ਹਾਕਮ ਜਮਾਤੀ ਰਾਜ-ਭਾਗ ਤੇ ਕਾਨੂੰਨ ਦੀ ਨਜ਼ਰ
ਹਾਕਮਾਂ ਲਈ ਹੋਰ ਮਜ਼ਲੂਮਾਂ ਲਈ ਹੋਰ
—ਨਵਜੋਤਚਰਚਿਤ ਫਿਲਮ ਐਕਟਰ ਸੰਜੇ ਦੱਤ ਬਾਰੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ 21 ਮਾਰਚ ਨੂੰ ਇੱਕ ਫੈਸਲਾ ਸੁਣਾਉਂਦਿਆਂ, ਉਸ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੀ 6 ਸਾਲ ਦੀ ਸਜ਼ਾ 'ਚੋਂ ਇੱਕ ਸਾਲ ਘਟਾ ਦਿੱਤੀ ਗਈ ਹੈ। ਹੁਣ ਉਹ 5 ਸਾਲ ਦੀ ਜੇਲ੍ਹ ਸਜ਼ਾ ਭੁਗਤੇਗਾ। ਯਾਦ ਰਹੇ ਕਿ ਸੰਜੇ ਦੱਤ 'ਤੇ ਅਪ੍ਰੈਲ 1993 ਵਿੱਚ ਨਜਾਇਜ਼ ਹਥਿਆਰ- ਇੱਕ ਏ.ਕੇ.-56 ਅਤੇ ਇੱਕ ਪਿਸਤੌਲ ਰੱਖਣ ਦੇ ਦੋਸ਼ ਹੇਠ ਚੱਲੇ ਅਦਾਲਤੀ ਕੇਸ ਵਿੱਚ ਉਸ ਨੂੰ ਇਹ ਸਜ਼ਾ ਹੋਈ ਹੈ। ਇਹ ਹਥਿਆਰ ਬਰਾਮਦ ਹੋਣ ਸਮੇਂ ਉਸ ਵੱਲੋਂ ਇਕਬਾਲ ਕੀਤਾ ਗਿਆ ਸੀ ਕਿ 1992 ਦੇ ਮੁੰਬਈ ਫਿਰਕੂ ਦੰਗਿਆਂ ਤੋਂ ਬਾਅਦ ਬਾਬਾ ਚੌਹਾਨ ਅਤੇ ਅਬੂ ਸਲੇਮ ਸਮੇਤ ਸ਼ਮੀਰ ਹਿੰਗੋਰਾ ਅਤੇ ਹਨੀਫ ਲੱਕੜਵਾਲਾ (ਬੰਬਈ ਬੰਬ ਧਮਾਕਿਆਂ ਦੇ ਕਥਿਤ ਮੁਜਰਿਮ) ਉਸਦੇ ਘਰ ਆਏ ਸਨ। ਉਸ ਵਕਤ ਉਹਨਾਂ ਕੋਲ 9 ਏ.ਕੇ.-56 ਬੰਦੂਕਾਂ ਅਤੇ ਬਹੁਤ ਸਾਰੇ ਗਰਨੇਡ ਸਨ। ਸੰਜੇ ਦੱਤ ਕੋਲੋਂ ਬਰਾਮਦ ਹੋਏ ਹਥਿਆਰ ਇਸ ਖੇਪ ਦਾ ਹੀ ਹਿੱਸਾ ਸਨ। ਹਥਿਆਰਾਂ ਦੀ ਇਹ ਖੇਪ ਕਾਫ਼ੀ ਅਰਸਾ ਸ੍ਰੀ ਦੱਤ ਕੋਲ ਸਾਂਭੀ ਪਈ ਰਹੀ। ਸ੍ਰੀ ਦੱਤ ਵੱਲੋਂ ਇਹ ਵੀ ਪ੍ਰਵਾਨ ਕੀਤਾ ਗਿਆ ਸੀ ਕਿ ਉਹ ਭਾਰਤ ਵੱਲੋਂ ਮੁੰਬਈ ਬੰਬ ਧਮਾਕਿਆਂ ਦੇ ਜਿੰਮੇਵਾਰ ਗਰੋਹ ਦੇ ਸਰਗਣੇ ਸਮਝੇ ਜਾਂਦੇ ਦਾਊਦ ਇਬਰਾਹੀਮ ਨੂੰ 1991 ਵਿੱਚ ਦੁਬਈ ਵਿੱਚ ਮਿਲਿਆ ਸੀ।
ਸੁਪਰੀਮ ਕੋਰਟ ਵੱਲੋਂ ਫੈਸਲਾ ਆਉਣ ਤੋਂ ਬਾਅਦ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ, ਸਿਨੇਮਾ ਹਲਕੇ ਦੀਆਂ ਕਈ ਨਾਮਵਰ ਹਸਤੀਆਂ, ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਕਈ ਹਾਕਮ ਜਮਾਤੀ ਸਿਆਸਤਦਾਨਾਂ ਆਦਿ ਵੱਲੋਂ ਉੱਚੀ ਉੱਚੀ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਉਸਦੀ ਸਜ਼ਾ ਮੁਆਫ ਕਰ ਦੇਣੀ ਚਾਹੀਦੀ ਹੈ। ਉਹ ਸਜ਼ਾ-ਮੁਆਫੀ ਦਾ ਹੱਕਦਾਰ ਹੈ।
ਭਲਾ ਸੋਚੋ! ਜੇ ਸੰਜੇ ਦੱਤ ਦੀ ਜਗਾਹ ਕੋਈ ਸੰਜੇ ਖਾਨ (ਅਦਨਾ ਮੁਸਲਮਾਨ) ਹੁੰਦਾ, ਫਿਰ ਕੀ ਉਸ ਨਾਲ ਵੀ ਸੰਜੇ ਦੱਤ ਵਰਗਾ ਸਲੂਕ ਹੁੰਦਾ? ਬਿਲਕੁੱਲ ਨਹੀਂ। ਉਸ ਅਦਨੇ ਮੁਸਲਮਾਨ ਕੋਲੋਂ ਹਥਿਆਰ ਬਰਾਮਦ ਹੋਣ ਅਤੇ ਹਥਿਆਰਾਂ ਦੀ ਪੂਰੀ ਸੂਰੀ ਖੇਪ ਘਰ ਵਿੱਚ ਰੱਖਣ ਦੀ ਤਾਂ ਗੱਲ ਛੱਡੋ, ਜੇ ਅੱਬੂ ਸਲੇਮ ਐਂਡ ਪਾਰਟੀ ਨਾਲ ਉਸਦੀ ਮਹਿਜ਼ ਫੋਨ 'ਤੇ ਹੋਈ ਗੱਲਬਾਤ ਵੀ ਸਾਬਤ ਹੋ ਜਾਂਦੀ, ਤਾਂ ਉਸਨੂੰ ਮੁੰਬਈ ਬੰਬ ਧਮਾਕਿਆਂ ਦੇ ਅਖੌਤੀ ਜਿੰਮੇਵਾਰ ਗਰੋਹ ਨੂੰ ਸ਼ਰਨ ਦੇਣ ਅਤੇ ਧਮਾਕਿਆਂ ਦੀ ਸਾਜਸ਼ 'ਚ ਭਾਗੀਦਾਰ ਗਰਦਾਨਦਿਆਂ, ਮੁਲਕ ਨਾਲ ਵਿਸ਼ਵਾਸ਼ਘਾਤ ਅਤੇ ਧਰੋਹ ਦੀਆਂ ਧਾਰਾਵਾਂ ਹੇਠ ਮੁਕੱਦਮੇ 'ਚ ਧਰ ਲਿਆ ਹੁੰਦਾ। ਇਹਨਾਂ ਹੀ ਅਦਾਲਤਾਂ ਵੱਲੋਂ ਉਸ ਨੂੰ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ। ਮੁਕੱਦਮੇ ਤੋਂ ਪਹਿਲਾਂ ਤਸੀਹਾ ਕੇਂਦਰਾਂ 'ਚ ਪੁਲਸ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ। ਅਫਜ਼ਲ ਗੁਰੂ ਦਾ ਕਸੂਰ ਇੱਕ ਕਸ਼ਮੀਰੀ ਮੁਸਲਮਾਨ ਹੋਣਾ ਹੀ ਸੀ। ਖੁਦ ਸੁਪਰੀਮ ਕੋਰਟ ਅਨੁਸਾਰ ਉਸ ਖਿਲਾਫ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਕੋਈ ਕਾਨੂੰਨੀ ਆਧਾਰ ਨਹੀਂ ਸੀ। ਇਸੇ ਕੇਸ ਵਿੱਚ ਹੇਠਲੀ ਅਦਾਲਤ ਵੱਲੋਂ 11 ਜਣਿਆਂ ਨੂੰ ਫਾਂਸੀ ਅਤੇ 22 ਜਣਿਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਸਨ, ਜਿਹਨਾਂ 'ਤੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਇੱਕ ਨੂੰ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ, 10 ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਅਤੇ ਬਾਕੀ ਦੇ ਵਿਅਕਤੀਆਂ ਦੀਆਂ ਸਜ਼ਾਵਾਂ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਗਿਆ ਹੈ। ਦਾਊਦ ਇਬਰਾਹੀਮ ਅਤੇ ਸੰਜੇ ਦੱਤ ਦੇ ਘਰ ਹਥਿਆਰਾਂ ਦੀ ਖੇਪ ਸੰਭਾਲ ਕੇ ਗਏ ਵਿਅਕਤੀ ਅਜੇ ਪੁਲਸ ਗ੍ਰਿਫਤ ਤੋਂ ਬਾਹਰ ਹਨ। ਇਸੇ ਤਰ੍ਹਾਂ ਆਦਿਵਾਸੀ ਇਲਾਕਿਆਂ, ਕਸ਼ਮੀਰ ਅਤੇ ਉੱਤਰ-ਪੂਰਬੀ ਸੂਬਿਆਂ ਵਿੱਚ ਅਜਿਹੇ ਹਜ਼ਾਰਾਂ ਮਾਮਲੇ ਗਿਣੇ ਜਾ ਸਕਦੇ ਹਨ, ਜਿਥੇ ਮਾਓਵਾਦੀਆਂ ਅਤੇ ਕੌਮੀ-ਖੁਦਮੁਖਤਿਆਰੀ ਅਤੇ ਆਪਾ-ਨਿਰਣੇ ਦੇ ਹੱਕ ਲਈ ਚੱਲਦੀਆਂ ਲਹਿਰਾਂ ਨਾਲ ਮਾੜੀ ਮੋਟੀ ਹਮਦਰਦੀ ਰੱਖਣ ਦੀ ਸ਼ੱਕ ਦੇ ਆਧਾਰ 'ਤੇ ਉਹਨਾਂ ਨੂੰ ਦੇਸ਼ ਧਰੋਹ ਦੀਆਂ ਧਾਰਾਵਾਂ ਹੇਠ ਗ੍ਰਿਫਤਾਰ ਕੀਤਾ ਗਿਆ, ਜਬਰ-ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਕਈ ਕਈ ਵਰ੍ਹੇ ਜੇਲ੍ਹਾਂ 'ਚ ਡੱਕਿਆ ਗਿਆ ਅਤੇ ਬਹੁਤ ਸਾਰਿਆਂ ਨੂੰ ਝੂਠੇ ਮੁਕਾਬਲਿਆਂ ਰਾਹੀਂ ਮਾਰ ਮੁਕਾ ਦਿੱਤਾ ਗਿਆ, ਪਰਿਵਾਰਾਂ ਨੂੰ ਖੱਜਲ ਖੁਆਰ ਕੀਤਾ ਗਿਆ, ਔਰਤਾਂ ਨਾਲ ਹਕੂਮਤੀ ਹਥਿਆਰਬੰਦ ਗਰੋਹਾਂ ਵੱਲੋਂ ਬਲਾਤਕਾਰ ਕੀਤੇ ਗਏ। ਇਹ ਨਿਹੱਕੇ ਜਬਰੋ-ਜ਼ੁਲਮ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਸ਼ਤੀਸਗੜ੍ਹ ਦੀ ਇੱਕ ਅਧਿਆਪਕਾ ਸੋਨੀ ਸ਼ੋਰੀ 'ਤੇ ਢਾਹੇ ਜਬਰ ਦੀ ਕਹਾਣੀ ਅਤੇ ਡਾਕਟਰ ਬਿਨਾਇਕ ਸੇਨ ਦੀ ਨਜਾਇਜ਼ ਗ੍ਰਿਫਤਾਰੀ ਦਾ ਮਾਮਲਾ ਸੰਸਾਰ ਪੱਧਰ 'ਤੇ ਭਾਰਤੀ ਹਕੂਮਤ ਵੱਲੋਂ ਨਿਹੱਥੇ ਲੋਕਾਂ 'ਤੇ ਝੂਠੇ ਕੇਸ ਮੜ੍ਹਨ ਤੇ ਜਬਰ ਢਾਹੁਣ ਦੇ ਮਾਮਲੇ ਵਜੋਂ ਚਰਚਾ ਦਾ ਵਿਸ਼ਾ ਬਣੇ ਹਨ।
ਭਾਰਤੀ ਹਾਕਮਾਂ ਵੱਲੋਂ ਅਖਤਿਆਰ ਕੀਤੇ ਜਾ ਰਹੇ ਇਹਨਾਂ ਦੂਹਰੇ ਮਿਆਰਾਂ ਦੀ ਵਜਾਹ ਕੀ ਹੈ? ਇਸਦੀ ਸਭ ਤੋਂ ਵੱਡੀ ਵਜਾਹ ਹੈ ਕਿ ਸੰਜੇ ਦੱਤ ਮਸ਼ਹੂਰ ਫਿਲਮੀ ਹਸਤੀਆਂ ਦਾ ਪੁੱਤਰ ਹੋਣ ਤੇ ਨਾਲ ਖੁਦ ਇੱਕ ਸਥਾਪਤ ਫਿਲਮੀ ਹਸਤੀ ਹੈ ਅਤੇ ਸਿਨੇਮਾ ਸ਼ੌਕੀਨਾਂ ਦੇ ਵੱਡੇ ਹਿੱਸਿਆਂ ਵਿੱਚ ਹਰਮਨ ਪਿਆਰਾ ਹੈ। ਇਸ ਤੋਂ ਵੀ ਵੱਧ ਉਹ ਹਾਕਮ ਹਲਕਿਆਂ ਅੰਦਰ ਇੱਕ ਬਾਰਸੂਖ ਸਿਆਸੀ ਹਸਤੀ ਸੁਨੀਲ ਦੱਤ ਦਾ ਪੁੱਤਰ ਹੈ। ਸੁਨੀਲ ਦੱਤ ਲੰਮੇ ਅਰਸੇ ਤੋਂ ਕਾਂਗਰਸ ਨਾਲ ਜੁੜਿਆ ਰਿਹਾ ਹੈ। ਕਈ ਵਾਰੀ ਲੋਕ-ਸਭਾ ਮੈਂਬਰ ਰਿਹਾ ਹੈ ਅਤੇ ਮਨਮੋਹਨ ਸਿੰਘ ਹਕੂਮਤ ਵਿੱਚ ਕੇਂਦਰੀ ਮੰਤਰੀ ਵੀ ਰਿਹਾ ਹੈ। ਹੁਣ ਸੰਜੇ ਦੱਤ ਦੀ ਭੈਣ ਪ੍ਰਿਯਾ ਦੱਤ ਲੋਕ ਸਭਾ ਦੀ ਮੈਂਬਰ ਹੈ। ਸੋ ਰਾਜ ਭਾਗ ਦੀਆਂ ਉੱਪਰਲੀਆਂ ਪੌੜੀਆਂ ਤੱਕ ਅਸਰਰਸੂਖ ਰੱਖਦੇ ਪਰਿਵਾਰ ਦੇ ਇਸ 'ਸ਼ਹਿਜ਼ਾਦੇ' ਨੂੰ ਬਚਾਉਣ ਵਿੱਚ ਸਭਨਾਂ ਹਾਕਮ ਹਲਕਿਆਂ ਦੀ ਦਿਲਚਸਪੀ ਤੇ ਸਰੋਕਾਰ ਹੈ। ਇਸੇ ਕਰਕੇ, ਪਹਿਲਾਂ ਮੁੰਬਈ ਧਮਾਕਿਆਂ ਦੇ ਸਾਜਸ਼ੀ ਸਮਝੇ ਜਾਂਦੇ ਗਰੋਹ ਨਾਲ ਸਬੰਧਾਂ ਦਾ ਸ਼ਰੇਆਮ ਇਕਬਾਲ ਕਰਨ, ਹਥਿਆਰਾਂ ਦੀ ਖੇਪ ਘਰ ਰੱਖਣ ਅਤੇ ਅਖੌਤੀ ਸਾਜਸ਼ੀ ਗਰੋਹ ਦੇ ਸਰਗਣੇ ਦਾਊਦ ਇਬਰਾਹੀਮ ਨਾਲ ਮੁਲਾਕਾਤ ਕਰਨ ਦੇ ਤੱਥ ਦੇ ਬਾਵਜੂਦ ਸੰਜੇ ਦੱਤ ਦੇ ਰੋਲ ਨੂੰ ਉਸ ਗਰੋਹ ਨਾਲੋਂ ਵਖਰਿਆਇਆ ਗਿਆ ਅਤੇ ਉਸ ਨੂੰ ਮਹਿਜ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਨਾਮ-ਨਿਹਾਦ ਬਹਾਨੇ ਹੇਠ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਫੜਿਆ ਗਿਆ। ਹੁਣ ਉਸ ਨੂੰ ਜਨਤਕ ਤਰਸ ਅਤੇ ਹਮਦਰਦੀ ਦੇ ਪਾਤਰ ਵਜੋਂ ਉਭਾਰਦਿਆਂ, ਉਸਦੀ ਸਜ਼ਾ-ਮੁਆਫੀ ਦਾ ਬੀੜਾ ਚੁੱਕ ਲਿਆ ਗਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਗੱਲ ਇਹ ਵੀ ਹੈ ਕਿ ਉਹ ਭਾਰਤ ਦੇ ਬਹੁਗਿਣਤੀ ਹਿੰਦੂ ਫਿਰਕੇ ਨਾਲ ਸਬੰਧ ਰੱਖਦਾ ਹੈ। ਉਸ ਨੂੰ ਮੁੰਬਾਈ ਧਮਾਕਿਆਂ ਦੇ ਸਾਜਸ਼ੀ ਗਰੋਹ ਦੇ ਅੰਗ ਵਜੋਂ ਮੁਕੱਦਮੇ ਵਿੱਚ ਸ਼ਾਮਲ ਕਰਨ ਨਾਲ ਨਿਰੋਲ ਮੁਸਲਮਾਨ ਵਿਅਕਤੀਆਂ ਨੂੰ ਇਸ ਸਾਜਸ਼ ਦੇ ਜਿੰਮੇਵਾਰ ਹੋਣ, ਇਸਦੀਆਂ ਤੰਦਾਂ ਪਾਕਿਸਤਾਨ ਨਾਲ ਜੋੜਨ ਅਤੇ ਭਾਰਤ ਅੰਦਰ ਦੇਸ਼-ਭਗਤੀ ਦਾ ਜਨੂੰਨ ਅਤੇ ਮੁਸਲਮਾਨਾਂ (ਖਾਸ ਕਰਕੇ ਕਸ਼ਮੀਰ ਦੀ ਕੌਮੀ ਆਜ਼ਾਦੀ ਦੀ ਲਹਿਰ) ਖਿਲਾਫ ਲੁਕਵੇਂ ਰੂਪ ਵਿੱਚ ਹਿੰਦੂਵਾਦੀ ਸ਼ਾਵਨਵਾਦ ਨੂੰ ਹਵਾ ਦੇਣ ਦੇ ਮਨਸੂਬਿਆਂ ਲਈ ਕੁਝ ਨਾ ਕੁਝ ਨਾਂਹ-ਪੱਖੀ ਅਰਥ-ਸੰਭਾਵਨਾਵਾਂ ਬਣਦੀਆਂ ਸਨ।
ਸੋ, ਭਾਰਤੀ ਰਾਜ-ਭਾਗ ਅਤੇ ਉਸਦੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਬਰਾਬਰ ਨਹੀਂ ਹਨ। ਹਾਕਮ ਜਮਾਤਾਂ ਅਤੇ ਉਹਨਾਂ ਦੀਆਂ ਅੰਗਲੀਆਂ-ਸੰਗਲੀਆਂ 'ਚੋਂ ਰੱਜਦੇ-ਪੁੱਜਦੇ ਧਨਾਢਾਂ ਅਤੇ ਰਾਜ-ਭਾਗ ਦੇ ਗਲਿਆਰਿਆਂ ਤੱਕ ਪਹੁੰਚ ਰੱਖਦੇ ਹਿੱਸਿਆਂ ਲਈ ਰਾਜ-ਭਾਗ ਤੇ ਕਾਨੂੰਨ ਦੀ ਨਜ਼ਰ ਸਵੱਲੀ ਹੈ। ਹਾਕਮ ਜਮਾਤੀ ਲੁੱਟ ਅਤੇ ਦਾਬੇ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ, ਇਹਨਾਂ ਤਾਕਤਾਂ ਨਾਲ ਮਾੜਾ ਮੋਟਾ ਹਮਦਰਦੀ ਤੱਕ ਰੱਖਣ ਵਾਲੀ ਜਨਤਾ, ਸਾਧਾਰਨ ਦੱਬੀ-ਕੁਚਲੀ ਜਨਤਾ ਅਤੇ ਸਮਾਜਿਕ ਤੇ ਧਾਰਮਿਕ ਘੱਟ-ਗਿਣਤੀਆਂ ਪ੍ਰਤੀ ਰਾਜ-ਭਾਗ ਤੇ ਉਸਦੇ ਕਾਨੂੰਨ ਦੀ ਨਜ਼ਰ ਦੁਸ਼ਮਣਾਨਾ ਨਫ਼ਰਤ ਤੇ ਕਰੋਧ ਨਾਲ ਡੰਗੀ ਹੋਈ ਹੈ। -0-
No comments:
Post a Comment