Friday, May 10, 2013

ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਦਾਸਤਾਂ


ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਦਾਸਤਾਂ
—ਅਮੋਲਕ ਸਿੰਘ
ਖਟਕੜ ਕਲਾਂ, ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਪ੍ਰਤੀ ਪੁਰਾਤਤਵ ਵਿਭਾਗ, ਪ੍ਰਸ਼ਾਸਨ ਅਤੇ ਹੁਕਮਰਾਨਾਂ ਦਾ ਜੇ ਬੇਰੁਖ਼ੀ ਭਰਿਆ ਰਵੱਈਆ ਰਿਹਾ ਤਾਂ ਸ਼ਹੀਦ ਭਗਤ ਸਿੰਘ ਅਤੇ ਉਸਨੂੰ ਇਨਕਲਾਬੀ ਵਿਚਾਰਾਂ ਦੀ ਗੁੜ੍ਹਤੀ ਦੇਣ ਵਾਲੇ ਮਾਪਿਆਂ, ਦਾਦਾ ਅਰਜਣ ਸਿੰਘ ਅਤੇ ਚਾਚਾ ਅਜੀਤ ਸਿੰਘ ਵਰਗਿਆਂ ਦੀ ਇਹ ਪ੍ਰੇਰਨਾਮਈ ਕੌਮੀ ਯਾਦਗਾਰ ਮਲ਼ਬੇ ਦਾ ਢੇਰ ਬਣਕੇ ਰਹਿ ਜਾਏਗੀ।
1947 ਤੋਂ ਅੱਜ ਤੱਕ ਕੋਈ ਪੌਣੀ ਸਦੀ ਦਾ ਅਰਸਾ ਬੀਤ ਜਾਣ 'ਤੇ ਇਸ ਯਾਦਗਾਰ ਦੀ ਸਿੱਕੇਬੰਦ ਸਾਂਭ-ਸੰਭਾਲ ਦਾ ਕੰਮ ਅਜੇ ਸਰਕਾਰੀ ਫਾਈਲਾਂ ਦੀ ਪਰਕਰਮਾ ਤੱਕ ਸੀਮਤ ਹੈ। ਕਿਸੇ ਦਿਨ ਜੱਦੀ ਘਰ ਥੇਹ ਬਣ ਜਾਣ ਦੀ ਸੁਰਖ਼ੀ ਅਖ਼ਬਾਰੀ ਪੰਨਿਆਂ 'ਤੇ ਪੜ੍ਹਨ ਨੂੰ ਮਿਲ ਸਕਦੀ ਹੈ। ਇੱਟਾਂ ਖੁਰ ਅਤੇ ਭੁਰ ਰਹੀਆਂ ਹਨ। ਕਮਰਿਆਂ ਦੇ ਅੰਦਰਲੇ ਬੰਨੇ ਗਾਰੇ ਦੀ ਚਿਣਾਈ ਵਾਲੀਆਂ ਕੰਧਾਂ ਤੋਂ ਖਲੇਪੜ ਡਿਗ ਰਹੇ ਹਨ। ਬਾਲਿਆਂ, ਸ਼ਤੀਰੀਆਂ ਅਤੇ ਦਰਵਾਜ਼ਿਆਂ ਨੂੰ ਸਿਉਂਕ ਖਾ ਰਹੀ ਹੈ। ਸਿੱਲ੍ਹ, ਬਰਸਾਤਾਂ, ਤੇਜ ਧੁੱਪ, ਤੇਜ ਠੰਢ ਆਦਿ ਤੋਂ ਅਸੁਰੱਖਿਅਤ ਘਰ ਦੀ ਹਰ ਪਲ ਉਮਰ ਬੀਤਦੀ ਜਾ ਰਹੀ ਹੈ। ਕਮਰਿਆਂ ਨੂੰ ਅਕਸਰ ਤਾਲੇ ਲੱਗੇ ਰਹਿੰਦੇ ਹਨ। ਕਮਰਿਆਂ ਅੰਦਰ ਧੁੱਪ ਅਤੇ ਹਵਾ ਤੱਕ ਨਹੀਂ ਜਾ ਰਹੀ। ਨੰਗੀਆਂ ਛੱਤਾਂ ਉਪਰ ਹਰ ਮੌਸਮ ਆਪਣਾ ਕਹਿਰ ਢਾਅ ਰਿਹਾ ਹੈ।
'ਨੇੜੇ ਆਈ ਜੰਨ, ਵਿਨ੍ਹੋਂ ਕੁੜੀ ਦੇ ਕੰਨ' ਦੀ ਕਹਾਵਤ ਅਨੁਸਾਰ ਜਦੋਂ 28 ਸਤੰਬਰ ਦਾ ਜਨਮ-ਦਿਹਾੜਾ ਅਤੇ 23 ਮਾਰਚ ਸ਼ਹੀਦੀ ਦਿਹਾੜਾ ਬਰੂਹਾਂ 'ਤੇ ਹੁੰਦਾ ਹੈ ਤਾਂ ਗਿੱਲੀ ਤੂੜੀ ਮਿੱਟੀ ਦਾ ਲੱਥੇ ਖਲੇਪੜਾਂ ਉੱਪਰ ਪੋਚਾ ਫੇਰ ਦਿੱਤਾ ਜਾਂਦਾ ਹੈ ਤਾਂ ਜੋ ਸਰਕਾਰੀ, ਗੈਰ ਸਰਕਾਰੀ ਸਮਾਗਮਾਂ ਮੌਕੇ ਆਏ ਲੋਕਾਂ ਲਈ ਇਹ ਢਕੀ ਰਿੱਝਦੀ ਰਹੇ। ਅਜੋਕੇ ਯੁੱਗ ਅੰਦਰ ਕਿੰਨੇ ਹੀ ਚਿਰ ਸਥਾਈ ਵਿਗਿਆਨਕ ਤਰੀਕੇ ਸਾਂਭ ਸੰਭਾਲ ਲਈ ਉਪਲਬਧ ਹਨ, ਉਹ ਅਨਪਾਉਣ ਦੀ ਬਜਾਏ ਬੁੱਤਾ ਸਾਰਿਆ ਜਾ ਰਿਹਾ ਹੈ।
ਅਜੇ ਵੀ ਸ਼ਾਇਦ ਵੇਲਾ ਹੈ ਕਿ ਡੰਗ-ਟਪਾਊ ਅਤੇ ਬੇਰੁਖ਼ੀ ਭਰਿਆ ਰਵੱਈਆ ਛੱਡ ਕੇ, ਯੋਗ ਇੰਜਨੀਅਰਾਂ ਦੇ ਪੈਨਲ ਰਾਹੀਂ ਪੂਰੇ ਘਰ ਨੂੰ ਮੁਕੰਮਲ ਤੌਰ ਤੇ ਅਜੇਹੇ ਵਿਸ਼ੇਸ਼ ਸ਼ੈਡ ਦੀ ਛੱਤ ਨਾਲ ਸੰਭਾਲਿਆ ਜਾਏ ਤਾਂ ਜੋ ਲੋੜੀਂਦੀ ਧੁੱਪ, ਰੋਸ਼ਨੀ ਅਤੇ ਹਵਾਹਾਰਾ ਵੀ ਬਣਿਆ ਰਹੇ ਅਤੇ ਵੰਨ-ਸੁਵੰਨੇ ਮਾਰੂ ਮੌਸਮਾਂ ਦੀ ਮਾਰ ਤੋਂ ਵੀ ਘਰ ਨੂੰ ਸੁਰੱਖਿਅਤ ਰੱਖਿਆ ਜਾਵੇ। ਇਸਦੇ ਮੁੱਖ ਦੁਆਰ ਅਤੇ ਕਮਰਿਆਂ ਦੇ ਮੱਥਿਆਂ ਵਾਲਾ ਪਾਸਾ ਇਉਂ ਸੰਭਾਲਿਆ ਜਾਏ ਕਿ ਆਉਣ ਵਾਲੇ ਲੋਕਾਂ ਲਈ ਕਮਰਿਆਂ ਅੰਦਰ ਪਿਆ ਸਮਾਨ ਅਰਾਮ ਨਾਲ ਦਿਖਾਈ ਵੀ ਦੇਵੇ ਅਤੇ ਕੋਈ ਖਰਾਬ ਵੀ ਨਾ ਕਰ ਸਕੇ।
ਘੋਖਵੀਆਂ ਨਜ਼ਰਾਂ ਲਈ ਧਿਆਨ ਖਿੱਚਵਾਂ ਇੱਕ ਪੱਖ ਹੋਰ ਵੀ ਹੈ। ਇੱਕ ਬੰਨੇ ਜੱਦੀ ਘਰ ਮੰਦੜੇ ਹਾਲ ਹੈ, ਦੂਜੇ ਬੰਨੇ ਸੜਕ ਤੇ ਪਹਿਲਾਂ ਬਣੇ ਅਜਾਇਬ ਘਰ ਨੂੰ ਢਹਿ ਢੇਰੀ ਕਰਕੇ, ਆਧੁਨਿਕਤਾ ਅਤੇ ਨਵੀਨੀਕਰਣ ਦੇ ਨਾਂਅ ਹੇਠ ਵੱਡ-ਆਕਾਰੀ ਡਿਜ਼ਾਇਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਚਾਲੂ ਹੈ। ਇਹ ਡਿਜ਼ਾਇਨਿੰਗ ਮੂੰਹੋਂ ਬੋਲਦੀ ਹੈ ਕਿ ਅਜਾਇਬ ਘਰ ਤਾਂ ਅਣਸਰਦੇ ਨੂੰ ਰੱਖਣਾ ਹੀ ਪੈਣਾ ਹੈ ਅਸਲ 'ਚ ਤਾਜਾ ਗ੍ਰਹਿਣ ਕੀਤੀ ਜ਼ਮੀਨ ਦੇ ਵਿਸ਼ਾਲ ਰਕਬੇ ਵਿਚ ਰੈਸਟੋਰੈਂਟ ਉਸਾਰਿਆ ਜਾਏਗਾ। ਨਕਸ਼ੇ ਦਾ ਬਣਿਆ ਮਾਡਲ ਇਸਦੀ ਗਵਾਹੀ ਭਰਦਾ ਹੈ। ਬਹੁਤ ਹੀ ਅਛੋਪਲੇ ਜਿਹੇ ਅੰਦਾਜ਼ ਵਿਚ ਇਤਿਹਾਸਕ ਯਾਦਗਾਰ ਦਾ ਪ੍ਰਭਾਵ ਪਰਦੇ ਪਿੱਛੇ ਕਰਨ, ਸ਼ਹੀਦ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਜੋ ਅਜੋਕੇ ਸਮੇਂ 'ਚ ਆਏ ਦਿਨ ਹੋਰ ਵੀ ਪ੍ਰਸੰਗਕ ਹੋ ਰਹੀ ਹੈ ਉਸਨੂੰ ਕੇਂਦਰ ਵਿਚ ਲਿਆਉਣ ਦੀ ਬਜਾਏ ਇਸਦੀ ਇਤਿਹਾਸਕ ਮਹੱਤਤਾ ਖੋਰਕੇ ਇਸਨੂੰ ਸੈਰਗਾਹ ਦੇ ਰੂਪ ਵਿਚ ਤਬਦੀਲ ਕਰਨ ਦੇ ਮਨਸ਼ੇ ਪਲ ਰਹੇ ਹਨ। ਅਜੇਹਾ ਹੀ ਯਤਨ ਜਲ੍ਹਿਆਂਵਾਲਾ ਬਾਗ਼ ਵਿਚ ਕੀਤਾ ਗਿਆ। ਸ਼ਹੀਦ ਮਦਨ ਲਾਲ ਢੀਂਗਰਾ ਦਾ ਘਰ ਵੇਚ ਕੇ, ਮਲਬੇ 'ਚ ਬਦਲ ਕੇ ਕੀਤਾ ਗਿਆ। ਇਤਿਹਾਸਕ ਥਾਵਾਂ ਅਤੇ ਇਤਿਹਾਸਕ ਨਾਇਕਾਂ ਦੀ ਹਕੀਕੀ ਮਹੱਤਤਾ ਦਾ ਮੁਹਾਂਦਰਾ ਬਦਲਣ ਦਾ ਆਪਣਾ ਇਕ ਇਤਿਹਾਸ ਹੈ। ਸਾਡੀ ਨਵ-ਪੀੜ੍ਹੀ ਨੂੰ ਇਸ ਦਿਸ਼ਾ ਵੱਲ ਹੀ ਧੂਹਿਆ ਜਾ ਰਿਹਾ ਹੈ। 
ਜੱਦੀ ਘਰ ਦੀ ਸੁਰੱਖਿਆ ਦੇ ਨਾਲ ਨਾਲ ਇਸ ਨਾਲ ਜੁੜਵੇਂ ਕੁਝ ਹੋਰ ਪੱਖ ਵੀ ਵਿਸ਼ੇਸ਼ ਧਿਆਨ ਖਿੱਚਦੇ ਹਨ। ਜੱਦੀ ਘਰ ਦੇ ਨਾਲ ਗੰਦਗੀ ਭਰਿਆ ਛੱਪੜ ਹੋਇਆ ਕਰਦਾ ਸੀ। ਪ੍ਰੈਸ, ਇਨਕਲਾਬੀ ਜੱਥੇਬੰਦੀਆਂ ਅਤੇ ਨਗਰ ਨਿਵਾਸੀਆਂ ਦੇ ਉੱਦਮ ਨਾਲ ਇਹ ਛੱਪੜ ਪੂਰ ਕੇ ਖ਼ੂਬਸੂਰਤ ਪਾਰਕ ਬਣਾਇਆ ਗਿਆ। ਇਸਨੂੰ ਜੱਦੀ ਘਰ ਨਾਲ ਜੋੜਿਆ ਗਿਆ। ਫੁਆਰੇ ਅਤੇ ਫੁੱਲ ਬੂਟੇ ਲਗਾਏ ਗਏ। ਅੱਜ ਕੱਲ੍ਹ ਫੁਆਰਾ ਬੰਦ ਹੈ। ਪਾਣੀ ਮੁੱਕਿਆ ਹੈ। ਫੁੱਲ ਬੂਟਾ ਸੁੱਕਿਆ ਹੈ। ਘਾਹ ਅਤੇ ਬੂਟੀ ਜੋਬਨ ਤੇ ਹੈ। ਖਾਸ ਕਰਕੇ ਲਾਇਬਰੇਰੀ ਦੀਆਂ ਬਾਰੀਆਂ ਦੇ ਮੋਢਿਆਂ ਤੱਕ ਬੂਟੀ ਖੜ੍ਹੀ ਹੈ। ਲਾਇਬਰੇਰੀ ਮੰਗਵੇਂ ਸਾਹਾਂ ਤੇ ਚਲ ਰਹੀ ਹੈ। ਦੋ ਦੀ ਥਾਂ ਹੁਣ ਮੁਲਾਜਮ ਇਕ ਕਰ ਦਿੱਤਾ ਹੈ। ਉਹ ਬੰਗਿਆਂ ਤੋਂ ਆਉਂਦਾ ਹੋਇਆ ਕਿਸੇ ਘਰੋਂ ਜਾਤੀ ਤੌਰ ਤੇ ਇੱਕ ਦੋ ਅਖ਼ਬਾਰਾਂ ਚੁੱਕ ਲਿਆਉਂਦਾ ਹੈ। ਦੋ ਘੰਟੇ ਲਾਇਬਰੇਰੀ ਖੋਲ੍ਹਕੇ ਜਾਂਦਾ ਹੋਇਆ ਅਖ਼ਬਾਰਾਂ ਨਾਲ ਲਿਜਾ ਕੇ ਬੰਗੀਂ ਉਸੇ ਘਰ ਵਾਪਸ ਕਰ ਦਿੰਦਾ ਹੈ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੀ ਯਾਦ 'ਚ 100 ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਸੀ। ਅੱਜ ਕੱਲ੍ਹ ਇਹ 5 ਬਿਸਤਰੇ ਦਾ ਬਣ ਕੇ ਰਹਿ ਗਿਆ। ਦਵਾਈਆਂ ਅਤੇ ਸਾਜੋ ਸਾਮਾਨ ਦਾ 'ਕਾਲ ਪਿਆ ਹੈ। 
ਇਹ ਸਭ ਕੁਝ ਅਨੇਕਾਂ ਸੁਆਲਾਂ ਨੂੰ ਜਨਮ ਦਿੰਦਾ ਹੈ। ਇਤਿਹਾਸ ਨੂੰ ਕੋਈ ਆਪਣੀ ਮੁੱਠੀ 'ਚ ਕੈਦ ਨਹੀਂ ਕਰ ਸਕਦਾ। ਨਾ ਹੀ ਕੋਈ ਬੇੜੀਆਂ ਪਾ ਸਕਦਾ ਹੈ। ਵਿਸ਼ੇਸ਼ ਕਰਕੇ ਅਜੋਕੇ ਸਮੇਂ ਅੰਦਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉਪਰ ਪਰਦੇ ਪਾਉਣ ਦੇ ਸਾਰੇ ਯਤਨ ਨਾਕਾਮ ਰਹਿਣਗੇ। ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀਆਂ ਖੁਰਦੀਆਂ ਕੰਧਾਂ ਉਪਰ ਉੱਕਰੇ ਅਤੇ ਪੌਣਾਂ 'ਚ ਲਿਖੇ ਸ਼ਹੀਦ ਦੇ ਬੋਲ ਕਿਸੇ ਵੀ ਬੇ-ਰੁਖੀ ਦੇ ਬਾਵਜੂਦ ਕਦੇ ਮਲਵਾ ਨਹੀਂ ਬਣਨਗੇ। ਉਹਨਾਂ ਫ਼ਾਂਸੀ ਦੇ ਤਖਤੇ ਤੋਂ ਕਿਹਾ ਸੀ—
''ਹਵਾ ਮੇਂ ਰਹੇਗੀ
ਹਮਾਰੇ ਖਿਆਲ ਕੀ ਬਿਜਲੀਆਂ
ਯਹ ਮੁਸ਼ਤੇ ਖ਼ਾਕ ਹੈ ਫ਼ਾਨੀ
ਰਹੇ ਰਹੇ, ਨਾ ਰਹੇ।''



.............................................................................................................................
ਮੰਨੇ-ਪ੍ਰਮੰਨੇ ਫਿਲਮਸਾਜ਼ ਸੰਜੇ ਕਾਕ ਦੁਆਰਾ ਨਿਰਦੇਸ਼ਤ 
ਦਸਤਾਵੇਜੀ ਫਿਲਮ 'ਮਾਟੀ ਕੇ ਲਾਲ' ਦੇ ਸ਼ੋਅ ਅਤੇ ਵਿਚਾਰ ਚਰਚਾ 
11 ਮਈ ਫਾਈਨ ਆਰਟ ਕਾਲਜ ਸੈਕਟਰ 10 ਚੰਡੀਗੜ੍ਹ ਸ਼ਾਮ ਢਾਈ ਵਜੇ
12 ਮਈ ਦਿਨੇ ਸਾਢੇ ਦਸ ਵਜੇ ਡੀ.ਏ.ਵੀ. ਕਾਲਜ ਅੰਮ੍ਰਿਤਸਰ
12 ਮਈ ਸ਼ਾਮ ਛੇ ਵਜੇ ਟੀਚਰਜ਼ ਹੋਮ ਬਠਿੰਡਾ

ਲੋਕ ਮੋਰਚਾ ਸਰਗਰਮੀਆਂ


ਲੋਕ ਮੋਰਚਾ ਸਰਗਰਮੀਆਂ 
ਲੋਕ ਮੋਰਚਾ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਏਜੰਡੇ ਦੇ ਨਾਲ ਅਫਜ਼ਲ ਗੁਰੂ ਨੂੰ ਹਕੂਮਤ ਵੱਲੋਂ ਦਿੱਤੀ ਨਿਹੱਕੀ ਫਾਂਸੀ, ਮੌਤ ਦੀ ਸਜ਼ਾ ਹੋਣ ਜਾਂ ਨਾ ਹੋਣ ਬਾਰੇ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਪਾ ਨਿਰਣੇ ਤੇ ਖੁਦਮੁਖਤਿਆਰੀ ਦੀ ਲਹਿਰ  ਬਾਰੇ ਸਿੱਖਿਆ ਮੁਹਿੰਮ ਚਲਾਉਣ ਲਈ ਸੋਚ-ਵਿਚਾਰ ਕਰ ਰਹੇ ਸੀ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ, ਕਿਸਾਨ ਸੰਗਠਨਾਂ ਵੱਲੋਂ ਐਲਾਨੇ ਸੰਘਰਸ਼ ਨੂੰ ਦਬਾਉਣ-ਕੁਚਲਣ ਵਾਸਤੇ ਨੰਗੇ-ਚਿੱਟੇ ਤਾਨਾਸ਼ਾਹੀ ਰਾਹ 'ਤੇ ਚੱਲ ਪਈ। ਸਾਰੇ ਪੰਜਾਬ 'ਤੇ ਪੁਲਸ ਚੜ੍ਹਾ ਦਿੱਤੀ। ਪਿੰਡਾਂ ਵਿੱਚ ਦਫਾ 44 ਮੜ੍ਹੇ ਜਾਣ ਦੀ ਅਨਾਊਂਸਮੈਂਟ ਕਰਵਾ ਕੇ ਪੁਲਸ ਤੋਂ ਫਲੈਗ ਮਾਰਚ ਕਰਵਾ ਦਿੱਤਾ। ਸੰਘਰਸ਼ਸ਼ੀਲ ਕਿਸਾਨਾਂ ਨੂੰ ਫੜ ਕੇ ਜੇਲ੍ਹੀਂ ਡੱਕ ਦਿੱਤਾ। ਸਰਕਾਰ ਨੇ ਜ਼ਿਲ੍ਹਾ ਸਕੱਤਰੇਤਾਂ, ਤਹਿਸੀਲ ਤੇ ਬਲਾਕ ਦਫਤਰਾਂ, ਸ਼ਹਿਰਾਂ ਵਿੱਚ ਧਰਨੇ ਮਾਰਨ 'ਤੇ ਪਾਬੰਦੀਆਂ ਲਾਉਂਦੀ ਚਿੱਠੀ ਜਾਰੀ ਕਰਕੇ ਹੇਠਾਂ ਡਿਪਟੀ ਕਮਿਸ਼ਨਰਾਂ ਤੋਂ ਹੁਕਮਨਾਮੇ ਜਾਰੀ ਕਰਵਾ ਦਿੱਤੇ। 
ਮੋਰਚੇ ਦੀਆਂ ਇਕਾਈਆਂ ਨੇ, 23 ਮਾਰਚ ਦੇ ਸ਼ਹੀਦਾਂ- ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਦੀਆਂ ਸ਼ਹਾਦਤਾਂ ਤੇ ਵਰਤਮਾਨ ਹਾਲਤਾਂ ਸਬੰਧੀ ਆਪਣੇ ਮੈਂਬਰਾਂ ਅਤੇ ਹਮਦਰਦਾਂ ਦੀਆਂ ਮੀਟਿੰਗਾਂ ਕੀਤੀਆਂ। 22 ਮਾਰਚ ਦੀ ਸ਼ਾਮ ਨੂੰ ਖਟਕੜ ਕਲਾਂ ਵਿੱਚ ਨਾਟਕ-ਮੇਲਾ ਅਤੇ ਕਾਨਫਰੰਸ, 22 ਮਾਰਚ ਦੀ ਸ਼ਾਮ ਨੂੰ ਬਠਿੰਡਾ ਇਕਾਈ ਨੇ ਡਾ. ਪ੍ਰਮਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਦਾ ਭਾਸ਼ਣ ਕਰਵਾਇਆ। ਉਹਨਾਂ ਨੇ ਸ਼ਹੀਦਾਂ ਦੇ ਵਿਚਾਰਾਂ ਨੂੰ ਅੱਜ ਦੇ ਪ੍ਰਸੰਗ ਨਾਲ ਜੋੜਦਿਆਂ ਆਜ਼ਾਦੀ-ਮੁਕਤੀ ਦੀ ਜੰਗ ਜਾਰੀ ਰੱਖੇ ਜਾਣ ਦੀ ਹਾਲਾਤ ਅਤੇ ਲੋੜ ਨੂੰ ਉਭਾਰਿਆ ਅਤੇ 23 ਮਾਰਚ ਨੂੰ ਸਵੇਰੇ ਬਠਿੰਡਾ ਵਿਖੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਇਕੱਤਰਤਾ ਕੀਤੀ ਗਈ। ਬੁਲਾਰਿਆਂ ਨੇ ਵਿਚਾਰ ਰੱਖੇ। ਇਸ ਉਪਰੰਤ, ਮੋਰਚੇ ਦੀ ਹਰ ਇਕਾਈ ਦੇ ਮੈਂਬਰਾਂ, ਹਮਦਰਦਾਂ ਤੇ ਸ਼ੁਭਚਿੰਤਕਾਂ ਦੀਆਂ ਵੱਡੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ। ਜਿਹਨਾਂ ਵਿੱਚ ਕਿਸਾਨ ਸੰਘਰਸ਼ ਉੱਤੇ ਸਰਕਾਰੀ ਜਬਰ ਨਾਲ ਸਬੰਧਤ ਅਤੇ ਅਫਜ਼ਲ ਗੁਰੂ ਦੀ ਫਾਂਸੀ ਨਾਲ ਸਬੰਧਤ ਮਸਲਿਆਂ ਨੂੰ ਅਜੰਡਾ ਬਣਾਇਆ ਗਿਆ।
ਪਹਿਲਾ ਅਜੰਡਾ, ਕਿਸਾਨ ਸੰਘਰਸ਼ ਉਪਰ ਹੋਏ ਇਸ ਜਬਰ ਨੂੰ ਅਤੇ ਸੰਘਰਸ਼ ਕਰਨ ਦੇ ਹੱਕ 'ਤੇ ਲਾਈ ਪਾਬੰਦੀ ਦਾ ਸੀ, ਮੁਲਕ ਦੇ ਰਾਜ (ਸਟੇਟ) ਦੇ ਅਸਲ ਜਾਬਰ ਕਿਰਦਾਰ ਦੀ ਪਾਜ ਉਘੜਾਈ ਕੀਤੀ ਗਈ। ਸੰਘਰਸ਼ ਕਰਨ ਦੇ ਬੁਨਿਆਦੀ ਹੱਕ ਨੂੰ ਬੁਲੰਦ ਕੀਤਾ ਗਿਆ। ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦਾ ਸੱਚੀ ਜਮਹੂਰੀਅਤ ਵਾਲਾ ਖਰਾ ਜਮਹੂਰੀ ਰਾਜ ਉਸਾਰਨ ਲਈ ਕਿਸਾਨਾਂ, ਮਜ਼ਦੂਰਾਂ, ਸਭਨਾਂ ਸੰਘਰਸ਼ਸ਼ੀਲ ਹਿੱਸਿਆਂ, ਜਮਹੂਰੀ ਸ਼ਕਤੀਆਂ, ਲੋਕ-ਪੱਖੀ ਨਾਟਕਕਾਰਾਂ, ਕਲਾਕਾਰਾਂ, ਨੌਜਵਾਨਾਂ ਨੂੰ ਆਪਣੀਆਂ ਸਾਰੀਆਂ ਤਾਕਤਾਂ ਤੇ ਕਲਾਵਾਂ ਨੂੰ ਸੇਧਤ ਕਰਕੇ ਤਾਣ ਲਾਉਣ ਦਾ ਸੱਦਾ ਦਿੱਤਾ ਗਿਆ। 
ਇਸ ਸਬੰਧ ਵਿੱਚ ਇੱਕ ਹੱਥ ਪਰਚਾ ਛਪਵਾ ਕੇ ਵੰਡਿਆ ਗਿਆ। ਕਿਸਾਨਾਂ ਦੇ ਛੰਨਾ (ਬਰਨਾਲਾ) ਵਿਖੇ ਹੋਏ ਇਕੱਠ ਵਿੱਚ ਇਹ ਪਰਚਾ ਵੰਡ ਰਹੇ ਮੋਰਚੇ ਦੇ ਕਾਰਕੁੰਨਾਂ ਕੋਲ ਕਾਫੀ ਗਿਣਤੀ ਕਿਸਾਨਾਂ ਨੇ ਮੋਰਚੇ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। 
ਦੂਜਾ ਅਜੰਡਾ, ਅਫਜ਼ਲ ਗੁਰੂ ਦੀ ਫਾਂਸੀ ਸੰਬੰਧੀ ਸੀ, ਜਮਹੂਰੀ ਅਧਿਕਾਰ ਸਭਾ ਵੱਲੋਂ ਜਾਰੀ ਕੀਤੇ ਕਿਤਾਬਚੇ ਵਿੱਚੋਂ, ਅਖਬਾਰਾਂ ਵਿੱਚ ਆਏ ਵਿਸਥਾਰ ਵਿੱਚੋਂ ਅਤੇ ਨੈੱਟ 'ਤੇ ਇੱਕ ਪੱਤਰਕਾਰ ਵੀਰ ਵੱਲੋਂ ਪਾਈ ਗਈ ਅਫਜ਼ਲ ਗੁਰੂ ਦੀ ਇੰਟਰਵਿਊ ਵਿੱਚੋਂ ਇਕੱਤਰ ਕੀਤੇ ਤੱਥ, ਕੀਤੀਆਂ ਮੀਟਿੰਗਾਂ ਵਿੱਚ ਉਭਾਰੇ ਗਏ। ਫਾਂਸੀ ਚਾੜ੍ਹਨ ਪਿੱਛੇ, ਆਜ਼ਾਦੀ ਤੇ ਖੁਦਮੁਖਤਿਆਰੀ ਲਈ ਜੂਝ ਰਹੇ ਕਸ਼ਮੀਰੀ ਲੋਕਾਂ ਨਾਲ ਭਾਰਤੀ ਹਕੂਮਤ ਦੀ ਤੁਰੀ ਆ ਰਹੀ ਦੁਸ਼ਮਣੀ ਨੂੰ ਬੇਪਰਦ ਕੀਤਾ ਗਿਆ। ਨਿਆਂ ਪ੍ਰਣਾਲੀ ਨੂੰ ਭਾਰਤੀ ਰਾਜ ਦੀ ਜਾਬਰ ਰਾਜ-ਮਸ਼ੀਨਰੀ ਦੇ ਇੱਕ ਅੰਗ ਵਜੋਂ ਲੈਂਦਿਆਂ, ਇਸ ਦੀ ਅੱਖ ਦੇ ਟੀਰ ਨੂੰ ਨੰਗਾ ਕੀਤਾ ਗਿਆ। ਰਾਜ 'ਤੇ ਕਾਬਜ਼ ਜੋਰਾਵਰ ਜਰਵਾਣੀਆਂ ਜਮਾਤਾਂ ਕਨੂੰਨਾਂ ਦੀਆਂ ਮੁਥਾਜ ਨਹੀਂ ਹਨ। ਜਿਵੇਂ ਅਫਜ਼ਲ ਗੁਰੂ ਨੂੰ ਫਾਂਸੀ ਚਾੜ੍ਹਨ ਦਾ ਪਰਪੰਚ ਕੀਤਾ ਹੈ। ਹੁਣ ਤੱਕ ਦਾ ਅਮਲ ਇਸੇ ਦੀ ਗਵਾਹੀ ਭਰਦਾ ਹੈ ਕਿ ਫਾਂਸੀ ਚਾੜ੍ਹਨ ਰਾਹੀਂ ਕੀਤੇ ਕਤਲਾਂ ਨਾਲੋਂ ਕਈ ਸੈਂਕੜੇ ਗੁਣਾਂ ਕਤਲ ਝੂਠੇ ਮੁਕਾਬਲਿਆਂ ਰਾਹੀਂ, ਲੋਕ ਆਗੂਆਂ 'ਤੇ ਵਿਉਂਤਬੱਧ ਗੁੰਡਾ ਹਮਲਿਆਂ ਰਾਹੀਂ ਅਤੇ ਲੋਕ ਸੰਘਰਸ਼ਾਂ 'ਤੇ ਗੋਲੀਆਂ ਵਰ੍ਹਾ ਕੇ ਇਸ ਕਾਨੂੰਨ ਤੋਂ ਬਾਹਰੋ-ਬਾਹਰੀ ਹੀ ਕੀਤੇ ਜਾਂਦੇ ਹਨ। ਜਿਵੇਂ 1947 ਤੋਂ ਜੰਮੂ-ਕਸ਼ਮੀਰ, ਉੱਤਰ-ਪੂਰਬ ਦੇ ਰਾਜਾਂ ਵਿੱਚ ਅਤੇ ਝਾਰਖੰਡ-ਛਤੀਸ਼ਗੜ੍ਹ ਵਰਗੇ 8 ਸੂਬਿਆਂ ਅੰਦਰ ਭਾਰਤੀ ਫੌਜ-ਪੁਲਸ ਲਗਾਤਾਰ ਮੌਤ ਦਾ ਛੱਟਾ ਦੇ ਰਹੀ ਹੈ। ਮੌਤ ਦੀ ਸਜਾ ਕਾਨੂੰਨੀ ਤੌਰ 'ਤੇ ਰੱਦ ਕਰਨ ਦਾ ਵੀ ਉਹ ਤਾਕਤਵਰ ਜਮਾਤਾਂ ਲਾਹਾ ਲੈ ਜਾਣਗੀਆਂ। ਇੱਕ, ਇਹੀ ਜਾਬਰ ਜਮਾਤਾਂ ਆਪਣੇ ਆਪ ਨੂੰ ਹੋਰ ਵੱਡੀਆਂ ਜਮਹੂਰੀਅਤ ਪਸੰਦ ਹੋਣ ਦਾ ਖੇਖਣ ਕਰਨ ਲੱਗ ਪੈਣਗੀਆਂ। ਦੂਜਾ, ਆਪਣੇ ਹਾਕਮ ਲਾਣੇ ਵਿਚਲੇ ਮੁਜਰਿਮਾਂ ਨੂੰ ਲੋਕ ਦਬਾਅ ਦੇ ਬਾਵਜੂਦ ਫਾਂਸੀ ਚਾੜ੍ਹੇ ਜਾਣ ਤੋਂ ਬਚਾ ਲਿਆ ਕਰਨਗੀਆਂ। ਜਮਾਤੀ ਖ਼ੂਨੀ ਭੇੜ ਦੇ ਰਹਿੰਦਿਆਂ ਮਜ਼ਲੂਮ ਜਮਾਤਾਂ ਨੂੰ ਮੌਤ ਦੀ ਸਜ਼ਾ ਦੇ ਕਾਨੂੰਨ ਦੇ ਨਾ ਹੋਣ ਦਾ ਕੋਈ ਲਾਭ ਨਹੀਂ ਹੋਣਾ। ਇਸ ਕਾਨੂੰਨ ਦੇ ਹੁੰਦਿਆਂ ਜਦੋਂ ਹਾਕਮ ਲਾਣਾ ਕੋਈ ਨਿਹੱਕਾ ਫੈਸਲਾ ਕਰਦਾ ਹੈ। ਆਪਣੇ ਕਿਸੇ ਨੂੰ ਛੋਟ ਦਿੰਦਾ ਹੈ ਜਾਂ ਕਿਸੇ ਬੇਕਸੂਰ ਮਜਲੂਮ ਨੂੰ ਫਾਂਸੀ ਚਾੜ੍ਹਦਾ ਹੈ ਤਾਂ ਹਕੂਮਤ ਦੀ ਤੋਏ ਤੋਏ ਹੁੰਦੀ ਹੈ। ਲੋਕਾਂ ਦੇ ਮਨਾਂ 'ਚ ਰੋਸ ਜਾਗਦਾ ਹੈ। ਸੰਘਰਸ਼ ਛਿੜਦਾ ਹੈ। ਕੇਂਦਰੀ ਅਤੇ ਸੂਬਾਈ ਹਕੂਮਤਾਂ ਆਪਣੇ ਲਾਣੇ ਨੂੰ ਅਤੇ ਪੁਲਸ-ਫੌਜ ਨੂੰ ਨੰਗੇ-ਚਿੱਟੇ ਕਤਲਾਂ ਦੇ ਕੇਸਾਂ ਵਿੱਚ ਫਸਣ ਤੋਂ ਬਚਾਉਣ ਲਈ ਪੂਰਾ ਓਹੜ-ਪੋਹੜ ਕਰਦੇ ਹਨ। ਕੇਂਦਰੀ ਪੱਧਰ 'ਤੇ ਅਫਸਪਾ ਅਤੇ ਐਨ.ਸੀ.ਟੀ.ਸੀ. ਅਤੇ ਪੰਜਾਬ ਸਰਕਾਰ ਵੱਲੋਂ ਵੀ 2011 ਵਿੱਚ ਇੱਕ ਕਾਨੂੰਨ ਬਣਾਇਆ ਸੀ। ਪੰਜਾਬ ਵਾਲੇ ਕਾਨੂੰਨ ਨੂੰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਨੇ ਸੰਘਰਸ਼ ਕਰਕੇ ਰੱਦ ਕਰਵਾਇਆ ਹੈ। 
ਜੰਮੂ ਕਸ਼ਮੀਰ ਦੇ ਲੋਕਾਂ ਦੇ ਆਪਾ-ਨਿਰਣੇ ਤੇ ਖੁਦਮੁਖਤਿਆਰੀ ਦੇ ਹੱਕ ਨੂੰ ਬੁਲੰਦ ਕਰਨ ਹਿੱਤ 1947 ਤੋਂ ਭਾਰਤ ਸਰਕਾਰ ਤੇ ਜੰਮੂ ਕਸ਼ਮੀਰ ਸਰਕਾਰ ਵਿੱਚ ਚਲੇ ਖਤੋ-ਖਿਤਾਬਤ ਵਿੱਚੋਂ ਅਤੇ ਇਨਕਲਾਬੀ ਪਰਚੇ ਸੁਰਖ਼ ਰੇਖਾ ਵਿੱਚੋਂ ਇਕੱਤਰ ਕੀਤੇ ਤੱਥਾਂ ਦੀ ਮੱਦਦ ਲਈ ਗਈ। ਭਾਰਤ ਅੰਦਰ ਰਹਿ ਰਹੀਆਂ ਵੱਖ ਵੱਖ ਕੌਮਾਂ ਨੂੰ ਆਪਾ-ਨਿਰਣੇ ਤੇ ਖੁਦਮੁਖਤਿਆਰੀ ਲਈ ਸੰਘਰਸ਼ ਦੇ ਹੱਕ ਨੂੰ ਬੁਲੰਦ ਕੀਤਾ ਗਿਆ। 
ਇਹਨਾਂ ਦੋਵਾਂ ਮਸਲਿਆਂ ਉੱਪਰ ਚਿਤੌੜਗੜ੍ਹ, ਬਠਿੰਡਾ, ਮਾਈਸਰਖਾਨਾ, ਸਮਰਾਲਾ, ਮੋਰਿੰਡਾ, ਮਲੋਟ, ਤਲਵੰਡੀ ਸਲੇਮ, ਹਿੰਮਤਪੁਰਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ ਹਨ। ਇਹਨਾਂ ਮੀਟਿੰਗਾਂ ਨੂੰ ਮੋਰਚੇ ਦੇ ਸੂਬਾਈ ਪ੍ਰਧਾਨ ਗੁਰਦਿਆਲ ਸਿੰਘ ਭੰਗਲ ਅਤੇ ਜਨਰਲ ਸਕੱਤਰ ਜਗਮੇਲ ਸਿੰਘ ਨੇ ਸੰਬੋਧਨ ਕੀਤਾ।

ਮਈ ਦਿਨ ਇਕੱਤਰਤਾਵਾਂ


ਮਈ ਦਿਨ ਇਕੱਤਰਤਾਵਾਂ
ਲੁਧਿਆਣਾ ਦੇ ਵੱਖ ਵੱਖ ਸਨਅੱਤੀ ਇਲਾਕਿਆਂ ਅੰਦਰ ਵੱਖ ਸਨਅੱਤੀ ਮਜ਼ਦੂਰ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਫਰੰਟਾਂ ਨੇ ਆਪੋ ਆਪਣੇ ਪੱਧਰ 'ਤੇ ਅਤੇ ਕਈ ਥਾਂ ਸਾਂਝੇ ਤੌਰ 'ਤੇ ਵੀ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ ਤੇ ਮਾਰਚ ਕੀਤੇ। ਦੋਵੇਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ, ਲੋਕ ਏਕਤਾ ਸੰਗਠਨ, ਮੂਲ ਪ੍ਰਵਾਹ ਅਖਿਲ ਭਾਰਤੀ ਨੇਪਾਲੀ ੇਕਤਾ ਸਮਾਜ, ਅਖਿਲ ਭਾਰਤੀ ਨੇਪਾਲੀ ਏਕਤਾ ਮੰਚ ਵੱਲੋਂ ਸਾਂਝੇ ਤੌਰ 'ਤੇ ਮੀਟਿੰਗ ਕਰਕੇ ਸਾਂਝੇ ਤੌਰ 'ਤੇ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ। 4500 ਦੀ ਗਿਣਤੀ ਵਿੱਚ ਹੱਥ-ਪਰਚਾ ਅਤੇ 1000 ਪੋਸਟਰ ਹਿੰਦੀ ਵਿੱਚ ਛਪਵਾ ਕੇ ਕੰਮ ਖੇਤਰਾਂ ਅੰਦਰ ਵੰਡੇ ਤੇ ਲਾਏ ਗਏ। ਮਈ ਮੁਹਿੰਮ ਦੀ ਤਿਆਰੀ ਵਜੋਂ ਝੰਡਾ ਮਾਰਚ ਅਤੇ ਜਨਤਕ ਮੀਟਿੰਗਾਂ ਕੀਤੀਆਂ ਜਿਹਨਾਂ ਵਿੱਚ ਸੈਂਕੜੇ ਮਰਦ-ਔਰਤਾਂ ਨੇ ਸ਼ਮੂਲੀਅਤ ਕੀਤੀ। ਪਹਿਲੀ ਮਈ ਨੂੰ ਮੋਲਡਰ ਯੂਨੀਅਨਾਂ ਤੇ ਨੇਪਾਲੀ ਸੰਗਠਨਾਂ ਵੱਲੋਂ ਲੇਬਰ ਦਫਤਰ ਗਿੱਲ ਰੋਡ ਵਿਖੇ ਆਪੋ-ਆਪਣੇ ਕੰਮ ਥਾਵਾਂ ਅਤੇ ਦਫਤਰਾਂ ਅੱਗੇ ਲਾਲ ਝੰਡੇ ਲਹਿਰਾਉਣ ਉਪਰੰਤ ਕਾਫਲੇ ਬਣਾ ਕੇ, ਇਨਕਲਾਬੀ ਨਾਅਰੇ ਲਾਉਂਦੇ ਹੋਏ ਪੰਡਾਲ ਵਿੱਚ ਪੁੱਜੇ। 
ਟੈਕਸਟਾਈਲ ਐਂਡ ਹੌਜਰੀ ਕਾਮਗਾਰ ਮਜ਼ਦੂਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਪਹਿਲੀ ਮਈ ਨੂੰ ਸਾਂਝੇ ਤੌਰ 'ਤੇ ਪੂਡਾ ਮੈਦਾਨ ਚੰਡੀਗੜ੍ਹ ਰੋਡ 'ਤੇ ਮਈ ਦਿਵਸ ਸੰਮੇਲਨ ਇਨਕਲਾਬੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ 1200 ਦੇ ਕਰੀਬ ਮਰਦ-ਔਰਤਾਂ ਨੇ ਹਿੱਸਾ ਲਿਆ। 
ਹੀਰੋ ਸਾਈਕਲ ਮਜ਼ਦੂਰ ਯੂਨੀਅਨ (ਸੀਟੂ) ਤੇ ਬਜਾਜ ਸੰਨਜ਼ ਮਜ਼ਦੂਰ ਯੂਨੀਅਨ (ਸੀਟੂ) ਦੇ ਸੰਘਰਸ਼ਸ਼ੀਲ ਕਾਮਿਆਂ ਨੇ ਵੀ ਆਪੋ ਆਪਣੀ ਫੈਕਟਰੀ ਅੱਗੇ ਗੇਟ 'ਤੇ ਲਾਏ ਯੂਨੀਅਨ ਦੇ ਝੰਡੇ ਮਈ ਦਿਨ ਦੇ ਸ਼ਹੀਦਾਂ ਦੀ ਯਾਦ ਵਿੱਚ ਲਾ ਕੇ ਸ਼ਰਧਾਂਜਲੀ ਇਕੱਠ ਕੀਤੇ ਜਿਹਨਾਂ ਵਿੱਚ 1000-1000 ਤੋਂ ਉੱਪਰ ਮਜ਼ਦੂਰਾਂ ਨੇ ਸ਼ਿਰਕਤ ਕੀਤੀ। 
ਐਫ.ਸੀ.ਆਈ. ਪੱਲੇਦਾਰ ਯੂਨੀਅਨ (ਆਜ਼ਾਦ), ਪੱਲੇਦਾਰ ਯੂਨੀਅਨ (ਇੰਟਕ) ਨੇ ਗਿੱਲ ਰੋਡ ਡੀਪੂ ਦੇ ਗੇਟ 'ਤੇ ਸਾਂਝੇ ਤੌਰ 'ਤੇ ਝੰਡਾ ਲਹਿਰਾਇਆ। 
ਮਜ਼ਦੂਰ ਯੂਨੀਅਨ ਖੰਨਾ-ਸਮਰਾਲਾ ਦੇ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਨੇ ਸਾਂਝੇ ਤੌਰ 'ਤੇ ਮਈ ਦਿਨ ਸਬੰਧੀ ਲਲਹੇੜੀ ਰੋਡ 'ਤੇ ਰੈਲੀ ਕੀਤੀ। ਬਿਜਲੀ ਮੁਲਾਜ਼ਮਾਂ ਨੇ ਸਰਕਲ ਦਫਤਰ ਅੱਗੇ ਮਜ਼ਦੂਰ-ਮੁਲਾਜ਼ਮਾਂ ਦੇ ਸਾਂਝੇ ਮਈ ਦਿਵਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ, ਜਿਹਨਾਂ ਵਿੱਚ ਟਰੇਡ ਯੂਨੀਅਨ ਕੌਂਸਲ, ਪੀ.ਐਸ.ਈ.ਬੀ. ਇੰਪਲਾਈਜ਼ ਯੂਨੀਅਨ (ਏਟਕ), ਟੀ.ਐਸ.ਯੂ., ਭਾਰਤ ਸੰਚਾਰ ਨਿਗਮ, ਐਲ.ਆਈ.ਸੀ. ਬੈਂਕ ਮਾਰਕਫੈੱਡ ਦੇ ਮੁਲਾਜ਼ਮ ਵੀ ਸ਼ਾਮਲ ਹੋਏ। 

ਮਾਰੂਤੀ-ਸੁਜ਼ੂਕੀ (ਮਾਨੇਸਰ) ਦੇ ਮਜ਼ਦੂਰਾਂ ਦੀ ਹਮਾਇਤ 'ਚ ਕਨਵੈਨਸ਼ਨ


ਮਾਰੂਤੀ-ਸੁਜ਼ੂਕੀ (ਮਾਨੇਸਰ) ਦੇ ਮਜ਼ਦੂਰਾਂ ਦੀ ਹਮਾਇਤ 'ਚ ਕਨਵੈਨਸ਼ਨ
ਮਾਰੂਤੀ ਸੁਜ਼ੂਕੀ ਮਾਨੇਸਰ-ਗੁੜਗਾਉਂ ਪਲਾਂਟ ਹਰਿਆਣਾ ਦੇ ਮਜ਼ਦੂਰ ਲੰਮੇ ਸਮੇਂ ਤੋਂ ਔਖੀਆਂ-ਭਾਰੀਆਂ ਕੰਮ ਹਾਲਤਾਂ ਅਤੇ ਅੰਨ੍ਹੀਂ ਲੁੱਟ-ਜਬਰ ਤੋਂ ਛੁਟਕਾਰਾ ਪਾਉਣ ਅਤੇ ਲੇਬਰ ਕਾਨੂੰਨ ਮੁਤਾਬਕ ਬਣਦੀਆਂ ਕਾਨੂੰਨੀ ਤੇ ਸੰਵਿਧਾਨਕ ਮੰਗਾਂ ਲਾਗੂ ਕਰਵਾਉਣ ਲਈ ਪਿਛਲੇ ਅਰਸੇ ਤੋਂ ਲਗਾਤਾਰ ਜਥੇਬੰਦ ਹੋਣ 'ਤੇ ਜੂਝਣ ਦਾ ਜੇਰਾ ਕਰ ਰਹੇ ਹਨ। ਪ੍ਰੰਤੂ ਕੰਪਨੀ ਮੈਨੇਜਮੈਂਟ, ਲੇਬਰ ਵਿਭਾਗ, ਜ਼ਿਲ੍ਹਾ ਪ੍ਰਸਾਸ਼ਨ ਹਰਿਆਣਾ ਸਰਕਾਰ ਮਜ਼ਦੂਰਾਂ ਦਾ ਪੱਖ ਸੁਣਨ ਦੀ ਬਜਾਇ ਵਿਆਪਕ ਛਾਂਟੀਆਂ, ਜਬਰ ਦੇ ਰਾਹ ਪਿਆ ਹੋਇਆ ਹੈ। ਪਿਛਲੇ ਸਾਲ 18 ਜੁਲਾਈ ਦੇ ਕਾਂਡ ਤਹਿਤ 150 ਦੇ ਕਰੀਬ ਮਜ਼ਦੂਰ ਆਗੂਆਂ ਨੂੰ 9ਮਹੀਨੇ ਤੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। 2500 ਦੇ ਕਰੀਬ ਕੱਚੇ ਤੇ ਪੱਕੇ ਵਰਕਰਾਂ ਨੂੰ ਨੌਕਰੀ ਤੋਂ ਕੱਢਿਆ ਹੋਇਆ ਹੈ। 
ਅਜਿਹੀ ਹਾਲਤ ਵਿੱਚ ਪੰਜਾਬ ਦੀਆਂ ਕੁੱਝ ਸੰਘਰਸ਼ਸ਼ੀਲ ਮਜ਼ਦੂਰ ਫਰੰਟਾਂ, ਦੋਵੇਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ (ਰਜਿ.) ਇਫਟੂ, ਨੈਸਲੇ ਵਰਕਰਜ਼ ਯੂਨੀਅਨ ਮੋਗਾ ਦੀ ਅਗਵਾਈ ਵਿੱਚ ਟੀ.ਐਸ.ਯੂ., ਡੀ.ਟੀ.ਐਫ. ਅਤੇ ਡੀ.ਈ.ਐਫ. ਦੇ ਸਹਿਯੋਗ ਨਾਲ 17 ਮਾਰਚ ਨੂੰ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ (ਲੁਧਿਆਣਾ) ਵਿਖੇ ਸੰਘਰਸ਼ਸ਼ੀਲ ਮਾਰੂਤੀ ਸੁਜ਼ੂਕੀ ਮਜ਼ਦੂਰਾਂ ਦੀ ਹਮਾਇਤ ਵਿੱਚ ਕਨਵੈਨਸ਼ਨ ਕੀਤੀ ਗਈ। ਇਸਦੀ ਤਿਆਰੀ ਲਈ 4000 ਲੀਫਲੈਟ ਹਿੰਦੀ 'ਚ ਅਤੇ 2000 ਲੀਫਲੈਟ ਪੰਜਾਬੀ ਵਿੱਚ ਪ੍ਰਕਾਸ਼ਤ ਕਰਕੇ ਵੰਡਿਆ ਗਿਆ। 
ਕਨਵੈਨਸ਼ਨ ਵਿੱਚ ਉਚੇਚੇ ਤੌਰ 'ਤੇ ਪੁੱਜੇ ਮਾਰੂਤੀ ਸੁਜ਼ੂਕੀ ਵਰਕਰਜ਼ ਯੂਨੀਅਨ ਦੀ ਪ੍ਰੋਵੀਜ਼ਨਲ ਕਮੇਟੀ ਦੇ ਰਾਜਪਾਲ ਅਤੇ ਨੈਨ ਜਯੋਤੀ ਨੇ ਫੈਕਟਰੀ ਵਿੱਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਚੱਲੇ ਮਜ਼ਦੂਰ ਘੋਲ ਦੀ ਜਾਣਕਾਰੀ ਦੇ ਕੇ ਆਰਥਿਕ ਮੱਦਦ ਦੀ ਮੰਗ ਕੀਤੀ। ਉਸ ਤੋਂ ਬਾਅਦ ਵਿੱਚ ਹਾਜ਼ਰ ਜਥੇਬੰਦੀਆਂ ਦੇ ਆਗੂਆਂ ਨੇ ਆਪੋ ਆਪਣੇ ਖੇਤਰਾਂ ਦੇ ਘੋਲ ਤਜਰਬੇ ਸਾਂਝੇ ਕਰਦੇ ਹੋਏ ਮਾਰੂਤੀ ਸੁਜ਼ੂਕੀ ਮਜ਼ਦੂਰਾਂ ਦੇ ਹੱਕੀ ਘੋਲ ਦੀ ਹਰ ਪੱਖੋਂ ਮੱਦਦ ਜਾਰੀ ਰੱਖਣ ਦਾ ਭਰੋਸਾ ਦਿੱਤਾ। ਮੌਕੇ 'ਤੇ ਹਾਜ਼ਰ ਸਾਥੀਆਂ ਨੇ ਆਪਣੀ ਸਮਰੱਥਾ ਮੁਤਾਬਕ 3750 ਰੁਪਏ ਫੰਡ ਵੀ ਦਿੱਤਾ।

ਖੇਤ ਮਜ਼ਦੂਰ ਜਥੇਬੰਦੀ ਦੇ ਸਭਨਾਂ ਹਿਤੈਸ਼ੀਆਂ ਦੇ ਨਾਂ ਅਪੀਲ ਵਿਸ਼ੇਸ਼ ਫੰਡ ਮੁਹਿੰਮ 'ਚ ਯੋਗਦਾਨ ਪਾਉਣ ਲਈ ਅੱਗੇ ਆਓ


ਖੇਤ ਮਜ਼ਦੂਰ ਜਥੇਬੰਦੀ ਦੇ ਸਭਨਾਂ ਹਿਤੈਸ਼ੀਆਂ ਦੇ ਨਾਂ ਅਪੀਲ
ਵਿਸ਼ੇਸ਼ ਫੰਡ ਮੁਹਿੰਮ 'ਚ ਯੋਗਦਾਨ ਪਾਉਣ ਲਈ ਅੱਗੇ ਆਓ
ਅਸੀਂ ਤੁਹਾਡੇ ਨਾਲ ਸਾਡੀ ਜਥੇਬੰਦੀ ਦੀ ਇੱਕ ਅਹਿਮ ਸਮੱਸਿਆ ਸਾਂਝੀ ਕਰਨਾ ਚਾਹੁੰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਰਕਾਰਾਂ ਵੱਲੋਂ ਜਾਗੀਰੂ ਅਤੇ ਸਾਮਰਾਜੀ ਲੁੱਟ ਨੂੰ ਹੋਰ ਤੇਜ਼ ਤੇ ਤਿੱਖੀ ਕਰਨ ਵਾਲੀਆਂ ਨੀਤੀਆਂ ਤੇਜੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਲੋਕ ਵਿਰੋਧੀ ਨੀਤੀਆਂ ਦਾ ਹੱਲਾ ਹੋਰਨਾਂ ਮਿਹਨਤਕਸ਼ਾਂ ਵਾਂਗ ਖੇਤ ਮਜ਼ਦੂਰਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਸ ਆਰਥਿਕ ਧਾਵੇ ਨੂੰ ਅੱਗੇ ਵਧਾਉਣ ਲਈ ਸਭੈ ਸਰਕਾਰਾਂ ਵੱਲੋਂ ਜਾਬਰ ਹੱਲਾ ਵੀ ਤੇਜ਼ ਕੀਤਾ ਜਾ ਰਿਹਾ ਹੈ। ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਮੁੱਢਲੇ ਅਤੇ ਜਮਹੂਰੀ ਅਧਿਕਾਰ ਬੁਰੀ ਤਰ੍ਹਾਂ ਦਰੜੇ ਜਾ ਰਹੇ ਹਨ। ਇਹਨਾਂ ਹਮਲਿਆਂ ਦਾ ਜੁਆਬ ਦੇਣ ਲਈ ਵੱਖ ਵੱਖ ਤਬਕਿਆਂ ਦੀਆਂ ਆਪਣੀਆਂ ਵਿਸ਼ਾਲ ਜਨਤਕ ਆਧਾਰ ਅਤੇ ਭੇੜੂ ਸਮਰੱਥਾ ਵਾਲੀਆਂ ਜਥੇਬੰਦੀਆਂ ਦੀ ਬੇਹੱਦ ਲੋੜ ਹੈ। ਇਸ ਤੋਂ ਅੱਗੇ ਸਾਂਝੇ ਘੋਲ ਵੀ ਅਣਸਰਦੀ ਲੋੜ ਹਨ। 
ਖੇਤ ਮਜ਼ਦੂਰ, ਜਿਹੜੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਪਹਿਲਾਂ ਹੀ ਸਮਾਜ ਦੀ ਕੰਨੀ 'ਤੇ ਧੱਕੇ ਹੋਏ ਹਨ। ਇਹਨਾਂ ਨੀਤੀਆਂ ਦੇ ਸਿੱਟੇ ਵਜੋਂ ਹੋਰ ਵੀ ਗੰਭੀਰ ਸੰਕਟ ਦੇ ਮੂੰਹ ਧੱਕੇ ਜਾ ਰਹੇ ਹਨ। ਉਹਨਾਂ ਵਿੱਚ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੀ ਲੋੜ ਵਧ ਰਹੀ ਹੈ। ਸਾਡੀ ਜਥੇਬੰਦੀ ਇਹਨਾਂ ਨੂੰ ਜਥੇਬੰਦ ਕਰਕੇ ਦ੍ਰਿੜ੍ਹ ਸੰਘਰਸ਼ਾਂ ਦੇ ਮੋਰਚੇ 'ਤੇ ਲਿਆਉਣ ਲਈ ਜੂਝ ਰਹੀ ਹੈ। ਖੇਤ ਮਜ਼ਦੂਰਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਡੇ ਪੱਧਰ 'ਤੇ ਇਸਦੇ ਪਸਾਰੇ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਹਨਾਂ ਸੰਭਾਵਨਾਵਾਂ ਨੂੰ ਹਕੀਕਤ ਵਿੱਚ ਬਦਲਣ ਲਈ ਜਥੇਬੰਦੀ ਵਾਸਤੇ ਪੂਰਾ ਸਮਾਂ ਦੇਣ ਵਾਲੀਆਂ ਆਗੂ ਟੀਮਾਂ ਦੀ ਅਣਸਰਦੀ ਲੋੜ ਹੈ। ਮੌਜੂਦਾ ਸਮੇਂ ਯੂਨੀਅਨ ਕੰਮਾਂ ਲਈ ਪੂਰਾ ਸਮਾਂ ਦੇਣ ਵਾਲੇ ਆਗੂਆਂ/ਕਾਰਕੁੰਨਾਂ ਦੀਆਂ ਸਮਰੱਥਾਵਾਨ ਟੀਮਾਂ ਸਾਡੇ ਕੋਲ ਇੱਕ ਹੱਦ ਤੱਕ ਮੌਜੂਦ ਹਨ। ਥੋੜ੍ਹੀ ਹੋਰ ਮਿਹਨਤ ਤੇ ਸਮੇਂ ਦੇ ਨਾਲ ਅਜਿਹੇ ਹੋਰ ਆਗੂ/ਕਾਰਕੁੰਨ ਪੈਦਾ ਹੋਣ ਦੀਆਂ ਅਥਾਹ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ, ਜਿਹਨਾਂ ਦੀ ਯੋਗਤਾ ਨੂੰ ਭਰਪੂਰ ਵਰਤੋਂ ਵਿੱਚ ਲਿਆ ਕੇ ਸਾਡੀ ਜਥੇਬੰਦੀ ਛੇਤੀ ਹੀ ਵਿਸ਼ਾਲ ਅਤੇ ਮਜਬੂਤ ਜਥੇਬੰਦੀ ਵਜੋਂ ਉੱਭਰ ਸਕਦੀ ਹੈ। ਇਸ ਸਮੇਂ ਸਥਾਨਕ ਤੇ ਸਰਕਾਰੀ ਰਿਆਇਤਾਂ ਸਹੂਲਤਾਂ ਵਾਲੇ ਛੋਟੇ ਮੁੱਦਿਆਂ ਉੱਪਰ ਘੋਲ ਜਥੇਬੰਦ ਕਰਨ ਤੋਂ ਅੱਗੇ ਵਧ ਸਕਦੀ ਹੈ। ਜ਼ਮੀਨ, ਕਰਜ਼ੇ ਤੇ ਨਿੱਜੀਕਰਨ ਆਦਿ ਨਾਲ ਜੁੜੇ ਵੱਡੇ ਤੇ ਬੁਨਿਆਦੀ ਮੁੱਦਿਆਂ ਨੂੰ ਘੋਲ ਮੁੱਦਿਆਂ ਵਜੋਂ ਹੱਥ ਲੈਣ ਦੇ ਸਮਰੱਥ ਬਣ ਸਕਦੀ ਹੈ। ਪਰ ਯੂਨੀਅਨ ਲਈ ਪੂਰਾ ਸਮਾਂ ਦੇ ਸਕਣ ਦੀ ਯੋਗਤਾ ਅਤੇ ਮਾਨਸਿਕ ਤਿਆਰੀ ਰੱਖਦੇ ਸਭਨਾਂ ਆਗੂਆਂ/ਕਾਰਕੁੰਨਾਂ ਦੀ ਪੂਰੀ ਤੇ ਸਹੀ ਵਰਤੋਂ ਕਰਨ ਦੇ ਮਾਮਲੇ ਵਿੱਚ ਸਾਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਆਗੂ /ਕਾਰਕੁੰਨ ਇਹ ਯੋਗਤਾ ਰੱਖਦੇ ਹਨ, ਉਹਨਾਂ ਨੂੰ ਘਰਾਂ ਦੀਆਂ ਕਬੀਲਦਾਰੀਆਂ ਦਾ ਬੋਝ ਵੀ ਚੁੱਕਣਾ ਪੈ ਰਿਹਾ ਹੈ। ਖੇਤ ਮਜ਼ਦੂਰਾਂ ਦੀ ਊਣੀ ਮਿਹਨਤ, ਸੋਕੜੇ ਮਾਰੇ ਰੁਜ਼ਗਾਰ ਤੇ ਵਧਦੀ ਮਹਿੰਗਾਈ ਦੇ ਕਾਰਨ ਪੂਰੇ ਦਾ ਪੂਰਾ ਟੱਬਰ ਰਲ ਕੇ ਵੀ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਤੇ ਹੋਰ ਲੋੜਾਂ ਤੋਂ ਥੁੜ੍ਹਦਾ ਹੈ। ਹਾਲਤ ਇਹ ਸਾਹਮਣੇ ਆਉਂਦੀ ਹੈ ਕਿ ''ਜਾਂ ਟਾਂਡਿਆਂ ਵਾਲੀ ਨਹੀਂ- ਜਾਂ ਭਾਂਡਿਆਂ ਵਾਲੀ ਨਹੀਂ''। ਜੇਕਰ ਉਹ ਜਥੇਬੰਦੀ ਦੇ ਕੰਮਾਂ ਵਿੱਚ ਲਗਾਤਾਰ ਆਪਣਾ ਸਮਾਂ ਦਿੰਦੇ ਹਨ ਤਾਂ ਘਰ ਦੀ ਕਬੀਲਦਾਰੀ ਉੱਖੜਦੀ ਹੈ, ਜੇ ਕਬੀਲਦਾਰੀ ਨੂੰ ਸੰਭਾਲਦੇ ਹਨ ਤਾਂ ਜਥੇਬੰਦੀ ਲਈ ਸਮਾਂ ਨਹੀਂ ਬਚਦਾ। ਸਿੱਟੇ ਵਜੋਂ ਜਥੇਬੰਦੀ ਦਾ ਢਾਂਚਾ ਉੱਖੜਦਾ ਹੈ। ਪਰ ਸਾਡੀ ਜਥੇਬੰਦੀ ਅਜੇ ਆਰਥਿਕ ਪੱਖੋਂ ਇਸ ਗੱਲ ਦੇ ਸਮਰੱਥ ਨਹੀਂ ਕਿ ਉਹ ਅਜਿਹੇ ਆਗੂਆਂ, ਵਰਕਰਾਂ ਦੀਆਂ ਕਬੀਲਦਾਰੀਆਂ ਦਾ ਬੋਝ ਵੰਡਾ ਸਕੇ। ਜਿਹੜੇ ਕੁਝ ਕੁ ਆਗੂ/ਕਾਰਕੁੰਨ ਸਿਰੜ ਨਾਲ ਲੱਕ ਬੰਨ੍ਹ ਕੇ ਕੁਲਵਕਤੀ ਤੁਰ ਵੀ ਰਹੇ ਹਨ। ਉਹਨਾਂ ਨੂੰ ਵੀ ਪਰਿਵਾਰ ਤੇ ਯੂਨੀਅਨ ਕੰਮਾਂ ਦੀਆਂ ਇੱਕੋ ਸਮੇਂ ਉੱਭਰਦੀਆਂ ਤਿੱਖੀਆਂ ਲੋੜਾਂ ਦੇ ਭਾਰੀ ਤਣਾਅ ਵਾਲੀਆਂ ਹਾਲਤਾਂ 'ਚੋਂ ਗੁਜ਼ਰਨਾ ਪੈ ਰਿਹਾ ਹੈ। 
ਜਥੇਬੰਦੀ ਲਈ ਪੂਰਾ ਸਮਾਂ ਦੇਣ ਵਾਲੇ ਜਾਂ ਬਹੁਤਾ ਸਮਾਂ ਦੇਣ ਵਾਲੇ ਕਾਰਕੁੰਨਾਂ ਦੀਆਂ ਆਪਣੀਆਂ ਜਾਂ ਪਰਿਵਾਰਕ ਮੈਂਬਰਾਂ ਦੀਆਂ ਬਿਮਾਰੀਆਂ ਸਮੇਂ ਇਲਾਜ ਕਰਵਾਉਣ, ਜੁਆਕਾਂ ਦੇ ਮੂੰਹ 'ਚ ਦੋ ਬੁਰਕੀਆਂ ਪਾਉਣ, ਉਹਨਾਂ ਦਾ ਨੰਗ ਢਕਣ ਵਰਗੀਆਂ ਅਣਸਰਦੀਆਂ ਲੋੜਾਂ ਪੂਰੀਆਂ ਕਰਨ ਦੀ ਹਾਲਤ ਸਾਡੇ ਸਾਹਮਣੇ ਗੰਭੀਰ ਆਰਥਿਕ ਸਮੱਸਿਆ ਬਣ ਕੇ ਆਉਂਦੀ ਹੈ। ਯੂਨੀਅਨ ਲਈ ਪੂਰਾ ਸਮਾਂ ਦੇਣ ਦੇ ਸਮਰੱਥ ਤੇ ਮਾਨਸਿਕ ਤੌਰ 'ਤੇ ਤਿਆਰ ਸਭਨਾਂ ਆਗੂਆਂ/ਕਾਰਕੁੰਨਾਂ ਦੀਆਂ ਬੇਹੱਦ ਵਾਜਬ, ਅਣ-ਸਰਦੀਆਂ ਪਰਿਵਾਰਕ ਲੋੜਾਂ ਦਾ ਕੁਝ ਨਾ ਕੁਝ ਬੋਝ ਵੰਡਾਉਣਾ ਉਹਨਾਂ ਨੂੰ ਕੁਲਵਕਤੀ ਤੋਰਨ ਲਈ ਸ਼ਰਤ ਵਰਗੀ ਗੱਲ ਬਣੀ ਖੜ੍ਹੀ ਹੈ। ਜੋ ਸਾਡੇ ਵਿੱਤ ਤੋਂ ਕਿਤੇ ਵੱਡੀ ਗੱਲ ਹੈ। ਇਸ ਲਈ ਅਸੀਂ ਅਜਿਹੇ ਹੋਣਹਾਰ ਆਗੂਆਂ ਦੀ ਸਹਾਇਤਾ ਵਾਸਤੇ ਖੇਤ ਮਜ਼ਦੂਰ ਜਥੇਬੰਦੀ ਤੇ ਲਹਿਰ ਦੇ ਹਿਤੈਸ਼ੀ ਸਭਨਾਂ ਹਿੱਸਿਆਂ ਕੋਲੋਂ ਵੱਡੀ ਫੰਡ ਮੁਹਿੰਮ ਜਥੇਬੰਦ ਕਰਨ ਦਾ ਫੈਸਲਾ ਕੀਤਾ ਹੈ। ਸੋ ਅਸੀਂ ਤੁਹਾਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਸ ਫੰਡ-ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾਇਆ ਜਾਵੇ। ਤੁਹਾਡੇ ਜ਼ੋਰਦਾਰ ਸਹਿਯੋਗ ਤੋਂ ਬਿਨਾ ਸਾਡੇ ਲਈ ਇਸ ਸਮੱਸਿਆ ਦਾ ਹੱਲ ਕਰਨਾ ਮੁਸ਼ਕਲ ਹੀ ਨਹੀਂ, ਲੱਗਭੱਗ ਅਸੰਭਵ ਹੈ। ਸਾਨੂੰ ਇਸ ਗੱਲ ਦਾ ਪੂਰਨ ਅਹਿਸਾਸ ਹੈ ਕਿ ਅੰਤਿਮ ਤੌਰ 'ਤੇ ਤਾਂ ਸਾਡੀ ਜਥੇਬੰਦੀ ਨੇ ਆਪਣੇ ਵਿਸ਼ਾਲ ਜਨਤਕ ਆਧਾਰ ਅਤੇ ਮਜਬੂਤੀ ਦੇ ਆਸਰੇ ਖੁਦ ਹੀ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਜਿੱਠਣ ਦੇ ਸਮਰੱਥਾ ਬਣਨਾ ਹੈ। ਪਰ ਮੌਜੂਦਾ ਹਾਲਤਾਂ 'ਚ ਵਕਤੀ ਤੌਰ 'ਤੇ ਤੁਹਾਡੇ ਸਭਨਾਂ ਦੇ ਸਹਿਯੋਗ ਤੋਂ ਬਿਨਾ ਇਹ ਮੁਕਾਮ ਹਾਸਲ ਕਰਨਾ ਅਜੇ ਸੰਭਵ ਨਹੀਂ।
ਅਸੀਂ ਹੁਣ ਇੱਕ ਵਾਰ ਜ਼ੋਰਦਾਰ ਝੁੱਟੀ ਮਾਰ ਕੇ ਇਹ ਫੰਡ ਇਕੱਠਾ ਕਰਨ ਦਾ ਟੀਚਾ ਮਿਥਿਆ ਹੈ। ਇਸ ਤੋਂ ਇਲਾਵਾ ਇਸ ਕੰਮ ਖਾਤਰ ਲਗਾਤਾਰ ਛਿਮਾਹੀ ਜਾਂ ਪ੍ਰਤੀ ਮਹੀਨਾ ਨਿਯਮਤ ਫੰਡ ਦੇਣਾ ਵੀ ਇਸ ਕਾਰਜ ਦਾ ਇੱਕ ਹਿੱਸਾ ਹੈ। ਅਸੀਂ ਆਸ ਕਰਦੇ ਹਾਂ ਕਿ ਖੇਤ ਮਜ਼ਦੂਰ ਜਥੇਬੰਦੀ ਅਤੇ ਲਹਿਰ ਨੂੰ ਅੱਗੇ ਵਧਾਉਣ ਲਈ ਇਸ ਕਾਰਜ 'ਚ ਆਪ ਜੀ ਵੱਲੋਂ ਦਿਲ ਖੋਲ੍ਹ ਕੇ ਭਰਪੂਰ ਯੋਗਦਾਨ ਪਾਇਆ ਜਾਵੇਗਾ।
ਖੇਤ ਮਜ਼ਦੂਰ ਜਥੇਬੰਦੀ ਜੋ ਕਿਸਾਨ ਲਹਿਰ ਦਾ ਹੀ ਅਟੁੱਟ ਅੰਗ ਹੈ। ਇਸਦੀ ਮਜਬੂਤੀ ਤੇ ਪਸਾਰਾ ਸਿਰਫ ਖੇਤ ਮਜ਼ਦੂਰਾਂ ਲਈ ਹੀ ਨਹੀਂ ਸਗੋਂ ਸਮੁੱਚੇ ਮਿਹਨਤਕਸ਼ ਤਬਕਿਆਂ ਲਈ ਵੀ ਸਹਾਈ ਸਾਬਤ ਹੋਵੇਗਾ। ਇਹ ਹਕੀਕਤ ਸਭਨਾਂ ਦੇ ਸਾਹਮਣੇ ਹੈ ਕਿ ਬੀ.ਕੇ.ਯੂ. ਏਕਤਾ (ਉਗਰਾਹਾਂ) ਦੀ ਤਕੜਾਈ ਦਾ ਸਭਨਾਂ ਸੰਘਰਸ਼ਸ਼ੀਲ ਤੇ ਪੀੜਤ ਹਿੱਸਿਆਂ ਨੂੰ ਗਿਣਨਯੋਗ ਸਹਾਰਾ ਮਿਲਿਆ ਹੈ। ਮੁਲਾਜ਼ਮਾਂ ਤੇ ਬੇਰੁਜ਼ਗਾਰਾਂ ਦੇ ਘੋਲਾਂ ਸਮੇਂ ਇਹਦੇ ਹਮਾਇਤੀ ਕੰਨ੍ਹੇ ਨੇ ਮਹੱਤਵਪੂਰਨ ਰੋਲ ਨਿਭਾਇਆ ਹੈ। ਸ਼ਰੂਤੀ ਅਗਵਾ ਕਾਂਡ 'ਚ ਇਹਦੇ ਰੋਲ ਨੇ ਕੁੱਲ ਕੇਸ ਦਾ ਪਾਸਾ ਪਲਟ ਦਿੱਤਾ ਹੈ। ਇਉਂ ਹੀ ਮਜ਼ਦੂਰ ਜਥੇਬੰਦੀ ਦੀ ਮਜਬੂਤੀ ਦਾ ਸਮੁੱਚੇ ਸੰਘਰਸ਼ਸ਼ੀਲ ਤੇ ਲੁੱਟੇ ਪੁੱਟੇ ਜਾ ਰਹੇ ਹਿੱਸਿਆਂ ਦੇ ਹੱਕ ਵਿੱਚ ਵਜ਼ਨ ਬਣਨਾ ਹੈ। ਕਿਸਾਨ ਜਥੇਬੰਦੀ ਦੀ ਹੋਰ ਤਕੜਾਈ ਦਾ ਵੀ ਖੇਤ ਮਜ਼ਦੂਰ ਜਥੇਬੰਦੀ ਦੀ ਮਜਬੂਤੀ ਨਾਲ ਬੇਹੱਦ ਨੇੜਲਾ ਸਬੰਧ ਹੈ। ਕਿਸਾਨ ਜਥੇਬੰਦੀ ਵੱਲੋਂ ਜ਼ਮੀਨੀ ਸੁਧਾਰਾਂ ਨੂੰ ਲਾਗੂ ਕਰਕੇ ਇਹਦੀ ਵੰਡ ਬੇਜ਼ਮੀਨੇ ਕਿਸਾਨਾਂ ਵਿੱਚ ਕਰਵਾਉਣ, ਸੂਦਖੋਰੀ ਨੂੰ ਨੱਥ ਮਾਰਦਾ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਉਣ, ਕਰਜ਼ਿਆਂ ਦਾ ਖਾਤਮਾ ਆਦਿਕ ਹੱਥ ਲਏ ਜਾ ਰਹੇ ਮੁੱਦੇ ਅਤੇ ਇਹਨਾਂ ਕਰਕੇ ਹੋ ਰਹੇ ਹਕੂਮਤੀ ਅਤੇ ਗੁੰਡਾ ਵਾਰ ਅਜਿਹੇ ਮਸਲੇ ਹਨ, ਜਿਹਨਾਂ ਦੀ ਸਫਲਤਾ ਇਹਨਾਂ ਘੋਲਾਂ ਵਿੱਚ ਖੇਤ ਮਜ਼ਦੂਰਾਂ ਦੀ ਗਹਿ ਗੱਡਵੀਂ ਸ਼ਮੂਲੀਅਤ ਨਾਲ ਜੁੜੀ ਹੋਈ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਖੇਤ ਮਜ਼ਦੂਰ ਖੁਦ ਵੱਡੀ ਪੱਧਰ 'ਤੇ ਜਥੇਬੰਦ ਹੁੰਦੇ ਹਨ। ਘੋਲਾਂ ਦੇ ਅਮਲ ਰਾਹੀਂ ਚੇਤਨਾ ਹਾਸਲ ਕਰਦੇ ਹਨ। ਇਸ ਲਈ ਖੇਤ ਮਜ਼ਦੂਰ ਜਥੇਬੰਦੀ ਦੀ ਮਜਬੂਤੀ ਤੇ ਪਸਾਰੇ ਵਿੱਚ ਅੜਿੱਕਾ ਬਣੀ ਖੜ੍ਹੀ ਇਸ ਆਰਥਿਕ ਸਮੱਸਿਆ ਨੂੰ ਸਰ ਕਰਨ ਲਈ ਉੱਦਮ ਜੁਟਾਉਣਾ ਖੇਤ ਮਜ਼ਦੂਰਾਂ ਦੀ ਮੱਦਦ ਤਾਂ ਹੈ ਹੀ, ਇਸ ਤੋਂ ਵੀ ਅੱਗੇ ਇਹ ਹੋਰਨਾਂ ਵਰਗਾਂ ਦੇ ਲੋਕਾਂ ਲਈ ਆਪਣੀ ਅਤੇ ਆਪਣੇ ਵਰਗ ਦੀ ਮੱਦਦ ਦਾ ਵੀ ਹਿੱਸਾ ਬਣਦਾ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਆਪ ਜੀ ਵੱਲੋਂ ਇਸ ਫੰਡ ਮੁਹਿੰਮ 'ਚ ਭਰਪੂਰ ਯੋਗਦਾਨ ਪਾਇਆ ਜਾਵੇਗਾ। 
ਭਰਵੇਂ ਹੁੰਗਾਰੇ ਦੀ ਆਸ ਨਾਲ,
ਸੂਬਾ ਕਮੇਟੀ,
ਪੰਜਾਬ ਖੇਤ ਮਜ਼ਦੂਰ ਯੂਨੀਅਨ
ਜ਼ੋਰਾ ਸਿੰਘ ਨਸਰਾਲੀ, ਸੂਬਾ ਪ੍ਰਧਾਨ (98763 94024), 
ਲਛਮਣ ਸਿੰਘ ਸੇਵੇਵਾਲਾ, ਸੂਬਾ ਸਕੱਤਰ (94170 79170, 76963 63025)   (29 ਅਪ੍ਰੈਲ, 2013)

ਨਕਸਲਬਾੜੀ ਦੀ ਬਗਾਵਤ ਦੀ 46ਵੀਂ ਵਰ੍ਹੇ ਗੰਢ 'ਤੇ


ਨਕਸਲਬਾੜੀ ਦੀ ਬਗਾਵਤ ਦੀ 46ਵੀਂ ਵਰ੍ਹੇ ਗੰਢ 'ਤੇ 
ਮਈ 1967 ਵਿੱਚ ਨਕਸਬਾੜੀ ਦੇ ਜ਼ਰਈ ਸੰਘਰਸ਼ ਦੇ ਇਨਕਲਾਬੀ ਜ਼ਰਈ ਬਗਾਵਤ 'ਚ ਵਟ ਜਾਣ ਨਾਲ ਭਾਰਤ ਦੇ ਸਿਆਸੀ ਮੰਚ 'ਤੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਈ। ਨਕਸਲਬਾੜੀ ਦੀ ਬਗਾਵਤ ਇੱਕ ਮਹਾਨ ਇਤਿਹਾਸਕ ਘਟਨਾ ਸੀ। ਇਹ ਭਾਰਤੀ ਕਮਿਊਨਿਸਟ ਪਾਰਟੀ ਅੰਦਰਲੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਇਸ ਘੋਲ ਦੀ ਉਸਾਰੀ ਲਈ ਘਾਲੀ ਗਈ ਲੰਮੀ ਘਾਲਣਾ ਦਾ ਸਿੱੱਟਾ ਸੀ। ਨਕਸਲਬਾੜੀ ਦੇ ਝੰਜੋੜੇ ਨੇ ਨਾ ਸਿਰਫ ਮੁਲਕ ਦੇ ਵੱਖ ਵੱਖ ਹਿੱਸਿਆਂ 'ਚ ਲੋਕ-ਸੰਘਰਸਾਂ ਨੂੰ ਮਿਸਾਲੀ ਹੁਲਾਰਾ ਦਿੱਤਾ ਸਗੋਂ ਇਨ੍ਹਾਂ ਸੰਘਰਸ਼ਾਂ ਨੂੰ ਨਵੀਂ ਇਨਕਲਾਬੀ ਸੇਧ ਅਤੇ ਇਨਕਲਾਬੀ ਸਿਆਸੀ ਤੱਤ ਮੁਹੱਈਆ ਕਰਕੇ ਇਨਕਲਾਬੀ ਲਹਿਰ ਦੀ ਪੇਸ਼ਕਦਮੀ ਲਈ ਭਰੂਰ ਸੰਭਾਵਨਾਵਾਂ ਵੀ ਰੌਸ਼ਨ ਕੀਤੀਆਂ। 
ਤਿਲੰਗਾਨਾ ਦੇ ਹਥਿਆਰਬੰਦ ਘੋਲ ਤੋਂ ਬਾਅਦ ਨਕਸਲਬਾੜੀ ਦੀ ਘਟਨਾ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਇਤਿਹਾਸ ਅੰਦਰ ਇੱਕ ਨਵਾਂ ਮੀਲ ਪੱਥਰ ਸੀ। ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਨੇ ਤਿਲੰਗਾਨਾ ਦੇ ਸ਼ਾਨਾਮੱਤੇ ਘੋਲ ਨਾਲ ਗਦਾਰੀ ਕੀਤੀ ਸੀ। ਪਰ ਇਸ ਗਦਾਰੀ ਦੇ ਬਾਵਜੂਦ ਵੱਧ ਘੱਟ ਰੂਪ 'ਚ ਇਸ ਦਾ ਮਖੌਟਾ ਬਚਿਆ ਰਿਹਾ ਸੀ। ਇਸ ਨੂੰ ਕੋਈ ਵੱਡੀ ਸਿਆਸੀ ਕੀਮਤ ਨਹੀਂ ਸੀ 'ਤਾਰਨੀ ਪਈ। ਕਿਸੇ ਅਸਰਦਾਰ ਵਿਚਾਰਧਾਰਕ ਸਿਆਸੀ ਚੁਣੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਪਰ ਨਕਸਲਬਾੜੀ ਬਗਾਵਤ ਦੇ ਇਨਕਲਾਬੀ ਝੰਜੋੜੇ ਨੇ ਸੋਧਵਾਦੀ ਲੀਡਰਸ਼ਿਪ ਦੇ ਨਕਾਬ ਲੂਹ ਸੁੱਟੇ। ਕਮਿਊਨਿਸਟ ਇਨਕਲਾਬੀਆਂ ਅਤੇ ਸੋਧਵਾਦੀਆਂ ਦਰਮਿਆਨ ਨਿਖੇੜੇ ਦੀ ਲਕੀਰ ਖਿੱਚੀ ਗਈ। ਨਕਸਲਬਾੜੀ ਦੀ ਬਗਾਵਤ ਨੇ ਇਨਕਸਲਾਬੀ ਸੰਗਰਾਮਾਂ ਦੇ ਇੱਕ ਨਵੇਂ ਉਭਾਰ ਅਤੇ ਇੱਕ ਵੱਡੀ ਵਿਚਾਰਧਾਰਕ-ਸਿਆਸੀ ਉਥਲ-ਪੁਥਲ ਨੂੰ ਜਨਮ ਦਿੱਤਾ। ਇਹ ਉਭਾਰ ਕਮਿਊਨਿਸਟ ਇਨਕਲਾਬੀ ਅਤੇ ਸੋਧਵਾਦੀ ਵਿਚਾਰਧਾਰਾ, ਸਿਆਸਤ ਅਤੇ ਅਮਲਾਂ ਦਰਮਿਆਨ ਨਖੇੜੇ ਦੀ ਪਰਖ ਕਸਵੱਟੀ ਬਣ ਗਿਆ। ਅਖੌਤੀ ਮਾਰਕਸੀ ਪਾਰਟੀ ਨਾਲੋਂ ਤੋੜ ਵਿਛੋੜਾ ਕਰਕੇ ਪਹਿਲੀ ਵਾਰ ਕਮਿਊਨਿਸਟ ਇਨਕਲਾਬੀਆਂ ਵੱਲੋਂ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਨੂੰ ਸਪੱਸ਼ਟ ਅਤੇ ਨਿੱਤਰਵੇਂ ਰੂਪ 'ਚ ਬੁਲੰਦ ਕਰਨ ਦਾ ਐਲਾਨ ਕੀਤਾ ਗਿਆ। ਇਉਂ ਨਕਸਲਬਾੜੀ ਦੀ ਬਗਾਵਤ ਨੇ ਮਾਓ-ਵਿਚਾਰਧਾਰਾ ਦੇ ਹਕੀਕੀ ਵਿਚਾਰਧਾਰਕ ਰੁਤਬੇ ਨੂੰ ਉਭਾਰਨ ਅਤੇ ਸਥਾਪਤ ਕਰਨ ਦਾ ਰੋਲ ਨਿਭਾਇਆ।
ਨਕਸਲਬਾੜੀ ਦੀ ਬਗਾਵਤ ਸਮੇਂ ਕੌਮਾਂਤਰੀ ਪੱਧਰ 'ਤੇ ਖਰਸ਼ੁਚੋਵ ਮਾਰਕਾ ਸੋਧਵਾਦ ਖਿਲਾਫ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ 'ਚ ਘੋਲ ਅੱਗੇ ਵਧ ਰਿਹਾ ਸੀ। ਇਹ ਘੋਲ ਸੱਠਵਿਆਂ ਦੇ ਦੂਜੇ ਅੱਧ 'ਚ ਛਿੜੀ ਮਹਾਨ-ਬਹਿਸ ਨਾਲ ਸ਼ੁਰੂ ਹੋਇਆ ਸੀ। ਦੁਨੀਆਂ ਪੱਧਰ 'ਤੇ ਹੀ ਕਮਿਊਨਿਸਟ ਇਨਕਲਾਬੀਆਂ ਅਤੇ ਸੋਧਵਾਦੀਆਂ ਦਰਮਿਆਨ ਪਾਲਾਬੰਦੀ ਦਾ ਅਮਲ ਜਾਰੀ ਸੀ। ਨਕਸਲਬਾੜੀ ਦੀ ਬਗਾਵਤ ਤੋਂ ਬਾਅਦ ਭਾਰਤ ਦੀ ਧਰਤੀ 'ਤੇ ਸਪੱਸ਼ਟ ਅਤੇ ਨਿੱਤਰਵੇਂ ਰੂਪ 'ਚ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ 'ਚ ਕੌਮਾਂਤਰੀ ਕਮਿਊਨਿਸਟ ਇਨਕਲਾਬੀ ਕੈਂਪ ਵੱਲੋਂ ਲਈਆਂ ਵਿਚਾਰਧਾਰਕ ਸਿਆਸੀ ਪੁਜੀਸ਼ਨਾਂ ਦੀ ਡਟਵੀਂ ਹਮਾਇਤ ਦਾ ਝੰਡਾ ਚੁੱਕਿਆ ਗਿਆ। ਇਉਂ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਨੇ ਮਾਰਕਸਵਾਦ ਅਤੇ ਸੋਧਵਾਦ ਦਰਮਿਆਨ ਹੋ ਰਹੀ ਕੌਮਾਂਤਰੀ ਪਾਲਾਬੰਦੀ 'ਚ ਆਪਣਾ ਬਣਦਾ ਸਥਾਨ ਹਾਸਲ ਕੀਤਾ। ਮਹਾਨ ਬਹਿਸ ਰਾਹੀਂ ਸ਼ੁਰੂ ਹੋਈ ਕੌਮਾਂਤਰੀ ਪਾਲਾਬੰਦੀ ਦੇ ਅਮਲ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੋ ਹਿੱਸਿਆਂ 'ਚ ਵੰਡੀ ਗਈ ਸੀ। ਹੋਂਦ 'ਚ ਆਈ ਮਾਰਕਸੀ ਪਾਰਟੀ ਦੀ ਲੀਡਰਸ਼ਿਪ ਨੇ ਖਰੁਸਚੋਵ ਮਾਰਕਾ ਸੋਧਵਾਦ ਅਤੇ ਇਸ ਦੇ ਨਾਲ ਨੰਗੇ ਚਿੱਟੇ ਰੂਪ 'ਚ ਬੱਝੀ ਲੀਡਰਸ਼ਿਪ ਦਾ ਵਿਰੋਧ ਕਰਨ ਦਾ ਵਿਖਾਵਾ ਕੀਤਾ ਸੀ। ਪਰ ਇਹ ਵਿਰੋਧ ਬੋਚਵਾਂ, ਨਕਲੀ, ਰਸਮੀ ਅਤੇ ਧੁੰਦਲਾ ਸੀ। ਆਪਣੇ ਗੁੱਟ ਸੁਆਰਥਾਂ ਖਾਤਰ, ਸੋਧਵਾਦੀ ਲੀਡਰਸ਼ਿੱਪ ਖਿਲਾਫ ਇਨਕਲਾਬੀ ਕਾਡਰ ਦੇ ਰੋਹ ਦਾ ਲਾਹਾ ਲੈਣ ਲਈ ਕੀਤਾ ਜਾ ਰਿਹਾ ਸੀ। 'ਮਾਰਕਸੀ' ਲੀਡਰਸ਼ਿੱਪ ਕਮਿਊਨਿਸਟ ਇਨਕਲਾਬੀ ਲਹਿਰ ਦੀ ਕੌਮਾਂਤਰੀ ਲੀਹ ਬਾਰੇ ਸੋਚ ਸਮਝ ਕੇ ਡੱਟਵੀਆਂ ਅਤੇ ਨਿੱਤਰਵੀਆਂ ਪੁਜੀਸ਼ਨਾਂ ਲੈਣ ਤੋਂ ਟਲ ਰਹੀ ਸੀ। ਇਸ ਤੋਂ ਵੀ ਅਹਿਮ ਗੱਲ ਇਹ ਸੀ ਕਿ ਇਹ ਦਰੁਸਤ ਕੌਮਾਂਤਰੀ ਲੀਹ ਦੀ ਰੌਸ਼ਨੀ 'ਚ ਭਾਰਤੀ ਨਿਕਲਾਬ ਦੇ ਪ੍ਰੋਗਰਾਮ ਅਤੇ ਰਾਹ ਦੇ ਸਵਾਲ 'ਤੇ ਰਵਾਇਤੀ ਸੋਧਵਾਦ ਨਾਲੋਂ ਤੋੜ ਵਿਛੋੜਾ ਕਰਨ ਤੋਂ ਇਨਕਾਰੀ ਸੀ। ਇਹ ਰਵਾਇਤੀ ਸੋਧਵਾਦ ਦੇ ਚੌਖਟੇ 'ਚ ਰਹਿੰਦਿਆਂ ਇਸ ਦੀ ਦਿੱਖ ਬਦਲੀ ਰਾਹੀਂ ਕਾਡਰ ਨੂੰ ਗੁਮਰਾਹ ਕਰਨਾ ਚਾਹੁੰਦੀ ਸੀ। ਮਾਓ-ਵਿਚਾਰਧਾਰਾ ਨੂੰ ਮਾਰਕਸਵਾਦ-ਲੈਨਿਨਵਾਦ ਵਿੱਚ ਰਚਨਾਤਮਕ ਵਾਧੇ ਵਜੋਂ ਕਬੂਲ ਕਰਨ ਤੋਂ ਇਸ ਦਾ ਪ੍ਰਹੇਜ ਸੋਚਿਆ ਸਮਝਿਆ ਸੀ। ਦਰੁਸਤ ਕੌਮਾਂਤਰੀ ਲੀਹ ਦੇ ਪੱਖ 'ਚ ਡੱਟਵੀਂ ਤੇ ਨਿੱਤਰਵੀਂ ਪੁਜੀਸ਼ਨ ਲੈਣਾ ਇਸ ਨੂੰ ਵਾਰਾ ਨਹੀਂ ਸੀ ਖਾਂਦਾ। ਕਿਉਂਕਿ ਇਸ ਲੀਹ ਨੂੰ ਅਪਨਾਉਣ ਦਾ ਮਤਲਬ ਭਾਰਤ ਅੰਦਰ ਪਾਰਲੀਮਾਨੀ ਰਾਹ ਨੂੰ ਰੱੱਦ ਕਰਨਾ ਅਤੇ ਲੋਕ-ਯੁੱਧ ਦੇ ਰਾਹ ਪੈਣਾ ਸੀ। ਭਾਰਤੀ ਰਾਜ ਅਤੇ ਹਾਕਮ-ਜਮਾਤੀ ਪਾਰਟੀਆਂ ਨੂੰ ਸਾਮਰਾਜ ਦੇ ਦਲਾਲ ਕਰਾਰ ਦੇ ਕੇ ਇਨ੍ਹਾਂ ਨਾਲ ਭਿਆਲੀ ਨੂੰ ਰੱਦ ਕਰਨਾ ਸੀ। ਭਾਰਤੀ ਰਾਜ ਦੀਆਂ ਸੰਸਥਾਵਾਂ ਨੂੰ, ਇਸ ਦੀਆਂ ਅਸੰਬਲੀਆਂ ਪਾਰਲੀਮੈਂਟਾਂ ਨੂੰ ਅੰਗਰੇਜ਼ ਸਾਮਰਾਜੀਆਂ ਦੇ ਬਸਤੀਵਾਦੀ ਰਾਜ ਵੇਲੇ ਤੋਂ ਚਲੇ ਆ ਰਹੇ ਆਪਾਸ਼ਾਹ ਰਾਜ ਲਈ ਪਰਦਾ ਕਰਾਰ ਦੇਣਾ ਸੀ। ਲੋਕਾਂ ਨੂੰ ਇਸ ਦੇ ਭਰਮ ਜਾਲ ਤੋਂ ਮੁਕਤ ਕਰਾਉਣ ਅਤੇ ਇਨਕਲਾਬੀ ਜਰਈ ਘੋਲਾਂ ਨੂੰ ਧੁਰਾ ਬਣਾ ਕੇ ਮੁਤਬਾਦਲ ਰਾਜ ਸੱਤਾ ਦੀ ਉਸਾਰੀ ਦੇ ਰਾਹ ਪੈਣਾ ਸੀ। 1967 ਦੀਆਂ ਚੋਣਾਂ ਨੇ ਇਹ ਪ੍ਰਤੱਖ ਵਿਖਾ ਦਿੱਤਾ ਸੀ ਕਿ ਮਾਰਕਸੀ ਪਾਰਟੀ ਦੀ ਲੀਡਰਸ਼ਿਪ ਪਾਰਲੀਮਾਨੀ ਮੌਕਾਪ੍ਰਸਤੀ ਦੀ ਦਲਦਲ 'ਚ ਸੀ.ਪੀ.ਆਈ ਦੀ ਲੀਡਰਸ਼ਿਪ ਨਾਲੋਂ ਵੀ ਡੂੰਘੀ ਧਸੀ ਹੋਈ ਹੈ। 
ਪਰ ਕੌਮਾਂਤਰੀ ਪੱਧਰ 'ਤੇ ਚੀਨ ਦੇ ਮਹਾਨ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਅਤੇ ਮੁਲਕ 'ਚ ਨਕਸਲਬਾੜੀ ਦੀ ਘਟਨਾ ਨੇ ਸੋਧਵਾਦੀ ਲੀਡਰਸ਼ਿਪ ਨੂੰ ਤੇਜੀ ਨਾਲ ਆਪਣਾ ਅਸਲਾ ਉਘਾੜਨ ਲਈ ਮਜਬੂਰ ਕਰ ਦਿੱਤਾ । ਇਸ ਨੇ ਚੀਨੀ ਕਮਿਊਨਿਸਟ ਪਾਰਟੀ ਨਾਲੋਂ ''ਪਾਟਵੇਂ ਵਿਚਾਰਾਂ'' ਦੀ ਨੁਮਾਇਸ਼ ਲਾਉਣੀ ਸ਼ੁਰੂ ਕਰ ਦਿੱਤੀ। ਸਭਿਆਚਾਰਕ ਇਨਕਲਾਬ ਨੂੰ ਭੰਡਣਾ ਸ਼ੁਰੂ ਕਰ ਦਿੱਤਾ। ਨਾ ਸਿਰਫ ਇਸ ਨੇ ਨਕਸਲਬਾੜੀ ਦੇ ਇਨਕਲਾਬੀ ਸੰਗਰਾਮ 'ਤੇ ਚਿੱਕੜ ਸੁੱਟਿਆ, ਸਗੋਂ ਪੱਛਮੀ ਬੰਗਾਲ ਦੀ ਹਾਕਮ ਪਾਰਟੀ ਦੀ ਹੈਸੀਅਤ 'ਚ ਇਸ ਸ਼ਾਨਦਾਰ ਬਗਾਵਤ ਨੂੰ ਕੁਚਲਣ ਲਈ ਕਿਸਾਨਾਂ ਦੇ ਲਹੂ ਦੀ ਹੋਲੀ ਖੇਡਣ ਤੋਂ ਵੀ ਪ੍ਰਹੇਜ ਨਾ ਕੀਤਾ। 
ਇਉਂ ''ਮਹਾਨ-ਬਹਿਸ'' ਨਾਲ ਸ਼ੁਰੂ ਰੋਈ ਪਾਲਾ ਬੰਦੀ ਦੇ ਅਗਲੇ ਵਿਕਸਤ ਅਤੇ ਉਚੇਰੇ ਗੇੜ 'ਚ ਹੋਈ ਨਕਸਲਬਾੜੀ ਦੀ ਘਟਨਾ ਨਾਲ ਕਮਿਊਨਿਸਟ ਇਨਕਲਾਬੀ ਲਹਿਰ ਦੀ ਕੌਮਾਂਤਰੀ ਸੇਧ ਅਤੇ ਭਾਰਤੀ  ਇਨਕਲਾਬ ਦੀ ਸੇਧ ਦੇ ਸੁਆਲ 'ਤੇ ਭਾਰਤੀ ਕਮਿਊਨਿਸਟ ਇਨਕਲਾਬੀਆਂ ਵੱਲੋਂ ਦਰੁਸਤ ਇਨਕਲਾਬੀ ਪੁਜੀਸ਼ਨਾਂ ਅਤੇ ਅਮਲ ਦਾ ਝੰਡਾ ਬੁਲੰਦ ਕਰਨ ਦੇ ਯਤਨਾਂ ਨੂੰ ਜੋਰਦਾਰ ਹੁਲਾਰਾ ਮਿਲਿਆ। ਇਸ ਘਟਨਾ ਨਾਲ ਕੌਮਾਂਤਰੀ ਅਤੇ ਮੁਲਕ ਅੰਦਰਲੇ ''ਨਵ-ਬਸਤੀਵਾਦ ਦੇ ਪੈਰੋਕਾਰਾਂ'' ਨਾਲੋਂ ਨਿਖੇੜੇ ਦੀ ਦੋ-ਟੁੱਕ ਲਕੀਰ ਖਿੱਚੀ ਗਈ। ਭਾਰਤ 'ਚ 1947 ਦੀ ਤਬਦੀਲੀ ਅਤੇ ਮੁਲਕ ਦੇ ਖਾਸੇ ਬਾਰੇ ਦਰੁਸਤ ਨਿਰਣਿਆਂ ਨੂੰ ਸੋਧਵਾਦੀਆਂ ਨਾਲੋਂ ਨਿਖੇੜੇ ਦੇ ਮੁੱਦੇ ਵਜੋਂ ਉਭਾਰਨ ਅਤੇ ਸਥਾਪਤ ਕਰਨ ਦਾ ਅਮਲ ਸ਼ੁਰੂ ਹੋਇਆ। 1947 ਦੀ ਤਬਦੀਲੀ ਨੂੰ ਨਕਲੀ ਆਜਾਦੀ ਅਤੇ ਬਸਤੀਵਾਦੀ ਗੁਲਾਮੀ ਦਾ ਨਵੀਂ ਸ਼ਕਲ 'ਚ ਜਾਰੀ ਰੂਪ ਗਰਦਾਨਿਆਂ ਗਿਆ। ਇਉਂ ਭਾਰਤੀ ਕਮਿਊਨਿਸਟ ਇਨਕਲਾਬੀਆਂ ਨੇ ਤਰੰਗੇ ਦੀ ਜਕੜ ਵਗਾਹ ਮਾਰੀ। ਨਕਸਲਬਾੜੀ ਬਗਾਵਤ ਅਤੇ ਇਸ ਨਾਲ ਜੁੜਵੇਂ ਰੂਪ 'ਚ ਚਰਚਤ ਹੋਏ ਹੋਰ ਇਨਕਲਾਬੀ ਕਿਸਾਨ ਘੋਲ ਭਾਰਤੀ ਸਮਾਜ ਦੇ ਖਾਸੇ, ਇਨਕਲਾਬ ਦੇ ਪੜਾਅ ਅਤੇ ਰਾਹ ਬਾਰੇ ਸੋਚ ਵਿਚਾਰ ਅਤੇ ਬਹਿਸ ਲਈ ਠੋਸ ਹਵਾਲਾ ਸਮੱਗਰੀ ਬਣ ਗਏ। ਇਨ੍ਹਾਂ ਘੋਲਾਂ ਨੇ ਇੱਕ ਵਾਰੀ ਫੇਰ ਭਾਰਤ ਦੇ ਜ਼ਰਈ ਰਿਸ਼ਤਿਆ ਦਾ ਅਰਧ-ਜਗੀਰੂ ਤੱਤ ਅਤੇ ''ਜ਼ਮੀਨ ਹਲਵਾਹਕ ਦੀ'' ਦੇ ਨਾਅਰੇ ਦੀ ਕੇਂਦਰੀ ਮਹੱਤਤਾ ਉਜਾਗਰ ਕਰ ਦਿੱਤੀ। ਕਮਿਊਨਿਸਟ ਇਨਕਲਾਬੀਆਂ ਵੱਲੋਂ ਭਾਰਤ ਨੂੰ ਅਰਧ-ਜਗੀਰੂ ਅਰਧ-ਬਸਤੀਵਾਦੀ ਮੁਲਕ ਕਰਾਰ ਦਿੰਦਿਆਂ, ਨਵ-ਜਮਹੂਰੀ ਇਨਕਲਾਬ ਦਾ ਪ੍ਰੋਗਰਾਮ ਉਭਾਰਿਆ ਗਿਆ ਅਤੇ ਜ਼ਰਈ ਇਨਕਲਾਬ ਨੂੰ ਇਸ ਦਾ ਤੱਤ ਕਰਾਰ ਦਿੱੱਤਾ ਗਿਆ। ਪਾਰਲੀਮਾਨੀ ਰਾਹ ਦੇ ਮੁਕਾਬਲੇ ਜ਼ਰਈ ਲਹਿਰ ਨੂੰ ਧੁਰਾ ਬਣਾ ਕੇ ਲਮਕਵੇਂ ਲੋਕ-ਯੁੱਧ ਦੀ ਉਸਾਰੀ ਦਾ ਰਾਹ ਪੇਸ਼ ਕੀਤਾ ਗਿਆ। ਸੋਧਵਾਦੀਆਂ ਵੱਲੋਂ ਹਾਕਮ ਜਮਾਤੀ ਪਾਰਟੀਆਂ ਨਾਲ ਪਾਰਲੀਮਾਨੀ ਖੇਤਰ 'ਚ ਸਾਂਝ ਭਿਆਲੀ ਦੇ ਮੁਕਾਬਲੇ 'ਤੇ ਸਾਮਰਾਜੀ-ਜਗੀਰੂ ਗੱਠਜੋੜ ਖਿਲਾਫ ਇਨਕਲਾਬੀ ਜਮਾਤਾਂ ਦੇ ਸੰਘਰਸ਼-ਮੁਖੀ ਸਾਂਝੇ ਮੋਰਚੇ ਦਾ ਸੰਕਲਪ ਉਭਾਰਿਆ ਗਿਆ।
ਨਕਸਲਬਾੜੀ ਬਗਾਵਤ ਨਾਲ ਜੁੜ ਕੇ ਚੱਲੀ ਵਿਚਾਰਧਾਰਕ ਸਿਆਸੀ ਜੱਦੋਜਹਿਦ ਨੇ ਪਾਰਲੀਮਾਨੀ ਸੰਸਥਾਵਾਂ ਬਾਰੇ ਮਾਰਕਸੀ-ਲੈਨਿਨੀ ਸਮਝ ਅਤੇ ਪਹੁੰਚ ਦਾ ਵੱਡੇ ਪੱਧਰ 'ਤੇ ਸੰਚਾਰ ਕੀਤਾ। ਇਨ੍ਹਾਂ ਸੰਸਥਾਵਾਂ ਪ੍ਰਤੀ ਮੋਹ ਤੇ ਇਨ੍ਹਾਂ 'ਤੇ ਟੇਕ ਰੱਖਣ ਦੀ ਪਹੁੰਚ ਜਾਂ ਇਨ੍ਹਾਂ ਦੇ ਰੋਲ ਬਾਰੇ ਭਰਮ ਪਾਲਣ ਤੇ ਫੈਲਾਉਣ ਵਾਲੀਆਂ ਸੱਭੇ ਸੋਚਾਂ ਬਿਰਤੀਆਂ , ਸੋਧਵਾਦੀ ਵਿਚਾਰਧਾਰਾ  ਅਤੇ ਸਿਆਸਤ ਦੇ ਅਸਰਾਂ ਦੀ ਸ਼ਨਾਖਤ ਲਈ ਸਥਾਪਤ ਪਛਾਣ ਚਿੰਨ੍ਹ ਬਣ ਗਈਆਂ। ਇਨਕਲਾਬੀ ਜਮਾਤੀ ਘੋਲਾਂ ਵਿਸ਼ੇਸ਼ ਕਰ ਕੇ ਇਨਕਲਾਬੀ ਜ਼ਰਈ ਘੋਲਾਂ ਦੀ ਅਮਲੀ ਕਸਵੱਟੀ ਦੇ ਮਿੱਤਰਾਂ ਅਤੇ ਦੁÎਸ਼ਮਣਾਂ ਦੀ ਸ਼ਨਾਖਤ ਦਾ ਪੈਮਾਨਾ ਬਣ ਜਾਣ ਨਾਲ , ਹਾਕਮ ਜਮਾਤੀ ਪਾਰਲੀਮਾਨੀ ਸਿਆਸਤ ਦੇ ਚੌਖਟੇ ਅੰਦਰ ਸੰਗੀ ਤਲਾਸ਼ਣ ਅਤੇ ਬਣਾਉਣ ਦੀ ਸੋਧਵਾਦੀ ਬਿਰਤੀ ਬੇਨਕਾਬ ਹੋਣ ਲੱਗੀ। ਪਾਰਲੀਮਾਨੀ ''ਸਾਂਝੇ ਮੋਰਚਿਆਂ'' ਵਿਚਲੇ, ਸੋਧਵਾਦੀਆਂ ਦੇ ਜੋਟੀਦਾਰ ਇਨਕਲਾਬੀ ਜਮਾਤੀ ਘੋਲਾਂ 'ਤੇ ਬੇਤਹਾਸ਼ਾ ਜਬਰ ਅਤੇ ਝੂਠੇ ਪੁਲਸ ਮੁਕਾਬਲਿਆਂ ਦੇ ਨਿਰਲੱਜ ਵਕੀਲਾਂ ਵਜੋਂ ਸਾਹਮਣੇ ਆ ਗਏ। ਕੀ ਅਕਾਲੀ, ਕੀ ਜਨਸੰਘੀ, ਕੀ ਸੋਸਲਿਸਟ ਕੀ, ਨਕਲੀ ਕਮਿਊਨਿਸਟ ਨਕਸਲਬਾੜੀ ਦੇ ਝੰਜੋੜੇ ਨੇ ਸਭਨਾ ਨੂੰ ਹਮਾਮ 'ਚ ਨੰਗੇ ਕਰ ਦਿੱਤਾ। 
ਨਕਸਲਬਾੜੀ ਦੀ ਘਟਨਾ ਸਮੇਂ ਦੁਨੀਆਂ ਭਰ ਅੰਦਰ ਖਰੁਸ਼ਚੋਵ-ਮਾਰਕਾ ਸੋਧਵਾਦੀ ਲਾਣੇ ਵੱਲੋਂ ਉਭਾਰੇ ''ਪੁਰਅਮਨ ਤਬਦੀਲੀ'' ਦੇ ਭਰਮਾਊ ਵਿਚਾਰ ਬਾਰੇ ਬਹਿਸ ਜਾਰੀ ਸੀ। ਭਾਰਤੀ ਸੋਧਵਾਦੀਆਂ ਵੱਲੋਂ ਇਸ ਵਿਚਾਰ ਤੋਂ ਤਾਕਤ ਲਈ ਜਾ ਰਹੀ ਸੀ। ਇਸ ਵਿਚਾਰ ਖਿਲਾਫ ਜੱਦੋਜਹਿਦ ਨੂੰ ਨਕਸਲਬਾੜੀ ਦੀ ਬਗਾਵਤ ਨੇ ਨਵੀਂ ਤਾਕਤ ਮੁਹੱਈਆ ਕੀਤੀ। ਇਹ ਬਗਾਵਤ ਪੁਰਅਮਨ ਤਬਦੀਲੀ ਦੇ ਵਿਚਾਰਾਂ ਦਾ ਅਮਲੀ ਖੰਡਨ ਹੋ ਨਿੱਬੜੀ । ਇਸ ਨੇ ਦੱਬੀਆਂ ਕੁਚਲੀਆਂ ਜਮਾਤਾਂ 'ਤੇ ਜ਼ਬਰ ਢਾਹੁਣ ਵਾਲੀ ਅਤੇ ਇਨਕਲਾਬੀ ਤਬਦੀਲੀ ਦਾ ਰਾਹ ਰੋਕਣ ਵਾਲੀ ਖੂੰਖਾਰ ਸ਼ਕਤੀ ਵਜੋਂ ਰਾਜ ਭਾਗ ਦੀ ਅਸਲੀਅਤ ਬੇਨਕਾਬ ਕਰ ਦਿੱਤੀ। ਇਨਕਲਾਬੀ ਸਮਾਜਕ ਤਬਦੀਲੀ ਦਾ ਪ੍ਰੋਗਰਾਮ ਲਾਗੂ ਕਰਨ ਲਈ ਮੁਕਾਬਲੇ ਦੀ ਰਾਜ ਸੱਤਾ ਦੀ ਉਸਾਰੀ ਦੇ ਕੇਂਦਰੀ ਮਹੱਤਵ ਨੂੰ ਉਭਾਰ ਦਿੱਤਾ। ਨਕਸਲਬਾੜੀ ਦੇ ਤਜਰਬੇ ਨੇ ਦਰਸਾ ਦਿੱਤਾ ਕਿ ਮੁਕਾਬਲੇ ਦੀ ਤਾਕਤ ਉਸਾਰੇ ਬਿਨਾ ਲੋਕ ਖੁਦ ਹਾਕਮ ਜਮਾਤਾਂ ਵੱਲੋਂ ਐਲਾਨੇ ਸੁਧਾਰ ਵੀ ਲਾਗੂ ਨਹੀਂ ਕਰਵਾ ਸਕਦੇ - ਕਿਸੇ ਇਨਕਲਾਬੀ ਜ਼ਰਈ ਪਰੋਗਰਾਮ ਨੂੰ ਲਾਗੂ ਕਰਨ ਦੀ ਤਾਂ ਗੱਲ ਹੀ ਛੱਡੋ। ਦੁਜੇ ਪਾਸੇ ਇਸ ਬਗਾਵਤ ਨੇ ਆਪਣੀ ਤਾਕਤ ਦੇ ਜੋਰ ਰਾਜ ਭਾਗ ਦੀ ਸ਼ਕਤੀ ਨੂੰ ਚੁਣੌਤੀ ਦੇਣ ਅਤੇ ਸੱਤਾ ਆਪਣੇ ਹੱਥ ਲੈਣ ਦੇ ਮਾਮਲੇ 'ਚ ਲੋਕ ਸਮੂਹਾਂ ਦੇ ਅਥਾਹ ਇਨਕਲਾਬੀ ਤੰਤ ਨੂੰ ਉਜਾਗਰ ਕੀਤਾ। ਇਉਂ ਨਕਸਲਬਾੜੀ ਦੀ ਬਗਾਵਤ ਨੇ ''ਪੁਰਅਮਨ ਤਬਦੀਲੀ'' ਦੇ ਸੋਧਵਾਦੀ ਪੈਰੋਕਾਰਾਂ ਅਤੇ ਕਮਿਊਨਿਸਟ ਇਨਕਲਾਬੀਆਂ ਦਰਮਿਆਨ ਨਿਖੇੜੇ ਦੀ ਲਕੀਰ ਨੂੰ ਪੱਕੇ ਪੈਰੀਂ ਕਰ ਦਿੱਤਾ। 
ਕੁੱਲ ਮਿਲਾ ਕੇ ਇਸ ਬਗਾਵਤ ਨੇ ਦਰਸਾ ਦਿੱਤਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵਾਂਗ ਹੀ 'ਮਾਰਕਸੀ' ਪਾਰਟੀ ਦੀ ਲੀਡਰਸ਼ਿੱਪ ਵੀ 1947 ਦੀ ਨਕਲੀ ਆਜ਼ਾਦੀ ਦੀ ਢੰਡੋਰਚੀ ਹੈ। ਪਾਰਲੀਮਾਨੀ ਸੰਸਥਾਵਾਂ ਦੇ ਮੋਹ ਜਾਲ 'ਚ ਬੁਰੀ ਤਰ੍ਹਾਂ ਜਕੜੀ ਹੋਈ ਹੈ। ਇਸ ਮੋਹ ਜਾਲ ਸਦਕਾ ਹੀ ਆਪਾਸ਼ਾਹ ਭਾਰਤੀ ਰਾਜ ਨੂੰ ਬੁਰਜੂਆ-ਜਮਹੂਰੀਅਤ ਕਰਾਰ ਦਿੰਦੀ ਹੈ। ਹਾਕਮ ਜਮਾਤੀ ਸਿਆਸੀ ਪਾਰਟੀਆਂ ਨਾਲ ਸਾਝ ਭਿਆਲੀ ਦੀ ਮੁਦਈ ਹੈ। ਕਨੂੰਨਵਾਦ ਅਤੇ ਸੁਧਾਰਵਾਦ ਦੀ ਜਿੱਲ੍ਹਣ 'ਚ ਧਸੀ ਹੋਈ ਹੈ। ਖਰੁਸ਼ਚੋਵ ਮਾਰਕਾ ਸੋਧਵਾਦ ਨਾਲੋਂ ਵਖਰੇਵੇਂ ਦੀ ਇਸ ਦੀ ਲਕੀਰ ਨਕਲੀ ਹੈ। ਰੂਸੀ ਸਮਾਜਕ ਸਾਮਰਾਜ ਨਾਲ ਸਾਂਝ ਭਿਆਲੀ ਦੀ ਲੋੜ ਕਰਕੇ ਇਹ ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਨੂੰ ਨਾਲੇ ਸੋਧਵਾਦੀ ਨਾਲੇ ਸਮਾਜਵਾਦੀ ਕਰਾਰ ਦੇਣ ਦੀ ਆਪਾ ਵਿਰੋਧੀ ਪੁਜੀਸ਼ਨ ਲੈਂਦੀ ਹੈ।  ਇਸੇ ਵਜ੍ਹਾ ਕਰਕੇ ਇਹ ਸਰਮਾਏਦਾਰਾ ਮੁੜ ਬਹਾਲੀ ਦੀਆਂ ਸ਼ਕਤੀਆਂ ਖਿਲਾਫ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਰਾਹੀਂ ਬੋਲੇ ਹੱਲੇ ਤੋਂ ਨਾਖੁਸ਼ੀ ਜਾਹਰ ਕਰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਕੌਮਾਂਤਰੀ ਪੱਧਰ 'ਤੇ ਵੀ ਅਤੇ ਮੁਲਕ ਪੱਧਰ 'ਤੇ ਵੀ ਇਹ ਸੋਧਵਾਦੀ ਕੈਂਪ ਦੇ ਘੇਰੇ 'ਚ ਹੈ। ਇਉਂ ਭਾਰਤ ਅੰਦਰ ਕਮਿਊਨਿਸਟ ਇਨਕਲਾਬੀ ਕੈਂਪ ਅਤੇ ਸੋਧਵਾਦੀ ਕੈਂਪ 'ਚ ਸਪਸ਼ਟ ਨਿਖੇੜੇ ਦੀ ਲਕੀਰ  ਖਿੱਚਣ 'ਚ ਨਕਸਲਬਾੜੀ ਲਹਿਰ ਨੇ ਇਤਿਹਾਸਕ ਭੂਮਿਕਾ ਅਦਾ ਕੀਤੀ।
ਨਕਸਲਬਾੜੀ ਦੀ ਘਟਨਾ ਨੂੰ 46 ਵਰ੍ਹੇ ਬੀਤ ਚੁੱਕੇ ਹਨ। ਇਸ ਅਰਸੇ ਦੌਰਾਨ ਕੌਮਾਂਤਰੀ ਅਤੇ ਮੁਲਕ ਦੀਆਂ ਕਮਿਊਨਿਸਟ ਇਨਕਲਾਬੀ ਲਹਿਰਾਂ ਵੱਡੀਆਂ ਉਥਲ-ਪੁਥਲਾਂ, ਪ੍ਰਾਪਤੀਆਂ ਅਤੇ ਪਛਾੜਾਂ ਦੇ ਅਮਲਾਂ 'ਚੋਂ ਗੁਜਰੀਆਂ ਹਨ। ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਇਸ ਦੇ ਅੰਦਰੋਂ ਕਿੰਨੇ ਹੀ ਵਿਚਾਰਧਾਰਕ-ਸਿਆਸੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਨਕਸਲਬਾੜੀ ਦੀ ਬਗਾਵਤ ਨਾਲ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਮਹੱਈਆ ਹੋਇਆ ਵਿਚਾਰਧਾਰਕ ਸਿਆਸੀ ਅਧਾਰ ਲਗਾਤਾਰ ਹਰ ਕਿਸਮ ਦੇ ਭਟਕਾਊ ਰੁਝਾਨਾਂ ਦੀ ਸ਼ਨਾਖਤ ਕਰਨ ਦਾ ਪੈਮਾਨਾ ਅਤੇ ਇਨ੍ਹਾਂ ਨੂੰ ਬੇਨਕਾਬ ਕਰਨ ਦਾ ਹਥਿਆਰ ਬਣਦਾ ਆ ਰਿਹਾ ਹੈ। ਕੌਮਾਂਤਰੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਆਮ ਸੇਧ ਅਤੇ ਨਿਰਣਿਆਂ ਦੀ ਰੌਸ਼ਨੀ 'ਚ ਅਤੇ ਸਾਮਰਾਜੀ ਗਲਬੇ ਹੇਠਲੇ ਅਧੀਨ ਮੁਲਕਾਂ ਦੇ ਇਨਕਲਾਬਾਂ ਸਬੰਧੀ ਮਾਓ-ਵਿਚਾਰਧਾਰਾ ਦੀਆਂ ਮੂਲ ਸਥਾਪਨਾਵਾਂ ਦੀ ਰੌਸ਼ਨੀ 'ਚ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਆਪਣੀ ਲੀਹ ਵਿਕਸਤ ਕਰ ਲੈਣ ਨਾਲ, ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਨੇ ਹੋਰ ਠੋਸ ਸ਼ਕਲ ਅਖਤਿਆਰ ਕੀਤੀ। ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਨੂੰ ਅਧਾਰ ਬਣਾ ਕੇ ਘੜੀ ਗਈ ਇਹ ਠੋਸ ਲੀਹ ਅੱਜ ਕਿਸੇ ਵੀ ਗਲਤ ਰੁਝਾਣ, ਭਟਕਣ ਜਾਂ ਥਿੜਕਣ ਦੀ ਪਛਾਣ ਕਰਨ ਅਤੇ ਇਸ ਖਿਲਾਫ ਜੱਦੋਜਹਿਦ ਕਰਨ ਲਈ ਭਰੋਸੇਯੋਗ ਅਧਾਰ ਮੁਹੱਈਆ ਕਰਦੀ ਹੈ। 
ਕਮਿਊਨਿਸਟ ਇਨਕਲਾਬੀ ਲਹਿਰ ਨੂੰ ਲੀਹੋਂ ਭਟਕਉਣ ਲਈ ਇਸ ਦੇ ਅੰਦਰੋਂ ਸਮੇਂ ਸਮੇਂ ਉੱਠੀਆਂ ਭਟਕਣਾਂ, ਰੁਝਾਣਾਂ ਅਤੇ ਝੁਕਾਵਾਂ 'ਤੇ ਝਾਤ ਮਾਰਿਆਂ ਇਹ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਦੀ ਧੁੱਸ (1) ਇੱਕ ਜਾਂ ਦੂਜੇ ਢੰਗ ਨਾਲ ਮਹਾਨ ਬਹਿਸ ਦੌਰਾਨ ਕੌਮਾਂਤਰੀ ਕਮਿਊਨਿਸਟ ਲਹਿਰ ਵੱਲੋਂ ਅਪਣਾਏ ਨਿਰਣਿਆਂ ਨੂੰ ਇਕ ਜਾਂ ਦੂਜੇ ਢੰਗ ਨਾਲ ਸੋਧਣ, ਉਲਟਾਉਣ, ਨਕਾਰਨ ਜਾਂ ਛੁਟਿਆਉਣ ਵੱਲ ਸੇਧਤ ਰਹੀ ਹੈ। (2) ਇਨ੍ਹਾਂ ਦੀ ਰੌਸ਼ਨੀ 'ਚ ਘੜੇ ਗਏ ਭਾਰਤੀ ਇਨਕਲਾਬ ਦੇ ਰਾਹ ਨੂੰ ਸੋਧਣ, ਉਲਟਾਉਣ, ਨਕਾਰਨ ਜਾਂ ਛੁਟਿਆਉਣ ਵੱਲ ਸੇਧਿਤ ਰਹੀ ਹੈ। ਵਿਸ਼ੇਸ਼ ਕਰਕੇ ਗਲਤ ਰੁਝਾਨਾਂ, ਭਟਕਣਾਂ ਅਤੇ ਝੁਕਾਵਾਂ ਦੇ ਝੰਡਾਬਰਦਾਰ ਪਛੜੇ ਮੁਲਕਾਂ ਦੇ ਸਾਮਰਾਜੀ ਪ੍ਰਬੰਧ ਅਤੇ ਮੁਲਕਾਂ ਨਾਲ (ਅਧੀਨਗੀ ਵਾਲੇ) ਰਿਸ਼ਤੇ ਇਨ੍ਹਾਂ ਦੇ ਰਾਜਾਂ ਅਤੇ ਹਾਕਮ ਜੁੰਡਲੀਆਂ ਦੇ (ਦਲਾਲ) ਖਾਸੇ, ਸਾਮਰਾਜੀ ਮੁਲਕਾਂ ਦੇ (ਸਮਾਜਵਾਦੀ) ਇਨਕਲਾਬਾਂ ਅਤੇ ਇਨ੍ਹਾਂ ਦੇ ਗਲਬੇ ਹੇਠਲੇ ਅਧੀਨ ਮੁਲਕਾਂ ਦੇ (ਨਵ ਜਮਹੂਰੀ) ਇਨਕਲਾਬਾਂ ਦਰਮਿਆਨ ਬੁਨਿਆਦੀ ਵਖਰੇਵੇਂ ਅਧੀਨ ਮੁਲਕਾਂ ਦੇ ਇਨਕਲਾਬਾਂ 'ਚ ਜ਼ਰੱਈ ਸਵਾਲ, ਲਮਕਵੇਂ ਲੋਕ ਯੁੱਧ ਅਤੇ ਸਾਂਝੇ ਮੋਰਚੇ ਦੇ ਮਹੱਤਵ ਸਬੰਧੀ ਨਿਰਣਿਆਂ ਅਤੇ ਇਨ੍ਹਾਂ ਦੀਆਂ ਅਮਲੀ ਅਰਥ-ਸੰਭਾਵਨਾਵਾਂ ਤੋਂ ਸਿੱਧੀ ਜਾਂ ਗੁੱਝੀ ਸਕਲ 'ਚ ਇਨਕਾਰੀ ਹੁੰਦੇ ਰਹੇ ਹਨ। ਨਕਸਲਬਾੜੀ ਲਹਿਰ ਦੇ ਅੰਦਰੋਂ ਉੱਠੀਆਂ ਭਟਕਣਾਂ ਨੇ ਚਾਹੇ ਤਿੰਨ ਸੰਸਾਰਾਂ ਦੇ ਬਦਨਾਮ ਸਿਧਾਂਤ ਦੀ ਓਟ 'ਚ ''ਰੂਸ ਵਿਰੋਧੀ ਗੈਰ-ਫਾਸ਼ੀ ਤਾਕਤਾਂ'' ਦਾ ਸਾਂਝਾ ਮੋਰਚਾ ਉਸਾਰਨ ਦਾ ਹੋਕਾ ਦਿੱਤਾ ਹੋਵੇ, ਜਰੱਈ ਸਬੰਧਾਂ 'ਚ ਪੂੰਜੀਵਾਦੀ ਤਬਦੀਲੀਆਂ ਅਤੇ ਨਵ-ਬਸਤੀਵਾਦੀ ਦੌਰ ਦੇ ''ਨਵੇਂ ਲੱਛਣਾਂ'' ਦੀ ਦਲੀਲ ਦੇ ਕੇ ਮੁਲਕ ਦੇ (ਅਰਧ ਜਗੀਰੂ ਅਰਧ ਬਸਤੀਵਾਦੀ) ਖਾਸੇ, ਸਾਮਰਾਜ ਨਾਲ (ਅਸਿੱਧੀ ਗੁਲਾਮੀ ਦੇ) ਰਿਸ਼ਤੇ ਅਤੇ ਇਨਕਲਾਬ ਦੇ(ਨਵ-ਜਮਹੂਰੀ) ਪੜਾਅ ਬਾਰੇ ਬਦਲਵੇਂ ਨਿਰਣੇ ਪੇਸ਼ ਕੀਤੇ ਜਾਂਦੇ ਹੋਣ ਜਾਂ ਮੌਕਾ ਮੇਲ ਦੇ ਸਿਧਾਂਤ ਰਾਹੀਂ ਸੰਸਾਰ ਇਨਕਲਾਬ 'ਚ ਪਛੜੇ ਮੁਲਕਾਂ ਦੀ ਯੁੱਧਨੀਤਕ ਮਹੱਤਤਾ ਅਤੇ ਇਨ੍ਹਾਂ ਮੁਲਕਾਂ ਅੰਦਰ ਲਮਕਵੇਂ ਲੋਕ ਯੁੱਧ ਦੀ ਯੁੱਧਨੀਤੀ ਦੀ ਮਹੱਤਤਾ ਨੂੰ ਨਕਾਰਨ ਦੇ ਯਤਨ ਕੀਤੇ ਹੋਣ- ਸਭਨਾ ਮਾਮਲਿਆਂ 'ਚ ਮਹਾਨ ਬਹਿਸ ਵੇਲੇ ਦੇ ਬੁਨਿਆਦੀ ਨਿਰਣਿਆਂ ਅਤੇ ਇਨ੍ਹਾਂ ਦੀ ਰੌਸ਼ਨੀ 'ਚ ਨਕਸਲਬਾੜੀ ਲਹਿਰ ਵੱਲੋਂ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਅਤੇ ਰਾਹ ਸਬੰਧੀ ਕੀਤੇ ਨਿਰਣਿਆਂ ਨੂੰ ਸੋਧਣ ਅਤੇ ਇਉਂ ਮਾਓ-ਵਿਚਾਰਧਾਰਾ ਦੀਆਂ ਮੂਲ ਧਾਰਨਾਵਾਂ ਨੂੰ ਸੋਧਣ ਦੀ ਸਾਂਝੀ ਧੁੱਸ ਵੇਖੀ ਜਾ ਸਕਦੀ ਹੈ। 
ਦਰੁਸਤ ਇਨਕਲਾਬੀ ਲੀਹ ਤੋਂ ਖੱਬੀਆਂ ਜਾਂ ਸੱਜੀਆਂ ਭਟਕਣਾਂ ਜਾਂ ਥਿੜਕਣਾਂ ਦਾ ਸਾਂਝਾ ਤੱਤ ਅਕਸਰ ਹੀ ਇਨਕਲਾਬੀ ਜ਼ਰਈ ਲਹਿਰ ਦੀ ਉਸਾਰੀ ਅਤੇ ਲਮਕਵੇਂ ਲੋਕਯੁੱਧ ਦੇ ਰਾਹ ਤੋਂ ਲਾਂਭੇ ਜਾਣ ਦੀ ਉੱਭਰਵੀਂ ਸ਼ਕਲ ਅਖਤਿਆਰ ਕਰਦਾ ਰਿਹਾ ਹੈ। ਇਸ ਨੇ ਕਦੇ ''ਜਮਾਤੀ ਦੁਸਮਣਾਂ'' ਦੇ ਸਫਾਏ ਦੀ ਲੀਹ ਨੂੰ ਇਨਕਲਾਬੀ ਜ਼ਰਈ ਲਹਿਰ ਦੇ ਬਦਲ ਵਜੋਂ ਉਭਾਰਨ ਦੀ ਖੱਬੀ ਸ਼ਕਲ ਅਖਤਿਆਰ ਕੀਤੀ ਹੈ ਅਤੇ ਕਦੇ ਕਾਨੂੰਨੀ ਮੌਕਿਆਂ ਦੀ ਵਰਤੋਂ ਦੇ ਨਾਂ ਹੇਠ ਖੁਲ੍ਹੀ ਪਾਰਟੀ ਉਸਾਰਨ ਦੀ ਸੇਧ ਪੇਸ਼ ਕਰਕੇ ਜਾਂ ਇਨਕਲਾਬੀ ਜ਼ਰਈ ਲਹਿਰ ਪ੍ਰਤੀ ਰਵੱਈਏ ਦੇ ਪੈਮਾਨੇ ਨੂੰ ਲਾਂਭੇ ਰੱਖ ਕੇ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਨਾਲ ਪਾਰਲੀਮਾਨੀ ਖੇਤਰ 'ਚ ਸਾਂਝ ਭਿਆਲੀ ਦੀ ਸੱਜੀ ਸ਼ਕਲ ਅਖਤਿਆਰ ਕੀਤੀ ਹੈ। 
ਪਰ ਗਲਤ ਰੁਝਾਨਾਂ, ਭਟਕਣਾਂ , ਝੁਕਾਵਾਂ ਅਤੇ ਥਿੜਕਣਾਂ ਦੇ ਹੱਲਿਆਂ ਅਤੇ ਇਨ੍ਹਾਂ ਸਦਕਾ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਹੋਏ ਵਕਤੀ ਹਰਜਿਆਂ ਦੇ ਬਾਵਜੂਦ ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਦਾ ਪੈਮਾਨਾ ਗਲਤ ਝੁਕਾਵਾਂ ਅਤੇ ਰੁਝਾਨਾਂ ਦੀ ਸ਼ਨਾਖਤ ਕਰਨ ਅਤੇ ਇਨ੍ਹਾਂ ਖਿਲਾਫ ਜੱਦੋਜਹਿਦ ਕਰਨ ਦਾ ਅਧਾਰ ਬਣਦਾ ਆ ਰਿਹਾ ਹੈ। ਨਕਸਲਬਾੜੀ ਦੀ ਵਿਚਾਰਧਾਰਾ ਦੇ ਅਧਾਰ 'ਤੇ ਘੜਿਆ ਕਮਿਊਨਿਸਟ ਇਨਕਲਾਬੀ ਲੀਹ ਦਾ ਬੁਨਿਆਦੀ ਚੌਖਟਾ ਹੀ ਅੱਜ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਮੁੜ ਪਾਲਾਬੰਦੀ ਅਤੇ ਭਾਰਤ ਅੰਦਰ ਕਮਿਊਨਿਸਟ ਪਾਰਟੀ ਦੀ ਮੁੜ ਜਥੇਬੰਦੀ ਦੀਆਂ ਕੋਸ਼ਿਸ਼ਾਂ ਦਾ ਆਧਾਰ ਬਣ ਰਿਹਾ ਹੈ। 
ਕਮਿਊਨਿਸਟ ਇਨਕਲਾਬੀ ਲਹਿਰ ਸਾਹਮਣੇ ਮੌਜੂਦ ਵੱਡੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਬਾਵਜੂਦ ਨਕਸਲਬਾੜੀ ਦੇ ਝੰਜੋੜੇ ਨਾਲ ਇਹਦੇ ਜੁੱਸੇ 'ਚ ਹੋਇਆ ਨਵੀਂ ਸੇਧ ਅਤੇ ਸ਼ਕਤੀ ਦਾ ਸੰਚਾਰ ਅੱਜ ਵੀ ਇਸਦੇ ਖੂਨ ਅੰਦਰ ਮੌਜੂਦ ਹੈ। ਭਾਰਤੀ ਕਮਿਊਨਿਸਟ ਲਹਿਰ ਦੇ 1967 ਤੋਂ ਪਹਿਲਾਂ ਅਤੇ ਮਗਰੋਂ ਦੇ ਦੌਰ ਦਾ ਇਹ ਬੁਨਿਆਦੀ ਵਖਰੇਵਾਂ ਨਕਸਲਬਾੜੀ ਦੀ ਚਿਰ ਸਥਾਈ ਮੋਹਰਛਾਪ ਦਾ ਨਤੀਜਾ ਹੈ।
ਭਾਰਤੀ ਇਨਕਲਾਬ ਦਾ ਰਾਹ ਨਕਸਲਬਾੜੀ ਦੀ ਲੋਅ ਨਾਲ ਇਸ ਦੀ ਜਿੱਤ ਤੱਕ ਜਗਮਗਾਉਂਦਾ ਰਹਿਣਾ ਹੈ।

Thursday, May 9, 2013

ਪਿੰਡਾਂ ਨੂੰ ਜਗਾਓ

ਪਿੰਡਾਂ ਨੂੰ ਜਗਾਓ
-ਅਮੋਲਕ ਸਿੰਘ
ਜਾਗੋ ਪਿੰਡ ਪਿੰਡ ਆਈ
ਇਹ ਸੁਨੇਹਾ ਲੈ ਕੇ ਆਈ
ਸੁੱਤੀ ਜਾਗੇ ਇਹ ਲੋਕਾਈ
ਰੁੱਤ ਜਾਗਣੇ ਦੀ ਆਈ

ਗੂੜ੍ਹੀ ਨੀਂਦ ਸੁੱਤੇ, ਲੋਕਾਂ ਨੂੰ ਜਗਾ ਦਿਓ
ਪਿੰਡਾਂ ਨੂੰ ਜਗਾਓ, ਪਿੰਡਾਂ ਨੂੰ ਹਿਲਾ ਦਿਓ
ਪਿੰਡਾਂ ਨੂੰ ਜਗਾਓ.. .. ..

ਦਫ਼ਾ ਇਹ ਚੁਤਾਲੀ ਪਿੰਡ ਪਿੰਡ ਮੜ੍ਹਦੇ
ਸਾਹ ਲੈਣ ਉੱਤੇ ਵੀ ਪਾਬੰਦੀ ਜੜਦੇ

ਰਾਜ ਭਾਗ ਮਾਰੇ ਡੰਡੇ ਬੁੱਢੀ ਮਾਂ 'ਤੇ
ਤਣੀਆਂ ਬੰਦੂਕਾਂ ਦੇਖੋ 'ਨੰਨ੍ਹੀ ਛਾਂ' 'ਤੇ

ਮੰਗ-ਪੱਤਰਾਂ ਤੋਂ ਐਨੇ ਹਾਕਮ ਡਰੇ
ਛਾਪਾਮਾਰੀ ਕੀਤੀ ਸਾਡੇ ਆਣ ਕੇ ਘਰੇ

ਭਾਵੇਂ ਰੋਕਾਂ ਮੜ੍ਹੀਆਂ ਬਠਿੰਡੇ ਸ਼ਹਿਰ 'ਤੇ
ਚੜ੍ਹ ਗਈ ਜੁਆਨੀ ਦੂਣੀ ਲੋਕ-ਲਹਿਰ 'ਤੇ

ਪਿੰਡਾਂ ਦੀਆਂ ਕੰਧਾਂ ਉੱਤੇ ਲਿਖ ਲਾ ਦਿਓ
ਪਿੰਡਾਂ ਨੂੰ ਜਗਾਓ.. .. ..

ਮੰਗ-ਪੱਤਰਾਂ 'ਚ ਲੋਕੀ ਹੱਕ ਮੰਗਦੇ
ਹਾਕਮਾਂ ਦੇ ਬਾਰ ਮੂਹਰੇ ਆਣ ਖੰਘਦੇ

ਚੜ੍ਹਿਆ ਬੁਖ਼ਾਰ ਹੈ ਜਾਗੀਰਦਾਰਾਂ ਨੂੰ
ਨੀਂਦ ਨਹੀਂਓਂ ਆਉਂਦੀ ਵੱਡੇ ਸ਼ਾਹੂਕਾਰਾਂ ਨੂੰ

ਢਿੱਡ ਸੂਲ ਹੋ ਗਿਆ 'ਜਮਹੂਰੀ ਰਾਜ' ਦੇ
ਗਲ਼ 'ਗੂਠਾ ਦਿੱਤਾ ਲੋਕਾਂ ਦੀ ਆਵਾਜ਼ ਦੇ

ਜਿੰਨਾ ਉਹ ਦਬਾਉਣ ਲੋਕੀ ਹੋਰ ਉੱਠਦੇ
ਹਾਕਮਾਂ ਦੇ ਹੁਕਮਾਂ 'ਤੇ ਲੋਕ ਥੁੱਕਦੇ
ਪੰਨੇ ਇਤਿਹਾਸ ਵਾਲੇ ਇਹ ਸੁਣਾ ਦਿਓ
ਪਿੰਡਾਂ ਨੂੰ ਜਗਾਓ.. .. ..

ਸੰਗਤਾਂ ਦੇ ਦਰਸ਼ਨ ਓਹਲਾ ਪਰਦਾ
ਡੰਡਿਆਂ ਦੇ ਨਾਲ ਰਾਜ 'ਸੇਵਾ' ਕਰਦਾ

ਕਰਜ਼ੇ ਦੇ ਮਾਰੇ ਲੋਕੀ ਮੰਗ ਕਰਦੇ
ਕੀਹਦੇ ਕੋਲੇ ਦੱਸੀਏ ਜੀ ਦੁੱਖ ਘਰ ਦੇ

ਨਾਕਾਬੰਦੀ ਕਰਦੇ ਨੇ ਪਿੰਡ ਪਿੰਡ ਦੀ
ਭੰਨ ਦੇਣੀ ਲੋਕਾਂ, ਹਾਕਮਾਂ ਦੀ ਹਿੰਡ ਜੀ

ਲੋਕਾਂ ਨਾਲ ਜੀਹਨੇ ਵੀ ਹੈ ਮੱਥਾ ਲਾ ਲਿਆ
ਜਿੱਤ ਜਾਂਦੇ ਲੋਕ, ਜਾਬਰਾਂ ਨੂੰ ਢਾਅ ਲਿਆ

ਹੱਕ ਦੇ ਨਗ਼ਾਰੇ ਉੱਤੇ ਚੋਟ ਲਾ ਦਿਓ
ਪਿੰਡਾਂ ਨੂੰ ਜਗਾਓ.........

ਪੁਲਸ, ਕਾਨੂੰਨ ਦੀਆਂ ਡੋਰਾਂ ਲੱਭੀਏ
ਜੀਹਦੇ ਹੱਥ ਡੋਰਾਂ ਉਹਦੀ ਪੈੜ ਦੱਬੀਏ

ਹਾਲੇ ਤਾਂ ਗ਼ੁਲਾਮੀ ਦੀਆਂ ਪੈਰੀਂ ਬੇੜੀਆਂ
ਲੁੱਟਦੀਆਂ, ਕੁੱਟਦੀਆਂ ਨਿੱਤ ਜਿਹੜੀਆਂ

ਕਰਦੇ ਤਮਾਸ਼ਾਂ ਐਵੇ ਵੋਟਾਂ ਪਾਉਣ ਦਾ 
ਲੁੱਟੇ ਹੋਏ ਮਾਲ ਦੀਆਂ ਵੰਡਾਂ ਪਾਉਣ ਦਾ

ਇੱਕੋ ਜਿਹੀਆਂ ਨੀਤੀਆਂ ਡਕੈਤ ਘੜਦੇ
ਵੰਨ ਤੇ ਸੁਵੰਨੇ ਐਵੇਂ ਪਾਉਣ ਪੜਦੇ

'ਕੱਠੇ ਹੋ ਕੇ ਏਨ੍ਹਾਂ ਦੇ ਨਕਾਬ ਲਾਹ ਦਿਓ
ਪਿੰਡਾਂ ਨੂੰ ਜਗਾਓ.............


ਸਾਂਝੇ ਦੁੱਖਾਂ ਵਾਲੀ ਸਾਂਝੀ ਪੂਣੀ ਕੱਤੀਏ
ਫ਼ਰਜ਼ਾਂ ਤੋਂ ਭੁੱਲ ਕੇ ਨਾ ਅੱਖ ਵੱਟੀਏ

ਜਕੋ ਤਕੀ ਛੱਡੋ ਉੱਠੋ ਜੋਟੀ ਪਾ ਲਈਏ
ਪਿੰਡਾਂ ਵਿੱਚੋਂ ਸੁੱਤੇ ਸ਼ੇਰਾਂ ਨੂੰ ਜਗਾ ਲਈਏ

ਇੱਕ ਪਿੰਡ ਜਾਗੇ, ਦੂਜੇ ਨੂੰ ਜਗਾ ਲਏ
ਔਰਤਾਂ ਤੇ ਮਰਦਾਂ ਨੇ ਮੋਢੇ ਲਾ ਲਏ

ਬੇੜੀ ਹੈ ਕਿਨਾਰੇ 'ਕੱਠੇ ਹੋ ਕੇ ਲੱਗਣੀ
ਜਾਬਰਾਂ ਦੇ ਤਾਲੂਏ 'ਚ ਸੱਟ ਵੱਜਣੀ

ਉੱਠੋ ਸ਼ੇਰੋ ਕੂੜ ਦੇ ਮਹੱਲ ਢਾਅ ਦਿਓ
ਪਿੰਡਾਂ ਨੂੰ ਜਗਾਓ.. .. ..

(ਪਿੰਡ ਫਤਿਹਗੜ੍ਹ ਛੰਨਾ (ਬਰਨਾਲਾ) ਵਿਖੇ ਔਰਤ-ਮਰਦ, ਮਜ਼ਦੂਰਾਂ-ਕਿਸਾਨਾਂ ਦੇ ਇਤਿਹਾਸਕ ਜੋੜ-ਮੇਲੇ 'ਚ ਨਵਦੀਪ ਧੌਲਾ ਵੱਲੋਂ ਪੇਸ਼ ਗੀਤ)