Friday, March 17, 2023

ਇੱਕ ਹੋਰ ਪਿਛਾਖੜੀ ਬਜਟ

 
ਇੱਕ ਹੋਰ ਪਿਛਾਖੜੀ ਬਜਟ

    ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ  ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2023-24 ਲਈ ਪਹਿਲੀ ਫਰਵਰੀ ਨੂੰ ਆਪਣਾ ਬੱਜਟ ਪਾਰਲੀਮੈਂਟ ਚ ਪੇਸ਼ ਕੀਤਾ। ਇਹ ਅਗਲੇ ਸਾਲ ਦੇ ਸ਼ੁਰੂ ਚ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਅਤੇ ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਅੰਤਲਾ ਪੂਰਨ ਬੱਜਟ ਹੈ। ਇਸ ਬੱਜਟ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਦਾਅਵਾ ਕੀਤਾ ਹੈ ਕਿ ‘‘ਇਹ ਇੱਕ ਅਜਿਹਾ ਸਭਨਾਂ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਣ ਵਾਲਾ ਅਤੇ ਇਤਿਹਾਸਕ ਬੱਜਟ ਹੈ ਜਿਹੜਾ ਭਾਰਤ ਦੇ ਵਿਕਾਸ ਨੂੰ ਨਵੀਂ ਗਤੀ ਤੇ ਊਰਜਾ ਪ੍ਰਦਾਨ ਕਰੇਗਾ। ਇਹ ਸਵੱਛ (ਗਰੀਨ) ਵਿਕਾਸ ਨੂੰ ਤੇਜ਼ ਕਰਨ ਅਤੇ ਹਰ ਇੱਕ ਦੀ ਜ਼ਿੰਦਗੀ ਨੂੰ ਹੁਲਾਰਾ ਦੇਣ ਵਾਲਾ ਬੱਜਟ ਹੈ।’’ ਵਿੱਤ ਮੰਤਰੀ ਸੀਤਾਰਮਨ ਦਾ ਕਹਿਣਾ ਹੈ ਕਿ ‘‘ ਇਸ ਬੱਜਟ ਰਾਹੀਂ ਅਸੀਂ ਅਜਿਹੇ ਖੁਸ਼ਹਾਲ ਅਤੇ ਸਭ ਨੂੰ ਨਾਲ ਲੈ ਕੇ ਅੱਗੇ ਵਧਣ ਵਾਲੇ ਭਾਰਤ ਦੀ ਤਸਵੀਰ ਦੇਖ ਰਹੇ ਹਾਂ, ਜਿਸ ਵਿਚ ਵਿਕਾਸ ਦੀਆਂ ਬਰਕਤਾਂ ਸਭਨਾਂ ਖਿੱਤਿਆਂ ਅਤੇ ਸਭਨਾਂ ਨਾਗਰਿਕਾਂ, ਖਾਸ ਕਰਕੇ ਸਾਡੇ ਨੌਜਵਾਨਾਂ, ਔਰਤਾਂ, ਕਿਸਾਨਾਂ, ਪਛੜੀਆਂ ਸ਼੍ਰੇਣੀਆਂ, ਸੂਚੀ ਦਰਜ ਜਾਤਾਂ ਅਤੇ ਸੂਚੀ ਦਰਜ ਕਬੀਲਿਆਂ ਤੱਕ ਪਹੁੰਚ ਸਕਣਗੀਆਂ।’’ ਅਨੇਕਾਂ ਵੱਡੇ ਉਦਯੋਗਪਤੀਆਂ, ਸਰਕਾਰੀ ਅਰਥਸ਼ਾਸ਼ਤਰੀਆਂ ਅਤੇ ਕਾਰਪੋਰੇਟ ਮੀਡੀਏ ਨਾਲ ਸਬੰਧਤ ਅਖੌਤੀ ਆਰਥਿਕ ਮਾਹਰਾਂ ਨੇ ਇਸ ਬੱਜਟ ਨੂੰ ਸੰਤੁਲਤ ਤੇ ਵਿਕਾਸਮੁੱਖੀ ਦੱਸਦਿਆਂ ਇਸ ਦੇ ਰੱਜ ਕੇ ਸੋਹਲੇ ਗਾਏ ਹਨ।

          ਬੱਜਟ ਬਾਰੇ ਅੰਕੜਿਆਂ ਅਤੇ ਤੱਥਾਂ ਤੇ ਅਧਾਰਤ ਠੋਸ ਚਰਚਾ ਕਰਨ ਤੋਂ ਪਹਿਲਾਂ ਸਾਨੂੰ ਇਹ ਗੱਲ ਸਾਫ -ਸਪਸ਼ਟ ਸ਼ਬਦਾਂ ਵਿਚ ਬੁੱਝਣ ਤੇ ਪੱਲੇ ਬੰਨ੍ਹਣ ਦੀ ਲੋੜ ਹੈ ਕਿ ਭਾਰਤ ਵਰਗੇ ਸਾਧਨਾਂ ਦੀ ਘੋਰ ਕਾਣੀ ਵੰਡ ਅਤੇ ਵੱਡੇ ਜਮਾਤੀ ਵਖਰੇਵਿਆਂ ਤੇ ਆਧਾਰਤ ਦੇਸ਼ ਚ ਸਿਰਫ ਬੱਜਟ ਹੀ ਨਹੀਂ, ਕੋਈ ਵੀ ਹਕੂਮਤੀ ਨੀਤੀ, ਫੈਸਲਾ ਜਾਂ ਕਦਮ ਅਜਿਹਾ ਨਹੀਂ ਹੋ ਸਕਦਾ ਜਿਹੜਾ ਇੱਕ ਹੱਥ ਅੰਬਾਨੀ-ਅਡਾਨੀ ਵਰਗੇ ਧੰਨੇ ਸੇਠਾਂ ਤੇ ਦੂਜੇ ਪਾਸੇ ਗੁਰਬਤ ਨਾਲ ਘੁਲ ਰਹੇ ਗਰੀਬ-ਗੁਰਬਿਆਂ ਜਾਂ ਵਸੋਂ ਦੇ ਹੋਰ ਲੁੱਟੇ-ਲਤਾੜੇ ਹਿÇੱਸਆਂ ਦੇ ਹਿੱਤਾਂ ਦੀ ਇੱਕੋ ਵੇਲੇ ਪਹਿਰੇਦਾਰੀ ਕਰਦਾ ਹੋਵੇ। ਇੱਕ ਜਮਾਤੀ ਸਮਾਜ ਚ ਕਿਸੇ ਇੱਕ ਜਮਾਤ ਦੇ ਹਿੱਤਾਂ ਦੀ ਕੀਮਤ ਉੱਤੇ ਹੀ ਕਿਸੇ ਹੋਰ ਲੁਟੇਰੀ ਜਮਾਤ ਦੇ ਹਿੱਤ ਅੱੱਗੇ ਵਧਦੇ ਹਨ। ਇਸ ਨੁਕਤਾ-ਨਜ਼ਰ ਨਾਲ ਦੇਖਿਆਂ ਇਹ ਗੱਲ ਸਹਿਜੇ ਹੀ ਬੁੱਝੀ ਜਾ ਸਕਦੀ ਹੈ ਕਿ ਇਸ ਬੱਜਟ ਬਾਰੇ ਮੋਦੀ ਸਰਕਾਰ ਦਾ ਇਹ ਦਾਅਵਾ ਕਿ ਇਹ ਦੇਸ਼ ਦੇ ਸਭਨਾਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਣ ਵਾਲਾ ਤੇ ਸਭ ਦਾ ਵਿਕਾਸ ਕਰਨ ਵਾਲਾ ਹੈ, ਪੂਰੀ ਤਰ੍ਹਾਂ ਬੇਤੁਕਾ ਤੇ ਹਾਸੋਹੀਣਾ ਹੈ ਤੇ ਲੋਕਾਂ ਨਾਲ ਛਲ ਖੇਡਣ ਦੇ ਤੁੱਲ ਹੈ।

          ਕਿਸੇ ਬੱਜਟ ਨੂੰ ਬਣਾਉਣ ਵੇਲੇ ਉਸ ਲਈ ਆਰਥਕ ਸਾਧਨ ਕਿਵੇਂ ਤੇ ਕਿੰਨ੍ਹਾਂ ਜਮਾਤੀ ਹਿੱਸਿਆਂ ਤੋਂ ਜੁਟਾਏ ਜਾਂਦੇ ਹਨ ਤੇ ਇਹਨਾਂ ਸਾਧਨਾਂ ਦੀ ਖਰਚ ਕਰਨ ਵੇਲੇ ਵੰਡ ਕਿਵੇਂ ਤੇ ਕਿੰਨ੍ਹਾਂ ਜਮਾਤਾਂ ਅਤੇ ਲੋਕਾਂ ਲਈ ਕੀਤੀ ਜਾਂਦੀ ਹੈ, ਉਸ ਤੋਂ ਇਹ ਨਿਤਾਰਾ ਕੀਤਾ ਜਾ ਸਕਣਾ ਸੰਭਵ ਹੁੰਦਾ ਹੈ ਕਿ ਇਹ ਬੱਜਟ ਵਸੋਂ ਦੇ ਕਿਹੜੇ ਹਿੱਸਿਆਂ ਦੀ ਕੀਮਤ ਉੱਤੇ ਕਿਹੜੇ ਹੋਰ ਜਮਾਤੀ ਹਿੱਸਿਆਂ ਦੇ ਹਿੱਤਾਂ ਦੀ ਪੈਰਵਾਈ ਤੇ ਵਧਾਰਾ ਕਰਦਾ ਹੈ। ਇਉਂ, ਇਸ ਬੱਜਟ ਦਾ ਜਮਾਤੀ ਚਰਿੱਤਰ ਪਛਾਣਿਆ ਜਾ ਸਕਦਾ ਹੈ।

          ਹਥਲੇ ਕੇਂਦਰੀ ਬੱਜਟ ਅੰਦਰ ਸਾਧਨ ਜੁਟਾਉਣ ਦੇ ਅਮਲ ਤੇ ਜੇ ਝਾਤ ਮਾਰੀ ਜਾਵੇ ਤਾਂ ਸਰਕਾਰ ਦੇ ਦੱਸਣ ਮੁਤਾਬਕ ਬੱਜਟ ਦਾ 34 ਫੀਸਦੀ ਹਿੱਸਾ ਉਧਾਰ ਅਤੇ ਹੋਰ ਦੇਣਦਾਰੀਆਂ ਰਾਹੀਂ ਜੁਟਾਇਆ ਜਾਵੇਗਾ। ਵਸਤਾਂ ਅਤੇ ਸੇਵਾਵਾਂ ਉੱਤੇ ਲਾਏ ਟੈਕਸ ਜੀ.ਐਸ.ਟੀ. ਰਾਹੀਂ, ਜੋ ਕਿ ਆਮ ਖਪਤਕਾਰਾਂ ਤੇ ਲਾਇਆ ਟੈਕਸ ਹੈ, 17 ਫੀਸਦੀ ਮਾਲੀਆ ਇਕੱਤਰ ਕੀਤਾ ਜਾਵੇਗਾ। ਮੱਧ ਵਰਗ ਤੋਂ ਆਮਦਨ ਕਰ ਰਾਹੀਂ 15 ਫੀਸਦੀ ਤੇ ਕੇਂਦਰੀ ਐਕਸਾਈਜ ਤੋਂ 7 ਫੀਸਦੀ ਮਾਲੀਆ ਆਵੇਗਾ। ਯਾਨੀ ਕਿ ਮੱਧ ਵਰਗ ਤੇ ਹੋਰ ਮਿਹਨਤਕਸ਼ ਲੋਕਾਂ, ਜੋ ਵਸੋਂ ਦਾ 42.8 ਫੀਸਦੀ ਹਿੱਸਾ ਬਣਦੇ ਹਨ, ਤੋਂ ਖਜਾਨੇ ਨੂੰ ਕੁੱਲ ਮਾਲੀਏ ਦਾ 43 ਫੀਸਦੀ ਹਿੱਸਾ ਮਿਲੇਗਾ। ਵਸੋਂ ਦਾ ਇੱਕ ਫੀਸਦੀ ਬਣਦਾ ਅਤੀ ਉੱਚ-ਵਰਗ ਜੋ ਦੇਸ਼ ਦੀ ਜੋ ਦੇਸ਼ ਦੀ ਕੁੱਲ ਆਮਦਨ ਦੇ 40 ਫੀਸਦੀ ਦੇ ਵੱਧ ਹਿੱਸੇ ਤੇ ਕਾਬਜ ਹੈ, ਉਹ ਕਾਰਪੋਰੇਟ ਟੈਕਸ ਦੇ ਰੂਪ ਵਿਚ ਸਿਰਫ 15 ਫੀਸਦੀ ਟੈਕਸ ਖਜਾਨੇ ਨੂੰ ਦੇਵੇਗਾ। ਇਸ ਅਤੀ ਅਮੀਰ ਪਰਤ ਤੋਂ ਉਗਾਰਾਹਿਆ ਜਾਣ ਵਾਲਾ ਦੌਲਤ ਟੈਕਸ ਮੋਦੀ ਸਰਕਾਰ ਨੇ ਕਈ ਸਾਲ ਪਹਿਲਾਂ (2016-17ਚ) ਹਟਾ ਲਿਆ ਸੀ। ਇਸ ਅਮੀਰਸ਼ਾਹੀ ਨੂੰ ਕੋਈ ਜਾਇਦਾਦ ਟੈਕਸ ਜਾਂ ਵਿਰਾਸਤ ਟੈਕਸ ਵੀ ਨਹੀਂ ਦੇਣਾ ਪੈਂਦਾ। ਇਸ ਤੋਂ ਵੀ ਅੱਗੇ ਸਰਕਾਰ ਨੇ ਇਸ ਪਰਤ ਦੀ ਉਚਤਮ ਆਮਦਨ ਤੇ ਲੱਗਣ ਵਾਲੇ ਸਰਚਾਰਜ ਦੀ ਦਰ ਵੀ ਬੱਜਟ ਚ 37 ਫੀਸਦੀ ਤੋਂ ਘਟਾ ਕੇ 25 ਫੀਸਦੀ ਕਰ ਦਿੱਤੀ ਹੈ। ਸਾਫ ਜਾਹਰ ਹੈ ਕਿ ਬੱਜਟ ਲਈ ਸਾਧਨ ਇਕੱਤਰ ਕਰਨ ਦੇ ਮਾਮਲੇ ਚ ਦੇਸ਼ ਦੀ ਕੁੱਲ ਦੌਲਤ ਅਤੇ ਆਮਦਨ ਦੇ ਲੱਗਭੱਗ 40 ਫੀਸਦੀ ਤੋਂ ਵੱਧ ਹਿੱਸੇ ਦੇ ਮਾਲਕ ਇੱਕ ਫੀਸਦੀ ਲੋਕਾਂ ਦਾ ਹਿੱਸਾ ਬਹੁਤ ਘੱਟ ਹਿੱਸਾ ਪਾਉਂਦਾ ਹੈ। ਸਰਕਾਰ ਦੀ ਇਸ ੳੱੁਚ-ਅਮੀਰ ਪਰਤ ਉੱਪਰ ਸਵੱਲੀ ਨਜ਼ਰ ਤੇ ਮਿਹਰ ਭਰਿਆ ਹੱਥ ਹੈ ਜਦ ਕਿ ਸਰਕਾਰੀ ਖਜਾਨੇ ਲਈ ਸਾਧਨ ਜੁਟਾਉਣ ਦਾ ਵੱਡਾ ਬੋਝ ਆਮ ਵੱਡੀ ਬਹੁਗਿਣਤੀ ਖਪਤਕਾਰ ਵਸੋਂ ਅਤੇ ਦਰਮਿਆਨੇ ਤਬਕਿਆਂ ਨੂੰ ਚੱਕਣਾ ਪੈਂਦਾ ਹੈ।

          ਫਰਵਰੀ 6, 2023 ਦੇ ਪੰਜਾਬੀ ਟਿ੍ਰਬਿਊਨ ਵਿਚ ਛਪੀ ਰਜੀਵ ਖੋਸਲਾ ਦੀ ਲਿਖਤ ਅਨੁਸਾਰ ਕੇਂਦਰ ਸਰਕਾਰ ਦੀ ਸਾਧਨ ਇਕੱਤਰ ਕਰਨ ਦੇ ਮਾਮਲਿਆਂ ਚ ਕਰਜ਼ਿਆਂ ਤੇ ਵਧ ਰਹੀ ਟੇਕ ਚਿੰਤਾ ਦਾ ਵਿਸ਼ਾ ਹੈ। ਮਾਰਚ 2023 ਤੱਕ ਭਾਰਤ ਸਿਰ ਕਰਜ਼ਾ ਵਧਕੇ 155 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਸਾਲ 2023-24 ਦੇ ਬੱਜਟ ਅਨੁਸਾਰ ਸਰਕਾਰ 17.87 ਲੱਖ ਕਰੋੜ ਦਾ ਹੋਰ ਕਰਜ਼ਾ ਚੁੱਕਣ ਜਾ ਰਹੀ ਹੈ। ਇਸ ਤਰ੍ਹਾਂ ਇਸ ਸਾਲ ਦੌਰਾਨ ਕੁੱਲ ਕਰਜਾ 170 ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ। ਕਰਜਿਆਂ ਤੇ ਵਿਆਜ਼ ਦੀ ਅਦਾਇਗੀ ਦੇ  ਮਾਮਲੇ ਚ ਵੀ ਹਾਲਤ ਇਹ ਹੈ ਕਿ ਸਾਲ 2010-11 ਦੌਰਾਨ ਇਕ ਰੁਪਏ ਦੀ ਆਮਦਨ ਚੋੋਂ 28.40 ਪੈਸੇ ਇਸ ਅਦਾਇਗੀ ਚ ਜਾਂਦੇ ਸਨ। ਹੁਣ ਸਾਲ 2023-24 ਦੇ ਬੱਜਟ ਅਨੁਸਾਰ ਇਹ ਅਦਾਇਗੀ ਖਰਚਾ ਵਧ ਕੇ 39.70 ਪੈਸੇ ਪ੍ਰਤੀ ਰੁਪਇਆ ਹੋ ਜਾਣ ਦਾ ਖਦਸ਼ਾ ਹੈ। ਨਿਰਸੰਦੇਹ ਇਹ ਵਧ ਰਿਹਾ ਕਰਜ਼ ਬੋਝ ਆਮ ਮਿਹਨਤਕਸ਼ ਲੋਕਾ ਦੀਆਂ ਪਿੱਠਾਂ ਤੇ ਲੱਦਿਆ ਬੋਝ ਹੈ ਤੇ ਇਹ ਉਹਨਾਂ ਦੇ ਹਿੱਤਾਂ ਦੀ ਬਲੀ ਦੇ ਕੇ ਹੀ ਤਾਰਿਆ ਜਾਵੇਗਾ।

          ਹੁਣ ਬੱਜਟ ਸਾਧਨਾਂ ਦੀ ਵੰਡ ਦੇ ਮਾਮਲੇ ਚ ਮੌਜੂਦਾ ਬਜਟ ਤੇ ਝਾਤ ਮਾਰਨ ਵੇਲੇ ਆਉ ਪਹਿਲਾਂ ਦੇਸ ਦੀ ਵਸੋਂ ਦੀ ਸਭ ਤੋਂ ਵੱਡੀ ਪਰਤ ਕਿਸਾਨੀ ਦੀ ਹਾਲਤ ਤੇ ਨਜ਼ਰ ਮਾਰੀਏ। ਸਰਕਾਰੀ ਅੰਕੜਿਆਂ ਮੁਤਾਬਿਕ, ਦੇਸ਼ ਦੀ ਵਸੋਂ ਦਾ ਲੱਗਭੱਗ 47 ਫੀਸਦੀ ਹਿੱਸਾ ਆਪਣੇ ਨਿਰਬਾਹ ਲਈ ਖੇਤੀ ਤੇ ਨਿਰਭਰ ਹੈ। 2017ਚ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣ ਦੇ ਦਮਗਜੇ ਮਾਰੇ ਸਨ ਪਰ ਖੇਤੀ ਖੇਤਰ ਨਾਲ ਯਾਨੀ ਇਸ ਉੱਪਰ ਜੂਨ-ਗੁਜਾਰੇ ਲਈ ਨਿਰਭਰ ਲੱਗਭੱਗ ਦੇਸ਼ ਦੀ ਅੱਧੀ ਆਬਾਦੀ ‏‏‏‏ਨਾਲ ਘੋਰ ਅਨਿਆਂ ਕਰਦਿਆਂ ਖੇਤੀ ਲਈ ਬਜਟ ਰਾਸ਼ੀਆਂ ਹਰ ਸਾਲ ਛਾਂਗੀਆਂ ਜਾ ਰਹੀਆਂ ਹਨ। ਸਾਲ 2021-22ਚ ਖੇਤੀ ਤੇ ਇਸ ਦੇ ਸਹਾਈ ਧੰਦਿਆਂ ਲਈ ਰੱਖੀ ਬੱਜਟ ਰਾਸ਼ੀ 1.48 ਲੱਖ ਕਰੋੜ ਰੁਪਏ ਸੀ। ਸਾਲ 2022-23 ਦੇ ਸੋਧੇ ਹੋਏ ਅਨੁਮਾਨਾਂ ਅਨੁਸਾਰ ਇਹ ਰਾਸ਼ੀ ਘਟ ਕੇ 1.24 ਲੱਖ ਕਰੋੜ ਰੁਪਏ ਰਹਿ ਗਈ। ਐਤਕੀਂ ਦੇ ਬੱਜਟ ਚ ਇਸ ਨੂੰ ਹੋਰ ਛਾਂਗ ਕੇ 1.15 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਸਾਲ 2022-23 ਦੇ ਆਰਥਕ ਸਰਵੇ ਚ ਸਰਕਾਰ ਨੇ ਇਹ ਗੱਲ ਮੰਨੀ ਹੈ ਕਿ ਸਾਲ  2020-21ਚ ਖੇਤੀ ਸੈਕਟਰ ਚ ਸਰਕਾਰੀ ਪੂੰਜੀ ਨਿਵੇਸ਼ ਦਹਾਕੇ ਭਰ ਚ ਸਭ ਤੋਂ ਘੱੱਟ ਸੀ। ਕੁੱੱਲ ਬੱਜਟ ਚ ਖੇਤੀ ਖੇਤਰ ਦਾ ਹਿੱਸਾ ਪਿਛਲੇ ਸਾਲਾਂ ਚ 3.84 ਫੀਸਦੀ ਤੋਂ  ਘਟਕੇ 3.2 ਫੀਸਦੀ ਰਹਿ ਗਿਆ ਹੈ। ਹੁਣ ਇਹ ਹੋਰ ਘਟ ਕੇ ਮਹਿਜ਼ 2.96 ਫੀਸਦੀ ਰਹਿ ਗਿਆ ਹੈਦੇਸ਼ ਦੇ ਅੰਨਦਾਤੇ ਨਾਲ ਇਸ ਤੋਂ ਘੋਰ ਬੇਇਨਸਾਫੀ ਹੋਰ ਕੀ ਹੋ ਸਕਦੀ ਹੈ?

          ਕੁੱਝ ਸਾਲ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਹੁੱਬ ਕੇ ਐਲਾਨੀ ਫਸਲ ਬੀਮਾ ਯੋਜਨਾ ਲਈ ਵੀ ਬੱਜਟ ਪਿਛਲੇ ਸਾਲ ਦੇ 15,500 ਕਰੋੜ ਰੁਪਏ ਤੋਂ ਛਾਂਗ ਕੇ ਇਸ ਸਾਲ 13625 ਕਰੋੜ ਰੁਪਏ ਕਰ ਦਿੱਤਾ ਹੈ। ਯਾਨੀ ਪਿਛਲੇ ਸਾਲ ਦੀ ਤੁਲਨਾ ਚ 12 ਫੀਸਦੀ ਘਟਾ ਦਿੱਤਾ ਗਿਆ ਹੈ।

          ਪ੍ਰਧਾਨ ਮੰਤਰੀ ਦੀ ਕਿਸਾਨਾਂ ਲਈ ਇਕ ਹੋਰ ਚਹੇਤੀ ਸਕੀਮ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਹੈ। ਜਿਸ ਤਹਿਤ ਕਿਸਾਨਾਂ ਨੂੰ ਹਰੇਕ ਸਾਲ 6000 ਰੁਪਏ ਸਾਲਾਨਾ ਉਹਨਾਂ ਦੇ ਖਾਤਿਆਂ ਚ ਸਿੱਧੇ ਪਾਏ ਜਾਂਦੇ ਹਨ। ਇਸ ਸਕੀਮ ਅਧੀਨ ਦਿੱਤੀ ਜਾਣ ਵਾਲੀ ਬੱਜਟ ਰਾਸ਼ੀ ਵੀ ਪਿਛਲੇ ਸਾਲ ਦੇ 68,000 ਕਰੋੜ ਤੋਂ 12 ਫੀਸਦੀ ਘਟਾ ਕੇ 60,000 ਕਰੋੜ ਰੁਪਏ ਕਰ ਦਿੱਤੀ ਗਈ ਹੈ।

          ਇਉਂ ਹੀ ਰਸਾਇਣਿਕ ਖਾਦਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਦੀ ਰਕਮ 2.25 ਲੱਖ ਕਰੋੜ ਰੁਪਏ ਤੋਂ ਸਿੱਧੀ 50,000 ਕਰੋੜ ਰੁਪਏ ਘਟਾ ਕੇ 1.75  ਲੱਖ ਕਰੋੜ ਰੁਪਏ ਕਰ ਦਿੱਤੀ ਹੈ। ਅਜਿਹਾ ਉਸ ਵੇਲੇ ਕੀਤਾ ਗਿਆ ਹੈ ਜਦ ਸੰਸਾਰ ਮੰਡੀ ਨੂੰ ਰੂਸ-ਯੂਕਰੇਨ ਜੰਗ ਕਾਰਨ ਖਾਦਾਂ ਦੀ ਥੁੜ ਅਤੇ ਉਹਨਾਂ ਦੀਆਂ ਕੀਮਤਾਂ ਚ ਆਏ ਭਾਰੀ ਉਛਾਲ ਦੀਆਂ ਹਾਲਤਾਂ ਦਾ ਸਾਹਮਣਾ ਹੈ।

          ਮੋਦੀ ਸਰਕਾਰ ਦਾ ਤਿੰਨ ਕਾਨੂੰਨਾਂ ਖਿਲਾਫ ਚੱਲੇ ਕਿਸਾਨੀ ਦੇ ਲਾਮਿਸਾਲ ਘੋਲ ਦੌਰਾਨ ਪੂਰੀ ਢੀਠਤਾਈ ਨਾਲ ਇਹ ਦਾਅਵਾ ਰਿਹਾ ਹੈ ਕਿ ‘‘ਐਮ.ਐਸ.ਪੀ ਥਾ, ਦੇਸ਼ ਮੇਂ ਐਮ.ਐਸ.ਪੀ ਹੈ ਔਰ ਐਮ.ਐਸ.ਪੀ ਰਹੇਗਾ।’’ ਦੇਸ਼ ਦੇ ਕਿਸਾਨ ਭਲੀ ਭਾਂਤ ਜਾਣਦੇ ਹਨ ਕਿ ਇਹ ਕੋਰਾ ਝੂਠ ਹੈ, ਨਿਰਾ ਦੰਭ ਹੈ। ਹੁਣ ਬੱਜਟ ਹਕੀਕਤਾਂ ਸ਼ਰੇਆਮ ਇਹਨਾਂ ਐਲਾਨਾਂ ਦਾ ਮੂੰਹ ਚਿੜਾ ਰਹੀਆਂ ਹਨ। ਕੁੱਝ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਤੇਲ ਬੀਜਾਂ ਤੇ ਦਾਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਇਹਨਾਂ ਦੀ ਸਮਰਥਨ ਮੁੱਲ ਉਪਰ ਖਰੀਦ ਲਈ ਪੀ.ਐਮ. ਆਸ਼ਾ ਨਾਂ ਦੀ ਸਕੀਮ ਚਾਲੂ ਕੀਤੀ ਸੀਪਿਛਲੇ ਸਾਲ ਦੇ ਬੱਜਟ ਚ ਇਸ ਲਈ ਰੱਖੇ ਜਾਂਦੇ ਬੱਜਟ ਖਰਚਿਆਂ ਤੇ ਵੱਡੀ ਪੱਧਰ ਤੇ ਕੁਹਾੜਾ ਵਾਹ ਦਿੱਤਾ ਗਿਆ ਸੀ। ਐਤਕੀਂ ਇਹ ਰਕਮ ਮਹਿਜ਼ ਇੱਕ ਲੱਖ ਰੁਪਏ ਦੀ ਹਾਸੋਹੀਣੀ ਹੱਦ ਤੱਕ ਘਟਾ ਦਿੱਤੀ ਗਈ ਹੈ। ਇਉਂ ਹੀ ਫਸਲੀ ਕੀਮਤਾਂ ਚ ਭਾਰੀ ਗਿਰਾਵਟ ਰੋਕਣ ਲਈ ਪ੍ਰਾਈਸ ਸਪੋਰਟ ਸਿਸਟਮ ਅਤੇ ਮਾਰਕੀਟ ਇੰਟਰਵੈਨਸ਼ਨ ਸਕੀਮ ਨਾਂ ਦੀਆਂ ਯੋਜਨਾਵਾਂ ਲਈ ਰੱਖੀ ਜਾਂਦੀ 1500 ਕਰੋੜ ਰੁਪਏ ਦੀ ਰਾਸ਼ੀ ਚ ਵੀ ਵੱਡੀ ਕਟੌਤੀ ਕਰ ਦਿੱਤੀ ਗਈ ਹੈ। ਇਹ ਸਕੀਮਾਂ ਉਹਨਾਂ ਕਿਸਾਨਾਂ ਲਈ ਭਾਰੀ ਮਹੱਤਤਾ ਰੱਖਦੀਆਂ ਹਨ ਜਿਹੜੇ ਨਕਦੀ ਕਮਾਈ ਵਾਲੀਆਂ ਫਸਲਾਂ ਜਿਵੇਂ ਟਮਾਟਰ, ਆਲੂ, ਪਿਆਜ਼, ਫਲ ਜਾਂ ਹੋਰ ਅਜਿਹੀਆਂ ਫਸਲਾਂ ਦੀ ਕਾਸ਼ਤ ਕਰਦੇ ਹਨ ਤੇ ਜਿਨ੍ਹਾਂ ਦੀਆਂ ਕੀਮਤਾਂ ਅਚਾਨਕ ਹੀ ਧੜੰਮ ਗੋਤਾ ਖਾ ਜਾਣ ਕਰਕੇ ਉਹਨਾਂ ਨੂੰ ਸੜਕਾਂ ਤੇ ਸੁੱਟਣੀਆਂ ਪੈਂਦੀਆਂ ਹਨ।

          ਭਾਰਤ ਨੂੰ ਵੀ ਬਾਕੀ ਸਾਮਰਾਜੀ ਅਰਥਚਾਰੇ ਵਾਂਗ ਕਾਫੀ ਹੱਦ ਤੱਕ ਸਨਅਤੀ ਮੰਦੀ ਦੀ ਸਾਹਮਣਾ ਹੈ। ਵਿਸ਼ਵੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਦੇ ਪੈਰੋਕਾਰ ਭਾਰਤੀ ਹਾਕਮ ਵੀ ਸਨਅਤੀ ਸਰਗਰਮੀ ਨੂੰ ਹੁਲਾਰਾ ਦੇਣ ਲਈ ਵੱਡੇ ਉਦਯੋਗਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਟੈਕਸ ਛੋਟਾਂ ਦੇਣ, ਸਬਸਿਡੀਆਂ ਦੇਣ, ਸਸਤੇ ਕਰਜ਼ੇ ਯਕੀਨੀ ਬਨਾਉਣ ਤੇ ਲੇਬਰ ਕਾਨੂੰਨ ਉਹਨਾਂ ਅਨੁਸਾਰ ਢਾਲਣ ਤੇ ਹੋਰ ਕਈ ਫੈਸਲੇ ਲੈਂਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਸਨਅਨਤੀ ਸਰਗਰਮੀ ਦਾ ਅਮਲ ਰਫਤਾਰ ਨਹੀਂ ਫੜਦਾ। ਇਸ ਮੰਦੀ ਦਾ ਅਸਲ ਕਾਰਨ ਮੰਗ ਦਾ ਸੁੰਗੇੜਾ ਹੈ। ਵਿਆਪਕ ਬੇਰੁਜ਼ਗਾਰੀ, ਨੀਵੀਆਂ ਉਜਰਤਾਂ ਅਤੇ ਤਨਖਾਹਾਂ, ਰੁਜ਼ਗਾਰ-ਘਟਾਊ ਮਸ਼ੀਨੀਕਰਨ ਤੇ ਸੱਨਅਤੀਕਰਨ, ਫਸਲਾਂ ਦੀਆਂ ਘਾਟੇਵੰਦੀ ਕੀਮਤਾਂ ਆਦਿਕ ਬਹੁਤ ਸਾਰੇ ਕਾਰਨਾਂ ਕਰਕੇ ਲੋਕਾਂ ਕੋਲ ਖਰੀਦ ਸ਼ਕਤੀ ਨਹੀਂ। ਜੇ ਮੰਗ ਨਹੀਂ ਤਾਂ ਫਿਰ ਸਨਅਤੀ ਸਰਗਰਮੀ ਕਾਇਮ ਨਹੀਂ ਰਹਿ ਸਕਦੀ। ਸਰਕਾਰ ਦੀਆਂ ਨੀਤੀਆਂ ਮੰਗ ਵਧਾਉਣ ਚ ਸਹਾਈ ਹੋਣ ਦੀ ਥਾਂ ਇਸ ਨੂੰ ਹੋਰ ਸੁੰਗੇੜਨ ਵੱਲ ਸੇਧਤ ਹਨ। ਪਿਛਲੇ ਬੱਜਟਾਂ ਅਤੇ ਸਰਕਾਰਾਂ ਦੀਆਂ ਆਰਥਕ ਨੀਤੀਆਂ ਵਾਂਗ ਇਹ ਬੱਜਟ ਵੀ ਲੋਕਾਂ ਦੀ ਆਮਦਨ ਵਧਾਉਣ ਦਾ ਰਾਹ ਖੋਲ੍ਹਣ ਦੀ ਥਾਂ ਮੰਗ ਨੂੰ ਹੋਰ ਘਟਾਉਣ ਵੱਲ ਸੇਧਤ ਹੈ।

          ਯੂ.ਪੀ.ਏ ਸਰਕਾਰ ਦੇ ਕਾਰਜਕਾਲ ਦੌਰਾਨ 2005ਚ ਲਾਗੂ ਕੀਤੀ ਗਈ ਮਗਨਰੇਗਾ ਸਕੀਮ ਪੇਂਡੂ ਖੇਤਰਾਂ ਚ ਰੁਜ਼ਗਾਰ ਮੁਹੱਈਆ ਕਰਨ ਤੇ ਪੇਂਡੂ ਕਿਰਤ ਸ਼ਕਤੀ ਦੀ ਖਰੀਦ ਸ਼ਕਤੀ ਨੂੰ ਉਗਾਸਾ ਦੇਣ ਦੀ ਇਕ ਪ੍ਰਮੁੱਖ ਸਕੀਮ ਸੀ। ਪਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ 100 ਦਿਨ ਕੰਮ ਦੀ ਗਰੰਟੀ ਦੀ ਗੱਲ ਤਾਂ ਕਿਧਰੇ ਰਹੀ, ਨਾ ਤਾਂ ਸਭ ਲੋੜਵੰਦਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਸਮੇਂ ਸਿਰ ਢੁੱਕਵੀਆਂ ਉਜਰਤਾਂ। ਵਿਆਪਕ ਭ੍ਰਿਸ਼ਟਾਚਾਰ ਤੋਂ ਇਲਾਵਾ ਸਾਲ ਭਰ ਚ ਸੀਮਤ ਗਿਣਤੀ ਲੋਕਾਂ ਨੂੰ ਸੀਮਤ ਦਿਨਾਂ ਲਈ ਰੁਜ਼ਗਾਰ ਮਿਲ ਰਿਹਾ ਹੈ। ਇਸ ਦੀ ਮੂਲ ਵਜ੍ਹਾ ਇਸ ਸਕੀਮ ਲਈ ਆਏ ਸਾਲ ਘਟ ਰਹੇ ਫੰਡ ਹਨ। ਮੌਜੂਦਾ ਕੇਂਦਰੀ ਬੱਜਟ ਵਿਚ ਵੀ ਪਿਛਲੇ ਸਾਲ ਦੇ ਬੱਜਟ ਵਿਚ ਖਰਚ ਕੀਤੇ 89,400 ਕਰੋੜ ਰੁਪਏ ਦੇ ਫੰਡਾਂ ਦੀ ਤੁਲਨਾ ਚ ਐਤਕੀਂ 33 ਫੀਸਦੀ ਦੀ ਵਿਰਾਟ ਕਟੌਤੀ ਕਰਕੇ ਸਿਰਫ 60,000 ਕਰੋੜ ਰੁਪਏ ਰੱਖੇ ਗਏ ਹਨ। ਹਾਲੇ ਪਿਛਲੇ ਸਾਲ ਦੀਆਂ ਉਜਰਤਾਂ ਦੇ ਕਾਫੀ ਬਕਾਏ ਦੀਆਂ ਦੇਣਦਾਰੀਆਂ ਖੜ੍ਹੀਆਂ ਹਨ। ਲੋਕਾਂ ਨੂੰ ਪੇਂਡੂ ਖੇਤਰਾਂ ਚ ਰੁਜ਼ਗਾਰ ਕਿਵੇਂ ਮਿਲੇਗਾ? ਜ਼ਾਹਰ ਹੈ ਇਸ ਨਾਲ ਪਹਿਲਾਂ ਦੇ ਮੁਕਾਬਲੇ ਆਮਦਨ ਅਤੇ ਮੰਗ ਦਾ ਸੰਕਟ ਹੋਰ ਡੂੰਘਾ ਹੋਵੇਗਾ।

          ਬੱਜਟ ਚ ਨੌਜਵਾਨ  ਵਰਗ ਚ ਵਿਆਪਕ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੋਈ ਪਹਿਲਕਦਮੀ ਨਹੀਂ। ਮੋਦੀ ਨੇ ਹਰ ਸਾਲ ਦੋ ਕਰੋੜ ਰੁਜ਼ਗਾਰ ਪੈਦਾ ਕਰਨ ਦੇ ਹੋਕਰੇ ਮਾਰੇ ਸਨ ਪਰ ਉਦਾਰੀਕਰਨ, ਨਿੱਜੀਕਰਨ ਤੇ ਮਸ਼ੀਨੀਕਰਨ, ਕੰਪਿਊਟਰੀਕਰਨ ਜਾਂ ਡਿਜੀਟੀਲਾਈਜੇਸ਼ਨ ਰਾਹੀਂ ਪਹਿਲੇ ਰੁਜ਼ਗਾਰ ਦਾ ਵੀ ਉਜਾੜਾ ਕਰਨ ਦਾ ਅਮਲ ਅੱਗੇ  ਵਧਾਇਆ ਜਾ ਰਿਹਾ ਹੈ। ਅਗਨੀਵੀਰ ਦੇ ਨਾਂ ਹੇਠ ਸੁਰੱਖਿਆ ਖੇਤਰ ਚ ਵੀ ਰੁਜ਼ਗਾਰ ਨੂੰ ਘਟਾਉਣ ਤੇ ਇਸ ਦਾ ਨਿੱਜੀਕਰਨ ਤੇ ਠੇਕਾਕਰਨ ਦਾ ਅਮਲ ਆਰੰਭ ਦਿੱਤਾ ਗਿਆ ਹੈ।

          ਮਿਹਨਤਕਸ਼ ਲੋਕਾਂ ਦੇ ਪੱਖ ਤੋਂ ਦੇਖਿਆਂ ਸਸਤੀ ਵਿੱਦਿਆ ਤੇ ਜਨਤਕ ਸਿਹਤ ਵਿਵਸਥਾ ਬੇਹੱਦ ਅਹਿਮੀਅਤ ਰਖਦੀ ਹੈ। ਕਾਰਪੋਰੇਟੀਕਰਨ ਦੀਆਂ ਨੀਤੀਆਂ ਤੇ ਚਲਦੀਆਂ ਆ ਰਹੀਆਂ ਸਰਕਾਰਾਂ ਲਗਾਤਾਰ ਵਿੱਦਿਆ ਤੇ ਸਿਹਤ ਸੇਵਾਵਾਂ ਤੇ ਕੀਤਾ ਜਾਣ ਵਾਲਾ ਸਰਕਾਰੀ ਨਿਵੇਸ਼ ਘਟਾ ਰਹੀਆਂ ਹਨ ਤੇ ਇਹਨਾਂ ਖੇਤਰਾਂ ਦਾ ਨਿੱਜੀਕਰਨ ਕਰਨ ਲਈ ਤੇਜ਼ ਰਫਤਾਰ ਕਦਮ ਚੁੱਕ ਰਹੀਆਂ ਹਨ। ਮੌਜੂਦਾ ਬੱਜਟ ਚ ਵੀ ਸਿਹਤ ਖੇਤਰ ਲਈ 89,155 ਕਰੋੜ ਰੁਪਏ ਦੀ ਨਿਗੂਣੀ ਰਾਸ਼ੀ ਰੱਖੀ ਗਈ ਹੈ ਜੋ ਕੁੱਲ ਬੱਜਟ ਖਰਚਿਆਂ ਦਾ 1.62 ਪ੍ਰਤੀਸ਼ਤ ਬਣਦੀ ਹੈ। ਇਉਂ ਹੀ ਵਿੱਦਿਆ ਲਈ 1,12,000 ਕਰੋੜ ਦਾ ਬੱਜਟ ਰੱਖਿਆ ਗਿਆ ਹੈ। ਜੋ ਕੁੱਲ ਬੱਜਟ ਰਾਸ਼ੀ ਦਾ ਨਿਗੂਣਾ 2.29 ਪ੍ਰਤੀਸ਼ਤ ਬਣਦਾ ਹੈ। ਇਹ ਦੋਵੇਂ ਖੇਤਰ ਬੇਹੱਦ ਅਹਿਮ ਹਨ ਤੇ ਸਰਕਾਰ ਦੀ ਮੁੱਢਲੀ ਸਮਾਜਿਕ ਜੁੰਮੇਵਾਰੀ ਬਣਦੇ ਹਨ। ਇਹਨਾਂ ਖੇਤਰਾਂ ਚ ਕੁੱਲ ਬੱਜਟ ਰਾਸ਼ੀ ਦਾ ਨਹੀਂ ਸਗੋਂ ਘਰੇਲੂ ਪੈਦਾਵਾਰ (275 ਲੱਖ ਕਰੋੜ ਰੁਪਏ) ਦਾ ਹਰੇਕ ਖੇਤਰ ਚ ਤਿੰਨ ਤੋਂ ਲੈ ਕੇ ਛੇ ਫੀਸਦੀ ਤੱਕ ਖਰਚ ਕੀਤੇ ਜਾਣ ਦੀ ਲੋੜ ਹੈ। ਇਹ ਬੱਜਟ ਇਸ ਗੱਲ ਦੇ ਸਪੱਸ਼ਟ ਸੂਚਕ ਹਨ ਕਿ ਸਰਕਾਰ ਲੋਕਾਂ ਨੂੰ ਇਹ ਲਾਜ਼ਮੀ ਬੁਨਿਆਦੀ ਸੇਵਾਵਾਂ ਮੁਹੱਈਆ ਕਰਨ ਦੀ ਆਪਣੀ ਸਮਾਜਕ ਜੁੰਮੇਵਾਰੀ ਤੋਂ ਪੱਲਾ ਝਾੜ ਰਹੀ ਹੈ।

          ਸਾਲ 2022-23ਚ ਬੱਜਟ ਵਿਚ 2.80 ਲੱਖ ਕਰੋੜ ਰੁਪਏ ਦੀ ਰਕਮ ਫੂਡ ਸਬਸਿਡੀ ਵਜੋਂ ਰੱਖੀ ਗਈ ਸੀ। ਐਤਕੀਂ ਦੇ ਬੱਜਟ ਚ ਇਹ ਰਕਮ ਘਟਾ ਕੇ 1.97 ਲੱਖ ਕਰੋੜ ਕਰ ਦਿੱਤੀ ਗਈ ਹੈ। ਨਾਲ ਹੀ ਸਰਕਾਰ ਇਹ ਦਮਗਜੇ ਮਾਰ ਰਹੀ ਹੈ ਕਿ ਉਹ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣ ਦੀ ਸਕੀਮ ਇਸ ਸਾਲਾ ਦੇ ਅੰਤ ਤੱਕ ਵਧਾ ਰਹੀ ਹੈ। ਅਸਿੱਧੇ ਤੌਰ ਤੇ  ਸਰਕਾਰ ਇਹ ਪ੍ਰਵਾਨ ਕਰ ਰਹੀ ਹੈ ਕਿ ਮੁਲਕ ਦੀ ਬਹੁਗਿਣਤੀ ਵਸੋਂ ਗਰੀਬੀ ਤੇ ਭੁੱਖਮਰੀ ਦੀ ਹਾਲਤ ਚੋਂ ਗੁਜ਼ਰ ਰਹੀ ਹੈ। ਪਰ ਜਦ ਵਰਲਡ ਹੰਗਰ ਇੰਡੈਕਸ ਜਿਹੀਆਂ ਕੌਮਾਂਤਰੀ ਜਥੇਬੰਦੀਆਂ ਇਸੇ ਤੱਥ ਨੂੰ ਉਘਾੜਦੀਆਂ ਹਨ ਤਾਂ ਭਾਰਤੀ ਹਾਕਮ ਤਿਲਮਿਲਾ ਉਠਦੇ ਹਨ ਤੇ ਉਹਨਾਂ ਤੇ ਦੂਸ਼ਣਬਾਜੀ ਦੀ ਝੜੀ ਲਾ ਦਿੰਦੇ ਹਨ। ਫੂਡ ਸਬਸਿਡੀ ਤੇ ਫੇਰੀ ਕੈਂਚੀ ਇਸ ਗੱਲ ਦੀ ਸੂਚਕ ਹੈ ਕਿ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਵੰਡਣ ਦੇ ਐਲਾਨ ਤਾਂ ਆਉਂਦੀਆਂ ਚੋਣਾਂ ਨੂੰ ਧਿਆਨ ਚ ਰੱਖਦਿਆਂ ਪ੍ਰਾਪੇਗੰਡੇ ਲਈ ਹਨ, ਅਸਲ ਮੁਫਤ ਅਨਾਜ ਕਿਤੇ ਘੱਟ ਲੋਕਾਂ ਨੂੰ ਦਿੱਤਾ ਜਾ ਸਕੇਗਾ।

          ਔਰਤਾਂ, ਨੌਜਵਾਨਾਂ ਆਦਿਕ ਦੀ ਬਿਹਤਰੀ ਲਈ ਕੇਂਦਰੀ ਬੱਜਟ ਚ ਕੋਈ ਵੀ ਸਾਰਥਕ ਤੇ ਅਸਰਦਾਰ ਪਹਿਲਕਦਮੀ ਨਹੀਂ। ਰੁਜ਼ਗਾਰ ਦੇ ਮੌਕੇ ਨਾ ਮਿਲਣ ਕਰਕੇ ਕਈ ਲੱਖਾਂ ਦੀ ਗਿਣਤੀ ਚ ਪੜ੍ਹੇ ਲਿਖੇ ਭਾਰਤੀ ਨੌਜਵਾਨ ੳੱੁਚ ਵਿੱਦਿਆ ਦੇ ਨਾਂ ਹੇਠ ਵਿਦੇਸ਼ਾਂ ਵਿਚ ਵਸਣ ਲਈ ਇੱਥੋਂ ਪ੍ਰਵਾਸ ਕਰ ਰਹੇ ਹਨ। ਇਹ ਨਾ ਸਿਰਫ  ਨੌਜਵਾਨ ਤੇ ਪੜੀ-ਲਿਖੀ ਕਿਰਤ ਸ਼ਕਤੀ ਸਾਮਰਾਜੀ ਮੁਲਕਾਂ ਨੂੰ ਮੁਫਤੋ-ਮੁਫਤੀ ਮਿਲ ਰਹੀ ਹੈ ਸਗੋਂ ਉਹਨਾਂ ਦੀਆਂ ਭਾਰਤ ਵਿਚਲੀਆਂ ਧਨ ਸੰਪਤੀਆ ਵੀ ਉਧਰ ਪਲੈਨ ਕਰ ਰਹੀਆਂ ਹਨ। ਹਾਕਮ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਭਾਰੀ ਰਿਆਇਤਾਂ ਦੇ ਕੇ ਮੁਲਕ ਚ ਖਿੱਚਣ ਲਈ ਤਰਲੋਮੱਛੀ ਹੋ ਰਹੇ ਹਨ ਪਰ ਭਾਰਤ ਚੋਂ ਹੋ ਰਹੇ ਬਰੇਨ-ਡਰੇਨ ਤੇ ਸਰਮਾਏ ਦੇ ਨਿਕਾਸ ਤੋਂ ਬੇਪ੍ਰਵਾਹ ਨੀਰੋ  ਵਾਂਗ ਬੰਸਰੀ ਵਜਾ ਰਹੇ ਹਨ। ਜੇ ਸਰਕਾਰ ਇੱਥੇ ਰੁਜ਼ਗਾਰ ਦੇ ਮੌਕੇ ਸਿਰਜਣ ਲਈ ਯਤਨ ਕਰੇ ਤਾਂ ਫਿਰ ਸਿੱਖਿਅਤ ਮਨੁੱਖਾ ਸ਼ਕਤੀ ਤੇ ਪੂੰਜੀ ਦੇ ਭਾਰਤ ਚੋਂ ਨਿਕਾਸ ਨੂੰ ਰੋਕਿਆ ਜਾ ਸਕਦਾ ਹੈ ਤੇ ਇੱਥੇ ਪੂੰਜੀ ਸੋਮੇ ਸਿਰਜੇ ਤੇ ਪਸਾਰੇ ਜਾ ਸਕਦੇ ਹਨ।

          ਸਰਕਾਰ ਦੇ ਧੂਤੂਆਂ ਵੱਲੋਂ ਹੁੱਬ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਮੋਦੀ ਹਕੂਮਤ ਨੇ ਰੇਲਵੇ ਬੱਜਟ ਚ ਇੱਕ ਲੱਖ ਕਰੋੜ ਦਾ ਵਾਧਾ ਕਰਕੇ ਇਸ ਨੂੰ 2.4 ਲੱਖ ਕਰੋੜ ਦਾ ਕਰ ਦਿੱਤਾ ਹੈ। ਇਸ ਨਾਲ ਰੇਲਵੇ ਦਾ ਵਿਕਾਸ ਤੇਜ਼ ਹੋਵੇਗਾ। ਨਿਰਸੰਦੇਹ ਰੇਲਵੇ ਚ ਵਧੇਰੇ ਪੂੰਜੀ ਨਿਵੇਸ਼ ਹੋਵੇਗਾ ਪਰ ਇਹ ਸਰਮਾਇਆ ਬੁਲਟ-ਟਰੇਨ ਦਾ ਲਮਕਿਆ ਤੇ ਮਹਿੰਗਾ ਪ੍ਰੋਜੈਕਟ ਪੂਰਾ ਕਰਨ, ਉੱਚ-ਵਰਗ ਦੇ ਲੋਕਾਂ ਲਈ ਤੇਜ਼-ਰਫਤਾਰ ਤੇ ਅਧੁਨਿਕ ਸਹੂਲਤਾਂ ਨਾਲ ਲੈਸ ਨਿਊ ਬੰਦੇ ਭਾਰਤ ਰੇਲ ਗੱਡੀਆਂ ਚਲਾਉਣ, ਰਾਜਧਾਨੀ, ਸ਼ਤਾਬਦੀ, ਦੁਰਾਂਤੋ ਤੇ ਹਮਸਫਰ ਜਿਹੀਆਂ ਉੱਚ-ਵਰਗ ਦੀਆਂ ਗੱਡੀਆਂ ਦੇ ਇੱਕ ਹਜ਼ਾਰ ਅਧੁਨਿਕ ਡੱਬੇ ਬਣਾਉਣ, ਹਾਈਡਰੋਜਨ ਫਾਰ ਹਰੀਟੇਜ਼ ਸਕੀਮ ਤਹਿਤ ਹਾਈਡਰੋਡਨ ਫਿਊਲ ਨਾਲ ਚੱਲਣ ਵਾਲੀਆਂ 35 ਵਿਰਾਸਤੀ ਰੇਲ ਗੱਡੀਆਂ ਜਿਹੇ ਅੱਤ ਮਹਿੰਗੇ ਪ੍ਰੋਜੈਕਟਾਂ ਅਤੇ ਟਰੈਕਾਂ ਦੇ ਸੁਧਾਰ, ਬਿਜਲੀਕਰਨ ਜਾਂ ਸਟੇਸ਼ਨਾਂ ਨੂੰ ਅਧੁਨਿਕ ਬਣਾਉਣ ਲਈ ਖਰਚ ਹੋਵੇਗਾ। ਘੱਟ ਆਮਦਨ ਵਾਲੇ ਲੋਕਾਂ ਲਈ ਨਵੀਆਂ ਗੱਡੀਆਂ ਚਲਾਉਣ, ਡੱਬੇ ਵਧਾਉਣ, ਗੱਡੀਆਂ ਦੀ ਹਾਲਤ ਸੁਧਾਰਨ ਜਾਂ ਸਹੂਲਤਾਂ ਵਧਾਉਣ ਲਈ ਕੁੱਝ ਨਹੀਂ। ਰੇਲ ਗੱਡੀਆਂ ਦੇ ਕਿਰਾਏ ਭਾੜਿਆਂ , ਬਜੁਰਗਾਂ, ਵੱਡੀ ਉਮਰ ਦੀਆਂ ਔਰਤਾਂ, ਅਪੰਗਾਂ ਜਾਂ ਹੋਰ ਸ਼੍ਰੇਣੀਆਂ ਦੇ ਵਿਅਕਤੀਆਂ ਲਈ ਕਰੋਨਾ ਦੌਰ ਦੌਰਾਨ ਛਾਂਗੀ ਰਿਆਇਤੀ ਟਿਕਟ ਦੀ ਸਹੂਲਤ ਵੀ ਬਹਾਲ ਨਹੀਂ ਕੀਤੀ ਗਈ। ਸੋ ਇੱਥੇ ਵੀ ਸੁਵੱਲੀ ਨਜ਼ਰ ੳੱੁਪਰਲੇ ਵਰਗ ਦੇ ਤਬਕਿਆਂ ਲਈ ਹੀ ਰਾਖਵੀਂ ਹੈ।

          ਇਉਂ ਹੀ ਬੱਜਟ ਚ ਵੱਡੇ ਕੈਪੈਕਸ (ਪੂੰਜੀ ਨਿਵੇਸ਼) ਫੰਡਾਂ ਦੇ ਮਹੱਈਆ ਕਰਵਾਏ ਜਾਣ ਦੀ ਗੱਲ ਹੈ। ਇਹ ਫੰਡ ਸ਼ਾਹਰਾਹਾਂ, ਬੰਦਰਗਾਹਾਂ, 50 ਦੇ ਕਰੀਬ ਹਵਾਈ ਅੱਡਿਆਂ, ਹਲੀਪੈਡਾਂ ਤੇ ਹੋਰ ਅਧੁਨਿਕ (ਆਧਾਰ ਤਾਣਾ-ਬਾਣਾ) ਇਨਫਰਾ ਸਟਰੱਕਚਰ ਦੀ ਇਉਸ਼ਾਰੀ ਵਿਸ਼ੇਸ਼ ਕਰਕੇ ਉੱਚ ਤਕਨੀਕੀ ਮਸ਼ੀਨਰੀ, ਸ਼ਾਜੋ-ਸਮਾਨ ਆਦਿਕ ਦਰਾਮਦ ਕਰਨ ਲਈ ਵਰਤੇ ਜਾਣੇ ਹਨ। ਇਹ ਵੀ ਸਾਰਾ ਕੁੱਝ ਕਾਰਪੋਰੇਟ ਕਾਰੋਬਾਰਾਂ ਲਈ ਤੇਜ਼ ਰਫਤਾਰ ਤੇ ਨਿਰਵਿਘਨ ਆਵਾਜਾਈ, ਸਾਮਾਨ ਢੁਆਈ, ਸੰਚਾਰ ਸਹੂਲਤਾਂ ਤੇ ਹੋਰ ਲੋੜਾਂ ਦੀ ਪੂਰਤੀ ਲਈ ਸੇਧਤ ਹੈ। ਇਸ ਪੂੰਜੀ ਨਿਵੇਸ਼ ਨਾਲ ਬਹੁਤ ਹੀ ਘੱਟ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਸਗੋਂ ਇਸ ਨਾਲ ਪਹਿਲੇ ਰੁਜ਼ਗਾਰ ਦਾ ਉਜਾੜਾ ਕਿਤੇ ਵਧੇਰੇ ਹੋਵੇਗਾ।

          ਅੰਤ ਚ ਰੱਖਿਆ ਮੰਤਰਾਲੇ ਲਈ ਲੱਗਭੱਗ 6 ਲੱਖ ਕਰੋੜ ਰੁਪਏ ਦਾ ਬੱਜਟ ਰੱਖਿਆ ਗਿਆ ਹੈ। ਜੇ ਇਸ ਵਿਚ ਨੀਮ ਫੌਜੀ ਬਲਾਂ, ਪੁਲਸ ਬਲਾਂ, ਪੁਲਾੜ ਤੇ ਖੋਜ ਕੇਂਦਰਾਂ, ਹਥਿਆਰਸਾਜੀ ਸਨਅਤਾਂ ਆਦਿਕ ਦਾ ਬੱਜਟ ਵੀ ਜੋੜ ਦਿੱਤਾ ਜਾਵੇ ਤਾਂ ਇਹ ਕੁੱਲ ਬੱਜਟ ਦੇ ਚੌਥੇ ਹਿੱਸੇ ਦੇ ਨੇੜੇ ਤੇੜੇ ਢੁੱਕ ਜਾਵੇਗਾ। ਫੌਜੀ ਬੱਜਟ ਚ ਕਾਫੀ ਵੱਡਾ ਹਿੱਸਾ ਸਾਮਰਾਜੀ ਮੁਲਕਾਂ ਤੋਂ ਮਾਰੂ ਜੰਗੀ ਹਥਿਆਰ ਦਰਾਮਦ ਕਰਨ ਲਈ ਖਰਚਿਆ ਜਾਂਦਾ ਹੈ।ਭਾਰਤ ਦੁਨੀਆਂ ਦੇ ਸਭ ਤੋਂ ਮੂਹਰਲੇ ਜੰਗੀ ਸਾਮਾਨ ਦਰਾਮਦਕਾਰੀ ਮੁਲਕਾਂ ਚ ਸ਼ਾਮਲ ਹੈ। ਭਾਰਤੀ ਹਾਕਮ ਜਮਾਤਾਂ ਆਪਣੇ ਲੁਟੇਰੇ ਰਾਜ ਦੀ ਭਾਰਤੀ ਲੋਕਾਂ ਦੇ ਰੋਹ ਤੋਂ ਸਲਾਮਤੀ ਲਈ ਗਵਾਂਢੀ ਮੁਲਕਾਂ ਨਾਲ ਆਢਾ ਲਾ ਕੇ ਰਖਦੀਆਂ ਹਨ। ਗਵਾਂਢੀ ਮੁਲਕਾਂ ਨਾਲ ਸਬੰਧ ਸੁਧਾਰਕੇ ਤੇ ਆਪਸੀ ਸਦਭਾਵਨਾ ਤੇ ਸ਼ਾਂਤੀ ਤੇ ਮਿਲਵਰਤਣ ਦਾ ਮਹੌਲ ਸਿਰਜਕੇ ਇਸ ਵਿਨਾਸ਼ਕਾਰੀ ਹਥਿਆਰ ਦੌੜ ਤੋਂ ਬਚਿਆ ਜਾ ਸਕਦਾ ਹੈ ਤੇ ਇਹ ਅਥਾਹ ਸਰਮਾਇਆ ਆਵਾਮ ਦੀ ਤਰੱਕੀ ਤੇ ਖੁਸ਼ਹਾਲੀ ਲਈ ਵਰਤਿਆ ਜਾ ਸਕਦਾ ਹੈ। ਪਰ ਆਪਣੀਆਂ ਸਿਆਸੀ ਲੋੜਾਂ ਕਰਕੇ, ਭਾਰਤੀ ਹਾਕਮ ਇਸ ਰਾਹ ਪੈਣ ਲਈ ਤਿਆਰ ਨਹੀਂ।

          ਉਪਰੋਕਤ ਚਰਚਾ ਤੋਂ ਇਹ ਸਹਿਜੇ ਹੀ ਨਤੀਜਾ ਨਿੱਕਲਦਾ ਹੈ ਕਿ ਬੱਜਟ ਬਾਰੇ ਭਾਰਤੀ ਹਾਕਮਾਂ ਵੱਲੋਂ ਕੀਤੀਆਂ ਜਾ ਰਹੀਆਂ ਚਿਕਨੀਆਂ ਚੋਪੜੀਆਂ ਗੱਲਾਂ ਨੂੰ ਲਾਂਭੇ ਛਡਦਿਆਂ ਜੇ ਕਰੂਰ ਤੱਥਾਂ ਤੇ ਅੰਕੜਿਆਂ ਤੇ ਗਹੁ ਨਾਲ ਝਾਤ ਮਾਰੀ ਜਾਵੇ ਤਾਂ ਕੇਂਦਰ ਸਰਕਾਰ ਦਾ ਮੌਜੂਦਾ ਬੱਜਟ ਇਕ ਲੋਕ-ਵਿਰੋਧੀ ਤੇ ਕੌਮ ਵਿਰੋਧੀ ਬੱਜਟ ਹੈ ਤੇ ਇਹ ੳੱੁਚ-ਜਮਾਤੀ ਹਿੱਸਿਆਂ, ਕਾਰਪੋਰੇਟਸ਼ਾਹੀ ਤੇ ਪੇਂਡੂ ਧਨਾਡਾਂ ਦੇ ਹਿੱਤਾਂ ਦੀ ਰਾਖੀ ਤੇ ਵਧਾਰੇ ਵੱਲ ਸੇਧਤ ਹੈ। ਇਹ ਬੱਜਟ ਵੀ ਸਾਮਰਾਜੀ ਤੇ ਕਾਰਪੋਰਟ ਤੇ ਜਗੀਰੂ ਹਿੱਤਾਂ ਦੀ ਬੇਸ਼ਰਮ, ਪਛਤਾਵਾ ਰਹਿਤ ਤੇ ਦਿ੍ਰੜ ਪਹਿਰੇਦਾਰ ਮੋਦੀ ਸਰਕਾਰ ਵੱਲੋਂ ਬੀਤੇ ਚ ਲਿਆਂਦੇ ਬੱਜਟਾਂ ਤੇ ਨੀਤੀ ਕਦਮਾਂ ਦੀ ਲੜੀ ਦਾ ਜਾਰੀ ਰੂਪ ਅਤੇ ਵਧਾਰਾ ਹੈ। ਇਹ ਇੱਕ ਪਿਛਾਖੜੀ ਬੱਜਟ ਹੈ ਜੋ ਲੋਕਾਂ ਦੇ ਡਟਵੇਂ ਵਿਰੋਧ ਦਾ ਹੱਕਦਾਰ ਹੈ।                                                                --0

 

ਆਈ.ਐਮ.ਐਫ਼. ਵੱਲੋਂ ਕੇਂਦਰੀ ਬੱਜਟ ਨੂੰ ਹਰੀ ਝੰਡੀ

 

ਆਈ.ਐਮ.ਐਫ਼. ਵੱਲੋਂ ਕੇਂਦਰੀ ਬੱਜਟ ਨੂੰ ਹਰੀ ਝੰਡੀ

ਭਾਰਤ ਸਰਕਾਰ ਵੱਲੋਂ 2023-24 ਲਈ ਪੇਸ਼ ਕੀਤੇ ਬੱਜਟ ਦੀ ਆਈ.ਐਮ.ਐਫ. ਵੱਲੋਂ ਜ਼ੋਰਦਾਰ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਇੱਕ ਤਰ੍ਹਾਂ ਨਾਲ ਇਸ ਬੱਜਟ ਨੂੰ ਹਰੀ ਝੰਡੀ ਦਿੱਤੀ ਗਈ ਹੈ। ਆਈ.ਐਮ.ਐਫ. ਦੀ ਐਮ.ਡੀ. ਕ੍ਰਿਸਟਲੀਨਾ ਜੌਰਜੀਵਾ ਨੇ ਭਾਰਤ ਨੂੰ ਸੰਸਾਰ ਪੱਧਰ ਤੇ ਉੱਭਰਦੀ ਹੋਈ ਅਰਥ ਵਿਵਸਥਾ ਕਰਾਰ ਦਿੱਤਾ ਤੇ ਬੱਜਟ ਚ ਪੂੰਜੀ ਨਿਵੇਸ਼ ਲਈ ਰੱਖੀਆਂ ਰਕਮਾਂ ਤੇ ਤਸੱਲੀ ਜ਼ਾਹਰ ਕੀਤੀ ਹੈ।

          ਇਸ ਸਾਮਰਾਜੀ ਵਿੱਤੀ ਸੰਸਥਾ ਵੱਲੋਂ ਮੋਦੀ ਸਰਕਾਰ ਦੀ ਪਿੱਠ ਥਾਪਣ ਦਾ ਭਾਵ ਇਹ ਹੈ ਕਿ ਭਾਰਤੀ ਆਰਥਿਕਤਾ ਨੂੰ ਸਾਮਰਾਜੀ ਪੂੰਜੀ ਦੀਆਂ ਜ਼ਰੂਰਤਾਂ ਅਨੁਸਾਰ ਢਾਲਣ ਦੇ ਮੋਦੀ ਹਕੂਮਤ ਦੇ ਕਦਮ ਇਹਨਾਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਰਾਸ ਬੈਠ ਰਹੇ ਹਨ। ਇਸ ਪ੍ਰਸ਼ੰਸਾ ਚ ਇੱਕ ਵਿਸ਼ੇਸ਼ਤਾ ਵੀ ਸਮੋਈ ਹੋਈ ਹੈ ਕਿ ਇਹ ਬੱਜਟ ਚੋਣ ਵਰ੍ਹੇ ਦਾ ਬੱਜਟ ਸੀ ਤੇ ਆਮ ਕਰਕੇ ਸਰਕਾਰਾਂ ਚੋਣਾਂ ਦੇ ਵਰ੍ਹੇ ਚ ਲੋਕ-ਲੁਭਾਊ ਕਦਮਾਂ ਦੇ ਐਲਾਨ ਕਰਦੀਆਂ ਹਨ ਤੇ ਵੱਡੀਆਂ ਬੱਜਟ ਰਾਸ਼ੀਆਂ ਵਾਲੀਆਂ ਵਿਉਂਤਾਂ ਐਲਾਨ ਕੇ ਵੋਟਾਂ ਵਟੋਰਨ ਦੀ ਖੇਡ ਖੇਡਦੀਆਂ ਹਨ। ਇਹ ਖੇਡ ਸਾਮਰਾਜੀ ਵਿੱਤੀ ਸੰਸਥਾਵਾਂ ਨੂੰ ਰੜਕਦੀ ਹੈ ਤੇ ਉਹਨਾਂ ਵੱਲੋਂ ਅਕਸਰ ਪੱਛੜੇ ਮੁਲਕਾਂ ਦੀਆਂ ਹਕੂਮਤਾਂ ਨੂੰ ਅਜਿਹੇ ਲੋਕ ਲੁਭਾਊ ਕਦਮਾਂ ਤੋਂ ਪ੍ਰਹੇਜ਼ ਕਰਨ ਦੀਆਂ ਹਦਾਇਤਾਂ ਕੀਤੀਆਂ ਜਾਂਦੀਆਂ ਹਨ। ਇਸ ਵਾਰ ਮੋਦੀ ਸਰਕਾਰ ਨੇ ਇਹਨਾਂ ਹਦਾਇਤਾਂ ਤੇ ਪੂਰੀ ਤਰ੍ਹਾਂ ਫੁੱਲ ਚੜ੍ਹਾਉਂਦਿਆਂ ਸਮਾਜਿਕ ਸੁਰੱਖਿਆ ਦੇ ਖੇਤਰਾਂ ਚ ਖਰਚੇ ਜਾਣ ਵਾਲੇ ਬੱਜਟਾਂ ਚ ਕੋਈ ਵਾਧਾ ਨਹੀਂ ਕੀਤਾ ਸਗੋਂ ਕਟੌਤੀ ਕੀਤੀ ਹੈ। ਚੋਣਾਂ ਦੇ ਵਰ੍ਹੇ ਚ ਅਜਿਹਾ ਕਦਮ ਲੈ ਕੇ ਉਸਨੇ ਸਾਮਰਾਜੀ ਵਿੱਤੀ ਸੰਸਥਾਵਾਂ ਦੀਆਂ ਸੇਧਾਂ ਤੇ ਪੂਰੀ ਨਿਹਚਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਉਂਦੀਆਂ ਚੋਣਾਂ ਲਈ ਸਾਮਰਾਜੀ ਤਾਕਤਾਂ ਦੀ ਸਵੱਲੀ ਨਜ਼ਰ ਹਾਸਲ ਕਰਨ ਦੀ ਉਮੀਦ ਰੱਖੀ ਹੈ। ਲੋਕਾਂ ਵਾਲੇ ਪਾਸੇ ਤਾਂ ਉਸਨੂੰ ਭਰੋਸਾ ਹੈ ਕਿ ਹਿੰਦੂਤਵੀ ਪੱਤਾ ਵਰਤ ਕੇ ਸੱਤਾ ਤੱਕ ਪੁੱਜਿਆ ਜਾ ਸਕਦਾ ਹੈ। ਇਹ ਹਿੰਦੂਤਵੀ ਪੱਤਾ ਚਾਹੇ ਮੁਸਲਮਾਨਾਂ ਨਾਲ ਜੋੜ ਕੇ ਪਾਕਿਸਤਾਨ ਵਿਰੋਧੀ ਕੌਮੀ ਸ਼ਾਵਨਵਾਦ ਉਭਾਰ ਕੇ ਚਲਾਇਆ ਜਾਵੇ ਤੇ ਚਾਹੇ ਖਾਲਿਸਤਾਨ ਦਾ ਹਊਆ ਦਿਖਾ ਕੇ ਅੰਨ੍ਹਾ ਕੌਮੀ ਤੇ ਫ਼ਿਰਕੂ ਸ਼ਾਵਨਵਾਦ ਉਭਾਰ ਕੇ, ਇਹ ਵਰਤੋਂ ਉਹ ਲੋੜ ਅਨੁਸਾਰ ਕਰ ਸਕਦੀ ਹੈ। ਪਰ ਸਾਮਰਾਜੀਆਂ ਦੀ ਸਵੱਲੀ ਨਿਗ੍ਹਾ ਤੋਂ ਬਿਨ੍ਹਾਂ ਭਾਰਤੀ ਰਾਜ ਸੱਤਾ ਤੇ ਬੈਠਾ ਰਹਿਣਾ ਔਖਾ ਹੈ। ਇਸ ਲਈ ਬੱਜਟ ਰਾਹੀਂ ਮੋਦੀ ਸਰਕਾਰ ਨੇ ਨਿਸ਼ੰਗ ਹੋ ਕੇ ਸਾਮਰਾਜੀਆਂ ਤੇ ਭਾਰਤੀ ਦਲਾਲ ਸਰਮਾਏਦਾਰਾਂ ਦੇ ਹਿਤਾਂ ਨੂੰ ਸਿਰਮੌਰ ਰੱਖ ਕੇ ਚੱਲਣ ਦੀ ਸਿਆਸੀ ਵੱਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ।

          ਇਸ ਬੱਜਟ ਅੰਦਰ ਸਰਕਾਰ ਨੇ ਪੂੰਜੀ ਖਰਚਿਆਂ ਨੂੰ ਸਮਾਜਿਕ ਖਰਚਿਆਂ ਮੁਕਾਬਲੇ ਤਰਜੀਹ ਦਿੱਤੀ ਹੈ। ਇਹ ਤਰਜੀਹ ਅੱਤ ਦੀ ਮਹਿੰਗਾਈ ਦੇ ਸਮੇਂ ਚ ਦਿੱਤੀ ਗਈ ਹੈ ਜਦੋਂ ਬੇ-ਰੁਜ਼ਗਾਰੀ  ਸਿਖਰਾਂ ਛੂਹ ਰਹੀ ਹੈ। ਅਜਿਹੇ ਸਮੇਂ ਲੋਕਾਂ ਨੂੰ ਕਈ ਪਾਸਿਆਂ ਤੋਂ ਰਾਹਤ ਦੇਣ ਲਈ ਵੱਡੀਆਂ ਬੱਜਟ ਰਕਮਾਂ ਜੁਟਾਉਣ ਦੀ ਲੋੜ ਸੀ ਪਰ ਸਰਕਾਰ ਨੇ ਮਨਰੇਗਾ, ਸਿੱਖਿਆ, ਸਿਹਤ, ਭੋਜਨ ਸੁਰੱਖਿਆ ਸਕੀਮਾਂ, ਖਾਦ ਸਬਸਿਡੀਆਂ ਵਗੈਰਾ ਤੇ ਕਟੌਤੀ ਲਾਈ ਹੈ। ਜਦਕਿ ਪੂੰਜੀ ਖਰਚਿਆਂ ਚ ਵਾਧੇ ਕਰਨ ਦੀ ਪਹੁੰਚ ਦੱਸਦੀ ਹੈ ਕਿ ਸਰਕਾਰ ਵਿਦੇਸ਼ੀ ਪੂੰਜੀ ਨਿਵੇਸ਼ ਲਈ ਅਧਾਰ ਢਾਂਚੇ ਦੀ ਉਸਾਰੀ ਕਰ ਰਹੀ ਹੈ ਜਿਵੇਂ ਸੜਕਾਂ ਬਣਾਉਣ ਲਈ ਵੱਡੀਆਂ ਰਕਮਾਂ ਰੱਖੀਆਂ ਜਾ ਰਹੀਆਂ ਹਨ। ਜਿਵੇਂ ਗਰੀਨ ਊਰਜਾ ਪ੍ਰੋਜੈਕਟਾਂ ਲਈ ਵੱਡੇ ਬੱਜਟ ਰੱਖੇ ਗਏ ਹਨ ਤੇ ਇਹਦੇ ਪਿੱਛੇ ਹਕੂਮਤੀ ਦਲੀਲ ਇਹ ਹੈ ਕਿ ਇਹਦੇ ਨਾਲ ਉੱਚੀ ਵਿਕਾਸ ਦਰ ਹਾਸਲ ਕਰਨ ਦਾ ਰਾਹ ਬਣੇਗਾ ਜਦਕਿ ਅਸਲ ਨੁਕਤਾ ਵਿਦੇਸ਼ੀ ਸਾਮਰਾਜੀ ਪੂੰਜੀ ਲਈ ਮੁਲਕ ਨੂੰ ਲੁਭਾਉਣੀ ਥਾਂ ਵਜੋਂ ਪੇਸ਼ ਕਰਨਾ ਹੈ। ਹਕੂਮਤ ਦੀ ਇਹ ਪਹੁੰਚ ਹਕੀਕੀ ਵਿਕਾਸ ਵਿਰੋਧੀ ਪਹੁੰਚ ਹੈ। ਕਰੋੜਾਂ ਗਰੀਬ ਲੋਕਾਂ ਕੋਲ ਆਮਦਨ ਦਾ ਵਾਧਾ ਹੀ ਹਕੀਕੀ ਵਿਕਾਸ ਦਾ ਅਧਾਰ ਬਣਦਾ ਹੈ ਕਿਉਂਕਿ ਮੁਲਕ ਦੀ ਅਸਲ ਘਰੇਲੂ ਮੰਡੀ ਇਹਨਾਂ ਵੱਲੋਂ ਪੈਦਾ ਕੀਤੀ ਮੰਗ ਦੇ ਸਹਾਰੇ ਵੱਧਦੀ ਹੈ। ਜਦਕਿ ਸਰਕਾਰੀ ਨੀਤੀਆਂ ਖਪਤਕਾਰਾਂ ਦੀ ਇੱਕ ਛੋਟੀ ਸਹੂਲਤਮਈ ਪਰਤ ਦੁਆਲੇ ਹੀ ਕੇਂਦਰਿਤ ਹਨ ਜਿਹੜੀ ਪਰਤ ਬਹੁਕੌਮੀ ਕੰਪਨੀਆਂ ਦੇ ਮਾਲ ਦੀ ਖਪਤ ਕਰਦੀ ਹੈ। ਇਸ ਲਈ ਹਕੂਮਤੀ ਬੱਜਟਾਂ ਦੀ ਤਰਜੀਹ ਬਹੁ-ਕੌਮੀ ਕੰਪਨੀਆਂ ਦੇ ਕਾਰੋਬਾਰਾਂ ਦੇ ਵਧਾਰੇ ਪਸਾਰੇ ਲਈ ਅਧਾਰ ਤਾਣਾ-ਬਾਣਾ ਉਸਾਰ ਕੇ ਦੇਣ ਦੀ ਹੈ। ਇਹ ਪੂੰਜੀ ਖਰਚਿਆਂ ਤੇ ਸਮਾਜਿਕ ਭਲਾਈ ਖਰਚਿਆਂ ਦੇ ਮੁੱਢਲੇ ਅਨੁਮਾਨ ਹੀ ਹਨ ਜਦਕਿ ਸਾਲ ਦੇ ਅਖੀਰ ਤੇ ਸੋਧੇ ਹੋਏ ਕਦਮਾਂ ਨਾਲ ਇਹਨਾਂ ਚ ਪੂੰਜੀ ਖਰਚਿਆਂ ਲਈ ਹੋਰ ਰਕਮਾਂ ਆ ਸਕਦੀਆਂ ਹਨ ਤੇ ਸਮਾਜਿਕ ਭਲਾਈ ਖਰਚਿਆਂ ਤੇ ਹੋਰ ਕਟੌਤੀਆਂ ਲੱਗ ਸਕਦੀਆਂ ਹਨ। ਇਹ ਸਵਾਲ ਵੱਖਰਾ ਹੈ ਕਿ ਪੂੰਜੀ ਖਰਚਿਆਂ ਚ ਕਟੌਤੀ ਕਰਕੇ ਸਮਾਜਿਕ ਖਰਚਿਆਂ ਚ ਵਾਧਾ ਕਿਉਂ ਨਹੀਂ ਕੀਤਾ ਜਾ ਸਕਦਾ ਸੀ। ਇਹ ਸਵਾਲ ਹਕੂਮਤ ਵੱਲੋਂ ਅਖਤਿਆਰ ਕੀਤੀ ਵਿਕਾਸ ਦੀ ਦਿਸ਼ਾ ਦਾ ਹੈ ਜਿਹੜਾ ਵਿਦੇਸ਼ੀ ਪੂੰਜੀ ਅਧਾਰਿਤ ਹੈ ਤੇ ਉਤਪਾਦਨ ਦੀ ਵਿਦੇਸ਼ੀ ਮੰਡੀਆਂ ਵੱਲ ਸੇਧਤ ਹੈ।

          ਇਸ ਬੱਜਟ ਦੀ ਧੁੱਸ ਮੋਦੀ ਹਕੂਮਤ ਦਾ ਅਗਲੇ ਪੰਜ ਸਾਲਾਂ ਲਈ ਸਾਮਰਾਜੀਆਂ ਮੂਹਰੇ ਪੇਸ਼ ਕੀਤਾ ਮੈਨੀਫੈਸਟੋ ਵੀ ਹੈ ਜਿਹੜਾ ਸਾਮਰਾਜੀ ਪੂੰਜੀ ਦੀ ਲੁੱਟ ਲਈ ਲੋਕਾਂ ਦੀ ਕੀਮਤ ਤੇ ਮੁਲਕ ਦੇ ਸਾਧਨ ਲੁਟਾਉਣ ਦੀ ਵਚਨਬੱਧਤਾ ਪ੍ਰਗਟਾਉਂਦਾ ਹੈ। 

                                                          ---0---

ਮੋਦੀ ਦੇ ਕੱਦ ਦੇ ਗੁਬਾਰੇ ’ਚ ਹੁਣ ਜੀ-20 ਦੀ ਫੂਕ

 

ਮੋਦੀ ਦੇ ਕੱਦ ਦੇ ਗੁਬਾਰੇ ਚ ਹੁਣ ਜੀ-20 ਦੀ ਫੂਕ

          ਹਰ ਸਧਾਰਨ ਗੱਲ ਨੂੰ ਵੱਡੀ ਪ੍ਰਾਪਤੀ ਬਣਾ ਕੇ ਪੇਸ਼ ਕਰਨ ਦੀ ਮੋਦੀ ਸਰਕਾਰ ਦੀ ਕਲਾਹੁਣ ਜੀ-20 ਮੀਟਿੰਗਾਂ   ਵੀ ਸਾਹਮਣੇ ਆ ਰਹੀ ਹੈ। ਹਾਲਾਂ ਕਿ ਸਿਰਫ ਇਕ ਰੁਟੀਨ ਅਨੁਸਾਰ ਹੀ ਭਾਰਤ ਨੂੰ ਇੱਕ ਸਾਲ ਲਈ ਜੀ-20 ਦੀ ਪ੍ਰਧਾਨਗੀ ਮਿਲੀ ਹੈ ਤੇ ਇਸ ਵਿਚ ਮੋਦੀ ਸਰਕਾਰ ਦੀ ਕੋਈ ਵਿਸ਼ੇਸ਼ਤਾ ਨਹੀਂ। ਪਰ ਇਸ ਨੂੰ ਮੋਦੀ ਸਰਕਾਰ ਵੱਲੋਂ ਇਉਂ ਪੇਸ਼ ਕੀਤਾ ਜਾ ਰਿਹਾ ਹੈ ਕਿ ਮੋਦੀ  ਦੀ ਅਗਵਾਈ ਚ ਭਾਰਤ ਉੱਭਰ ਰਹੀ ਸ਼ਕਤੀ ਹੈ ਤੇ ਇਹ ਸੰਸਾਰ ਦੇ ਵੱਡੇ ਮੁਲਕਾਂ ਦੇ ਮੰਚਾਂ ਨੂੰ ਅਗਵਾਈ ਦੇ ਰਿਹਾ ਹੈ। ਇਸ ਲਈ ਜੀ-20 ਦੇਸ਼ਾਂ ਦੀਆਂ ਮੀਟਿੰਗਾਂ ਨੂੰ ਮੀਡੀਆ ਰਾਹੀਂ ਖੂਬ ਧੁਮਾਇਆ ਜਾ ਰਿਹਾ ਹੈ ਤੇ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਭਾਰਤ ਸੰਸਾਰ ਅੰਦਰ ਬਹੁਤ ਅਹਿਮ ਮੁਲਕ ਬਣ ਚੁੱਕਿਆ ਹੈ। ਆ ਰਹੀਆਂ ਲੋਕ ਸਭਾ ਚੋਣਾਂ ਲਈ ਆਪਣੇ ਆਪ ਨੂੰ ਕੌਮਾਂਤਰੀ ਆਗੂ ਵਜੋਂ ਪੇਸ਼ ਕਰਨ ਲਈ ਇਹ ਮੋਦੀ ਹੱਥ ਆਇਆ ਨਿਆਮਤੀ ਮੌਕਾ ਹੈ। ਇਹਦੇ ਰਾਹੀਂ ਮੋਦੀ ਦੇ ਕੱਦ ਦੇ ਗੁਬਾਰੇ ਚ ਜੀ-20 ਦੀ ਹਵਾ ਭਰੀ ਜਾ ਰਹੀ ਹੈ। ਇਉਂ ਪ੍ਰਭਾਵ ਦਿੱਤਾ ਜਾ ਰਿਹਾ ਹੈ ਜਿਵੇਂ ਮੋਦੀ ਰੂਸ-ਯੂਕਰੇਨ ਜੰਗ ਦਾ ਨਿਪਟਾਰਾ ਕਰਾਉਣ ਜਾ ਰਿਹਾ ਹੈ। ਹਾਲਾਂ ਕਿ ਹੋਰਨਾਂ ਮੁਲਕਾਂ ਚ ਜੀ-20 ਸੰਮੇਲਨ ਹੁੰਦੇ ਰਹੇ ਹਨ ਪਰ ਏਨਾ ਧੂਮ-ਧੜੱਕਾ ਕਦੇ ਸੁਣਨ ਨੂੰ ਨਹੀਂ ਮਿਲਿਆ। ਸਗੋਂ ਵਿਕਸਿਤ ਮੁਲਕਾਂ ਚ ਤਾਂ ਮੀਟਿੰਗਾਂ ਵਾਲੀਆਂ ਥਾਵਾਂ ਅੱਗੇ ਵਡੇ ਜਨਤਕ ਪ੍ਰਦਰਸ਼ਨ ਹੁੰਦੇ ਦਿਖਦੇ ਸਨ। ਭਾਰਤ ਚ ਹੋ ਰਹੀਆਂ ਮੀਟਿੰਗਾਂ ਚ ਤਾਂ ਇਹ ਵੀ ਦਿਖਾਈ ਨਹੀਂ ਦਿੱਤੇ ਕਿਉਂਕਿ ਮੁਲਕ ਦੀ ਆਮ ਸਮਾਜਿਕ ਸਿਆਸੀ ਚੇਤਨਾ ਅਜੇ ਇਹਨਾ ਮੰਚਾਂ ਨੂੰ ਆਪਣੇ ਹਿੱਤਾਂ ਨਾਲ ਜੋੜ ਕੇ ਨਹੀਂ ਦੇਖਦੀ।  ਇਸ ਪੱਖ ਤੋਂ ਪੰਜਾਬ ਚ ਹੋਣ ਵਾਲੀਆਂ ਮੀਟਿੰਗਾਂ ਮੌਕੇ ਪੰਜਾਬ ਦੀ ਲੋਕ ਲਹਿਰ ਨੂੰ ਪੰਜਾਬ ਤੇ ਦੇਸ਼ ਨੂੰ ਗਹਿਣੇੇ ਧਰਨ ਦੀਆਂ ਅਜਿਹੀਆਂ ਵਿਉਂਤਾਂ ਖਿਲਾਫ਼ ਆਪਣਾ ਵਿਰੋਧ ਦਰਜ਼ ਕਰਾਉਣਾ  ਲੋੜੀਂਦਾ ਸੀ, ਖਾਸ ਕਰਕੇ ਖੇਤੀ ਤੇ ਸਾਮਰਾਜੀ ਹੱਲੇ ਖਿਲਾਫ਼ ਲੜੇ ਗਏ ਕਿਸਾਨ ਸੰਘਰਸ਼ ਦੇ ਸਭ ਤੋਂ ਭਖਵੇਂ ਕੇਂਦਰ ਵਜੋਂ ਪੰਜਾਬ ਤੋਂ ਇਹ ਵਿਰੋਧ ਆਵਾਜ਼ ਸੁਣਾਈ ਜਾਣੀ ਚਾਹੀਦੀ ਸੀ।

          ਜੀ-20 ਦੁਨੀਆਂ ਦੇ ਸਾਮਰਾਜੀ ਮੁਲਕਾਂ ਸਮੇਤ ਵੱਡੀਆਂ ਆਰਥਿਕਤਾਵਾਂ ਵਾਲੇ ਮੁਲਕਾਂ ਦਾ ਇਕ ਮੰਚ ਹੈ ਜਿਸ ਵਿਚ ਸਾਮਰਾਜੀ ਮੁਲਕਾਂ ਦੀ ਪੁੱਗਦੀ ਹੈ। ਭਾਰਤ ਵਰਗੇ ਦੇਸ਼ ਦੀ ੳੱੁਥੇ ਹਕੀਕੀ ਸੱਦ-ਪੁੱਛ ਨਹੀਂ ਹੈ ਸਗੋਂ ਅਜਿਹੇ ਮੰਚ ਸੰਸਾਰ ਸਾਮਰਾਜੀ ਤਾਕਤਾਂ ਵੱਲੋਂ ਦੁਨੀਆਂ ਭਰ ਚ ਆਪਣੀਆਂ ਲੁਟੇਰੀਆਂ ਵਿਉਂਤਾਂ ਨੂੰ ਅੱਗੇ ਵਧਾਉਣ ਦਾ ਜ਼ਰੀਆ ਬਣਦੇ ਹਨ ਤੇ ਭਾਰਤ ਵਰਗੇ ਪਛੜੇ ਤੇ ਗਰੀਬ ਮੁਲਕ ਦੇ ਲੋਕਾਂ ਉੱਪਰ ਸਾਮਰਾਜੀ ਸੰਕਟਾਂ ਦਾ ਭਾਰ ਹੋਰ ਲੱਦ ਦੇਣ ਦੀਆਂ ਸਾਜਿਸ਼ਾਂ ਦੇ ਮੰਚ ਸਾਬਤ ਹੁੰਦੇ ਹਨ। ਭਾਰਤ ਵਰਗੇ ਮੁਲਕਾਂ ਦੀਆਂ ਹਕੂਮਤਾਂ ਤਾਂ ਆਪਣੇ ਮੁਲਕਾਂ ਦੀ ਦਲਾਲ ਬੁਰਜ਼ੂਆਜੀ ਦੇ ਹਿੱਤਾਂ ਦੀਆਂ ਲੋੜਾਂ ਅਨੁਸਾਰ ਇਸ ਲੁੱਟ ਚੋਂ ਹਿੱਸਾ ਪੱਤੀ ਦੇ ਜੁਗਾੜ ਕਰਦੀਆਂ ਹਨ ਤੇ ਲੋਕਾਂ ਸਾਹਮਣੇ ਇਹਨਾਂ ਜੁਗਾੜਾਂ ਨੂੰ ਦੇਸ਼ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਕਰਦੀਆਂ ਹਨ। ਸਾਡੇ ਵਰਗੇ ਮੁਲਕਾਂ ਦੀਆਂ ਦਲਾਲ ਸਰਮਾਏਦਾਰ ਜਮਾਤਾਂ ਦੇ ਸਾਮਰਾਜੀ ਤਾਕਤਾਂ ਨਾਲ ਬੱਝੇ ਹੋਏ ਹਿੱਤਾਂ ਕਾਰਨ ਇਹ ਹਕੂਮਤਾਂ ਇਹਨਾਂ ਮੰਚਾਂ ਚ ਸਰਗਰਮੀ ਨਾਲ  ਭਾਗ ਲੈਂਦੀਆਂ ਹਨ ਤੇ ਵਿਦੇਸ਼ੀ ਪੂੰਜੀ ਲਈ ਲੁਭਾਉਣੀ ਮੰਡੀ ਵਜੋਂ ਆਪਣੇ ਮੁਲਕਾਂ ਨੂੰ ਸ਼ਿੰਗਾਰ ਕੇ ਪੇਸ਼ਕਰਦੀਆਂ ਹਨ। ਹੁਣ ਵੀ ਜੀ-20 ਦੀਆਂ ਮੀਟਿੰਗਾਂ ਚ ਇਹੋ ਕੁੱਝ ਹੋ ਰਿਹਾ ਹੈ। ਇੱਥੇ ਭਾਰਤ ਚ ਹੋ ਰਹੀਆਂ ਮੀਟਿੰਗਾਂ ਚ ਮੁਲਕ ਦੇ ਕਰੋੜਾਂ-ਕਰੋੜ ਕਿਰਤੀ ਲੋਕਾਂ ਦੀਆਂ ਦੁਸ਼ਵਾਰੀਆਂ ਦੀ ਚਰਚਾ ਨਹੀਂ ਹੋ ਰਹੀ ਸਗੋਂ ਆਰਥਿਕ ਸੰਕਟਾਂ ਚ ਘਿਰੀ ਸਾਮਰਾਜੀ ਆਰਥਿਕਤਾ ਦੇ ਬੋਝ ਨੂੰ ਲੋਕਾਂ ਤੇ ਹੋਰ ਜ਼ਿਆਦਾ ਪਾ ਦੇਣ ਦੀ ਚਰਚਾ ਹੋ ਰਹੀ ਹੈ। ਲੋਕਾਂ ਦੀ ਕਿਰਤ ਹੋਰ ਨਿਚੋੜ ਲੈਣ ਦੀ ਚਰਚਾ ਹੋ ਰਹੀ ਹੈ।

          ਮੋਦੀ ਸਰਕਾਰ ਵੱਲੋਂ ਜੀ-20 ਦੀਆਂ ਮੀਟਿੰਗਾਂ ਦੇ ਇੰਤਜ਼ਾਮਾਂ ਚ ਜਿਸ ਸ਼ਾਨੋਸ਼ੌਕਤ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਥਾਵਾਂ ਦੇ ਆਲੇ ਦੁਆਲੇ ਦੀ ਕੰਗਾਲੀ ਨੂੰ ਢਕਣ ਲਈ ਕੰਧਾਂ ਕੱਢੀਆਂ ਜਾ ਰਹੀਆਂ ਹਨ, ਇਹ ਦੁਨੀਆਂ ਸਾਹਮਣੇ ਚਮਕਦਾਭਾਰਤ ਦਿਖਾਉਣ ਦਾ ਯਤਨ ਹੈ। ਸੰਸਾਰ ਸਾਮਰਾਜੀ ਮੁਲਕਾਂ  ਦੇ ਨੁਮਾਇੰਦਿਆਂ ਨੂੰ ਆਲੀਸ਼ਾਨ ਹੋਟਲਾਂ, ਚੌੜੀਆਂ ਸੜਕਾਂ ਤੇ ਚਮਕਦੇ ਹਵਾਈ ਅੱਡਿਆਂ ਦੇ ਗੇੜੇ ਲਵਾ ਕੇ ਕਾਰੋਬਾਰਾਂ ਲਈ ਲੋੜੀਂਦੇ ਆਧਾਰ ਢਾਂਚੇ ਦੇ ਦਰਸ਼ਨ ਕਰਾਉਣ ਦੀ ਕਵਾਇਦ ਚੱਲ ਰਹੀ ਹੈ ਤਾਂ ਕਿ ਸਾਮਰਾਜੀ ਲੁਟੇਰੀ ਪੂੰਜੀ ਲਈ ਭਾਰਤ ਨੂੰ ਆਕਰਸ਼ਤ ਥਾਂ ਵਜੋਂ ਪੇਸ਼ ਕੀਤਾ ਜਾ ਸਕੇ। ਇਸ ਸਮੁੱਚੇ ਢਕਵੰਜ ਤੇ ਕਿਰਤੀ ਲੋਕਾਂ ਦੀ ਕਮਾਈ ਨਾਲ ਭਰਦਾ ਖਜ਼ਾਨਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ।

          ਜੀ-20 ਦੀਆਂ ਇਹਨਾਂ ਮੀਟਿੰਗਾਂ ਤੇ ਤਿੱਖੀ ਹੋ ਰਹੀ ਅੰਤਰ ਸਾਮਰਾਜੀ ਵਿਰੋਧਤਾਈ ਦਾ ਗੂੜ੍ਹਾ ਪ੍ਰਛਾਵਾਂ  ਪੈ ਰਿਹਾ ਹੈ ਤੇ ਸਾਂਝੇ ਐਲਾਨ ਕਰਨ ਦੀ ਸਹਿਮਤੀ ਤੇ ਪਹੁੰਚਣਾ ਔਖਾ ਹੋ ਰਿਹਾ ਹੈ। ਰੂਸ-ਯੂਕਰੇਨ ਜੰਗ ਨਾਲ ਜੁੜ ਕੇ ਉੱਭਰੀ ਹੋਈ ਨਵੀਂ ਪਾਲਾਬੰਦੀ ਦਰਮਿਆਨ ਰੂਸ ਤੇ ਚੀਨ ਦੇ ਧੜੇ ਦੀ ਵਧੀ ਹੋਈ ਪੁੱਗਤ ਹੁਣ ਜੀ-20 ਵਰਗੇ ਮੰਚਾਂ ਤੇ ਅਮਰੀਕੀ ਸਾਮਰਾਜੀਆਂ ਦੇ ਮਨਚਾਹੇ  ਫੈਸਲੇ ਤੇ ਐਲਾਨ ਕਰਵਾ ਸਕਣ ਚ ਅੜਿੱਕਾ ਬਣ ਰਹੀ ਹੈ। ਭਾਰਤੀ ਹਾਕਮ ਇਸ ਹਾਲਤ ਦਾ ਦਲਾਲ ਬੁਰਜੁਆਜ਼ੀ ਦੇ ਹਿੱਤਾਂ ਲਈ ਲਾਹਾ ਲੈਣ ਖਾਤਰ ਦੋਹੇਂ ਪਾਸੇ ਰੱਖਣ ਦੀਆਂ ਖੇਡਾਂ ਚ ਹਨ ਤੇ ਕਿਸੇ ਧੜੇ ਨਾਲੋਂ ਵੀ ਸਪਸ਼ਟ ਵਖਰੇਵਾਂ ਕਰਨ ਜਾਂ ਦੂਜੇ ਨਾਲ ਜੁੜਨ ਦੇ ਪ੍ਰਭਾਵ ਦੇਣ ਤੋਂ ਬਚ ਰਹੇ ਹਨ। ਇਸ ਪਾਲਾਬੰਦੀ ਦਰਮਿਆਨ ਭਾਰਤੀ ਹਾਕਮ ਜਮਾਤੀ ਹਿੱਤਾਂ ਦੀ ਸੇਵਾ ਦੇ --ਤਰੀਕਾਕਾਰ ਨੂੰ ਮੋਦੀ ਸਰਕਾਰ ਸੰਸਾਰ ਪੰਚਾਇਤਗਿਰੀ ਦਾ ਪੜੁੱਲ ਬਣਾਉਣ ਦੀ ਕੋਸ਼ਿਸ ਚ ਹੈ। ਇਹੀ ਮੁਲਕ ਅੰਦਰ ਜੀ-20 ਦੀਆਂ ਹੋ ਰਹੀਆਂ ਮੀਟਿੰਗਾਂ ਦੀ ਅਸਲੀਅਤ ਹੈ।

                             ---0—--

ਨਿਵੇਸ਼ ਸੰਮੇਲਨਾਂ ਰਾਹੀਂ ਮੁਲਕ ਨੂੰ ਗਹਿਣੇ ਧਰਨ ਦੀਆਂ ਪੇਸ਼ਕਸ਼ਾਂ

 

ਨਿਵੇਸ਼ ਸੰਮੇਲਨਾਂ ਰਾਹੀਂ ਮੁਲਕ ਨੂੰ ਗਹਿਣੇ ਧਰਨ ਦੀਆਂ ਪੇਸ਼ਕਸ਼ਾਂ

                                                                            

          2014ਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਭ ਕਾ ਵਿਕਾਸ, ਸਭ ਕਾ ਸਾਥਦਾ ਨਾਹਰਾ ਲਾਇਆ ਸੀ। ਇਹ ਨਾਹਰਾ ਕਾਂਗਰਸ ਪਾਰਟੀ ਦੇ ਸੰਮਿਲਤ ਵਿਕਾਸ’ (inclusive growth) ਦੇ ਨਾਹਰੇ ਨਾਲੋਂ ਸ਼ਬਦਾਂ ਚ ਹੀ ਵੱਖਰਾ ਸੀ/ਹੈ। ਦੋਹਾਂ ਨਾਹਰਿਆਂ ਦੇ ਅਰਥ ਤੇ ਤੱਤ ਇੱਕੋ ਹਨ। ਲੋਕਾਂ ਨੂੰ ਲੁਭਾਉਣ ਲਈ ਇਹਨਾਂ ਦਾ ਅਰਥ ਹੈ ਕਿ ਸਮਾਜ ਦੇ ਸਭਨਾਂ ਹਿੱਸਿਆਂ-ਕੀ ਅਮੀਰ ਤੇ ਕੀ ਗਰੀਬ, ਕੀ ਧਨਵਾਨ ਤੇ ਕੀ ਕੰਗਾਲ-ਸਭਨਾਂ ਦਾ ਵਿਕਾਸ। ਪਰ ਤੱੱਤ ਪੱਖੋਂ ਇਹਨਾਂ ਨਾਹਰਿਆਂ ਦੇ ਅਮਲ ਨੇ ਅਮੀਰਾਂ ਦੀ ਅਮੀਰੀ ਤੇ ਧਨ-ਦੌਲਤ ਚ ਹੋਰ ਵਾਧਾ ਤੇ ਵਿਕਾਸ ਕਰਨਾ ਹੈ ਤੇ ਗਰੀਬਾਂ ਦੀ ਗਰੀਬੀ ਤੇ  ਕੰਗਾਲੀ ਚ ਵੀ ਹੋਰ ਵਾਧਾ ਕਰਨਾ ਹੈ। 

          ਲੋਕਾਂ ਦੇ ਵਿਰੋਧੀ ਤੇ ਹਾਕਮ ਜਮਾਤਾਂ ਦੇ ਪੱਖੀ ਇਸ ਇੱਕਪਾਸੜ ਵਿਕਾਸ ਲਈ ਵੀ, ਸੱਭੇ ਮੌਕਾਪ੍ਰਸਤ ਚੋਣ ਪਾਰਟੀਆਂ (ਸਮੇਤ ਖੱਬੇ-ਪੱਖੀ ਕਹਾਉਂਦੀਆਂ  ਪਾਰਟੀਆਂ) ਪੈਦਾਵਾਰ ਦੇ ਸਾਧਨਾਂ ਦੀਆਂ ਮਾਲਕ ਤੇ ਪੈਦਾਵਾਰੀ ਅਮਲ  ਚ ਸਰਗਰਮ ਦੇਸੀ-ਵਿਦੇਸ਼ੀ ਤੇ ਬਹੁ-ਦੇਸ਼ੀ ਵੱਡੀਆਂ ਧੜਵੈਲ ਕੰਪਨੀਆਂ ਉਤੇ ਹੀ ਟੇਕ ਰੱਖਦੀਆਂ ਹਨ। ‘‘ਇੰਡੀਆ ਚ ਬਣਾਓ’’ ਤੋਂ ਇੰਡੀਆ ਚ ਬਣਾਓ, ਸੰਸਾਰ ਲਈ ਬਣਾਓਤੱਕ ਪਹੁੰਚ ਚੁੱਕੀਆਂ ਇਹ ਪਾਰਟੀਆਂ ਇਹਨਾਂ ਧੜਵੈਲ ਕੰਪਨੀਆਂ ਤੋਂ ਹੀ ਨਿਵੇਸ਼  ਕਰਾਉਣ ਲਈ ਤਰਲੇ ਮਾਰ ਰਹੀਆਂ ਹਨ। ਇਸ ਨਿਵੇਸ਼ ਨੂੰ ਵਿਆਪਕ ਫੈਲੀ ਬੇਰੁਜ਼ਗਾਰੀ ਦੇ ਹੱਲ ਵਜੋਂ ਵੀ ਪੇਸ਼ ਕਰਦੀਆਂ ਹਨ। ਪਰ ਜਿਉਂ ਜਿਉਂ ਇਹ ਨਿਵੇਸ਼ ਵਧ ਰਿਹਾ ਹੈ ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਬੇਰੁਜ਼ਗਾਰੀ ਤੇ ਗਰੀਬੀ ਵਧ ਰਹੀ ਹੈ।

          ਪਿਛਲੇ ਦਿਨੀਂ ਉੱਤਰ ਪ੍ਰਦੇਸ ਦੀ ਭਾਜਪਾ ਸਰਕਾਰ ਨੇ ਗਲੋਬਲ ਨਿਵੇਸ਼ ਸੰਮੇਲਨ ਕਰਵਾਇਆ ਹੈ। ਪੰਜਾਬ ਦੀ ਆਮ ਆਦਮੀ ਦੀ ਸਰਕਾਰ ਨੇ ਮੁਹਾਲੀ ਵਿਖੇ 23-24 ਫਰਵਰੀ ਨੂੰ ਨਿਵੇਸ਼ ਸੰਮੇਲਨ ਕਰਵਾਇਆ ਹੈ। ਇਸੇ ਪ੍ਰਕਾਰ ਦਾ ਗਲੋਬਲ ਨਿਵੇਸ਼ ਸੰਮੇਲਨ ਆਂਧਰਾ ਪ੍ਰਦੇਸ਼ ਦੀ ਵਾਈ.ਐਸ.ਆਰ ਕਾਂਗਰਸ ਸਰਕਾਰ ਵੀ 3,4 ਮਾਰਚ ਨੂੰ ਕਰਵਾ ਰਹੀ ਹੈ। ਇਸ ਵਰਤਾਰੇ ਚੋਂ ਕਾਰਪੋਰੇਟ ਜਗਤ ਤੋਂ ਨਿਵੇਸ਼ ਕਰਾਉਣ ਦੀ ਇਹਨਾਂ ਪਾਰਟੀਆਂ ਦੀ ਟੇਕ ਅਤੇ ਸਾਂਝ ਉਜਾਗਰ ਹੋ ਰਹੀ ਹੈ।

          ਕਾਰਪੋਰੇਟਾਂ ਦੇ ਮੂਹਰੇ ਦੇਸ਼ ਦੀ ਕੁਦਰਤੀ ਅਤੇ ਮਨੁੱਖੀ ਦੌਲਤ ਅਤੇ ਤਕਨੀਕੀ ਵਸੀਲੇ ਪ੍ਰੋਸਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਆਮ ਹੀ ਨਜ਼ਰ ਆਉਂਦੀਆਂ ਹਨ। ਪਰ ਇੰਡੀਅਨ ਐਕਸਪ੍ਰੈਸ ਦੇ ਇੱਕ ਇਸ਼ਤਿਹਾਰ ਰਾਹੀਂ ਤਾਂ ਆਂਧਰਾ ਸਰਕਾਰ ਕਾਰਪੋਰੇਟ ਜਗਤ ਮੂਹਰੇ ਕਿਸੇ ਵੇਸਵਾ ਵਾਂਗ ਪੇਸ਼ ਹੋ ਰਹੀ ਹੈ। ਧੜਵੈਲ ਬਹੁ-ਦੇਸ਼ੀ ਕੰਪਨੀਆਂ ਦੀ ਪਹਿਲਾਂ ਕੀਤੀ ਆਪਣੀ ਸੇਵਾ ਦੇ ਪੜੁੱਲ ਬੰਨ੍ਹਦਿਆਂ, ਉਹਨਾਂ ਨਿਵੇਸ਼ ਕਰਾਉਣ ਦੀ ਲਾਲਸਾ-ਵੱਸ, ਦੱਸ ਰਹੀ ਹੈ ਕਿ ਅਸੀਂ ਤੁਹਾਡੇ ਸੁਆਗਤ ਚ ਕਿੰਨੀਆਂ ਚੀਜਾਂ ਦੇ ਖਜਾਨੇ ਲਈ ਖੜ੍ਹੇ ਹਾਂ। ਆਓ ਜ਼ਰਾ ਇਸ਼ਤਿਹਾਰ ਰਾਹੀਂ ਪੇਸ਼ ਕੀਤੇ ਇਸ ਖਜ਼ਾਨੇ ਦੇ ਦਰਸ਼ਨ ਕਰੀਏ-

* 48000 ਏਕੜ ਦਾ ਲੈਂਡ ਬੈਂਕ। * 48 ਕਿਸਮ ਦੇ ਖਣਿਜਾਂ ਦਾ ਖਜ਼ਾਨਾ

* ਭਰਪੂਰ ਪਾਣੀ  * ਨਿਰਵਿਘਨ ਬਿਜਲੀ * ਹੁਨਰਮੰਦ ਕਿਰਤ ਸ਼ਕਤੀ

* 974 ਕਿਲੋਮੀਟਰ ਦਾ ਸਮੁੰਦਰੀ ਕਿਨਾਰਾ * 10 ਸਮੁੰਦਰੀ ਬੰਦਰਗਾਹਾਂ

* 6 ਹਵਾਈ ਅੱਡੇ।

ਨਿਵੇਸ਼ ਤਾਂ ਕਰੋ, ਐਨਾ ਕੁੱਝ ਹਾਜ਼ਰ ਹੈ!

          ਲੈਂਡ ਬੈਂਕ ਅਧੀਨ ਉਹ ਜ਼ਮੀਨ ਆਉਂਦੀ ਹੈ ਜਿਹੜੀ ਲੋਕਾਂ ਤੋਂ ਅਕੁਆਇਰ ਕਰਕੇ ਸਰਕਾਰ ਨੇ ਪਹਿਲਾਂ ਹੀ ਆਪਣੀ ਮਾਲਕੀ ਹੇਠ ਕਰ ਰੱਖੀ ਹੁੰਦੀ ਹੈ। ਇਸ ਜ਼ਮੀਨ ਨੂੰ ਕਾਰਪੋਰੇਟਾਂ ਨੂੰ ਤੁਰੰਤ ਅਲਾਟ ਕਰ ਦਿੱਤਾ ਜਾਂਦਾ ਹੈ ਤਾਂ ਕਿ ਸਿੰਗੂਰ ਤੇ ਨੰਦੀਗਰਾਮ ਵਾਲੀ ਨੌਬਤ ਹੀ ਨਾ ਆਵੇ।

          ਅਜਿਹੀ ਜ਼ਮੀਨ ਬੇਜ਼ਮੀਨਿਆਂ ਚ ਵੰਡਣ ਵੇਲੇ ਸਭਨਾਂ ਸਰਕਾਰਾਂ ਨੂੰ ਸੱਪ ਸੁੰਘ ਜਾਂਦਾ ਹੈ। 

          ਐਨਾ ਕੁੱਝ ਪੇਸ਼ ਕਰਨ ਤੋਂ ਇਲਾਵਾ, ਅਮਨ ਸ਼ਾਂਤੀ ਦਾ ਮਹੌਲ ਬਣਾਏ ਰੱਖਣ ਦਾ ਵਾਅਦਾ ਵੀ ਕੀਤਾ ਜਾਂਦਾ ਹੈ। ਜਿਸ ਦਾ ਅਰਥ ਮਜ਼ਦੂਰਾਂ ਕਿਸਾਨਾਂ ਵੱਲੋਂ ਕਾਰਪੋਰੇਟਾਂ ਦੇ ਕੰਮ ਚ ਕਿਸੇ ਤਰ੍ਹਾਂ ਦੇ ਪਾਏ ਜਾਣ ਵਾਲੇ ਵਿਘਨ ਨੂੰ ਡੰਡੇ ਦਾ ਜ਼ੋਰ ਥਾਏਂ ਨੱਪ ਦੇਣਾ ਹੁੰਦਾ ਹੈ।

          ਮੁਹਾਲੀ ਵਿਖੇ ਕਰਵਾਏ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਚ ਕਾਰੋਬਾਰੀ ਹਸਤੀਆਂ ਨੂੰ ਦੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਅਤਿਅੰਤ ਖੁਸ਼ ਨਜ਼ਰ ਆਇਆ। ਕਾਰੋਬਾਰੀਆਂ ਨੂੰ ਖੁਸ਼ ਕਰਨ ਵਾਸਤੇ ਉਸ ਨੇ ਸਮਝਦਾਰੀ ਸਮਝੌਤੇ  (MO”) ਕਰਨ ਦੀ ਬਜਾਏ ਦਿਲੋਂ ਸਮਝੌਤੇ ਕਰਨ ਦੀ ਗੱਲ ਆਖੀ। ਭਰੋਸਾ ਦਿਵਾਇਆ ਤੇ ਵਾਅਦਾ ਕੀਤਾ ਕਿ ਕਾਰੋਬਾਰੀਆਂ ਲਈ ਪ੍ਰੇਸ਼ਾਨੀ ਦਾ ਸਵੱਬ ਬਣਦੇ ਜ਼ਮੀਨ ਦੀ ਵਰਤੋਂ ਸਬੰਧੀ ਤਬਦੀਲੀ (3hange of land use) ਅਤੇ ਕੋਈ ਇਤਰਾਜ਼ ਨਹੀਂ  (NO3) ਲੈਣ ਦੇ ਝੰਜਟ ਖਤਮ ਕਰ ਦਿੱਤੇ ਜਾਣਗੇ। ਪੰਜਾਬ ਦੀਆਂ ਪ੍ਰਾਪਤੀਆ ਗਿਣਾਉਂਦਿਆ ਤਿੜੇ ਹੋਏ ਦੇ ਮੂੰਹੋਂ ਇਹ ਸਾਫ ਸਾਫ ਸੁਣਨ ਨੂੰ ਮਿਲਿਆ ਕਿ ਇੱਥੇ ਜਾਪਾਨ, ਇੰਗਲੈਂਡ, ਯੂ ਏ ਈ, ਅਮਰੀਕਾ, ਜਰਮਨੀ, ਦੱਖਣੀ ਕੋਰੀਆ, ਸਿੰਘਾਪੁਰ ਸਪੇਨ ਫਰਾਂਸ ਤੇ ਇਟਲੀ ਤੋਂ ਨਿਵੇਸ਼ ਹੋ ਰਿਹਾ ਹੈ।

          ਪੰਜਾਬ ਦੀਆਂ ਵਿਰੋਧੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੀ ਕਾਰਪੋਰੇਟ ਜਗਤ ਵੱਲੋਂ ਕਰਵਾਏ ਜਾਂਦੇ ਨਿਵੇਸ਼ ਸਬੰਧੀ ਸਮਝ ਹੋਰ ਉਜਾਗਰ ਹੋਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਨਿਵੇਸ਼ ਪੰਜਾਬ ਅਸੀਂ ਹੀ ਸ਼ੁਰੂ ਕਰਵਾਇਆ ਸੀ ਅਤੇ ਹਜਾਰਾਂ ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ ਵੀ। ਰਾਜਾ ਵੜਿੰਗ ਨੇ ਕਾਰੋਬਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਨਾ ਕਰਨ ਸਬੰਧੀ ਆਪ ਸਰਕਾਰ ਤੇ ਉਂਗਲ ਉਠਾਈ ਹੈ।

          ਦਲਾਲ ਖਾਸੇ ਤੇ ਗੁਲਾਮ ਮਾਨਸਿਕਤਾ ਵਾਲੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ, ਕਾਰਪੋਰੇਟ ਘਰਾਣਿਆਂ ਮੂਹਰੇ  ਜਿੰਨਾ ਮਰਜ਼ੀ ਵਿਛ ਵਿਛ ਦਿਖਾਉਣ, ਉਹਨਾਂ ਨੇ ਆਪਣੇ ਇਜ਼ਾਰੇਦਾਰ ਸਰਮਾਏ ਦੇ ਪ੍ਰਚਲਨ ਲੱਛਣਾਂ ਅਨੁਸਾਰ ਹੀ ਪੈਸਾ ਨਿਵੇਸ਼ ਕਰਨਾ ਹੈ। ਉਹਨਾਂ ਖੇਤਰਾਂ ਚ ਹੀ ਕਾਰੋਬਾਰ ਲਾਉਣੇ ਤੇ ਚਲਾਉਣੇ ਹਨ ਜਿਨ੍ਹਾਂ ਚੋਂ ਵੱਧ ਤੋ ਵੱਧ ਮੁਨਾਫਾ ਚੂਸਿਆ ਜਾ ਸਕੇ ਅਤੇ ਆਪੋ ਆਪਣੀ ਮਾਲਕੀ ਹੇਠਲੇ ਸਰਮਾਏ ਤੇ ਕੁੱਲ ਦੌਲਤ ਨੂੰ ਵਧਾਇਆ ਜਾ ਸਕੇ। ਹਾਂ, ਇਹਨਾਂ ਦਲਾਲਾਂ ਨੂੰ ਦਲਾਲੀ ਦੇ ਗੱਫੇ ਉਹ ਜ਼ਰੂਰ ਦਿੰਦੇ ਰਹਿਣਗੇ। 

                                      ---0---

 

 

ਪੰਜਾਬ ਦਾ ਨਿਵੇਸ਼ ਸੰਮੇਲਨ: ਲੋਕ ਵਿਕਾਸ ਦਾ ਮਾਰਗ ਹੋਰ ਹੈ

 

ਪੰਜਾਬ ਦਾ ਨਿਵੇਸ਼ ਸੰਮੇਲਨ
ਲੋਕ ਵਿਕਾਸ ਦਾ ਮਾਰਗ ਹੋਰ ਹੈ

ਇਹ ਜੋਕਾਂ ਦੇ ਵਿਕਾਸ ਮਾਡਲ ਨੂੰ ਹੋਰ ਰਫ਼ਤਾਰ ਫੜਾਉਣ ਲਈ ਕੀਤਾ ਜਾ ਰਿਹਾ ਸੰਮੇਲਨ ਹੈ। ਸਰਕਾਰ ਦੀ ਇੱਕੋ-ਇੱਕ ਦਲੀਲ ਪੂੰਜੀ ਦੀ ਘਾਟ ਨੂੰ ਪੂਰੀ ਕਰਨਾ ਹੈ ਤੇ ਰੁਜ਼ਗਾਰ ਪੈਦਾ ਕਰਨ ਦਾ ਦਾਅਵਾ ਕਰਨਾ ਹੈ। ਦੋਹੇਂ ਦਲੀਲਾਂ ਝੂਠੀਆਂ ਹਨ। ਸਾਰੇ ਸੰਸਾਰ ਦਾ , ਖੁਦ ਦੇਸ਼ ਤੇ ਪੰਜਾਬ ਦਾ ਤਜਰਬਾ ਇਹੀ ਕਹਿੰਦਾ ਹੈ ਕਿ ਕਾਰਪੋਰੇਟ ਪੂੰਜੀ ਸਿਰਫ ਮਲਾਈਆਂ ਛਕਣ ਆਉਂਦੀ ਹੈ, ਇਹ ਰੁਜ਼ਗਾਰ ਪੈਦਾ ਕਰਨ ਵਾਲੇ ਜੰਜਾਲ ਚ ਨਹੀਂ ਪੈਦੀਂ। ਇਹ ਸਰਕਾਰੀ ਢਾਂਚੇ ਦੇ ਆਸਰੇ ਵਧਦੀ ਫੁੱਲਦੀ ਹੈ ਤੇ ਇਹਦੀ ਮੰਡੀ ਵੀ ਸਥਾਨਕ ਨਹੀਂ ਹੁੰਦੀ ਸਗੋਂ ਵਿਦੇਸ਼ਾਂ ਤੱਕ ਪਸਰੀ ਹੋਈ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਚੀਜਾਂ ਦਾ ਉਤਪਾਦਨ ਕਰਨ ਦੇ ਖਲਜਗਣ ਚ ਪੈਣਾ ਹੀ ਨਹੀਂ ਚਾਹੁੰਦੀ ਤੇ ਵਿੱਤੀ ਹੇਰਾ-ਫੇਰੀਆਂ ਦੇ ਜੁਗਾੜਾਂ ਨਾਲ ਹੀ ਮੁਨਾਫੇ ਦੀ ਪੁਹੰਚ ਰੱਖਦੀ ਹੈ। ਜਦੋਂ ਇਹ ਵਸਤਾਂ ਦੇ ਉਤਪਾਦਨ ਚ ਪੈਂਦੀ ਵੀ ਹੈ, ਉਦੋਂ ਵੀ ਇਹ ਜਿਹੜੀ ਤਕਨੀਕ ਵਰਤਦੀ ਹੈ, ਉਹ ਬੇਹੱਦ ਉੱਚ ਦਰਜੇ ਦੀ ਹੋਣ ਕਰਕੇ, ਰੁਜ਼ਗਾਰ ਪੈਦਾ ਨਹੀਂ ਹੁੰਦਾ। ਸਗੋਂ ਉਲਟਾ ਇਹ ਸਥਾਨਕ ਘਰੇਲੂ ਤੇ ਦੇਸੀ ਸਨਅਤ ਦੀ ਮੰਡੀ ਨੂੰ ਸੁਗੇੜਦੀ ਹੈ ਤੇ ਰਾਜ ਦੇ ਬੱਜਟ ਸੋਮਿਆਂ ਚੋਂ ਉਹਦਾ ਹਿੱਸਾ ਨਿਗਲਦੀ ਹੈ। ਸੰਸਾਰ ਭਰ ਦਾ ਤਜਰਬਾ ਇਹੀ ਹੈ ਕਿ ਇਹ ਪੂੰਜੀ ਰੁਜ਼ਗਾਰ ਦਾਤਾ ਨਹੀਂ ਸਗੋਂ ਰੁਜ਼ਗਾਰ-ਉਜਾੜੂ ਹੈ।।

  ਪੰਜਾਬ ਅੰਦਰ ਦੇਸੀ ਛੋਟੇ ਸਨਅਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਪੂੰਜੀ ਦੀ ਘਾਟ ਨਹੀਂ ਹੈ। ਮਸਲਾ ਤਾਂ ਪੂੰਜੀ ਜੁਟਾਉਣ ਦਾ ਹੈ। ਇਹ ਪੂੰਜੀ ਜੁਟਾਉਣ ਖਾਤਰ ਕਾਰਪੋਰੇਟਾਂ ਦੀ ਪੂੰਜੀ ਜ਼ਬਤ ਕਰਨ ਦਾ ਹੈ। ਪੰਜਾਬ ਦੇ ਜਗੀਰਦਾਰਾਂ ਤੇ ਸੂਦਖੋਰਾਂ ਕੋਲ ਪੂੰਜੀ ਦੇ ਅੰਬਾਰ ਹਨ, ਅਫਸਰਸ਼ਾਹੀ ਤੇ ਵੱਡੇ ਵਪਾਰੀਆਂ ਨੇ ਬਹੁਤ ਤਿਜੌਰੀਆਂ ਭਰੀਆਂ ਹੋਈਆਂ ਹਨ। ਉਹਦੀ ਜ਼ਬਤੀ ਕਰਕੇ ਪੂੰਜੀ ਦੀ ਘਾਟ ਨਹੀਂ ਰਹਿਣ ਲੱਗੀ। ਇਹ ਪੂੰਜੀ ਪੰਜਾਬ ਦੀ ਖੇਤੀ ਤੇ ਸਨਅਤੀ ਵਿਕਾਸ ਦੇ ਲੇਖੇ ਲਾਉਣ ਦੀ ਲੋੜ ਹੈ। ਅਜਿਹਾ ਸਨਅਤੀ ਵਿਕਾਸ ਜਿਹੜਾ ਸਧਾਰਨ ਰੁਜ਼ਗਾਰ ਪੈਦਾ ਕਰਨ ਵਾਲੀ ਤਕਨੀਕ ਤੇ ਅਧਾਰਿਤ ਹੋਵੇ, ਜਿਹੜਾ ਖੇਤੀ ਜੀਹਦੇ ਚ ਜਗੀਰਦਾਰਾਂ ਤੇ ਸੂਦਖੋਰਾਂ ਦੀ ਲੁੱਟ ਨਾ ਹੋਵੇ। ਇਹ ਖੇਤੀ ਸਨਅਤੀ ਵਿਕਾਸ ਲਈ ਅਧਾਰ ਦਾ ਰੋਲ ਨਿਭਾਵੇ। ਖੇਤੀ ਖੇਤਰ ਚੋਂ ਵਿਹਲੀ ਹੋ ਰਹੀ ਕਾਮਾ ਸ਼ਕਤੀ ਨੂੰ ਵਿਉਂਤਬੱਧ ਤਰੀਕੇ ਨਾਲ ਸੂਬੇ ਦੀ ਸਨਅਤ ਰੁਜ਼ਗਾਰ ਚ ਸਮੋ ਲਵੇ। ਦੋਹਾਂ ਖੇਤਰਾਂ ਚ ਭਾਰੀ ਸਰਕਾਰੀ ਪੂੰਜੀ ਨਿਵੇਸ਼ ਹੋਵੇ।

                                ਜਿਹੜਾ ਰਾਹ ਪੰਜਾਬ ਦੀ ਸਰਕਾਰ ਵੱਲੋਂ ਫੜਿਆ ਜਾ ਰਿਹਾ ਹੈ ਮਸਲਾ ਉਸਤੋਂ ਜਮ੍ਹਾਂ ਉਲਟਾ ਬਣਦਾ ਹੈ ਕਿ ਕਾਰਪੋਰੇਟ ਕਾਰੋਬਾਰਾਂ ਨੂੰ ਜ਼ਬਤ ਕਰਕੇ, ਇਸ ਪੂੰਜੀ ਨੂੰ ਸਵੈ-ਨਿਰਭਰ ਵਿਕਾਸ ਦੇ ਲੇਖੇ ਲਾਇਆ ਜਾਵੇ। ਪੰਜਾਬ ਚ ਬਹੁਤ ਸੋਮੇ ਹਨ ਤੇ ਇਉਂ ਹੀ ਸਮੁੱਚੇ ਦੇਸ਼ ਚ ਬਹੁਤ ਸੋਮੇ, ਜ਼ਮੀਨ ਤੇ ਹੋਰ ਸਾਧਨ ਹਨ। ਮਸਲਾ ਉਹਨਾਂ ਨੂੰ ਕਾਰਪੋਰੇਟਾਂ ਤੋਂ ਬਚਾਉਣ ਦਾ ਹੈ।

                                ਇਹ ਸੰਮੇਲਨ ਰਾਹੀਂ ਜਿਸ ਵਿਕਾਸ ਦਾ ਦਾਅਵਾ ਕੀਤਾ ਜਾ ਰਿਹਾ ਹੈ, ਇਹ ਵਿਦੇਸ਼ੀ ਦੇ ਦੇਸੀ ਕਾਰਪੋਰੇਟ ਪੂੰਜੀ ਦੀਆਂ ਵਿਸਾਖੀਆਂ ਸਹਾਰੇ ਤੁਰਨ ਵਾਲਾ ਵਿਕਾਸ ਹੈ। ਜਦੋਂ ਜੀਅ ਚਾਹੇ ਓਹ ਇਹ ਵਿਸਾਖੀਆਂ ਖਿੱਚ ਲੈਂਦੇ ਹਨ। ਏਸੇ ਸਹਾਰੇ ਦੇ ਨਾਂ ਹੇਠ ਹੀ ਤਾਂ ਹੁਣ ਤੱਕ ਪੰਜਾਬ ਤੇ ਮੁਲਕ ਨੂੰ ਕਾਰਪੋਰੇਟ ਜਗਤ ਨੇ ਲੁੱਟਿਆ ਹੈ। ਅਸਲ ਮਸਲਾ ਤਾਂ ਪੰਜਾਬ ਦੇ ਸਵੈ-ਨਿਰਭਰ ਵਿਕਾਸ ਮਾਡਲ ਦਾ ਹੈ। ਪੰਜਾਬ ਦੀਆਂ ਉਪਜਾਊ ਜ਼ਮੀਨਾਂ ਤੇ ਪਾਣੀ ਦੇ ਸੋਮਿਆਂ ਨੂੰ ਕਾਰਪੋਰੇਟਾਂ ਤੋਂ ਬਚਾ ਕੇ ਰੱਖਣ ਦਾ ਹੈ ਤੇ ਜਗੀਰਦਾਰਾਂ ਦੇ ਕਬਜ਼ੇ ਚੋਂ ਛੁਡਵਾਉਣ ਦਾ ਹੈ। ਸਨਅਤ ਤੇ ਖੇਤੀ ਦੋਹਾਂ ਚੋਂ ਹੀ ਕਾਰਪੋਰੇਟ ਪੂੰਜੀ ਨੂੰ ਬਾਹਰ ਰੱਖਣ ਦਾ ਹੈ। ਕਾਰਪੋਰੇਟ ਪੂੰਜੀ ਦੀ ਓਟ ਤਿਆਗ ਕੇ, ਪੰਜਾਬ ਦੇ ਆਪਣੇ ਸੋਮਿਆਂ ਸਹਾਰੇ ਵਿਕਾਸ ਕਰਨ ਦਾ ਹੈ।

                                                ਇਹ ਰਾਹ ਬਿਲਕੁਲ ਵੱਖਰਾ ਹੈ ਤੇ ਕਾਰਪੋਰੇਟ ਜੋਕਾਂ ਦੀ ਥਾਂ ਲੋਕਾਂ ਪ੍ਰਤੀ ਵਫਾਦਾਰੀ ਮੰਗਦਾ ਹੈ। ਇਹ ਵਫਾਦਾਰੀ ਜੋਕਾਂ ਦੀ ਇਸ ਵਿਧਾਨ ਸਭਾ ਚ ਬੈਠ ਕੇ ਨਹੀਂ ਨਿਭਾਈ ਜਾ ਸਕਦੀ।

ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਸੱਦੇ ਦਰਮਿਆਨ, ਪਹਿਲੇ ਸਨਅਤਕਾਰ ਬਾਹਰ ਜਾਣ ਦੀ ਤਿਆਰੀ ਵਿੱਚ

 

ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਸੱਦੇ ਦਰਮਿਆਨ, ਪਹਿਲੇ ਸਨਅਤਕਾਰ ਬਾਹਰ ਜਾਣ ਦੀ ਤਿਆਰੀ ਵਿੱਚ

ਇੱਕ ਪਾਸੇ ਜਦੋਂ ਪੰਜਾਬ ਸਰਕਾਰ 23-24 ਫਰਵਰੀ ਨੂੰ ਮੁਹਾਲੀ ਵਿਖੇ ਪੰਜਾਬ ਨਿਵੇਸ਼ਕ ਸਮੇਲਨ ਰਚਾ ਕੇ ਨਵੇਂ ਨਿਵੇਸ਼ਕਾਂ ਨੂੰ ਭਰਮਾਉਣ ਦੇ ਯਤਨ ਕਰ ਰਹੀ ਹੈ, ਤਾਂ ਅਨੇਕਾਂ ਮੌਜੂਦਾ ਸਨਅਤਕਾਰਾਂ ਨੇ ਉਹਨਾਂ ਦੇ ਮਸਲੇ ਹੱਲ ਨਾ ਕੀਤੇ ਜਾਣ ਦੀ ਸੂਰਤ ਵਿੱਚ ਪੰਜਾਬ ਤੋਂ ਬਾਹਰ ਚਲੇ ਜਾਣ ਦਾ ਐਲਾਨ ਕੀਤਾ ਹੈ।

                ਫਾਸਨਰ ਮੈਨੂਫੈਕਚਰਜ਼ ਐਸੋਸੀਏਸ਼ਨ ਇੰਡੀਆ, ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ (64PS91) ਆਲ ਇੰਡੀਸਟਰੀਜ਼ ਐਂਡ ਟਰੇਡ ਫਾਰਮ ਅਤੇ ਫਾਸਨਰ ਸਪਲਾਇਰਜ਼ ਐਸੋਸੀਏਸ਼ਨ ਆਫ ਇੰਡੀਆ ਸਮੇਤ ਸਨਅਤੀ ਜਥੇਬੰਦੀਆਂ ਦੇ ਮੈਂਬਰਾਂ ਅਤੇ ਹੋਰਨਾਂ ਨੇ ਰਾਜ ਸਰਕਾਰ ਵੱਲੋਂ ਹੁਣੇ ਜਾਰੀ ਕੀਤੀ ਨਵੀਂ ਸਨਅਤੀ ਅਤੇ ਕਾਰੋਬਾਰ ਨੀਤੀ ਨੂੰ ਰਾਜ ਵਿੱਚ ਪਹਿਲਾਂ ਤੋਂ ਮੌਜੂਦ ਸਨਅਤਾਂ ਪ੍ਰਤੀ ਵਿਤਕਰੇਪੂਰਨ ਕਿਹਾ ਹੈ ਅਤੇ ਖਦਸ਼ਾ ਜਾਹਰ ਕੀਤਾ ਹੈ ਕਿ ਇਹ ਉਹਨਾਂ ਤੇ ਮਾਰੂ ਅਸਰ ਪਾਵੇਗੀ।

ਨਵੀਂ ਪਾਲਸੀ ਸਾਨੂੰ ਖਤਮ ਕਰ ਦੇਵੇਗੀ

ਫਾਸਨਰ ਮੈਨੂਫੈਕਚਰ ਐਸੋ’. ਦੇ ਪ੍ਰਧਾਨ ਨਰਿੰਦਰ ਭਾਮਰਾ ਨੇ ਬੁੱਧਵਾਰ ਨੂੰ ਕਿਹਾ ਕਿ, ‘‘ਸਰਕਾਰ ਨੇ ਹੁਣੇ ਹੁਣੇ ਨਵੀਂ ਸਨਅਤੀ ਤੇ ਕਾਰੋਬਾਰੀ ਨੀਤੀ ਪਾਸ ਕੀਤੀ ਹੈ ਜਿਹੜੀ ਮੌਜੂਦਾ ਸਨਅਤਾਂ ਨੂੰ ਤਬਾਹ ਕਰ ਦੇਵੇਗੀ। ਨਵੀਂ ਨੀਤੀ ਤਹਿਤ ਸਰਕਾਰ ਨਿਵੇਸ਼ਕਾਰਾਂ ਨੂੰ ਨਿਵੇਸ਼ ਉਤੇ 200 ਫੀਸਦੀ ਰੀਫੰਡ, ਉਹਨਾਂ ਦੇ ਕਾਮਿਆਂ ਲਈ 4000 ਰੁਪਏ ਪ੍ਰਤੀ ਮਹੀਨਾ, 5 ਰੁਪਏ ਕੀਮਤ ਤੇ ਬਿਜਲੀ ਰਜਿਸਟ੍ਰੇਸ਼ਨ ਤੇ ਹੋਰ ਖਰਚਿਆਂ ਤੋਂ ਛੋਟ ਆਦਿ ਦੀਆਂ ਯਕੀਨਦਹਾਨੀਆਂ ਕਰ ਰਹੀ ਹੈ। ਜੇ ਇਹ ਲਾਗੂ ਹੁੰਦੀਆਂ ਹਨ ਤਾਂ ਨਵੀਂ ਸਨਅਤ ਮੌਜੂਦਾ ਸਨਅਤ ਦੇ ਬੰਦ ਹੋਣ ਦਾ ਕਾਰਨ ਬਣ ਜਾਵੇਗੀ। ਕਿਉਂਕਿ ਸਸਤੀ ਬਿਜਲੀ, ਮਜ਼ਦੂਰੀ ਲਾਭ ਅਤੇ ਨਿਵੇਸ਼ ਰੀਫੰਡ ਸਦਕਾ ਨਵੀਆਂ ਸਨਅਤਾਂ ਦੇ ਉਤਪਾਦਾਂ ਦੀ ਕੀਮਤ ਮੌਜੂਦਾ ਸਨਅਤਾਂ ਦੇ ਮਕਾਬਲੇ ਬਹੁਤ ਸਸਤੀ ਹੋਵੇਗੀ ਤੇ ਇਸ ਕਰਕੇ ਹੌਲੀ ਹੌਲੀ ਮੌਜੂਦਾ ਸਨਅਤਾਂ ਬੰਦ ਹੋ ਜਾਣਗੀਆਂ’’

                ਉਸਨੇ ਕਿਹਾ ਕਿ ‘‘ਜੇ ਸਰਕਾਰ ਸਾਡੇ ਮਸਲਿਆਂ ਵੱਲ ਧਿਆਨ ਨਹੀਂ ਦਿੰਦੀ ਤਾਂ ਸਾਡੇ ਕੋਲ ਪੰਜਾਬ ਛੱਡਕੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਜਾਣ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ।’’

                ਆਲ ਇੰਡੀਆ ਇੰਡਸਟਰੀਜ਼ ਐਂਡ ਟਰੇਡ ਫਾਰਮਾਂ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਨਵੀਂ ਸਨਅਤੀ ਨੀਤੀ ਤਹਿਤ ਮੌਜੂਦਾ ਸਨਅਤਾਂ ਨੂੰ ਛੋਟੇ ਮੋਟੇ ਲਾਭ ਹੀ ਮਿਲਣਗੇ।

                ‘‘ਜੇ ਸਰਕਾਰ ਨਵੀਆਂ ਸਨਅਤਾਂ ਨੂੰ ਸਸਤੀ ਬਿਜਲੀ, ਪੂੰਜੀ ਨਿਵੇਸ਼ ਤੇ ਜੀ ਐਸ ਟੀ ਲਾਭ ਤੇ ਹੋਰ ਆਰਥਕ ਫਾਇਦੇ ਦਿੰਦੀ ਹੈ ਤਾਂ ਪੁਰਾਣੀਆਂ ਸਨਅਤਾਂ ਕਦੇ ਵੀ ਨਵੀਆਂ ਸਨਅਤਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ। 2023 ਦਾ ਸਾਲ ਪੰਜਾਬ ਦੀਆਂ ਹਜ਼ਾਰਾਂ ਚੱਲ ਰਹੀਆਂ ਸਨਅਤਾਂ ਦੀ ਬੰਦੀ ਵੇਖੇਗਾ ਜਿਹੜੀਆਂ ਪਹਿਲਾਂ ਹੀ ਕੋਵਿਡ ਅਤੇ ਅੰਤਰ ਰਾਸ਼ਟਰੀ ਮੰਦੀ ਦੀ ਮਾਰ ਝੱਲ ਰਹੀਆਂ ਹਨ। ਅਸੀਂ ਸਰਕਾਰ ਨੂੰ ਇਹ ਪਾਲਸੀ ਵਾਪਸ ਲੈਣ ਅਤੇ ਚਾਲੂ ਸਨਅਤਾਂ ਨੂੰ ਬਰਾਬਰ ਦੇ ਲਾਭਾਂ ਵਾਲੀ ਨਵੀਂ ਪਾਲਸੀ ਬਣਾਉਣ ਦੀ ਬੇਨਤੀ ਕਰਦੇ ਹਾਂ।’’

ਪੰਜਾਬ ਵਿੱਚ ਇਸ ਉਮੀਦ ਨਾਲ ਨਿਵੇਸ਼ਕ ਸੰਮੇਲਨ ਕਰਵਾਇਆ ਜਾ ਰਿਹਾ ਹੈ ਕਿ ਇਹ ਸੂਬੇ ਦਾ ਬਹੁਪੱਖੀ ਸਨਅਤੀ ਵਿਕਾਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਵੇਗਾ।

(ਦਾ ਹਿੰਦੂ ਦੀ ਖ਼ਬਰ ਦਾ ਅਨੁਵਾਦ)  23 ਫਰਵਰੀ,2023

ਕਸ਼ਮੀਰੀ ਲੋਕਾਂ ਨਾਲ ਅਨਿਆਂ ਦਾ ਅਗਲਾ ਦੌਰ—ਜ਼ਮੀਨਾਂ ਤੋਂ ਬੇ-ਦਖਲੀ

 ਕਸ਼ਮੀਰੀ ਲੋਕਾਂ ਨਾਲ ਅਨਿਆਂ ਦਾ ਅਗਲਾ ਦੌਰ—ਜ਼ਮੀਨਾਂ ਤੋਂ ਬੇ-ਦਖਲੀ

ਕਸ਼ਮੀਰ ਅੰਦਰ ਧਾਰਾ 370 ਅਤੇ 35ਏ ਦਾ ਖਾਤਮਾ ਭਾਰਤੀ ਹਕੂਮਤ ਦੀਆਂ ਸੌੜੀਆਂ ਸ਼ਾਵਨਵਾਦੀ ਪਸਾਰਵਾਦੀ ਗਿਣਤੀਆਂ ਅਤੇ ਸਾਮਰਾਜੀ ਲੁੱਟ ਦੀਆਂ ਲੋੜਾਂ ਦਾ ਜੁੜਵਾਂ ਹੁੰਗਾਰਾ ਸੀ।ਸਾਮਰਾਜੀ ਹਿੱਤ ਕਸ਼ਮੀਰੀ ਧਰਤੀ ਦੇ ਸਭਨਾਂ ਸੋਮਿਆਂ ਨੂੰ  ਮੁਕੰਮਲ ਤੌਰ ’ਤੇ ਸਾਮਰਾਜੀ  ਕਾਰਪੋਰੇਟ ਪੂੰਜੀ ਦੇ ਮੁਨਾਫਿਆਂ ਲਈ ਖੋਲ੍ਹੇ ਜਾਣ ਅਤੇ ਸਾਮਰਾਜੀ ਦਬਦਬੇ ਵਾਲੀ ਏਕੀਕ੍ਰਿਤ ਭਾਰਤੀ ਮੰਡੀ ਦਾ ਕਸ਼ਮੀਰ ਦੇ ਸਭਨਾਂ ਹਿੱਸਿਆਂ ਤੱਕ ਨਿਰਵਿਘਨ ਪਸਾਰਾ ਕਰਨ ਦੀ ਮੰਗ ਕਰਦੇ ਸਨ।ਇਹਨਾਂ ਲੁਭਾਊ ਸੋਮਿਆਂ ਵਿੱਚੋਂ ਜ਼ਮੀਨ ਪ੍ਰਮੁੱਖ ਸੀ,ਪਰ ਇਸ ਜ਼ਮੀਨ ਉਪਰ ਕਸ਼ਮੀਰੀ ਲੋਕਾਂ ਦੀ ਰਾਖਵੀਂ ਮਾਲਕੀ ਸਾਮਰਾਜੀਆਂ, ਕਾਰਪੋਰੇਟਾਂ ਦੇ ਰਾਹ ਵਿਚ ਵੱਡਾ ਅੜਿੱਕਾ ਸੀ। ਭਾਰਤੀ ਹਕੂਮਤ ਅਤੇ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਸਾਂਝੇ ਹਿੱਤ ਇਸ ਰਾਖਵੀਂ ਮੁਖਤਿਆਰੀ ਨੂੰ ਭੰਨਣ ਵਿੱਚ ਸਨ, ਜੋ ਮਕਸਦ ਮੋਦੀ ਹਕੂਮਤ ਨੇ ਧਾਰਾ 35 ਏ,ਜੋ ਕਸ਼ਮੀਰੀ ਲੋਕਾਂ ਨੂੰ ਹੋਰਨਾਂ ਗੱਲਾਂ ਦੇ ਨਾਲ ਉਨ੍ਹਾਂ ਦੀ ਸਰਜ਼ਮੀਨ ਉੱਤੇ ਮਾਲਕੀ ਦੇ ਵਿਸ਼ੇਸ਼ ਅਧਿਕਾਰ ਦਿੰਦੀ ਸੀ, ਖੋਰ ਕੇ ਹਾਸਲ ਕੀਤਾ। ਇਉਂ 2019 ਤੋਂ ਬਾਅਦ ਕਸ਼ਮੀਰੀ ਕੌਮ ਨਾਲ ਅਨਿਆਂ ਦੀ ਤੁਰੀ ਆਉਂਦੀ ਗਾਥਾ ਅੰਦਰ ਜ਼ੁਲਮ ਦੇ ਅਗਲੇ ਦੌਰ ਦੀ ਸ਼ੁਰੂਆਤ ਹੋਈ। ਇਸ ਦੌਰ ਦੇ ਪਹਿਲੇ ਸਾਢੇ ਤਿੰਨ ਸਾਲਾਂ ਅੰਦਰ ਹੀ ਕਸ਼ਮੀਰੀ ਧਰਤੀ ਨੂੰ ਹੋਰ ਲੁੱਟਣ ਲਈ ਅਨੇਕਾਂ ਕਦਮ ਤੇ ਕਾਨੂੰਨ ਅਮਲ ਵਿੱਚ ਲਿਆਂਦੇ ਗਏ ਹਨ। ਇਨ੍ਹਾਂ ਕਦਮਾਂ ਵਿਚੋਂ ਬਹੁਤੇ ਕਦਮ ਕਸ਼ਮੀਰੀ ਜ਼ਮੀਨ ਨੂੰ ਕਾਰਪੋਰੇਟੀ ਸਾਮਰਾਜੀ ਲੁੱਟ ਲਈ ਖੋਲ੍ਹਣ ਵਲ ਸੇਧਤ ਹਨ। ਇਸ ਸਮੇਂ ਦੌਰਾਨ ਕਸ਼ਮੀਰੀਆਂ ਦੀ ਜ਼ਮੀਨ ਮਾਲਕੀ ਅਤੇ ਨਾਗਰਿਕ ਹੱਕਾਂ ਨਾਲ ਸਬੰਧਤ 200 ਤੋਂ ਵਧੇਰੇ ਕਾਨੂੰਨ ਰੱਦ ਕੀਤੇ ਜਾਂ ਸੋਧੇ ਜਾ ਚੁੱਕੇ ਹਨ।

         ਧਾਰਾ 370 ਰੱਦ ਕਰਨ ਸਾਰ ਹੀ ਸਰਕਾਰ ਜੰਮੂ ਕਸ਼ਮੀਰ ਦੀ ਜ਼ਮੀਨ ਨੂੰ ਫਟਾਫਟ ਕਾਰਪੋਰੇਟਾਂ ਦੀ ਝੋਲੀ ਪਾਉਣ ਲਈ ਤਰਲੋਮੱਛੀ ਹੋਣ ਲੱਗੀ ਸੀ। ਧਾਰਾ 370 ਖੋਰਨ ਤੋਂ ਬਾਅਦ ਉੱਠੇ ਲੋਕ ਰੋਹ ਨਾਲ ਸਿੱਝਣ ਲਈ ਲਾਈਆਂ ਗਈਆਂ ਮਿਸਾਲੀ ਪਾਬੰਦੀਆਂ ਦੇ ਦੌਰ ਤੋਂ ਫੌਰੀ ਬਾਅਦ ਹੀ ਅਕਤੂਬਰ 2020 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਕਿ ਕੋਈ ਵੀ ਭਾਰਤੀ ਨਾਗਰਿਕ ਕਸ਼ਮੀਰ ਅੰਦਰ ਗੈਰ ਵਾਹੀ ਯੋਗ ਜ਼ਮੀਨ ਖਰੀਦ ਸਕਦਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਨਵੇਂ ਨਿਯਮ ਨੋਟੀਫਾਈ ਕੀਤੇ, ਜਿਨ੍ਹਾਂ ਰਾਹੀਂ ਵਾਹੀਯੋਗ ਜ਼ਮੀਨ ਦੀ ਕੁਝ ਸ਼ਰਤਾਂ ਪੂਰੀਆਂ ਕਰਨ ਉਪਰੰਤ ਗੈਰ ਵਾਹੀਯੋਗ ਜ਼ਮੀਨ ਵਿੱਚ ਤਬਦੀਲੀ ਮਨਜ਼ੂਰ ਕੀਤੀ ਗਈ। ਕਿਸਾਨਾਂ ਲਈ ਵਾਹੀਯੋਗ ਜ਼ਮੀਨ ਦੀ ਸੁਰੱਖਿਆ ਯਕੀਨੀ ਬਣਾਉਣ ਵਾਲੇ ਸਾਰੇ ਪੁਰਾਣੇ  ਕਾਨੂੰਨ ਜਿਵੇਂ ਕਿ ਜੰਮੂ-ਕਸ਼ਮੀਰ ਸਾਂਝੀ ਜ਼ਮੀਨ ਰੈਗੂਲੇਸ਼ਨ ਐਕਟ, ਜੰਮੂ-ਕਸ਼ਮੀਰ ਵੱਡੇ ਜ਼ਮੀਨੀ ਅਸਟੇਟ ਖਾਤਮਾ ਕਾਨੂੰਨ, ਜੰਮੂ-ਕਸ਼ਮੀਰ ਜ਼ਮੀਨ ਵਾਪਸੀ ਕਾਨੂੰਨ ਆਦਿ ਖ਼ਤਮ ਕਰ ਦਿੱਤੇ ਗਏ। ਨਾਲ ਦੀ ਨਾਲ ਸਰਕਾਰ ਨੇ ਜ਼ਮੀਨੀ ਬੈਂਕ ਬਣਾਉਣ ਦਾ ਅਮਲ ਤੋਰ ਦਿੱਤਾ। ਇਹ ਸਰਕਾਰੀ ਜ਼ਮੀਨ ਬੈਂਕ ਬਣਾਉਣ ਦਾ ਮਕਸਦ ਸਰਕਾਰੀ ਅਧਿਕਾਰ ਹੇਠਲੀ ਜ਼ਮੀਨ ਇਕੱਠੀ ਕਰਕੇ ਨਿਵੇਸ਼ਕਾਂ ਨੂੰ ਮੁਹੱਈਆ ਕਰਵਾਏ ਜਾਣਾ ਐਲਾਨਿਆ ਗਿਆ ਸੀਪਰ ਇਸ ਦਾ ਅਰਥ ਇਹ ਸੀ ਕਿ ਕਸ਼ਮੀਰੀ ਲੋਕਾਂ ਨੂੰ ਹੁਣ ਸਰਕਾਰੀ ਅਤੇ ਸਾਂਝੀਆਂ ਜਾਂ ਖਾਲੀ ਪਈਆਂ ਜ਼ਮੀਨਾਂ ਨੂੰ ਵਰਤਣ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਕਸ਼ਮੀਰ ਵਾਦੀ ਦੀ ਲੱਗਭੱਗ 50 ਫੀਸਦੀ ਜ਼ਮੀਨ ਜੰਗਲਾਂ ਹੇਠ ਹੈ। ਬਾਕੀ ਬਚਦੀ ਜ਼ਮੀਨ ਦਾ ਇੱਕ ਹਿੱਸਾ ਕੁਦਰਤੀ ਜਲਗਾਹਾਂ ਅਤੇ ਜੰਗਲੀ ਜੀਵ ਰੱਖਾਂ ਲਈ ਰਾਖਵਾਂ ਹੈ। ਇੱਕ ਗਿਣਨਯੋਗ ਹਿੱਸੇ ਉੱਤੇ ਭਾਰਤੀ ਫੌਜ ਦਾ ਤਾਣਾਪੇਟਾ ਹੈ। ਇਸ ਕਰਕੇ ਵਰਤੋਂ ਯੋਗ ਜ਼ਮੀਨ ਥੋੜ੍ਹੀ ਬਣਦੀ ਹੈ।ਇਹ ਜ਼ਮੀਨੀ ਬੈਂਕ ਬਣਾਉਣ ਦਾ ਅਮਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਬਾਕੀ ਬਚਦੀ ਜ਼ਮੀਨ ਤੋਂ ਵੀ ਬੇਦਖ਼ਲ ਕਰਨ ਦਾ ਅਮਲ ਹੈ। ਇਹ ਲੋਕ, ਦਹਾਕਿਆਂ ਤੋਂ ਇਸ ਜ਼ਮੀਨ ਉਪਰ ਵਸਦੇ ਅਤੇ ਆਪਣੇ ਖੂਨ-ਪਸੀਨੇ ਨਾਲ ਇਸਨੂੰ ਸਿੰਜਦੇ ਆ ਰਹੇ ਹਨ।ਕਈ ਪਰਿਵਾਰ 1947 ਦੇ ਉਜਾੜੇ ਵੇਲੇ ਤੋਂ ਇਨ੍ਹਾਂ ਜ਼ਮੀਨਾਂ ਉੱਪਰ ਵਸੇ ਹੋਏ ਹਨ।ਉਸ ਸਮੇਂ ਜਦੋਂ ਦੇਸ਼ ਵਿੱਚ ਉੱਭਰੇ ਕਿਸਾਨੀ ਘੋਲ ‘ਜ਼ਮੀਨ ਹਲਵਾਹਕ ਨੂੰ’ ਦਾ ਨਾਅਰਾ ਗੁੰਜਾ ਰਹੇ ਸਨ,ਤਾਂ ਇਸ ਦੇ ਅਸਰ ਹੇਠ ਕਸ਼ਮੀਰ ਦੀ ਸ਼ੇਖ ਅਬਦੁੱਲਾ ਸਰਕਾਰ ਨੇ ਵੀ ਜ਼ਮੀਨੀ ਸੁਧਾਰ ਕੀਤੇ ਸਨ।22.75 ਏਕੜ ਪ੍ਰਤੀ ਪਰਿਵਾਰ ਤੋਂ ਵੱਧ ਬਣਦੀ ਲਗਭਗ 4 ਲੱਖ 50 ਹਜ਼ਾਰ ਏਕੜ ਜ਼ਮੀਨ ਜਗੀਰਦਾਰਾਂ ਤੋਂ ਬਿਨਾਂ ਮੁਆਵਜ਼ਾ ਜਬਤ ਕੀਤੀ ਗਈ ਸੀ ਜਿਸ ਵਿੱਚੋਂ 2,30,000 ਏਕੜ ਜ਼ਮੀਨ ਬੇਜ਼ਮੀਨੇ ਕਾਸ਼ਤਕਾਰਾਂ ਅਤੇ ਗਰੀਬ ਕਿਸਾਨਾਂ ਵਿੱਚ ਵੰਡੀ ਗਈ ਸੀ। ਜ਼ਮੀਨਾਂ ਦੇ ਇਹ ਟੋਟੇ ਹਾਸਲ ਕਰਕੇ ਉਦੋਂ ਕਿਸਾਨਾਂ ਨੇ ਡੋਗਰਾ ਰਿਆਸਤ ਅਧੀਨ ਆਪਣੀ ਬੇਅੰਤ ਮੁਸ਼ਕਿਲਾਂ ਭਰੀ ਜ਼ਿੰਦਗੀ ਦਾ ਅੰਤ ਚਿਤਵਿਆ ਸੀ। ਅਨੇਕਾਂ ਕਾਸ਼ਤਕਾਰਾਂ ਨੇ ਸੂਬੇ ਦੀਆਂ ਬੇਅਬਾਦ ਪਈਆਂ ਜਮੀਨਾਂ ਨੂੰ ਆਪਣੇ ਮੁੜ੍ਹਕੇ ਨਾਲ ਸਿੰਜਿਆ ਅਤੇ ਇਹਨਾਂ ਉਤੇ ਆਪਣੀ ਕਿਰਤ ਦੀ ਮਾਲਕੀ ਸਥਾਪਤ ਕੀਤੀ।ਪੌਣੀ ਸਦੀ ਬਾਅਦ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾ ਰਹੇ ਭਾਰਤੀ ਹਾਕਮਾਂ ਨੇ ਇਨ੍ਹਾਂ ਵਿਚੋਂ ਅਨੇਕਾਂ ਨੂੰ ਜ਼ਮੀਨਾਂ ਤੋਂ ਮੁੜ ਵਾਂਝਾ ਕਰ ਦਿੱਤਾ।

            ਕਸ਼ਮੀਰ ਦੀ ਵਿਸ਼ੇਸ਼ ਹੈਸੀਅਤ ਖਤਮ ਕਰਨ ਤੋਂ ਬਾਅਦ ਹਕੂਮਤ ਵੱਲੋਂ  ਦੇਸੀ-ਬਦੇਸ਼ੀ ਕਾਰਪੋਰੇਟਾਂ ਨੂੰ ਜ਼ਮੀਨ ਦੇਣ ਲਈ ਵੱਡੇ ਪੱਧਰ ਤੇ ਅਜਿਹੀਆਂ ਜ਼ਮੀਨਾਂ ਦੀ ਸਨਾਖ਼ਤ ਦਾ ਅਮਲ ਚਲਾਇਆ ਗਿਆ ਜੋ ਕਾਸ਼ਤਕਾਰਾਂ ਅਤੇ ਵਰਤੋਂਕਾਰਾਂ ਤੋਂ ਇੱਕ ਜਾਂ ਦੂਜੇ ਬਹਾਨੇ ਵਾਪਸ ਹਥਿਆਈਆਂ ਜਾ ਸਕਦੀਆਂ ਸਨ।ਸਰਕਾਰੀ ਜ਼ਮੀਨਾਂ, ਚਰਾਂਦਾਂ ਤੇ ਸਾਂਝੀਆਂ ਥਾਵਾਂ ਵਰਤਣ ਵਾਲੇ ਲੋਕਾਂ ਨੂੰ ਗੈਰਕਨੂੰਨੀ ਕਬਜ਼ਾਕਾਰ ਐਲਾਨ ਦਿੱਤਾ ਗਿਆ। ਵਰਿ੍ਹਆਂ ਤੋਂ ਵਾਹੁੰਦੇ ਅਤੇ ਵਸਦੇ ਆ ਰਹੇ ਪਰਿਵਾਰਾਂ ਤੋਂ ਉਹਨਾਂ ਦੇ ਖੇਤਾਂ ਅਤੇ ਘਰਾਂ ਦੇ ਮਾਲਕੀ ਹੱਕ ਖੋਹ ਲਏ ਗਏ।ਬੇਦਖ਼ਲ ਕੀਤੇ ਜਾਣ ਵਾਲੇ ਪਰਿਵਾਰਾਂ ਵਿੱਚ ਅਜਿਹੇ ਪਰਿਵਾਰ ਵੀ ਹਨ ਜਿਹਨਾਂ ਕੋਲ ਲਗਭਗ ਅੱਧੀ,ਪੌਣੀ ਜਾਂ ਪੂਰੀ ਸਦੀ ਆਪਣੀ ਜ਼ਮੀਨ ਉੱਪਰ ਬਤੀਤ  ਕਰਨ ਤੋਂ ਬਾਅਦ ਵੀ ਕਾਗਜ਼ਾਂ ਅੰਦਰ ਮਾਲਕਾਨਾ ਹੱਕ ਨਹੀਂ ਹਨ। ਪਰ ਅਨੇਕਾਂ ਅਜਿਹੇ ਪਰਿਵਾਰ ਵੀ ਹਨ,ਜਿਹਨਾਂ ਕੋਲ ਮਾਲਕਾਨਾ ਹੱਕ ਦਿਖਾਉਂਦੇ ਸਰਕਾਰੀ ਕਾਗਜ਼ ਹਨ, ਪਰ ਹਕੂਮਤ ਉਨ੍ਹਾਂ ਨੂੰ ਮੰਨਣ ਤੋਂ ਇਨਕਾਰੀ ਹੈ। ਇਹਨਾਂ ਵਿੱਚੋਂ ਵੱਡੀ ਗਿਣਤੀ ਪਰਿਵਾਰ ਉਹ ਹਨ ਜਿਹੜੇ ਰੌਸ਼ਨੀ ਸਕੀਮ ਤਹਿਤ ਜ਼ਮੀਨ ਦੇ ਮਾਲਕ ਬਣੇ ਹੋਏ ਹਨ।2001 ਵਿੱਚ ਫਾਰੂਕ ਅਬਦੁੱਲਾ ਸਰਕਾਰ ਨੇ ਸਰਕਾਰੀ ਆਮਦਨ ਇਕੱਠੀ ਕਰਨ ਦੇ ਮਕਸਦ ਨਾਲ ਰੌਸ਼ਨੀ ਸਕੀਮ ਲਿਆਂਦੀ ਸੀ। ਇਸ ਸਕੀਮ ਵਿੱਚ ਉਨ੍ਹਾਂ ਪਰਿਵਾਰਾਂ ਨੂੰ,ਜਿਹੜੇ ਲੰਬੇ ਸਮੇਂ ਤੋ ਸਰਕਾਰੀ ਅਤੇ ਬੇਅਬਾਦ ਪਈਆਂ ਜ਼ਮੀਨਾਂ ਉਪਰ ਕਾਸ਼ਤ ਕਰਦੇ ਅਤੇ ਵਸਦੇ ਆ ਰਹੇ ਸਨ,ਨੂੰ ਯਕਮੁਸ਼ਤ ਅਦਾਇਗੀ ਦੇ ਅਧਾਰ ਤੇ ਮਾਲਕਾਨਾ ਹੱਕ ਦੇ ਦਿੱਤੇ ਗਏ ਸਨ। ਪਰ ਹੁਣ ਆ ਕੇ ਜੰਮੂ-ਕਸ਼ਮੀਰ ਹਾਈ ਕੋਰਟ ਨੇ ਅਕਤੂਬਰ 2020 ਦੇ ਇਕ ਫੈਸਲੇ ਰਾਹੀਂ ਇਸ ਸਕੀਮ ਨੂੰ ਗੈਰਸੰਵਿਧਾਨਕ ਐਲਾਨ ਦਿੱਤਾ  ਅਤੇ ਇਸ ਤਹਿਤ ਹੋਈਆਂ ਸਭ ਅਲਾਟਮੈਂਟਾਂ ਨੂੰ ਰੱਦ ਕਰ ਦਿੱਤਾ । ਸੋ ਹਕੂਮਤ ਨੂੰ ਪੈਸੇ ਦੀ ਅਦਾਇਗੀ ਕਰਕੇ ਮਾਲਕੀ ਹੱਕ ਹਾਸਲ ਕਰਨ ਵਾਲੇ ਲੋਕ ਹੁਣ ਗੈਰ ਕਨੂੰਨੀ ਕਬਜ਼ਾਕਾਰਾਂ ਵਿਚ ਵਟ ਗਏ। ਨਿਆਂਪਾਲਕਾ ਨੇ ਲੋਕਾਂ ਤੋਂ ਜ਼ਮੀਨ ਵਾਪਸ ਹਾਸਲ ਕਰਨ ਦਾ ਫੈਸਲਾ ਸੁਣਾਉਂਦੇ ਹੋਏ ਹਕੂਮਤੀ ਮਨਸ਼ਾ ਇਸ ਹੱਦ ਤੱਕ ਜ਼ਾਹਰ ਕੀਤਾ ਕਿ ਕੋਰਟ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਕੀਮ ਤਹਿਤ ਸਰਕਾਰੀ ਜ਼ਮੀਨ ਹਾਸਲ ਕਰਨ ਵਾਲੇ ਵਿਅਕਤੀਆਂ ਦੀਆਂ ਲਿਸਟਾਂ ਬਣਾਉਣ ਅਤੇ ਪੂਰੀ ਸ਼ਨਾਖਤ ਸਹਿਤ ਵਿਭਾਗੀ ਵੈਬ ਸਾਈਟ ਤੇ ਪਾਉਣ ਵਾਸਤੇ ਵੀ ਨਿਰਦੇਸ਼ ਦਿੱਤੇ ਗਏ। ਭਾਵੇਂ ਇਸ ਫੈਸਲੇ ਤੋਂ ਬਾਅਦ ਮੱਚੀ ਹਾਹਾਕਾਰ ਕਰਕੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਇਕ ਵਾਰੀ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਸਬੰਧੀ ਰੀਵਿਊ ਪਟੀਸ਼ਨ ਦਾਖਲ ਕਰਨੀ ਪਈ ਹੈ,ਪਰ ਮਾਮਲਾ ਸੁਣਵਾਈ ਅਧੀਨ ਹੋਣ ਦੇ ਬਾਵਜੂਦ ਲੋਕਾਂ ਤੋਂ ਜ਼ਮੀਨਾਂ ਹਥਿਆਉਣ ਦਾ ਅਮਲ ਨਿਰਵਿਘਨ ਜਾਰੀ ਹੈ। ਅਜਿਹੇ ਖੇਤਾਂ ਵਿੱਚ ਉਗਾਈਆਂ ਗਈਆਂ ਫ਼ਸਲਾਂ ਨੂੰ ਪੁਲਸ ਵੱਲੋਂ ਤਬਾਹ ਕਰਨ ਦੀਆਂ ਅਤੇ ਅਤੇ ਖੇਤਾਂ ਅੰਦਰ ਸਰਕਾਰੀ ਬੋਰਡ ਲਾਉਣ ਦੀਆਂ ਕਈ ਥਾਵਾਂ ਤੋਂ ਰਿਪੋਰਟਾਂ ਹਨ। ਜਨਵਰੀ 2022 ਵਿਚ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਉਹਨੇ 46487.6 ਏਕੜ ਸਰਕਾਰੀ ਜ਼ਮੀਨ,13814.4 ਏਕੜ ਚਰਾਂਦੀ ਜ਼ਮੀਨ ਅਤੇ 164.2 ਏਕੜ ਸਾਂਝੀ ਜ਼ਮੀਨ ਅਣਅਧਿਕਾਰਤ ਕਬਜ਼ਿਆਂ ਵਿੱਚੋਂ ਛੁਡਾਈ ਹੈ।

       ਪਰ ਇਹੋ ਜਿਹੇ ਕਦਮਾਂ ਨਾਲ ਸਰਕਾਰੀ ਜ਼ਮੀਨ ਇਕੱਠੀ ਕਰ ਕੇ ਵੀ ਵੱਡੀਆਂ ਕੰਪਨੀਆਂ ਦੀ ਲੋੜ ਲਈ ਜ਼ਮੀਨ ਘੱਟ ਪੈ ਰਹੀ ਸੀ।ਇਸ ਲਈ ਸਰਕਾਰ ਨੇ ਨਿੱਜੀ ਜ਼ਮੀਨ ਬੈਂਕ ਬਣਾਉਣ ਦਾ ਅਮਲ ਤੋਰਿਆ। ਸਰਕਾਰ ਵੱਲੋਂ ਜੰਮੂ ਕਸ਼ਮੀਰ ਅੰਦਰ ਖੇਤੀ ਕਨੂੰਨਾਂ ਦੇ ਨਾਲ ਹੀ ਲਾਗੂ ਕੀਤੀ ਗਈ ਨਵੀਂ ਸਨਅਤੀ ਨੀਤੀ ਨੇ ਕਾਰਪੋਰੇਟਾਂ ਨੂੰ ਭਾਰੀ ਛੋਟਾਂ ਅਤੇ ਅਣਗਿਣਤ ਸਹੂਲਤਾਂ ਦੀਆਂ ਗਰੰਟੀਆਂ ਕੀਤੀਆਂ ਹਨ।ਇਸ ਕਰਕੇ ਓਥੇ ਜ਼ਮੀਨ ਦੀ ਮੰਗ ਬਹੁਤ ਹੈ। ਅਗਸਤ 2022 ਵਿੱਚ ਦੱਖਣ ਹੈਰਾਲਡ ਅਖ਼ਬਾਰ ਨੇ ਜੰਮੂ ਕਸ਼ਮੀਰ ਸਨਅਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦਾ ਹਵਾਲਾ ਦਿੱਤਾ,ਜਿਸ ਅਨੁਸਾਰ ਸਰਕਾਰ ਨੇ ਕਾਰਪੋਰੇਟਾਂ ਲਈ ਜੋ ਸਰਕਾਰੀ ਜ਼ਮੀਨ ਦੀ ਸ਼ਨਾਖ਼ਤ ਕੀਤੀ ਸੀ,ਉਹ ਸਾਰੀ ਮੁੱਕ ਚੁੱਕੀ ਹੈ।ਇਸਲਈ ਹੁਣ ਆਕੇ ਸਰਕਾਰ ਨੇ  ਨਵੀਂ ਕੇਂਦਰੀ ਸਨਅਤੀ ਸਕੀਮ ਤਹਿਤ ਨਿੱਜੀ ਜ਼ਮੀਨ ਬੈਂਕ ਬਣਾਉਣ ਦਾ ਵੀ ਅਮਲ ਸ਼ੁਰੂ ਕਰ ਦਿੱਤਾ ਹੈ। ਅਜਿਹੇ ਨਿੱਜੀ ਜ਼ਮੀਨ ਬੈਂਕਾਂ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੇ ਜ਼ਮੀਨਾਂ ਨੂੰ ਵਿਕਸਿਤ ਕਰਨ ਦਾ ਅਮਲ ਤੋਰਿਆ ਹੈ। ਜ਼ਮੀਨ ਨੂੰ ਪੱਧਰਾ ਕਰਨ ਲਈ ਵੱਡੇ ਪੱਧਰ ਤੇ ਭਾਰੀ ਮਸ਼ੀਨਰੀ ਝੋਕੀ ਗਈ ਹੈ।ਪ੍ਰਾਈਵੇਟ ਲੈਂਡ ਬੈਂਕਾਂ ਤੱਕ ਰਸਤਾ ਬਣਾਉਣ ਲਈ ਹਜ਼ਾਰਾਂ ਰੁੱਖ ਕੱਟ ਦਿੱਤੇ ਗਏ ਹਨ। ਹੋਰ  ਇਲਾਕਿਆਂ ਵਾਂਗ ਜੰਮੂ ਦੇ ਵੱਡੇ ਖੇਤਰ ਵਿੱਚ  ਵੀ ਦਰਖਤਾਂ ਦੇ ਕੱਟੇ ਜਾਣ ਕਰਕੇ ਪਾਣੀ ਡੂੰਘਾ ਚਲਾ ਗਿਆ ਹੈ ਅਤੇ ਪਿਛਲੇ ਅਰਸੇ ਦੌਰਾਨ ਕਈ ਤਲਾਬ ਸੁੱਕ ਗਏ ਹਨ। ਫਰੰਟਲਾਈਨ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਇਸ ਇਲਾਕੇ ਦੇ ਇੱਕ ਵਸਨੀਕ ਦਾ ਕਹਿਣਾ ਸੀ, ‘‘ਕਿ ਸਰਕਾਰ ਨੂੰ ਇਹ ਸਨਅਤ ਗੈਰ ਵਾਹੀਯੋਗ ਜ਼ਮੀਨ ਉੱਤੇ ਪਿੰਡਾਂ ਤੋਂ ਦੂਰ ਲਾਉਣੀ ਚਾਹੀਦੀ ਹੈ। ਇਨ੍ਹਾਂ ਪਿੰਡਾਂ ਨੂੰ ਛੱਡ ਕੇ ਜਾਣ ਲਈ ਸਾਡੇ ਕੋਲ ਕੋਈ ਥਾਂ ਨਹੀਂ ਹੈ। ਸਾਡੇ ਬਜ਼ੁਰਗਾਂ ਦਾ ਖੂਨ, ਮੁੜ੍ਹਕਾ ਅਤੇ ਹੰਝੂ ਇਸ ਮਿੱਟੀ ਵਿਚ ਰਲੇ ਹੋਏ ਹਨ।’’

        ਸਰਕਾਰੀ ਲੈਂਡ ਬੈਂਕਾਂ ਤੋਂ ਅੱਗੇ ਇਹਨਾਂ ਨਿੱਜੀ ਜ਼ਮੀਨੀ ਬੈਂਕਾਂ ਲਈ ਜ਼ਮੀਨ ਹਾਸਲ ਕਰਨ ਦੇ ਅਮਲ ਨੇ ਜੰਮੂ ਕਸ਼ਮੀਰ ਦੀ ਕਿਰਤੀ ਵਸੋਂ ਦੇ ਉਜਾੜੇ ਨੂੰ ਹੋਰ ਵੀ ਅੱਡੀ ਲਾਈ ਹੈ। ਹਕੂਮਤ ਨੇ ਲੋਕਾਂ ਤੋਂ ਵੱਧ ਤੋਂ ਵੱਧ ਜ਼ਮੀਨ ਹਾਸਲ ਕਰਨ ਲਈ ਤਿੱਖੇ ਕਦਮ ਅਮਲ ਵਿੱਚ ਲਿਆਂਦੇ ਹਨ। ਲੰਘੇ ਦਸੰਬਰ ਮਹੀਨੇ ਵਿਚ ਭਾਰਤੀ ਹਕੂਮਤ ਨੇ ਕਸ਼ਮੀਰ ਅੰਦਰ ਜੰਮੂ-ਕਸ਼ਮੀਰ ਜ਼ਮੀਨ ਗ੍ਰਾਂਟ ਨਿਯਮ 1960 ਰੱਦ ਕਰਕੇ ਨਵੇਂ ਨਿਯਮ ਨੋਟੀਫਾਈ ਕੀਤੇ ਹਨ। ਇਸ ਨੋਟੀਫਿਕੇਸ਼ਨ ਰਾਹੀਂ ਜੰਮੂ ਕਸ਼ਮੀਰ ਦੇ ਮੌਜੂਦਾ ਜ਼ਮੀਨ ਪਟਾ ਮਾਲਕਾਂ ਦੇ ਸਾਰੇ ਅਧਿਕਾਰ (ਰਿਹਾਇਸ਼ੀ ਇਮਾਰਤਾਂ ਤੋਂ ਬਿਨਾਂ) ਖਾਰਜ ਕਰ ਦਿੱਤੇ ਗਏ ਹਨ ਅਤੇ ਉਹਨਾਂ ਨੂੰ ਜ਼ਮੀਨਾਂ ਤੁਰੰਤ ਸਰਕਾਰ ਨੂੰ ਸੌਂਪਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਤੋਂ ਧੱਕੇ ਨਾਲ ਇਹ ਥਾਵਾਂ ਖਾਲੀ ਕਰਵਾਈਆਂ ਜਾਣੀਆਂ ਹਨ। ਆਮ ਹਾਲਤਾਂ ਵਿੱਚ ਪਟਾ ਨਵਿਆਉਣ ਵੇਲੇ ਪਹਿਲਾ ਹੱਕ ਚੱਲੇ ਆ ਰਹੇ ਪਟਾ ਮਾਲਕਾਂ ਨੂੰ ਦਿੱਤਾ ਜਾਂਦਾ ਹੈ। ਉਹਨਾਂ ਵੱਲੋਂ ਨਵੀਆਂ ਸ਼ਰਤਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਹੀ ਪਟਾ ਮਾਲਕੀ ਦੀ ਤਬਦੀਲੀ ਕੀਤੀ ਜਾਂਦੀ ਹੈ।ਪਰ ਪ੍ਰਸਾਸ਼ਨ ਨੇ ਜੰਮੂ ਕਸ਼ਮੀਰ ਅੰਦਰ ਇਹਨਾਂ ਪਟਿਆਂ ਨੂੰ ਚੱਲੇ ਆਉਂਦੇ ਮਾਲਕਾਂ ਲਈ ਮੁੜ ਨਵਿਆਉਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਅੱਗੇਂ ਤੋਂ ਇਹ ਜ਼ਮੀਨਾਂ ਆਨ ਲਾਈਨ ਬੋਲੀ ਰਾਹੀਂ ਪਟੇ ’ਤੇ ਦਿੱਤੀਆਂ ਜਾਇਆ ਕਰਨਗੀਆਂ।ਵਾਦੀ ਦੇ ਸੈਰ ਸਪਾਟਾ ਕੇਂਦਰਾਂ ਦੇ ਜ਼ਿਆਦਾਤਰ ਹੋਟਲ, ਸ੍ਰੀਨਗਰ ਅਤੇ ਜੰਮੂ ਦੀਆਂ ਸੈਂਕੜੇ ਵਪਾਰਕ ਇਮਾਰਤਾਂ ਅਤੇ ਦੁਕਾਨਾਂ ਪਟੇ ਉੱਪਰ ਲਈਆਂ ਜ਼ਮੀਨਾਂ ਉੱਤੇ ਚੱਲ ਰਹੀਆਂ ਹਨ। ਕਸ਼ਮੀਰ ਦੀ ਸੈਰ-ਸਪਾਟਾ ਸਨਅਤ, ਜੋ ਕਿ ਉਥੋਂ ਦੀ ਆਰਥਕਤਾ ਵਿੱਚ ਵੱਡਾ ਰੋਲ ਅਦਾ ਕਰਦੀ ਹੈ,ਪਟਾ ਅਧਾਰਤ ਜ਼ਮੀਨਾਂ ਜਾਂ ਸਰਕਾਰੀ ਜ਼ਮੀਨਾਂ ’ਤੇ ਨਿਰਭਰ ਹੈ। ਗੁਲਮਰਗ ਦੇ 58 ਹੋਟਲ ਪਟੇ ਉੱਪਰ ਲਈਆਂ ਜ਼ਮੀਨਾਂ ਤੇ ਚੱਲ ਰਹੇ ਹਨ।ਨਵੇਂ ਨਿਯਮਾਂ ਦਾ ਅਰਥ ਹੈ ਕੇ ਜੰਮੂ ਕਸ਼ਮੀਰ ਦੇ ਅਜਿਹੇ ਹੋਟਲ, ਵਪਾਰਕ ਅਦਾਰੇ ਅਤੇ ਦੁਕਾਨਾਂ ਕਸ਼ਮੀਰੀਆਂ ਦੇ ਹੱਥੋਂਂ ਖੁੱਸਣ ਜਾ ਰਹੇ ਹਨ। ਆਨ ਲਾਈਨ ਬੋਲੀ ਅੰਦਰ ਦਹਾਕਿਆਂ ਦੀ ਉਥਲ ਪੁਥਲ ਦੀ ਝੰਬੀ ਹੋਈ, ਧਾਰਾ 370 ਤੋਂ ਬਾਅਦ ਲੱਗੇ ਲੋਕ ਡਾਊਨ ਦਰ ਲਾਕਡਾਊਨ ਦਾ ਅਸਰ ਭੋਗਦੀ ਸਥਾਨਕ ਕਸ਼ਮੀਰੀ ਵੱਸੋਂ ਕਿਸੇ ਵੀ ਤਰ੍ਹਾਂ ਵੱਡੇ ਕਾਰਪੋਰੇਟਾਂ ਦਾ ਮੁਕਾਬਲਾ ਨਹੀਂ ਕਰ ਸਕਦੀ।ਸਪਸ਼ਟ ਹੈ ਕਿ ਇਹਨਾਂ ਨਵੇਂ ਕਾਨੂੰਨਾਂ ਨੂੰ  ਸਾਰੀਆ ਵਪਾਰਕ ਸੰਪਤੀਆਂ ਤੋਂ ਸਥਾਨਕ ਲੋਕਾਂ ਨੂੰ ਵਾਂਝਾ ਕਰਨ ਲਈ ਅਤੇ ਇਹ ਜ਼ਮੀਨਾਂ ਤੇ ਥਾਂਵਾਂ  ਕਾਰਪੋਰੇਟਾਂ ਖਾਤਰ ਵਿਹਲੀਆਂ ਕਰਨ ਲਈ ਘੜਿਆ ਗਿਆ ਹੈ।

          ਲੋਕਾਂ ਤੋਂ ਜ਼ਮੀਨਾਂ ਖੋਹਣ ਦੇ ਯਤਨਾਂ ਵਿੱਚ ਹੋਰ ਅੱਗੇ ਜਾਂਦਿਆਂ ਜਨਵਰੀ ਮਹੀਨੇ ਵਿੱਚ ਜੰਮੂ ਕਸ਼ਮੀਰ ਪ੍ਰਸਾਸ਼ਨ ਨੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੇ ਹੁਕਮਾਂ ’ਤੇ ਵੱਡੀ ਪੱਧਰ ਤੇ ‘ਨਜਾਇਜ਼ ਕਬਜ਼ੇ’ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਕ ਸਰਕੂਲਰ ਰਾਹੀਂ ਨਾਜਾਇਜ਼ ਕਬਜ਼ਾਕਾਰਾਂ ਤੋਂ ਜ਼ਮੀਨ ਛੁਡਾਉਣ ਲਈ ਰੋਜ਼ ਦੀ ਰੋਜ਼ ਸਕੀਮ ਬਣਾਉਣ, ਨਿੱਜੀ ਤੌਰ ’ਤੇ ਮੁਹਿੰਮ ਦੀ ਨਿਗਰਾਨੀ ਕਰਨ ਅਤੇ ਸ਼ਾਮ 5 ਵਜੇ ਤੱਕ ਸਰਕਾਰ ਨੂੰ ਰਿਪੋਰਟ ਭੇਜਣ ਲਈ ਕਿਹਾ ਗਿਆ। ਦੱਖਣ ਹੈਰਾਲਡ ਦੀ 19 ਫਰਵਰੀ ਦੀ ਰਿਪੋਰਟ ਮੁਤਾਬਕ ਇੱਕ ਮਹੀਨੇ ਦੇ ਦੌਰਾਨ ਹੀ ਸੌ ਤੋਂ ਵਧੇਰੇ ਇਮਾਰਤਾਂ ਨੂੰ ਮਲੀਆਮੇਟ ਕਰ ਦਿੱਤਾ ਗਿਆ ਅਤੇ 20 ਜ਼ਿਲਿਆਂ ਅੰਦਰ ਢਾਈ ਲੱਖ ਏਕੜ ਜ਼ਮੀਨ ਕਸ਼ਮੀਰੀ ਵਸੋਂ ਤੋਂ ਖ਼ਾਲੀ ਕਰਵਾਈ ਗਈ। ਸ੍ਰੀਨਗਰ ਅੰਦਰ ਜਿਹਨਾਂ ਗੈਰਕਨੂੰਨੀ ਕਬਜ਼ਾਕਾਰਾਂ ਤੋਂ ਜ਼ਮੀਨ ਛੁਡਾਈ ਗਈ ਹੈ,ਇਹ ਉਹ ਦੁਕਾਨਦਾਰ ਹਨ ਜਿਹਨਾਂ ਦੀਆਂ ਦੁਕਾਨਾਂ ਬਕਾਇਦਾ ਨਗਰਪਾਲਿਕਾ,ਵਿਕਾਸ ਅਥਾਰਟੀ ਜਾਂ ਵਕਫ਼ ਬੋਰਡ ਕੋਲ ਰਜਿਸਟਰਡ ਹਨ ।ਇਹ ਦੁਕਾਨਦਾਰ ਦਹਾਕਿਆਂ ਤੋਂ ਇਹਨਾਂ ਸਰਕਾਰੀ ਅਦਾਰਿਆਂ ਨੂੰ ਕਿਰਾਇਆ ਅਦਾ ਕਰਦੇ ਆ ਰਹੇ ਹਨ ।ਪਰ ਹੁਣ ਬਿਨਾਂ ਕਿਸੇ ਦਲੀਲ ਤੋਂ ਉਹਨਾਂ ਦੀਆਂ ਦੁਕਾਨਾਂ ਨੂੰ ਜਿੰਦੇ ਲਾ ਕੇ ਓਹਨਾਂ ਨੂੰ ਗੈਰ ਕਨੂੰਨੀ ਕਬਜ਼ਾਕਾਰ ਘੋਸ਼ਿਤ ਕਰ ਦਿੱਤਾ ਗਿਆ ਹੈ। ਸਰਕਾਰ ਨੇ ਕਸ਼ਮੀਰ ਅੰਦਰ ਲੱਗਭੱਗ 178005 ਏਕੜ ਅਤੇ ਜੰਮੂ ਅੰਦਰ ਲੱਗਭੱਗ 25159 ਏਕੜ ਜ਼ਮੀਨ ਦੀ ਸ਼ਨਾਖ਼ਤ ਕੀਤੀ ਹੈ ਜੋ ਕਿ ਅਜੇਹੇ ‘‘ਕਬਜ਼ਾਕਾਰਾਂ’’ ਦੇ ਕਬਜ਼ੇ ਹੇਠ ਹੈ। ਵੱਡੇ ਕਬਜ਼ਾਕਾਰਾਂ ਤੋਂ ਜ਼ਮੀਨ ਨੂੰ ਛੁਡਾਉਣ ਦੇ ਨਾਂ ਹੇਠ ਸਭ ਤੋਂ ਵੱਧ ਹਾਸ਼ੀਆਗ੍ਰਸਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।12 ਜਨਵਰੀ ਦੇ ਨਿਊਜ਼ਕਲਿਕ ਅਖਬਾਰ ਨੇ ਦਰਜਨ ਦੇ ਕਰੀਬ ਗੁੱਜਰ ਬਕਰਵਾਲ ਲੋਕਾਂ ਦੇ ਘਰਾਂ ਨੂੰ ਪ੍ਰਸ਼ਾਸਨ ਵੱਲੋਂ ਢਾਉਣ ਦੀ ਖਬਰ ਛਾਪੀ ਹੈ। ਗੁੱਜਰ ਤੇ ਬਕਰਵਾਲ ਜੰਮੂ ਕਸ਼ਮੀਰ ਦੇ ਪਛੜੇ ਕਬੀਲੇ ਹਨ, ਜੋ ਜਿਆਦਾਤਰ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਜਿਹਨਾਂ ਘਰਾਂ ਵਿੱਚੋਂ ਉਹਨਾਂ ਨੂੰ ਬੇਦਖਲ ਕਰਕੇ ਬੁਲਡੋਜ਼ਰ ਚਲਾਇਆ ਗਿਆ ਹੈ, ਉਨ੍ਹਾਂ ਵਿਚ ਉਹ ਲੱਗਭੱਗ 70-75 ਸਾਲਾਂ ਤੋਂ ਰਹਿੰਦੇ ਆ ਰਹੇ ਸਨ। ਸ੍ਰੀਨਗਰ ਦੇ ਲਾਲ ਚੌਕ ਇਲਾਕੇ ਵਿਚ ਪ੍ਰਸ਼ਾਸਨ ਨੇ ਜਿਹਨਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਸੀਲ ਕੀਤੀਆਂ ਹਨ ਉਹ ਸਾਰੇ ਛੋਟੇ ਦੁਕਾਨਦਾਰ ਹਨ। ਇਹਨਾਂ ਵਿੱਚੋਂ 51 ਸਾਲਾ ਫਯਾਜ਼ ਅਹਿਮਦ ਦਾ ਹਵਾਲਾ ਨਿਊਜ਼-ਕਲਿਕ ਨੇ ਦਿੱਤਾ ਹੈ,ਜੋ ਕਿ ਪਿਛਲੇ 30 ਸਾਲਾਂ ਤੋਂ ਇੱਕ ਕਬਾੜ ਦੀ ਦੁਕਾਨ ਚਲਾ ਰਿਹਾ ਹੈ ।ਉਸਨੇ ਕਿਹਾ,‘‘ਅਸੀਂ ਇੱਥੇ ਕੰਮ ਕਰਦੇ ਬੁੱਢੇ ਹੋ ਗਏ। ਇਸ ਕਬਾੜ ਦੀ ਦੁਕਾਨ ਤੋਂ ਬਿਨਾਂ ਸਾਡਾ ਕੋਈ ਭਵਿੱਖ ਨਹੀਂ,ਕੋਈ ਰੁਜ਼ਗਾਰ ਨਹੀਂ।’’ ਫਰਵਰੀ ਮਹੀਨੇ ਵਿਚ ਹੋਏ ਇਕ ਪ੍ਰਦਰਸ਼ਨ ਵਿੱਚ ਸ਼ਾਮਲ ਜ਼ਹੂਰ ਅਹਿਮਦ ਰਾਠੇੜ ਨੇ ਨੰਗੇ ਚਿੱਟੇ ਅਨਿਆਂ ਦਾ ਜ਼ਿਕਰ ਕਰਦਿਆਂ ਕਿਹਾ,‘‘ਜਿਹਨਾਂ ਕਿਸਾਨਾਂ ਕੋਲ 2 ਮਰਲੇ ਜ਼ਮੀਨ ਵੀ ਨਹੀਂ ਸੀ,ਉਹਨਾਂ ਦੀਆਂ ਜ਼ਮੀਨਾਂ ਤੇ ਬੁਲਡੋਜ਼ਰ ਚਲਾਇਆ ਅਤੇ ਕਬਜ਼ਾ ਲਿਆ ਗਿਆ। ਸਰਕਾਰ ਕਬਜ਼ਾਕਾਰਾਂ ਤੋਂ ਜ਼ਮੀਨ ਛੁਡਾਉਣ ਨੂੰ ਕਹਿੰਦੀ ਹੈ, ਪਰ ਉਹ ਆਪ ਸਭ ਤੋਂ ਵੱਡੀ ਕਬਜ਼ਾਕਾਰ ਬਣ ਚੁੱਕੀ ਹੈ।’’

         ਪਿਛਲੇ ਸਮੇਂ ਅੰਦਰ ਜਦੋਂ ਤੋਂ ਹਕੂਮਤ ਲੋਕਾਂ ਨੂੰ ਵੱਖ-ਵੱਖ ਕਦਮਾਂ ਕਾਨੂੰਨਾਂ ਦੇ ਹਵਾਲੇ ਨਾਲ ਬੇਦਖਲ ਕਰਨ ਤੁਰੀ ਹੈ,ਉਦੋਂ ਤੋਂ ਕਸ਼ਮੀਰੀ ਅਵਾਮ ਇਸ ਦਾ ਵਿਰੋਧ ਕਰਦਾ ਆ ਰਿਹਾ ਹੈ। ਗ਼ੈਰ-ਕਾਨੂੰਨੀ ਕਬਜ਼ੇ ਹਟਾਉਣ ਦੀ ਮੁਹਿੰਮ ਨੇ ਤਾਂ ਲੋਕਾਂ ਦੇ ਰੋਹ ਨੂੰ ਹੋਰ ਵੀ ਤੀਬਰ ਕਰ ਦਿੱਤਾ ਹੈ। ਇਸ ਮੁਹਿੰਮ ਦੇ ਐਨ ਸ਼ੁਰੂ ਤੋਂ ਹੀ ਜੰਮੂ ਅਤੇ ਸ੍ਰੀ ਨਗਰ ਸਮੇਤ ਹੋਰਨਾਂ ਥਾਵਾਂ ’ਤੇਲੋਕ  ਜ਼ਬਰਦਸਤ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ। ਜੰਮੂ ਅਤੇ ਕਸ਼ਮੀਰ ਦੇ ਅਨੇਕਾਂ ਇਲਾਕਿਆਂ ਵਿਚ ਪ੍ਰਦਰਸ਼ਨ ਅਤੇ ਬੰਦ ਦੇ ਸੱਦੇ ਲਾਗੂ ਹੋਏ ਹਨ। ਜੰਮੂ ਅੰਦਰ 4 ਫਰਵਰੀ ਨੂੰ ਮਲਿਕ ਮਾਰਕੀਟ ਦੀ ਇਕ ਵਪਾਰਕ ਬਿਲਡਿੰਗ ਦੇ ਢਾਹੇ ਜਾਣ ਦੌਰਾਨ ਲੋਕਾਂ ਨੇ ਪ੍ਰਸਾਸ਼ਨ ਦਾ ਜ਼ਬਰਦਸਤ ਟਾਕਰਾ ਕੀਤਾ ਹੈ। ਲੋਕਾਂ ਦੇ ਜ਼ੋਰਦਾਰ ਵਿਰੋਧ ਅਤੇ ਇਸ ਸਰੀਂਹਣ ਧੱਕੇਸ਼ਾਹੀ ਦੀ ਸਾਰੇ ਹਲਕਿਆਂ ਵੱਲੋਂ ਵਿਆਪਕ ਨਿਖੇਧੀ ਹੋਣ ਤੋਂ ਬਾਅਦ ਭਾਵੇਂ ਲੰਘੀ 11 ਫਰਵਰੀ ਨੂੰ ਇਹ ਮੁਹਿੰਮ ਇਕ ਵਾਰ ਰੋਕ ਦਿੱਤੀ ਗਈ ਹੈ ਪਰ ਇਸ ਨੂੰ ਭਵਿੱਖ ਵਿੱਚ ਦੁਬਾਰਾ ਸ਼ੁਰੂ ਕਰਨ ਦੀਆਂ ਵਿਉਂਤਾਂ ਹਨ। ਸਰਕਾਰੀ ਅਧਿਕਾਰੀਆਂ ਦੇ ਮੁਤਾਬਿਕ ਮੁਹਿੰਮ ਨੂੰ ਸਿਰਫ ਤਾਂ ਰੋਕਿਆ ਗਿਆ ਹੈ ਕਿ ਹੁਣ ਤੱਕ ਹਾਸਲ਼ ਪ੍ਰਾਪਤੀਆਂ ਨੂੰ ਪੱਕੇ ਪੈਰੀਂ ਕੀਤਾ ਜਾ ਸਕੇ। ਪ੍ਰਾਪਤੀਆਂ ਨੂੰ ਪੱਕੇ ਪੈਰੀਂ ਕਰਨ ਦਾ ਅਰਥ ਇਹ ਹੈ ਕੇ ਜਿਸ ਜ਼ਮੀਨ ਤੋਂ ਲੋਕਾਂ ਨੂੰ ਉਜਾੜਿਆ ਗਿਆ ਹੈ, ਉਸ ਤੇ ਹਕੂਮਤੀ+ਕਾਰਪੋਰੇਟੀ ਕਬਜ਼ਾ ਪੱਕੇ ਪੈਰੀਂ ਕੀਤਾ ਜਾ ਰਿਹਾ ਹੈ। ਹਥਿਆਈਆਂ ਗਈਆਂ ਜ਼ਮੀਨਾਂ ਫਟਾਫਟ ਵੱਖ-ਵੱਖ ਅਦਾਰਿਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ ਜਾਂ ਉਸ ਉੱਪਰ ‘ਅਣਅਧਿਕਾਰਤ, ਦਾਖਲਾ ਵਰਜਿਤ’ ਦੇ ਬੋਰਡ ਲਾਏ ਜਾ ਰਹੇ ਹਨ।

        ਐਮਨੈਸਟੀ ਇੰਟਰਨੈਸ਼ਨਲ ਨੇ ਇਹਨਾਂ ਕਦਮਾਂ ਨੂੰ ਇਤਿਹਾਸਕ ਧੱਕੇਸ਼ਾਹੀ ਹੰਢਾ ਰਹੇ ਕਸ਼ਮੀਰੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਵਿੱਚ ਨਵਾਂ ਵਾਧਾ ਕਿਹਾ ਹੈ। ਦੂਜੇ ਪਾਸੇ ਇਹ ਨਵੇਂ ਕਾਨੂੰਨ ਲਾਗੂ ਕਰਦੇ ਹੋਏ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਹੈ ਕਿ ਪੁਰਾਣੇ ਕਾਨੂੰਨ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਸਨ।ਸੋ ਹੁਣ ‘ਆਮ ਲੋਕਾਂ ਦੇ ਹਿੱਤਾਂ ਵਾਲੇ ਨਵੇਂ ਕਾਨੂੰਨਾਂ’ ਤਹਿਤ ਸਥਾਨਕ ਵਸੋਂ ਤੋਂ ਛੁਡਵਾਈਆਂ ਇਹ ਜ਼ਮੀਨਾਂ ਵੱਡੀਆਂ ਕੰਪਨੀਆਂ ਨੂੰ ਸੌਂਪੀਆਂ ਜਾ ਰਹੀਆਂ ਹਨ।

 ਸਥਾਨਕ ਵਸੋਂ ਅੰਦਰ ਧਾਰਾ 370 ਅਤੇ 35ਏ ਰੱਦ ਕਰਨ ਦੀ ਕਵਾਇਦ ਨੇ ਅਤੇ ਇਸ ਤੋਂ ਅਗਲੇ ਪਿਛਲੇ ਹਕੂਮਤੀ ਅਮਲ ਨੇ ਡੂੰਘੇ ਖਦਸ਼ੇ ਖੜ੍ਹੇ ਕੀਤੇ ਹਨ ਕਿ ਮੋਦੀ ਹਕੂਮਤ ਇਸ ਇਲਾਕੇ ਦੀ ਵਸੋਂ ਬਣਤਰ ਬਦਲਣਾ ਚਾਹੁੰਦੀ ਹੈ ਅਤੇ ਇਸ ਲਈ ਬਾਹਰੋ ਲਿਆਕੇ ਵਸੋਂ ਵਸਾਉਣਾ ਚਾਹੁੰਦੀ ਹੈ।ਲੋਕਾਂ ਅੰਦਰ ਮੌਜੂਦ  ਇਹਨਾਂ ਖਦਸ਼ਿਆਂ ਨੂੰ ਹਵਾ ਦਿੰਦਿਆਂ, ਨਵੇਂ ਜ਼ਮੀਨ ਗਰਾਂਟ ਕਾਨੂੰਨ ਅੰਦਰ ਸਥਾਨਕ ਲੋਕਾਂ ਤੋਂ ਖੋਹੀਆਂ ਇਹ ਜ਼ਮੀਨਾਂ ਸਾਬਕਾ ਫੌਜੀਆਂ, ਜੰਗੀ ਵਿਧਵਾਵਾਂ ਅਤੇ ਪ੍ਰਵਾਸੀ ਲੋਕਾਂ ਨੂੰ ਵੀ ਦੇਣ ਦੀ ਵਿਵਸਥਾ ਕੀਤੀ ਗਈ ਹੈ।ਲੰਘੇ ਅਪ੍ਰੈਲ ਮਹੀਨੇ ਵਿਚ ਜੰਮੂ ਕਸ਼ਮੀਰ ਦੇ ਗਵਰਨਰ ਮਨੋਜ ਸਿਨਹਾ ਵੱਲੋਂ ਜੰਮੂ ਦੇ ਨੇੜੇ ਬਾਹਠ ਏਕੜ ਜ਼ਮੀਨ ਮੰਦਰ ਬਣਾਉਣ ਲਈ ਇਕ ਟਰਸਟ ਨੂੰ ਸੌਂਪੀ ਗਈ ਹੈ।ਇਹ ਮੰਦਰ ਉਸ ਥਾਂ ਉੱਤੇ ਬਣ ਰਿਹਾ ਹੈ,ਜਿੱਥੇ ਦੋ ਸਾਲ ਪਹਿਲਾਂ ਗੁੱਜਰ ਪਰਿਵਾਰਾਂ ਦੇ ਘਰ ਅਤੇ ਖੇਤ ਸਨ, ਜਿਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ।

--0--


2019 ਵਿੱਚ ਸਰਕਾਰ ਵੱਲੋਂ ਧਾਰਾ 370 ਅਤੇ 35 ਏ ਰੱਦ ਕੀਤੇ ਜਾਣ ਦਾ ਵੱਡੇ ਭਾਰਤੀ ਕਾਰਪੋਰੇਟਾਂ ਨੇ ਭਰਵਾਂ ਸਵਾਗਤ ਕੀਤਾ ਸੀ। ਮਹਿੰਦਰਾ ਗਰੁੱਪ ਦੇ ਆਨੰਦ ਮਹਿੰਦਰਾ,ਬਾਇਓਕਾਮ ਦੇ ਕਿਰਨ ਮਜੂਮਦਾਰ ਸ਼ਾਅ, ਐਸੋਚੈਮ ਦੇ ਬੀ.ਕੇ.ਗੋਇਨਕਾ, ਜਿੰਦਲ ਸਟੀਲ ਵਰਕਸ ਦੇ ਸੱਜਣ ਜਿੰਦਲ ਅਤੇ ਹੋਰਨਾਂ ਅਨੇਕਾਂ ਵੱਲੋਂ ਮੋਦੀ ਸਰਕਾਰ ਦੇ ਇਸ ਕਦਮ ਦੀ ਭਰਵੀਂ ਪ੍ਰਸੰਸਾ ਕੀਤੀ ਗਈ ਸੀ ਅਤੇ ਜੰਮੂ ਕਸ਼ਮੀਰ ਅੰਦਰ ਪੈਦਾ ਹੋਏ ਕਾਰੋਬਾਰੀ ਮੌਕਿਆਂ ਉੱਪਰ ਬੇਹੱਦ ਖੁਸ਼ੀ ਜ਼ਾਹਰ ਕੀਤੀ ਗਈ ਸੀ। ਹੀਰਾਨੰਦੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨਿਰੰਜਣ ਹੀਰਾਨੰਦੀ ਨੇ ਆਸ ਪ੍ਰਗਟਾਈ ਸੀ ਕਿ ਧਾਰਾ 370 ਅਤੇ 35 ਏ ਦਾ ਖਾਤਮਾ ਸੂਬੇ ਤੋਂ ਬਾਹਰੀ ਕਾਰੋਬਾਰੀਆਂ ਲਈ ਰੀਅਲ ਅਸਟੇਟ ਕਾਰੋਬਾਰ ਦੇ ਪਸਾਰੇ ਵਿਚ ਜ਼ਾਹਰ ਹੋਵੇਗਾ। ਮੋਦੀ ਹਕੂਮਤ ਇਨ੍ਹਾਂ ਆਸਾਂ ਉੱਤੇ ਖਰੀ ਉਤਰੀ ਹੈ ਅਤੇ ਅਗਲੇ ਸਾਲਾਂ ਦੌਰਾਨ ਇਸ ਨੇ ਕਾਨੂੰਨਾਂ ਵਿੱਚ ਵੱਡੇ ਪੱਧਰ ਤੇ ਕਾਰਪੋਰੇਟ ਸਾਮਰਾਜ ਪੱਖੀ ਤਬਦੀਲੀਆਂ ਕਰਕੇ ਦਿਖਾ ਦਿੱਤਾ ਹੈਂ ਕਿ ਉਹ ਇਨ੍ਹਾਂ ਕਾਰਪੋਰੇਟ ਹਿੱਸਿਆ ਵੱਲੋਂ ਹੋਰ ਵੀ ਵਧੇਰੇ ਤਾਰੀਫ ਦੀ ਹੱਕਦਾਰ ਹੈ।

ਦਸੰਬਰ 2021 ਵਿੱਚ ’ਬਿਜ਼ਨਸ ਸਟੈਂਡਰਡ’ ਅਖਬਾਰ ਨੇ ਸਰਕਾਰ ਵੱਲੋਂ ਰੀਅਲ ਅਸਟੇਟ ਦੀਆਂ ਵੱਡੀਆਂ ਕੰਪਨੀਆਂ ਨਾਲ 39 ਸਮਝੌਤੇ ਸਹੀਬੰਦ ਕੀਤੇ ਜਾਣ ਦੀ ਖਬਰ ਛਾਪੀ ਹੈ। ਇਹਨਾਂ ਸਮਝੌਤਿਆਂ ਵਿੱਚ ਹਲਦੀਰਾਮ ਗਰੁੱਪ ਅਤੇ ਹੀਰਾਨੰਦੀ ਗਰੁੱਪ ਵੀ ਸ਼ਾਮਲ ਹਨ। ਹਾਲ ਹੀ ਵਿੱਚ ਹੋਈ ਦੁਬਈ ਐਸਕੋ 2022 ਇਵੈਂਟ ਦੌਰਾਨ ਜੰਮੂ-ਕਸ਼ਮੀਰ ਸਰਕਾਰ ਨੇ ਐਮਾਰ, ਲੂਲੂ, ਅਲਮਾਇਆ ਵਰਗੀਆਂ ਅਨੇਕਾਂ ਬਹੁ-ਕੌਮੀ ਕੰਪਨੀਆਂ ਨਾਲ ਵੀ ਕਈ ਸਮਝੌਤੇ ਸਹੀਬੰਦ ਕੀਤੇ ਹਨ ਅਤੇ ਉਹਨਾਂ ਨੂੰ ਰੀਅਲ ਅਸਟੇਟ ਖੇਤਰ ਵਿੱਚ ਪੈਸਾ ਲਾਉਣ ਦਾ ਸੱਦਾ ਦਿੱਤਾ ਹੈ। ਅਨੇਕਾਂ ਹੋਰ ਸਮਝੌਤੇ ਪਾਈਪਲਾਈਨ ਵਿੱਚ ਹਨ। ਇਹ ਵਰਤਾਰਾ ਭਾਰਤੀ ਦਲਾਲ ਸਰਮਾਏਦਾਰ ਜਮਾਤ ਦੇ ਰਾਜ ਵੱਲੋਂ ਕਸ਼ਮੀਰ ’ਤੇ ਕਬਜੇ ਦੀਆਂ ਜਰੂਰਤਾਂ ਦੇ ਅਰਥਾਂ ’ਤੇ ਵੀ ਲਸ਼ਕੋਰ ਪਾਉਂਦਾ ਹੈ, ਜਿੰਨਾਂ ਜਰੂਰਤਾਂ ਨੂੰ ਭਾਰਤੀ ਰਾਜ ਐਨ ਸ਼ੁਰੂ ਤੋਂ ਮੁਖਾਤਿਬ ਰਿਹਾ ਹੈ।