Friday, November 10, 2023

 ਇਨਕਲਾਬੀ ਜਥੇਬੰਦੀਆਂ ਵੱਲੋਂ ਫ਼ਲਸਤੀਨੀ ਲੋਕਾਂ ਦੇ ਹੱਕ ’ਚ ਵਿਸ਼ਾਲ ਕਨਵੈਨਸ਼ਨ ਅਤੇ ਮੁਜ਼ਾਹਰਾ


ਦੋ ਇਨਕਲਾਬੀ ਧਿਰਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਅਤੇ ਇਨਕਲਾਬੀ ਕੇਂਦਰ, ਪੰਜਾਬ ਵਲੋਂ ਸਾਂਝੇ ਤੌਰ ’ਤੇ ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਵਹਿਸ਼ੀਆਨਾ ਬੰਬਾਰੀ ਦੇ ਖਿਲਾਫ਼ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਮੋਗਾ ਵਿਖੇ 26 ਅਕਤੂਬਰ ਨੂੰ ਵਿਸ਼ਾਲ ਕਨਵੈਨਸ਼ਨ ਕੀਤੀ ਗਈ। 

ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ, ਇਨਕਲਾਬੀ ਕੇਂਦਰ, ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਖਚਾਖਚ ਭਰੇ ਸ਼ਹੀਦ ਨਛੱਤਰ ਸਿੰਘ ਯਾਦਗਾਰ ਹਾਲ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਦੇਸ਼ ਫ਼ਲਸਤੀਨ ਦੀ ਪ੍ਰਭੂਸੱਤਾ ਲਈ ਲੜ ਰਹੇ ਲੋਕਾਂ ਨਾਲ ਖੜ੍ਹਨ, ਉਹਨਾਂ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਉਣ ਅਤੇ ਇਜ਼ਰਾਈਲੀ ਬੰਬਾਰੀ ਦੇ ਖ਼ਿਲਾਫ਼ ਵਿਸ਼ਾਲ ਲਾਮਬੰਦੀ ਕਰਨ ਦੀ ਅੱਜ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਬਿਜਲੀ, ਪਾਣੀ, ਦਵਾਈਆਂ ਸਮੇਤ ਮਨੁੱਖੀ ਇਮਦਾਦ ਬੰਦ ਕਰਕੇ ਲੋਕਾਂ ਨੂੰ ਮਾਨਵੀ ਸਹੂਲਤਾਂ ਤੋਂ ਵਾਂਝੇ ਕਰਕੇ ਮੌਤ ਦੇ ਮੂੰਹ ਵਿੱਚ ਧੱਕਿਆ ਜਾ ਰਿਹਾ ਹੈ। ਅਮਰੀਕਾ ਦੀ ਅਗਵਾਈ ’ਚ ਦੂਨੀਆਂ ਭਰ ’ਚ ਤੇਲ, ਹਥਿਆਰਾਂ ਰਾਹੀਂ ਮੁਨਾਫ਼ਾ ਕਮਾਉਣ ਲਈ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਣ ਨਾਲ ਉਹ ਮੁਰਦਾ-ਘਰ ਬਣੇ ਹੋਏ ਹਨ। ਇਜ਼ਰਾਈਲ ਨੇ ਯੁੱਧ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਹੈ ਅਤੇ ਗਾਜ਼ਾ ਪੱਟੀ ਨੂੰ ਖੁੱਲ੍ਹੀ ਜੇਲ੍ਹ ਬਣਾਇਆ ਹੋਇਆ ਹੈ। ਉਹ ਫ਼ਲਸਤੀਨੀਆਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਵਿੱਚ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ। ਇਜ਼ਰਾਈਲ ਸਰਕਾਰ ਦੇ ਇਹਨਾਂ ਹਮਲਿਆਂ ਦਾ ਇਜ਼ਰਾਈਲ ਦੇ ਅੰਦਰ ਵੀ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਲੋਕ ਸਰਕਾਰ ਨੂੰ ਗੈਰ-ਜਮਹੂਰੀ, ਭਿ੍ਰਸ਼ਟ ਤੇ ਜ਼ਾਲਮ ਕਹਿ ਰਹੇ ਹਨ। ਦੁਨੀਆਂ ਭਰ ਵਿੱਚ ਲੋਕਾਂ ਦੀਆਂ ਭੀੜਾਂ ਫ਼ਲਸਤੀਨੀਆਂ ਦੇ ਹੱਕ ਵਿੱਚ ਸੜਕਾਂ ਉੱਪਰ ਉੱਤਰ ਆਈਆਂ ਹਨ। ਉਨ੍ਹਾਂ ਕਿਹਾ ਕਿ ਯੂ.ਐਨ.ਓ.ਦੇ ਜਨਰਲ ਸਕੱਤਰ ਨੇ ਵੀ ਫ਼ਲਸਤੀਨ ਵਿੱਚ ਆਮ ਲੋਕਾਂ ਨੂੰ ਦੱਖਣੀ ਗਾਜ਼ਾ ਵਿੱਚ ਲੋਕਾਂ ਨੂੰ ਘਰ ਛੱਡ ਕੇ ਜਾਣ ਲਈ ਦਿੱਤੇ ਅਲਟੀਮੇਟਮ ਨਾਲ ਬੱਚਿਆਂ, ਬੁੱਢਿਆਂ ਅਤੇ ਔਰਤਾਂ ਨੂੰ ਬੇਘਰ ਕੀਤੇ ਜਾਣ ਨਾਲ ਹੋਣ ਵਾਲੀਆਂ ਮੁਸ਼ਕਿਲਾਂ ’ਤੇ ਯੂ.ਐੱਨ.ਓ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਯੂ.ਐਨ.ਓ. ’ਚ ਪਾਸ ਮਤਾ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਅਲੰਬਰਦਾਰੀ ਦਾ ਦਾਅਵਾ ਕਰਨ ਵਾਲੀਆਂ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੇ ਫ਼ਲਸਤੀਨੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਪਾਬੰਦੀਆਂ ਲਾਉਣ ਦੇ ਐਲਾਨ ਕੀਤੇ ਹਨ ਪਰ ਇਹਨਾਂ ਪਾਬੰਦੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਫ਼ਲਸਤੀਨੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਹੋ ਰਹੇ ਹਨ। 

ਆਗੂਆਂ ਨੇ ਦੋਸ਼ ਲਗਾਇਆ ਕਿ ਫ਼ਲਸਤੀਨ ਵਿੱਚ ਹੋ ਰਹੇ ਮਨੁੱਖੀ ਘਾਣ ਸਮੇਂ ਮੋਦੀ ਦੇ ਦੋਗਲੇਪਨ ਦਾ ਨੋਟਿਸ ਲਿਆ ਤੇ ਕਿਹਾ ਕਿ ਭਾਰਤ ਸਰਕਾਰ ਫ਼ਲਸਤੀਨ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੇ ਹੱਕ ’ਚ ਤਾਂ ਬੋਲੀ ਹੈ ਪ੍ਰੰਤੂ ਹਕੀਕੀ ਰੂਪ ’ਚ ਦਿੱਲੋਂ ਦਿਮਾਗ ਨਾਲ ਅਮਰੀਕਾ ਅਤੇ ਇਜ਼ਰਾਇਲ ਨਾਲ ਖੜ੍ਹੀ ਹੈ। ਉਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਇਜ਼ਰਾਇਲ ਵੱਲੋਂ ਕੀਤੀ ਜਾ ਰਹੀ ਬੰਬਾਰੀ ’ਤੇ ਵਿਰੋਧ ਦਰਜ ਕਰਾਉਣਾ ਚਾਹੀਦਾ ਹੈ। ਬੁਲਾਰਿਆਂ ਨੇ ਫ਼ਲਸਤੀਨ ਦੀ ਆਜ਼ਾਦੀ ਬਹਾਲ ਕਰਨ ਦੀ ਮੰਗ ਦੇ ਹੱਕ ’ਚ ,ਨਿਹੱਕੀ ਜੰਗ ਬੰਦ ਕਰਨ ਦੀ ਮੰਗ ਦੇ ਮਤੇ ਦੋਹੇਂ ਹੱਥ ਖੜ੍ਹੇ ਕਰ ਕੇ ਮਨਜੂਰੀ ਦਿੱਤੀ। ਕਨਵੈਨਸ਼ਨ ਦੇ ਫਰਜ਼ ਸੰਚਾਲਨ ਸਾਥੀ ਨਰੈਣ ਦੱਤ ਨੇ ਬਾਖ਼ੂਬੀ ਨਿਭਾਏ।   

ਕਨਵੈਨਸ਼ਨ ਉਪਰੰਤ ਝੰਡੇ, ਬੈਨਰ, ਹਮਲੇ ਦੇ ਵਿਨਾਸ਼ ਦੀਆਂ ਤਸਵੀਰਾਂ ਲੈ ਕੇ ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਰੋਹ ਭਰਪੂਰ ਮੁਜ਼ਾਹਰਾ ਕੀਤਾ।

(ਪ੍ਰੈਸ ਲਈ ਜਾਰੀ ਬਿਆਨ)  

No comments:

Post a Comment