ਫਲਸਤੀਨ ਉੱਪਰ ਇਜ਼ਰਾਇਲੀ ਹਮਲੇ ਖ਼ਿਲਾਫ਼ ਦੁਨੀਆਂ ਭਰ ’ਚ ਹੋਏ ਰੋਸ ਪ੍ਰਦਰਸ਼ਨਾਂ ਦੀਆਂ ਕੁਝ ਝਲਕਾਂ
ਬੀਤੇ 7 ਅਕਤੂਬਰ ਤੋਂ ਇਜ਼ਰਾਇਲ ਵੱਲੋਂ ਫਲਸਤੀਨ ਉੱਪਰ ਲਗਾਤਾਰ ਗੋਲੀਬਾਰੀ ਤੇ ਬੰਬਾਰੀ ਕਰਕੇ ਆਮ ਲੋਕਾਂ, ਹਸਪਤਾਲਾਂ, ਰਿਹਾਇਸ਼ੀ ਇਲਾਕਿਆਂ ਤੇ ਰਿਫਿਊਜੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਜਾਰੀ ਹਨ। ਇਜ਼ਰਾਇਲ ਵੱਲੋਂ ਕੀਤੇ ਇਹਨਾਂ ਹਮਲਿਆਂ ਵਿੱਚ ਹੁਣ ਤੱਕ 8 ਹਜ਼ਾਰ ਤੋਂ ਉਪਰ ਫਲਸਤੀਨੀ ਲੋਕ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਹੈ। ਜਦੋਂ ਦੁਨੀਆ ਭਰ ਦੀਆਂ ਸਾਮਰਾਜੀ ਤਾਕਤਾਂ ਤੇ ਤਾਕਤਵਰ ਮੁਲਕਾਂ ਦੀ ਵੱਡੀ ਗਿਣਤੀ ਇਸ ਕਤਲੇਆਮ ਵਿੱਚ ਇਜ਼ਰਾਇਲ ਦੇ ਨਾਲ ਖੜ੍ਹੀ ਹੈ ਤਾਂ ਉੱਥੇ ਹੀ ਦੁਨੀਆਂ ਭਰ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਇਸ ਨਸਲਕੁਸ਼ੀ ਦਾ ਡਟਵਾਂ ਵਿਰੋਧ ਕੀਤਾ ਗਿਆ ਹੈ। ਆਪਣੇ ਸਾਮਰਾਜੀ ਮਾਲਕਾਂ ਦੇ ਨਿਰਦੇਸ਼ਾਂ ਅਨੁਸਾਰ ਚਲਦਿਆਂ ਮੁੱਖ ਧਾਰਾਈ ਮੀਡੀਆ ਵੱਲੋਂ ਇਜ਼ਰਾਇਲ ਖ਼ਿਲਾਫ਼ ਹੋਏ ਇਹਨਾਂ ਪ੍ਰਦਰਸ਼ਨਾਂ ਦੀ ਬਹੁਤ ਘੱਟ ਰਿਪੋਰਟ ਕੀਤੀ ਗਈ ਹੈ। ਪਰ ਇਸ ਦੇ ਬਾਵਜੂਦ ਦੁਨੀਆਂ ਭਰ ਵਿੱਚ ਫਲਸਤੀਨੀ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਹੋਈ ਹੈ। ਨਾ ਸਿਰਫ ਮੁਸਲਿਮ ਤੇ ਅਰਬ ਜਗਤ ਅੰਦਰ ਹੀ, ਸਗੋਂ ਵੱਡੇ ਸਾਮਰਾਜੀ ਦੇਸ਼ਾਂ ਖਾਸ ਕਰ ਅਮਰੀਕਾ, ਜਰਮਨੀ, ਕੈਨੇਡਾ ਤੇ ਇੰਗਲੈਂਡ ਅੰਦਰ ਵੀ ਇਜ਼ਰਾਇਲ ਦੀ ਧਾੜਵੀ ਜੰਗ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰੇ ਹੋਏ ਹਨ। ਚਾਹੇ ਇਹ ਪ੍ਰਦਰਸ਼ਨ ਇਜ਼ਰਾਇਲੀ ਹਮਲੇ ਤੋਂ ਬਾਅਦ ਲਗਾਤਾਰ ਚਲਦੇ ਰਹੇ ਹਨ ਪਰ ਇਹਨਾਂ ਵਿੱਚ 13 ਅਤੇ 28 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਹੋਏ ਰੋਸ ਪ੍ਰਦਰਸ਼ਨ ਅਹਿਮ ਥਾਂ ਰੱਖਦੇ ਹਨ।
13 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਵੱਖ-ਵੱਖ ਪ੍ਰਮੁੱਖ ਸ਼ਹਿਰਾਂ ਵਿੱਚ ਵੱਡੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ। ਇਸ ਦਿਨ ਯਮਨ ਦੇ ਸ਼ਹਿਰ ਸਨਾ ਵਿਖੇ 50000 ਤੋਂ ਉਪਰ ਲੋਕਾਂ ਨੇ ਇਕੱਠੇ ਹੋਕੇ ਇਜ਼ਰਾਈਲੀ ਹਮਲੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਇਸੇ ਤਰ੍ਹਾਂ ਸ੍ਰੀਲੰਕਾ ਵਿੱਚ, ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ, ਆਸਟ੍ਰੇਲੀਆ ਦੇ ਸ਼ਹਿਰ ਕੈਨਬਰਾ, ਵੈਨਜ਼ੂਏਲਾ ਵਿੱਚ ਕਾਰਾਕਾਸ, ਤੇ ਜਾਰਡਨ ਦੇ ਅਮਾਨ ਸ਼ਾਹਿਰ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਲੱਖਾਂ ਲੋਕ ਸ਼ਾਮਲ ਹੋਏ। ਬਾਰਸੀਲੋਨਾ ਦੇ ਕਿ੍ਰਸਟੋਫਰ ਕੋਲੰਬਸ ਯਾਦਗਾਰ ਕੋਲ ਲੱਖਾਂ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਇਜ਼ਰਾਈਲੀ ਹਮਲੇ ਦੀ ਨਿੰਦਾ ਕੀਤੀ। ਨੀਦਰਲੈਂਡ ਦੀ ਹੇਗ ਯੂਨੀਵਰਸਿਟੀ ਵਿੱਚ ਵੱਖ ਵੱਖ ਮੁਲਕਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਮੈਕਸੀਕੋ ਸਿਟੀ ਵਿੱਚ ਇਜਰਾਈਲੀ ਐਂਬੈਸੀ ਦੇ ਬਾਹਰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕਰਕੇ ਫਲਸਤੀਨ ਤੇ ਹਮਲੇ ਬੰਦ ਕਰਨ ਦੀ ਮੰਗ ਕੀਤੀ। ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਵਿੱਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ। ਇਸ ਦਿਨ ਬਹੁਤ ਹੀ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ ਵਿਖੇ ਯੂਨਾਈਟਿਡ ਨੇਸ਼ਨਜ਼ ਦੇ ਯੂਰਪੀਅਨ ਦਫਤਰ ਦੇ ਬਾਹਰ ਹੋਇਆ ਜਿੱਥੇ ਦੋ ਲੱਖ ਦੇ ਕਰੀਬ ਲੋਕਾਂ ਨੇ ਪ੍ਰਦਰਸ਼ਨ ਕਰਕੇ, ਯੂਰਪੀ ਮੁਲਕਾਂ ਨੂੰ ਇਜ਼ਰਾਈਲ ਦੀ ਹਿਮਾਇਤ ਕਰਨ ਤੋਂ ਬਾਜ ਆਉਣ ਦੀ ਮੰਗ ਕੀਤੀ।
19 ਅਕਤੂਬਰ ਨੂੰ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀਸੀ ਵਿਖੇ ਅਮਰੀਕੀ ਕਾਂਗਰਸ ਦੇ ਦਫਤਰ ਦੇ ਬਾਹਰ ਕਰੀਬ 10000 ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਯਹੂਦੀ ਲੋਕ ਵੀ ਸ਼ਾਮਲ ਸਨ। ਇਸ ਮੌਕੇ ’ਤੇ 500 ਦੇ ਕਰੀਬ ਯਹੂਦੀ ਕਾਰਕੁਨਾਂ ਨੂੰ ਗਿ੍ਰਫਤਾਰ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਸੱਦਾ ‘ਸ਼ਾਂਤੀ ਲਈ ਯਹੂਦੀ ਆਵਾਜ਼’ ( ) ਨਾਂ ਦੀ ਸੰਸਥਾ ਵੱਲੋਂ ਦਿੱਤਾ ਗਿਆ ਸੀ। ਇਹਨਾਂ ਕਾਰਕੁਨਾਂ ਨੇ ‘ਗਾਜ਼ਾ ਵਿੱਚ ਨਸਲਕੁਸ਼ੀ ਬੰਦ ਕਰੋ’ ਤੇ ‘ਸਾਡੇ ਨਾਮ ’ਤੇ ਨਹੀਂ’ ਦੇ ਨਾਅਰੇ ਲਾਏ ਤੇ ਇਹਨਾਂ ਨਾਅਰਿਆਂ ਵਾਲੇ ਬੈਨਰ ਚੁੱਕੇ ਹੋਏ ਸਨ। 28 ਅਕਤੂਬਰ ਨੂੰ ਇੱਕ ਬਹੁਤ ਹੀ ਜ਼ਬਰਦਸਤ ਰੋਸ ਪ੍ਰਦਰਸ਼ਨ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਹੋਇਆ ਜਿਸ ਨੂੰ ਤੁਰਕੀ ਦੇ ਰਾਸ਼ਟਰਪਤੀ ਰੈਸਿਪ ਤਾਈਪ ਐਰਡੋਗਨ ਨੇ ਸੰਬੋਧਨ ਕੀਤਾ। ਲੱਖਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਰਡੋਗੈਨ ਨੇ ਕਿਹਾ ਕਿ “ਗਾਜ਼ਾ ਵਿੱਚ ਹੋ ਰਹੀ ਨਸਲ ਕੁਸ਼ੀ ਲਈ ਮੁੱਖ ਜਿੰਮੇਵਾਰ ਪੱਛਮੀ ਦੇਸ਼ ਹਨ’’ ਉਸਨੇ ਨਾਲ ਹੀ ਕਿਹਾ ਕਿ “ਇਜ਼ਰਾਇਲ ਇੱਕ ਧਾੜਵੀ ਦੇਸ਼ ਹੈ’’। ਇਸ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨੇ ਆਪਣੇ ਬੈਨਰਾਂ ਉੱਪਰ ਲਿਖਿਆ ਹੋਇਆ ਸੀ ਕਿ “ਅਸੀਂ ਸਾਰੇ ਫਲਸਤੀਨੀ ਹਾਂ’’, ‘‘ਨਸਲਕੁਸ਼ੀ ਬੰਦ ਕਰੋ’’ ਅਤੇ “ਫਲਸਤੀਨੀ ਲੋਕਾਂ ਦੀ ਆਵਾਜ਼ ਬਣੋ’’। ਇਸੇ ਦਿਨ ਇੱਕ ਪ੍ਰਭਾਵਸ਼ਾਲੀ ਰੋਸ ਮੁਜਾਹਰਾ ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਗਰੈਂਡ ਸੈਂਟਰਲ ਸਟੇਸ਼ਨ ’ਤੇ ਹੋਇਆ ਜਿਸ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਾਮਲ ਹੁੰਦਿਆਂ ਇਸ ਮੈਟਰੋ ਸਟੇਸ਼ਨ ਦਾ ਮੁੱਖ ਲਾਂਘਾ ਜਾਮ ਕਰ ਦਿੱਤਾ ਤੇ ਬਾਅਦ ਵਿੱਚ 300 ਲੋਕਾਂ ਨੇ ਸ਼ਾਂਤੀ ਪੂਰਵਕ ਗਿ੍ਰਫ਼ਤਾਰੀਆਂ ਦਿੱਤੀਆਂ। ਇਸ ਪ੍ਰਦਰਸ਼ਨ ਵਿੱਚ ਵੀ ਵੱਡੀ ਗਿਣਤੀ ਵਿੱਚ ਯਹੂਦੀ ਭਾਈਚਾਰੇ ਨਾਲ ਸੰਬੰਧਿਤ ਲੋਕ ਸ਼ਾਮਲ ਸਨ ਤੇ ਇਸ ਦਾ ਸੱਦਾ ਵੀ ‘ਸ਼ਾਂਤੀ ਲਈ ਯਹੂਦੀ ਆਵਾਜ਼’ ਜੱਥੇਬੰਦੀ ਵੱਲੋਂ ਦਿੱਤਾ ਗਿਆ ਸੀ।
ਇਸਤੋਂ ਬਿਨਾਂ 28 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਇਜ਼ਰਾਇਲ ਖ਼ਿਲਾਫ਼ ਵੱਡੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਡੋਰਟਮੁੰਡ (ਪੱਛਮੀ ਜਰਮਨੀ), ਰੋਮ ਦੇ ਸ਼ਹਿਰ ਇਟਲੀ, ਨਿਊਯਾਰਕ ਸਿਟੀ ਦੇ ਵਿੱਚ ਬਰੁਕਲਿਨ ਬਰਿਜ, ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ, ਮਿਸ਼ੀਗਨ ਦੇ ਡਾਊਨ ਟਾਊਨ ਹਾਰਟ ਪਲਾਜ਼ਾ, ਇੰਗਲੈਂਡ ਵਿੱਚ ਲੰਡਨ, ਸਵੀਡਨ ਵਿੱਚ ਸਟਾਕਹੋਮ, ਬਰਲਿਨ ਦੇ ਕਰੇਜਬਰਗ ਜਿਲ੍ਹੇ, ਕੈਨੇਡਾ ਦੇ ਸ਼ਹਿਰ ਟੋਰਾਂਟੋ, ਸਨਫਰਾਂਸਿਸਕੋ ਤੇ ਕੈਲੇਫੋਰਨੀਆ ਸ਼ਹਿਰਾਂ ਵਿੱਚ ਵੀ ਲੱਖਾਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਨਾਰਵੇ ਪਾਰਲੀਮੈਂਟ ਦੇ ਬਾਹਰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦਾ ਸੱਦਾ ਚਰਚਾ ਆਫ਼ ਨਾਰਵੇ ਵੱਲੋਂ ਦਿੱਤਾ ਗਿਆ ਸੀ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਮਪੁਰ ਵਿੱਚ ਅਮਰੀਕਨ ਐਂਬੇਸੀ ਦੇ ਬਾਹਰ ਹਜ਼ਾਰਾਂ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ।
31 ਅਕਤੂਬਰ ਨੂੰ ਫਿਲੀਪੀਨਜ ਦੀ ਰਾਜਧਾਨੀ ਮਨੀਲਾ ਵਿਖੇ ਲੱਖਾਂ ਲੋਕਾਂ ਨੇ ਇਜ਼ਰਾਇਲ ਅਤੇ ਆਪਣੇ ਮੁਲਕ ਦੀ ਆਪਣੇ ਮੁਲਕ ਦੀ ਮਾਰਕੋ ਹਕੂਮਤ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਹ ਲੋਕ ਆਪਣੀ ਸਰਕਾਰ ਵੱਲੋਂ ਯੂਨਾਈਟਡ ਨੇਸ਼ਨਜ਼ ਵਿੱਚ ਗਾਜ਼ਾ ਵਿੱਚ ਜੰਗਬੰਦੀ ਕਰਨ ਦੇ ਮਤੇ ਦੀ ਵੋਟਿੰਗ ਮੌਕੇ ਗੈਰ ਹਾਜ਼ਰ ਰਹਿਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸ ਰੋਸ ਪ੍ਰਦਰਸ਼ਨ ਦਾ ਸੱਦਾ ‘ਲੋਕ ਸੰਘਰਸ਼ਾਂ ਦੀ ਅੰਤਰਰਾਸ਼ਟਰੀ ਲੀਗ’ ( International League of People 's Struggle) ਨਾਮ ਦੀ ਜੱਥੇਬੰਦੀ ਵੱਲੋਂ ਦਿੱਤਾ ਗਿਆ ਸੀ। ਇਸ ਜਥੇਬੰਦੀ ਦੀ ਜਨਰਲ ਸਕੱਤਰ ਲੀਜਾ ਮਾਜਾ ਨੇ ਕਿਹਾ ਕਿ “ਮਾਰਕੋ ਹਕੂਮਤ ਦੇ ਹੱਥ ਫਲਸਤੀਨੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਇਸ ਨੇ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਤੋਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਜਦੋਂ ਕਿ ਇਜ਼ਰਾਇਲ ਤੋਂ ਹਥਿਆਰ ਮੰਗਵਾਉਣੇ ਜਾਰੀ ਰੱਖੇ ਹੋਏ ਹਨ।’’ ਭਾਰਤ ਅੰਦਰ ਵੀ ਵੱਖ ਵੱਖ ਸ਼ਹਿਰਾਂ ਤੇ ਸੂਬਿਆਂ ਅੰਦਰ ਫਲਸਤੀਨੀ ਲੋਕਾਂ ਦੀ ਹਿਮਾਇਤ ਤੇ ਇਜ਼ਰਾਈਲ ਖ਼ਿਲਾਫ਼ ਵੱਡੇ ਰੋਸ ਪ੍ਰਦਰਸ਼ਨ ਹੋਏ। ਇਹਨਾਂ ਵਿੱਚ ਕੇਰਲਾ ਦੇ ਸ਼ਹਿਰ ਕੋਜੀਖੋੜੇ ਵਿੱਚ ਲੱਖ ਦੇ ਕਰੀਬ ਲੋਕਾਂ ਵੱਲੋਂ ਸੀ.ਪੀ. ਆਈ. ਤੇ ਸੀ. ਪੀ. ਐਮ. ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਨੀਆ ਭਰ ਵਿੱਚ ਹੋਏ ਇਹਨਾਂ ਰੋਸ ਪ੍ਰਦਰਸ਼ਨਾਂ ਦਾ ਫਲਸਤੀਨੀ ਲੋਕਾਂ ਦੀ ਆਜ਼ਾਦੀ ਦੀ ਲਹਿਰ ਲਈ ਇਸ ਸਮੇਂ ਠੋਸ ਮਹੱਤਵ ਬਣਦਾ ਹੈ ਜਿਸ ਸਮੇਂ ਕਿ ਅੰਤਰਰਾਸ਼ਟਰੀ ਤੌਰ ’ਤੇ ਦੁਨੀਆਂ ਦੇ ਬਹੁਤੇ ਮੁਲਕ ਆਪਣੇ ਸਾਮਰਾਜੀ ਪ੍ਰਭੂਆਂ ਦੀ ਇੱਛਾ ਮੁਤਾਬਕ ਚੱਲਦੇ ਹੋਏ ਇਜ਼ਰਾਇਲ ਦੇ ਪੱਖ ਵਿੱਚ ਖੜੋਤੇ ਹੋਏ ਹਨ।
No comments:
Post a Comment