿਸਨੇ ਕਿ ਮੁਲਕ ਦੇ ਪਛੜੇਪਣ ਕਰਕੇ ਅਤੇ ਜ਼ਾਰਸ਼ਾਹੀ ਗਲਬੇ ਦੀ ਸਖਤਾਈ ਕਰਕੇ ਬੇਮਿਸਾਲ ਤੇਜ਼ੀ ਨਾਲ ਪਰਪੱਕਤਾ ਹਾਸਲ ਕਰ ਲਈ ਅਤੇ ਜਿਸਨੇ ਅਮਰੀਕੀ ਤੈ ਯੂਰਪੀ ਸਿਆਸੀ ਤਜਰਬੇ ਦੀ ਢੁੱਕਵੀਂ ''ਨਵੁਨਤਮ ਲੱਭਤ'' ਨੂੰ ਪੂਰੇ ਉਤਸ਼ਾਹ ਤੇ ਕਾਮਯਾਬੀ ਨਾਲ ਆਪਣੇ ਅੰਦਰ ਸਮੋ ਲਿਆ।
('ਖੱਬੇ-ਪੱਖੀ ਕਮਿਊਨਿਜ਼ਮ, ਇੱਕ ਬਚਪਨੇ ਦਾ ਰੋਗ' 'ਚੋਂ -ਲੈਨਿਨ)

No comments:

Post a Comment