ਭਾਰਤ-ਕੈਨੇਡਾ ਟਕਰਾਅ:
ਮੋਦੀ ਦੇ ਸੰਸਾਰ ਤਾਕਤੀ ਦਾਅਵਿਆਂ ਦੀ ਹਵਾ ਕੱਢਦੇ ਸਾਮਰਾਜੀਏ ਹੁਕਮਰਾਨ
ਕੈਨੇਡਾ ਤੇ ਭਾਰਤ ਦੀਆਂ ਸਰਕਾਰਾਂ ’ਚ ਬਣਿਆ ਤਣਾਅ ਪਿਛਲੇ ਮਹੀਨਿਆਂ ਦੌਰਾਨ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਰਿਹਾ ਹੈ। ਇਸ ਰੱਟੇ ਦੀ ਸ਼ੁਰੂਆਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਮੈਂਟ ’ਚ ਭਾਰਤੀ ਹਕੂਮਤ’ਤੇ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ’ਚ ਹੋਈ ਹੱਤਿਆ ਦੇ ਦੋਸ਼ ਧਰਨ ਨਾਲ ਹੋਈ ਸੀ ਤੇ ਫਿਰ ਦੋਹਾਂ ਪਾਸਿਆਂ ਤੋਂ ਬਿਆਨਬਾਜ਼ੀ ਦਾ ਸਿਲਸਿਲਾ ਚੱਲਿਆ। ਇਹ ਸਿਲਸਿਲਾ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਮੁਲਕ ’ਚੋਂ ਇੱਕ ਵਾਰ ਚੱਲਦਾ ਕਰਨ ਤੇ ਸਟਾਫ਼ ’ਚ ਕਟੌਤੀ ਕਰਨ ਤੱਕ ਪੁੱਜਿਆ। ਭਾਰਤ ਨੇ ਤਾਂ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਬੰਦ ਕਰਨ ਦਾ ਕਦਮ ਵੀ ਚੱਕ ਲਿਆ। ਸਾਡੇ ਦੇਸ਼ ਭਰ ’ਚੋਂ ਲੱਖਾਂ ਲੋਕ ਕੈਨੇਡਾ ’ਚ ਵਸਦੇ ਹਨ ਤੇ ਪੰਜਾਬ ’ਚੋਂ ਵੀ ਵੱਡੀ ਗਿਣਤੀ ’ਚ ਲੋਕ ਕੈਨੇਡਾ ਪ੍ਰਵਾਸ ਕਰ ਰਹੇ ਹਨ। ਲੋਕਾਂ ਦਾ ਦੋਹਾਂ ਪਾਸਿਆਂ ਦਾ ਆਉਣ ਜਾਣ ਹੁਣ ਇੱਕ ਆਮ ਤੇ ਵਿਆਪਕ ਵਰਤਾਰਾ ਹੈ। ਇਸ ਲਈ ਇਹਨਾਂ ਤਣਾਅ ਭਰੇ ਸੰਬੰਧਾਂ ਬਾਰੇ ਆਮ ਲੋਕਾਂ ਤੱਕ ਫਿਕਰਮੰਦੀ ਜਾਗੀ ਹੈ। ਹਰਦੀਪ ਸਿੰਘ ਨਿੱਝਰ ਕੈਨੇਡਾ ਦੇ ਸਰੀ ’ਚ ਗੁਰਦੁਆਰੇ ਦਾ ਪ੍ਰਧਾਨ ਤੇ ਖਾਲਿਸਤਾਨੀ ਵਿਚਾਰਾਂ ਵਾਲਾ ਵਿਅਕਤੀ ਸੀ। ਭਾਰਤ ਸਰਕਾਰ ਅਨੁਸਾਰ ਉਸਦੀ ਖਾਲਿਸਤਾਨ ਟਾਈਗਰ ਫੋਰਸ ਨਾਂ ਦੀ ਜਥੇਬੰਦੀ ਭਾਰਤ ਅੰਦਰ ਦਹਿਸ਼ਤਗਰਦ ਕਾਰਵਾਈ ਨੂੰ ਅੰਜਾਮ ਦਿੰਦੀ ਹੈ। ਨਿੱਝਰ ਨੂੰ ਜੂਨ ਮਹੀਨੇ ’ਚ ਅਣਪਛਾਤੇ ਵਿਅਕਤੀਆਂ ਨੇ ਸਰੀ (ਕੈਨੇਡਾ) ’ਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਟਰੂਡੋ ਨੇ ਪਾਰਲੀਮੈਂਟ ’ਚ ਨਿੱਝਰ ਦੀ ਹੱਤਿਆ ਦੀਆਂ ਤੰਦਾਂ ਭਾਰਤ ਸਰਕਾਰ ਨਾਲ ਜੁੜਦੀਆਂ ਹੋਣ ਬਾਰੇ ਸਬੂਤ ਹੋਣ ਦਾ ਦਾਅਵਾ ਕਰਦਾ ਬਿਆਨ ਦਿੱਤਾ। ਸਰਕਾਰ ਨੇ ਪੈਂਦੀ ਸੱਟੇ ਇਹਨਾਂ ਦੋਸ਼ਾਂ ਨੂੰ ਰੱਦ ਕੀਤਾ ਤੇ ਖਾਲਿਸਤਾਨੀ “ਵੱਖਵਾਦੀਆਂ” ਨੂੰ ਸ਼ਹਿ ਦੇਣ ਦੀ ਕੈਨੇਡਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਅਤੇ ਇਹਨਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।
ਇਸ ਘਟਨਾਕ੍ਰਮ ਨੂੰ ਸਮਝਣ ਦਾ ਇੱਕ ਬੁਨਿਆਦੀ ਨੁਕਤਾ ਇਹ ਹੈ ਕਿ ਇਹ ਕਿਸੇ ਵਿਕਸਿਤ ਪੂੰਜੀਵਾਦੀ ਮੁਲਕ (ਜਿਹੜਾ ਸਾਮਰਾਜੀ ਮਹਾਂਸ਼ਕਤੀ ਦਾ ਪੱਕਾ ਸੰਗੀ ਹੈ) ਅਤੇ ਪੱਛੜੇ ਮੁਲਕ ਦੇ ਹਾਕਮਾਂ ਦਰਮਿਆਨ ਕਿਸੇ ਆਰਥਿਕ ਮੁੱਦਿਆਂ ਨੂੰ ਲੈ ਕੇ ਪਿਆ ਰੱਟਾ ਨਹੀਂ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਇਸ ਟਕਰਾਅ ਦਾ ਤੱਤ ਭਾਰਤ ਦੇ ਅਧੀਨਗੀ ਵਾਲੇ ਰਿਸ਼ਤੇ ਤਹਿਤ ਸਾਮਰਾਜੀ ਲੁੱਟ-ਖਸੁੱਟ ਦੇ ਕਿਸੇ ਖੇਤਰ ਜਾਂ ਕਦਮਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਆਨਾਕਾਨੀ ਦਾ ਨਹੀਂ ਹੈ। ਉਸ ਪੱਖੋਂ ਤਾਂ ਸਭ “ਸੁੱਖ-ਸਾਂਦ” ਹੈ ਤੇ ਭਾਰਤ ਉਵੇਂ ਜਿਵੇਂ ਇਹਨਾਂ ਮੁਲਕਾਂ ਲੜ ਲੱਗ ਕੇ ‘ਵਿਕਾਸ’ ਦੇ ਰਾਹ ਤੁਰਦਿਆਂ ‘ਸੰਸਾਰ ਸ਼ਕਤੀ’ ਬਣ ਜਾਣ ਲਈ ਉਤਾਵਲਾ ਹੈ। ਇਹ ਟਕਰਾਅ ਮੁੱਖ ਤੌਰ ’ਤੇ ਆਪੋ ਆਪਣੇ ਮੁਲਕਾਂ ਅੰਦਰਲੀ ਵੋਟ ਸਿਆਸਤ ਦੀਆਂ ਗਿਣਤੀਆਂ ਤੋਂ ਪ੍ਰੇਰਿਤ ਹੈ ਜਿਸ ਵਿੱਚ ਕੌਮਾਂਤਰੀ ਪੱਧਰ ’ਤੇ ਤਿੱਖੇ ਹੋ ਰਹੇ ਸਾਮਰਾਜੀ ਸੰਕਟਾਂ ਦਰਮਿਆਨ ਦੇਸ਼ਾਂ ਦੇ ਆਪਸੀ ਸੰਬੰਧਾਂ ’ਚ ਹੋ ਰਹੀ ਉਥਲ ਪੁਥਲ ਦੇ ਅੰਸ਼ਾਂ ਨੇ ਵੀ ਆਪਣਾ ਰੋਲ ਅਦਾ ਕੀਤਾ ਹੈ। ਇਸ ਸੰਸਾਰ ਦੇ ਪਿਛਾਖੜੀ ਨਿਜ਼ਾਮਾਂ ਦੀ ਹਕੀਕਤ ਹੈ ਕਿ ਸਭਨਾਂ ਪਿਛਾਖੜੀ ਹਕੂਮਤਾਂ ਵੱਲੋਂ ਦੂਸਰੇ ਮੁਲਕਾਂ ’ਚ ਆਪਣੇ ਵਿਰੋਧੀਆਂ ਨੂੰ ਵੱਖ-ਵੱਖ ਢੰਗਾਂ ਨਾਲ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਜਿੰਨ੍ਹਾਂ ’ਚ ਸਭ ਤੋਂ ਮੋਹਰੀ ਸੰਸਾਰ ਸਾਮਰਾਜ ਦਾ ਸਰਗਨਾ ਅਮਰੀਕਾ ਹੈ। ਇਸ ਵੱਲੋਂ ਦੁਨੀਆਂ ਭਰ ’ਚ ਰਾਜ ਪਲਟੇ ਕਰਵਾਉਣ, ਆਪਣੀਆਂ ਵਿਰੋਧੀ ਹਕੂਮਤਾਂ ਦੇ ਆਗੂਆਂ ਨੂੰ ਕਤਲ ਕਰਵਾਉਣ ਤੇ ਅਜਿਹੀਆਂ ਅਨੇਕਾਂ ਸਾਜਿਸ਼ਾਂ ਰਚਣ ਦਾ ਲੰਮਾ ਇਤਿਹਾਸ ਹੈ। ਇਸਦੀ ਏਜੰਸੀ ਸੀ.ਆਈ.ਏ. ਦੁਨੀਆਂ ਭਰ ’ਚ ਬਦਨਾਮ ਹੈ ਤੇ ਜਿਸਦੀ ਚਰਚਾ ਆਮ ਕਰਕੇ ਇਸਦੇ ਵਿਰੋਧੀ ਆਗੂਆਂ ਵੱਲੋਂ ਹੁੰਦੀ ਰਹਿੰਦੀ ਹੈ। ਇਉਂ ਸਭਨਾਂ ਨਿਯਮਾਂ, ਕਾਨੂੰਨਾਂ ਤੇ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਥੱਲੇ ਰੋਲਣ ਵਾਲੀਆਂ ਅਤੇ ਆਪਣੇ ਆਰਥਿਕ ਸਿਆਸੀ ਹਿੱਤਾਂ ਨੂੰ ਪੁਗਾਉਣ ਲਈ ਹਰ ਜਾਇਜ਼ ਨਜਾਇਜ਼ ਢੰਗ ਅਪਣਾਉਣ ਵਾਲੀਆਂ ਹਕੂਮਤਾਂ ਲਈ ਇਹ ਕੋਈ ਨਵਾਂ ਜਾਂ ਓਪਰਾ ਵਰਤਾਰਾ ਨਹੀਂ ਹੈ। ਇਹ ਨਵਾਂ ਜਾਂ ਓਪਰਾ ਏਸ ਕਰਕੇ ਬਣ ਗਿਆ ਹੈ, ਕਿਉਂਕਿ ਇਹ ਕਦਮ ਇੱਕ ਅਧੀਨ ਮੁਲਕ ਦੀ ਚੱਕਵੀਂ ਹਕੂਮਤ ਨੇ ਲਿਆ ਹੈ। ਜਿਸਨੂੰ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਹਾਕਮ ਅਜਿਹੀ ਔਕਾਤ ਦੇ ਘੇਰੇ ਤੋਂ ਬਾਹਰ ਰੱਖਦੇ ਹਨ। ਅਗਾਂਹ ਇਹ ਕਦਮ ਕੈਨੇਡਾ ਵਰਗੇ ਜੀ-7 ਦੇ ਮੁਲਕ ਅੰਦਰ ਲਿਆ ਗਿਆ ਹੈ ਜਿਹੜਾ ਉਹਨਾਂ ਨੂੰ ਨਾ-ਮਨਜ਼ੂਰ ਹੈ।
ਇਸ ਕਤਲ ਦੇ ਮਾਮਲੇ ’ਚ ਇਸ ਪਹਿਲੂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੋਦੀ ਸਰਕਾਰ ਇਹਦੇ ’ਚ ਸ਼ਾਮਲ ਨਹੀਂ ਹੈ। ਇਹਦੇ ਵੱਲੋਂ ਖਾਲਿਸਤਾਨੀ ਅਨਸਰਾਂ ਖ਼ਿਲਾਫ਼ ਕਾਰਵਾਈ ਰਾਹੀਂ ਰਾਸ਼ਟਰੀ ਸੁਰੱਖਿਆ ਦੀ ਜ਼ਾਮਨੀ ਦਾ ਸ਼ਾਵਨਵਾਦੀ ਬਿਰਤਾਂਤ ਤਕੜਾ ਕਰਨ ਦਾ ਲਿਆ ਜਾ ਰਿਹਾ ਪੈਂਤੜਾ ਅਜਿਹੇ ਹੀ ਸੰਕੇਤ ਦਿੰਦਾ ਹੈ। ਪਹਿਲਾਂ ਅੰਮਿ੍ਰਤਪਾਲ ਦੀ ਗਿ੍ਰਫਤਾਰੀ ਦੇ ਡਰਾਮੇ ਨੂੰ ਇੱਕ ਵੱਡੀ ਰਾਸ਼ਟਰਵਾਦੀ ਦਰਸ਼ਨੀ ਕਾਰਵਾਈ ’ਚ ਤਬਦੀਲ ਕਰਕੇ ਅਜਿਹਾ ਹੀ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਸੀ ਕਿ ਦੇਸ਼ ਵਾਸੀਆਂ ਨੂੰ ਇੱਕ ‘ਵੱਖਵਾਦੀ’ ਤਾਕਤ ਦੇ ਸੰਭਾਵੀ ਹਮਲੇ ਤੋਂ ਬਚਾ ਲਿਆ ਗਿਆ ਹੈ ਤੇ ਮੋਦੀ ਸਰਕਾਰ ਰਾਸ਼ਟਰ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅੰਨ੍ਹੇ ਰਾਸ਼ਟਰਵਾਦੀ ਬਿਰਤਾਂਤ ਨੂੰ ਤਕੜਾ ਕਰਨ ਲਈ ਇਸ ਵੱਲੋਂ ਬਾਲਾਕੋਟ ਸਟਰਾਈਕ ਵਰਗੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ ਤੇ ਇਹਦੇ ਜ਼ੋਰ ’ਤੇ ਫ਼ਿਰਕੂ ਰਾਸ਼ਟਰਵਾਦੀ ਹੰਕਾਰ ਦੇ ਰੱਥ ’ਤੇ ਸਵਾਰ ਹੋ ਕੇ ਗੱਦੀ ਦੁਬਾਰਾ ਹਾਸਲ ਕੀਤੀ ਗਈ ਸੀ। ਇਹਨਾਂ ਕਾਰਵਾਈਆਂ ਰਾਹੀਂ ਮੋਦੀ ਸਰਕਾਰ ਦਾ ‘ਦੁਸ਼ਮਣ ਦੇ ਘਰ ’ਚ ਘੁਸ ਕੇ ਮਾਰਨ’ ਵਾਲਾ ਨਕਸ਼ਾ ਉਭਾਰਿਆ ਗਿਆ ਹੈ ਜਿਹੜਾ ਦੇਸ਼ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਇਸ ਪੈਂਤੜੇ ਦੀ ਵਰਤੋਂ ਪਾਕਿਸਤਾਨ ਖ਼ਿਲਾਫ਼ ਤਾਂ ਪੁੱਗ ਗਈ ਸੀ ਪਰ ਹੁਣ ‘ਘੁਸ ਕੇ ਮਾਰਨ’ ਦਾ ਪੰਗਾ ਗਲਤ ਮੁਲਕ ’ਚ ਲੈ ਲਿਆ ਗਿਆ ਹੈ ਜਿਸਦਾ ਮੋੜਵਾਂ ਪ੍ਰਤੀਕਰਮ ਮੋਦੀ ਸਰਕਾਰ ਨੂੰ ਕੌਮਾਂਤਰੀ ਸੰਬੰਧਾਂ ’ਚ ਉਸਦੀ ਹੈਸੀਅਤ ਦੀ ਹਕੀਕਤ ਦਿਖਾ ਰਿਹਾ ਹੈ। ਇਹ ਹੈਸੀਅਤ ਐਨ ਉਦੋਂ ਦਿਖਾਈ ਗਈ ਹੈ ਜਦੋਂ ਮੋਦੀ ਸਰਕਾਰ ਜੀ-20 ਦੀ ਮੀਟਿੰਗ ਦੀ ਸਫ਼ਲਤਾ ਦਾ ਸਿਹਰਾ ਸਜਾ ਕੇ, ਦੁਨੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਵਾਲਾ ਰੁਤਬਾ ਦਿਖਾਉਣ ਦੀ ਕਸਰਤ ਕਰਨ ਹੀ ਲੱਗੀ ਸੀ। ਮੋਦੀ ਸਰਕਾਰ ਵੱਲੋਂ ਜੀ-20 ਮੀਟਿੰਗਾਂ ਦੀ ਮੇਜ਼ਬਾਨੀ ਨੂੰ ਜਿਵੇਂ ‘ਵਿਸ਼ਵ ਗੁਰੂ’ ਹੋਣ ਦੀ ਨੁਮਾਇਸ਼ ਵਜੋਂ ਵਰਤਿਆ ਗਿਆ ਸੀ, ਇਹ ਆਉਂਦੀਆਂ ਚੋਣਾਂ ’ਚ ਲਾਹਾ ਲੈਣ ਦੀ ਜਾਣੀ ਪਛਾਣੀ ਕਵਾਇਦ ਸੀ। ਇਸ ਖਾਤਰ ਜੀ-20 ਦੀ ਪ੍ਰਧਾਨਗੀ ਬਾਰੇ ਬਹੁਤ ਵਧਵੀਂ ਪੇਸ਼ਕਾਰੀ ਕੀਤੀ ਗਈ ਤੇ ਮੋਦੀ ਦਾ ਸੰਸਾਰ ਲੀਡਰ ਵਾਲਾ ਨਕਸ਼ ਉਭਾਰਨ ਲਈ ਸਾਰਾ ਗੋਦੀ-ਮੀਡੀਆ ਪੱਬਾਂ ਭਾਰ ਹੋਇਆ। ਜੀ-20 ਮੁਲਕਾਂ ਦਾ ਅੰਤ ’ਤੇ ਸਾਂਝਾ ਬਿਆਨ ਜਾਰੀ ਹੋਣ ਨੂੰ ਵੀ ਮੋਦੀ ਦੀ ਕੂਟਨੀਤਿਕ ਸਫ਼ਲਤਾ ਵਜੋਂ ਧੁਮਾਇਆ ਗਿਆ ਕਿਉਂਕਿ ਰੂਸ-ਯੂਕਰੇਨ ਜੰਗ ਦੇ ਚੱਲਦਿਆਂ ਸਾਂਝੀ ਸਹਿਮਤੀ ਬਣ ਪਾਉਣ ਦੀਆਂ ਸੰਭਾਵਨਾਵਾਂ ਸ਼ੱਕੀ ਬਣੀਆਂ ਹੋਈਆਂ ਸਨ ਤੇ ਪਹਿਲੀਆਂ ਜੀ-20 ਮੀਟਿੰਗਾਂ ’ਚ ਘੱਟੋ-ਘੱਟ ਸਹਿਮਤੀ ਵਾਲੇ ਸਾਂਝੇ ਬਿਆਨ ਜਾਰੀ ਨਹੀਂ ਹੋ ਸਕੇ ਸਨ। ਇਸ ਕੂਟਨੀਤਿਕ ਸਫ਼ਲਤਾ ਦਾ ਤੱਤ ਅਸਲ ਵਿੱਚ ਤਾਂ ਅਮਰੀਕੀ ਸਾਮਰਾਜੀ ਧੜੇ ਦੀ ਪਹਿਲਾਂ ਦੇ ਮੁਕਾਬਲੇ ਕਮਜ਼ੋਰੀ ਵਾਲੀ ਹੈਸੀਅਤ ’ਚੋਂ ਉਪਜੀ ਬੇਵਸੀ ਸੀ ਜਿਹੜੀ ਇਸ ਬਿਆਨ ’ਚ ਰੂਸ ਦੀ ਨਿੰਦਾ ਨਾ ਕਰ ਸਕਣ ਨੂੰ ਪ੍ਰਵਾਨ ਕਰਨ ਰਾਹੀਂ ਜਾਹਰ ਹੋਈ ਸੀ। ਕਿਸੇ ਹੱਦ ਤੱਕ ਇਸ ਘਟਨਾਕ੍ਰਮ ’ਚ ਭਾਰਤ ਦੀ ਭੂਮਿਕਾ ਤੋਂ ਅਮਰੀਕੀ ਖੇਮੇ ’ਚ ਨਰਾਜ਼ਗੀ ਦਾ ਅੰਸ਼ ਮੌਜੂਦ ਸੀ ਜਿਹੜਾ ਬਾਇਡਨ ਦੇ ਸੰਕੇਤਾਂ ਰਾਹੀਂ ਜਾਹਰ ਹੋਇਆ ਸੀ। ਪ੍ਰੈਸ ਹਲਕਿਆਂ ’ਚ ਇਹ ਚਰਚਾ ਵੀ ਹੋਈ ਹੈ ਕਿ ਟਰੂਡੋ ਨੇ ਮੋਦੀ ਕੋਲ ਜੀ-20 ਦੀ ਮੀਟਿੰਗ ਮੌਕੇ ਨਿੱਝਰ ਦੀ ਹੱਤਿਆ ਦਾ ਮਾਮਲਾ ਰੱਖਿਆ ਸੀ ਤੇ ਉਦੋਂ ਮੋਦੀ ਨੇ ਕੈਨੇਡਾ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਤੋਂ ਬਾਜ਼ ਆਉਣ ਲਈ ਕਿਹਾ ਸੀ। ਇਉਂ ਮੋਦੀ ਤੇ ਟਰੂਡੋ ਦੀ ਇਹ ਮਿਲਣੀ ਤਣਾਅ ਭਰਪੂਰ ਮਹੌਲ ’ਚ ਹੀ ਹੋਈ ਸੀ ਤੇ ਮਗਰੋਂ ਟਰੂਡੋ ਦਾ ਜਹਾਜ਼ ਖਰਾਬ ਹੋਣ ਵੇਲੇ ਉਸ ਵੱਲੋਂ ਦਿਖਾਏ ਤੇਵਰ ਏਸੇ ਨਰਾਜ਼ਗੀ ਦਾ ਪ੍ਰਗਟਾਵਾ ਬਣੇ ਸਨ। ਇਸ ਚਰਚਾ ਦਾ ਅਰਥ ਇਹੀ ਬਣਦਾ ਹੈ ਕਿ ਮੋਦੀ ਵੱਲੋਂ ਚੱਕਵੀਂ ਰਾਸ਼ਟਰਵਾਦੀ ਸੁਰ ਦੀ ਤਿੱਖ ਟਰੂਡੋ ਤੇ ਬਾਇਡਨ ਨੂੰ ਨਾ-ਮਨਜ਼ੂਰ ਸੀ ਤੇ ਉਹਨਾਂ ਨੇ ਮੋਦੀ ਨੂੰ ਝਟਕਾ ਦੇਣ ਦਾ ਫੈਸਲਾ ਕਰ ਲਿਆ ਸੀ। ਇਸ ਝਟਕੇ ਦਾ ਤੱਤ ਇੱਕ ਵਾਰ ਝਟਕ ਕੇ ਥਾਂ ਸਿਰ ਰੱਖਣ ਦਾ ਹੀ ਹੈ।
ਇਉਂ, ਨਿੱਝਰ ਦੇ ਕਤਲ ਦੇ ਮਾਮਲੇ ’ਚ ਭਾਰਤੀ ਹਕੂਮਤ ’ਤੇ ਉਂਗਲ ਧਰਨ ’ਚ ਕੌਮਾਂਤਰੀ ਸਿਆਸਤ ਦਾ ਇਹ ਪ੍ਰਸੰਗ ਵੀ ਸ਼ਾਮਲ ਹੋ ਗਿਆ ਸੀ ਜਿਹੜਾ ਮੋਦੀ ਹਕੂਮਤ ਨੂੰ ‘ਸਿੱਧੇ ਹੋ ਕੇ ਚੱਲਣ’ ਲਈ ਕੀਤੀ ਗਈ ਸੁਣਾਉਣੀ ਬਣਦੀ ਸੀ ਤੇ ਆਪਣੇ ਵੱਡੇ ਦਾਅਵਿਆਂ ਨੂੰ ਕਾਬੂ ’ਚ ਰੱਖਣ ਦੀ ਚਿਤਾਵਨੀ ਵੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਅਮਰੀਕੀ ਰਜ਼ਾ ਤੋਂ ਬਾਹਰ ਜਾ ਕੇ ਦਿੱਤਾ ਗਿਆ ਨਹੀਂ ਸੀ ਸਗੋਂ ਇਸ ਵਿੱਚ ਅਮਰੀਕਾ ਸਮੇਤ ‘ਆਈ-5’ ਵਾਲੇ ਸਾਰੇ ਮੁਲਕਾਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦਾ ਰੋਲ ਸੀ। ਆਈ-5 ਗੱਠਜੋੜ ਪੰਜ ਮੁਲਕਾਂ ’ਚ ਇੰਟੈਲੀਜੈਂਸੀ ਵਾਲੀਆਂ ਜਾਣਕਾਰੀਆਂ ਸਾਂਝੀਆਂ ਕਰਨ ਦਾ ਗੱਠਜੋੜ ਹੈ ਜਿਸ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸ਼ਾਮਲ ਹਨ। ਖਬਰਾਂ ਤੋਂ ਇਹ ਜ਼ਾਹਰ ਹੈ ਕਿ ਇਹਨਾਂ ਸਭਨਾਂ ਦੀ ਰਜ਼ਾ ਇਹ ਮੁੱਦਾ ਉਠਾਉਣ ’ਚ ਸ਼ਾਮਲ ਸੀ ਭਾਵ ਅਮਰੀਕਾ ਇਸ ਮਾਮਲੇ ’ਚ ਕੇਨੈਡਾ ਨਾਲ ਪੂਰੀ ਤਰ੍ਹਾਂ ਖੜ੍ਹਾ ਸੀ ਤੇ ਇਹ ਅਮਰੀਕਾ ਵੱਲੋਂ ਇਸ ਮਸਲੇ ’ਤੇ ਕੀਤੀ ਬਿਆਨਬਾਜ਼ੀ ’ਚੋਂ ਰੜਕਦੀਆਂ ਪੁਜੀਸ਼ਨਾਂ ’ਚੋਂ ਵੀ ਸਮਝਿਆ ਜਾ ਸਕਦਾ ਹੈ। ਇਉਂ ਸਮਝਿਆ ਜਾ ਸਕਦਾ ਹੈ ਕਿ ਅਮਰੀਕਾ ਤੇ ਕੈਨੇਡਾ ਨੇ ਇਸ ਮੌਕੇ ਨੂੰ ਭਾਰਤੀ ਹਾਕਮਾਂ ਦੀ ਹੈਸੀਅਤ ਯਾਦ ਕਰਵਾਉਣ ਲਈ ਵੀ ਵਰਤਿਆ ਹੈ ਤੇ ਇੱਕ ਤਰ੍ਹਾਂ ਨਾਲ ਦਬਾਅ ਪਾਉਣ ਰਾਹੀਂ ਉਹਨਾਂ ਨੇ ਲਾਈਨ ’ਚੋਂ ਪੈਰ ਜ਼ਰਾ ਵੀ ਬਾਹਰ ਨਾ ਧਰਨ ਦੀ ਸੁਣਾਉਣੀ ਕੀਤੀ ਹੈ। ਇਸ ਵਿੱਚ ਸਾਮਰਾਜੀ ਮੁਲਕਾਂ ਵੱਲੋਂ ਅਧੀਨ ਮੁਲਕਾਂ ਦੇ ਟੋਡੀ ਹਾਕਮਾਂ ਨੂੰ ਇਹ ਸੁਣਾਉਣੀ ਸ਼ਾਮਲ ਹੈ ਕਿ ਉਹ ਮੁਲਕ ਅੰਦਰਲੀ ਵੋਟ ਸਿਆਸਤ ਖਾਤਰ ਆਲੇ-ਦੁਆਲੇ ’ਚ ਥਾਪੀਆਂ ਮਾਰਨ ਦੇ ਦਿਖਾਵੇ ਆਵਦੇ ਵਰਗੇ ਮੁਲਕਾਂ ਨਾਲ ਹੀ ਕਰਨ, ਸਾਡੇ ਮੁਲਕਾਂ ’ਚ ਆ ਕੇ ਅਜਿਹੀਆਂ ਥਾਪੀਆਂ ਮਾਰਨ ਦੀ ਜੁਅਰਤ ਨਾ ਕਰਨ। ਪਹਿਲਾਂ ਤਿੱਖੀ ਬਿਆਨਬਾਜ਼ੀ ਕਰ ਰਹੀ ਮੋਦੀ ਸਰਕਾਰ ਨੇ ਜਾਹਰਾ ਤੌਰ ’ਤੇ ਇਹ ਦਬਾਅ ਮੰਨਿਆ ਵੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਬੂਤ ਮੁਹੱਈਆ ਕਰਵਾਉਣ ਦੀ ਸੂਰਤ ’ਚ ਸਹਿਯੋਗ ਕਰਨ ਦਾ ਭਰੋਸਾ ਦੇ ਕੇ ਪਹਿਲਾਂ ਵਾਲੀ ਪੁਜੀਸ਼ਨ ਤੋਂ ਪੈਰ ਪਿੱਛੇ ਖਿੱਚੇ ਹਨ ਤੇ ਮਗਰੋਂ ਭਾਰਤ ਸਰਕਾਰ ਨੇ ਚਾਰ ਵੰਨਗੀਆਂ ਨੂੰ ਵੀਜ਼ੇ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ ਤੇ ਇਉਂ ਭਾਰਤ ਸਰਕਾਰ ਪਹਿਲਾਂ ਬੜ੍ਹਕ ਮਾਰਨ ਵਾਲੀਆਂ ਆਪਣੀਆਂ ਪੁਜੀਸ਼ਨਾਂ ਤੋਂ ਪਿੱਛੇ ਹਟੀ ਹੈ।
ਦੇਸ਼ਾਂ ਦੀ ਵੋਟ ਸਿਆਸਤ ਅੰਦਰ ਇਸਦਾ ਲਾਹਾ ਟਰੂਡੋ ਨਾਲੋਂ ਜ਼ਿਆਦਾ ਮੋਦੀ ਹਕੂਮਤ ਨੂੰ ਹੋਣਾ ਹੈ। ਉਸ ਵੱਲੋਂ ਖਾਲਿਸਤਾਨੀ ਤੇ ਸਿੱਖ ਬੁਨਿਆਦਪ੍ਰਸਤ ਹਿੱਸਿਆਂ ਨੂੰ ਵੱਡੇ ਖਤਰੇ ਵਜੋਂ ਪੇਸ਼ ਕਰਕੇ ਰਾਸ਼ਟਰੀ ਸੁਰੱਖਿਆ ਦਾ ਸਿਰਜਿਆ ਗਿਆ ਬਿਰਤਾਂਤ ਹੋਰ ਤਕੜਾ ਹੋਇਆ ਹੈ। ਪਾਕਿਸਤਾਨ ਅੰਦਰ ਪਰਮਜੀਤ ਪੰਜਵੜ ਦੀ ਹੱਤਿਆ ਤੇ ਇੰਗਲੈਂਡ ’ਚ ਹੀ ਅਜਿਹੇ ਕਤਲ ਨੂੰ ਭਾਰਤੀ ਏਜੰਸੀਆਂ ਦੇ ਕਾਰੇ ਵਜੋਂ ਦੇਖਿਆ ਜਾ ਰਿਹਾ ਹੈ। ਇਹਨਾਂ ’ਚ ਅਸਲ ਸੱਚਾਈ ਦਾ ਪਤਾ ਲਗਾਉਣਾ ਤਾਂ ਮੁਸ਼ਕਿਲ ਕਾਰਜ ਹੈ ਪਰ ਇਹ ਸਪੱਸ਼ਟ ਹੈ ਕਿ ਇਹਨਾਂ ਦਾ ਲਾਹਾ ਮੁਲਕ ਅੰਦਰ ਮੋਦੀ ਹਕੂਮਤ ਨੂੰ ਰਾਸ਼ਟਰਵਾਦੀ ਪੈਂਤੜੇ ਤੋਂ ਵੋਟਾਂ ਭੁਗਤਾਉਣ ਦੀ ਸ਼ਕਲ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਹੈ।
ਅਮਰੀਕੀ ਸਾਮਰਾਜੀਆਂ ਨੇ ਆਪਣੀ ਪੁਜੀਸ਼ਨ ਰਾਹੀਂ ਇਹ ਵੀ ਦਿਖਾਇਆ ਹੈ ਕਿ ਚਾਹੇ ਉਸਨੂੰ ਦੱਖਣੀ ਏਸ਼ੀਆ ਅੰਦਰ ਯੁੱਧਨੀਤੀ ਤਹਿਤ ਚੀਨ ਦੀ ਘੇਰਾਬੰਦੀ ਲਈ ਭਾਰਤੀ ਰਾਜ ਦੀ ਜ਼ਰੂਰਤ ਹੈ ਤੇ ਇਹਦੇ ਲਈ ਉਹ ਮੋਦੀ ਸਰਕਾਰ ਨੂੰ ਆਪਣੀਆਂ ਲੋੜਾਂ ਪੁਗਾਉਣ ਦੀਆਂ ਕੁੱਝ ਨਾ ਕੁੱਝ ਗੁੰਜਾਇਸ਼ਾਂ ਵੀ ਦੇ ਸਕਦਾ ਹੈ ਤੇ ਕੁੱਝ ਮਾਮਲਿਆਂ ’ਚ ਉਸਨੇ ਇਹ ਗੁੰਜਾਇਸ਼ਾਂ ਦਿੱਤੀਆਂ ਵੀ ਹਨ ਪਰ ਇਹਨਾਂ ਦੀ ਹੱਦਬੰਦੀ ਵੀ ਅਮਰੀਕੀ ਹੱਥਾਂ ’ਚ ਹੈ ਤੇ ਜਦੋਂ ਜੀ-7 ਵਰਗੀਆਂ ਅਮਰੀਕੀ ਸਹਿਯੋਗੀ ਤਾਕਤਾਂ ਦਾ ਪ੍ਰਸੰਗ ਹੈ ਤਾਂ ਭਾਰਤ ਵਰਗੇ ਅਧੀਨ ਮੁਲਕਾਂ ਦੀਆਂ ਹਕੂਮਤਾਂ ਦੀ ਬਜਾਏ ਅਮਰੀਕੀ ਸਾਮਰਾਜੀਏ ਕੈਨੇਡਾ ਨਾਲ ਹਨ। ਇਸ ਖਿੱਤੇ ਅੰਦਰ ਆਪਣੀ ਲੋੜਾਂ ਅਨੁਸਾਰ ਸਾਮਰਾਜੀਏ ਭਾਰਤੀ ਹਾਕਮ ਜਮਾਤਾਂ ਦੇ ਪਸਾਰਵਾਦੀ ਮਨਸੂਬਿਆਂ ਨੂੰ ਫੂਕ ਛਕਾਉਂਦੇ ਹਨ ਤੇ ਸੰਸਾਰ ਦੀ ਉੱਭਰ ਰਹੀ ਤਾਕਤ ਦੇ ਰੁਤਬੇ ਨਾਲ ਨਿਵਾਜਦੇ ਹਨ ਪਰ ਜਦੋਂ ਮਾਮਲਾ ਅਮੀਰ ਮੁਲਕਾਂ ਨਾਲ ਟਕਰਾਅ ਦਾ ਹੈ ਤਾਂ ਇਹਨਾਂ ਦੇ ਸੰਸਾਰ ਤਾਕਤੀ ਦਾਅਵਿਆਂ ਦੀ ਫੂਕ ਕੱਢਣ ’ਚ ਦੇਰ ਨਹੀਂ ਲਾਉਂਦੇ।
ਅਮਰੀਕਨ ਸਾਮਰਾਜੀਆਂ ਦਾ ਖਾਲਸਤਾਨੀ ਲਹਿਰ ਪ੍ਰਤੀ ਨਰਮ ਗੋਸ਼ਾ ਲੁਕਿਆ ਹੋਇਆ ਨਹੀਂ ਹੈ। 80 ਵਿਆਂ ਦੀ ਖਾਲਸਤਾਨੀ ਲਹਿਰ ਦੇ ਦੌਰ ’ਚ ਤਾਂ ਅਮਰੀਕਨ ਸਾਮਰਾਜੀਏ ਇਸਦੀ ਲੁਕਵੀਂ ਹਮਾਇਤ ਰਾਹੀਂ ਭਾਰਤੀ ਹਾਕਮਾਂ ਨਾਲ ਸੌਦੇਬਾਜ਼ੀਆਂ ’ਚ ਆਪਣੀ ਸ਼ਰਤਾਂ ਪੁਗਾਉਣ ’ਚ ਵਰਤਣ ਵਾਲੇ ਕਾਰਕ ਵਜੋਂ ਇਸਦਾ ਲਾਹਾ ਲੈਣ ਦੀਆਂ ਗੁੰਜਾਇਸ਼ਾਂ ਦੇਖਦੇ ਰਹੇ ਹਨ ਤੇ ਹੁਣ ਵੀ ਇਸ ਕਾਰਕ ਦੀ ਵਰਤੋਂ ਨੂੰ ਉਹ ਮੂਲੋਂ ਹੀ ਰੱਦ ਕਰਕੇ ਨਹੀਂ ਚੱਲਦੇ। ਇੱਕ ਹੱਦ ਤੱਕ ਹੁਣ ਵੀ ਇਹਦੀ ਲੋੜ ਅਨੁਸਾਰ ਵਰਤੋਂ ਦੀਆਂ ਗੁੰਜਾਇਸ਼ਾਂ ਰੱਖ ਕੇ ਚੱਲਦੇ ਹਨ।-0-
No comments:
Post a Comment