Friday, May 10, 2013

ਕਾਰਪੋਰੇਟ ਕੰਪਨੀਆਂ: ਪੈਦਾਵਾਰੀ ਅਮਲ 'ਚ ਪੂੰਜੀ ਨਿਵੇਸ਼ ਤੋਂ ਟਾਲਾ


ਕਾਰਪੋਰੇਟ ਕੰਪਨੀਆਂ: ਪੈਦਾਵਾਰੀ ਅਮਲ 'ਚ ਪੂੰਜੀ ਨਿਵੇਸ਼ ਤੋਂ ਟਾਲਾ
—ਨਵਜੋਤ
ਇੱਕ ਪਾਸੇ ਵਿੱਤ ਮੰਤਰੀ ਸਾਮਰਾਜੀ ਪੂੰਜੀ ਦੇ ਮਾਲਕਾਂ ਨੂੰ ਮੁਲਕ ਅੰਦਰ ਪੂੰਜੀ ਨਿਵੇਸ਼ ਕਰਨ ਲਈ ਹਾਕਾਂ ਮਾਰ ਰਿਹਾ ਹੈ, ਦੂਜੇ ਪਾਸੇ ਮੁਲਕ ਅੰਦਰ ਲੋਕਾਂ ਦੀ ਕਿਰਤ-ਕਮਾਈ, ਕਮਾਈ ਦੇ ਵਸੀਲਿਆਂ ਅਤੇ ਦੌਲਤ-ਖਜ਼ਾਨਿਆਂ ਨੂੰ ਲੁੱਟ ਕੇ ਮਾਲੋਮਾਲ ਹੋਈਆਂ ਦੇਸੀ-ਵਿਦੇਸ਼ੀ ਕਾਰਪੋਰੇਟ ਕੰਪਨੀਆਂ ਪੂੰਜੀ ਨਾਲ ਆਪਣੀਆਂ ਤਿਜੌਰੀਆਂ ਭਰੀਆਂ ਹੋਣ ਦੇ ਬਾਵਜੂਦ, ਪੈਦਾਵਾਰੀ ਖੇਤਰ ਵਿੱਚ ਨਿਵੇਸ਼ ਕਰਨ ਤੋਂ ਟਾਲਾ ਵੱਟ ਰਹੀਆਂ ਹਨ ਅਤੇ ਗੈਰ-ਪੈਦਾਵਾਰੀ ਖੇਤਰ ਪੂੰਜੀ ਲਾਉਣ ਨੂੰ ਤਰਜੀਹ ਦੇ ਰਹੀਆਂ ਹਨ। ਇੱਕ ਅੰਦਾਜ਼ੇ ਮੁਤਾਬਕ ਮੁਲਕ ਵਿੱਚ ਕੰਮ ਕਰਦੀਆਂ 54 ਅਜਿਹੀਆਂ ਕੰਪਨੀਆਂ ਹਨ, ਜਿਹਨਾਂ ਕੋਲ ਨਕਦੀ, ਨਕਦੀ ਮੁਤਬਾਦਲ ਕਾਰਡਾਂ (ਕਾਗਜ਼ੀ ਇਕਰਾਰਨਾਮੇ ਜਿਹੜੇ ਸੌਖਿਆਂ ਹੀ ਨਕਦੀ ਵਿੱਚ ਬਦਲੇ ਜਾ ਸਕਦੇ ਹਨ) ਦੀ ਸ਼ਕਲ ਵਿੱਚ 4,30,000 ਕਰੋੜ ਰੁਪਏ ਦੀ ਪੂੰਜੀ ਹੈ। ਇਸ ਤਰ੍ਹਾਂ, ਇਹ ਕੰਪਨੀਆਂ ਕੁੱਲ ਘਰੇਲੂ ਪੈਦਾਵਾਰ ਦੇ ਲੱਗਭੱਗ 4.3 ਪ੍ਰਤੀਸ਼ਤ ਹਿੱਸੇ ਨੂੰ ਪੈਦਾਵਾਰੀ ਸਰਗਰਮੀ ਵਿੱਚ ਲਾਉਣ ਦੀ ਬਜਾਇ, ਇਸ ਨੂੰ ਕਾਠ ਮਾਰੀਂ ਬੈਠੀਆਂ ਹਨ। 
54 ਕਾਰਪੋਰੇਟ ਕੰਪਨੀਆਂ ਕੋਲ ਨਕਦੀ ਤੇ ਨਕਦੀ ਮੁਤਬਾਦਲ ਕਾਗਜ਼ ਦੀ 2012-13 ਦੀ ਦੂਜੀ ਤਿਮਾਹੀ ਦੌਰਾਨ ਤਸਵੀਰ
ਖੇਤਰ ਕੰਪਨੀਆਂ ਦੀ ਪੂੰਜੀ ਕਰੋੜਾਂ 'ਚ
    ਗਿਣਤੀ  
ਤੇਲ ਅਤੇ ਗੈਸ 5  1,20,498
ਸੂਚਨਾ ਤਕਨਾਲੌਜੀ 6 47,308
ਟੈਲੀਕਾਮ 3 5,683
ਸੀਮਿੰਟ 2 9,745
ਬੁਨਿਆਦੀ ਢਾਂਚਾ 2 3,896
ਰੀਅਲ ਅਸਟੇਟ 1 1395
ਤਾਜ਼ੀਆਂ 
ਖਪਤਕਾਰੀ ਵਸਤਾਂ 5 14,069
ਦਵਾਈਆਂ 5 13420
ਧਾਤਾਂ ਅਤੇ ਖਾਣਾਂ 11 146291
ਭਾਰੀ ਵਸਤਾਂ/
ਮਸ਼ੀਨਰੀ ਅਤੇ
ਬਿਜਲੀ 9 31,201
ਆਟੋਮੋਬਾਇਲਜ਼ 5 38053 ...........................................................
ਕੁੱਲ 54 4,31,560

ਇਹ ਕੰਪਨੀਆਂ ਪੈਦਾਵਾਰੀ ਸਰਗਰਮੀ ਵਿੱਚ ਨਿਵੇਸ਼ ਕਿਉਂ ਨਹੀਂ ਕਰਦੀਆਂ?
ਅਜੋਕੀ ਹਾਲਤ ਵਿੱਚ ਪੈਦਾਵਾਰੀ ਸਰਗਰਮੀ ਵਿੱਚ ਨਿਵੇਸ਼ ਮੁਕਾਬਲਤਨ ਘੱਟ ਮੁਨਾਫਾਬਖਸ਼ ਹੈ। ਪੈਦਾਵਾਰੀ ਸਰਗਰਮੀ ਨੂੰ ਜਥੇਬੰਦ ਕਰਨ ਲਈ ਕਿਤੇ ਵੱਧ ਉੱਦਮ ਕਰਨਾ ਪੈਂਦਾ ਹੈ ਅਤੇ ਘਾਟਾ ਝੱਲਣ ਜਾਂ ਲੱਗੀ ਪੂੰਜੀ ਦੇ ਛੋਟੇ-ਵੱਡੇ ਹਿੱਸੇ/ਸਾਰੀ ਹੀ ਪੂੰਜੀ ਦੇ ਡੁੱਬ ਜਾਣ ਦਾ ਖਤਰਾ ਮੁੱਲ ਲੈਣ ਲਈ ਤਿਆਰ ਹੋਣਾ ਪੈਂਦਾ ਹੈ। ਹੋਰ ਕਈ ਕਿਸਮ ਦੀਆਂ ਸਮਾਜਿਕ ਸਮੱਸਿਆਵਾਂ (ਜਥੇਬੰਦ ਮਜ਼ਦੂਰਾਂ ਦਾ ਵਿਰੋਧ/ਸੰਘਰਸ਼) ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਪੈਂਦਾ ਹੈ। ਇਸਦੇ ਉਲਟ, ਗੈਰ-ਪੈਦਾਵਾਰੀ ਸਰਗਰਮੀ ਅੰਦਰ ਪੂੰਜੀ ਮਾਲਕ ਅਜਿਹੇ ਖਤਰਿਆਂ ਅਤੇ ਸਮੱਸਿਆਵਾਂ ਤੋਂ ਸੁਰਖਰੂ ਹੁੰਦੇ ਹਨ। ਬਿਨਾ ਵਿਸ਼ੇਸ਼ ਉੱਦਮ ਦੇ ਮੁਕਾਬਲਤਨ ਵੱਧ ਮੁਨਾਫੇ ਦੀ ਜਾਮਨੀ ਹੁੰਦੀ ਹੈ। 
ਇਹ ਕੰਪਨੀਆਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਆਪਣੀਆਂ ਉੱਚੀਆਂ ਵਿਆਜ ਦਰਾਂ ਨੂੰ ਬਰਕਰਾਰ ਰੱਖਣ ਲਈ ਦਬਾਅ ਬਣਾ ਕੇ ਰੱਖ ਰਹੀਆਂ ਹਨ। ਭਾਰਤ ਦਾ ਮੱਧ-ਵਰਗੀ ਵਪਾਰੀ, ਛੋਟੇ ਸਨਅੱਤਕਾਰ ਅਤੇ ਕਾਰੋਬਾਰੀ ਉੱਚੀਆਂ ਬੈਂਕ ਦਰਾਂ ਤੋਂ ਔਖੇ ਹਨ। ਕਿਉਂਕਿ ਆਪਣੇ ਕਾਰੋਬਾਰ ਲਈ ਐਨੀਆਂ ਉੱਚੀਆਂ ਵਿਆਜ ਦਰਾਂ 'ਤੇ ਕਰਜ਼ਾ ਚੁੱਕਣਾ ਉਹਨਾਂ ਨੂੰ ਵਾਰਾ ਨਹੀਂ ਖਾਂਦਾ। ਬੈਂਕਾਂ ਦੀਆਂ ਉੱਚੀਆਂ ਦਰਾਂ ਪੂੰਜੀ ਨਿਵੇਸ਼ ਵਿੱਚ ਰੁਕਾਵਟ ਬਣ ਰਹੀਆਂ ਹਨ। ਜਿਸ ਕਰਕੇ ਇਹ  ਦਰਾਂ ਮੁਲਕ ਅੰਦਰ ਪੈਦਾਵਾਰੀ ਸਰਗਰਮੀ ਨੂੰ ਮੱਠਾ ਪਾਉਣ/ਰੱਖਣ ਦਾ ਇੱਕ ਕਾਰਨ ਬਣ ਰਹੀਆਂ ਹਨ। ਪਰ ਵੱਡੀਆਂ ਕਾਰਪੋਰੇਟ ਕੰਪਨੀਆਂ ਲਈ ਇਹ ਹਾਲਤ ਲਾਹੇਵੰਦੀ ਹੈ। ਇੱਕ ਤਾਂ ਉਹਨਾਂ ਕੋਲ ਹੀ ਵਾਧੂ ਪੂੰਜੀ ਦੇ ਢੇਰ ਜਮ੍ਹਾਂ ਪਏ ਹਨ। ਦੂਜਾ- ਉਹਨਾਂ ਦੀ ਸਾਮਰਾਜੀ ਪੂੰਜੀ ਦੇ ਗੜ੍ਹਾਂ ਤੱਕ ਸੌਖੀ ਪਹੁੰਚ ਹੋਣ ਕਰਕੇ, ਉਹ ਵਿਦੇਸ਼ਾਂ ਤੋਂ ਸਸਤੀਆਂ ਦਰਾਂ 'ਤੇ ਕਰਜ਼ੇ ਚੁੱਕ ਲੈਂਦੀਆਂ ਹਨ। ਇਸ ਤਰ੍ਹਾਂ ਆਪਣੀ ਜਮ੍ਹਾਂ ਪੂੰਜੀ ਅਤੇ ਸਾਮਰਾਜੀ ਬਾਜ਼ਾਰਾਂ 'ਚੋਂ ਸਸਤੀਆਂ ਵਿਆਜ ਦਰਾਂ 'ਤੇ ਚੁੱਕੀ ਪੂੰਜੀ ਨੂੰ ਭਾਰਤੀ ਮੰਡੀ ਅੰਦਰ ਉੱਚੀਆਂ ਵਿਆਜ ਦਰਾਂ 'ਤੇ ਕਰਜ਼ੇ ਦੇ ਰੂਪ 'ਚ ਅੱਗੇ ਦੇ ਦਿੰਦੀਆਂ ਹਨ। ਇਸ ਤਰ੍ਹਾਂ ਉਹ ਇੱਕ ਤਰ੍ਹਾਂ ਸੂਦਖੋਰ ਸ਼ਾਹੂਕਾਰ ਸਰਗਰਮੀਆਂ ਵਿੱਚ ਪੈਂਦਿਆਂ ਬੈਠੇ-ਬਿਠਾਏ ਵੱਡੇ ਮੁਨਾਫੇ ਬਟੋਰਨ ਵਿੱਚ ਸਫਲ ਹੋ ਜਾਂਦੀਆਂ ਹਨ। ਇਸ ਵਰ੍ਹੇ ਫਰਵਰੀ ਵਿੱਚ ਵਿੱਤ ਰਾਜ ਮੰਤਰੀ ਵੱਲੋਂ ਪਾਰਲੀਮੈਂਟ ਵਿੱਚ ਕਿਹਾ ਗਿਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਨਿੱਜੀ ਕਾਰਪੋਰੇਟ ਕੰਪਨੀਆਂ ਦੇ ਅਜਿਹੇ 154 ਮਾਮਲਿਆਂ ਦਾ ਪਤਾ ਲੱਗਿਆ ਹੈ, ਜਿਹਨਾਂ ਵੱਲੋਂ ਵਿਦੇਸ਼ੀ ਵਪਾਰਕ ਕਰਜ਼ੇ ਚੁੱਕ ਕੇ ਹਾਸਲ ਕੀਤੀ ਪੂੰਜੀ ਦੀ ਦੁਰਵਰਤੋਂ ਕੀਤੀ ਗਈ ਹੈ ਜਾਂ ਇਹਨਾਂ ਨੂੰ ਹੋਰਨਾਂ ਕੰਮਾਂ ਵਾਸਤੇ ਵਰਤਿਆ ਗਿਆ ਹੈ। ਭਾਵੇਂ ਇਹ ਪੂੰਜੀ ਇੱਕ ਜਾਂ ਦੂਜੀ ਸ਼ਕਲ ਵਿੱਚ ਕੀਤੇ ਜਾਣ ਵਾਲੇ ਪੈਦਾਵਾਰੀ ਨਿਵੇਸ਼ ਵਾਸਤੇ ਜੁਟਾਈ ਗਈ ਸੀ, ਪਰ ਇਸ ਨੂੰ ''ਚਲੰਤ ਪੂੰਜੀ, ਆਮ ਕਾਰਪੋਰੇਟ ਮੰਤਵ ਅਤੇ ਕਿਸੇ ਦੂਜੀ ਕੰਪਨੀ ਨੂੰ ਉਧਾਰ ਦੇਣ'' ਲਈ ਖਰਚ ਕਰ ਦਿੱਤਾ ਗਿਆ।''
ਅਨਿੱਲ ਅੰਬਾਨੀ ਦੀ ਰਿਲਾਇੰਸ ਕਮਿਊਨੀਕੇਸ਼ਨਜ਼, ਰਿਲਾਇੰਸ ਇੰਫਰਾਟੈੱਲ, ਹੂਆ ਵੇਈ ਤਕਨਾਲੋਜੀ, ਵਾਲਟ ਡਿਜ਼ਨੀ ਕੰਪਨੀ (ਇੰਡੀਆ), ਸੋਲਿਊਸ਼ਨਜ਼, ਸ੍ਰੀ ਅਧਿਕਾਰੀ ਬ੍ਰਦਰਜ਼, ਟੈਲੀਵਿਜ਼ਨ ਨੈੱਟਵਰਕਸ਼, ਡੀ.ਬੀ. ਕਾਰਪਸ ਲਿਮਟਿਡ ਆਦਿ ਕੰਪਨੀਆਂ ਜ਼ਿਕਰ ਅਧੀਨ ਠੱਗੀ ਕਾਰੋਬਾਰ ਦੀਆਂ ਦੋਸ਼ੀ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੜਤਾਲ ਦੇ ਆਧਾਰ 'ਤੇ ਦੋਸ਼ੀ ਠਹਿਰਾਈਆਂ ਹੋਣ ਦੇ ਬਾਵਜੂਦ ਵੀ, ਹਕੂਮਤ ਵੱਲੋਂ ਟਾਟਾ ਪਾਵਰ, ਰਿਲਾਇੰਸ ਕਮਿਊਨੀਕੇਸ਼ਨਜ਼, ਰਿਲਾਇੰਸ ਇਨਫਰਾਸਟਰੱਕਚਰ, ਰਿਲਾਇੰਸ ਪਾਵਰ ਅਤੇ ਜੈ ਪ੍ਰਕਾਸ਼ ਐਸੋਸੀਏਟਸ ਵਰਗੀਆਂ ਕੰਪਨੀਆਂ ਨੂੰ ਹੋਰ ਬਾਹਰੀ ਵਪਾਰਕ ਕਰਜ਼ਾ (ਈ.ਸੀ.ਬੀ.) ਚੁੱਕਣ ਦੀ ਇਜ਼ਾਜਤ ਦਿੱਤੀ ਗਈ ਹੈ। 
ਵਿਦੇਸ਼ਾਂ ਤੋਂ ਸਸਤਾ ਕਰਜ਼ਾ ਚੁੱਕ ਕੇ ਅਤੇ ਮੁਲਕ ਵਿੱਚ ਉੱਚੀਆਂ ਵਿਆਜ ਦਰਾਂ 'ਤੇ ਕਰਜ਼ਾ ਦੇ ਕੇ ਮੋਟੀ ਕਮਾਈ ਕਰਨ  ਦੇ ਇਸ ਧੰਦੇ ਵਿੱਚ ਮੁਕੇਸ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਕੋਈ ਸਾਨੀ ਨਹੀਂ ਹੈ। ਮਾਰਚ-ਅਪ੍ਰੈਲ 2012 ਵਿੱਚ ਇਸ ਵੱਲੋਂ 8200 ਕਰੋੜ ਰੁਪਏ ਦਾ ਵਿਦੇਸ਼ੀ ਕਰਜ਼ਾ ਚੁੱਕਿਆ ਗਿਆ। ਦਸੰਬਰ 2012 ਤੱਕ ਇਸ ਦੇ ਪੱਲੇ ਕੁੱਲ 72,266 ਕਰੋੜ ਰੁਪਏ ਦਾ ਕਰਜ਼ਾ ਸੀ, ਜਿਸਦਾ ਵੱਡਾ ਹਿੱਸਾ ਵਿਦੇਸ਼ਾਂ 'ਚੋਂ ਚੁੱਕਿਆ ਗਿਆ ਸੀ। ਇਸ ਤੋਂ ਇਲਾਵਾ, ਇਸ ਕੋਲ ਨਕਦੀ ਅਤੇ ਨਕਦੀ ਮੁਤਬਾਦਲ ਕਾਰਡਾਂ ਦੀ ਸ਼ਕਲ ਵਿੱਚ 80,962 ਕਰੋੜ ਰੁਪਏ ਜਮ੍ਹਾਂ ਸਨ। ਪਰ ਇਸ ਰਾਸ਼ੀ ਨੂੰ ਆਪਣਾ ਕਰਜ਼ਾ ਉਤਾਰਨ ਲਈ ਵਰਤਣ ਦੀ ਬਜਾਇ ਇਸ ਵੱਲੋਂ ਇਹ ਪੂੰਜੀ ਵਿਆਜ ਦੇ ਰੂਪ ਵਿੱਚ ਮੋਟੀ ਕਮਾਈ ਦੇਣ ਵਾਲੇ ਕਾਰੋਬਾਰਾਂ ਨੂੰ ਕਰਜ਼ੇ ਵਜੋਂ ਦੇ ਦਿੱਤੀ ਗਈ। ਇਉਂ, ਇਸ ਕਾਰਪੋਰੇਟ ਕੰਪਨੀ ਦਾ ''ਨਾ ਹਿੰਗ ਲੱਗਿਆ, ਨਾ ਫਟਕੜੀ'' ਪਰ ਮੋਟੀ ਵਿਆਜ ਕਮਾਈ ਆਪਣੀ ਝੋਲੀ ਪਾ ਕੇ ਚੱਲਦੀ ਬਣੀ। 
ਉਪਰੋਕਤ ਜ਼ਿਕਰ ਦਰਸਾਉਂਦਾ ਹੈ ਕਿ ਨਿੱਜੀ ਕਾਰਪੋਰੇਟ ਖੇਤਰ ਦੀਆਂ ਕੰਪਨੀਆਂ ਪੈਦਾਵਾਰੀ ਅਸਾਸੇ (ਕਾਰਖਾਨੇ, ਮਸ਼ੀਨਰੀ, ਸੜਕਾਂ, ਬੰਦਰਗਾਹਾਂ ਵਗੈਰਾ) ਸਿਰਜਣ ਦੀ ਸਰਗਰਮੀ ਵਿੱਚ ਪੂੰਜੀ ਲਾਉਣ ਦੀ ਬਜਾਇ, ਵਿੱਤੀ ਅਸਾਸੇ ਅਤੇ ਸੱਟੇਬਾਜ਼ ਸਰਗਰਮੀ ਵਿੱਚ ਪੂੰਜੀ ਲਾਉਣ ਨੂੰ ਤਰਜੀਹ ਦੇ ਕੇ ਚੱਲ ਰਹੀਆਂ ਹਨ। ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਗੈਰ-ਵਿੱਤੀ ਨਿੱਜੀ ਕਾਰਪੋਰੇਟ ਖੇਤਰ ਬਾਰੇ ਪਿੱਛੇ ਜਿਹੇ ਕੀਤੀ ਪੜਤਾਲ ਵੀ ਇਸੇ ਗੱਲ ਦੀ ਪੁਸ਼ਟੀ ਕਰਦੀ ਹੈ। ਇਸ ਪੜਤਾਲੀਆ ਰਿਪੋਰਟ ਵਿੱਚ ਦਰਸਾਇਆ  ਗਿਆ ਹੈ ਕਿ 2007-08 ਤੋਂ ਲੈ ਕੇ 2011-12 ਦੇ ਪੰਜ ਸਾਲਾਂ ਦੌਰਾਨ ਕੁਲ ਸਥਿਰ ਅਸਾਸਿਆਂ (ਕਾਰਖਾਨੇ, ਮਸ਼ੀਨਰੀ, ਬੰਦਰਗਾਹਾਂ, ਸੜਕਾਂ ਆਦਿ) ਦਾ ਸਮੁੱਚੇ ਅਸਾਸਿਆਂ ਵਿੱਚ ਹਿੱਸਾ ਸੁੰਗੜਿਆ ਹੈ, ਜਦੋਂ ਕਿ ਵਿੱਤੀ ਸਰਗਰਮੀਆਂ ਵਿੱਚ ਨਿਵੇਸ਼ ਦਾ ਹਿੱਸਾ ਵਧਿਆ ਹੈ। ਇਸੇ ਤਰ੍ਹਾਂ ਕਰਜਿਆਂ ਅਤੇ ਪੇਸ਼ਗੀ ਅਦਾਇਗੀਆਂ ਦਾ ਹਿੱਸਾ ਵਧਿਆ ਹੈ। ਸਥਿਰ ਅਸਾਸਿਆਂ ਦਾ ਹਿੱਸਾ 38.5 ਤੋਂ ਘੱਟ ਕੇ 33 ਪ੍ਰਤੀਸ਼ਤ ਹੋ ਗਿਆ ਹੈ ਅਤੇ ਵਿੱਤੀ ਸਰਗਰਮੀਆਂ ਸਮੇਤ ਕਰਜ਼ਿਆਂ ਤੇ ਪੇਸ਼ਗੀ ਅਦਾਇਗੀਆਂ ਦਾ ਹਿੱਸਾ 40.5 ਪ੍ਰਤੀਸ਼ਤ ਤੋਂ ਵਧ ਕੇ 45.7 ਪ੍ਰਤੀਸ਼ਤ ਹੋ ਗਿਆ ਹੈ। 
ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਅੰਕੜੇ ਇਹ ਵੀ ਦਿਖਾਉਂਦੇ ਹਨ ਕਿ ਕਾਰਪੋਰੇਟ ਖੇਤਰ ਦੇ ਪੈਦਾਵਾਰੀ ਅਮਲ ਦੀ ਔਸਤਨ ਮੁਨਾਫਾ ਦਰ 0.2 ਪ੍ਰਤੀਸ਼ਤ ਸਾਲਾਨਾ ਚੱਲ ਰਹੀ ਹੈ, ਜਦੋਂ ਕਿ ਗੈਰ-ਉਪਜਾਊ ਪਰਜੀਵੀ ਸਰਗਰਮੀ ਵਿੱਚੋਂ ਮੁਨਾਫਾ ਕਮਾਈ ਦੀ ਦਰ 50 ਪ੍ਰਤੀਸ਼ਤ ਦੇ ਨੇੜੇ ਤੇੜੇ ਤੱਕ ਵੀ ਹੈ। ਮੁੰਬਈ ਸਟਾਕ ਐਕਸਚੇਂਜ ਵਿੱਚ ਦਰਜ਼ 200 ਕੰਪਨੀਆਂ ਦੇ ਕੁੱਲ ਮੁਨਾਫੇ ਦਾ ਤੀਜਾ ਹਿੱਸਾ ਅਜਿਹੀਆਂ ਗੈਰ-ਉਪਜਾਊ ਵਿੱਤੀ ਸਰਗਰਮੀਆਂ ਵਿੱਚੋਂ ਆਉਂਦਾ ਹੈ। ਇਹ ਗੱਲ ਵੀ ਦਿਖਾਉਂਦੀ ਹੈ ਕਿ ਅੱਜ ਕਾਰਪੋਰੇਟ ਖੇਤਰ ਦੀ ਗੈਰ-ਉਪਜਾਊ, ਸੱਟੇਬਾਜ਼ ਅਤੇ ਪਰਜੀਵੀ ਸਰਗਰਮੀ ਨਾਲੋਂ ਪੈਦਾਵਾਰੀ ਸਰਗਰਮੀ ਵਿੱਚ ਦਿਲਚਸਪੀ ਘਟ ਰਹੀ ਹੈ। ਅਸਲ ਵਿੱਚ, ਇਹ ਅਮਲ ਸਾਮਰਾਜੀ ਵਿੱਤੀ ਪੂੰਜੀ ਦੇ ਪਰਜੀਵੀ ਲੱਛਣ ਦਾ ਹੀ ਇੱਕ ਉੱਭਰਵਾਂ ਇਜ਼ਹਾਰ ਹੈ। 
ਇਉਂ, ਗੈਰ-ਪੈਦਾਵਾਰੀ ਸੱਟੇਬਾਜ਼ ਅਤੇ ਪਰਜੀਵੀ ਸਰਗਰਮੀਆਂ ਵੱਲ ਪੂੰਜੀ ਦੇ ਵਹਾਅ ਕਰਕੇ ਦੋ ਪਾਸਿਉਂ ਪੈਦਾਵਾਰੀ ਅਮਲ ਨੂੰ ਢਾਹ ਲੱਗ ਰਹੀ ਹੈ: ਇੱਕ- ਦੇਸੀ-ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੇਠਲੇ ਕਾਰਪੋਰੇਟ ਖੇਤਰ ਵਿੱਚ ਪੈਦਾਵਾਰੀ ਅਮਲ (ਸਨਅੱਤੀ ਪੈਦਾਵਾਰ, ਬੁਨਿਆਦੀ ਢਾਂਚਾ ਉਸਾਰੀ) ਦੇ ਅਮਲ ਦੀ ਰਫਤਾਰ ਲਗਾਤਾਰ ਮੱਠੀ ਪੈ ਰਹੀ ਹੈ। ਵਿੱਤ ਮੰਤਰੀ ਅਨੁਸਾਰ ਸਨਅੱਤੀ ਪੈਦਾਵਾਰ ਦੀ ਦਰ 0.6 ਪ੍ਰਤੀਸ਼ਤ 'ਤੇ ਆ ਡਿਗੀ ਹੈ। ਇਸ ਸਨਅੱਤੀ ਪੈਦਾਵਾਰੀ ਅਮਲ ਦੀ ਖੜੋਤ ਅਤੇ ਸੰਕਟਗ੍ਰਸਤ ਹੋਣ ਦੇ ਸਿੱਟੇ ਵਜੋਂ ਇਸ ਖੇਤਰ ਅੰਦਰ ਪੂੰਜੀ ਨਿਵੇਸ਼ ਵਿੱਚ ਖੜੋਤ ਆ ਰਹੀ ਹੈ। ਛਾਂਟੀਆਂ ਹੋ ਰਹੀਆਂ ਹਨ, ਬੇਰੁਜ਼ਗਾਰੀ ਫੈਲ ਰਹੀ ਹੈ। ਆਰਥਿਕਤਾ ਦੇ ਸਭ ਖੇਤਰਾਂ ਵਿੱਚ ਇਸਦੇ ਢਾਹੂ/ਤਬਾਹਕਰੂ ਅਸਰ ਪੈ ਰਹੇ ਹਨ। ਜਿਸ ਕਰਕੇ, ਮੁਲਕ ਦੀ ਪਹਿਲੋਂ ਉੱਘੜੀ-ਦੁੱਘੜੀ ਤੇ ਸੰਕਟਗ੍ਰਸਤ ਆਰਥਿਕਤਾ ਹੋਰ ਵੀ ਸੰਕਟ ਮੂੰਹ ਧੱਕੀ ਜਾ ਰਹੀ ਹੈ। ਦੂਜਾ- ਬੈਂਕਾਂ ਅਤੇ ਪੂੰਜੀ ਦੇ ਸੋਮਿਆਂ ਦੀ ਵਿਆਜ ਦਰ ਉੱਚੀ ਰਹਿ ਰਹੀ ਹੈ। ਪੈਦਾਵਾਰੀ ਸਰਗਰਮੀ ਲਈ ਉੱਚੀਆਂ ਵਿਆਜ ਦਰਾਂ 'ਤੇ ਪੂੰਜੀ ਚੁੱਕਣਾ ਨਿਵੇਸ਼ਕਾਰਾਂ ਖਾਸ ਕਕੇ ਛੋਟੇ ਕਾਰੋਬਾਰੀਆਂ ਤੇ ਛੋਟੇ ਸਨਅੱਤਕਾਰਾਂ ਨੂੰ ਵਾਰਾ ਨਹੀਂ ਖਾਂਦਾ। ਜਿਸ ਕਰਕੇ, ਇੱਕ ਪਾਸੇ ਤਰਕਸੰਗਤ ਮੁਕਾਬਲਤਨ ਸਸਤੀਆਂ ਵਿਆਜ ਦਰਾਂ 'ਤੇ ਪੂੰਜੀ ਦੀ ਤੋਟ ਕਰਕੇ ਅਤੇ ਦੂਜੇ ਪਾਸੇ ਕੱਚੇ ਮਾਲ ਤੇ ਊਰਜਾ ਵਸਤਾਂ (ਤੇਲ, ਗੈਸ) ਦੀਆਂ ਕੀਮਤਾਂ ਵਧਣ ਕਰਕੇ ਛੋਟੇ ਕਾਰੋਬਾਰ ਤੇ ਸਨਅੱਤਾਂ ਸੰਕਟ ਮੂੰਹ ਧੱਕੀਆਂ ਜਾ ਰਹੀਆਂ ਹਨ। ਅਗਲੀ ਗੱਲ- ਛੋਟੀਆਂ ਸਨਅੱਤਾਂ ਬਹੁਤਾ ਕਰਕੇ ਕਾਰਪੋਰੇਟ ਸਨਅੱਤ ਦੇ ਮਾਤਹਿਤ ਪੂਰਕ ਖੇਤਰ ਵਜੋਂ ਕੰਮ ਕਰਦੀਆਂ ਹਨ ਅਤੇ ਕਾਰਪੋਰੇਟ ਖੇਤਰ ਹੀ ਇਹਨਾਂ ਦੇ ਤਿਆਰ ਮਾਲ ਦਾ ਗਾਹਕ ਹੁੰਦਾ ਹੈ। ਪਰ ਕਾਰਪੋਰੇਟ ਖੇਤਰ ਦੀਆਂ ਪੈਦਾਵਾਰੀ ਸਰਗਰਮੀਆਂ ਦੀ  ਹੇਠਾਂ ਡਿਗ ਰਹੀ ਦਰ ਛੋਟੀਆਂ ਸਨਅੱਤਾਂ ਦੇ ਮਾਲ ਦੀ ਮੰਗ ਨੂੰ ਸੁੰਗੇੜਨ ਦਾ ਇੱਕ ਪ੍ਰਮੁੱਖ ਕਾਰਣ ਬਣ ਰਹੀ ਹੈ। ਜ਼ਰੱਈ ਖੇਤਰ ਤੋਂ ਬਾਅਦ ਰੁਜ਼ਗਾਰ ਦਾ ਸਭ ਤੋਂ ਵੱਡਾ ਸੋਮਾ ਬਣਦੀਆਂ ਛੋਟੀਆਂ ਸਨਅੱਤਾਂ ਤੇ ਕਾਰੋਬਾਰੀ ਇਕਾਈਆਂ ਧੜਾਧੜ ਸੰਕਟ ਮੂੰਹ ਜਾ ਰਹੀਆਂ ਹਨ ਅਤੇ ਬੰਦ ਹੋ ਰਹੀਆਂ ਹਨ। ਜਿਸ ਕਰਕੇ ਇਸ ਖੇਤਰ ਵਿੱਚ ਕੰਮ ਕਰਦੇ ਲੱਖਾਂ ਕਾਮੇ ਬੇਰੁਜ਼ਗਾਰੀ ਦੇ ਮੂੰਹ ਧੱਕੇ ਜਾ ਰਹੇ ਹਨ।

No comments:

Post a Comment