Friday, May 10, 2013

ਅਕਾਲ ਅਕਾਡਮੀ ਦੇ ਮਾਰੇ ਗਏ ਬੱਚਿਆਂ ਦੀ ਦਰਦ-ਕਹਾਣੀ


ਅਕਾਲ ਅਕਾਡਮੀ ਦੇ ਮਾਰੇ ਗਏ ਬੱਚਿਆਂ ਦੀ ਦਰਦ-ਕਹਾਣੀ
-ਅਮੋਲਕ ਸਿੰਘ
ਸੂਰਜ ਦੀ ਚੜ੍ਹਦੀ ਲਾਲੀ ਸਮੇਂ ਨਿਹਾਰਕੇ, ਮੱਥੇ ਚੁੰਮਕੇ, ਬਾਏ ਬਾਏ ਕਰਦੇ ਘਰਾਂ ਤੋਂ ਤੋਰੇ ਅੱਖੀਆਂ ਦੇ ਲਾਲ ਟੁੱਕੜੇ ਟੁੱਕੜੇ ਹੋ ਗਏ।  ਵੈਨ ਦਾ ਡਰਾਈਵਰ ਅਤੇ 13 ਨੰਨ੍ਹੇ ਮੁੰਨ੍ਹੇ ਵਿਦਿਆਰਥੀ ਇਸ ਦੁਨੀਆਂ 'ਤੇ ਨਹੀਂ ਰਹੇ।  ਸੋਗ ਲੱਦੇ, ਅੰਬਰ ਛੋਂਹਦੇ ਵੈਣਾਂ, ਘਟਨਾ ਸਥਾਨ 'ਤੇ ਇਕੱਠੇ ਕਰਦੇ ਜਿਗਰ ਦੇ ਟੋਟਿਆਂ, ਬਾਲਾਂ ਦੇ ਸਾਂਝੇ ਬਲਦੇ ਸਿਵਿਆਂ ਦੀਆਂ  ਲਾਟਾਂ ਅਤੇ ਸਾਂਝੇ ਸਿਵਿਆਂ 'ਚੋਂ ਚੁਗੇ ਅਸਤਾਂ ਨੇ ਅਣਗਿਣਤ ਸੁਆਲ ਫ਼ਿਜਾ ਅੰਦਰ ਗੂੰਜਣ ਲਗਾ ਦਿੱਤੇ ਹਨ।  ਸੁਆਲ ਜਿਹੜੇ ਸਾਫ਼ ਅਤੇ ਸਪੱਸ਼ਟ ਜਵਾਬ ਮੰਗਦੇ ਹਨ।  ਸੁਆਲ ਜਿਨ੍ਹਾਂ ਤੋਂ ਅਕਾਲ ਅਕੈਡਮੀ ਦੇ ਪ੍ਰਿੰਸੀਪਲ, ਮੈਨੇਜਮੈਂਟ, ਬੱਸ ਦਾ ਮਾਲਕ ਸਭ ਪੱਲਾ ਝਾੜ ਰਹੇ ਹਨ।  ਹੋਰ ਤਾਂ ਹੋਰ ਹਕੀਕਤ ਛੁਪਾ ਕੇ ਉਲਟਾ ਪੀੜਤ ਪਰਿਵਾਰਾਂ ਨੂੰ ਹੀ ਘਟਨਾ ਦੇ ਜ਼ਿੰਮੇਵਾਰ ਠਹਿਰਾਉਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।  ਜਦੋਂ ਕਿ ਪੀੜਤ ਮਾਪੇ ਸਾਫ਼ ਸਾਫ਼ ਕਹਿ ਰਹੇ ਹਨ ਕਿ ਇਹ ਘਟਨਾ ਨਾ ਪਹਿਲੀ ਹੈ ਅਤੇ ਨਾ ਆਖਰੀ।  ਪਹਿਲਾਂ ਵੀ ਅਕਾਲ ਅਕੈਡਮੀ ਦੀ ਹੀ ਵੈਨ ਸੀ ਜਦੋਂ ਬਿਲਗਾ ਲਾਗੇ ਗੁੰਮਟਾਲਾ ਵਿਖੇ ਰੇਲਵੇ ਕਰਾਸਿੰਗ 'ਤੇ ਬਿਨ ਫਾਟਕ ਕਾਰਨ ਹਿਰਦੇਵੇਦਕ ਹਾਦਸਾ ਵਾਪਰਿਆ ਸੀ।  ਆਟੋ ਰਿਕਸ਼ਾ ਉਲਟਣ ਨਾਲ ਜਲੰਧਰ ਦੀਆਂ ਸੜਕਾਂ ਲਹੂ ਲੁਹਾਣ ਹੋਈਆਂ ਸਨ।  ਭਵਿੱਖ ਵਿੱਚ ਫਿਰ ਅਜੇਹੇ ਦਰਦਨਾਕ ਕਾਂਡ ਵਾਪਰਨਗੇ।
ਮੁੱਦਾਂ ਅਤੇ ਤਲਵੰਡੀ ਭਰੋ ਦੇ ਪੀੜਤ ਪਰਿਵਾਰਾਂ ਨੂੰ ਨੇੜੀਓਂ ਮਿਲਕੇ, ਜਿੰਦਗੀ ਭਰ ਉਹਨਾਂ ਦੇ ਹਰ ਸਾਹ ਨਾਲ ਧੜਕਣ ਵਾਲੇ ਦਰਦਾਂ ਦੀ ਪੀੜ ਜਾਣਕੇ ਪਤਾ ਲੱਗਦਾ ਹੈ ਕਿ ਉਹ ਤਾਂ ਸੋਗ ਦੇ ਪਹਾੜਾਂ ਹੇਠ ਦੱਬੇ ਹੋਣ ਦੇ ਬਾਵਜੂਦ ਵੀ ਹਕੀਕਤਮੁਖੀ ਹੋ ਕੇ ਵਿਗਿਆਨਕ ਦ੍ਰਿਸ਼ਟੀ ਤੋਂ ਇਸ ਘਟਨਾ ਨੂੰ ਸਮਝਣ ਦਾ ਯਤਨ ਕਰ ਰਹੇ ਹਨ।  ਗੱਲ ਗੱਲ 'ਚ ਇਸ ਗੱਲ 'ਤੇ ਜੋਰ ਦੇ ਰਹੇ ਹਨ ਕਿ ਸਾਡੇ ਬਾਗ਼ ਬਗੀਚੇ, ਸਾਡੇ ਫੁੱਲ ਤਾਂ ਉਜੱੜ ਗਏ ਕਿਸੇ ਹੋਰ ਘਰ ਦਾ ਉਜਾੜਾ ਕਰਨ ਲਈ ਕੱਲ੍ਹ ਨੂੰ ਅਜੇਹੀ ਕੁਲੈਹਣੀ ਮੌਤ ਫੇਰ ਕੁੰਡਾ ਨਾ ਖੜਕਾਵੇ ਇਸਦਾ ਅਗਾਊ ਉਪਾਅ ਸੋਚਣਾ ਚਾਹੀਦੈ।  ਇਹ ਸੰਤੁਲਤ, ਸਹੀ, ਮਾਨਵੀ, ਵਿਗਿਆਨਕ ਅਤੇ ਦੂਰ-ਦ੍ਰਿਸ਼ਟੀ ਭਰੀ ਸੋਚ ਹੈ ਪੀੜਤ ਪਰਿਵਾਰਾਂ ਦੀ।
ਦੂਜੇ ਬੰਨੇ ਇਕ ਹੋਰ ਪੱਖ ਹੈ ਜਿਹੜਾ ਬਿਲਕੁਲ ਹੀ ਇਸ ਦੇ ਉਲਟ ਧਾਰਾ ਵਿੱਚ ਵਹਿ ਰਿਹਾ ਹੈ।  ਪੰਜਾਬ ਦੇ ਮੁੱਖ ਮੰਤਰੀ ਦਾ ਬੜੀ ਤੇਜੀ ਨਾਲ ਬਿਆਨ ਆਇਆ ਕਿ 'ਹਾਦਸੇ ਨੂੰ ਰੱਬੀ ਭਾਣਾ ਮੰਨਣਾ ਚਾਹੀਦਾ ਹੈ।'   ਭਲਾ ਕਿਹੋ ਜਿਹਾ ਹੈ ਉਹ 'ਰੱਬ' ਜਿਹੜਾ ਅੱਧ-ਖਿੜੀਆਂ ਕਲੀਆਂ ਉਪਰ ਝਪਟਾ ਮਾਰਦਾ ਹੈ?
ਪਰਿਵਾਰਾਂ ਦੇ ਮਨ ਦੀ ਡਾਇਰੀ ਤੋਂ ਸਾਫ਼ ਪੜ੍ਹਿਆ ਜਾ ਸਕਦਾ ਹੈ ਕਿ ਉਹ ਇਸ ਨੂੰ ਹਾਦਸਾ ਨਹੀਂ ਸਗੋਂ ਕਤਲ ਮੰਨ ਰਹੇ ਹਨ।  ਹੰਝੂਆਂ ਨਾਲ ਗੱਚ ਹੋਈਆਂ, ਸੋਗ ਭਰੇ ਵਿਹੜਿਆਂ ਦੀਆਂ ਦਰੀਆਂ 'ਤੇ ਚੱਲ ਰਹੀ ਚਰਚਾ ਰਾਜ ਦਰਬਾਰ ਦੇ ਬੋਲੇ ਕੰਨਾ ਨੂੰ ਅਕਸਰ ਹੀ ਸੁਣਾਈ ਨਹੀਂ ਦਿਆ ਕਰਦੀ।  ਉਥੇ ਅੱਜ ਵੀ ਚਰਚਾ ਚੱਲ ਰਹੀ ਹੈ ਕਿ ਜਦੋਂ ਤੋਂ ਸਿੱਖਿਆ ਇਕ ਬਾਜ਼ਾਰ, ਇਕ ਵਪਾਰ ਬਣਕੇ ਰਹਿ ਗਈ ਹੈ ਉਸ ਵੇਲੇ ਤੋਂ ਹੀ ਅਜੇਹੀਆਂ ਮੌਤਾਂ ਦੀ ਨੀਂਹ ਰੱਖੀ ਗਈ ਹੈ।  ਅਣਸਿਖਿਅਤ, ਗੈਰ ਹੁਨਰਮੰਦ ਸਟਾਫ਼ (ਉਹ ਚਾਹੇ ਅਧਿਆਪਕ ਹੈ ਚਾਹੇ ਡਰਾਈਵਰ ਆਦਿ), ਸਸਤੇ ਵਾਹਨ, ਮੁਨਾਫ਼ੇ ਦੀ ਅੰਨ੍ਹੀ ਦੌੜ ਨੂੰ ਜਰਬਾਂ ਦੇਣ ਵਾਲੀਆਂ ਲਾਲਸਾਵਾਂ ਦੀ ਐਨਕ ਵਿੱਚ ਨਾ ਬਾਲ ਵਿਦਿਆਰਥੀਆਂ ਦੀ ਕੋਈ ਕੀਮਤ ਹੈ।  ਨਾ ਉਹਨਾਂ ਦੀਆਂ ਜ਼ਿੰਦਗੀਆਂ ਦੀ।  ਨਾ ਤਾਲੀਮ ਦੀ।  ਨਾ ਉਹਨਾ ਦੇ ਸਮਾਜਕ ਸਰੋਕਾਰਾਂ ਦੀ।  ਨਾ ਭਵਿੱਖ ਦੀ।  ਉਹਨਾਂ ਦੀ ਤੱਕੜੀ 'ਚ ਸ਼ੁੱਧ ਮੁਨਾਫ਼ਾ ਤੁਲਣਾ ਚਾਹੀਦਾ।  ਉਸ ਲਈ ਬੱਚੇ ਕਿਵੇਂ ਸਕੂਲੇ ਆਉਣ, ਕਿਵੇਂ ਜਾਣ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਕ ਸਮਾਜਕ ਕੀ ਹਾਲਤ ਹੈ।  ਇਸ ਨਾਲ ਵਿੱਦਿਆ ਮੰਦਰਾਂ ਤੋਂ 'ਵਿਦਿਅਕ ਸਨੱਅਤ' ਬਣੇ ਅਦਾਰਿਆਂ ਦੇ ਮਾਲਕਾਂ ਦਾ ਕੋਈ ਲੈਣਾ ਦੇਣਾ ਨਹੀਂ।  
'ਰੱਬੀ ਭਾਣੇ' ਦੀਆਂ ਮੱਤਾਂ ਦੇਣ ਵਾਲਿਆਂ ਨੂੰ ਸੁਆਲ ਤਾਂ ਲੋਕ ਇਹ ਵੀ ਕਰ ਰਹੇ ਹਨ ਕਿ ਜਦੋਂ ਸਿੱਖਿਆ ਦਾ ਨਿੱਜੀਕਰਣ ਕੀਤਾ ਸੀ ਕੀ ਇਹ ਵੀ 'ਰੱਬੀ ਹੁਕਮ' ਆਇਆ ਸੀ ਜਾਂ ਸਾਮਰਾਜੀ ਦਿਸ਼ਾ-ਨਿਰਦੇਸ਼ ਆਏ ਸਨ? ਸੁਆਲਾਂ ਨੂੰ ਠੋਸ ਜੁਆਬ ਦੀ ਤਲਾਸ਼ ਹੈ।  ਲੋਕਾਂ ਨੂੰ ਇਹ ਚਿੰਤਾ ਵੱਢ ਵੱਢ ਖਾ ਰਹੀ ਹੈ ਕਿ ਭਲਕ ਨੂੰ ਕਿਸੇ ਵੀ ਸਕੂਲ, ਕਿਸੇ ਵੀ ਬਿਜਲੀ ਕਾਮੇ, ਕਿਸੇ ਵੀ ਡਰਾਈਵਰ, ਕਿਸੇ ਵੀ ਸਿਹਤ ਕਾਮੇ ਆਦਿ ਉਪਰ ਮੌਤ ਦਾ ਪੰਜਾ ਇਉਂ ਹੀ ਝਪਟ ਸਕਦਾ ਹੈ ਕਿਉਂÎਕ ਨਿੱਜੀਕਰਣ ਦੇ ਗਰਭ 'ਚ ਨਿਰੰਤਰ ਪਲਦੀ ਅੰਨ੍ਹੇ ਮੁਨਾਫ਼ੇ ਹੜੱਪਣ ਦੀ ਲਾਲਸਾ ਭਰੀ ਦੌੜ ਲੋਕਾਂ ਨੂੰ ਜ਼ਿੰਦਗੀਆਂ ਦੇ ਨਹੀਂ ਸਕਦੀ, ਜਿੰਦਗੀਆਂ ਖੋਹ ਤਾਂ ਸਕਦੀ ਹੈ।

No comments:

Post a Comment