Friday, March 17, 2023

ਮੋਦੀ ਦੇ ਕੱਦ ਦੇ ਗੁਬਾਰੇ ’ਚ ਹੁਣ ਜੀ-20 ਦੀ ਫੂਕ

 

ਮੋਦੀ ਦੇ ਕੱਦ ਦੇ ਗੁਬਾਰੇ ਚ ਹੁਣ ਜੀ-20 ਦੀ ਫੂਕ

          ਹਰ ਸਧਾਰਨ ਗੱਲ ਨੂੰ ਵੱਡੀ ਪ੍ਰਾਪਤੀ ਬਣਾ ਕੇ ਪੇਸ਼ ਕਰਨ ਦੀ ਮੋਦੀ ਸਰਕਾਰ ਦੀ ਕਲਾਹੁਣ ਜੀ-20 ਮੀਟਿੰਗਾਂ   ਵੀ ਸਾਹਮਣੇ ਆ ਰਹੀ ਹੈ। ਹਾਲਾਂ ਕਿ ਸਿਰਫ ਇਕ ਰੁਟੀਨ ਅਨੁਸਾਰ ਹੀ ਭਾਰਤ ਨੂੰ ਇੱਕ ਸਾਲ ਲਈ ਜੀ-20 ਦੀ ਪ੍ਰਧਾਨਗੀ ਮਿਲੀ ਹੈ ਤੇ ਇਸ ਵਿਚ ਮੋਦੀ ਸਰਕਾਰ ਦੀ ਕੋਈ ਵਿਸ਼ੇਸ਼ਤਾ ਨਹੀਂ। ਪਰ ਇਸ ਨੂੰ ਮੋਦੀ ਸਰਕਾਰ ਵੱਲੋਂ ਇਉਂ ਪੇਸ਼ ਕੀਤਾ ਜਾ ਰਿਹਾ ਹੈ ਕਿ ਮੋਦੀ  ਦੀ ਅਗਵਾਈ ਚ ਭਾਰਤ ਉੱਭਰ ਰਹੀ ਸ਼ਕਤੀ ਹੈ ਤੇ ਇਹ ਸੰਸਾਰ ਦੇ ਵੱਡੇ ਮੁਲਕਾਂ ਦੇ ਮੰਚਾਂ ਨੂੰ ਅਗਵਾਈ ਦੇ ਰਿਹਾ ਹੈ। ਇਸ ਲਈ ਜੀ-20 ਦੇਸ਼ਾਂ ਦੀਆਂ ਮੀਟਿੰਗਾਂ ਨੂੰ ਮੀਡੀਆ ਰਾਹੀਂ ਖੂਬ ਧੁਮਾਇਆ ਜਾ ਰਿਹਾ ਹੈ ਤੇ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਭਾਰਤ ਸੰਸਾਰ ਅੰਦਰ ਬਹੁਤ ਅਹਿਮ ਮੁਲਕ ਬਣ ਚੁੱਕਿਆ ਹੈ। ਆ ਰਹੀਆਂ ਲੋਕ ਸਭਾ ਚੋਣਾਂ ਲਈ ਆਪਣੇ ਆਪ ਨੂੰ ਕੌਮਾਂਤਰੀ ਆਗੂ ਵਜੋਂ ਪੇਸ਼ ਕਰਨ ਲਈ ਇਹ ਮੋਦੀ ਹੱਥ ਆਇਆ ਨਿਆਮਤੀ ਮੌਕਾ ਹੈ। ਇਹਦੇ ਰਾਹੀਂ ਮੋਦੀ ਦੇ ਕੱਦ ਦੇ ਗੁਬਾਰੇ ਚ ਜੀ-20 ਦੀ ਹਵਾ ਭਰੀ ਜਾ ਰਹੀ ਹੈ। ਇਉਂ ਪ੍ਰਭਾਵ ਦਿੱਤਾ ਜਾ ਰਿਹਾ ਹੈ ਜਿਵੇਂ ਮੋਦੀ ਰੂਸ-ਯੂਕਰੇਨ ਜੰਗ ਦਾ ਨਿਪਟਾਰਾ ਕਰਾਉਣ ਜਾ ਰਿਹਾ ਹੈ। ਹਾਲਾਂ ਕਿ ਹੋਰਨਾਂ ਮੁਲਕਾਂ ਚ ਜੀ-20 ਸੰਮੇਲਨ ਹੁੰਦੇ ਰਹੇ ਹਨ ਪਰ ਏਨਾ ਧੂਮ-ਧੜੱਕਾ ਕਦੇ ਸੁਣਨ ਨੂੰ ਨਹੀਂ ਮਿਲਿਆ। ਸਗੋਂ ਵਿਕਸਿਤ ਮੁਲਕਾਂ ਚ ਤਾਂ ਮੀਟਿੰਗਾਂ ਵਾਲੀਆਂ ਥਾਵਾਂ ਅੱਗੇ ਵਡੇ ਜਨਤਕ ਪ੍ਰਦਰਸ਼ਨ ਹੁੰਦੇ ਦਿਖਦੇ ਸਨ। ਭਾਰਤ ਚ ਹੋ ਰਹੀਆਂ ਮੀਟਿੰਗਾਂ ਚ ਤਾਂ ਇਹ ਵੀ ਦਿਖਾਈ ਨਹੀਂ ਦਿੱਤੇ ਕਿਉਂਕਿ ਮੁਲਕ ਦੀ ਆਮ ਸਮਾਜਿਕ ਸਿਆਸੀ ਚੇਤਨਾ ਅਜੇ ਇਹਨਾ ਮੰਚਾਂ ਨੂੰ ਆਪਣੇ ਹਿੱਤਾਂ ਨਾਲ ਜੋੜ ਕੇ ਨਹੀਂ ਦੇਖਦੀ।  ਇਸ ਪੱਖ ਤੋਂ ਪੰਜਾਬ ਚ ਹੋਣ ਵਾਲੀਆਂ ਮੀਟਿੰਗਾਂ ਮੌਕੇ ਪੰਜਾਬ ਦੀ ਲੋਕ ਲਹਿਰ ਨੂੰ ਪੰਜਾਬ ਤੇ ਦੇਸ਼ ਨੂੰ ਗਹਿਣੇੇ ਧਰਨ ਦੀਆਂ ਅਜਿਹੀਆਂ ਵਿਉਂਤਾਂ ਖਿਲਾਫ਼ ਆਪਣਾ ਵਿਰੋਧ ਦਰਜ਼ ਕਰਾਉਣਾ  ਲੋੜੀਂਦਾ ਸੀ, ਖਾਸ ਕਰਕੇ ਖੇਤੀ ਤੇ ਸਾਮਰਾਜੀ ਹੱਲੇ ਖਿਲਾਫ਼ ਲੜੇ ਗਏ ਕਿਸਾਨ ਸੰਘਰਸ਼ ਦੇ ਸਭ ਤੋਂ ਭਖਵੇਂ ਕੇਂਦਰ ਵਜੋਂ ਪੰਜਾਬ ਤੋਂ ਇਹ ਵਿਰੋਧ ਆਵਾਜ਼ ਸੁਣਾਈ ਜਾਣੀ ਚਾਹੀਦੀ ਸੀ।

          ਜੀ-20 ਦੁਨੀਆਂ ਦੇ ਸਾਮਰਾਜੀ ਮੁਲਕਾਂ ਸਮੇਤ ਵੱਡੀਆਂ ਆਰਥਿਕਤਾਵਾਂ ਵਾਲੇ ਮੁਲਕਾਂ ਦਾ ਇਕ ਮੰਚ ਹੈ ਜਿਸ ਵਿਚ ਸਾਮਰਾਜੀ ਮੁਲਕਾਂ ਦੀ ਪੁੱਗਦੀ ਹੈ। ਭਾਰਤ ਵਰਗੇ ਦੇਸ਼ ਦੀ ੳੱੁਥੇ ਹਕੀਕੀ ਸੱਦ-ਪੁੱਛ ਨਹੀਂ ਹੈ ਸਗੋਂ ਅਜਿਹੇ ਮੰਚ ਸੰਸਾਰ ਸਾਮਰਾਜੀ ਤਾਕਤਾਂ ਵੱਲੋਂ ਦੁਨੀਆਂ ਭਰ ਚ ਆਪਣੀਆਂ ਲੁਟੇਰੀਆਂ ਵਿਉਂਤਾਂ ਨੂੰ ਅੱਗੇ ਵਧਾਉਣ ਦਾ ਜ਼ਰੀਆ ਬਣਦੇ ਹਨ ਤੇ ਭਾਰਤ ਵਰਗੇ ਪਛੜੇ ਤੇ ਗਰੀਬ ਮੁਲਕ ਦੇ ਲੋਕਾਂ ਉੱਪਰ ਸਾਮਰਾਜੀ ਸੰਕਟਾਂ ਦਾ ਭਾਰ ਹੋਰ ਲੱਦ ਦੇਣ ਦੀਆਂ ਸਾਜਿਸ਼ਾਂ ਦੇ ਮੰਚ ਸਾਬਤ ਹੁੰਦੇ ਹਨ। ਭਾਰਤ ਵਰਗੇ ਮੁਲਕਾਂ ਦੀਆਂ ਹਕੂਮਤਾਂ ਤਾਂ ਆਪਣੇ ਮੁਲਕਾਂ ਦੀ ਦਲਾਲ ਬੁਰਜ਼ੂਆਜੀ ਦੇ ਹਿੱਤਾਂ ਦੀਆਂ ਲੋੜਾਂ ਅਨੁਸਾਰ ਇਸ ਲੁੱਟ ਚੋਂ ਹਿੱਸਾ ਪੱਤੀ ਦੇ ਜੁਗਾੜ ਕਰਦੀਆਂ ਹਨ ਤੇ ਲੋਕਾਂ ਸਾਹਮਣੇ ਇਹਨਾਂ ਜੁਗਾੜਾਂ ਨੂੰ ਦੇਸ਼ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਕਰਦੀਆਂ ਹਨ। ਸਾਡੇ ਵਰਗੇ ਮੁਲਕਾਂ ਦੀਆਂ ਦਲਾਲ ਸਰਮਾਏਦਾਰ ਜਮਾਤਾਂ ਦੇ ਸਾਮਰਾਜੀ ਤਾਕਤਾਂ ਨਾਲ ਬੱਝੇ ਹੋਏ ਹਿੱਤਾਂ ਕਾਰਨ ਇਹ ਹਕੂਮਤਾਂ ਇਹਨਾਂ ਮੰਚਾਂ ਚ ਸਰਗਰਮੀ ਨਾਲ  ਭਾਗ ਲੈਂਦੀਆਂ ਹਨ ਤੇ ਵਿਦੇਸ਼ੀ ਪੂੰਜੀ ਲਈ ਲੁਭਾਉਣੀ ਮੰਡੀ ਵਜੋਂ ਆਪਣੇ ਮੁਲਕਾਂ ਨੂੰ ਸ਼ਿੰਗਾਰ ਕੇ ਪੇਸ਼ਕਰਦੀਆਂ ਹਨ। ਹੁਣ ਵੀ ਜੀ-20 ਦੀਆਂ ਮੀਟਿੰਗਾਂ ਚ ਇਹੋ ਕੁੱਝ ਹੋ ਰਿਹਾ ਹੈ। ਇੱਥੇ ਭਾਰਤ ਚ ਹੋ ਰਹੀਆਂ ਮੀਟਿੰਗਾਂ ਚ ਮੁਲਕ ਦੇ ਕਰੋੜਾਂ-ਕਰੋੜ ਕਿਰਤੀ ਲੋਕਾਂ ਦੀਆਂ ਦੁਸ਼ਵਾਰੀਆਂ ਦੀ ਚਰਚਾ ਨਹੀਂ ਹੋ ਰਹੀ ਸਗੋਂ ਆਰਥਿਕ ਸੰਕਟਾਂ ਚ ਘਿਰੀ ਸਾਮਰਾਜੀ ਆਰਥਿਕਤਾ ਦੇ ਬੋਝ ਨੂੰ ਲੋਕਾਂ ਤੇ ਹੋਰ ਜ਼ਿਆਦਾ ਪਾ ਦੇਣ ਦੀ ਚਰਚਾ ਹੋ ਰਹੀ ਹੈ। ਲੋਕਾਂ ਦੀ ਕਿਰਤ ਹੋਰ ਨਿਚੋੜ ਲੈਣ ਦੀ ਚਰਚਾ ਹੋ ਰਹੀ ਹੈ।

          ਮੋਦੀ ਸਰਕਾਰ ਵੱਲੋਂ ਜੀ-20 ਦੀਆਂ ਮੀਟਿੰਗਾਂ ਦੇ ਇੰਤਜ਼ਾਮਾਂ ਚ ਜਿਸ ਸ਼ਾਨੋਸ਼ੌਕਤ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਥਾਵਾਂ ਦੇ ਆਲੇ ਦੁਆਲੇ ਦੀ ਕੰਗਾਲੀ ਨੂੰ ਢਕਣ ਲਈ ਕੰਧਾਂ ਕੱਢੀਆਂ ਜਾ ਰਹੀਆਂ ਹਨ, ਇਹ ਦੁਨੀਆਂ ਸਾਹਮਣੇ ਚਮਕਦਾਭਾਰਤ ਦਿਖਾਉਣ ਦਾ ਯਤਨ ਹੈ। ਸੰਸਾਰ ਸਾਮਰਾਜੀ ਮੁਲਕਾਂ  ਦੇ ਨੁਮਾਇੰਦਿਆਂ ਨੂੰ ਆਲੀਸ਼ਾਨ ਹੋਟਲਾਂ, ਚੌੜੀਆਂ ਸੜਕਾਂ ਤੇ ਚਮਕਦੇ ਹਵਾਈ ਅੱਡਿਆਂ ਦੇ ਗੇੜੇ ਲਵਾ ਕੇ ਕਾਰੋਬਾਰਾਂ ਲਈ ਲੋੜੀਂਦੇ ਆਧਾਰ ਢਾਂਚੇ ਦੇ ਦਰਸ਼ਨ ਕਰਾਉਣ ਦੀ ਕਵਾਇਦ ਚੱਲ ਰਹੀ ਹੈ ਤਾਂ ਕਿ ਸਾਮਰਾਜੀ ਲੁਟੇਰੀ ਪੂੰਜੀ ਲਈ ਭਾਰਤ ਨੂੰ ਆਕਰਸ਼ਤ ਥਾਂ ਵਜੋਂ ਪੇਸ਼ ਕੀਤਾ ਜਾ ਸਕੇ। ਇਸ ਸਮੁੱਚੇ ਢਕਵੰਜ ਤੇ ਕਿਰਤੀ ਲੋਕਾਂ ਦੀ ਕਮਾਈ ਨਾਲ ਭਰਦਾ ਖਜ਼ਾਨਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ।

          ਜੀ-20 ਦੀਆਂ ਇਹਨਾਂ ਮੀਟਿੰਗਾਂ ਤੇ ਤਿੱਖੀ ਹੋ ਰਹੀ ਅੰਤਰ ਸਾਮਰਾਜੀ ਵਿਰੋਧਤਾਈ ਦਾ ਗੂੜ੍ਹਾ ਪ੍ਰਛਾਵਾਂ  ਪੈ ਰਿਹਾ ਹੈ ਤੇ ਸਾਂਝੇ ਐਲਾਨ ਕਰਨ ਦੀ ਸਹਿਮਤੀ ਤੇ ਪਹੁੰਚਣਾ ਔਖਾ ਹੋ ਰਿਹਾ ਹੈ। ਰੂਸ-ਯੂਕਰੇਨ ਜੰਗ ਨਾਲ ਜੁੜ ਕੇ ਉੱਭਰੀ ਹੋਈ ਨਵੀਂ ਪਾਲਾਬੰਦੀ ਦਰਮਿਆਨ ਰੂਸ ਤੇ ਚੀਨ ਦੇ ਧੜੇ ਦੀ ਵਧੀ ਹੋਈ ਪੁੱਗਤ ਹੁਣ ਜੀ-20 ਵਰਗੇ ਮੰਚਾਂ ਤੇ ਅਮਰੀਕੀ ਸਾਮਰਾਜੀਆਂ ਦੇ ਮਨਚਾਹੇ  ਫੈਸਲੇ ਤੇ ਐਲਾਨ ਕਰਵਾ ਸਕਣ ਚ ਅੜਿੱਕਾ ਬਣ ਰਹੀ ਹੈ। ਭਾਰਤੀ ਹਾਕਮ ਇਸ ਹਾਲਤ ਦਾ ਦਲਾਲ ਬੁਰਜੁਆਜ਼ੀ ਦੇ ਹਿੱਤਾਂ ਲਈ ਲਾਹਾ ਲੈਣ ਖਾਤਰ ਦੋਹੇਂ ਪਾਸੇ ਰੱਖਣ ਦੀਆਂ ਖੇਡਾਂ ਚ ਹਨ ਤੇ ਕਿਸੇ ਧੜੇ ਨਾਲੋਂ ਵੀ ਸਪਸ਼ਟ ਵਖਰੇਵਾਂ ਕਰਨ ਜਾਂ ਦੂਜੇ ਨਾਲ ਜੁੜਨ ਦੇ ਪ੍ਰਭਾਵ ਦੇਣ ਤੋਂ ਬਚ ਰਹੇ ਹਨ। ਇਸ ਪਾਲਾਬੰਦੀ ਦਰਮਿਆਨ ਭਾਰਤੀ ਹਾਕਮ ਜਮਾਤੀ ਹਿੱਤਾਂ ਦੀ ਸੇਵਾ ਦੇ --ਤਰੀਕਾਕਾਰ ਨੂੰ ਮੋਦੀ ਸਰਕਾਰ ਸੰਸਾਰ ਪੰਚਾਇਤਗਿਰੀ ਦਾ ਪੜੁੱਲ ਬਣਾਉਣ ਦੀ ਕੋਸ਼ਿਸ ਚ ਹੈ। ਇਹੀ ਮੁਲਕ ਅੰਦਰ ਜੀ-20 ਦੀਆਂ ਹੋ ਰਹੀਆਂ ਮੀਟਿੰਗਾਂ ਦੀ ਅਸਲੀਅਤ ਹੈ।

                             ---0—--

No comments:

Post a Comment