Friday, May 10, 2013

ਬੀ.ਕੇ.ਯੁ. ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਔਰਤ ਮੁਕਤੀ ਕਨਵੈਨਸ਼ਨ


ਬੀ.ਕੇ.ਯੁ. ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਔਰਤ ਮੁਕਤੀ ਕਨਵੈਨਸ਼ਨ
ਇਸ ਵਾਰ 8 ਮਾਰਚ , ਯਾਨੀ ਔਰਤ-ਮੁਕਤੀ ਦਿਨ ਦੇ ਮੌਕੇ 'ਤੇ, ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਅਗਵਾਈ ਹੇਠ ਕੰਮ ਕਰਦੀਆਂ ਔਰਤ-ਵਰਕਰਾਂ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਇੱਕ ਭਰਵੀਂ ਔਰਤ-ਕਨਵੈਨਸ਼ਨ ਕੀਤੀ ਗਈ। ਇਹ ਕਨਵੈਨਸ਼ਨ ਕਈ ਪੱਖਾਂ ਤੋਂ ਮਹੱਤਵਪੂਰਨ ਹੈ। 
ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕਨਵੈਨਸ਼ਨ ਤੇ ਇਹਦੀ ਤਿਆਰੀ ਇੱਕ ਵਿਸ਼ੇਸ਼ ਹਾਲਤ ਅੰਦਰ ਹੋਈ ਹੈ। ਇਸ ਕਨਵੈਨਸ਼ਨ ਦੀ ਤਿਆਰੀ ਦੇ ਦਿਨਾਂ ਵਿੱਚ ਹਕੂਮਤ ਵੱਲੋਂ ਪੰਜਾਬ ਦੀ ਕਿਸਾਨ-ਲਹਿਰ ਉੱਪਰ ਜਾਬਰ ਹੱਲਾ ਵਿੱਢਿਆ ਹੋਇਆ ਸੀ। ਅਜਿਹੇ ਤਣਾਅਪੂਰਨ ਮਾਹੌਲ ਅੰਦਰ ਮਾਲਵਾ ਖਿੱਤੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਪੌਣੇ ਦੋ ਸੌ ਸਰਗਰਮ ਔਰਤ-ਵਰਕਰਾਂ ਦਾ ਇਸ ਕਨਵੈਨਸ਼ਨ ਵਿੱਚ ਪੁੱਜਣਾ ਤੇ ਉਹਨਾਂ ਵੱਲੋਂ ਔਰਤ ਹੱਕਾਂ ਤੇ ਔਰਤ-ਮੁਕਤੀ ਜਿਹੇ ਅਹਿਮ ਜਮਹੂਰੀ ਮਸਲੇ 'ਤੇ ਗੰਭੀਰਤਾ ਨਾਲ ਵਿਚਾਰ-ਚਰਚਾ ਕਰਨਾ ਆਪਣੇ ਆਪ ਵਿੱਚ ਹੀ ਮਹੱਤਵਪੂਰਨ ਹੈ, ਜੋ ਕਿ ਕਿਸਾਨ-ਵਰਕਰ ਔਰਤਾਂ ਦੀ ਕਿਸਾਨ ਘੋਲਾਂ ਦੌਰਾਨ ਆਪਣੇ ਹੱਕਾਂ ਤੇ ਸਮਾਜ ਅੰਦਰ ਔਰਤਾਂ ਦੇ ਰੋਲ ਤੇ ਸਥਾਨ ਬਾਰੇ ਵਧੀ ਹੋਈ ਚੇਤਨਾ ਦਾ ਇਜ਼ਹਾਰ ਹੈ। 
ਇਸ ਔਰਤ ਕਨਵੈਨਸ਼ਨ ਦਾ ਦੂਜਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਫਰਵਰੀ ਮਹੀਨੇ ਦੌਰਾਨ ਔਰਤ-ਵਿਰੋਧੀ ਹਿੰਸਾ ਤੇ ਗੁੰਡਾਗਰਦੀ ਵਿਰੁੱਧ ਫਰੀਦਕੋਟ ਵਿਖੇ ਹੋਏ ਮਾਰਚ ਤੇ ਰੈਲੀ ਦੀ ਤਰਜ਼ ਤੋਂ ਕੁਝ ਅੱਗੇ ਵਧ ਕੇ ਹੀ ਇਸ ਕਨਵੈਨਸ਼ਨ ਦੀ ਸਟੇਜ ਦਾ ਸਮੁੱਚਾ ਪ੍ਰਬੰਧ ਔਰਤਾਂ ਦੇ ਕੰਟਰੋਲ ਹੇਠ ਹੀ ਸੀ। ਇਹ ਬੀ.ਕੇ.ਯੂ. (ਏਕਤਾ) ਦੀ ਪ੍ਰੇਰਨਾ ਅਤੇ ਅਗਵਾਈ ਹੇਠ ਔਰਤ-ਵਰਕਰਾਂ ਅੰਦਰ ਜਾਗੀ ਹੋਈ ਪਹਿਲਕਦਮੀ ਤੇ ਉਹਨਾਂ ਅੰਦਰ ਆਗੂ ਜੁੰਮੇਵਾਰੀਆਂ ਨਿਭਾਅ ਸਕਣ ਲਈ ਜਾਗੇ ਸਵੈ-ਭਰੋਸੇ ਦਾ ਹੀ ਇਜ਼ਹਾਰ ਸੀ, ਜਿਸ ਦੇ ਝਲਕਾਰੇ ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਉੱਪਰ ਚੱਲ ਰਹੇ ਸੰਘਰਸ਼ ਦੌਰਾਨ ਤੇ ਖਾਸ ਕਰਕੇ 5 ਅਪ੍ਰੈਲ ਦੀ ਤਿਆਰੀ-ਮੁਹਿੰਮ ਦੌਰਾਨ ਔਰਤ ਜੱਥਿਆਂ ਵੱਲੋਂ ਦਿਖਾਈ ਗਈ ਧੜੱਲੇਦਾਰ ਪਹਿਲਕਦਮੀ ਤੇ ਨਿਭਾਏ ਗਏ ਉੱਭਰਵੇਂ ਰੋਲ 'ਚੋਂ ਵੀ ਜ਼ੋਰ ਨਾਲ ਝਲਕਦਾ ਰਿਹਾ ਹੈ। 
ਇਸ ਕਨਵੈਨਸ਼ਨ ਦਾ ਤੀਜਾ ਅਹਿਮ ਪਹਿਲੂ ਇਸ ਕਨਵੈਨਸ਼ਨ ਅੰਦਰ ਔਰਤ-ਬੁਲਾਰਿਆਂ ਵੱਲੋਂ ਪੇਸ਼ ਕੀਤੀ ਗਈ ਦਰੁਸਤ ਸਮਝ ਹੈ, ਜਿਸਦਾ ਸਾਰ-ਤੱਤ ਇਹ ਸੀ ਕਿ ਸਾਡੀ ਕਿਸਾਨ ਔਰਤਾਂ ਦੀ ਜ਼ਿੰਦਗੀ ਦੇ ਦੋ ਅਹਿਮ ਪੱਖ ਹਨ- ਇੱਕ ਪਾਸੇ ਅਸੀਂ ਲੁੱਟ, ਦਾਬੇ ਤੇ ਬੇਇਨਸਾਫੀ ਦਾ ਸ਼ਿਕਾਰ ਕਿਸਾਨ-ਤਬਕੇ ਦਾ ਅੰਗ ਹਾਂ ਤੇ ਇਸ ਲੁੱਟ, ਦਾਬੇ ਤੇ ਬੇਇਨਸਾਫੀ ਦਾ ਸੰਤਾਪ ਮਰਦਾਂ ਦੇ ਬਰਾਬਰ ਹੀ ਨਹੀਂ, ਸਗੋਂ ਕਈ ਪੱਖਾਂ ਤੋਂ ਵੱਧ ਝੱਲਦੀਆਂ ਹਾਂ। ਦੂਜੇ ਪਾਸੇ ਅਸੀਂ, ਔਰਤ ਤਬਕੇ ਵਜੋਂ ਅਸੀਂ ਪਿਤਾ-ਪੁਰਖੀ ਕਦਰਾਂ-ਕੀਮਤਾਂ 'ਤੇ ਆਧਾਰਤ ਮਰਦ-ਪ੍ਰਧਾਨ ਸਮਾਜ ਅੰਦਰ ਮਰਦਾਵੇਂ ਵਿਤਕਰੇ, ਦਾਬੇ ਅਤੇ ਬੇਇਨਸਾਫੀ ਦਾ ਸ਼ਿਕਾਰ ਹਾਂ। ਸਾਡੀ ਇਹਨਾਂ ਦੋਹਾਂ ਕਿਸਮਾਂ ਦੇ ਵਿਤਕਰੇ, ਦਾਬੇ ਤੇ ਬੇਇਨਸਾਫੀ ਵਿਰੁੱਧ ਲੜਾਈ ਹੈ। ਇਹਨਾਂ ਕਦਰਾਂ ਕੀਮਤਾਂ ਤੇ ਮਰਦ ਹੰਕਾਰ ਦੇ ਪਾਲਣ ਪੋਸ਼ਣ ਤੇ ਸਥਾਪਤੀ ਦਾ ਕੰਮ ਉਹੀ ਹਾਕਮ ਜਮਾਤੀ ਸ਼ਕਤੀਆਂ ਤੇ ਸਮਾਜਿਕ, ਸਿਆਸੀ ਅਤੇ ਧਾਰਮਿਕ ਆਗੂ ਕਰਦੇ ਹਨ, ਜਿਹਨਾਂ ਦਾ ਹਿੱਤ ਕਿਸਾਨ ਤੇ ਮਿਹਨਤਕਸ਼ ਲੋਕਾਂ 'ਤੇ ਲੁੱਟ, ਦਾਬੇ ਅਤੇ ਬੇਇਨਸਾਫੀ ਵਾਲਾ ਪ੍ਰਬੰਧ ਠੋਸੀ ਰੱਖਣ ਵਿੱਚ ਹੈ। ਇਸ ਕਰਕੇ, ਇਸ ਲੁੱਟ, ਦਾਬੇ ਤੇ ਬੇਇਨਸਾਫੀ  ਚੁਣੌਤੀ ਦਿੱਤੇ ਬਿਨਾ, ਪਿਤਾ-ਪੁਰਖੀ ਕਦਰਾਂ ਕੀਮਤਾਂ ਜਾਂ ਮਰਦ ਹੰਕਾਰ  ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਸੋ, ਹਾਕਮ ਜਮਾਤੀ ਲੁੱਟ, ਦਾਬੇ ਤੇ ਬੇਇਸਨਾਫੀ ਵਿਰੁੱਧ ਲੜਾਈ ਸਾਡੀ ਲੜਾਈ ਦਾ ਮੁੱਖ ਪੱਖ ਹੈ, ਮਰਦ-ਹੰਕਾਰ ਵਿਰੁੱਧ ਲੜਾਈ ਇਸ ਮੁੱਖ ਪੱਖ ਦੇ ਤਹਿਤ ਗੌਣ ਪਰ ਅਹਿਮ ਪੱਖ ਹੈ। ਹਾਕਮ ਜਮਾਤੀ ਲੁੱਟ, ਦਾਬੇ ਤੇ ਬੇਇਨਸਾਫੀ ਵਿਰੁੱਧ ਜੂਝਦਿਆਂ ਹੀ ਸਾਡੀ ਸਮਾਜਿਕ ਸਿਆਸੀ ਚੇਤਨਾ ਤੇ ਵਿਕਾਸ ਹੁੰਦਾ ਹੈ ਅਤੇ ਇਸ ਦੌਰਾਨ ਹੀ ਅਸੀਂ ਔਰਤਾਂ ਵਜੋਂ  ਆਪਣੇ ਹੱਕਾਂ ਦੀ ਸੋਝੀ ਹਾਸਲ ਕਰਦੀਆਂ ਹਾਂ ਤੇ ਇਸ ਸਾਂਝੀ ਲੜਾਈ ਦੌਰਾਨ ਹੀ ਸਾਡੇ ਮਰਦਾਂ ਨੂੰ ਸਾਂਝੀ ਲੜਾਈ ਵਿੱਚ ਸਾਡੀ  ਲੋੜ ਤੇ ਸਾਡੇ ਸਥਾਨ ਦਾ ਬੋਧ ਹੁੰਦਾ ਹੈ, ਉਹਨਾਂ ਦੀ ਸਮਾਜੀ-ਸਿਆਸੀ ਸੋਝੀ ਵਧਦੀ ਹੈ ਤੇ ਉਹਨਾਂ ਦੇ ਮਨ ਵਿੱਚ ਪਿਤਾ-ਪੁਰਖੀ ਕਦਰਾਂ-ਕੀਮਤਾਂ ਦੀ ਜਕੜ ਢੈਲੀ ਪੈਂਦੀ ਹੈ। ਕਿਸਾਨ ਸੰਘਰਸ਼ਾਂ ਦੌਰਾਨ ਆਪਣੇ ਤਜਰਬੇ ਦਾ ਉਲੇਖ ਕਰਦਿਆਂ ਉਹਨਾਂ ਕਿਹਾ ਕਿ ਇਹ ਹੀ ਸਾਡੀ ਸੋਝੀ ਦਾ ਸਕੂਲ ਹਨ ਤੇ ਇਹ ਹੀ ਅੰਤਿਮ-ਮੁਕਤੀ ਲਈ ਸਾਡੀ ਕਰਮ-ਭੂਮੀ ਹੈ। 
ਫਰੀਦਕੋਟ ਦੇ ਔਰਤ-ਮਾਰਚ ਸਮੇਂ ਇਸ ਨੇ ਇਸ ਮਾਮਲੇ ਵਿੱਚ ਇੱਕ ਕਦਮ ਹੋਰ ਅੱਗੇ ਵਧਦਿਆਂ ਔਰਤ ਵਿਰੋਧੀ ਲਿੰਗ-ਹਿੰਸਾ ਤੇ ਗੁੰਡਾਗਰਦੀ ਦੇ ਸੁਆਲ 'ਤੇ ਔਰਤਾਂ ਨੂੰ ਇੱਕ ਸਮਾਜਿਕ ਸ਼ਕਤੀ ਵਜੋਂ ਉਭਾਰਨ ਵਿੱਚ  ਵੱਡੀ ਪ੍ਰੇਰਨਾ ਤੇ ਅਗਵਾਈ ਦਿੱਤੀ ਸੀ। ਔਰਤਾਂ ਦੇ ਮਾਮਲੇ ਵਿੱਚ ਇਸ ਜਥੇਬੰਦੀ ਨੇ ਹਮੇਸ਼ਾਂ ਹੀ ਔਰਤਾਂ ਦੇ ਕਿਸਾਨ ਘੋਲਾਂ ਅੰਦਰ ਰੋਲ ਅਤੇ ਸਥਾਨ ਨੂੰ ਮਹੱਤਵ ਦਿੱਤਾ ਹੈ ਤੇ ਇਹਨਾਂ ਘੋਲਾਂ ਅੰਦਰ ਵੱਡੀਆਂ ਔਰਤ ਲਾਮਬੰਦੀਆਂ ਕੀਤੀ ਹਨ।

No comments:

Post a Comment