ਹਨੇਰੇ ਦਿਨਾਂ ਦੀ ਆਹਟ
-ਰੋਮਿਲਾ ਥਾਪਰ
ਬੀਤੀ ਲੱਗਭੱਗ ਅੱਧੀ ਸਦੀ ਤੋਂ ਭਾਰਤ ਨੇ ਦੁਨੀਆਂ ਨੂੰ ਬਿਹਤਰੀਨ ਇਤਿਹਾਸਕਾਰ ਦਿੱਤੇ ਹਨ। ਉਹਨਾਂ ਨੇ ਕੌਮੀ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ 'ਤੇ ਵੀ ਪਛਾਣ ਬਣਾਈ ਹੈ। ਇਹਨਾਂ ਇਤਿਹਾਸਕਾਰਾਂ ਦੇ ਹੁੰਦਿਆਂ ਵੀ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਦੇ ਪ੍ਰਧਾਨ ਦੇ ਤੌਰ 'ਤੇ ਵੀ ਸੁਦਰਸ਼ਨ ਰਾਓ ਦੀ ਨਿਯੁਕਤੀ ਹੈਰਾਨ ਕਰਨ ਵਾਲੀ ਹੈ। ਦੂਸਰੇ ਇਤਿਹਾਸਕਾਰਾਂ ਦੀ ਤਰ੍ਹਾਂ ਸੁਦਰਸ਼ਨ ਰਾਓ ਕੋਈ ਜਾਣਿਆ-ਪਛਾਣਿਆ ਨਾਮ ਨਹੀਂ ਹੈ। ਅਜਿਹੀ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਉਹਨਾਂ ਨੇ ਕੋਈ ਖੋਜ ਕੀਤੀ ਹੋਵੇ। ਭਾਰਤੀ ਮਹਾਂ-ਕਾਵਾਂ ਦੀ ਇਤਿਹਾਸਕਤਾ ਨੂੰ ਲੈ ਕੇ ਉਹਨਾਂ ਦੇ ਕੁੱਝ ਲੇਖ ਜ਼ਰੂਰ ਛਪੇ ਹਨ। ਇਹ ਲੇਖ ਉਹਨਾਂ ਰਸਾਲਿਆਂ ਵਿੱਚ ਨਹੀਂ ਹਨ ਜਿਨ੍ਹਾਂ ਵਿੱਚ ਬਹੁਤੇ ਲੇਖ ਦੂਸਰੇ ਇਤਿਹਾਸਕਾਰਾਂ ਦੇ ਮੁਲਾਂਕਣ ਤੋਂ ਬਾਅਦ ਹੀ ਛਪਦੇ ਹਨ। ਇਹ ਮਹੱਤਵਪੂਰਨ ਜਿੰਮੇਵਾਰੀ ਹੁਣ ਰਾਓ ਦੀ ਹੋਵੇਗੀ ਕਿ ਕਿਨ੍ਹਾਂ ਲੇਖਾਂ ਨੂੰ ਅਕਾਦਮਿਕ ਪੱਧਰ ਦੇ ਮੰਨਣਾ ਹੈ।
ਰਾਓ ਬਾਰੇ ਇਹ ਵੀ ਖ਼ਬਰ ਸੁਣਨ ਵਿੱਚ ਆਈ ਹੈ ਕਿ ਉਹ ਇਕੱਠੇ ਕਈ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ। ਇਸ ਲਈ ਉਹਨਾਂ ਨੂੰ ਪਛਾਣ ਦਵਾਉਣ ਵਾਲੀ ਕੋਈ ਵੀ ਖੋਜ ਹੁਣ ਤੱਕ ਸਾਹਮਣੇ ਨਹੀਂ ਆ ਸਕੀ। ਇਹ ਯੋਜਨਾਵਾਂ ਅਧਿਆਤਮ, ਯੋਗ, ਭਾਰਤ ਅਤੇ ਦੱਖਣ-ਪੂਰਬ ਏਸ਼ੀਆ ਵਿੱਚ ਅਧਿਆਤਮਕ ਸੰਪਰਕ ਅਤੇ ਲਗਭਗ ਅਜਿਹੇ ਹੀ ਵਿਸ਼ਿਆਂ ਬਾਰੇ ਹਨ। ਇਹਨਾਂ ਵਿਸ਼ਿਆਂ ਅਤੇ ਇਤਿਹਾਸ ਦੀਆਂ ਮੂਲ ਖੋਜਾਂ ਵਿੱਚ ਕੋਈ ਸਪੱਸ਼ਟ ਸਬੰਧ ਨਜ਼ਰ ਨਹੀਂ ਆਉਂਦਾ। ਇਸ ਲਈ ਅਜਿਹੇ ਵਿਚਾਰਾਂ ਨੂੰ ਆਪਸ ਵਿੱਚ ਜੋੜਨ ਲਈ ਅਨੋਖੀ ਸੋਚ ਅਤੇ ਮਿਹਨਤ ਦੀ ਲੋੜ ਹੋਵੇਗੀ।
ਰਾਓ ਨੇ ਅਖ਼ਬਾਰਾਂ ਨੂੰ ਇਹ ਵੀ ਦੱਸਿਆ ਹੈ ਕਿ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ਼ ਜੁੜੇ ਹੋਏ ਨਹੀਂ ਹਨ। ਫਿਰ ਵੀ ਆਪਣੇ ਦੇਸ਼ ਅਤੇ ਇੱਥੋਂ ਦੇ ਪੁਰਾਤਨ ਸਭਿਆਚਾਰ ਨਾਲ ਉਹ ਪਿਆਰ ਕਰਦੇ ਹਨ। ਤਾਂ ਕੀ ਦੇਸ਼ ਨਾਲ਼ ਪਿਆਰ ਕਰਨ ਲਈ ਆਰ.ਐਸ.ਐਸ ਦਾ ਮੈਂਬਰ ਹੋਣਾ ਜ਼ਰੂਰੀ ਹੈ?
ਪ੍ਰੈਸ ਨੂੰ ਦਿੱਤੇ ਬਿਆਨ ਵਿੱਚ ਉਹਨਾਂ ਨੇ ਪ੍ਰਧਾਨ ਦੇ ਤੌਰ 'ਤੇ ਆਪਣੇ ਏਜੰਡੇ ਵਿੱਚ ਦੋ ਮੁੱਦਿਆਂ ਨੂੰ ਚੁੱਕਿਆ ਹੈ। ਦੋਨੋਂ ਹੀ ਭਾਰਤੀ ਇਤਿਹਾਸ ਦੀ ਹਿੰਦੂਵਾਦੀ ਵਿਚਾਰਧਾਰਾ ਵਿੱਚ ਵੀ ਖਾਸ ਸਥਾਨ ਰੱਖਦੇ ਹਨ। ਉਹਨਾਂ ਨੇ ਕਿਹਾ ਹੈ ਕਿ ਇਸ ਗੱਲ ਦੇ ਪੁਰਾਤੱਤਵ ਪ੍ਰਮਾਣ ਮੌਜੂਦ ਹਨ ਕਿ ਉੱਥੇ ਪਹਿਲਾਂ ਕਦੀ ਮੰਦਰ ਹੋਇਆ ਕਰਦਾ ਸੀ ਜਿੱਥੇ ਬਾਬਰੀ ਮਸਜਿਦ ਸੀ, ਇਹ ਬਿਆਨ ਪੂਰੀ ਤਰ੍ਹਾਂ ਸਿਆਸੀ ਹੈ। ਅਯੋਧਿਆ ਵਿੱਚ ਉਸ ਜਗ੍ਹਾ ਦੀ ਖੁਦਾਈ ਦੀ ਰਿਪੋਰਟ ਜਨਤਕ ਤੌਰ 'ਤੇ ਉਪਲੱਭਧ ਨਹੀਂ ਹੈ। ਪਰ ਰਾਓ ਦੇ ਬਿਆਨ ਨਾਲ਼ ਉਹ ਗਿਣੇ-ਚੁਣੇ ਲੋਕ ਸਹਿਮਤ ਨਹੀਂ ਹੋਣਗੇ ਜਿਹਨਾਂ ਨੂੰ ਉਹ ਰਿਪੋਰਟ ਪੜ੍ਹਨ ਦਾ ਮੌਕਾ ਮਿਲਿਆ ਹੈ।
ਪੁਰਾਤਨ ਮਹਾਂ-ਕਾਵਾਂ ਦਾ ਮਸਲਾ
ਰਾਓ ਦੁਆਰਾ ਚੁੱਕਿਆ ਗਿਆ ਦੁਸਰਾ ਮੁੱਦਾ ਹੈ ਮਹਾਂਭਾਰਤ ਅਤੇ ਰਮਾਇਣ ਵਰਗੇ ਗ੍ਰੰਥਾਂ ਦੀ ਇਤਿਹਾਸਕਤਾ ਨੂੰ ਸਿੱਧ ਕਰਨਾ। ਉਹਨਾਂ ਨਾਲ ਜੁੜੀਆਂ ਘਟਨਾਵਾਂ ਅਤੇ ਤਰੀਖ਼ਾਂ ਨੂੰ ਪ੍ਰਮਾਣਤ ਕਰਨਾ।
ਇਹ ਅਜਿਹੇ ਵਿਸ਼ੇ ਹਨ ਜਿਹਨਾਂ ਉਪੱਰ ਲੰਘੀਆਂ ਦੋ ਸਦੀਆਂ ਵਿੱਚ ਅੰਤਹੀਣ ਖੋਜ ਹੋ ਚੁੱਕੀ ਹੈ। ਇਹਨਾਂ ਗ੍ਰੰਥਾਂ ਦੇ ਸਹੀ ਦੌਰ ਦੀ ਗਣਨਾ ਕਰਨ ਲਈ ਇੰਡੋਲੌਜਿਸਟ (ਭਾਰਤ ਸਬੰਧੀ ਗਿਆਨਵੇਤਾ) ਅਤੇ ਇਤਿਹਾਸਕਾਰ ਭਾਸ਼ਾ ਸ਼ਾਸਤਰ, ਪੁਰਾਤਨ ਵਿਗਿਆਨ, ਮਾਨਵ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ ਤੱਕ 'ਤੇ ਚਰਚਾ ਅਤੇ ਹਰ ਸੰਭਵ ਖੋਜ ਵੀ ਕਰ ਚੁੱਕੇ ਹਨ ਪਰ ਉਹਨਾਂ ਦੀ ਮਿਹਨਤ ਵਿਅਰਥ ਰਹੀ ਹੈ। ਉਹ ਸਹੀ-ਸਹੀ ਤਰੀਖ਼ ਦਾ ਪਤਾ ਅੱਜ ਤੱਕ ਨਹੀਂ ਲਗਾ ਸਕੇ ਹਨ। ਕਿਸੇ ਠੋਸ ਪ੍ਰਮਾਣ ਦੀ ਅਣਹੋਂਦ ਵਿੱਚ ਫਿਰ ਤੋਂ ਉਸ ਤਰੀਖ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨ ਦਾ ਮਤਲਬ ਉਸ ਸਾਰੀ ਪ੍ਰਕਿਰਿਆ ਨੂੰ ਮੁੜ ਤੋਂ ਦੁਹਰਾਉਣਾ ਹੋਵੇਗਾ ਜਿਹੜੀ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਸੀ। ਇਹ ਪ੍ਰਕਿਰਿਆ ਰਾਓ ਲਈ ਜ਼ਰੂਰ ਹੀ ਨਵੀਂ ਹੋਵੇਗੀ। ਪਰ ਪੂਨੇ ਦੇ ਭੰਡਾਰਕਰ ਓਰੀਐਂਟਲ ਰਿਸਰਚ ਇੰਸਟੀਚਿਊਟ ਦੇ ਵੀ.ਐਸ.ਸੁਖਥਣਕਰ ਨੇ 1957 ਵਿੱਚ ਮਹਾਂਭਾਰਤ ਦੇ ਸਮੇਕਤ ਸੰਸਕਰਨ ਦਾ ਸੰਪਾਦਨ ਕਰਨ ਦੌਰਾਨ ਕਿਹਾ ਸੀ ਕਿ ਸਹੀ-ਸਹੀ ਪਤਾ ਨਹੀਂ ਲਾਇਆ ਜਾ ਸਕਦਾ ਕਿ ਇਹ ਗ੍ਰੰਥ ਕਦੋਂ ਲਿਖਿਆ ਗਿਆ ਹੈ ਪਰ ਇਹ ਨਿਸ਼ਚਿਤ ਹੈ ਕਿ ਇਸ ਨੂੰ 400 ਈਸਵੀਂ ਪੂਰਵ ਤੋਂ ਲੈ ਕੇ 400 ਈਸਵੀਂ ਦੇ ਦੌਰਾਨ ਲਿਖਿਆ ਗਿਆ ਸੀ। ਸੁਖਥਣਕਰ ਦੇ ਇਸ ਤਰਕ ਨੂੰ ਕਈ ਵਿਦਵਾਨ ਮੰਨਦੇ ਆਏ ਹਨ। ਮੂਲ ਗ੍ਰੰਥ ਦੀ ਇਸ ਰਚਨਾ ਤੋਂ ਬਾਅਦ ਇਸ ਵਿੱਚ ਹੋਰ ਵੀ ਕਈ ਜਾਣਕਾਰੀਆਂ ਅਤੇ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ। ਮੂਲ ਗ੍ਰੰਥ ਵਿੱਚ ਜੋੜੇ ਗਏ ਨਵੇਂ ਪਾਠਾਂ ਦਾ ਵਰਨਣ ਇਸ ਲਈ ਨਹੀਂ ਕੀਤਾ ਜਾਂਦਾ ਹੈ ਕਿਉਂਕਿ ਇਸ ਨਾਲ ਮੂਲ ਗ੍ਰੰਥ ਦੀ ਰਚਨਾ ਦੀ ਤਰੀਖ਼ ਪਤਾ ਕਰਨ ਵਿੱਚ ਹੋਰ ਵੀ ਮੁਸ਼ਕਲ ਆਉਂਦੀ ਹੈ। ਵਾਲਮੀਕੀ ਰਮਾਇਣ ਦੇ ਸੰਬੰਧ ਵਿੱਚ ਵੀ ਏਸੇ ਤਰਕ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਕਈ ਨਵੇਂ ਪਾਠ ਜੋੜੇ ਗਏ ਅਤੇ ਕਈ ਨਵੇਂ ਸੰਸਕਰਨ ਜਾਰੀ ਕੀਤੇ ਗਏ। ਪਰ ਇਹਨਾਂ ਸੰਸਕਰਨਾਂ ਦਾ ਵਰਨਣ ਨਹੀਂ ਕੀਤਾ ਜਾਂਦਾ।
ਇਸ ਲਈ ਮਹਾਂਕਾਵਾਂ ਦੇ ਸਮੇਕਤ ਸੰਸਕਰਨਾਂ ਦੇ ਭਿੰਨ-ਭਿੰਨ ਪਾਠਾਂ ਦੇ ਸੰਸਕਰਨਾਂ ਨੂੰ ਆਪਸ ਵਿੱਚ ਮਿਲਾ ਕੇ ਮੂਲ ਗ੍ਰੰਥ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭੰਡਾਰਕਰ ਇੰਸਟੀਚਿਉਟ ਅਤੇ ਵਡੋਦਰਾ ਦੇ ਓਰੀਐਂਟਲ ਇੰਸਟੀਚਿਊਟ ਦੇ ਸੰਸਕ੍ਰਿਤ ਵਿਦਵਾਨਾਂ ਨੇ ਇਸੇ ਪ੍ਰਕਿਰਿਆ ਨੂੰ ਅਪਣਾ ਕੇ ਕੰਮ ਕੀਤਾ ਹੈ। ਵਿਦਵਾਨਾਂ ਲਈ ਹੁਣ ਇਹੀ ਸਮੇਕਤ ਸੰਸਕਰਨ ਸ੍ਰੋਤ ਦੀ ਤਰ੍ਹਾਂ ਕੰਮ ਕਰਦੇ ਹਨ। ਇਹਨਾਂ ਰਚਨਾਵਾਂ ਨੂੰ ਮਹਾਂਕਾਵਿ ਕਹਿੰਦੇ ਹਨ। ਇਸ ਦਾ ਮਤਲਬ ਹੀ ਹੈ ਕਿ ਇਹਨਾਂ ਨੂੰ ਸਿਰਫ਼ ਚਰਚਾ ਤੱਕ ਸੀਮਤ ਨਾ ਰੱਖ ਕੇ ਇਹਨਾਂ ਵਿੱਚ ਸਮੇਂ ਦੇ ਨਾਲ ਮਿਲਣ ਵਾਲੇ ਪਾਠਾਂ ਨੂੰ ਜੋੜਿਆ ਜਾਵੇ। ਪੁਰਾਤਨ ਮਹਾਂਕਾਵਾਂ ਦੀ ਇਹ ਹੀ ਵਿਸ਼ੇਸ਼ਤਾ ਹੈ।
ਇਹ ਮਹਾਂਕਾਵਿ ਇੱਕ ਦਿਨ ਵਿੱਚ ਨਹੀਂ ਰਚੇ ਗਏ। ਇਸਦੀ ਰਚਨਾ ਦੀਆਂ ਮਿਤੀਆਂ ਜਾਨਣ ਵਿੱਚ ਕਿਸੇ ਦੀ ਦਿਲਚਸਪੀ ਜ਼ਰੂਰ ਹੋ ਸਕਦੀ ਹੈ। ਪਰ ਇਹ ਤਾਂ ਤਹਿ ਹੈ ਕਿ ਜਿਆਦਾਤਰ ਇਤਿਹਾਸਕਾਰ ਇਤਿਹਾਸ ਨੂੰ ਹੋਰ ਵਿਆਪਕ ਸੰਦਰਭ ਵਿੱਚ ਦੇਖਣ ਅਤੇ ਸਮਝਣ ਵਿੱਚ ਜਿਆਦਾ ਦਿਲਚਸਪੀ ਲੈਣਗੇ।
ਇਹਨਾਂ ਵਿੱਚ ਕੁੱਝ ਇਸ ਤਰ੍ਹਾਂ ਦੇ ਅਧਿਐਨ ਸ਼ਾਮਲ ਹੋਣਗੇ ਉਪਮਹਾਂਦੀਪ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਮਾਜ ਕਿਸ ਤਰ੍ਹਾਂ ਵਿਕਸਤ ਹੋਏ? ਉਹਨਾਂ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਏ ਅਤੇ ਓਥੋਂ ਤੱਕ ਅਸੀਂ ਕਿਵੇਂ ਅਤੇ ਕਿਸ ਤਰ੍ਹਾਂ ਪਹੁੰਚੇ ਜਿੱਥੇ ਅਸੀਂ ਅੱਜ ਹਾਂ? ਇਤਿਹਾਸ ਨੂੰ ਸਮਾਜਿਕ ਵਿਗਿਆਨ ਮੰਨ ਕੇ ਉਸ ਦਾ ਅਧਿਐਨ ਵੀ ਉਸੇ ਤਰ੍ਹਾਂ ਕੀਤਾ ਜਾਵੇ ਤਾਂ ਇਸ ਕੰਮ ਵਿੱਚ ਕਾਫ਼ੀ ਮਦਦ ਮਿਲ਼ ਸਕਦੀ ਹੈ। ਇਤਿਹਾਸ ਦੀਆਂ ਘਟਨਾਵਾਂ ਅਤੇ ਸਖਸ਼ੀਅਤ ਇਤਿਹਾਸ ਦੀ ਕਹਾਣੀ ਵਿੱਚ ਮਹੱਤਵਪੂਰਨ ਬਦਲਾਅ ਲਿਆ ਸਕਦੇ ਹਨ।
ਭਾਰਤ ਵਿੱਚ ਇਤਿਹਾਸ ਸੰਬਧੀ ਖੋਜ ਹੁਣ ਸਿਰਫ਼ ਇਹ ਸਾਬਤ ਕਰਨ ਤੱਕ ਸੀਮਤ ਨਹੀਂ ਰਹਿ ਗਈ ਕਿ ਪੁਰਾਤਨਤ ਕਾਵਿ ਅਤੇ ਗ੍ਰੰਥਾਂ ਵਿੱਚ ਬਿਆਨ ਕੀਤੀਆਂ ਗਈਆਂ ਘਟਨਾਵਾਂ ਅਤੇ ਕਹਾਣੀਆਂ ਇਤਿਹਾਸਕ ਅਤੇ ਤੱਥਾਂ ਦੇ ਰੂਪ ਵਿੱਚ ਸਹੀ ਹਨ ਜਾਂ ਨਹੀਂ? ਹੁਣ ਅਸੀਂ ਆਪਣੇ ਪੁਰਾਤਨ ਸਮਾਜ ਅਤੇ ਸਭਿਆਚਾਰ ਬਾਰੇ ਜਿਆਦਾ ਤੋਂ ਜਿਆਦਾ ਜਾਨਣਾ ਚਾਹੁੰਦੇ ਹਾਂ। ਇਸ ਜਾਣਕਾਰੀ ਦੇ ਵਿਸ਼ਲੇਸ਼ਣ ਲਈ ਨਵੇਂ-ਨਵੇਂ ਤਰੀਕੇ ਖੋਜੇ ਜਾ ਰਹੇ ਹਨ। ਇਹਨਾਂ ਵਿੱਚੋਂ ਕੁੱਝ ਇਤਿਹਾਸਕਾਰਾਂ ਅਤੇ ਦੂਸਰੇ ਸਮਾਜ ਵਿਗਿਆਨੀਆਂ ਵਿਚਲੀ ਚਰਚਾ ਤੋਂ ਇਜਾਦ ਹੁੰਦੇ ਹਨ। ਇਸਦਾ ਮਤਲਬ ਹੈ ਕਿ ਇਤਿਹਾਸ ਦੇ ਪੰਨੇ ਪੜ੍ਹਨ ਲਈ ਇਸਤੇਮਾਲ ਕੀਤੇ ਜਾ ਰਹੇ ਸ੍ਰੋਤਾਂ ਤੱਕ ਆਪਣੀ ਬੌਧਿਕ ਸਮਝ ਦਾ ਵਿਸਤਾਰ ਕਰਨਾ। ਪਰ ਅਜਿਹਾ ਲਗਦਾ ਹੈ ਕਿ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਬੀਤੇ ਸਮੇਂ ਵਿੱਚ ਜਾ ਕੇ ਸਾਧਾਰਨ ਕਥਾਵਾਂ ਦੇ ਸਟੀਕ ਇਤਿਹਾਸ ਨੂੰ ਜਾਨਣ 'ਤੇ ਹੀ ਧਿਆਨ ਦੇਵੇਗਾ।
ਮਾਰਕਸਵਾਦੀ ਤਰੀਕੇ 'ਤੇ ਇਤਰਾਜ਼
ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਰਾਓ ਨੇ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਵਿੱਚ ਖੋਜ ਦੇ ਮਾਰਕਸਵਾਦੀ ਤਰੀਕਿਆਂ ਦੀ ਵਰਤੋਂ 'ਤੇ ਵੀ ਇਤਰਾਜ਼ ਜਤਾਇਆ ਹੈ। ਇਹ ਤਰੀਕੇ ਕਾਮਸ਼ਰਨ ਸ਼ਰਮਾ ਅਤੇ ਇਰਫਾਨ ਹਬੀਬ ਦੇ ਪ੍ਰਧਾਨਗੀ ਦੇ ਸਮੇਂ ਵਿੱਚ ਲਾਗੂ ਕੀਤੇ ਗਏ ਸਨ। ਰਾਓ ਦੀ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਬਾਰੇ ਜਾਣਕਾਰੀ ਬਿਹਤਰ ਹੋਣੀ ਚਾਹੀਦੀ ਹੈ। ਆਖਰ ਪਹਿਲੀ ਭਾਜਪਾ ਸਰਕਾਰ (1999 ਤੋਂ 2004) ਨੇ ਉਹਨਾਂ ਨੂੰ ਪ੍ਰੀਸ਼ਦ ਵਿੱਚ ਨਿਯੁਕਤ ਕੀਤਾ ਸੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਦੀ ਸਥਾਪਨਾ ਤੋਂ ਬਾਅਦ ਇਸ ਦੇ ਜਿਆਦਾਤਰ ਪ੍ਰਧਾਨ ਗੈਰ-ਮਾਰਕਸਵਾਦੀ ਰਹੇ ਹਨ। ਜਿਵੇਂ ਕਿ ਲੋਕੇਸ਼ ਚੰਦਰ, ਐਸ.ਸ਼ੈਟਰ, ਐਮ.ਜੀ.ਐਸ.ਨਰਾਇਣ ਅਤੇ ਕਈ ਹੋਰ ਵੀ। ਉਹ ਚਾਹੁੰਦੇ ਤਾਂ ਖੋਜ ਦੇ ਅਖੌਤੀ 'ਮਾਰਕਸਵਾਦੀ ਤਰੀਕਿਆਂ' ਨੂੰ ਹਟਾ ਸਕਦੇ ਸਨ। ਇਥੇ ਇਸ ਗੱਲ ਦਾ ਜਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਜਿਸ ਇਤਿਹਾਸ ਨੂੰ ਹਿੰਦੂਵਾਦੀ ਵਿਚਾਰਧਾਰਾ ਦੇ ਲੋਕ ਮਾਰਕਸਵਾਦੀ ਕਹਿ ਕੇ ਨਕਾਰਦੇ ਹਨ ਉਹ ਅਸਲ ਵਿੱਚ ਮਾਰਸਕਵਾਦੀ ਨਹੀਂ ਹੈ। ਉਸ ਉੱਪਰ ਮੋਹਰ ਸਮਾਜ ਵਿਗਿਆਨ ਨੇ ਲਗਾਈ ਹੈ। ਇਹ ਜਾਣਦੇ ਅਤੇ ਸਮਝਦੇ ਹੋਏ ਵੀ ਹਿੰਦੂਵਾਦੀ ਇਸ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦੇ। ਉਹਨਾਂ ਲਈ ਮਾਰਕਸਵਾਦੀ ਦਾ ਮਤਲਬ ਹਿੰਦੂਵਾਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਲੋਕ ਹੁੰਦੇ ਹਨ। ਇਸਦੇ ਸਿੱਟੇ ਵਜੋਂ ਜਿਆਦਾਤਰ ਇਤਿਹਾਸਕਾਰ ਅਚਨਚੇਤ ਆਪਣੇ ਆਪ 'ਤੇ ਮਾਰਕਸਵਾਦੀ ਹੋਣ ਦਾ ਠੱਪਾ ਲਾ ਲੈਂਦੇ ਹਨ।
ਇਤਿਹਾਸਕਾਰਾਂ 'ਤੇ ਸਿੱਧਾ ਹਮਲਾ
ਪਿਛਲੀ ਕੌਮੀ ਜਮਹੂਰੀ ਗੱਠਜੋੜ ਸਰਕਾਰ ਵਿੱਚ ਤਤਕਾਲੀ ਮਨੁੱਖੀ ਸ੍ਰੋਤ ਮੰਤਰੀ ਮੁਰਲੀ ਮਨੋਹਰ ਜੋਸ਼ੀ ਨੇ ਇਤਿਹਾਸਕਾਰਾਂ 'ਤੇ ਸਿੱਧਾ ਹਮਲਾ ਬੋਲਿਆ ਸੀ। ਇਹ ਹਮਲਾ ਦੋ ਤਰ੍ਹਾਂ ਦੇ ਇਤਿਹਾਸ ਲੇਖਣ 'ਤੇ ਕੀਤਾ ਗਿਆ ਸੀ। ਪਹਿਲਾ ਹਮਲਾ 1999 ਤੋਂ ਪਹਿਲਾਂ ਐਨ.ਸੀ.ਆਰ.ਟੀ ਦੀਆਂ ਸਕੂਲੀ ਕਿਤਾਬਾਂ ਦੇ ਵਿਸ਼ਾ-ਵਸਤੂ ਨੂੰ ਲੈ ਕੇ ਸੀ। ਦੂਸਰਾ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਦੇ 'ਟੂਵਰਡਡਜ਼ ਫਰੀਡਮ ਪ੍ਰੋਜੈਕਟ' ਵਰਗੀਆਂ ਕੁੱਝ ਵਿਉਂਤਾਂ ਦੇ ਪ੍ਰਕਾਸ਼ਨ ਨੂੰ ਰੋਕਣ ਦੀ ਕੋਸ਼ਿਸ਼ ਸੀ। ਮੌਜੂਦਾ ਮਨੁੱਖੀ ਸ੍ਰੋਤ ਮੰਤਰੀ ਨੂੰ ਬਦਕਿਸਮਤੀ ਨਾਲ ਸਕੂਲੀ ਪੱਧਰ ਤੋਂ ਅੱਗੇ ਦੀ ਸਿੱਖਿਆ ਅਤੇ ਖੋਜ ਬਾਰੇ ਜਾਣਕਾਰੀ ਨਹੀਂ ਹੈ। ਉਹਨਾਂ ਵੱਲੋਂ ਮਿਲ ਰਹੇ ਸੰਕੇਤਾਂ ਤੋਂ ਲਗਦਾ ਹੈ ਕਿ ਉਹ ਵੀ ਉਹੀ ਕਰਨ ਵਾਲ਼ੀ ਹੈ ਜਿਸ ਲਈ ਉਹਨਾਂ ਨੂੰ ਬਹਾਲ ਕੀਤਾ ਗਿਆ ਹੈ। ਉਹ ਹੈ ਭਾਜਪਾਈ ਵਿਚਾਰਧਾਰਾ ਵਾਲੇ ਇਤਿਹਾਸਕਾਰਾਂ ਨੂੰ ਫਿਰ ਤੋਂ ਮੌਕਾ ਦੇਣਾ ਜੋ ਖੁਦ ਵੀ ਇਸ ਲਈ ਕਮਰ ਕੱਸ ਚੁੱਕੇ ਹਨ।
ਇਹ ਪੈਟਰਨ ਬਿਲਕੁਲ ਸਾਫ਼ ਸਮਝ ਆ ਰਿਹਾ ਹੈ। ਪੇਸ਼ੇਵਰ ਜਥੇਬੰਦੀਆਂ ਦੀ ਸਿਫ਼ਾਰਸ਼ ਨੂੰ ਦਰ-ਕਿਨਾਰ ਕਰਕੇ ਪੇਸ਼ੇਵਰ ਵਿਚਾਰਾਂ ਨੂੰ ਗੁਪਤ ਸੰਕੇਤਾਂ ਵਿੱਚ ਬਦਲਿਆ ਜਾ ਰਿਹਾ ਹੈ। ਨਿਆਂਪਾਲਕਾ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਵੀ ਇਸ ਤਰ੍ਹਾਂ ਹੋ ਚੁੱਕਿਆ ਹੈ। ਖ਼ਬਰ ਤਾਂ ਇਹ ਵੀ ਆਈ ਹੈ ਕਿ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਨੇ ਪ੍ਰਧਾਨਗੀ ਦੇ ਅਹੁਦੇ ਲਈ ਕੁਝ ਨਾਵਾਂ ਦੀ ਸੂਚੀ ਮਨੁੱਖੀ ਸ੍ਰੋਤ ਮੰਤਰਾਲੇ ਨੂੰ ਭੇਜੀ ਸੀ। ਇਸ ਸੂਚੀ ਵਿੱਚ ਉਹਨਾਂ ਇਤਿਹਾਸਕਾਰਾਂ ਦੇ ਵੀ ਨਾਮ ਸਨ ਜਿਹਨਾਂ ਨੇ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਨੂੰ ਖੋਜ ਸੰਸਥਾ ਬਣਾਉਣ ਵਿੱਚ ਮਦਦ ਕੀਤੀ ਸੀ। ਪਰ ਸ਼ਾਇਦ ਉਸ ਸੂਚੀ ਨੂੰ ਮੰਤਰਾਲੇ ਵਿੱਚ ਸੋਚ ਸਮਝ ਕੇ ਟਿਕਾਣੇ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਅਚਾਨਕ ਹੀ ਇੱਕ ਅਣਜਾਣਿਆ ਨਾਮ ਨਿੱਕਲ ਕੇ ਆਇਆ ਅਤੇ ਉਹ ਸ਼ਖਸ ਸੰਸਥਾ ਦਾ ਪ੍ਰਧਾਨ ਵੀ ਬਣ ਗਿਆ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਇਹ ਹਨੇਰੇ ਦਿਨਾਂ ਦੀ ਆਹਟ ਹੈ।
ਅਨੁਵਾਦ:ਤਜਿੰਦਰ
No comments:
Post a Comment