Friday, May 10, 2013

ਤਰਸੇਮ ਦੁਸਾਂਝ ਨੂੰ ਸ਼ਰਧਾਂਜਲੀ


ਤਰਸੇਮ ਦੁਸਾਂਝ ਨੂੰ ਸ਼ਰਧਾਂਜਲੀ
ਪੰਜਾਬ ਰੋਡਵੇਜ਼ ਕਾਮਿਆਂ ਦੀ ਜੁਝਾਰੂ ਜਥੇਬੰਦੀ ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ) ਦੇ ਬਾਨੀ ਸਾਥੀ ਤਰਸੇਮ ਦੁਸਾਂਝ ਦੀ 15ਵੀਂ ਬਰਸੀ 4 ਅਪ੍ਰੈਲ ਨੂੰ ਲੁਧਿਆਣਾ ਡੀਪੂ ਵਿੱਚ ਮਨਾਈ ਗਈ। ਸ਼ਰਧਾਂਜਲੀ ਸਮਾਗਮ ਵਿੱਚ ਸੂਬੇ ਦੇ ਵੱਖ ਵੱਖ ਡੀਪੂਆਂ 'ਚੋਂ 250 ਦੇ ਕਰੀਬ ਸਰਗਰਮ ਕਾਰਕੁੰਨ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਬੱਸ ਸਟੈਂਡ ਦੀ ਵਰਕਸ਼ਾਪ ਦੇ ਗੇਟ ਅੱਗੇ ਸਾਥੀ ਤਰਸੇਮ ਦੁਸਾਂਝ ਨੂੰ ਸਲਾਮੀ ਭੇਟ ਕਰਦੇ ਹੋਏ ਯੂਨੀਅਨ ਦਾ ਝੰਡਾ ਲਹਿਰਾਅ ਕੇ ਸਮੇਂ ਦੀਆਂ ਚੁਣੌਤੀਆਂ ਨਾਲ ਟੱਕਰ ਲੈਣ ਲਈ ਵਿਸ਼ਾਲ ਏਕਤਾ ਅਤੇ ਖਾੜਕੂ ਘੋਲ ਤੇਜ਼ ਕਰਨ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਰੋਡਵੇਜ਼ ਅਦਾਰੇ ਅੰਦਰ ਕੰਮ ਕਰਦੀਆਂ ਸਮੁਹ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਦੇ ਵਰਕਰ/ਆਗੂਆਂ ਨੇ ਵੀ ਗੇਟ ਰੈਲੀ ਕਰਨ ਉਪਰੰਤ ਸਾਂਝੇ ਤੌਰ 'ਤੇ ਸਾਥੀ ਦੁਸਾਂਝ ਦੀ ਯਾਦ ਵਿੱਚ ਝੁਲਾਏ ਝੰਡੇ ਦੀ ਰਸਮ ਵਿੱਚ ਸ਼ਮੂਲੀਅਤ ਕੀਤੀ। 
ਵੱਖ ਵੱਖ ਬੁਲਾਰਿਆਂ ਨੇ ਸਾਥੀ ਤਰਸੇਮ ਦੁਸਾਂਝ ਦੀ ਟਰਾਂਸਪੋਰਟ ਕਾਮਿਆਂ ਦੇ ਹੱਕਾਂ/ਹਿੱਤਾਂ ਦੀ ਪ੍ਰਾਪਤੀ ਲਈ ਸੰਘਰਸ਼ ਤੋਂ ਬਿਨਾ ਲੋਕਾਂ ਦੀ ਮੁਕਤੀ ਲਈ ਸਮੁੱਚੀ ਇਨਕਲਾਬੀ ਜਮਹੁਰੀ ਲਹਿਰ ਉਸਾਰਨ, ਲਹਿਰ ਅੰਦਰ ਅਨੇਕਾਂ ਮੌਕਾਪ੍ਰਸਤ ਰੁਝਾਨਾਂ ਖਿਲਾਫ ਡਟ ਕੇ ਟੱਕਰ ਲੈਣ ਵਾਲੇ ਅਸੂਲਪ੍ਰਸਤ ਸਾਥੀ ਦੀ ਇਨਕਲਾਬੀ ਘਾਲਣਾ ਤੋਂ ਪ੍ਰੇਰਨਾ ਲੈ ਕੇ ਪਨਬਸ ਤੇ ਪੰਜਾਬ ਰੋਡਵੇਜ਼ ਕਾਮਿਆਂ ਨੂੰ ਇੱਕਜੁੱਟ ਕਰਨ ਠੇਕੇਦਾਰੀ ਪ੍ਰਥਾ ਤੇ ਲੋਟੂ ਪ੍ਰਬੰਧ ਦੀਆਂ ਗਲਤ ਨੀਤੀਆਂ ਖਿਲਾਫ, ਸੰਘਰਸ਼ ਕਰਨ ਅਤੇ ਆਪਣੇ ਪੱਕੇ ਰੁਜ਼ਗਾਰ ਤੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਦ੍ਰਿੜ੍ਹ, ਖਾੜਕੂ ਅਤੇ ਸਾਂਝੇ ਘੋਲ ਲੜਨ ਦਾ ਸੱਦਾ ਦਿੱਤਾ।

No comments:

Post a Comment