Friday, May 10, 2013

ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਦਾਸਤਾਂ


ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਦਾਸਤਾਂ
—ਅਮੋਲਕ ਸਿੰਘ
ਖਟਕੜ ਕਲਾਂ, ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਪ੍ਰਤੀ ਪੁਰਾਤਤਵ ਵਿਭਾਗ, ਪ੍ਰਸ਼ਾਸਨ ਅਤੇ ਹੁਕਮਰਾਨਾਂ ਦਾ ਜੇ ਬੇਰੁਖ਼ੀ ਭਰਿਆ ਰਵੱਈਆ ਰਿਹਾ ਤਾਂ ਸ਼ਹੀਦ ਭਗਤ ਸਿੰਘ ਅਤੇ ਉਸਨੂੰ ਇਨਕਲਾਬੀ ਵਿਚਾਰਾਂ ਦੀ ਗੁੜ੍ਹਤੀ ਦੇਣ ਵਾਲੇ ਮਾਪਿਆਂ, ਦਾਦਾ ਅਰਜਣ ਸਿੰਘ ਅਤੇ ਚਾਚਾ ਅਜੀਤ ਸਿੰਘ ਵਰਗਿਆਂ ਦੀ ਇਹ ਪ੍ਰੇਰਨਾਮਈ ਕੌਮੀ ਯਾਦਗਾਰ ਮਲ਼ਬੇ ਦਾ ਢੇਰ ਬਣਕੇ ਰਹਿ ਜਾਏਗੀ।
1947 ਤੋਂ ਅੱਜ ਤੱਕ ਕੋਈ ਪੌਣੀ ਸਦੀ ਦਾ ਅਰਸਾ ਬੀਤ ਜਾਣ 'ਤੇ ਇਸ ਯਾਦਗਾਰ ਦੀ ਸਿੱਕੇਬੰਦ ਸਾਂਭ-ਸੰਭਾਲ ਦਾ ਕੰਮ ਅਜੇ ਸਰਕਾਰੀ ਫਾਈਲਾਂ ਦੀ ਪਰਕਰਮਾ ਤੱਕ ਸੀਮਤ ਹੈ। ਕਿਸੇ ਦਿਨ ਜੱਦੀ ਘਰ ਥੇਹ ਬਣ ਜਾਣ ਦੀ ਸੁਰਖ਼ੀ ਅਖ਼ਬਾਰੀ ਪੰਨਿਆਂ 'ਤੇ ਪੜ੍ਹਨ ਨੂੰ ਮਿਲ ਸਕਦੀ ਹੈ। ਇੱਟਾਂ ਖੁਰ ਅਤੇ ਭੁਰ ਰਹੀਆਂ ਹਨ। ਕਮਰਿਆਂ ਦੇ ਅੰਦਰਲੇ ਬੰਨੇ ਗਾਰੇ ਦੀ ਚਿਣਾਈ ਵਾਲੀਆਂ ਕੰਧਾਂ ਤੋਂ ਖਲੇਪੜ ਡਿਗ ਰਹੇ ਹਨ। ਬਾਲਿਆਂ, ਸ਼ਤੀਰੀਆਂ ਅਤੇ ਦਰਵਾਜ਼ਿਆਂ ਨੂੰ ਸਿਉਂਕ ਖਾ ਰਹੀ ਹੈ। ਸਿੱਲ੍ਹ, ਬਰਸਾਤਾਂ, ਤੇਜ ਧੁੱਪ, ਤੇਜ ਠੰਢ ਆਦਿ ਤੋਂ ਅਸੁਰੱਖਿਅਤ ਘਰ ਦੀ ਹਰ ਪਲ ਉਮਰ ਬੀਤਦੀ ਜਾ ਰਹੀ ਹੈ। ਕਮਰਿਆਂ ਨੂੰ ਅਕਸਰ ਤਾਲੇ ਲੱਗੇ ਰਹਿੰਦੇ ਹਨ। ਕਮਰਿਆਂ ਅੰਦਰ ਧੁੱਪ ਅਤੇ ਹਵਾ ਤੱਕ ਨਹੀਂ ਜਾ ਰਹੀ। ਨੰਗੀਆਂ ਛੱਤਾਂ ਉਪਰ ਹਰ ਮੌਸਮ ਆਪਣਾ ਕਹਿਰ ਢਾਅ ਰਿਹਾ ਹੈ।
'ਨੇੜੇ ਆਈ ਜੰਨ, ਵਿਨ੍ਹੋਂ ਕੁੜੀ ਦੇ ਕੰਨ' ਦੀ ਕਹਾਵਤ ਅਨੁਸਾਰ ਜਦੋਂ 28 ਸਤੰਬਰ ਦਾ ਜਨਮ-ਦਿਹਾੜਾ ਅਤੇ 23 ਮਾਰਚ ਸ਼ਹੀਦੀ ਦਿਹਾੜਾ ਬਰੂਹਾਂ 'ਤੇ ਹੁੰਦਾ ਹੈ ਤਾਂ ਗਿੱਲੀ ਤੂੜੀ ਮਿੱਟੀ ਦਾ ਲੱਥੇ ਖਲੇਪੜਾਂ ਉੱਪਰ ਪੋਚਾ ਫੇਰ ਦਿੱਤਾ ਜਾਂਦਾ ਹੈ ਤਾਂ ਜੋ ਸਰਕਾਰੀ, ਗੈਰ ਸਰਕਾਰੀ ਸਮਾਗਮਾਂ ਮੌਕੇ ਆਏ ਲੋਕਾਂ ਲਈ ਇਹ ਢਕੀ ਰਿੱਝਦੀ ਰਹੇ। ਅਜੋਕੇ ਯੁੱਗ ਅੰਦਰ ਕਿੰਨੇ ਹੀ ਚਿਰ ਸਥਾਈ ਵਿਗਿਆਨਕ ਤਰੀਕੇ ਸਾਂਭ ਸੰਭਾਲ ਲਈ ਉਪਲਬਧ ਹਨ, ਉਹ ਅਨਪਾਉਣ ਦੀ ਬਜਾਏ ਬੁੱਤਾ ਸਾਰਿਆ ਜਾ ਰਿਹਾ ਹੈ।
ਅਜੇ ਵੀ ਸ਼ਾਇਦ ਵੇਲਾ ਹੈ ਕਿ ਡੰਗ-ਟਪਾਊ ਅਤੇ ਬੇਰੁਖ਼ੀ ਭਰਿਆ ਰਵੱਈਆ ਛੱਡ ਕੇ, ਯੋਗ ਇੰਜਨੀਅਰਾਂ ਦੇ ਪੈਨਲ ਰਾਹੀਂ ਪੂਰੇ ਘਰ ਨੂੰ ਮੁਕੰਮਲ ਤੌਰ ਤੇ ਅਜੇਹੇ ਵਿਸ਼ੇਸ਼ ਸ਼ੈਡ ਦੀ ਛੱਤ ਨਾਲ ਸੰਭਾਲਿਆ ਜਾਏ ਤਾਂ ਜੋ ਲੋੜੀਂਦੀ ਧੁੱਪ, ਰੋਸ਼ਨੀ ਅਤੇ ਹਵਾਹਾਰਾ ਵੀ ਬਣਿਆ ਰਹੇ ਅਤੇ ਵੰਨ-ਸੁਵੰਨੇ ਮਾਰੂ ਮੌਸਮਾਂ ਦੀ ਮਾਰ ਤੋਂ ਵੀ ਘਰ ਨੂੰ ਸੁਰੱਖਿਅਤ ਰੱਖਿਆ ਜਾਵੇ। ਇਸਦੇ ਮੁੱਖ ਦੁਆਰ ਅਤੇ ਕਮਰਿਆਂ ਦੇ ਮੱਥਿਆਂ ਵਾਲਾ ਪਾਸਾ ਇਉਂ ਸੰਭਾਲਿਆ ਜਾਏ ਕਿ ਆਉਣ ਵਾਲੇ ਲੋਕਾਂ ਲਈ ਕਮਰਿਆਂ ਅੰਦਰ ਪਿਆ ਸਮਾਨ ਅਰਾਮ ਨਾਲ ਦਿਖਾਈ ਵੀ ਦੇਵੇ ਅਤੇ ਕੋਈ ਖਰਾਬ ਵੀ ਨਾ ਕਰ ਸਕੇ।
ਘੋਖਵੀਆਂ ਨਜ਼ਰਾਂ ਲਈ ਧਿਆਨ ਖਿੱਚਵਾਂ ਇੱਕ ਪੱਖ ਹੋਰ ਵੀ ਹੈ। ਇੱਕ ਬੰਨੇ ਜੱਦੀ ਘਰ ਮੰਦੜੇ ਹਾਲ ਹੈ, ਦੂਜੇ ਬੰਨੇ ਸੜਕ ਤੇ ਪਹਿਲਾਂ ਬਣੇ ਅਜਾਇਬ ਘਰ ਨੂੰ ਢਹਿ ਢੇਰੀ ਕਰਕੇ, ਆਧੁਨਿਕਤਾ ਅਤੇ ਨਵੀਨੀਕਰਣ ਦੇ ਨਾਂਅ ਹੇਠ ਵੱਡ-ਆਕਾਰੀ ਡਿਜ਼ਾਇਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਚਾਲੂ ਹੈ। ਇਹ ਡਿਜ਼ਾਇਨਿੰਗ ਮੂੰਹੋਂ ਬੋਲਦੀ ਹੈ ਕਿ ਅਜਾਇਬ ਘਰ ਤਾਂ ਅਣਸਰਦੇ ਨੂੰ ਰੱਖਣਾ ਹੀ ਪੈਣਾ ਹੈ ਅਸਲ 'ਚ ਤਾਜਾ ਗ੍ਰਹਿਣ ਕੀਤੀ ਜ਼ਮੀਨ ਦੇ ਵਿਸ਼ਾਲ ਰਕਬੇ ਵਿਚ ਰੈਸਟੋਰੈਂਟ ਉਸਾਰਿਆ ਜਾਏਗਾ। ਨਕਸ਼ੇ ਦਾ ਬਣਿਆ ਮਾਡਲ ਇਸਦੀ ਗਵਾਹੀ ਭਰਦਾ ਹੈ। ਬਹੁਤ ਹੀ ਅਛੋਪਲੇ ਜਿਹੇ ਅੰਦਾਜ਼ ਵਿਚ ਇਤਿਹਾਸਕ ਯਾਦਗਾਰ ਦਾ ਪ੍ਰਭਾਵ ਪਰਦੇ ਪਿੱਛੇ ਕਰਨ, ਸ਼ਹੀਦ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਜੋ ਅਜੋਕੇ ਸਮੇਂ 'ਚ ਆਏ ਦਿਨ ਹੋਰ ਵੀ ਪ੍ਰਸੰਗਕ ਹੋ ਰਹੀ ਹੈ ਉਸਨੂੰ ਕੇਂਦਰ ਵਿਚ ਲਿਆਉਣ ਦੀ ਬਜਾਏ ਇਸਦੀ ਇਤਿਹਾਸਕ ਮਹੱਤਤਾ ਖੋਰਕੇ ਇਸਨੂੰ ਸੈਰਗਾਹ ਦੇ ਰੂਪ ਵਿਚ ਤਬਦੀਲ ਕਰਨ ਦੇ ਮਨਸ਼ੇ ਪਲ ਰਹੇ ਹਨ। ਅਜੇਹਾ ਹੀ ਯਤਨ ਜਲ੍ਹਿਆਂਵਾਲਾ ਬਾਗ਼ ਵਿਚ ਕੀਤਾ ਗਿਆ। ਸ਼ਹੀਦ ਮਦਨ ਲਾਲ ਢੀਂਗਰਾ ਦਾ ਘਰ ਵੇਚ ਕੇ, ਮਲਬੇ 'ਚ ਬਦਲ ਕੇ ਕੀਤਾ ਗਿਆ। ਇਤਿਹਾਸਕ ਥਾਵਾਂ ਅਤੇ ਇਤਿਹਾਸਕ ਨਾਇਕਾਂ ਦੀ ਹਕੀਕੀ ਮਹੱਤਤਾ ਦਾ ਮੁਹਾਂਦਰਾ ਬਦਲਣ ਦਾ ਆਪਣਾ ਇਕ ਇਤਿਹਾਸ ਹੈ। ਸਾਡੀ ਨਵ-ਪੀੜ੍ਹੀ ਨੂੰ ਇਸ ਦਿਸ਼ਾ ਵੱਲ ਹੀ ਧੂਹਿਆ ਜਾ ਰਿਹਾ ਹੈ। 
ਜੱਦੀ ਘਰ ਦੀ ਸੁਰੱਖਿਆ ਦੇ ਨਾਲ ਨਾਲ ਇਸ ਨਾਲ ਜੁੜਵੇਂ ਕੁਝ ਹੋਰ ਪੱਖ ਵੀ ਵਿਸ਼ੇਸ਼ ਧਿਆਨ ਖਿੱਚਦੇ ਹਨ। ਜੱਦੀ ਘਰ ਦੇ ਨਾਲ ਗੰਦਗੀ ਭਰਿਆ ਛੱਪੜ ਹੋਇਆ ਕਰਦਾ ਸੀ। ਪ੍ਰੈਸ, ਇਨਕਲਾਬੀ ਜੱਥੇਬੰਦੀਆਂ ਅਤੇ ਨਗਰ ਨਿਵਾਸੀਆਂ ਦੇ ਉੱਦਮ ਨਾਲ ਇਹ ਛੱਪੜ ਪੂਰ ਕੇ ਖ਼ੂਬਸੂਰਤ ਪਾਰਕ ਬਣਾਇਆ ਗਿਆ। ਇਸਨੂੰ ਜੱਦੀ ਘਰ ਨਾਲ ਜੋੜਿਆ ਗਿਆ। ਫੁਆਰੇ ਅਤੇ ਫੁੱਲ ਬੂਟੇ ਲਗਾਏ ਗਏ। ਅੱਜ ਕੱਲ੍ਹ ਫੁਆਰਾ ਬੰਦ ਹੈ। ਪਾਣੀ ਮੁੱਕਿਆ ਹੈ। ਫੁੱਲ ਬੂਟਾ ਸੁੱਕਿਆ ਹੈ। ਘਾਹ ਅਤੇ ਬੂਟੀ ਜੋਬਨ ਤੇ ਹੈ। ਖਾਸ ਕਰਕੇ ਲਾਇਬਰੇਰੀ ਦੀਆਂ ਬਾਰੀਆਂ ਦੇ ਮੋਢਿਆਂ ਤੱਕ ਬੂਟੀ ਖੜ੍ਹੀ ਹੈ। ਲਾਇਬਰੇਰੀ ਮੰਗਵੇਂ ਸਾਹਾਂ ਤੇ ਚਲ ਰਹੀ ਹੈ। ਦੋ ਦੀ ਥਾਂ ਹੁਣ ਮੁਲਾਜਮ ਇਕ ਕਰ ਦਿੱਤਾ ਹੈ। ਉਹ ਬੰਗਿਆਂ ਤੋਂ ਆਉਂਦਾ ਹੋਇਆ ਕਿਸੇ ਘਰੋਂ ਜਾਤੀ ਤੌਰ ਤੇ ਇੱਕ ਦੋ ਅਖ਼ਬਾਰਾਂ ਚੁੱਕ ਲਿਆਉਂਦਾ ਹੈ। ਦੋ ਘੰਟੇ ਲਾਇਬਰੇਰੀ ਖੋਲ੍ਹਕੇ ਜਾਂਦਾ ਹੋਇਆ ਅਖ਼ਬਾਰਾਂ ਨਾਲ ਲਿਜਾ ਕੇ ਬੰਗੀਂ ਉਸੇ ਘਰ ਵਾਪਸ ਕਰ ਦਿੰਦਾ ਹੈ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੀ ਯਾਦ 'ਚ 100 ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਸੀ। ਅੱਜ ਕੱਲ੍ਹ ਇਹ 5 ਬਿਸਤਰੇ ਦਾ ਬਣ ਕੇ ਰਹਿ ਗਿਆ। ਦਵਾਈਆਂ ਅਤੇ ਸਾਜੋ ਸਾਮਾਨ ਦਾ 'ਕਾਲ ਪਿਆ ਹੈ। 
ਇਹ ਸਭ ਕੁਝ ਅਨੇਕਾਂ ਸੁਆਲਾਂ ਨੂੰ ਜਨਮ ਦਿੰਦਾ ਹੈ। ਇਤਿਹਾਸ ਨੂੰ ਕੋਈ ਆਪਣੀ ਮੁੱਠੀ 'ਚ ਕੈਦ ਨਹੀਂ ਕਰ ਸਕਦਾ। ਨਾ ਹੀ ਕੋਈ ਬੇੜੀਆਂ ਪਾ ਸਕਦਾ ਹੈ। ਵਿਸ਼ੇਸ਼ ਕਰਕੇ ਅਜੋਕੇ ਸਮੇਂ ਅੰਦਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉਪਰ ਪਰਦੇ ਪਾਉਣ ਦੇ ਸਾਰੇ ਯਤਨ ਨਾਕਾਮ ਰਹਿਣਗੇ। ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀਆਂ ਖੁਰਦੀਆਂ ਕੰਧਾਂ ਉਪਰ ਉੱਕਰੇ ਅਤੇ ਪੌਣਾਂ 'ਚ ਲਿਖੇ ਸ਼ਹੀਦ ਦੇ ਬੋਲ ਕਿਸੇ ਵੀ ਬੇ-ਰੁਖੀ ਦੇ ਬਾਵਜੂਦ ਕਦੇ ਮਲਵਾ ਨਹੀਂ ਬਣਨਗੇ। ਉਹਨਾਂ ਫ਼ਾਂਸੀ ਦੇ ਤਖਤੇ ਤੋਂ ਕਿਹਾ ਸੀ—
''ਹਵਾ ਮੇਂ ਰਹੇਗੀ
ਹਮਾਰੇ ਖਿਆਲ ਕੀ ਬਿਜਲੀਆਂ
ਯਹ ਮੁਸ਼ਤੇ ਖ਼ਾਕ ਹੈ ਫ਼ਾਨੀ
ਰਹੇ ਰਹੇ, ਨਾ ਰਹੇ।''



.............................................................................................................................
ਮੰਨੇ-ਪ੍ਰਮੰਨੇ ਫਿਲਮਸਾਜ਼ ਸੰਜੇ ਕਾਕ ਦੁਆਰਾ ਨਿਰਦੇਸ਼ਤ 
ਦਸਤਾਵੇਜੀ ਫਿਲਮ 'ਮਾਟੀ ਕੇ ਲਾਲ' ਦੇ ਸ਼ੋਅ ਅਤੇ ਵਿਚਾਰ ਚਰਚਾ 
11 ਮਈ ਫਾਈਨ ਆਰਟ ਕਾਲਜ ਸੈਕਟਰ 10 ਚੰਡੀਗੜ੍ਹ ਸ਼ਾਮ ਢਾਈ ਵਜੇ
12 ਮਈ ਦਿਨੇ ਸਾਢੇ ਦਸ ਵਜੇ ਡੀ.ਏ.ਵੀ. ਕਾਲਜ ਅੰਮ੍ਰਿਤਸਰ
12 ਮਈ ਸ਼ਾਮ ਛੇ ਵਜੇ ਟੀਚਰਜ਼ ਹੋਮ ਬਠਿੰਡਾ

No comments:

Post a Comment