ਕਾਮਰੇਡ ਠਾਣਾ ਸਿੰਘ ਨੂੰ ਭਲਾਈਆਣਾ ’ਚ ਇਨਕਲਾਬੀ ਸ਼ਰਧਾਂਜਲੀਆਂ
(ਇੱਕ ਰਿਪੋਰਟ)
ਕਮਿਊਨਿਸਟ ਇਨਕਲਾਬੀ ਲਹਿਰ ’ਚੋਂ ਵਿਛੜ ਗਏ ਕਾਮਰੇਡ ਠਾਣਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਭਰ ’ਚੋਂ ਇਨਕਲਾਬੀ ਲਹਿਰ ਦੇ ਕੁਝ ਸਾਥੀਆਂ ਵੱਲੋਂ ਇੱਕ ਕਮੇਟੀ ਦਾ ਗਠਨ ਕਰਕੇ ਉਨ੍ਹਾਂ ਦੇ ਪਿੰਡ ਵਿੱਚ ਸ਼ਰਧਾਂਜਲੀ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਕਮੇਟੀ ਵੱਲੋਂ ਕਾਮਰੇਡ ਠਾਣਾ ਸਿੰਘ ਦੀ ਜੀਵਨ ਘਾਲਣਾ, ਉਹਨਾਂ ਦੇ ਨਿਭਾਏ ਰੋਲ ਤੇ ਉਹਨਾਂ ਦੇ ਇਨਕਲਾਬੀ ਵਿਚਾਰਾਂ ਨੂੰ ਲੋਕਾਂ ਅੰਦਰ ਉਭਾਰਨ ਲਈ ਇੱਕ ਸ਼ਰਧਾਂਜਲੀ ਮੁਹਿੰਮ ਵਿਉੁਤੀ ਗਈ ਸੀ ਜਿਸ ਦੇ ਸਿਖਰ ’ਤੇ ਲੋਕਾਂ ਨੂੰ ਉਹਨਾਂ ਦੀ ਜਨਮ ਭੂਮੀ ਭਲਾਈਆਣੇ ਪਿੰਡ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕਾਮਰੇਡ ਠਾਣਾ ਸਿੰਘ ਦੀ ਜਥੇਬੰਦੀ ਸੀ.ਪੀ.ਆਰ.ਸੀ.ਆਈ. (ਐਮ.ਐਲ.) ਵੱਲੋਂ ਇਕ ਪ੍ਰੈਸ ਬਿਆਨ ਰਾਹੀਂ ਲੋਕਾਂ ਨਾਲ ਉਹਨਾਂ ਦੀ ਮੌਤ ਦੀ ਸੂਚਨਾ ਸਾਂਝੀ ਕੀਤੀ ਗਈ ਸੀ। ਬਿਆਨ ਰਾਹੀਂ ਦੱਸਿਆ ਗਿਆ ਸੀ ਕਿ ਉਹਨਾਂ ਦਾ ਕਿਸੇ ਅਣਦੱਸੀ ਥਾਂ ’ਤੇ ਦਿਹਾਂਤ ਹੋ ਗਿਆ ਹੈ ਅਤੇ ਜਥੇਬੰਦੀ ਨੇ ਇਨਕਲਾਬੀ ਰਸਮਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਇਹ ਖਬਰ ਨਸ਼ਰ ਹੋਣ ਤੋਂ ਮਗਰੋਂ ਪੰਜਾਬ ਦੀ ਇਨਕਲਾਬੀ ਲਹਿਰ ’ਚ ਕੰਮ ਕਰਦੇ ਵੱਖ ਵੱਖ ਸਾਥੀਆਂ ਨੇ ਰਲ ਕੇ ਇੱਕ ਕਮੇਟੀ ਦਾ ਗਠਨ ਕਰਦਿਆਂ ਵਿਛੜੇ ਕਾਮਰੇਡ ਨੂੰ ਜਨਤਕ ਸ਼ਰਧਾਂਜਲੀ ਦੇਣ ਦਾ ਫੈਸਲਾ ਕੀਤਾ ਸੀ। ਇਸ ਉਦਮ ਬਾਰੇ ਪਿੰਡ ਵਾਸੀਆਂ ਤੇ ਪਿੰਡ ਵਿਚਲੀ ਲੋਕ ਲਹਿਰ ਦੇ ਸਾਥੀਆਂ ਨਾਲ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਹਨਾਂ ਨੇ ਵੀ ਪੂਰੇ ਉਤਸ਼ਾਹ ਨਾਲ ਇਸ ਸ਼ਰਧਾਂਜਲੀ ਸਰਗਰਮੀ ਵਿੱਚ ਸਹਿਯੋਗ ਦੇਣ ਦਾ ਫੈਸਲਾ ਕੀਤਾ ਸੀ। ਇਲਾਕੇ ਭਰ ਅੰਦਰ ਸਮਾਗਮ ਦੀ ਤਿਆਰੀ ਕਰਨ ਤੇ ਇਸ ਦਾ ਸੰਦੇਸ਼ ਲੋਕਾਂ ਤੱਕ ਲੈ ਕੇ ਜਾਣ ਲਈ ਇੱਕ ਸਹਿਯੋਗੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ ਜਿਸ ਵਿੱਚ ਇਲਾਕੇ ਅੰਦਰ ਸਰਗਰਮ ਮਜ਼ਦੂਰ ਕਿਸਾਨ ਤੇ ਹੋਰ ਮਿਹਨਤਕਸ਼ ਤਬਕਿਆਂ ਦੇ ਆਗੂ ਕਾਰਕੁਨ ਸ਼ਾਮਲ ਹੋਏ ਸਨ। ਇਹਨਾਂ ਦੋਹਾਂ ਕਮੇਟੀਆਂ ਵੱਲੋਂ ਰਲ ਕੇ ਸਮਾਗਮ ਦੀ ਤਿਆਰੀ ਲਈ ਇਲਾਕੇ ਵਿੱਚ ਭਰਵੀਂ ਜਨਤਕ ਮੁਹਿੰਮ ਚਲਾਈ ਗਈ ਜਿਸ ਦੌਰਾਨ ਦਰਜਨ ਭਰ ਤੋਂ ਉੱਪਰ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਗਿਆ। ਮੀਟਿੰਗਾਂ ਵਿੱਚ ਇਲਾਕੇ ਭਰ ਦੇ ਲੋਕਾਂ ਨੇ ਗਹਿਰੀ ਦਿਲਚਸਪੀ ਨਾਲ ਸ਼ਮੂਲੀਅਤ ਕੀਤੀ ਅਤੇ ਵਿਛੜੇ ਕਾਮਰੇਡ ਵੱਲੋਂ ਨਿਭਾਏ ਰੋਲ ਬਾਰੇ ਬਹੁਤ ਜਗਿਆਸਾ ਨਾਲ ਸੁਣਿਆ। ਪਿੰਡ ਵਿੱਚ ਕਈ ਪੱਤੀਆਂ ਅੰਦਰ ਜਨਤਕ ਮੀਟਿੰਗਾਂ ਕਰਵਾਈਆਂ ਗਈਆਂ। ਪਿੰਡ ਵਿੱਚੋਂ ਘਰ ਘਰ ਜਾ ਕੇ ਸਮਾਗਮ ਲਈ ਫੰਡ ਇਕੱਠਾ ਕੀਤਾ ਗਿਆ ਤੇ ਲੰਗਰ ਲਈ ਰਾਸ਼ਨ ਦਾ ਇੰਤਜ਼ਾਮ ਵੀ ਸਭਨਾਂ ਲੋਕਾਂ ਕੋਲੋਂ ਕੀਤਾ ਗਿਆ ਇਸ ਮੁਹਿੰਮ ਦੌਰਾਨ ਕਮੇਟੀ ਵੱਲੋਂ ਕੰਧ ਪੋਸਟਰ ਅਤੇ ਇੱਕ ਹੱਥ ਪਰਚਾ ਜਾਰੀ ਕੀਤਾ ਗਿਆ ਜਿਹੜਾ ਇਲਾਕੇ ਸਮੇਤ ਪੰਜਾਬ ਭਰ ਦੇ ਸੰਘਰਸ਼ਸ਼ੀਲ ਲੋਕਾਂ ਤੱਕ ਪਹੁੰਚਾਇਆ ਗਿਆ। ਸਮਾਗਮ ਦੀ ਤਿਆਰੀ ਲਈ ਮੁਹਿੰਮ ਨੂੰ ਪੰਜਾਬ ਦੇ ਵੱਖ ਵੱਖ ਖੇਤਰਾਂ ’ਚ ਸਰਗਰਮ ਇਨਕਲਾਬੀ ਕਾਰਕੁੰਨਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ ਤੇ ਕਈ ਖੇਤਰਾਂ ਵਿੱਚ ਅਜਿਹੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ।
ਸਮਾਗਮ ਵਾਲੇ ਦਿਨ 17 ਸਤੰਬਰ ਨੂੰ ਪੰਜਾਬ ਭਰ ’ਚੋਂ ਇਨਕਲਾਬੀ ਕਾਰਕੁਨ ਤੇ ਲਹਿਰ ਦੇ ਸਮਰਥਕ ਲੋਕ ਪਿੰਡ ਭਲਾਈਆਣਾ ਪੁੱਜੇ। ਮੌਕੇ ’ਤੇ ਅਚਾਨਕ ਮੌਸਮ ਖਰਾਬ ਹੋ ਜਾਣ ਨੇ ਪ੍ਰੋਗਰਾਮ ਲਈ ਲਗਾਏ ਗਏ ਪੰਡਾਲ ਨੂੰ ਉਖੇੜ ਦਿੱਤਾਇਸ ਲਈ ਐਨ ਮੌਕੇ ’ਤੇ ਇਕੱਤਰਤਾ ਦੀ ਜਗ੍ਹਾ ਨੂੰ ਕਮਿਊਨਿਟੀ ਹਾਲ ਦੇ ਅੰਦਰ ਤਬਦੀਲ ਕਰਨਾ ਪਿਆਜਿਹੜਾ ਸਮਾਗਮ ’ਚ ਪੁੱਜੀ ਗਿਣਤੀ ਨੂੰ ਪੂਰੀ ਤਰ੍ਹਾਂ ਸਮਾਉਣ ਤੋਂ ਅਸਮਰੱਥ ਸੀਇਸ ਲਈ ਸਮਾਗਮ ਵਿੱਚ ਹਾਜ਼ਰ ਲੋਕਾਂ ਦੇ ਇੱਕ ਹਿੱਸੇ ਨੇ ਹਾਲ ਤੋਂ ਬਾਹਰ ਖੜ੍ਹ-ਬੈਠ ਕੇ ਹੀ ਸ਼ਰਧਾਂਜਲੀ ਤਕਰੀਰਾਂ ਸੁਣੀਆਂਮੌਸਮ ਦੇ ਉਖੇੜੇ ਦੇ ਨਾਲ ਪ੍ਰਬੰਧਾਂ ਦੇ ਪੱਖ ਤੋਂ ਰਹਿ ਗਈਆਂ ਕਮੀਆਂ ਨੂੰ ਲੋਕਾਂ ਦੀ ਗਹਿਰੀ ਦਿਲਚਸਪੀ ਅਤੇ ਵਿਛੜੇ ਕਾਮਰੇਡ ਨਾਲ ਅਪਣੱਤ ਦੀ ਭਾਵਨਾ ਨੇ ਪੂਰ ਦਿੱਤਾ ਅਤੇ ਸਾਰੇ ਸਮਾਗਮ ਦੌਰਾਨ ਲੋੜੀਂਦੇ ਇੰਤਜ਼ਾਮਾਂ ਦੀ ਘਾਟ ਦਾ ਕੋਈ ਅਸਰ ਸ਼ਾਮਲ ਲੋਕਾਂ ’ਤੇ ਨਹੀਂ ਝਲਕਿਆ।
ਕਮਿਊਨਿਟੀ ਹਾਲ ਵਿੱਚ ਹੋਈ ਵਿਸ਼ਾਲ ਇਕੱਤਰਤਾ ਦੀ ਸ਼ੁਰੂਆਤ ਸਮੁੱਚੇ ਇਕੱਠ ਵੱਲੋਂ ਖੜ੍ਹੇ ਹੋ ਕੇ ਵਿਛੜੇ ਕਾਮਰੇਡ ਨੂੰ ਕੌਮਾਂਤਰੀ ਮਜ਼ਦੂਰ ਗੀਤ ਦੀ ਧੁਨ ’ਤੇ ਸ਼ਰਧਾਂਜਲੀ ਦੇਣ ਰਾਹੀਂ ਅਤੇ ਸ਼ਰਧਾਂਜਲੀ ਸਮਾਗਮ ਕਮੇਟੀ ਸਮੇਤ ਹੋਰਨਾਂ ਮੌਜੂਦ ਆਗੂਆਂ ਵੱਲੋਂ ਵਿਛੜੇ ਕਾਮਰੇਡ ਦੀ ਤਸਵੀਰ ਨੂੰ ਫੁੱਲ ਭੇਂਟ ਕਰਨ ਰਾਹੀਂ ਹੋਈ। ਲੋਕਾਂ ਦੇ ਇਕੱਠ ਦੇ ਸਾਹਮਣੇ ਮੰਚ ਦੀਆਂ ਦੋਨੋਂ ਕੰਨੀਆਂ ’ਤੇ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸ਼ਖਸ਼ੀਅਤਾਂ ਕਾਮਰੇਡ ਹਰਭਜਨ ਸੋਹੀ ਤੇ ਸ਼ਹੀਦ ਕਾ.ਦਇਆ ਸਿੰਘ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਠਾਣਾ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਨੇ ਉਨ੍ਹਾਂ ਦੀ ਕਮਿਊਨਿਸਟ ਸਿਆਸਤ ਤੇ ਵਿਚਾਰਧਾਰਾ ’ਚ ਡੂੰਘੀ ਨਿਹਚਾ ਨੂੰ ਸਲਾਮ ਕੀਤੀ। ਉਹਨਾਂ ਨੇ ਠਾਣਾ ਸਿੰਘ ਦੇ ਇਨਕਲਾਬੀ ਅਮਲ ਦੇ ਨਿਭਾਅ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਮੁਕਤੀ ਦੇ ਮਹਾਨ ਮਿਸ਼ਨ ਵਿੱਚ ਉਨ੍ਹਾਂ ਦਾ ਯਕੀਨ ਅੰਤਿਮ ਸਾਹਾਂ ਤਕ ਕਾਇਮ ਰਿਹਾ। ਇਹ ਜੀਵਨ ਅਮਲ ਇਨਕਲਾਬੀ ਸੰਗਰਾਮ ਵਿੱਚ ਜੁਟੇ ਲੋਕਾਂ ਲਈ ਸਦਾ ਪ੍ਰੇਰਨਾ ਬਣਿਆ ਰਹੇਗਾ। ਉਨਾਂ ਨੇ ਕਾਮਰੇਡ ਠਾਣਾ ਸਿੰਘ ਵੱਲੋਂ ਲਹਿਰ ਨੂੰ ਵੱਖ ਵੱਖ ਮੋੜਾਂ ’ਤੇ ਦਿੱਤੀ ਅਗਵਾਈ ਦੀ ਚਰਚਾ ਕੀਤੀ ਤੇ ਆਪਣੀ ਵਿਦਿਆਰਥੀ ਜਥੇਬੰਦੀ ਦੀ ਸਰਗਰਮੀ ਦੌਰਾਨ ਉਹਨਾਂ ਨਾਲ ਹੋਈ ਮੁਲਾਕਾਤ ਨੂੰ ਯਾਦ ਕੀਤਾ। ਉਹਨਾਂ ਦੱਸਿਆ ਕਿ ਹਰਮਨ ਪਿਆਰੇ ਆਗੂ ਸ਼ਹੀਦ ਪਿ੍ਰਥੀਪਾਲ ਰੰਧਾਵਾ ਦੇ ਕਤਲ ਮਗਰੋਂ ਠਾਣਾ ਸਿੰਘ ਨੇ ਆਪਣੀ ਜਥੇਬੰਦੀ ਵੱਲੋਂ ਡਟ ਕੇ ਵਿਦਿਆਰਥੀ ਘੋਲ ਦੀ ਹਮਾਇਤ ਕਰਨ ਦਾ ਭਰੋਸਾ ਦਿੱਤਾ ਸੀ। ਇਨਕਲਾਬੀ ਮੈਗਜ਼ੀਨ ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ ਨੇ ਕਾਮਰੇਡ ਠਾਣਾ ਸਿੰਘ ਵੱਲੋਂ ਕਮਿਊਨਿਸਟ ਇਨਕਲਾਬੀ ਲਹਿਰ ਦੇ ਵੱਖ ਵੱਖ ਮੋੜਾਂ ’ਤੇ ਦਿੱਤੀ ਦਰੁਸਤ ਅਗਵਾਈ ਦੇ ਹਵਾਲਿਆਂ ਨਾਲ ਉਹਨਾਂ ਦੇ ਰੋਲ ਦੀ ਚਰਚਾ ਕੀਤੀ। ਉਹਨਾਂ ਕਿਹਾ ਕਿ ਉਹ ਨਕਸਲਵਾੜੀ ਬਗਾਵਤ ਦੇ ਅਸਲ ਤੱਤ ਨੂੰ ਬੁੱਝਣ ਵਾਲੇ ਚੋਣਵੇਂ ਮੋਢੀ ਸਾਥੀਆਂ ’ਚ ਸ਼ੁਮਾਰ ਸਨ ਜਿਨ੍ਹਾਂ ਨੇ ਇਨਕਲਾਬੀ ਜਨਤਕ ਲੀਹ ਨੂੰ ਸਫ਼ਲਤਾ ਨਾਲ ਲਾਗੂ ਕੀਤਾ। ਉਹਨਾਂ ਕਾਮਰੇਡ ਠਾਣਾ ਸਿੰਘ ਦੀ ਜਥੇਬੰਦੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਮੁਲਕ ਤੇ ਸਮਾਜ ਅੰਦਰ ਆਈਆਂ ਤਬਦੀਲੀਆਂ ਨੂੰ ਨੋਟ ਕਰਦਿਆਂ ਮੌਜੂਦਾ ਗੁੰਝਲਦਾਰ ਹਾਲਤਾਂ ਵਿੱਚ ਅੱਗੇ ਵਧਣ ਲਈ ਉਹਨਾਂ ਦੀ ਜਥੇਬੰਦੀ ਲਹਿਰ ਨੂੰ ਰਸਤਾ ਦਿਖਾਵੇ।
ਕਮੇਟੀ ਮੈਂਬਰ ਪਾਵੇਲ ਕੁੱਸਾ ਦੀ ਮੰਚ ਸੰਚਾਲਨਾ ’ਚ ਹੋਏ ਇਸ ਸਮਾਗਮ ਦੌਰਾਨ ਉਹਨਾਂ ਦੇ ਨਿੱਜੀ ਮਿੱਤਰ ਡਾ.ਪਰਮਿੰਦਰ ਸਿੰਘ ਨੇ ਉਨਾਂ ਦੀ ਸਿਆਸੀ ਸਰਗਰਮੀ ਦੀ ਸ਼ੁਰੂਆਤ ਵੇਲੇ ਦੇ ਸਫ਼ਰ ਦੀ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਉੱਚ ਪੱਧਰੀ ਲਿਆਕਤ ਨੂੰ ਵਿਅਕਤੀਗਤ ਸੁਖ ਆਰਾਮ ਹਾਸਲ ਲਈ ਜਟਾਉਣ ਦੀ ਥਾਂ ਕਿਰਤ ਦੀ ਮੁਕਤੀ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਜਟਾਉਣ ਨੂੰ ਆਪਣਾ ਮਿਸ਼ਨ ਬਣਾਇਆ। ਉਨਾਂ ਨੇ ਕਾਮਰੇਡ ਠਾਣਾ ਸਿੰਘ ਵੱਲੋਂ ਅਧਿਆਪਕ ਜੀਵਨ ਦੀ ਸ਼ੁਰੂਆਤ ਵੇਲੇ ਅਗਾਂਹ ਵਧੂ ਕਦਰਾਂ ਨੂੰ ਅਮਲੀ ਜ਼ਿੰਦਗੀ ਅੰਦਰ ਲਾਗੂ ਕਰਨ ਦੀ ਘਟਨਾ ਦਾ ਵੀ ਜ਼ਿਕਰ ਕੀਤਾ। ਡਾ.. ਪਰਮਿੰਦਰ ਨੇ ਅਜਿਹੇ ਦੋਸਤ ਦੇ ਚਲੇ ਜਾਣ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਭਾਵਕ ਹੁੰਦਿਆਂ ਆਪਣੀ ਦੋਸਤੀ ’ਤੇ ਮਾਣ ਵੀ ਕੀਤਾ। ਇਹਨਾਂ ਤੋਂ ਇਲਾਵਾ ਅਦਾਰਾ ਪ੍ਰਤੀਬੱਧ ਵੱਲੋਂ ਲਖਵਿੰਦਰ ਨੇ ਵੀ ਲਹਿਰ ਵਿਚ ਉਹਨਾਂ ਦੀ ਦੇਣ ਨੂੰ ਉਚਿਆਇਆ। ਮੁੰਬਈ ਤੋਂ ਆਏ ਇਨਕਲਾਬੀ ਲਹਿਰ ਦੇ ਪੱਤਰਕਾਰ ਸਾਥੀ ਹਰਸ਼ ਠਾਕੁਰ ਵੱਲੋਂ ਵੀ ਵਿਛੜੇ ਕਾਮਰੇਡ ਨੂੰ ਸ਼ਰਧਾਂਜਲੀ ਵਜੋਂ ਦੋ ਸ਼ਬਦ ਕਹੇ ਗਏ। ਹਰਸ਼ ਠਾਕੁਰ ਨੇ ਕਾਮਰੇਡ ਨੂੰ ਸ਼ਰਧਾਂਜਲੀ ਨੋਟ ਵਜੋਂ ਇੱਕ ਲਿਖਤ ਵੀ ਲਿਖੀ ਸੀ ਜਿਹੜੀ ਕਾਊਂਟਰ-ਵਿਊ ਨਾਂ ਦੇ ਨਿਊਜ਼ ਪੋਰਟਲ ’ਤੇ ਪ੍ਰਕਾਸ਼ਿਤ ਹੋਈ ਸੀ। ਕਾਮਰੇਡ ਠਾਣਾ ਸਿੰਘ ਦੀ ਬੇਟੀ ਨਵਰਾਜ ਕੌਰ ਨੇ ਆਪਣੇ ਪਿਤਾ ਦੀ ਘਾਲਣਾ ’ਤੇ ਮਾਣ ਕਰਦਿਆਂ ਉਨ੍ਹਾਂ ਦੀ ਅੰਡਰਗਰਾਊਂਡ ਜ਼ਿੰਦਗੀ ਕਾਰਨ ਝੱਲੀਆਂ ਦੁਸ਼ਵਾਰੀਆਂ ਬਾਰੇ ਕੁਝ ਸ਼ਬਦ ਕਹੇ ਅਤੇ ਪਿੰਡ ਅੰਦਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ’ਤੇ ਮਾਣ ਮਹਿਸੂਸ ਕੀਤਾ। ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਵਾਸੀ ਗੁਰਭਗਤ ਸਿੰਘ ਭਲਾਈਆਣਾ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਠਾਣਾ ਸਿੰਘ ਦੀ ਇਨਕਲਾਬੀ ਕਰਨੀ ਨਾਲ ਪਿੰਡ ਦਾ ਮਾਣ ਵਧਿਆ ਹੈ। ਇਸ ਮੌਕੇ ਕਾ.ਠਾਣਾ ਸਿੰਘ ਦੀ ਜਥੇਬੰਦੀ ਸੀ.ਪੀ.ਆਰ.ਸੀ.ਆਈ.ਐਮ.ਐਲ., ਸੀ.ਪੀ.ਆਈ.ਐਮ.ਐਲ. ਨਿਊ ਡੈਮੋਕਰੇਸੀ, ਅਦਾਰਾ ਲਾਲ ਪਰਚਮ ਸਮੇਤ ਕਈ ਜਥੇਬੰਦੀਆਂ ਤੇ ਸਖਸ਼ੀਅਤਾਂ ਵੱਲੋਂ ਆਏ ਸ਼ੋਕ ਸੁਨੇਹੇ ਮੰਚ ਤੋਂ ਪੜ੍ਹੇ ਗਏ। ਤਕਰੀਰਾਂ ਦੇ ਦਰਮਿਆਨ ਇਨਕਲਾਬੀ ਗੀਤਾਂ ਕਵੀਸ਼ਰੀਆਂ ਦਾ ਸਿਲਸਿਲਾ ਵੀ ਚਲਦਾ ਰਿਹਾ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਸਾਥੀਆਂ ਵੱਲੋਂ ਕੁਝ ਕਵੀਸ਼ਰੀਆਂ ਸੁਣਾਈਆਂ ਗਈਆਂ। ਸਮਾਗਮ ਵਿਚ ਇਨਕਲਾਬੀ ਜਨਤਕ ਲਹਿਰ ਦੀਆਂ ਕਈ ਉੱਘੀਆਂ ਸਖਸ਼ੀਅਤਾਂ ਅਤੇ ਕਾਰਕੁੰਨ ਸ਼ਾਮਲ ਸਨ। ਪੰਡਾਲ ’ਚ ਠਾਣਾ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਨਾਅਰਿਆਂ ਦੀਆਂ ਫਲੈਕਸਾਂ ਸਨ।
ਸਮਾਗਮ ਵਿੱਚ ਸ਼ਾਮਲ ਲੋਕਾਂ ਲਈ ਲੰਗਰ ਸਮੇਤ ਸਭਨਾਂ ਇੰਤਜ਼ਾਮੀਆ ਕੰਮਾਂ ਵਿੱਚ ਪਿੰਡ ਵਾਸੀਆਂ ਨੇ ਡੂੰਘੀ ਅਪਣੱਤ ਨਾਲ ਸ਼ਮੂਲੀਅਤ ਕੀਤੀ ਤੇ ਆਪਣੇ ਵਿਛੜੇ ਗਰਾਈਂ ਵੱਲੋਂ ਘਾਲੀ ਗਈ ਘਾਲਣਾ ’ਤੇ ਮਾਣ ਮਹਿਸੂਸ ਕੀਤਾ।
No comments:
Post a Comment