ਇਜ਼ਰਾਇਲੀ ਫੌਜੀ ਬੂਟਾਂ ਹੇਠ ਦਰੜੀ ਫਲਸਤੀਨੀ ਆਰਥਿਕਤਾ
ਇਹਨੀ ਦਿਨੀਂ ਫਲਸਤੀਨ ਤੇ ਖਾਸ ਕਰਕੇ ਇਸਦਾ ਗਾਜ਼ਾ ਪੱਟੀ ਦੇ ਨਾਂ ਨਾਲ ਜਾਣਿਆ ਜਾਂਦਾ ਖੇਤਰ ਇਜ਼ਰਾਈਲੀ ਫੌਜ ਦੀ ਤਾਬੜਤੋੜ ਤੇ ਵਹਿਸ਼ੀਆਨਾ ਬੰਬਾਰੀ ਤੇ ਫੌਜੀ ਹਮਲੇ ਦੀ ਮਾਰ ਹੇਠ ਆਇਆ ਹੋਣ ਕਰਕੇ ਦੁਨੀਆਂ ਭਰ ’ਚ ਚਰਚਾ ’ਚ ਹੈ। ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਬਾਰੂਦੀ ਵਾਛੜ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚਿੜੀ ਦੇ ਪੌਂਚੇ ਜਿੱਡੇ ਗਾਜ਼ਾ ਪੱਟੀ ਖੇਤਰ ’ਚ, ਹਮਲੇ ਦੇ ਪਹਿਲੇ ਹੀ ਸੱਤ ਦਿਨਾਂ ’ਚ ਹਵਾਈ ਜਹਾਜ਼ਾਂ, ਮਿਜ਼ਾਈਲਾਂ ਅਤੇ ਤੋਪਾਂ ਨਾਲ ਇੰਨੇ ਬੰਬ ਵਰ੍ਹਾਏ ਗਏ ਜਿੰਨੇ ਇਸਦੇ ਸਰਗਣੇ ਅਮਰੀਕਨ ਸਾਮਰਾਜ ਵੱਲੋਂ ਗਾਜ਼ਾ ਤੋਂ ਦੋ ਹਜ਼ਾਰ ਗੁਣਾ ਵੱਡੇ ਅਫਗਾਨਿਸਤਾਨ ’ਚ ਹਮਲੇ ਵੇਲੇ ਵੀ ਨਹੀਂ ਵਰ੍ਹਾਏ ਗਏ ਸਨ। ਇਸ ਨਾਲ ਹਜ਼ਾਰਾਂ ਆਮ ਨਾਗਰਿਕ ਤੇ ਬੱਚੇ ਮਾਰੇ ਗਏ ਹਨ ਤੇ ਰਿਹਾਇਸ਼ੀ ਖੇਤਰ ਤਬਾਹ ਹੋ ਗਏ ਹਨ। ਗਿਣੀ-ਮਿਥੀ ਵਿਉਤ ਤੇ ਬੁਖਲਾਹਟ ’ਚ ਕੀਤੀ ਜਾ ਰਹੀ ਮੌਤ ਦੀ ਇਸ ਵਰਖਾ ਦਾ ਮਕਸਦ ਫਲਸਤੀਨੀ ਵਸੋਂ ਨੂੰ ਸਮੂਹਕ ਸਜ਼ਾ ਦੇਣਾ, ਫਲਸਤੀਨੀ ਕੌਮ ਦੀ ਨਸਲਕੁਸ਼ੀ ਕਰਨਾ, ਉਸਨੂੰ ਉਥੋਂ ਖਦੇੜਨਾ ਅਤੇ ਫਲਸਤੀਨੀ ਤਾਣੇ-ਬਾਣੇ ਤੇ ਆਰਥਿਕਤਾ ਨੂੰ ਮਲੀਆਮੇਟ ਕਰਨਾ ਹੈ। ਇਸ ਵਹਿਸ਼ੀਆਨਾ ਤੇ ਨਾਪਾਕ ਮੁਹਿੰਮ ਨੂੰ ਅਮਰੀਕਨ ਸਾਮਰਾਜ ਤੇ ਹੋਰ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਦਾ ਥਾਪੜਾ ਹੈ।
ਫਲਸਤੀਨ ਦੇ ਅਰਥਚਾਰੇ ਨੂੰ ਸਮਝਣ ਲਈ ਫਲਸਤੀਨ ਉੱਪਰ ਇਜ਼ਰਾਈਲੀ ਯਹੂਦੀ ਰਾਜ ਦੇ ਜਕੜ-ਜੱਫੇ ਨੂੰ ਸਮਝਣਾ ਬੇਹੱਦ ਜਰੂਰੀ ਹੈ। ਫਲਸਤੀਨ ਦੇ ਗਾਜ਼ਾ ਪੱਟੀ ਖੇਤਰ ’ਚ 2006 ਤੋਂ ਹਮਾਸ ਦੀ ਸਰਕਾਰ ਚਲੀ ਆ ਰਹੀ ਹੈ ਜਦ ਕਿ ਪੱਛਮੀ ਕਿਨਾਰੇ ’ਚ ਫਤਿਹ ਗਰੁੱਪ ਦੀ ਸਰਕਾਰ ਹੈ। ਇਜ਼ਰਾਈਲ ਨੇ ਅਮਰੀਕੀ ਸਾਮਰਾਜ ਦੀ ਸ਼ਹਿ ਅਤੇ ਸਰਗਰਮ ਸਹਿਯੋਗ ਨਾਲ ਹੁਣ ਤੱਕ ਫਲਸਤੀਨ ਦਾ 80 ਫੀਸਦੀ ਇਲਾਕਾ ਹਥਿਆ ਲਿਆ ਹੈ। ਲੱਖਾਂ ਫਲਸਤੀਨੀਆਂ ਨੂੰ ਇਹਨਾਂ ਖੇਤਰਾਂ ’ਚੋਂ ਖਦੇੜ ਕੇ ਸ਼ਰਨਾਰਥੀ ਬਣਾ ਬਾਹਰਲੇ ਦੇਸ਼ਾਂ ’ਚ ਰੁਲਣ ਲਈ ਧੱਕ ਦਿੱਤਾ ਹੈ। ਇਜ਼ਰਾਇਲੀ ਫੌਜਾਂ ਵੱਲੋਂ ਹੁਣ ਵੀ ਭੜਕਾੳੂ ਤੇ ਹਿੰਸਕ ਕਾਰਵਾਈਆਂ ਜਾਰੀ ਰੱਖੀਆਂ ਜਾ ਰਹੀਆਂ ਹਨ। ਸਿਰਫ ਪਿਛਲੇ 15 ਸਾਲਾਂ ’ਚ ਹੀ ਇਜ਼ਰਾਈਲ ਫਲਸਤੀਨ ਉੱਪਰ ਸਾਲ 2008, 2012, 2014, 2021 ਤੇੇ ਹੁਣ 2023 ’ਚ ਪੰਜ ਧਾੜਵੀ ਜੰਗਾਂ ਮੜ੍ਹ ਚੁੱਕਾ ਹੈ। ਹਰ ਅਜਿਹੀ ਜੰਗ ਫਲਸਤੀਨੀ ਲੋਕਾਂ ਅਤੇ ਅਰਥਚਾਰੇ, ਜਨਜੀਵਨ, ਸਮਾਜਕ ਤਾਣੇ-ਬਾਣੇ ਅਤੇ ਜਾਨ-ਮਾਲ ਦੀ ਬਰਬਾਦੀ ਦੇ ਰੂਪ ’ਚ ਕਹਿਰ ਬਣ ਕੇ ਵਰ੍ਹਦੀ ਹੈ। ਲਗਾਤਾਰ ਜੰਗੀ ਤਬਾਹੀ ਅਤੇ ਇਸ ਨਾਲ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਫਲਸਤੀਨ ਦੇ ਜਨ-ਜੀਵਨ ਦਾ ਸਥਾਈ ਤੇ ਅਮੁੱਕ ਸੰਤਾਪ ਬਣ ਚੁੱਕੀਆਂ ਹਨ।
ਸਾਲ 2007 ਤੋਂ ਇਜ਼ਰਾਇਲੀ ਫਾਸ਼ੀ ਰਾਜ ਨੇ ਫਲਸਤੀਨੀ ਖੇਤਰ ਦੀ ਬਹੁਤ ਹੀ ਦਮਘੋਟੂ ਨਾਕੇਬੰਦੀ ਕਰ ਰੱਖੀ ਹੈ। ਗਾਜ਼ਾ ਪੱਟੀ ਦਾ ਉੱਤਰ ਅਤੇ ਪੂਰਬੀ ਹਿੱਸਾ ਇਜ਼ਰਾਈਲ ਨਾਲ ਲੱਗਦਾ ਹੈ ਜਿੱਥੇ ਉਸ ਨੇ ਆਪਣੀ ਰੱਖਿਆ ਦੇ ਨਾਂ ਹੇਠ ਡੂੰਘੀ ਤੇ ਉੱਚੀ ਮਜ਼ਬੂਤ ਲੋਹੇ ਤੇ ਕੰਕਰੀਟ ਦੀ ਦੀਵਾਰ ਅਤੇ ਇਸਦੇ ਪਾਸੀਂ ਡੂੰਘੀਆਂ ਖਾਈਆਂ ਦੀ ਵਾੜ ਕਰ ਰੱਖੀ ਹੈ ਜੋ ਅਨੇਕਾਂ ਕਿਸਮ ਦੇ ਨਿਗਰਾਨੀ ਤੇ ਹੋਰ ਟੋਹ-ਲਾੳੂ ਯੰਤਰਾਂ ਨਾਲ ਲੈਸ ਹੈ। ਦੱਖਣ ’ਚ ਮਿਸਰ ਹੈ ਜਿੱਥੇ ਅਮਰੀਕਨ ਪਿੱਠੂ ਅਲ-ਸੀਸੀ ਦੀ ਸਰਕਾਰ ਹੈ ਜੋ ਇਜ਼ਰਾਈਲ ਨਾਲ ਸਹਿਯੋਗ ਕਰਕੇ ਚੱਲਦੀ ਹੈ। ਪੱਛਮ ’ਚ ਭੂ-ਮੱਧ ਸਾਗਰ ਹੈ ਜਿਸ ’ਤੇ ਇਜ਼ਰਾਇਲੀ ਫੌਜ ਦਾ ਕਬਜ਼ਾ ਹੈ। ਇਜ਼ਰਾਈਲ ਨੇ ਗਾਜ਼ਾ ਖੇਤਰ ਲਈ ਸਾਰੇ ਸਮੁੰਦਰੀ ਅਤੇ ਹਵਾਈ ਖੇਤਰ ਬੰਦ ਕੀਤੇ ਹੋਏ ਹਨ। ਗਾਜ਼ਾ ਪੱਟੀ ’ਚ ਦਾਖਲ ਹੋਣ ਜਾਂ ਬਾਹਰ ਨਿੱਕਲਣ ਲਈ ਸਿਰਫ ਤਿੰਨ ਦੁਆਰ ਹਨ ਜਿਨ੍ਹਾਂ ’ਚੋਂ ਦੋ ਇਜ਼ਰਾਇਲੀ ਫੌਜ ਦੇ ਅਤੇ ਇੱਕ ਮਿਸਰ ਦੀ ਫੌਜ ਦੇ ਕਬਜ਼ੇ ਹੇਠ ਹੈ। ਇਜ਼ਰਾਈਲ ਨੇ ਫਲਸਤੀਨੀਆਂ ਨੂੰ ਡੱਕ ਕੇ ਰੱਖਣ ਲਈ ਗਾਜ਼ਾ ਪੱਟੀ ਨੂੰ ਖੁੱਲ੍ਹੀ ਜੇਲ੍ਹ ਵਿਚ ਬਦਲ ਦਿੱਤਾ ਹੈ।
ਉਪਰੋਕਤ ਹਾਲਤ ਤੋਂ ਸਪਸ਼ਟ ਹੈ ਕਿ ਜੇ ਕਿਸੇ ਗਾਜ਼ਾ ਪੱਟੀ ਦੇ ਵਾਸੀ ਨੇ ਗਾਜ਼ਾ ਪੱਟੀ ਤੋਂ ਬਾਹਰ ਪੱਛਮੀ ਕਿਨਾਰੇ ਦੇ ਫਲਸਤੀਨੀ ਖੇਤਰ ਜਾਂ ਨੌਕਰੀ ਤੇ ਕਾਰੋਬਾਰ, ਇਲਾਜ਼ ਆਦਿ ਲਈ ਬਾਹਰ ਜਾਣਾ ਹੋਵੇ ਤਾਂ ਉਸ ਲਈ ਇਜ਼ਰਾਇਲੀ ਫੌਜ ਤੋਂ ਪਰਮਿਟ ਲੈਣਾ ਜ਼ਰੂਰੀ ਹੈ। ਇਉ ਹੀ ਗਾਜ਼ਾ ਪੱਟੀ ’ਚ ਦਾਖਲੇ ਲਈ ਹੈ। ਗਾਜ਼ਾ ਪੱਟੀ ’ਚ ਕਿਸ ਨੂੰ ਕਦ ਬਾਹਰ ਜਾਣ ਦੇਣਾ ਹੈ ਜਾਂ ਆਉਣ ਦੇਣਾ ਹੈ, ਕੀ ਸਾਮਾਨ ਤੇ ਕਿੰਨੀ ਮਾਤਰਾ ’ਚ ਤੇ ਕਦੋਂ ਅੰਦਰ ਆਉਣ ਦੇਣਾ ਜਾਂ ਬਾਹਰ ਜਾਣ ਦੇਣਾ ਹੈ, ਇਹ ਪੂਰੀ ਤਰ੍ਹਾਂ ਇਜ਼ਰਾਈਲ ਦੇ ਅਖਤਿਆਰ ਵਿਚ ਹੈ। ਇਸ ਤਰ੍ਹਾਂ ਫਲਸਤੀਨੀ ਖੇਤਰਾਂ ਦੇ ਅਰਥਚਾਰੇ ਉਪਰ ਇਜ਼ਰਾਈਲ ਦੀ ਮਜ਼ਬੂਤ ਜਕੜ ਹੈ।
ਪਿਛਲੇ ਸਾਰੇ ਅਰਸੇ ਦੌਰਾਨ ਇਜ਼ਰਾਇਲ ਨੇ ਪੂਰੇ ਸਿਲਸਿਲੇਬੱਧ ਢੰਗ ਨਾਲ ਫਲਸਤੀਨ ਵਿਚ ਨਾ ਸਿਰਫ ਸਨਅਤੀ ਵਿਕਾਸ ਦੀ ਇਜਾਜ਼ਤ ਨਹੀਂ ਦਿੱਤੀ, ਸਗੋਂ ਸਨਅਤ ਤੇ ਸਨਅਤੀ ਤਾਣੇ-ਬਾਣੇ ਨੂੰ ਨਸ਼ਟ ਕੀਤਾ ਹੈ। ਥੋੜ੍ਹੀ ਬਹੁਤੀ ਖੇਤੀ ਪੈਦਾਵਾਰ ਤੋਂ ਇਲਾਵਾ ਫਲਸਤੀਨੀ ਖੇਤਰਾਂ ’ਚ ਰੁਜ਼ਗਾਰ ਦਾ ਹੋਰ ਕੋਈ ਸੋਮਾ ਨਹੀਂ । ਰੁਜ਼ਗਾਰ ਲਈ ਮਜ਼ਦੂਰੀ ਆਦਿ ਕਰਨ ਲਈ ਗਾਜ਼ਾ ਵਾਸੀਆਂ ਨੂੰ ਇਜ਼ਰਾਈਲ ’ਚ ਪਰਮਿਟ ਆਦਿ ਲੈ ਕੇ ਜਾਣਾ ਪੈਂਦਾ ਹੈ ਤੇ ਇਹ ਇਜ਼ਰਾਇਲੀ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਕਦ ਤੇ ਕਿੰਨਿਆਂ ਨੂੰ ਪਰਮਿਟ ਦਿੰਦੀ ਹੈ ਜਾਂ ਨਹੀਂ ਦਿੰਦੀ। ਗਾਜ਼ਾ ਪੱਟੀ ’ਚ 80 ਫੀਸਦੀ ਲੋਕ ਆਪਣੇ ਗੁਜ਼ਾਰੇ ਲਈ ਕੌਮਾਂਤਰੀ ਸਹਾਇਤਾ ’ਤੇ ਨਿਰਭਰ ਹਨ। ਗਾਜ਼ਾ ’ਚ 53 ਫੀਸਦੀ ਆਬਾਦੀ ਗਰੀਬੀ ਰੇਖਾ ਤੋ ਹੇਠਾਂ ਅਤੇ 35 ਫੀਸਦੀ ਘੋਰ ਗਰੀਬੀ ਦੀਆਂ ਹਾਲਤਾਂ ’ਚ ਰਹਿ ਰਹੀ ਹੈ। ਸਮੁੱਚੇ ਫਲਸਤੀਨ ’ਚ 30 ਫੀਸਦੀ ਵਸੋਂ ਗਰੀਬੀ ਰੇਖਾ ਤੋਂ ਹੇਠਾਂ ਹੈ।
ਫਲਸਤੀਨ ਇਲਾਕਿਆਂ ਦੀ ਆਰਥਕ ਹਾਲਤ ਬਹੁਤ ਹੀ ਮਾੜੀ ਹੈ। ਗਾਜ਼ਾ ਪੱਟੀ ’ਚ ਦਸ ਹਜ਼ਾਰ ਮਰੀਜ਼ਾਂ ਪਿੱਛੇ ਹਸਪਤਾਲਾਂ ’ਚ ਸਿਰਫ 13 ਬੱੈਡ ਹਨ। ਇੱਥੇ ਪਾਣੀ ਖਾਰਾ ਹੋਣ ਕਰਕੇ ਇਸ ਨੂੰ ਮਸ਼ੀਨਾਂ ਰਾਹੀਂ ਸਾਫ ਕਰਨਾ ਜ਼ਰੂਰੀ ਹੈ। ਸਾਰੀ ਗਾਜ਼ਾ ਪੱਟੀ ’ਚ ਪਾਣੀ ਸਾਫ ਕਰਨ ਦਾ ਇੱਕ ਪਲਾਂਟ ਹੈ, ਉਸ ਲਈ ਵੀ ਤੇਲ ਜਾਂ ਬਿਜਲੀ ਪੱਖੋਂ ਇਜ਼ਰਾਈਲ ’ਤੇ ਨਿਰਭਰਤਾ ਹੈ। ਇਸ ਲਈ ਪੀਣ ਵਾਲਾ ਪਾਣੀ ਵੀ ਦਰਾਮਦ ਕਰਨਾ ਪੈਂਦਾ ਹੈ। ਸਕੂਲਾਂ, ਸੰਚਾਰ-ਸਾਧਨਾਂ, ਆਵਾਜਾਈ ਦੀ ਵਿਵਸਥਾ ਪੱਖੋਂ ਮਾੜਾ ਹਾਲ ਹੈ। ਬਿਜਲੀ ਦੀ ਲੋੜ-ਪੂਰਤੀ, ਤੇਲ ਤੇ ਗੈਸ ਲਈ ਫਲਸਤੀਨੀ ਖੇਤਰ ਮੁੱਖ ਤੌਰ ’ਤੇ ਇਜ਼ਰਾਈਲ ’ਤੇ ਨਿਰਭਰ ਹਨ। ਬਿਜਲੀ, ਤੇਲ ਤੇ ਰਸੋਈ ਗੈਸ ਅਤੇ ਪੀਣ ਦਾ ਪਾਣੀ ਬੁਨਿਆਦੀ ਲੋੜਾਂ ਹਨ ਤੇ ਇਹ ਤਿੰਨੇ ਪੰਜ ਪ੍ਰਮੁੱਖ ਦਰਾਮਦਾਂ ’ਚ ਆਉਦੀਆਂ ਹਨ। ਇਹਨਾਂ ਬੁਨਿਆਦੀ ਲੋੜਾਂ ਦੀ ਪੂਰਤੀ ਇਜ਼ਰਾਈਲ ਦੀ ਇੱਛਾ ’ਤੇ ਨਿਰਭਰ ਹੋਣ ਦੀਆਂ ਫਲਸਤੀਨੀ ਆਰਥਿਕਤਾ ਲਈ ਬਹੁਤ ਹੀ ਗੰਭੀਰ ਅਰਥ-ਸੰਭਾਵਨਾਵਾਂ ਬਣਦੀਆਂ ਹਨ। ਲੋੜ ਪੈਣ ’ਤੇ ਇਜ਼ਰਾਈਲ ਕਦੇ ਵੀ ਇਹ ਸਪਲਾਈ ਰੋਕ ਕੇ ਫਲਸਤੀਨ ਦਾ ਦਮ ਘੁੱਟ ਸਕਦਾ ਹੈ। ਮੌਜੂਦਾ ਜੰਗ ’ਚ ਵੀ ਉਸ ਨੇ ਬਿਜਲੀ, ਪਾਣੀ, ਤੇਲ ਤੇ ਗੈਸ, ਖੁਰਾਕੀ ਵਸਤਾਂ ਆਦਿਕ ਦੀ ਸਪਲਾਈ ਰੋਕਣ ਦਾ ਹਥਿਆਰ ਸ਼ਰੇਆਮ ਵਰਤਿਆ ਹੈ ਜੋ ਜੰਗੀ ਨਿਯਮਾਂ ਅਨੁਸਾਰ ਮਾਨਵਤਾ ਵਿਰੁੱਧ ਜੰਗੀ ਅਪਰਾਧ ਬਣਦਾ ਹੈ।
ਇਜ਼ਰਾਈਲ ਸਰਕਾਰ ਦਾ ਸਪਲਾਈ ਲਾਈਨਾਂ ’ਤੇ ਕਬਜੇ ਰਾਹੀਂ ਫਲਸਤੀਨੀ ਅਰਥਚਾਰੇ ੳੱੁਪਰ ਕਿੰਨਾ ਕਸਵਾਂ ਕੰਟਰੋਲ ਹੈ ਤੇ ਇਸ ਕੰਟਰੋਲ ਨੂੰ ਕਿਵੇਂ ਇਕ ਜੰਗੀ ਹਥਿਆਰ ਦੇ ਰੂਪ ’ਚ ਵਰਤ ਰਿਹਾ ਹੈ, ਇਸ ਨੂੰ ਕੁੱਝ ਉਦਾਹਰਣਾਂ ਰਾਹੀਂ ਸਮਝਿਆ ਜਾ ਸਕਦਾ ਹੈ। ਉਦਾਹਰਣ ਲਈ ਸਾਲ 2004 ’ਚ ਇਸ ਨੇ ਗਾਜ਼ਾ ’ਚੋਂ ਬਾਹਰ ਜਾਣ ਲਈ 60 ਲੱਖ ਪਰਮਿਟ ਦਿੱਤੇ ਪਰ ਸਾਲ 2008 ’ਚ ਸਿਰਫ 11 ਹਜ਼ਾਰ ਹੀ ਅਜਿਹੇ ਪਰਮਿਟ ਜਾਰੀ ਕੀਤੇ ਗਏ। ਇਉ ਹੀ ਸਾਲ 2016 ’ਚ ਇਜ਼ਰਾਈਲ ਗਾਜ਼ਾ ਨੂੰ 200 ਮਿਲੀਅਨ ਲਿਟਰ ਤੋਂ ਉਪਰ ਪੈਟਰੋਲ ਤੇ ਡੀਜ਼ਲ ਦਰਾਮਦ ਕਰਨ ਦੀ ਇਜਾਜ਼ਤ ਦੇ ਰਿਹਾ ਸੀ ਪਰ ਸਾਲ 2017 ਤੋਂ ਬਾਅਦ ਇਹ ਕੋਟਾ ਲਗਾਤਾਰ ਛਾਂਗ ਕੇ 2022 ’ਚ 16 ਮਿਲੀਅਨ ਲਿਟਰ ਕਰ ਦਿੱਤਾ ਗਿਆ। ਇਉ ਹੀ ਸਾਲ 2005 ’ਚ 112 ਹਜ਼ਾਰ ਟਰੱਕ ਮਾਲ ਗਾਜ਼ਾ ’ਚ ਜਾਣ ਦੀ ਇਜਾਜ਼ਤ ਦਿੱਤੀ ਜਦ ਕਿ 2008 ’ਚ ਇਜ਼ਰਾਈਲ ਤੇ ਹਮਾਸ ਵਿਚਕਾਰ ਜੰਗ ਦੇ ਪ੍ਰਸੰਗ ’ਚ ਸਿਰਫ 26 ਹਜ਼ਾਰ ਟਰੱਕ ਮਾਲ ਆਉਣ ਦਿੱਤਾ ਗਿਆ ਤੇ ਉਹ ਵੀ ਇਜ਼ਰਾਈਲ ਨੂੰ ਮਨਜੂਰ ਸਮਾਨ ਹੀ। ਅਜੋਕੀ ਜੰਗ ਵਿਚ ਵੀ ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ਨੂੰ ਬਿਜਲੀ, ਪੀਣ ਵਾਲੇ ਪਾਣੀ, ਖੁਰਾਕੀ ਵਸਤਾਂ, ਪੈਟਰੋਲੀਅਮ, ਡੀਜ਼ਲ ਤੇ ਰਸੋਈ ਗੈਸ, ਜ਼ਰੂਰੀ ਦਵਾਈਆਂ ਆਦਿਕ ਦੀ ਸਪਲਾਈ ਮੁਕੰਮਲ ਤੌਰ ’ਤੇ ਰੋਕ ਦਿੱਤੀ ਹੈ ਤਾਂ ਕਿ ਫਲਸਤੀਨੀ ਲੋਕਾਂ ਨੂੰ ਗਾਜ਼ਾ ਪੱਟੀ ’ਚੋਂ ਹਿਜ਼ਰਤ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ। ਇਹ ਉਦਾਹਰਣਾਂ ਫਲਸਤੀਨੀ ਆਰਥਿਕਤਾ ਦੀ ਬੁਨਿਆਦੀ ਕਮਜ਼ੋਰੀ ਦਾ ਉੱਘੜਵਾਂ ਇਜ਼ਹਾਰ ਹਨ।
ਗਾਜ਼ਾ ਪੱਟੀ ਦੀ ਆਰਥਕਤਾ ਦੀ ਇਕ ਹੋਰ ਦੁਖਦੀ ਰਗ ਇੱਥੇ ਵਸੋਂ ਦੀ ਵੱਡੀ ਘਣਤਾ ਹੈ। ਗਾਜ਼ਾ ਪੱਟੀ ਦਾ ਕੁੱਲ ਰਕਬਾ 365 ਵਰਗ ਕਿਲੋਮੀਟਰ ਹੈ ਜੋ ਪੰਜਾਬ ਦੇ ਬਠਿੰਡੇ ਜਿਲ੍ਹੇ ਦੇ ਖੇਤਰਫਲ ਦਾ ਦਸਵਾਂ-ਗਿਆਰਵਾਂ ਹਿੱਸਾ ਬਣਦਾ ਹ। ਪਰ ਇੱਥੇ 23 ਲੱਖ ਲੋਕ ਤੂੜੇ ਹੋਏ ਹਨ ਜਿਨ੍ਹਾਂ ਨੂੰ ਇਜ਼ਰਾਈਲ ਦੀਆਂ ਧੌਂਸ ਤੇ ਜਬਰ ਦੀਆਂ ਪਸਾਰਵਾਦੀ ਚਾਲਾਂ ਨੇ ਇੱਥੇ ਸ਼ਰਨ ਲੈਣ ਲਈ ਮਜ਼ਬੂਰ ਕੀਤਾ ਹੈ। ਇੱਥੇ ਪ੍ਰਤੀ ਵਰਗ ਕਿਲੋਮੀਟਰ ਵਸੋਂ ਦੀ ਘਣਤਾ 6019 ਹੈ ਜੋ ਪੰਜਾਬ ਦੀ 550 ਦੀ ਘਣਤਾ ਦੇ ਮੁਕਾਬਲੇ ਗਿਆਰਾਂ ਗੁਣਾ ਹੈ। ਜੇ ਰੁਜ਼ਗਾਰ ਦੇ ਲੋੜੀਂਦੇ ਮੌਕੇ ਹੁੰਦੇ ਤਾਂ ਵਸੋਂ ਬੇਹੱੱਦ ਕੀਮਤੀ ਮਾਨਵੀ ਸਾਧਨ ਤੇ ਨਿਆਮਤ ਸਾਬਤ ਹੋਣਾ ਸੀ। ਪਰ ਰੁਜ਼ਗਾਰ ਦੇ ਅਤੀ ੳੂਣੇ ਮੌਕੇ ਹੋਣ ਕਰਕੇ ਇਹ ਅਰਥਚਾਰੇ ਉੱਪਰ ਗੈਰ-ਉਪਜਾੳੂ ਬੋਝ ਹੈ। ਇਜ਼ਰਾਇਲੀ ਫੌਜ ਵੱਲੋਂ ਹਮਾਸ ਦਹਿਸ਼ਤਗਰਦਾਂ ਦੀਆਂ ਲੁਕਣ ਦੀਆਂ ਥਾਵਾਂ ਤਬਾਹ ਕਰਨ ਦੇ ਬਹਾਨੇ ਰਿਹਾਇਸ਼ੀ ਬਸਤੀਆਂ, ਹਸਪਤਾਲਾਂ, ਸ਼ਰਨਾਰਥੀ ਕੈਂਪਾਂ ਅਤੇ ਹੋਰ ਅਜਿਹੀਆਂ ਥਾਵਾਂ ਉੱਤੇ ਸੋਚੇ-ਸਮਝੇ ਢੰਗ ਨਾਲ ਜੋ ਬੰਬਾਰੀ ਕੀਤੀ ਜਾ ਰਹੀ ਹੈ, ਉਸ ਦਾ ਮਕਸਦ ਇਹਨਾਂ ਫਲਸਤੀਨੀ ਖੇਤਰਾਂ ਦੀ ਆਰਥਕਤਾ ਨੂੰ ਤਬਾਹ ਕਰਨਾ ਹੈ।
ਕਿਸੇ ਵੀ ਤਰ੍ਹਾਂ ਦਾ ਉਦਯੋਗ, ਕਾਰੋਬਾਰ ਜਾਂ ਵਪਾਰਕ ਸਰਗਰਮੀ ਪ੍ਰਫੁੱਲਤ ਨਾ ਹੋਣ ਕਰਕੇ ਫਲਸਤੀਨੀ ਆਰਥਿਕਤਾ ਬਹੁਤ ਹੀਣੀ ਬਣ ਕੇ ਰਹਿ ਗਈ ਹੈ। ਪੱਛਮੀ ਕਿਨਾਰੇ ’ਚ ਕੁੱਝ ਹੱਦ ਤੱਕ ਹੋਣ ਵਾਲੀ ਜੈਤੂਨ ਦੀ ਖੇਤੀ ਬਰਾਮਦੀ ਆਮਦਨ ਦਾ ਇਕ ਸਾਧਨ ਹੈ ਇਉ ਹੀ ਪੱਥਰ ਦੀ ਮਾਈਨਿੰਗ ਦੀ ਛੋਟੀ ਬਰਾਮਦੀ ਸਨਅਤ ਹੈ। ਪਰ ਇਹ ਇਜ਼ਰਾਈਲ ਦੇ ਹੱਥ ਵੱਸ ਹੈ ਕਿ ਉਹ ਅਜਿਹੀ ਬੇਰੋਕ-ਟੋਕ ਬਰਾਮਦ ਕਰਨ ਦਿੰਦਾ ਹੈ ਜਾਂ ਨਹੀਂ। ਇਹ ਆਰਥਿਕਤਾ ’ਚ ਅਨਿਸ਼ਚਤਤਾ ਦਾ ਕਮਜ਼ੋਰੀ ਵਾਲਾ ਅੰਸ਼ ਹੈ। ਪੱਛਮੀ ਕਿਨਾਰੇ ਦੇ ਫਲਸਤੀਨੀ ਖੇਤਰ ’ਚ ਤਾਂ ਇਜ਼ਰਇਲੀ ਸਰਕਾਰ ਜਬਰਨ ਯਹੂਦੀ ਬਸਤੀਆਂ ਵਸਾ ਕੇ ਫਲਸਤੀਨੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਸਿੰਜਾਈ ਸਾਧਨ ਖੋਹਣ ਦੇ ਇਲਜ਼ਾਮਾਂ ਦੀ ਵੀ ਭਾਗੀ ਬਣ ਰਹੀ ਹੈ। ਉੱਪਰ ਜ਼ਿਕਰ ’ਚ ਆਏ ਸਾਰੇ ਕਾਰਨਾਂ ਦੇ ਰਲੇ ਮਿਲੇ ਪ੍ਰਭਾਵ ਕਰਕੇ ਫਲਸਤੀਨੀ ਖੇਤਰ ’ਚ ਪ੍ਰਤੀ ਜੀਅ ਘਰੇਲੂ ਪੈਦਾਵਾਰ (7096 ਡਾਲਰ) ਤੋਂ ਘੱਟ ਹੈ। ਨੋਟ ਕਰਨ ਯੋਗ ਅਹਿਮ ਗੱਲ ਇਹ ਹੈ ਕਿ ਇਹ ਪਿਛਲੇ 35-40 ਸਾਲਾਂ ਤੋਂ ਲੱਗਭੱਗ ਖੜੋਤ ਵਾਲੀ ਹਾਲਤ ’ਚ ਹੀ ਚੱਲੀ ਆ ਰਹੀ ਹੈ। ਫਲਸਤੀਨ ਦੇ ਮੁਕਾਬਲੇ ਇਸਦੇ ਡਾਢੇ ਦੁਸ਼ਮਣ ਇਜ਼ਰਾਈਲ ਦੀ ਪ੍ਰਤੀ ਜੀਅ ਘਰੇਲੂ ਪੈਦਾਵਾਰ ਸੱਤ ਗੁਣਾ ਜ਼ਿਆਦਾ ਹੈ।
ਅਜੋਕੇ ਸਮਿਆ ’ਚ ਸੰਸਾਰ ਸਾਮਰਾਜੀ ਪ੍ਰਬੰਧ ਹੇਠ ਇਹ ਇਕ ਵੱਡੀ ਤ੍ਰਾਸਦੀ ਹੈ ਕਿ ਫਲਸਤੀਨ, ਵੀਅਤਨਾਮ, ਅਫਗਾਨਿਸਤਾਨ ਜਾਂ ਇਰਾਕ ਦੇ ਲੋਕ ਜੋ ਆਪਣੀ ਮਾਤ ਭੂਮੀ ਦੀ ਰਾਖੀ ਲਈ ਤੇ ਸਾਮਰਾਜੀ ਧੌਂਸ, ਲੁੱਟ ਤੇ ਦਮਨ ਵਿਰੁੱਧ ਲੜਦੇ ਹਨ, ਉਨ੍ਹਾਂ ਨੂੰ ਸਾਮਰਾਜੀ ਸਰਕਾਰਾਂ ਅਤੇ ਮੀਡੀਆ ਦਹਿਸ਼ਤਗਰਦ ਆਖ ਰਿਹਾ ਹੈ ਅਤੇ ਅਮਰੀਕੀ ਸਾਮਰਾਜ ਅਤੇ ਇਜ਼ਰਾਈਲ ਵਰਗੀਆਂ ਜੰਗਬਾਜ ਤੇ ਧੌਂਸਬਾਜ ਤਾਕਤਾਂ ਜੋ ਆਪਣੇ ਸਿਰਾਂ ’ਤੇ ਜਮਹੂਰੀਅਤ, ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਨਕਲੀ ਕਲਗੀ ਸਜਾ ਕੇ ਆਪਣੇ ਲੁਟੇਰੇ ਮਨੋਰਥਾਂ ਲਈ ਹੋਰਨਾਂ ਮੁਲਕਾਂ ਨੂੰ ਆਪਣੀ ਨਵ-ਬਸਤੀਆਨਾ ਲੁੱਟ ਦਾ ਸ਼ਿਕਾਰ ਬਣਾਉਣ ਲਈ ਬੇਗੁਨਾਹ ਲੋਕਾਂ ਨੂੰ ਹਜ਼ਾਰਾਂ ਲੱਖਾਂ ਦੀ ਗਿਣਤੀ ’ਚ ਬੇਕਸੀਸ ਹੋ ਕੇ ਲਾਸ਼ਾਂ ਦੇ ਢੇਰ ’ਚ ਬਦਲਦੀਆਂ ਹਨ। ਲੱਖਾਂ ਲੋਕਾਂ ਨੂੰ ਉਜਾੜ ਕੇ ਸ਼ਰਨਾਰਥੀ ਬਣਾਕੇ ਉਮਰ ਭਰ ਰੁਲਣ ਲਈ ਮਜ਼ਬੂਰ ਕਰਦੀਆਂ ਹਨ, ਉਹਨਾਂ ਨੂੰ ਦਹਿਸ਼ਤਗਰਦੀ ਵਿਰੋਧੀ ਲੜਾਈ ਦੇ ਜਰਨੈਲਾਂ ਵਜੋਂ ਉਭਾਰਿਆ ਜਾ ਰਿਹਾ ਹੈ। ਫਲਸਤੀਨੀ ਕੌਮ ਦਾ ਅਮਰੀਕਨ ਤੇ ਹੋਰ ਸਾਮਰਾਜੀ ਤਾਕਤਾਂ ਦੇ ਥਾਪੜੇ ਨਾਲ ਪਿਛਲੇ ਕਈ ਦਹਾਕਿਆਂ ਤੋਂ ਜੋ ਨਰਸਿੰਹਾਰ ਚੱਲ ਰਿਹਾ ਹੈ, ਉਹ ਬੇਹੱਦ ਰੂਹ-ਕੰਬਾੳੂ, ਸ਼ਰਮਨਾਕ ਤੇ ਅਣਮਨੁੱਖੀ ਕਾਰਾ ਹੈ। ਜਾਹਰ ਹੈ ਕਿ ਅਜਿਹੇ ਹੌਲਨਾਕ ਤੇ ਸ਼ਰਮਨਾਕ ਕਾਰਿਆਂ ਨੂੰ ਉਦੋਂ ਹੀ ਠੱਲ੍ਹ ਪਾਈ ਜਾ ਸਕੇਗੀ ਜਦ ਅਜਿਹੇ ਕਾਰਿਆਂ ਦੇ ਸਰਪ੍ਰਸਤ ਸਾਮਰਾਜੀ ਲੁਟੇਰੇ ਪ੍ਰਬੰਧ ਦਾ ਬਿਸਤਰਾ ਗੋਲ ਹੋ ਜਾਵੇਗਾ। ਸਾਮਰਾਜੀ ਧੱਕੇ-ਜ਼ਿਆਦਤੀਆਂ ਤੋਂ ਹਤਾਸ਼ ਹੋ ਕੇ ਢਿੱਗੀ ਢਾਹ ਕੇ ਬੈਠ ਜਾਣ ਦੀ ਥਾਂ ਸਾਮਰਾਜੀ ਪ੍ਰਬੰਧ ਤੇ ਸਾਮਰਾਜੀ ਸ਼ਕਤੀਆਂ ਵਿਰੁੱਧ ਜਮਾਤੀ ਜੰਗ ਤਿੱਖੀ ਕਰਨਾ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ।
No comments:
Post a Comment