ਫਰੀਦਕੋਟ 'ਚ ਰੈਲੀ ਅਤੇ ਮੁਜਾਹਰਾ ਕਰਕੇ ਚੌਕਸੀ ਬਰਕਰਾਰ ਰੱਖਣ ਦਾ ਸੱਦਾ
ਫਰੀਦਕੋਟ ਦੇ ਚਰਚਿਤ ਅਗਵਾ ਕਾਂਡ ਨਾਲ ਸਬੰਧਤ ਕੁਝ ਦੋਸ਼ੀਆਂ ਵੱਲੋਂ ਜਮਾਨਤ 'ਤੇ ਬਾਹਰ ਆਉਣ ਨਾਲ ਪੀੜਤ ਪਰਿਵਾਰ ਦੀ ਤਰਫੋਂ ਅਦਾਲਤੀ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਅਤੇ ਵਾਲੰਟੀਅਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਅੰਦਰਖਾਤੇ ਚੱਲ ਰਹੀਆਂ ਸਾਜਿਸ਼ਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਖੇਤ ਮਜ਼ਦੂਰ ਯੂਨੀਅਨ ਅਤੇ ਸਥਾਨਕ ਐਕਸ਼ਨ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ। 3 ਮਈ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਫਰੀਦਕੋਟ ਵੱਲੋਂ ਮਿੰਨੀ ਸਕੱਤਰੇਤ ਸਾਹਮਣੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਵਿਸ਼ਾਲ ਰੋਹ-ਭਰਪੂਰ ਮੁਜਾਹਰਾ ਕੀਤਾ ਗਿਆ, ਜਿਸ ਵਿੱਚ 1000 ਤੋਂ ਉਪਰ ਮਰਦਾਂ-ਔਰਤਾਂ ਨੇ ਹਿੱਸਾ ਲਿਆ। ਇੱਕ ਹੱਥ ਪਰਚਾ ਛਪਵਾ ਕੇ ਵੱਡੀ ਗਿਣਤੀ ਵਿੱਚ ਵੰਡਿਆ ਗਿਆ। ਮਿੰਨੀ ਸਕੱਤਰੇਤ ਸਾਹਮਣੇ ਹੋਈ ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਅਤੇ ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਅਸ਼ੋਕ ਕੌਸਲ ਨੇ ਸੰਬੋਧਨ ਕੀਤਾ। ਅਕਾਲੀ-ਭਾਜਪਾ ਸਰਕਾਰ ਦੇ ਉੱਚ ਪੁਲਸ ਅਫਸਰਾਂ ਨੇ ਜਿਵੇਂ ਨਿਸ਼ਾਨ ਸਿੰਘ ਅਤੇ ਉਸਦੇ ਗੁੰਡਾ ਟੋਲੇ ਦੇ ਹੱਕ ਵਿੱਚ ਪਹਿਲਾਂ ਕੂੜ ਪ੍ਰਚਾਰ ਕਰਨ ਅਤੇ ਐਕਸ਼ਨ ਕਮੇਟੀ ਮੈਂਬਰਾਂ ਨੂੰ ਧਮਕੀਆਂ ਦੇਣ ਦੀ ਨਿਸੰਗ ਵਰਤੋਂ ਕੀਤੀ ਹੈ, ਉਸੇ ਤਰ੍ਹਾਂ ਹੁਣ ਇਸ ਕੇਸ ਦੇ ਫੈਸਲੇ ਨੂੰ ਮਾੜੇ ਰੁਖ਼ ਪ੍ਰਭਾਵਤ ਕਰਨ ਦੀਆਂ ਕੰਨਸੋਆਂ ਮਿਲ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਮੁਦੱਈ ਧਿਰ ਵੱਲੋਂ ਪੈਰਵਾਈ ਕਰ ਰਹੇ ਵਕੀਲਾਂ, ਐਕਸ਼ਨ ਕਮੇਟੀ ਮੈਂਬਰਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਕਿਸੇ ਨਾ ਕਿਸੇ ਝੂਠੇ ਕੇਸ ਵਿੱਚ ਉਲਝਾਉਣ ਜਾਂ ਸਰੀਰਕ ਨੁਕਸਾਨ ਕਰਨ ਦੀਆਂ ਸਾਜਿਸ਼ਾਂ ਬਣਾਈਆਂ ਜਾ ਰਹੀਆਂ ਹਨ। ਖਾਸ ਕਰਕੇ ਇਸ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਐਨ.ਕੇ. ਜੀਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਹਿਲਾਂ ਵੀ ਇਸ ਸਾਰੇ ਮਾਮਲੇ 'ਤੇ ਮਿੱਟੀ ਪਾਉਣਾ ਚਾਹੁੰਦੀ ਸੀ ਪਰ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਲੜੇ ਗਏ ਘੋਲ ਨੇ ਸਰਕਾਰ ਅਤੇ ਪੁਲਸ ਅਧਿਕਾਰੀਆਂ ਨੂੰ ਅਜਿਹਾ ਨਹੀਂ ਕਰ ਦਿੱਤਾ, ਸਗੋਂ ਪੂਰੇ ਢਾਈ ਮਹੀਨੇ ਸੰਘਰਸ਼ਸ਼ੀਲ ਲੋਕਾਂ ਨੇ ਘੋਲ ਲੜ ਕੇ 20 ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾ ਕੇ ਜੇਲ੍ਹ ਭਿਜਵਾਇਆ ਸੀ। ਭਾਵੇਂ ਜਮਾਨਤ 'ਤੇ ਆਇਆ ਸਾਬਕਾ ਅਕਾਲੀ ਆਗੂ ਡਿੰਪੀ ਸਮਰਾ ਇਸ ਕੇਸ ਨੂੰ ਲੀਹੋਂ ਲਾਹੁਣ ਲਈ ਕੋਸ਼ਿਸ਼ਾਂ ਜੁਟਾ ਰਿਹਾ ਹੈ, ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਐਲਾਨ ਕੀਤਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਘੋਲ ਜਾਰੀ ਰੱਖਿਆ ਜਾਵੇਗਾ ਅਤੇ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲ ਐਨ.ਕੇ. ਜੀਤ ਅਤੇ ਹੋਰਨਾਂ ਵਕੀਲਾਂ ਦੀ ਪੂਰੀ ਸੁਰੱਖਿਆ ਕੀਤੀ ਜਾਵੇਗੀ।
ਰੈਲੀ ਦੇ ਅੰਤ 'ਚ ਡੀ.ਸੀ. ਦੀ ਥਾਂ ਆਏ ਤਹਿਸੀਲਦਾਰ ਨੂੰ ਮੈਮੋਰੈਂਡਮ ਦੇਣ ਤੋਂ ਇਲਾਵਾ ਆਗੂਆਂ ਨੇ ਡੀ.ਸੀ. ਨੂੰ ਵਿਸ਼ੇਸ਼ ਤੌਰ 'ਤੇ ਮਿਲ ਕੇ ਸੁਣਾਉਣੀ ਕੀਤੀ ਕਿ ਫੈਸਲੇ 'ਤੇ ਪਹੁੰਚੇ ਕੇਸ ਦੀ ਇਸ ਸਟੇਜ 'ਤੇ ਪੈਦਾ ਹੋਏ ਨਾ-ਖੁਸ਼ਗਵਾਰ ਮਾਹੌਲ ਅੰਦਰ ਦੋਸ਼ੀ ਧਿਰ ਵੱਲੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਵੀ ਅਣ-ਸੁਖਾਵੀਂ ਘਟਨਾ ਦਾ ਜੁਆਬ ਤਿੱਖੇ ਸੰਘਰਸ਼ ਰਾਹੀਂ ਦਿੱਤਾ ਜਾਵੇਗਾ।
No comments:
Post a Comment