Friday, November 10, 2023

ਸਾਮਰਾਜੀਆਂ ਨੂੰ ਸਾਰਾਗੜ੍ਹੀ ਅੱਜ ਵੀ ਲੋੜੀਂਦੀ ਹੈ....

 ਸਾਮਰਾਜੀਆਂ ਨੂੰ ਸਾਰਾਗੜ੍ਹੀ ਅੱਜ ਵੀ ਲੋੜੀਂਦੀ ਹੈ....

ਸਾਮਰਾਜੀਆਂ ਨੂੰ ਅੱਜ ਵੀ ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ ਜਿਉਂਦਾ ਰੱਖਣ ਦੀ ਲੋੜ ਹੈ ਕਿਉਂਕਿ ਉਸ ਜੰਗ ਰਾਹੀਂ ਸਾਡੀ ਧਰਤੀ ਦੇ ਪੁੱਤਰਾਂ ਨੇ ਬਸਤੀਵਾਦ ਦੇ ਤਖ਼ਤ ਦੀ ਰਾਖੀ ਕੀਤੀ ਸੀ, ਅੰਗਰੇਜ਼ ਸਾਮਰਾਜੀਆਂ ਦੇ ਧਾੜਵੀ ਰਾਜ ਲਈ ਡਟ ਕੇ ਆਪਣਾ ਲਹੂ ਵਹਾਇਆ ਸੀ। ਸਾਮਰਾਜੀਆਂ ਖਾਤਰ ਅੱਜ ਵੀ ਉਸਨੂੰ ਬਹਾਦਰੀ ਦੇ ਕਾਰਨਾਮੇ ਵਜੋਂ ਵਡਿਆਉਣ ਦੀ ਲੋੜ ਹੈ। ਕਿਉਂਕਿ ਉਹਨਾਂ ਨੇ ਸਾਡੀ ਜਵਾਨੀ ਦੀ ਸਾਮਰਾਜੀ ਜੰਗੀ ਮੰਤਵਾਂ ਵਾਸਤੇ ਅਜੇ ਵੀ ਵਰਤੋਂ ਕਰਨੀ ਹੈ। ਅਜੇ ਵੀ ਉਨ੍ਹਾਂ ਨੇ ਸਾਡੀ ਧਰਤੀ ਦੇ ਪੁੱਤਰਾਂ ਨੂੰ ਹੋਰਨਾਂ ਧਰਤੀਆਂ ’ਤੇ ਆਪਣੇ ਧਾੜਵੀ ਹਿੱਤਾਂ ਲਈ ਭੇਜਣਾ ਹੈ ਤੇ ਲੁਟੇਰੀਆਂ ਸਾਮਰਾਜੀ ਜੰਗਾਂ ਦੀਆਂ ਤੋਪਾਂ ਦਾ ਖਾਜਾ ਬਣਾਉਣਾ ਹੈ। ਹੋਰਨਾਂ ਗਰੀਬ ਦੇਸ਼ਾਂ ਵਿੱਚ ਜਾਕੇ ਲੁੱਟ ਮਚਾਉਣ ਵਾਲੀ ਫੌਜ ਵਜੋਂ ਸਾਡੀ ਵਰਤੋਂ ਕਰਨੀ ਹੈ। ਪਿਛਲੇ ਦਹਾਕਿਆਂ ਦੌਰਾਨ ਯੂ ਐਨ ਸ਼ਾਂਤੀ ਮਿਸ਼ਨਾਂ ਦੇ ਨਾਂ ਹੇਠ ਸਾਡੇ ਜਵਾਨ ਵੀ ਗਰੀਬ ਅਫਰੀਕੀ ਮੁਲਕਾਂ ਦੀਆਂ ਧਰਤੀਆਂ ਦੀ ਲੁੱਟ ਵਾਲੇ ਫ਼ੌਜੀਆਂ ਵਜੋਂ ਜਾਂਦੇ ਰਹੇ ਹਨ। ਅਫ਼ਗ਼ਾਨਿਸਤਾਨ ਦੀ ਨਿਹੱਕੀ ਸਾਮਰਾਜੀ ਜੰਗ ਵਿੱਚ ਵੀ ਅਮਰੀਕੀ ਸੇਵਾ ਖ਼ਾਤਰ ਸਾਡੇ ਸਿਪਾਹੀਆਂ ਦੀ ਬਲੀ ਦੇਣ ਲਈ ਦੇਸ਼ ਦੇ ਹਾਕਮ ਤਿਆਰ ਬਰ ਤਿਆਰ ਸਨ। ਹੁਣ ਵੀ ਆਪਣੇ ਦੇਸ਼ ਦੇ ਹਾਕਮ ਜਿਵੇਂ ਅਮਰੀਕੀ ਜੰਗੀ ਮਨਸੂਬਿਆਂ ਲਈ ਦੇਸ਼ ਦੀ ਫ਼ੌਜ ਦੇ ਸੋਮਿਆਂ ਨੂੰ ਪੇਸ਼ ਕਰ ਰਹੇ ਹਨ , ਇਹਦਾ ਸਾਰਾਗੜ੍ਹੀ ਦੀ ਜੰਗ ਦੇ ਇਤਿਹਾਸ ਨੂੰ ਸਾਡੇ ਲੋਕਾਂ ਦੀ ਬਹਾਦਰੀ ਦੇ ਕਾਰਨਾਮੇ ਵਜੋਂ ਪੇਸ਼ ਕਰਨ ਨਾਲ ਸਿੱਧਾ ਸੰਬੰਧ ਹੈ। ਅਮਰੀਕਾ ਨਾਲ ਕੀਤੇ ਗਏ ਜੰਗੀ ਸਮਝੌਤੇ ਸਿੱਧੇ ਤੌਰ ’ਤੇ ਹੀ ਭਾਰਤੀ ਫੌਜ ਨੂੰ ਅਮਰੀਕੀ ਫੌਜ ਦੀ ਸਹਾਇਕ ਵਜੋਂ ਝੋਕੇ ਜਾਣ ਦੇ ਕੀਤੇ ਗਏ ਇੰਤਜ਼ਾਮ ਹਨ। ਉਦੋਂ ਵੀ ਅੰਗਰੇਜ਼ਾਂ ਨੇ ਕਰਜ਼ਿਆਂ ਝੰਬੀ ਪੰਜਾਬ ਦੀ ਕਿਸਾਨੀ ਦੇ ਪੁੱਤਾਂ ਨੂੰ ਅਜਿਹੀ ਵਡਿਆਈ ਦੇ ਰਾਹੀਂ ਸਾਮਰਾਜੀ ਸੰਸਾਰ ਜੰਗਾਂ ਦਾ ਖਾਜਾ ਬਣਾਇਆ ਸੀ। ਪੰਜਾਬ ਅੰਗਰੇਜ਼ ਬਸਤੀਵਾਦੀਆਂ ਲਈ ਫੌਜੀ ਸਪਲਾਈ ਕਰਨ ਵਾਲੀ ਸਭ ਤੋਂ ਮਹੱਤਵਪੂਰਨ ਧਰਤੀ ਸੀ। ਭਾਰਤੀ ਹਾਕਮਾਂ ਨੂੰ ਵੀ ਅੰਨ੍ਹੇ ਤੇ ਫਿਰਕੂ ਕੌਮਵਾਦ ਦੇ ਦੁਆਲੇ ਜੰਗਾਂ ਲੜਨ ਲਈ ਅਜਿਹਾ ਇਤਿਹਾਸ ਲੋੜੀਂਦਾ ਹੈ। ਆਪਣੇ ਪਸਾਰਵਾਦੀ ਹਿੱਤਾਂ ਲਈ ਆਂਢ ਗੁਆਂਢ ਦੇ ਮੁਲਕਾਂ ਨਾਲ ਆਢਾ ਲਾਉਣ ਖ਼ਾਤਰ ਲੋੜੀਂਦਾ ਹੈ।

 ਸਾਰਾਗੜ੍ਹੀ ਦੀ ਜੰਗ ਵਿਚ ਬਹਾਦਰੀ ਦਿਖਾਉਣ ਦਾ ਇਤਿਹਾਸ ਅੱਜ ਦੇ ਸਾਮਰਾਜੀਆਂ ਨੂੰ ਵੀ ਰਾਸ ਬੈਠਦਾ ਹੈ। ਜਦਕਿ ਅੰਗਰੇਜ਼ ਸਾਮਰਾਜੀਆਂ ਖ਼ਿਲਾਫ਼ ਹੱਸ-ਹੱਸ ਫਾਂਸੀਆਂ ’ਤੇ ਝੂਲ ਜਾਣ ਵਾਲੇ ਮਦਨ ਲਾਲ ਢੀਂਗਰੇ , ਕਰਤਾਰ ਸਰਾਭੇ , ਊਧਮ ਸਿੰਘ ਤੇ ਭਗਤ ਸਿੰਘ ਵਰਗੇ ਅਨੇਕ ਸੂਰਮਿਆਂ ਦਾ ਇਤਿਹਾਸ ਲੋਕਾਂ ਨੂੰ ਰਾਸ ਬੈਠਦਾ ਹੈ। ਲੁੱਟੇ ਜਾਣ ਵਾਲਿਆਂ ਤੇ ਲੁਟੇਰਿਆਂ ਦਾ ਇਤਿਹਾਸ , ਦਬਾਉਣ ਵਾਲੀ ਅਤੇ ਦਬਾਈ ਗਈ ਮਜ਼ਲੂਮ ਕੌਮ ਦਾ ਇਤਿਹਾਸ ਆਪੋ ਆਪਣਾ ਹੈ ਤੇ ਉਸੇ ਹਿਸਾਬ ਹੀ ਇਤਿਹਾਸ ਵਰਤਮਾਨ ਦੀ ਸੇਵਾ ਕਰਦਾ ਹੈ।     

No comments:

Post a Comment