Friday, May 10, 2013

ਬੰਗਲਾਦੇਸ਼ ਦੇ ਸੈਂਕੜੇ ਮਜ਼ਦੂਰਾਂ ਨੂੰ ਨਿਗਲ ਗਈ ਕਾਰਪੋਰੇਟ ਕੰਪਨੀਆਂ ਦੀ ਮੁਨਾਫ਼ਾ-ਹਵਸ


ਬੰਗਲਾਦੇਸ਼ ਦੇ ਸੈਂਕੜੇ ਮਜ਼ਦੂਰਾਂ ਨੂੰ ਨਿਗਲ ਗਈ ਕਾਰਪੋਰੇਟ ਕੰਪਨੀਆਂ ਦੀ ਮੁਨਾਫ਼ਾ-ਹਵਸ
—ਸਟਾਫ ਰਿਪੋਰਟਰ
ਵਾਲ-ਮਾਰਟ ਵਰਗੀਆਂ ਪ੍ਰਚੂਨ ਖੇਤਰ ਦੀਆਂ ਧੜਵੈਲ ਸਾਮਰਾਜੀ ਕੰਪਨੀਆਂ ਲਈ ਪਛੜੇ ਮੁਲਕਾਂ ਦੀ ਸਸਤੀ ਕਿਰਤ ਅਨ੍ਹੇਂ ਮੁਨਾਫਿਆਂ ਦਾ ਸੋਮਾ ਹੈ। ਉਹ ਪ੍ਰਚੂਨ ਵਪਾਰ ਦੀਆਂ ਵਸਤਾਂ ਜਿਵੇਂ ਜੁੱਤੀਆਂ, ਰੈਡੀਮੇਡ ਕੱਪੜੇ, ਫਲਾਂ, ਸਬਜ਼ੀਆਂ, ਦਾਲਾਂ, ਆਟਾ ਅਤੇ ਹੋਰ ਨਿੱਕ-ਸੁੱਕ ਨੂੰ ਬਣਾਉਣ-ਪੈਦਾ ਕਰਨ ਲਈ ਪਛੜੇ ਮੁਲਕਾਂ ਅੰਦਰ ਵਿਚੋਲਿਆਂ ਨੂੰ ਠੇਕੇ 'ਤੇ ਦੇ ਦਿੰਦੇ ਹਨ, ਜਿਹੜੇ ਅੱਗੇ ਇੱਥੋਂ ਦੇ ਹੀ ਸਸਤੇ ਸੋਮਿਆਂ (ਜ਼ਮੀਨ, ਕਿਰਤ, ਪਾਣੀ, ਕੱਚਾ-ਮਾਲ ਵਗੈਰਾ) ਦੀ ਵਰਤੋਂ ਕਰਦਿਆਂ, ਮਾਲ ਸਾਮਰਾਜੀ ਕੰਪਨੀਆਂ ਹਵਾਲੇ ਕਰਦੇ ਹਨ। ਇਸ ਪੈਦਾਵਾਰੀ ਅਮਲ ਵਿੱਚ ਸਸਤੀ ਕਿਰਤ ਦਾ ਸੋਮਾ ਬਣਦੇ ਕਾਮਿਆਂ ਨੂੰ ਬਹੁਤ ਹੀ ਭੈੜੀਆਂ ਤੇ ਜਾਨ-ਲੇਵਾ, ਕੰਮ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਪਿਛਲੇ ਅਰਸੇ ਵਿੱਚ ਜਲੰਧਰ ਵਿਖੇ ਸੀਤਲ ਵਿੱਜ ਦੀ ਇੱਕ ਬਰਾਮਦਮੁਖੀ ਕੱਪੜਾ ਫੈਕਟਰੀ ਵਿੱਚ ਹਾਦਸੇ ਦੌਰਾਨ ਸੈਂਕੜੇ ਮਜ਼ਦੂਰ ਮਾਰੇ ਜਾਣ ਦਾ ਦੁਖਾਂਤ ਇਸ ਕਰਕੇ ਹੀ  ਵਾਪਰਿਆ ਸੀ। 
ਹੁਣ ਬੰਗਲਾਦੇਸ਼ ਵਿੱਚ ਅਜਿਹੇ ਹੀ ਦੁਖਾਂਤ ਵਾਪਰਨ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਇੱਕ ਕਾਰਖਾਨੇ ਅੰਦਰ ਅੱਗ ਲੱਗਣ ਕਾਰਨ 112 ਵਿਅਕਤੀ ਮੌਤ ਦੇ ਮੂੰਹ ਜਾ ਪਏ। ਇੱਕ ਹੋਰ ਕਾਰਖਾਨੇ ਦੀ ਇਮਾਰਤ ਦੇ ਢਹਿ-ਢੇਰੀ ਹੋ ਜਾਣ ਨਾਲ ਚਾਰ ਸੌ ਦੇ ਕਰੀਬ (382) ਮਜ਼ਦੂਰਾਂ ਦੀ ਮੌਤ ਹੋ ਗਈ। ਸੈਂਕੜੇ ਮਜ਼ਦੂਰਾਂ ਦਾ ਹਾਲੀ ਕੋਈ ਅਤਾ ਪਤਾ ਨਹੀਂ। ਸੈਂਕੜੇ ਮਜ਼ਦੂਰਾਂ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ ਹਨ ਅਤੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਹਨ। ਕਹਿੰਦੇ ਹਨ ਕਿ ਬੰਗਲਾਦੇਸ਼ ਵਿੱਚ ਮਜ਼ਦੂਰਾਂ ਨੂੰ ਨਿਗਲਣ ਵਾਲਾ ਅਜਿਹਾ ਮੌਤ-ਸਿਲਸਿਲਾ ਚੱਲਦਾ ਰਹਿੰਦਾ ਹੈ। ਪਰ ਉਥੇ ਸਰਗਰਮ ਪ੍ਰਚੂਨ ਵਪਾਰੀ ਦਰਜਨਾਂ ਸਾਮਰਾਜੀ ਕੰਪਨੀਆਂ ਦੀ ਸਿਹਤ 'ਤੇ ਅਜਿਹਾ ਕੋਈ ਅਸਰ ਨਹੀਂ ਹੁੰਦਾ। ਉਹ ਰੈਡੀਮੇਡ ਕੱਪੜੇ ਤਿਆਰ ਕਰ ਰਹੇ ਕਾਰਖਾਨਾ ਠੇਕੇਦਾਰਾਂ/ਵਿਚੋਲਿਆਂ 'ਤੇ ਮਜ਼ਦੂਰਾਂ ਦੇ ਜੀਵਨ ਸੁਰੱਖਿਆ ਯਕੀਨੀ ਬਣਾਉਣ ਲਈ ਦਬਾਅ ਪਾਉਣ ਤੋਂ ਸੋਚ ਸਮਝ ਕੇ ਗੁਰੇਜ਼ ਕਰਦੇ ਹਨ। 
ਬੇਹੱਦ ਊਣੀਆਂ ਉਜਰਤਾਂ ਅਤੇ ਖਤਰਨਾਕ ਕੰਮ ਹਾਲਤਾਂ ਵਿੱਚ ਕੰਮ ਲੈਣ ਵਾਲੇ ਇਹਨਾਂ ਮੁਸ਼ੱਕਤਖਾਨਿਆਂ 'ਚੋਂ 13.6 ਬਿਲੀਅਨ ਡਾਲਰ ਦੇ ਤਿਆਰ ਕੱਪੜੇ ਇਹ ਧੜਵੈਲ ਸਾਮਰਾਜੀ ਕੰਪਨੀਆਂ ਲੈ ਜਾਂਦੀਆਂ ਹਨ, ਜਿਹਨਾਂ ਨੂੰ ਇਹ ਆਪਣੇ ਮਾਲਾਂ ਅੰਦਰ ਮਹਿੰਗੇ ਭਾਅ ਵੇਚ ਕੇ ਮਾਲੋਮਾਲ ਹੁੰਦੀਆਂ ਹਨ। ਬੰਗਲਾਦੇਸ਼ ਦੇ ਵਪਾਰ ਮੰਤਰੀ ਮੁਤਾਬਕ ਇਹਨਾਂ ਵਸਤਰ ਬਰਾਮਦਾਂ 'ਚੋਂ ਪੱਛਮੀ ਯੂਰਪ ਨੂੰ 60 ਪ੍ਰਤੀਸ਼ਤ, ਅਮਰੀਕਾ ਨੂੰ 23 ਪ੍ਰਤੀਸ਼ਤ ਅਤੇ ਕੈਨੇਡਾ ਨੂੰ 5 ਪ੍ਰਤੀਸ਼ਤ ਹਿੱਸਾ ਜਾਂਦਾ ਹੈ। ਇਹ ਬਰਾਮਦਾਂ ਬੰਗਲਾ ਦੇਸ਼ ਦੀਆਂ ਕੁੱਲ ਬਰਾਮਦਾਂ ਦਾ 80 ਪ੍ਰਤੀਸ਼ਤ ਬਣਦੀਆਂ ਹਨ। ਪਰ ਸਾਮਰਾਜੀ ਸ਼ਾਹੂਕਾਰਾਂ ਕੋਲ ਮੁਲਕ ਨੂੰ ਲੁਟਾਉਣ ਦਾ ਸੰਦ ਬਣੇ ਬੰਗਲਾਦੇਸ਼ੀ ਹਾਕਮਾਂ ਵੱਲੋਂ  ਮਜ਼ਦੂਰਾਂ ਦੀ ਜਾਨ ਦੀਆਂ ਖੌਅ ਬਣਦੀਆਂ ਕੰਮ-ਹਾਲਤਾਂ ਨੂੰ ਸੁਧਾਰਨ ਲਈ ਡੱਕਾ ਦੂਹਰਾ ਨਹੀਂ ਕੀਤਾ ਗਿਆ। 
ਮਜ਼ਦੂਰ ਜਨਤਾ ਅਤੇ ਕੁਝ ਮਜ਼ਦੂਰ ਹਿਤੈਸ਼ੀ ਸ਼ਕਤੀਆਂ/ਵਿਅਕਤੀਆਂ ਵੱਲੋਂ ਇਹਨਾਂ ਕੰਮ ਹਾਲਤਾਂ ਨੂੰ ਮਜ਼ਦੂਰਾਂ ਦੀ ਜੀਵਨ ਸੁਰੱਖਿਆ ਦੇ ਪੱਖ ਤੋਂ ਸੁਧਾਰਨ ਦੀਆਂ ਤਜਵੀਜ਼ਾਂ ਖਿਲਾਫ ਬੋਲਦਿਆਂ, ਵਾਲ-ਮਾਰਟ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਦਲੀਲ ਦਿੱਤੀ ਗਈ ਕਿ ਅਜਿਹੇ ਕਦਮਾਂ ਨਾਲ ਸਾਡੇ ਲਈ ਪੈਦਾਵਾਰੀ ਖਰਚੇ ਵਧ ਜਾਣਗੇ ਅਤੇ ਸਾਡੇ ਗਾਹਕਾਂ ਨੂੰ ਵੀ ਮੁਕਾਬਲਤਨ ਉੱਚੀਆਂ ਕੀਮਤਾਂ ਅਦਾ ਕਰਨੀਆਂ ਪੈਣਗੀਆਂ। ''ਇਹ ਵਾਲ-ਮਾਰਟ ਦੇ ਹਿੱਸੇਦਾਰਾਂ  ਅਤੇ ਗਾਹਕਾਂ ਦੇ ਚੰਗੇ ਹਿੱਤਾਂ ਵਿੱਚ ਨਹੀਂ ਹੋਵੇਗਾ ਅਤੇ ਵਾਲ-ਮਾਰਟ ਨੂੰ ਮੁਕਾਬਲੇਬਾਜ਼ੀ ਵਿੱਚ ਗੈਰ-ਲਾਹੇਵੰਦੀ ਹਾਲਤ ਵਿੱਚ ਲਿਆ ਸੁੱਟੇਗਾ।'' (ਜ਼ੋਰ ਸਾਡਾ)
ਵਾਲ-ਮਾਰਟ (ਹੋਰ ਸਾਮਰਾਜੀ ਕਾਰਪੋਰੇਟ ਕੰਪਨੀਆਂ) ਦੀ ਨੀਤੀ ਸਪੱਸ਼ਟ ਹੈ ਕਿ ਮੁਕਾਬਲੇਬਾਜ਼ੀ ਵਿੱਚ ਪੁੱਗਣ ਲਈ ਮਾਲ ਦੀਆਂ ਪੈਦਾਵਾਰੀ ਕੀਮਤਾਂ ਘਟਾਈਆਂ ਜਾਣ। ਪੈਦਾਵਾਰੀ ਕੀਮਤਾਂ ਘਟਾਉਣ ਲਈ ਸਭ ਤੋਂ ਵੱਧ ਕੁਹਾੜਾ ਮਜ਼ਦੂਰਾਂ ਦੀਆਂ, ਉਜਰਤਾਂ ਨੂੰ ਛਾਂਗਣ ਅਤੇ ਜੀਵਨ-ਸੁਰੱਖਿਆ ਆਦਿ ਜਿਹੀਆਂ ਅਤਿ ਜ਼ਰੂਰੀ ਲੋੜਾਂ ਨੂੰ ਛਾਂਗਣ 'ਤੇ ਚੱਲਦਾ ਹੈ। ਸਾਮਰਾਜੀ ਕਾਰਪੋਰੇਟ ਮਗਰਮੱਛਾਂ ਨੂੰ ਅੰਨ੍ਹੇ ਮੁਨਾਫੇ ਚਾਹੀਦੇ ਹਨ। ਮਜ਼ਦੂਰ ਭੁੱਖੇ ਮਰਨ ਅਤੇ ਮੌਤ ਦੇ ਮੂੰਹ ਵਿੱਚ ਜਾਣ- ਇਸ ਨਾਲ ਉਹਨਾਂ ਦਾ ਭੋਰਾ ਵੀ ਸਰੋਕਾਰ ਨਹੀਂ ਹੈ। ਕਿਉਂਕਿ, ਮਜ਼ਦੁਰ ਦੀ ਕੀਮਤ ਉਹਨਾਂ ਲਈ ਮਹਿਜ਼ ਇੱਕ ਮੁਨਾਫਾ-ਦੇਊ ਜਿਣਸ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ।   -੦-

No comments:

Post a Comment